ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਮਿਹਨਤ ਮੁਸ਼ੱਕਤ ਕਰਨ ਵਾਲਾ ਕਿਸਾਨ ਅਸਲ ਰਾਸ਼ਟਰਵਾਦੀ: ਮਨਮੋਹਨ ਸਿੰਘ

Posted On May - 15 - 2019

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ‘ਦਿ ਟ੍ਰਿਬਿਊਨ’ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਵਿਰਾਸਤ, ਭਾਰਤੀ ਅਰਥਚਾਰੇ ਤੇ ਵਿਦੇਸ਼ ਨੀਤੀ ਦੀ ਦਸ਼ਾ ਤੇ ਦਿਸ਼ਾ, ਰਾਸ਼ਟਰਵਾਦ ਦੁਆਲੇ ਕੇਂਦਰਿਤ ਪ੍ਰਚਾਰ ਤੇ 23 ਮਈ ਨੂੰ ਆਉਣ ਵਾਲੇ ਨਤੀਜਿਆਂ ਸਮੇਤ ਹੋਰ ਕਈ ਮੁੱਦਿਆਂ ਬਾਰੇ ਗੱਲ ਕੀਤੀ। ਪੇਸ਼ ਹਨ ਨਵੀਂ ਦਿੱਲੀ ਤੋਂ ਸਾਡੀ ਪੱਤਰਕਾਰ ਅਦਿੱਤੀ ਟੰਡਨ ਵੱਲੋਂ ਕੀਤੀ ਇੰਟਰਵਿਊ ਦੇ ਵਿਸ਼ੇਸ਼ ਅੰਸ਼:
ਪ੍ਰਸ਼ਨ: ਐੱਨਡੀਏ ਸਰਕਾਰ ਦਾ ਕਾਰਜਕਾਲ ਮੁੱਕਣ ਕੰਢੇ ਹੈ। ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਨੂੰ ਕਿਵੇਂ ਦਰਜਾਬੰਦ ਕਰੋਗੇ?
ਉੱਤਰ: ਮੋਦੀ ਸਰਕਾਰ ਜਾ ਰਹੀ ਹੈ ਤੇ ਇਸ ਨਾਲ ਭਾਰਤ ਨੂੰ ਕਾਫ਼ੀ ਰਾਹਤ ਮਿਲੇਗੀ। ਮੌਜੂਦਾ ਸਰਕਾਰ ਦੇ ਕੰਮ-ਢੰਗ ਕਾਰਨ ਭਾਰਤੀਆਂ ਨੂੰ ਦਰਪੇਸ਼ ਭਾਰੀ ਦੁਸ਼ਵਾਰੀਆਂ, ਮਾੜੀਆਂ ਨੀਤੀਆਂ ਅਤੇ ਬਦਇੰਤਜ਼ਾਮੀ ਦਾ ਸੰਭਵ ਤੌਰ ’ਤੇ ਅੰਤ ਹੋ ਜਾਵੇਗਾ। ਮੋਦੀ ਸਰਕਾਰ ਦਾ ਪੰਜ ਸਾਲਾ ਕਾਰਜਕਾਲ ਭਾਰੀ ਮਾਯੂਸੀ ਵਾਲਾ ਸੀ, ਜਿਸ ਦੌਰਾਨ ਬੇਰੁਜ਼ਗਾਰੀ ਸਿਖਰਾਂ ’ਤੇ ਪੁੱਜ ਗਈ, ਪੇਂਡੂ ਭਾਈਚਾਰੇ ਵਿਚ ਨਿਰਾਸ਼ਾ ਆਈ, ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਹੋਇਆ, ਸਮਾਜ ਦੇ ਕਮਜ਼ੋਰ ਤਬਕਿਆਂ ਦੇ ਹੱਕਾਂ ਦਾ ਘਾਣ ਹੋਇਆ, ਬਿਨਾਂ ਜਵਾਬਦੇਹੀ ਤੋਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਅਤੇ ਸਰਕਾਰ ਨੇ ਸਾਡੇ ਅਦਾਰਿਆਂ ਨੂੰ ਭਾਰੀ ਢਾਹ ਲਾਈ।
ਵਿਰੋਧੀ ਆਵਾਜ਼ਾਂ ਨੂੰ ਬੇਤੁਕੇ ਏਜੰਡੇ ਰਾਹੀਂ ਚੁੱਪ ਕਰਵਾ ਦੇਣਾ ਹੀ ਭਾਜਪਾ ਦਾ ਢੰਗ-ਤਰੀਕਾ ਰਿਹਾ। ਇਸ ਨੂੰ ‘ਨਵੇਂ ਭਾਰਤ’ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਸ਼ਿਸ਼ਟਾਚਾਰ ਤੇ ਤਹਿਜ਼ੀਬ ਤਾਂ ਬੀਤੇ ਦੀ ਗੱਲ ਬਣ ਚੁੱਕੀ ਹੈ। ਨਫ਼ਰਤ ਭਰੀਆਂ ਆਵਾਜ਼ਾਂ ਤੇ ਬੇਥਵੀਆਂ ਗੱਲਾਂ ਨੇ ਦੇਸ਼ ਵਿਚ ਵਿਚਾਰ-ਵਟਾਂਦਰੇ ਦਾ ਮਿਆਰ ਹੀ ਖ਼ਤਮ ਕਰ ਦਿੱਤਾ ਹੈ। ਇਸ ਵਰਤਾਰੇ ਨੂੰ ਸਰਕਾਰ ਦੇ ਸਿਖਰਲੇ ਪੱਧਰ ਤੋਂ ਹੁਲਾਰਾ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦਾ ਅਹੁਦਾ ਸੰਜੀਦਗੀ ਤੇ ਬਹੁਤ ਹੀ ਜ਼ਿੰਮੇਵਾਰੀ ਵਾਲਾ ਹੁੰਦਾ ਹੈ, ਜਿਸ ਨੂੰ ਹੋਰਨਾਂ ਲਈ ਪ੍ਰੇਰਨਾ ਦੀ ਮਿਸਾਲ ਬਣਨਾ ਚਾਹੀਦਾ ਹੈ। ਅਫ਼ਸੋਸ ਹੈ ਕਿ ਮੋਦੀ ਜੀ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਸੰਜਮ ਤੇ ਮਾਣ-ਮਰਿਆਦਾ ਨੂੰ ਸਮਝਣ ਜਾਂ ਤਸਲੀਮ ਕਰਨ ਤੋਂ ਇਨਕਾਰੀ ਹਨ। ਇਹ ਰਵੱਈਆ ਭਾਰਤੀ ਜਮਹੂਰੀਅਤ ਦੀ ਦਿੱਖ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਘਟਨਾਵਾਂ ਉਤੇ ਆਧਾਰਤ ਪ੍ਰਚਾਰ ਮਹਿਜ਼ ਬਨਾਉਟੀ ਤਬਦੀਲੀ ਦਿਖਾਉਂਦਾ ਹੈ, ਜਦੋਂਕਿ ਲੋਕਾਂ ਦੇ ਅਸਲ ਮੁੱਦੇ ਜਿਵੇਂ ਬੇਰੁਜ਼ਗਾਰੀ, ਖੇਤੀ ਸੰਕਟ, ਮਾਲੀ ਬਦਇੰਤਜ਼ਾਮੀ, ਸਮਾਜਿਕ ਸ਼ਕਤੀਕਰਨ ਅਣਛੋਹੇ ਪਏ ਹਨ, ਜਿਨ੍ਹਾਂ ਦਾ ਹੱਲ ਕਰਨ ਲਈ ਸੋਚਿਆ ਵੀ ਨਹੀਂ ਗਿਆ। ਲੋਕਾਂ ਨੂੰ ਇਸ ਬੁਝਾਰਤ ਦੀ ਸਮਝ ਆ ਗਈ ਹੈ ਤੇ ਉਹ ਇਸ ਸਰਕਾਰ ਨੂੰ ਢੁਕਵਾਂ ਜਵਾਬ ਦੇਣਗੇ।
ਪ੍ਰਸ਼ਨ: ਤੁਸੀਂ ਮੋਦੀ ਸਰਕਾਰ ਦੇ ਕਾਰਜਕਾਲ ਨੂੰ ਤਬਾਹਕੁਨ ਦੱਸ ਰਹੇ ਹੋ। ਤੁਹਾਡੇ ਖ਼ਿਆਲ ਵਿਚ ਕਿਹੜਾ ਫ਼ੈਸਲਾ ਤਬਾਹੀ ਵਾਲਾ ਸੀ?
ਉੱਤਰ: ਬਹੁਤ ਸਾਰੇ ਫ਼ੈਸਲੇ ਹਨ। ਪੰਡਿਤ ਜਵਾਹਰ ਲਾਲ ਨਹਿਰੂ ਬਾਤੇਂ ਕੰਮ, ਕਾਮ ਜ਼ਿਆਦਾ’ ਉਤੇ ਜ਼ੋਰ ਦਿੰਦੇ ਸਨ। ਇਸ ਸਰਕਾਰ ਦਾ ਸਭ ਤੋਂ ਵੱਡਾ ਨਿਕੰਮਾਪਣ ਇਹੋ ਹੈ ਕਿ ਇਹ ਪ੍ਰਚਾਰ ਬਹੁਤ ਕਰਦੀ ਹੈ, ਪਰ ਠੋਸ ਕੰਮ ਕੋਈ ਨਹੀਂ। ਇਕੋ ਇਕ ਸਭ ਤੋਂ ਵੱਡੀ ਨਾਕਾਮੀ ਨੋਟਬੰਦੀ ਸੀ, ਜਿਸ ਨੇ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਨੂੰ ਕਰੀਬ ਦੋ ਫ਼ੀਸਦੀ ਪਿੱਛੇ ਧੱਕ ਦਿੱਤਾ, ਜਿਸ ਨਾਲ ਅਰਥਚਾਰੇ ਨੂੰ ਤਿੰਨ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਹ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ, ਗ਼ੈਰਰਸਮੀ ਸੈਕਟਰ, ਕਿਸਾਨਾਂ ਅਤੇ ਸੁਆਣੀਆਂ ਦੀਆਂ ਬੱਚਤਾਂ ਉਤੇ ਗਿਣ-ਮਿੱਥ ਕੇ ਕੀਤਾ ਗਿਆ ਹਮਲਾ ਸੀ। ਇਸ ਨਾਲ ਨਾ ਤਾਂ ਉਹ ਤਿੰਨ ਲੱਖ ਕਰੋੜ ਰੁਪਏ ਦਾ ਕਾਲਾ ਧਨ ਮਿਲਿਆ, ਜਿਸ ਦਾ ਦਾਅਵਾ 10 ਨਵੰਬਰ, 2016 ਨੂੰ ਸੁਪਰੀਮ ਕੋਰਟ ਅੱਗੇ ਕੀਤਾ ਗਿਆ ਤੇ ਨਾ ਨਕਲੀ ਕਰੰਸੀ ਨੂੰ ਨੱਥ ਪਈ।
ਜੀਐਸਟੀ ਨੂੰ ਗ਼ਲਤ ਢੰਗ ਨਾਲ ਲਾਗੂ ਕੀਤੇ ਜਾਣ ਨਾਲ ਗੜਬੜ ਹੋਰ ਵਧ ਗਈ। ਕਾਂਗਰਸ ਨੇ ਜੀਐਸਟੀ ਇਕਹਿਰੇ, ਨਰਮ ਤੇ ਮਿਆਰੀ ਕਰ ਵਜੋਂ ਚਿਤਵਿਆ ਸੀ, ਪਰ ਭਾਜਪਾ ਨੇ ਇਸ ਨੂੰ ਵੱਖ-ਵੱਖ ਕਰਾਂ ਵਾਲਾ ਢਾਂਚਾ ਬਣਾ ਦਿੱਤਾ, ਜੋ ਬਹੁਤ ਹੀ ਗੁੰਝਲ਼ਦਾਰ ਹੈ। ਇਸ ਕਾਰਨ ਖਾਦਾਂ, ਕੀੜੇਮਾਰ ਦਵਾਈਆਂ ਤੇ ਖੇਤੀਬਾੜੀ ਦੇ ਸੰਦਾਂ ਉਤੇ ਲੱਗੇ ਕਰਾਂ ਦਾ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਆਲਮੀ ਪੱਧਰ ’ਤੇ ਚੰਗੇ ਹਾਲਾਤ ਦੇ ਬਾਵਜੂਦ ਅਰਥਚਾਰੇ ਦੇ ਮੰਦਵਾੜੇ ਕਾਰਨ ਕਾਰੋਬਾਰੀਆਂ ਦਾ ਨਿਵੇਸ਼ ਤੋਂ ਭਰੋਸਾ ਟੁੱਟਿਆ ਹੈ ਤੇ ਆਮ ਕਾਰੋਬਾਰੀਆਂ ਦੇ ਘਰਾਂ ਉਤੇ ਟੈਕਸ ਅਧਿਕਾਰੀਆਂ ਦੇ ਅੱਧੀ-ਅੱਧੀ ਰਾਤ ਨੂੰ ਛਾਪੇ ਆਮ ਵਰਤਾਰਾ ਹੋ ਗਿਆ ਹੈ। ਨਵਾਂ ਨਿਵੇਸ਼ ਅੱਜ 14 ਸਾਲਾਂ ਦੀ ਹੇਠਲੀ ਦਰ ’ਤੇ ਪੁੱਜ ਗਿਆ ਹੈ ਤੇ ਨਿਜੀ ਕਾਰਪੋਰੇਟਾਂ ਦਾ ਨਿਵੇਸ਼ ਸੱਤ ਸਾਲਾਂ ਦੇ ਹੇਠਲੇ ਪੱਧਰ ’ਤੇ ਹੈ। ਵਿਦੇਸ਼ੀ ਨਿਵੇਸ਼ਕਾਂ (ਐਫ਼ਪੀਆਈਜ਼) ਨੇ 2018 ਦੌਰਾਨ ਹੀ ਸਾਡੇ ਬਾਜ਼ਾਰਾਂ ’ਚੋਂ ਕਰੀਬ ਇਕ ਲੱਖ ਕਰੋੜ ਰੁਪਏ ਕੱਢ ਲਏ ਹਨ। ਇਸ ਕਾਰਨ ਅਰਥਚਾਰੇ ਦੀ ਹਾਲਤ ਬਹੁਤ ਖ਼ਰਾਬ ਹੈ।
ਪ੍ਰਸ਼ਨ: 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਸੈਮ ਪਿਤਰੋਦਾ ਦੀ ਟਿੱਪਣੀ ਨੇ ਪੁਰਾਣੇ ਜ਼ਖ਼ਮ ਹਰੇ ਕਰ ਦਿੱਤੇ ਹਨ। ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਵਜੋਂ ਤੁਸੀਂ ਕੀ ਕਹੋਗੇ?
ਉੱਤਰ: ਉਨ੍ਹਾਂ ਦੀ ਟਿੱਪਣੀ ਬਿਲਕੁਲ ਹੀ ਨਾਵਾਜਬ, ਨਾਕਾਬਿਲੇ-ਬਰਦਾਸ਼ਤ ਤੇ ਤਕਲੀਫ਼ਦੇਹ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਖ਼ੁਦ ਉਸ ਨੂੰ ਸ਼ਰ੍ਹੇਆਮ ਝਿੜਕਿਆ ਹੈ।
ਪ੍ਰਸ਼ਨ: ਪ੍ਰਧਾਨ ਮੰਤਰੀ ਨੇ ਆਖਿਆ ਹੈ ਕਿ ਯੂਪੀਏ ਸਰਕਾਰ ਦੌਰਾਨ ਹੋਈਆਂ ਸਰਜੀਕਲ ਸਟਰਾਈਕਾਂ ਦਾ ਕੋਈ ਸਬੂਤ ਨਹੀਂ ਹੈ?
ਉੱਤਰ: ਸਾਡੀਆਂ ਹਥਿਆਬੰਦ ਫ਼ੌਜਾਂ ਦੀ ਸੂਰਮਤਾਈ ਨੂੰ ਸ੍ਰੀ ਮੋਦੀ ਵੱਲੋਂ ਵੀਡੀਓ ਗੇਮ ਵਾਂਗ ਦਿਖਾਉਣਾ ਸਾਡੇ ਵਤਨ ਦੀ ਸਭ ਤੋਂ ਵੱਡੀ ਬੇਇੱਜ਼ਤੀ ਹੈ। ਕਿਸੇ ਨੂੰ ਵੀ ਆਪਣੀ ਆਕੜ ਤੇ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਲਈ ਵੱਖ-ਵੱਖ ਫ਼ੌਜੀ ਅਪਰੇਸ਼ਨਾਂ ਉਤੇ ਸਵਾਲ ਖੜ੍ਹੇ ਕਰ ਕੇ ਸਾਡੀਆਂ ਫ਼ੌਜਾਂ ਦਾ ਮਜ਼ਾਕ ਉਡਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਸਾਡੀਆਂ ਹਥਿਆਰਬੰਦ ਫ਼ੌਜਾਂ ਨੂੰ ਹਮੇਸ਼ਾ ਖੁੱਲ੍ਹ ਕੇ ਕੰਮ ਕਰਨ ਦਿੱਤਾ ਗਿਆ ਹੈ। ਕਾਂਗਰਸ-ਯੂਪੀਏ ਸਰਕਾਰਾਂ ਸਮੇਤ ਪਿਛਲੀਆਂ ਵੱਖ-ਵੱਖ ਸਰਕਾਰਾਂ ਦੌਰਾਨ ਅਨੇਕਾਂ ਫ਼ੈਸਲਾਕੁਨ ਫ਼ੌਜੀ ਕਾਰਵਾਈਆਂ ਕੀਤੀਆਂ ਗਈਆਂ। ਫ਼ੌਜਾਂ ਦੇ ਸਾਬਕਾ ਮੁਖੀਆਂ ਅਤੇ ਹੋਰਨਾਂ ਅਫ਼ਸਰਾਂ ਨੇ ਇਨ੍ਹਾਂ ਸਟਰਾਈਕਾਂ ਦਾ ਖ਼ੁਲਾਸਾ ਕੀਤਾ ਹੈ। ਕੌਮੀ ਸੁਰੱਖਿਆ ਮਾਹਿਰ ਤੇ ਇਨ੍ਹਾਂ ਮਾਮਲਿਆਂ ਨਾਲ ਜੁੜੇ ਹੋਰ ਲੋਕ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਅਜਿਹੇ ਮੁੱਦਿਆਂ ਦਾ ਭੇਤ ਬਣਾਈ ਰੱਖਣ ਦੇ ਅਣਲਿਖੇ ਕਰਾਰ ਹੁੰਦੇ ਹਨ। ਪਰ ਇਸ ਰਵਾਇਤ ਨੂੰ ਮੋਦੀ ਸਰਕਾਰ ਨੇ ਤੋੜ ਦਿੱਤਾ ਕਿਉਂਕਿ ਉਹ ਇਸ ਨੂੰ ਫ਼ੌਜ ਨਾਲੋਂ ਮੋਦੀਜੀ ਦੀ ਸਫਲਤਾ ਵਜੋਂ ਦਿਖਾਉਣਾ ਚਾਹੁੰਦੀ ਸੀ। ਸਾਡੀਆਂ ਸਨਮਾਨਤ ਫ਼ੌਜਾਂ ਦੇਸ਼ ਦੀ ਰਾਖੀ ਕਰ ਰਹੀਆਂ ਹਨ, ਪਰ ਭਾਜਪਾ ਵੱਲੋਂ ਭਾਰਤੀ ਫ਼ੌਜੀਆਂ ਦਾ ਇਸਤੇਮਾਲ ਆਪਣੇ ਸਿਆਸੀ ਹਿੱਤਾਂ ਦੀ ਰਾਖੀ ਲਈ ਕੀਤਾ ਜਾ ਰਿਹਾ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਪ੍ਰਸ਼ਨ: ਚੋਣਾਂ ਵਿਚ ਵੱਡਾ ਮੁੱਦਾ ਕੀ ਹੈ; ਰਾਸ਼ਟਰਵਾਦ ਜਾਂ ਵਿਕਾਸ?
ਉੱਤਰ: ਰਾਸ਼ਟਰਵਾਦ ਹਰ ਭਾਰਤੀ ਦੇ ਮਨ ਤੇ ਦਿਲ ਵਿਚ ਵਸਿਆ ਹੋਇਆ ਹੈ। ਮਿਹਨਤ-ਮੁਸ਼ੱਕਤ ਕਰਨ ਵਾਲਾ ਕਿਸਾਨ, ਜਿਸ ਨੂੰ ਮੋਦੀ ਸਰਕਾਰ ਨੇ ਧੋਖਾ ਦਿੱਤਾ ਹੈ, ਰਾਸ਼ਟਰਵਾਦੀ ਹੈ। ਉਹ ਵਿਦਿਆਰਥੀ, ਜੋ ਅੱਧੀ ਰਾਤ ਤਕ ਮਿਹਨਤ ਕਰਦਾ ਹੈ ਪਰ ਜਿਸ ਨੂੰ ਰੁਜ਼ਗਾਰ ਨਹੀਂ ਮਿਲਦਾ, ਰਾਸ਼ਟਰਵਾਦੀ ਹੈ। ਘਰ ਦੀ ਸੁਆਣੀ, ਜੋ ਪੈਸੇ ਬਚਾ ਕੇ ਰੱਖਦੀ ਸੀ ਪਰ ਜਿਸ ਨੂੰ ਨੋਟਬੰਦੀ ਦਾ ਸੇਕ ਲੱਗਾ, ਰਾਸ਼ਟਰਵਾਦੀ ਹੈ। ਜਿਹੜਾ ਵੀ ਦੇਸ਼ ਦੇ ਨਿਰਮਾਣ ਵਿਚ ਸਹਾਇਤਾ ਕਰਦਾ ਹੈ, ਰਾਸ਼ਟਰਵਾਦੀ ਹੈ। ਕੋਈ ਇਕ ਆਦਮੀ ਜਾਂ ਪਾਰਟੀ ਕਿਵੇਂ ਰਾਸ਼ਟਰਵਾਦ ਦੀ ਝੰਡਾ-ਬਰਦਾਰ ਬਣ ਸਕਦੀ ਹੈ। ਜਿਹੜੇ ਲੋਕ ਮਿਹਨਤ ਕਰਨ ਵਾਲੇ ਹਿੰਦੋਸਤਾਨੀਆਂ ਦੀ ਜ਼ਿੰਦਗੀ ਤੇ ਰੁਜ਼ਗਾਰ ਨਾਲ ਖਿਲਵਾੜ ਕਰ ਰਹੇ ਹਨ ਤੇ ਦੇਸ਼ ਦੀ ਸੇਵਾ ਕਰਨ ਦਾ ਭਰਮ ਪੈਦਾ ਕਰ ਰਹੇ ਹਨ, ਫਰਜ਼ੀ-ਰਾਸ਼ਟਰਵਾਦੀ (ਸਿਊਡੋ ਨੈਸ਼ਨਲਿਸਟ) ਹਨ।
ਇਨ੍ਹਾਂ ਚੋਣਾਂ ਵਿਚ ਇਕੋ ਇਕ ਮੁੱਦਾ ਰੋਜ਼ੀ-ਰੋਟੀ ਦਾ ਹੈ। ਬਾਕੀ ਸਭ ਭਰਮਜਾਲ ਹੈ। ਸੱਚ ਇਹ ਹੈ ਕਿ ਮੋਦੀ ਜੀ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਪਰ ਉਨ੍ਹਾਂ ਦੀਆਂ ਮਾਰੂ-ਨੀਤੀਆਂ ਕਰਕੇ ਨੌਜਵਾਨਾਂ ਤੋਂ ਚਾਰ ਕਰੋੜ ਨੌਕਰੀਆਂ ਖੋਹ ਲਈਆਂ ਗਈਆਂ। ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਦੌਰਾਨ ਸਿਖ਼ਰ ’ਤੇ ਹੈ; 6.1 ਫ਼ੀਸਦ। ਐੱਨਐੱਸਐੱਸਓ ਦੀ 2017-18 ਦੀ ਰਿਪੋਰਟ ਦੱਸਦੀ ਹੈ ਕਿ ਯੂਪੀਏ ਦੇ ਰਾਜਕਾਲ ਦੌਰਾਨ ਇਹ ਦਰ 2.2 ਫ਼ੀਸਦ (2011-12) ਸੀ।
ਭਾਰਤੀ ਜਨਤਾ ਪਾਰਟੀ ਦਾ ਸਿਆਸੀ ਸੰਕਟ ਇਸ ਗੱਲ ਵਿਚੋਂ ਪੈਦਾ ਹੁੰਦਾ ਹੈ ਕਿ ਉਨ੍ਹਾਂ ਨੇ ਹਰ ਚੀਜ਼ ਦੇਣ ਦਾ ਵਾਅਦਾ ਕੀਤਾ ਪਰ ਦੇ ਕੁਝ ਵੀ ਨਾ ਸਕੇ। ਮੋਦੀ ਜੀ ਨੂੰ ਰੋਜ਼ ਕੋਈ ਨਵਾਂ ਮੁੱਦਾ ਤਲਾਸ਼ਣਾ ਪੈਂਦਾ ਹੈ। ਇਹ ਦੱਸਦਾ ਹੈ ਕਿ ਦੇਸ਼ ਬਾਰੇ ਉਨ੍ਹਾਂ ਦੀ ਸੋਚ-ਸਮਝ ਦਾ ਦੀਵਾਲ਼ਾ ਨਿਕਲ ਚੁੱਕਾ ਹੈ।
ਪ੍ਰਸ਼ਨ: ਮੁੰਬਈ ਦੇ ਆਤੰਕੀ ਹਮਲਿਆਂ ਦੌਰਾਨ 170 ਲੋਕ ਮਾਰੇ ਗਏ ਪਰ ਯੂਪੀਏ ਦੀ ਸਰਕਾਰ ਨੇ ਫ਼ੌਜੀ ਕਾਰਵਾਈ ਨਾ ਕੀਤੀ। ਕੀ ਤੁਸੀਂ ਉਸ ਵੇਲ਼ੇ ਪ੍ਰਧਾਨ ਮੰਤਰੀ ਵਜੋਂ ਫ਼ੌਜੀ ਕਾਰਵਾਈ ਕਰਨ ਬਾਰੇ ਸੋਚਿਆ ਜਿਵੇਂ ਭਾਜਪਾ ਸਰਕਾਰ ਨੇ ਪੁਲਵਾਮਾ ਦੇ ਦਹਿਸ਼ਤਗਰਦ ਹਮਲੇ ਤੋਂ ਬਾਅਦ ਕੀਤਾ?
ਉੱਤਰ: ਮੁੰਬਈ ਵਿਚਲਾ ਹਮਲਾ ਇਕ ਕਾਇਰਾਨਾ ਕਾਰਵਾਈ ਸੀ। ਮੈਂ ਇਸ ਰਾਇ ਨਾਲ ਸਹਿਮਤ ਨਹੀਂ ਕਿ ਅਸੀਂ ਫ਼ੌਜੀ ਅਤੇ ਪਾਕਿਸਤਾਨ ਨੂੰ ਸਜ਼ਾ ਦੇਣ ਵਾਲੀ ਕਾਰਵਾਈ ਕਰਨ ਸਬੰਧੀ ਤਿਆਰ ਨਹੀਂ ਸਾਂ। ਅਸੀਂ ਇਹਦੀ ਬਾਬਤ ਸੋਚਿਆ ਪਰ ਸਿਆਸੀ ਹਾਲਾਤ ਸਾਡੇ ਹੱਕ ਵਿਚ ਜਾ ਰਹੇ ਸਨ। ਅਸੀਂ ਸਫ਼ਾਰਤੀ ਤੌਰ ’ਤੇ ਕੰਮ ਕਰਕੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰ ਦਿੱਤਾ। 14 ਦਿਨਾਂ ਦੇ ਵਿਚ-ਵਿਚ ਅਸੀਂ ਚੀਨ ਤੋਂ ਇਹ ਮੰਨਵਾ ਲਿਆ ਕਿ ਹਾਫ਼ਿਜ਼ ਸਈਅਦ ਨੂੰ ਅੰਤਰਰਾਸ਼ਟਰੀ ਅਤਿਵਾਦੀ ਕਰਾਰ ਦੇ ਦਿੱਤਾ ਜਾਵੇ ਅਤੇ ਉਸ ਦੇ ਸਿਰ ’ਤੇ ਦਸ ਮਿਲੀਅਨ ਡਾਲਰ ਦਾ ਇਨਾਮ ਰੱਖਿਆ ਗਿਆ। ਇਸੇ ਤਰ੍ਹਾਂ ਸਾਡੀ ਸਰਕਾਰ ਦੇ ਯਤਨਾਂ ਕਾਰਨ ਮੁੰਬਈ ਵਿਚ ਦਹਿਸ਼ਤਗਰਦ ਕਾਰਵਾਈ ਦੀ ਯੋਜਨਾ ਬਣਾਉਣ ਵਾਲ਼ੇ ਡੇਵਿਡ ਹੈਡਲੇ ਨੂੰ 2013 ਵਿਚ 35 ਸਾਲਾਂ ਦੀ ਸਜ਼ਾ ਹੋਈ। ਲਸ਼ਕਰ-ਏ-ਤਾਇਬਾ ਦੇ ਹੋਰ ਦਹਿਸ਼ਤਗਰਦਾਂ ’ਤੇ ਵੀ ਪਾਬੰਦੀਆਂ ਲਗਵਾਈਆਂ ਤੇ ਨਤੀਜੇ ਵਜੋਂ ਲਸ਼ਕਰ-ਏ-ਤਾਇਬਾ ਹੁਣ ਬਿਲਕੁਲ ਸ਼ਕਤੀਹੀਣ ਹੋ ਚੁੱਕੀ ਹੈ।
ਸਾਊਦੀ ਅਰਬ ਤੇ ਚੀਨ ਦੇ ਮਿਲਵਰਤਨ ਨਾਲ ਅਸੀਂ ਸਾਰੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਲਸ਼ਕਰ-ਇ-ਤਾਇਬਾ ਦੇ ਵਿਰੁੱਧ ਸਹਿਯੋਗ ਦੇਣ ਲਈ ਮਨਾਇਆ। ਕਈ ਦਹਿਸ਼ਤਗਰਦ ਗ੍ਰਿਫ਼ਤਾਰ ਕਰਕੇ ਹਿੰਦੋਸਤਾਨ ਲਿਆਂਦੇ ਗਏ। 26/11 ਹਮਲਿਆਂ ਦਾ ਮੁੱਖ ਯੋਜਨਾਕਾਰ ਅਤੇ ਹਰਕਤ-ਉਲ-ਜਿਹਾਦ-ਅਲ-ਅਸਲਾਮੀ ਦੇ ਮੁਖੀ ਸ਼ੇਖ ਅਬਦੁੱਲ ਖਵਾਜ਼ਾ ਨੂੰ ਸ੍ਰੀਲੰਕਾ ਤੋਂ ਗ੍ਰਿਫ਼ਤਾਰ ਕਰਕੇ ਹੈਦਰਾਬਾਦ ਲਿਆਂਦਾ ਗਿਆ। ਜ਼ੈਬ-ਉਦ-ਦੀਨ ਅਨਸਾਰੀ ਉਰਫ਼ ਅਬੂ ਹਮਜ਼ਾ/ਅਬੂ ਜੁੰਡਾਲ ਨੂੰ ਜੂਨ 2012 ਵਿਚ ਸਾਊਦੀ ਅਰਬ ਤੋਂ ਵਾਪਸ ਲਿਆ ਕੇ ਦਿੱਲੀ ਦੇ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ।
ਮੁੰਬਈ ਦੇ 26/11 ਦੇ ਹਮਲਿਆਂ ਤੋਂ ਬਾਅਦ ਯੂਪੀਏ ਦੀ ਸਰਕਾਰ ਨੇ ਤੱਟੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਅਤੇ ਇਕ ਰਾਸ਼ਟਰੀ ਅਤਿਵਾਦ ਵਿਰੋਧੀ ਸੰਸਥਾ (ਨੈਸ਼ਨਲ ਕਾਊਂਟਰ ਟੈਰੇਰਿਜ਼ਮ ਸੈਂਟਰ) ਬਣਾਉਣ ਦੀ ਤਜਵੀਜ਼ ਰੱਖੀ ਪਰ ਉਸ ਵੇਲ਼ੇ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪੂਰੀ ਤਨਦੇਹੀ ਨਾਲ ਇਸ ਦਾ ਵਿਰੋਧ ਕੀਤਾ। ਨੈਟਗਰਿੱਡ, ਜਿਹੜੀ ਵੱਖ ਵੱਖ ਖ਼ੁਫ਼ੀਆ ਏਜੰਸੀਆਂ ਦੁਆਰਾ ਇਕੱਠੀ ਕੀਤੀ ਗਈ ਜਾਣਕਾਰੀ ਦਾ ਸੰਗ੍ਰਹਿ ਕਰਦੀ ਹੈ, ਵੀ ਸਾਡੀ ਸਰਕਾਰ ਨੇ ਹੀ ਬਣਾਈ ਪਰ ਮੋਦੀ ਸਰਕਾਰ ਨੇ ਇਨ੍ਹਾਂ ਸੰਸਥਾਵਾਂ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਹੈ।
ਪ੍ਰਸ਼ਨ: ਲੋਕ ਸਭਾ ਚੋਣਾਂ 2019 ਦੇ 23 ਮਈ ਨੂੰ ਆਉਣ ਵਾਲੇ ਨਤੀਜਿਆਂ ਬਾਰੇ ਤੁਹਾਡਾ ਕੀ ਕਹਿਣਾ ਹੈ?
ਉੱਤਰ: ਮੈਨੂੰ ਆਸ ਹੈ ਕਿ ਕੇਂਦਰ ਵਿੱਚ ਪ੍ਰਗਤੀਸ਼ੀਲ, ਆਜ਼ਾਦ ਅਤੇ ਸਹੀ ਮਾਅਨਿਆਂ ਵਿੱਚ ਲੋਕਤੰਤਰਿਕ ਸਰਕਾਰ ਸੱਤਾ ਵਿੱਚ ਆਵੇਗੀ, ਜਿਸ ਵਿੱਚ ਕਾਂਗਰਸ ਪਾਰਟੀ ਮੁੱਖ ਭੂਮਿਕਾ ਅਦਾ ਕਰੇਗੀ।
ਪ੍ਰਸ਼ਨ: ਨਿਆਏ ਸਕੀਮ ਬਾਰੇ ਦੱਸੋ?
ਉੱਤਰ: ਅਰਥਚਾਰੇ ਵਿੱਚ ਆਈ ਖੜ੍ਹੋਤ ਵਿਚ ਮੁੜ ਜਾਨ ਪਾਉਣ ਦਾ ਇਹ ਸ਼ਕਤੀਸ਼ਾਲੀ ਫੁਰਨਾ ਹੈ। ਨਿਆਏ ਸਕੀਮ ਅਧੀਨ ਭਾਰਤ ਦੇ 20 ਪ੍ਰਤੀਸ਼ਤ ਅੱਤ ਗਰੀਬ ਪਰਿਵਾਰਾਂ ਨੂੰ ਸਾਲਾਨਾ 72,000 ਰੁਪਏ ਦਾ ਆਮਦਨ ਸਹਿਯੋਗ ਦਿੱਤਾ ਜਾਵੇਗਾ।
ਪ੍ਰਸ਼ਨ: ਇਸ ਵਾਰ ਚੋਣਾਂ ਵਿੱਚ ਜਿੱਤ ਲਈ ਕਾਂਗਰਸ ਵੱਖਰਾ ਕੀ ਕਰ ਰਹੀ ਹੈ?
ਉੱਤਰ: ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ ਇਹ ਚੋਣਾਂ ਫੈਸਲਾਕੁਨ ਅਤੇ ਜੋਸ਼ੀਲੇ ਢੰਗ ਨਾਲ ਲੜੀਆਂ ਹਨ। ਅਸੀਂ ਸੂਬਿਆਂ ਵਿੱਚ ਹੋਈਆਂ ਚੋਣਾਂ ਵਿੱਚ ਵਧੀਆ ਨਤੀਜੇ ਦਿੱਤੇ ਹਨ ਅਤੇ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਪੰਜਾਬ ਅਤੇ ਕਰਨਾਟਕ ਵਿੱਚ ਪ੍ਰਗਤੀਸ਼ੀਲ ਅਤੇ ਆਜ਼ਾਦ ਸਰਕਾਰਾਂ ਬਣੀਆਂ ਹਨ।
ਪ੍ਰਸ਼ਨ: ਕਾਂਗਰਸ ਵਲੋਂ ਰਾਫਾਲ ਮਾਮਲੇ ’ਤੇ ਪ੍ਰਧਾਨ ਮੰਤਰੀ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਜਾ ਰਹੇ ਹਨ ਪਰ ਇਹ ਦੋਸ਼ ਅਜੇ ਤੱਕ ਸਾਬਤ ਨਹੀਂ ਹੋਏ ਹਨ। ਕੀ ਇਹ ਤੁਹਾਡੀ ਰਣਨੀਤੀ ਨੂੰ ਝਟਕਾ ਨਹੀਂ ਹੈ?
ਉੱਤਰ: ਬਿਨਾਂ ਸ਼ੱਕ ਰਾਫਾਲ ਘੁਟਾਲਾ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਘੁਟਾਲਾ ਹੈ, ਜਿਸ ਵਿੱਚ ਮੌਜੂਦਾ ਸਰਕਾਰ ਦੇ ਸਿਖਰਲੇ ਥੰਮ੍ਹ ਸ਼ਾਮਲ ਹਨ। ਅਜਿਹੇ ਬਹੁਤ ਸਾਰੇ ਸਵਾਲ ਹਨ, ਜੋ ਕਾਂਗਰਸ ਪਾਰਟੀ ਨੇ ਚੁੱਕੇ ਹਨ ਅਤੇ ਸੈਂਕੜੇ ਸਫ਼ਿਆਂ ਦੇ ਦਸਤਾਵੇਜ਼ ਹਨ, ਜੋ ਗਲਤ ਕੰਮਾਂ, ਰੱਖਿਆ ਸਾਜ਼ੋ-ਸਾਮਾਨ ਦੀ ਖਰੀਦ ਵਿੱਚ ਜ਼ਰੂਰੀ ਨਿਯਮਾਂ ਦੀ ਉਲੰਘਣਾ, ਕੌਮੀ ਹਿੱਤਾਂ ਦਾ ਘਾਣ ਅਤੇ ਕੌਮੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੀ ਗਵਾਹੀ ਭਰਦੇ ਹਨ। ਇਨ੍ਹਾਂ ਸਾਰੇ ਮੁੱਦਿਆਂ ਨੂੰ ਜਨਤਕ ਤੌਰ ’ਤੇ ਬਾਰੀਕੀ ਨਾਲ ਵਿਚਾਰਿਆ ਜਾ ਚੁੱਕਿਆ ਹੈ।।
ਪ੍ਰਸ਼ਨ: ਤੁਸੀਂ 2019 ਦੀਆਂ ਚੋਣਾਂ ਵਿੱਚ ਪ੍ਰਚਾਰ ਨਹੀਂ ਕੀਤਾ? ਕੀ ਤੁਸੀਂ ਅੱਗੇ ਨੂੰ ਸਰਗਰਮ ਰਹੋਗੇ?
ਉੱਤਰ: ਮੈਂ ਜਨਤਕ ਤੌਰ ’ਤੇ ਸਰਗਰਮ ਹਾਂ ਅਤੇ ਜਦੋਂ ਤੱਕ ਮੇਰੀ ਸਿਹਤ ਆਗਿਆ ਦੇਵੇਗੀ ਮੈਂ ਸਰਗਰਮ ਰਹਿਣਾ ਚਾਹਾਂਗਾ ਤਾਂ ਜੋ ਮੈਂ ਆਪਣੀ ਸਮਰੱਥਾ ਅਨੁਸਾਰ ਦੇਸ਼ ਦੀ ਸੇਵਾ ਕਰ ਸਕਾਂ।
ਇਸ ਤੋਂ ਇਲਾਵਾ ਡਾ. ਮਨਮੋਹਨ ਸਿੰਘ ਨੇ ਜਮਹੂਰੀਅਤ ਨੂੰ ਸਹਿਯੋਗਾਤਮਕ, ਏਕਾਤਮਕ ਅਤੇ ਸਹਿਹੋਂਦ ਨਾਲ ਸਬੰਧਤ ਕਰਾਰ ਦਿੰਦਿਆਂ ਕਿਹਾ ਕਿ ਗਠਜੋੜ ਸਰਕਾਰ ਵਿਚ ਫ਼ੈਸਲੇ ਲੈਣ ਦੇ ਅਮਲਾਂ ਵਿੱਚ ਵਧੇਰੇ ਜਵਾਬਦੇਹੀ ਤੇ ਸਮਤੋਲ ਦੀ ਗੁੰਜਾਇਸ਼ ਬਣੀ ਰਹਿੰਦੀ ਹੈ । ਉਨ੍ਹਾਂ ਵਰਤਮਾਨ ਵਿੱਚ ਦੇਸ਼ ਦੀ ਵਿਦੇਸ਼ ਨੀਤੀ ਦੇ ਵਿਅਕਤੀ ਕੇਂਦਰਿਤ ਹੋਣ ਦਾ ਜ਼ਿਕਰ ਕੀਤਾ।

‘ਆਗੂ ਵਜੋਂ ਮੋਦੀ ਨਾਕਾਮ’
ਸਿਆਸਤਦਾਨ ਤੇ ਇਨਸਾਨ ਵਜੋਂ ਸ੍ਰੀ ਮੋਦੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੋਦੀ ਦੀ ਸ਼ਖ਼ਸੀਅਤ ਬਾਰੇ ਉਹ ਕੋਈ ਟਿੱਪਣੀ ਨਹੀਂ ਕਰਨਗੇ। ਉਨ੍ਹਾਂ ਕਿਹਾ, ‘ਭਾਰਤ ਦੇ ਆਗੂ ਵਜੋਂ ਮੋਦੀ ਨਾਕਾਮ ਰਹੇ ਹਨ। ਮੇਰੇ ਮੁਤਾਬਕ ਆਗੂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਦੁੱਖਾਂ-ਦਰਦਾਂ ਤੇ ਆਸਾਂ-ਉਮੀਦਾਂ ਨੂੰ ਤਵੱਜੋ ਦੇਣ ਤੇ ਦੁੱਖ-ਦਰਦ ਘਟਾਉਣ ਲਈ ਕੰਮ ਕਰਨ। ਜਮਹੂਰੀਅਤ ਲਈ ਮਿਲਜੁਲ ਕੇ ਚੱਲਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਆਪਣੀ ਹੀ ਮਰਜ਼ੀ ਠੋਸੋਗੇ ਤੇ ਚਾਹੋਗੇ ਕਿ ਹਰ ਕੋਈ ਸਿਰ ਝੁਕਾ ਕੇ ਉਸ ਨੂੰ ਮੰਨੇ ਤਾਂ ਗੜਬੜ ਹੋਵੇਗੀ ਹੀ।’


Comments Off on ਮਿਹਨਤ ਮੁਸ਼ੱਕਤ ਕਰਨ ਵਾਲਾ ਕਿਸਾਨ ਅਸਲ ਰਾਸ਼ਟਰਵਾਦੀ: ਮਨਮੋਹਨ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.