ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਮਨੁੱਖੀ ਸਰੀਰ ਦਾ ਨਵੀਨੀਕਰਣ

Posted On May - 31 - 2019

ਆਧੁਨਿਕ ਚਿਕਿਤਸਾ ਵਿਗਿਆਨ ਤੇ ਨੇਚਰੋਪੈਥੀ

ਸੰਜੀਵ ਕੁਮਾਰ ਸ਼ਰਮਾ

ਸਾਲ 2016 ਵਿਚ ਚਿਕਿਤਸਾ ਦੇ ਖੇਤਰ (ਮੈਡੀਸਿਨ) ਵਿਚ ਜਪਾਨ ਦੇ ਵਿਗਿਆਨੀ ਯੋਸ਼ਿਨੋਰੀ ਓਸੂਮੀ ਨੂੰ ਨੋਬੇਲ ਪੁਰਸਕਾਰ ਨਾਲ ਸਨਮਾਨਿਆ ਗਿਆ। ਇਹ ਪੁਰਸਕਾਰ ਉਨ੍ਹਾਂ ਨੂੰ ‘ਮਨੁੱਖੀ ਸਰੀਰ ਵਿਚ ਆਟੋਫੈਜੀ’ ਦੇ ਖੇਤਰ ਵਿਚ ਨਵੀਂ ਖੋਜ ਲਈ ਦਿੱਤਾ ਗਿਆ। ਸ਼ਬਦ ਆਟੋਫੈਜੀ ਗ੍ਰੀਕ (ਯੂਨਾਨੀ) ਭਾਸ਼ਾ ਦੇ ਦੋ ਸ਼ਬਦਾਂ ‘ਆਟੋ’ ਅਤੇ ‘ਫੈਜੀ’ ਨੂੰ ਮਿਲਾ ਕੇ ਬਣਿਆ ਹੈ। ‘ਆਟੋ’ ਭਾਵ ਆਪਣੇ ਆਪ ਨੂੰ ਅਤੇ ‘ਫੈਜੀ’ ਭਾਵ ਖਾ ਜਾਣਾ ਅਰਥਾਤ ਆਪਣੇ ਆਪ ਨੂੰ ਖਾ ਜਾਣਾ। ਆਟੋਫੈਜੀ ਸਰੀਰ ਵਿਚ ਹੋਣ ਵਾਲੀ ਰੀਸਾਇਕਲਿੰਗ (ਮੁੜ ਵਰਤਣ ਯੋਗ ਬਣਾਉਣਾ) ਦੀ ਪ੍ਰਕਿਰਿਆ ਨੂੰ ਕਹਿੰਦੇ ਹਨ। ਇਸ ਪ੍ਰਕਿਰਿਆ ਦੇ ਕਾਰਨ ਹੀ ਪੁਰਾਣੇ ਸੈੱਲ ਨਸ਼ਟ ਹੁੰਦੇ ਅਤੇ ਨਵੇਂ ਬਣਦੇ ਹਨ। ਆਟੋਫੈਜੀ ਇੱਕ ਕੁਦਰਤੀ ਰੱਖਿਆ ਪ੍ਰਣਾਲੀ ਹੈ ਜਿਹੜੀ ਸਰੀਰ ਨੂੰ ਜਿਉਂਦਾ ਰੱਖਣ ਵਿਚ ਮਦਦ ਕਰਦੀ ਹੈ। ਇਹ ਸਰੀਰ ਨੂੰ, ਬਿਨਾਂ ਭੋਜਨ ਦੇ, ਨਾ ਕੇਵਲ ਕਿਰਿਆਸ਼ੀਲ ਰਹਿਣ ਵਿਚ ਮਦਦ ਕਰਦੀ ਹੈ, ਬਲਕਿ ਵੱਖ ਵੱਖ ਤਰ੍ਹਾਂ ਦੇ ਬੈਕਟੀਰੀਆ ਅਤੇ ਵਾਇਰਸ ਨਾਲ ਲੜਨ ਵਿਚ ਮਦਦ ਵੀ ਕਰਦੀ ਹੈ। ਆਟੋਫੈਜੀ ਦੇ ਨਾਕਾਮ ਹੋਣ ਦੇ ਕਾਰਨ ਹੀ ਬੁਢਾਪਾ ਅਤੇ ਪਾਗਲਪਣ ਵਰਗੀਆਂ ਬਿਮਾਰੀਆਂ ਵਧਦੀਆਂ ਹਨ। ਇਸ ਖੋਜ ਨਾਲ ਭਵਿੱਖ ਵਿਚ ਕੈਂਸਰ, ਸ਼ੱਕਰ ਰੋਗ ਅਤੇ ਪਾਰਕਿਨਸਨ ਵਰਗੀਆਂ ਬਿਮਾਰੀਆਂ ਦਾ ਇਲਾਜ ਕਰਨ ਵਿਚ ਮਦਦ ਮਿਲੇਗੀ।
ਅਸੀਂ ਜਾਣਦੇ ਹਾਂ ਕਿ ਸਾਡੇ ਸਰੀਰ ਨੂੰ ਕਿਰਿਆਸ਼ੀਲ ਰਹਿਣ ਲਈ ਗੁਲੂਕੋਜ਼ ਦੀ ਲੋੜ ਹੁੰਦੀ ਹੈ। ਜਦੋਂ ਭੋਜਨ ਹਜ਼ਮ ਹੁੰਦਾ ਹੈ ਤਾਂ ਉਹ ਗੁਲੂਕੋਜ਼ ਵਿਚ ਤਬਦੀਲ ਹੋ ਕੇ ਖੂਨ ਵਿਚ ਆਉਂਦਾ ਹੈ। ਜਦੋਂ ਖੂਨ ਵਿਚ ਗੁਲੂਕੋਜ਼ ਖਤਮ ਹੋ ਜਾਂਦਾ ਹੈ ਤਾਂ ਇਸ ਦੀ ਪੂਰਤੀ ਜਿਗਰ ਅਤੇ ਮਾਸਪੇਸ਼ੀਆਂ ਵਿਚ ਜਮ੍ਹਾਂ ਗਲਾਇਕੋਜੀਨ ਤੋਂ ਹੁੰਦੀ ਹੈ। ਜਦੋਂ ਗਲਾਇਕੋਜੀਨ ਵੀ ਖ਼ਤਮ ਹੋ ਜਾਂਦਾ ਹੈ ਤਾਂ ਸਰੀਰ ਵਿਚ ਜਮ੍ਹਾਂ ਚਰਬੀ ਪਿਘਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਕਿਰਿਆਸ਼ੀਲਤਾ ਨੂੰ ਜਾਰੀ ਰੱਖਦੀ ਹੈ ਅਤੇ ਇਸ ਤੋਂ ਬਾਅਦ ਪ੍ਰੋਟੀਨ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ। ਸਾਡਾ ਸਰੀਰ ਬਹੁਤ ਸਾਰੇ ਛੋਟੇ-ਛੋਟੇ ਸੈੱਲਾਂ ਨਾਲ ਮਿਲ ਕੇ ਬਣਿਆ ਹੋਇਆ ਹੈ। ਸੈੱਲਾਂ ਦੇ ਅੰਦਰ ਵੀ ਬਹੁਤ ਸਾਰੇ ਭਾਗ ਹੁੰਦੇ ਹਨ ਜਿਨ੍ਹਾਂ ਨੂੰ ਸੈੱਲ-ਔਰਗੇਨੈੱਲ ਕਿਹਾ ਜਾਂਦਾ ਹੈ। ਹਰੇਕ ਸੈੱਲ-ਔਰਗੇਨੈੱਲ ਦਾ ਆਪਣਾ ਇੱਕ ਵੱਖਰਾ ਕਾਰਜ ਹੁੰਦਾ ਹੈ। ਜਿਵੇਂ ਕਿ ‘ਰਾਇਬੋਜੋਮਜ਼’ ਪ੍ਰੋਟੀਨ ਬਣਾਉਂਦੇ ਹਨ। ‘ਗੋਲਜੀ ਬਾਡੀਜ਼’ ਪ੍ਰੋਟੀਨ ਅਤੇ ਵਸਾ ਨੂੰ ਇੱਕ ਥਾਂ ਤੋਂ ਦੂਜੀ ਥਾਂ ’ਤੇ ਲੈ ਕੇ ਜਾਂਦੇ ਹਨ। ਇਸੇ ਤਰ੍ਹਾਂ ਇੱਕ ਬਹੁਤ ਹੀ ਮਹੱਤਵਪੂਰਨ ਔਰਗੇਨੈੱਲ ਹੈ ‘ਲਾਇਜ਼ੋਜੋਮਜ਼’ ਜਿਨ੍ਹਾਂ ਦਾ ਕੰਮ ਖਰਾਬ ਜਾਂ ਆਪਣੀ ਉਮਰ ਪੂਰੀ ਕਰ ਚੁਕੇ ਸੈੱਲ-ਔਰਗੇਨੈੱਲ ਨੂੰ ਖਾਣਾ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦਾ ਕੰਮ ਸੈੱਲ ਅੰਦਰ ਜਮ੍ਹਾਂ ਫਾਲਤੂ ਤੱਤ ਜਿਹੜੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਨੂੰ ਖਾ ਕੇ ਹਜ਼ਮ ਕਰਨਾ ਹੁੰਦਾ ਹੈ ਜਿਸਦੇ ਨਤੀਜੇ ਵਜੋਂ ਨਵੇਂ ਸੈੱਲ-ਔਰਗੇਨੈੱਲ ਦਾ ਨਿਰਮਾਣ ਹੁੰਦਾ ਹੈ।
ਯੋਸ਼ਿਨੋਰੀ ਓਸੂਮੀ ਨੇ ਆਪਣੇ ਇਸ ਸਿਧਾਂਤ ਵਿਚ ਦੱਸਿਆ ਹੈ ਕਿ ਆਟੋਫੈਜੀ ਨੂੰ ਆਪਣੇ ਸਰੀਰ ਵਿਚ ਸ਼ੁਰੂ ਕਰਨ ਅਤੇ ਇਸ ਨੂੰ ਸਰਗਰਮ ਰੱਖਣ ਲਈ ਸਾਨੂੰ ਆਪਣੇ ਆਪ ਨੂੰ ਉਪਵਾਸ (ਵਰਤ) ਜਾਂ ਫਾਸਟਿੰਗ ਵਾਲੀ ਸਥਿਤੀ ਵਿਚ ਲੈ ਕੇ ਆਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਫਾਸਟਿੰਗ ਦੀ ਸਥਿਤੀ ਵਿਚ ਜਦੋਂ ਅਸੀਂ ਭੋਜਨ ਗ੍ਰਹਿਣ ਕਰਨਾ ਬੰਦ ਕਰ ਦਿੰਦੇ ਹਾਂ ਤਾਂ ਸਾਡਾ ਸਰੀਰ ਤੰਤਰ ਇਸ ਨੂੰ ਇੱਕ ਐਮਰਜੈਂਸੀ (ਹੰਗਾਮੀ ਹਾਲਤ) ਦੇ ਤੌਰ ’ਤੇ ਦੇਖਦੇ ਹੋਏ ਸਰੀਰ ਦੀ ਰੱਖਿਆ ਕਰਨੀ ਸ਼ੁਰੂ ਕਰ ਦਿੰਦਾ ਹੈ, ਇਸ ਵਿਚ ਆਏ ਵਿਕਾਰਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਵਿਚ ਜੁੱਟ ਜਾਂਦਾ ਹੈ। ਨਤੀਜੇ ਵਜੋਂ ਸਾਡਾ ਸਰੀਰ ਸਵੈ-ਮੁਰੰਮਤ (ਸੈਲਫ-ਰਿਪੇਅਰਿੰਗ) ਅਤੇ ਸਵੈ-ਸਫਾਈ (ਸੈਲਫ-ਕਲੀਨਿੰਗ) ਦੀ ਅਵਸਥਾ ਵਿਚ ਚਲਾ ਜਾਂਦਾ ਹੈ। ਇਸ ਅਵਸਥਾ ਵਿਚ ਸਰੀਰ ਦੇ ਅੰਦਰ ਜਮ੍ਹਾਂ ਕਿਸੇ ਵੀ ਤਰ੍ਹਾਂ ਦੀ ਗੰਦਗੀ, ਸੈੱਲਾਂ ਦੇ ਅੰਦਰ ਜਮ੍ਹਾਂ ਕੋਲੇਸਟ੍ਰੋਲ, ਸੁਤੰਤਰ-ਕਣ (ਫ੍ਰੀ-ਰੈਡੀਕਲਜ਼) ਅਤੇ ਖਰਾਬ ਪ੍ਰੋਟੀਨ — ਜਿਨ੍ਹਾਂ ਦਾ ਸਰੀਰ ਦੇ ਅੰਦਰ ਕੋਈ ਕੰਮ ਨਹੀਂ ਹੈ ਅਤੇ ਉਹ ਸੈੱਲਾਂ ਨੂੰ ਨੁਕਸਾਨ ਪਹੁੰਚਾਉਣਗੇ, ਉਨ੍ਹਾਂ ਨੂੰ ਨਸ਼ਟ ਕਰਨਗੇ ਅਤੇ ਸਰੀਰ ਵਿਚ ਬਿਮਾਰੀਆਂ ਲੈ ਕੇ ਆਉਣਗੇ — ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ। ਇਸ ਤਰ੍ਹਾਂ ਸਰੀਰ ਵਿਚੋਂ ਕਿਸੇ ਵੀ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਨੂੰ ਬਾਹਰ ਕੱਢਣ ਦਾ ਇਹ ਸਭ ਤੋਂ ਕਾਰਗਰ ਅਤੇ ਸਹੀ ਤਰੀਕਾ ਹੈ।
ਨੇਚਰੋਪੈਥੀ ਅਨੁਸਾਰ ਮਨੁੱਖੀ ਸਰੀਰ ਦੀ ਰਚਨਾ ਕਰਨ ਵਾਲੇ ਪੰਜ ਤੱਤਾਂ — ਆਕਾਸ਼, ਹਵਾ, ਅਗਨੀ, ਜਲ ਅਤੇ ਪ੍ਰਿਥਵੀ — ਵਿਚੋਂ ਆਕਾਸ਼ ਤੱਤ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ, ਜਿਹੜਾ ਉਪਵਾਸ ਦੁਆਰਾ ਪੇਟ ਨੂੰ ਖਾਲੀ ਰੱਖ ਕੇ ਪ੍ਰਾਪਤ ਹੁੰਦਾ ਹੈ। ਪੇਟ ਵਿਚ ਖਾਲੀ ਥਾਂ ਹੋਣ ’ਤੇ ਹੀ ਖਾਧੇ ਹੋਏ ਪਦਾਰਥ ਨੂੰ ਗਤੀ ਮਿਲੇਗੀ ਅਤੇ ਉਹ ਪਚੇਗਾ। ਉਪਵਾਸ ਦਾ ਮੁੱਖ ਮੰਤਵ ਸਰੀਰ ਦੇ ਪਾਚਨ ਤੰਤਰ ਨੂੰ ਪੂਰਨ ਤੌਰ ’ਤੇ ਆਰਾਮ ਦੇਣਾ ਹੈ। ਸਾਡੇ ਧਾਰਮਿਕ ਗ੍ਰੰਥਾਂ ਵਿਚ ਉਪਵਾਸ ਨੂੰ ਸਰੀਰਿਕ ਅਤੇ ਮਾਨਸਿਕ ਪਵਿੱਤਰਤਾ ਦਾ ਇੱਕ ਸਾਧਨ ਮੰਨਿਆ ਗਿਆ ਹੈ। ਸਾਡੇ ਰਿਸ਼ੀਆਂ-ਮੁਨੀਆਂ ਨੇ ਦੂਰਦਰਸ਼ਿਤਾ ਦਿਖਾਉਂਦੇ ਹੋਏ ਆਮ ਲੋਕਾਂ ਦੀ ਸਿਹਤ ਦੇ ਵਿਸ਼ੇ ਨੂੰ ਆਸਥਾ ਨਾਲ ਜੋੜਿਆ ਤਾਂ ਕਿ ਪੀੜ੍ਹੀ-ਦਰ-ਪੀੜ੍ਹੀ ਇਨ੍ਹਾਂ ਦਾ ਪਾਲਣ ਕਰਕੇ ਲੋਕ ਸਿਹਤਮੰਦ ਰਹਿ ਸਕਣ। ਜਿਵੇਂ ਨਰਾਤਿਆਂ ਦੇ ਉਪਵਾਸ ਮੌਸਮ ਦੇ ਬਦਲਣ ਦੇ ਨਾਲ ਸੰਬੰਧਿਤ ਹਨ। ਪਹਿਲੀ ਵਾਰ ਜਦੋਂ ਰੁੱਤ ਸਰਦੀ ਤੋਂ ਗਰਮੀ ਵੱਲ ਜਾਂਦੀ ਹੈ ਅਤੇ ਦੂਜੀ ਵਾਰ ਜਦੋਂ ਰੁੱਤ ਗਰਮੀ ਤੋਂ ਸਰਦੀ ਵੱਲ ਜਾਂਦੀ ਹੈ। ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਰੁੱਤ ਤਬਦੀਲੀ ਦੇ ਇਨ੍ਹਾਂ ਮੋੜਾਂ ’ਤੇ, ਜਦੋਂ ਵੱਖ-ਵੱਖ ਤਰ੍ਹਾਂ ਦੇ ਬੈਕਟੀਰੀਆ ਅਤੇ ਵਾਇਰਸ ਪੈਦਾ ਹੁੰਦੇ ਹਨ, ਜ਼ਿਆਦਾਤਰ ਲੋਕ ਸਰਦੀ, ਜ਼ੁਕਾਮ, ਬੁਖਾਰ, ਚੇਚਕ, ਹੈਜ਼ਾ, ਪੇਚਿਸ਼, ਇਨਫ਼ਲੂਏਂਜਾ ਆਦਿ ਰੋਗਾਂ ਨਾਲ ਪੀੜਤ ਹੋ ਜਾਂਦੇ ਹਨ। ਉਸ ਸਮੇਂ ਸਰੀਰ ਵਿਚ ਛਿਪੇ ਹੋਏ ਵਿਕਾਰਾਂ ਨੂੰ ਕੱਢਣ ਲਈ ਉਪਵਾਸ ਬਹੁਤ ਜ਼ਰੂਰੀ ਵੀ ਹੁੰਦੇ ਹਨ ਅਤੇ ਲਾਭਕਾਰੀ ਵੀ। ਇਸੇ ਤਰ੍ਹਾਂ ਏਕਾਦਸ਼ੀ ਦੇ ਉਪਵਾਸ ਦਾ ਵੀ ਵਿਗਿਆਨਿਕ ਪਹਿਲੂ ਹੈ। ਜਿਸ ਤਰ੍ਹਾਂ ਚੰਦਰਮਾ ਦਾ ਗੁਰੂਤਾ-ਆਕਰਸ਼ਣ ਬਲ ਸਮੁੰਦਰ ਦੇ ਪਾਣੀ ’ਤੇ ਜਵਾਰ-ਭਾਟੇ ਦੇ ਰੂਪ ਵਿਚ ਅਸਰ ਪਾਉਂਦਾ ਹੈ, ਉਸੇ ਤਰ੍ਹਾਂ ਇਹ ਮਨੁੱਖ ਦੇ ਸਰੀਰ ’ਤੇ, ਜਿਸ ਵਿਚ 70% ਤੋਂ ਵੱਧ ਪਾਣੀ ਹੈ, ’ਤੇ ਵੀ ਅਸਰ ਪਾਉਂਦਾ ਹੈ। ਕਿਉਂਕਿ ਏਕਾਦਸ਼ੀ ਵਾਲੇ ਦਿਨ (ਚੰਦਰ-ਚੱਕਰ ਦਾ 11ਵਾਂ ਦਿਨ) ਇਹ ਅਸਰ ਸਭ ਤੋਂ ਘੱਟ ਹੁੰਦਾ ਹੈ, ਇਸ ਲਈ ਇਸ ਦਿਨ ਨੂੰ ਸਰੀਰ ਦੀ ਸਫਾਈ ਦੇ ਲਈ ਸਭ ਤੋਂ ਉੱਤਮ ਗਿਣਿਆ ਜਾਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਭਾਰੇ ਭੋਜਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਪਰੰਤੂ ਅੱਜ ਅਸੀਂ ਉਪਵਾਸ ਨੂੰ ਕੇਵਲ ਇੱਕ ਰਸਮ ਬਣਾ ਲਿਆ ਹੈ। ਉਪਵਾਸ ਦੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਤਲੇ-ਭੁੰਨੇ, ਚਟਪਟੇ, ਭਾਰੇ, ਮਸਾਲੇਦਾਰ ਭੋਜਨ ਖਾਣ ਲੱਗ ਗਏ ਹਾਂ। ਅੱਜ ਵੱਡੀਆਂ-ਵੱਡੀਆਂ ਨਾਮੀ ਕੰਪਨੀਆਂ ਦੇ ਫਾਸਟ-ਫਰੈਂਡਲੀ (ਉਪਵਾਸ-ਅਨੁਕੂਲ) ਭੋਜਨ ਉਤਪਾਦ ਬਾਜ਼ਾਰ ਵਿਚ ਭਰੇ ਪਏ ਹਨ। ਹੋਟਲ ਅਤੇ ਰੇਸਟੋਰੈਂਟਾਂ ਵਿਚ ਉਪਵਾਸ ਦੇ ਨਾਮ ’ਤੇ ਵਿਸ਼ੇਸ਼ ਭੋਜਨ ਬਣਦੇ ਹਨ। ਇਸ ਤਰ੍ਹਾਂ ਅਸੀਂ ਉਪਵਾਸ ਦੇ ਅਸਲ ਮੰਤਵ ਤੋਂ ਕਿਤੇ ਦੂਰ ਚਲੇ ਗਏ ਹਾਂ। ਉਪਵਾਸ ਤਾਂ ਇੱਕ ਸੁਭਾਵਿਕ ਪ੍ਰਕਿਰਿਆ ਹੈ, ਕੁਦਰਤ ਦੀ ਮੰਗ ਹੈ। ਪਸ਼ੂ-ਪੰਛੀ ਆਦਿ ਸਾਰੇ ਜੀਵਾਂ ਨੂੰ ਉਪਵਾਸ ਦੀ ਲੋੜ ਪੈਂਦੀ ਹੈ। ਰੋਗੀ ਪਸ਼ੂ, ਰੋਗੀ ਮਨੁੱਖ ਨਾਲੋਂ ਵੱਧ ਸਮਝਦਾਰ ਹੁੰਦਾ ਹੈ, ਜਿਹੜਾ ਰੋਗ ਦੀ ਹਾਲਤ ਵਿਚ ਚੰਗੇ ਤੋਂ ਚੰਗੇ ਚਾਰੇ ਨੂੰ ਖਾਣਾ ਤਾਂ ਦੂਰ, ਦੇਖਣਾ ਵੀ ਪਸੰਦ ਨਹੀਂ ਕਰਦਾ। ਕਿਉਂਕਿ ਉਹ ਸਮਝਦਾ ਹੈ ਕਿ ਰੋਗ ਦੀ ਹਾਲਤ ਵਿਚ ਕੁਝ ਗ੍ਰਹਿਣ ਕਰਨਾ ਜ਼ਹਿਰ ਦੇ ਬਰਾਬਰ ਹੈ, ਜਦਕਿ ਕੁਝ ਨਾ ਖਾ ਕੇ ਉਪਵਾਸ ਕਰਨਾ ਅੰਮ੍ਰਿਤ ਸਮਾਨ ਹੈ। ਉਂਝ ਸਾਡੇ ਸਰੀਰ ਦਾ ਤੰਤਰ ਏਨਾ ਸੰਵੇਦਨਸ਼ੀਲ ਹੁੰਦਾ ਹੈ ਕਿ ਕੁਦਰਤੀ ਤੌਰ ’ਤੇ ਹੀ ਬਿਮਾਰ ਹੋਣ ਦੀ ਅਵਸਥਾ ਵਿਚ ਸਾਡੀ ਭੁੱਖ ਮਰ ਜਾਂਦੀ ਹੈ, ਪਰੰਤੂ ਬੁੱਧੀਮਾਨ ਹੁੰਦੇ ਹੋਏ ਵੀ ਅਸੀਂ ਕੁਦਰਤ ਦੇ ਹੁਕਮ ਨੂੰ ਨਹੀਂ ਮੰਨਦੇ ਅਤੇ ਕੁਝ ਨਾ ਕੁਝ ਖਾਂਦੇ ਰਹਿੰਦੇ ਹਾਂ ਅਤੇ ਛੇਤੀ ਠੀਕ ਨਹੀਂ ਹੁੰਦੇ। ਜਦਕਿ ਚਾਹੀਦਾ ਇਹ ਹੈ ਕਿ ਅਸੀਂ ਉਸ ਸਮੇਂ ਕੁਝ ਵੀ ਖਾਣ ਕਰਨ ਤੋਂ ਬਚੀਏ ਤਾਂ ਕਿ ਜੀਵਨੀ ਸ਼ਕਤੀ ਬਾਹਰੀ ਤੱਤਾਂ ਨੂੰ ਅਤੇ ਰੋਗ ਨੂੰ ਸਰੀਰ ਵਿਚੋਂ ਬਾਹਰ ਕੱਢ ਕੇ ਹੀ ਸਾਹ ਲਵੇ।
ਉਪਵਾਸ ਦੇ ਦੌਰਾਨ ਮਨੁੱਖ ਨੂੰ ਹਮੇਸ਼ਾ ਪ੍ਰਸੰਨਚਿਤ ਅਤੇ ਆਸ਼ਾਵਾਦੀ ਹੋਣਾ ਚਾਹੀਦਾ ਹੈ। ਉਸ ਦਾ ਮਨ ਸ਼ਾਂਤ ਅਤੇ ਸਥਿਰ ਹੋਣਾ ਚਾਹੀਦਾ ਹੈ। ਉਪਵਾਸ ਦੇ ਦੌਰਾਨ ਰੋਗੀ ਨੂੰ ਨਿਯਮਿਤ ਤੌਰ ’ਤੇ, ਆਪਣੀ ਸਰੀਰਿਕ ਸ਼ਕਤੀ ਅਨੁਸਾਰ, ਕਸਰਤ ਕਰਦੇ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਨਿਯਮਿਤ ਆਰਾਮ ਦੀ ਵੀ ਸਖਤ ਜ਼ਰੂਰਤ ਹੁੰਦੀ ਹੈ। ਭਾਵ ਕਿ ਨਾ ਤਾਂ ਰੋਗੀ ਮੰਜੇ ’ਤੇ ਪਿਆ ਰਹੇ ਅਤੇ ਨਾ ਸਰੀਰਕ ਕਾਰਜ ਵਿਚ ਰੁੱਝਿਆ ਰਹੇ। ਉਪਵਾਸ ਦੇ ਦੌਰਾਨ ਸਰੀਰਕ ਸ਼ਕਤੀ ਕਾਫੀ ਕਮਜ਼ੋਰ ਹੋ ਜਾਂਦੀ ਹੈ। ਇਸ ਕਰਕੇ ਉਪਵਾਸ ਖਤਮ ਕਰਨ ਵੇਲੇ ਪੂਰਾ ਆਤਮ-ਸੰਜਮ ਵਰਤਣਾ ਚਾਹੀਦਾ ਹੈ। ਸੰਜਮੀ ਮਾਤਰਾ ਵਿਚ ਫਲਾਂ ਦੇ ਰਸ, ਸਬਜ਼ੀਆਂ ਦੇ ਸੂਪ ਆਦਿ ਤੋਂ ਸ਼ੁਰੂ ਕਰ ਕੇ ਹਲਕੇ, ਆਸਾਨੀ ਨਾਲ ਪਚਣ ਵਾਲੇ ਭੋਜਨ ਅਤੇ ਅੰਤ ਵਿਚ ਅੰਨ ’ਤੇ ਆਉਣਾ ਚਾਹੀਦਾ ਹੈ। ਭੋਜਨ ਦੀ ਮਾਤਰਾ, ਹੌਲੀ-ਹੌਲੀ, ਪਾਚਨ ਸ਼ਕਤੀ ਦੇ ਵਧਣ ਦੇ ਨਾਲ-ਨਾਲ ਹੀ ਵਧਾਉਣੀ ਚਾਹੀਦੀ ਹੈ। ਸਾਵਧਾਨੀ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਪਹਿਲਾਂ ਖਾਧਾ ਹੋਇਆ ਭੋਜਨ ਪਚਣ ’ਤੇ ਹੀ ਅਗਲਾ ਭੋਜਨ ਗ੍ਰਹਿਣ ਕੀਤਾ ਜਾਵੇ।
ਨੇਚਰੋਪੈਥੀ ਵਿਚ ਉਪਵਾਸ ਰੋਗਾਂ ਦੀ ਤੀਬਰਤਾ ਦੇ ਅਨੁਸਾਰ ਰੱਖੇ ਜਾਂਦੇ ਹਨ। ਜਿਵੇਂ ਕਿ ਸਵੇਰ ਦਾ ਉਪਵਾਸ, ਸ਼ਾਮ ਦਾ ਉਪਵਾਸ, ਇੱਕ-ਆਹਾਰ ’ਤੇ ਉਪਵਾਸ, ਫਲਾਂ ’ਤੇ ਉਪਵਾਸ, ਦੁੱਧ ’ਤੇ ਉਪਵਾਸ, ਲੱਸੀ ’ਤੇ ਉਪਵਾਸ, ਪੂਰਣ-ਉਪਵਾਸ, ਹਫਤਾਵਾਰੀ-ਉਪਵਾਸ, ਲਘੂ-ਉਪਵਾਸ, ਕੜਾ-ਉਪਵਾਸ, ਟੁੱਟਿਆ-ਉਪਵਾਸ ਅਤੇ ਲੰਬਾ-ਉਪਵਾਸ। ਲਾਜ਼ਮੀ ਹੈ ਕਿ ਉਪਵਾਸ ਨੂੰ ਸ਼ੁਰੂ ਅਤੇ ਖਤਮ ਕਰਨ ਦੇ ਤਰੀਕੇ, ਉਪਵਾਸ ਦੀ ਮਿਆਦ ਅਤੇ ਕਿਸਮ, ਉਪਵਾਸ ਦੌਰਾਨ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਪਤਾ ਹੋਵੇ; ਉਪਵਾਸ ਕਾਲ ਦੇ ਦੌਰਾਨ ਅਸਥਾਈ ਤੌਰ ’ਤੇ ਆਉਣ ਵਾਲੇ ਰੋਗ-ਨਿਰਵਾਣ ਸੰਕਟਾਂ (ਹੀਲਿੰਗ ਕ੍ਰਾਇਸਿਸ) ਅਤੇ ਉਨ੍ਹਾਂ ਨਾਲ ਸਿੱਝਣ ਬਾਰੇ ਪੂਰਾ ਗਿਆਨ ਹੋਵੇ। ਇਸ ਲਈ ਉਪਵਾਸ, ਵਿਸ਼ੇਸ਼ ਤੌਰ ’ਤੇ ਲੰਬੇ ਉਪਵਾਸ, ਨੇਚਰੋਪੈਥੀ ਮਾਹਿਰਾਂ ਦੀ ਸਲਾਹ ਅਤੇ ਦੇਖ-ਰੇਖ ਵਿਚ ਹੀ ਰੱਖਣੇ ਚਾਹੀਦੇ ਹਨ। ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ — ਜਿਹੜੇ ਆਪ ਨੇਚਰੋਪੈਥੀ ਦੇ ਵੱਡੇ ਸਮਰਥਕ ਅਤੇ ਚਿਕਿਤਸਕ ਰਹੇ ਹਨ ਅਤੇ ਜਿਨ੍ਹਾਂ 1946 ਵਿਚ ਪੁਣੇ ਦੇ ਉਰਲੀ ਕੰਚਨ ਵਿਚ ਸਭ ਤੋਂ ਪਹਿਲੇ ਨੇਚਰੋਪੈਥੀ ਕੇਂਦਰ ਅਤੇ ਹਸਪਤਾਲ ਦੀ ਸਥਾਪਨਾ
ਕੀਤੀ — ਨੇ ਆਪਣੇ 79 ਸਾਲ ਦੇ ਜੀਵਨ ਕਾਲ ਵਿਚ 1341 ਦਿਨ (ਤਕਰੀਬਨ ਪੌਣੇ ਚਾਰ ਸਾਲ) ਉਪਵਾਸ ਕੀਤਾ, ਜਿਸ ਵਿਚ ਤਿੰਨ ਵਾਰ 21-21 ਦਿਨਾਂ ਦੇ ਉਪਵਾਸ ਸ਼ਾਮਿਲ ਹਨ ਅਤੇ ਜੀਵਨ ਭਰ ਤੰਦਰੁਸਤ ਰਹੇ। ਆਯੁਰਵੇਦ ਦੇ ਅਨੁਸਾਰ ‘ਲੰਘਨਮ ਪਰਮਔਸ਼ਧਮ’ ਅਰਥਾਤ ਉਪਵਾਸ ਇੱਕ ਅਜਿਹੀ ਦੁਆਈ ਹੈ ਜਿਹੜੀ ਸੰਸਾਰ ਵਿਚ ਕਿਤੇ ਨਹੀਂ ਮਿਲਦੀ। ਇਸ ਨਾਲ ਸਰੀਰ ’ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਅਤੇ ਖੂਨ ਸਾਫ ਹੁੰਦਾ ਹੈ, ਜਿਸ ਦੇ ਸਿੱਟੇ ਵਜੋਂ ਭਿਆਨਕ ਤੋਂ ਭਿਆਨਕ ਰੋਗ ਵੀ ਠੀਕ ਹੋ ਜਾਂਦੇ ਹਨ ਅਤੇ ਲੰਬੀ ਉਮਰ ਦੀ ਪ੍ਰਾਪਤੀ ਹੁੰਦੀ ਹੈ।

ਸੰਪਰਕ: 98147-11605

ਉਪਵਾਸ ਬਾਰੇ ਕੁਝ ਵਚਨ

 

“ਬਿਮਾਰੀ ਦੇ ਦੌਰਾਨ ਭੋਜਨ ਕਰਨਾ, ਬਿਮਾਰੀ ਨੂੰ ਖੁਰਾਕ ਦੇਣ ਦੇ ਸਮਾਨ ਹੈ।”
– ਹਿੱਪੋਕ੍ਰੇਟਸ, ਆਧੁਨਿਕ ਚਿਕਿਤਸਾ ਵਿਗਿਆਨ ਦਾ ਪਿਤਾ
“ਉਪਵਾਸ ਸਭ ਤੋਂ ਮਹਾਨ ਇਲਾਜ ਹੈ — ਆਪਣੇ ਅੰਦਰ ਮੌਜੂਦ ਡਾਕਟਰ”
– ਪੈਰਾਸੇਲਸਸ, ਆਧੁਨਿਕ ਚਿਕਿਤਸਾ ਵਿਗਿਆਨ ਦਾ ਪਿਤਾ 
“ਮੈਂ ਆਪਣੀ ਸਰੀਰਿਕ ਅਤੇ ਮਾਨਸਿਕ ਨਿਪੁੰਨਤਾ ਨੂੰ ਵਧਾਉਣ ਲਈ ਉਪਵਾਸ ਕਰਦਾ ਹਾਂ।”
ਪਲੇਟੋ, ਮਹਾਨ ਦਾਰਸ਼ਨਿਕ 
“ਸਭ ਤੋਂ ਉੱਤਮ ਦੁਆਈ ਆਰਾਮ ਅਤੇ ਉਪਵਾਸ ਹੈ।”
– ਬੈਂਜਾਮਿਨ ਫ਼ਰੈਂਕਲਿਨ, ਮਹਾਨ ਵਿਗਿਆਨੀ, ਖੋਜੀ ਅਤੇ ਲੇਖਕ
“ਇੱਕ ਸੱਚਾ ਉਪਵਾਸ ਸਰੀਰ, ਮਨ ਅਤੇ ਆਤਮਾ ਨੂੰ ਸ਼ੁੱਧ ਕਰਦਾ ਹੈ।”
– ਮਹਾਤਮਾ ਗਾਂਧੀ, ਰਾਸ਼ਟਰਪਿਤਾ

Comments Off on ਮਨੁੱਖੀ ਸਰੀਰ ਦਾ ਨਵੀਨੀਕਰਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.