ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਭੁੱਲੇ ਵਿਸਰੇ ਸ਼ਹੀਦ

Posted On May - 15 - 2019

ਸ਼ਹੀਦ ਲਾਭ ਸਿੰਘ, ਸ਼ਹੀਦ ਸਾਧੂ ਸਿੰਘ ਤੇ ਸ਼ਹੀਦ ਭਾਨ ਸਿੰਘ। (ਸਸਕਾਰ ਕਰਨ ਤੋਂ ਪਹਿਲਾਂ ਮ੍ਰਿਤਕ ਸਰੀਰ ਕੁਰਸੀਆਂ ’ਤੇ)

ਚਰੰਜੀ ਲਾਲ ਕੰਗਣੀਵਾਲ
ਬੱਬਰ ਅਕਾਲੀ ਲਹਿਰ ਦੇ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਫੈਸਲੇ ਤੋਂ ਪਿੱਛੋਂ ਅੰਗਰੇਜ਼ੀ ਸਰਕਾਰ ਨੂੰ ਲੱਗਾ ਸੀ ਕਿ ਉਸ ਨੇ ਬੱਬਰ ਅਕਾਲੀ ਲਹਿਰ ਦਾ ਖਾਤਮਾ ਕਰ ਦਿੱਤਾ ਹੈ ਪਰ ਇਸ ਹਥਿਆਰਬੰਦ ਲਹਿਰ ਨੇ ਆਜ਼ਾਦੀ ਦੀ ਪ੍ਰਾਪਤੀ ਤੱਕ ਸਮੇਂ-ਸਮੇਂ ਬਦਲਵੇਂ ਰੂਪਾਂ ਵਿਚ ਆਜ਼ਾਦੀ ਸੰਗਰਾਮ ਵਿਚ ਵਿਲੱਖਣ ਕਾਰਨਾਮੇ ਕੀਤੇ। ਇਨ੍ਹਾਂ ਕਾਰਨਾਮਿਆਂ ਦੇ ਨਾਇਕ ਸ਼ਹੀਦ ਧੰਨਾ ਸਿੰਘ ਬਹਿਬਲਪੁਰ, ਸ਼ਹੀਦ ਰਤਨ ਸਿੰਘ ਰੱਕੜ, ਵਰਿਆਮ ਸਿੰਘ ਧੁੱਗਾ ਅਤੇ ਸ਼ਹੀਦ ਸਾਧੂ ਸਿੰਘ ਸਾਂਧਰਾ ਸਨ, ਜਿਨ੍ਹਾਂ ਮੌਤ ਨਾਲ ਹਠਖੇਲੀਆਂ ਕਰਕੇ ਅੰਗਰੇਜ਼ ਅਧਿਕਾਰੀਆਂ ਦੇ ਸਾਹ ਸੂਤ ਲਏ ਸਨ। ਇਨ੍ਹਾਂ ’ਚੋਂ ਹੀ ਸਾਧੂ ਸਿੰਘ ਸਾਂਧਰਾ, ਲਾਭ ਸਿੰਘ ਅਤੇ ਭਾਨ ਸਿੰਘ ਰੰਧਾਵਾ ਨੂੰ 16 ਮਈ ਨੂੰ ਜਲੰਧਰ ਜੇਲ੍ਹ ਵਿਚ ਫਾਂਸੀ ਲਾ ਕੇ ਇਕੱਠਿਆਂ ਨੂੰ ਸ਼ਹੀਦ ਕੀਤਾ ਗਿਆ ਸੀ।
ਸੰਨ 1927 ਤੱਕ ਅੰਗਰੇਜ਼ੀ ਸਰਕਾਰ ਨੇ 12 ਬੱਬਰ ਅਕਾਲੀ ਦੇਸ਼ ਭਗਤਾਂ ਨੂੰ ਫਾਂਸੀ ਲਾ ਦਿੱਤਾ ਸੀ, ਅੱਠ ਪੁਲੀਸ ਤੇ ਫੌ਼ਜ ਦਾ ਮੁਕਾਬਲਾ ਕਰਦੇ ਸ਼ਹੀਦ ਹੋ ਚੁੱਕੇ ਸਨ ਅਤੇ ਬਾਕੀ ਸਾਰੇ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿਚ ਰੱਖ ਕੇ ਸਰਕਾਰ ਨੇ ਲਹਿਰ ਨੂੰ ਕੁਚਲਣ ਦਾ ਭਰਮ ਪਾਲ ਲਿਆ ਸੀ। ਇਸੇ ਭਰਮ ਜਾਲ ਕਰਕੇ ਦੁਆਬੇ ਵਿਚ ਗ਼ਦਾਰ ਤੇ ਅੰਗਰੇਜ਼ ਝੋਲੀਚੁੱਕ ਭੂਸਰ ਗਏ ਤੇ ਉਨ੍ਹਾਂ ਨੇ ਬੱਬਰ ਦੇਸ਼ ਭਗਤਾਂ ਦੇ ਪਰਿਵਾਰਾਂ ’ਤੇ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ।
19 ਜਨਵਰੀ 1926 ਨੂੰ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਫੈਸਲੇ ਵਿਚ ਉਮਰਕੈਦੀ ਸਾਧੂ ਸਿੰਘ ਪਿੰਡ ਸਾਂਧਰਾ, ਭਾਨ ਸਿੰਘ ਤੇ ਲਾਭ ਸਿੰਘ ਪਿੰਡ ਰੰਧਾਵਾ ਮਸੰਦਾਂ (ਜਲੰਧਰ) ਨੂੰ ਹਾਈਕੋਰਟ ਨੇ ਬਰੀ ਕਰ ਦਿੱਤਾ ਸੀ। ਬੱਬਰ ਭਾਨ ਸਿੰਘ ਪੁੱਤਰ ਹੁਕਮ ਸਿੰਘ ਪਿੰਡ ਰੰਧਾਵਾ ਮਸੰਦਾਂ ਦੇਸ਼ ਤੇ ਕੌਮੀ ਪਿਆਰ ਹੋਣ ਕਰਕੇ ਬੱਬਰ ਅਕਾਲੀ ਲਹਿਰ ਵਿਚ ਸ਼ਾਮਲ ਹੋ ਗਿਆ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਅਪੀਲ ਵਿਚ ਬਰੀ ਹੋ ਗਿਆ ਸੀ। ਇਸੇ ਪਿੰਡ ਦੇ ਲਾਭ ਸਿੰਘ ਪੁੱਤਰ ਗੁਜਰ ਸਿੰਘ ਨੇ ਵੀ ਬੱਬਰ ਅਕਾਲੀ ਲਹਿਰ ਵਿਚ ਸ਼ਾਮਲ ਹੋ ਕੇ ਸਰਗਰਮ ਹਿੱਸਾ ਲਿਆ ਸੀ।
ਬਰੀ ਹੋ ਕੇ ਸਾਧੂ ਸਿੰਘ ਆਪਣੇ ਪਿੰਡ ਸਾਂਧਰਾ (ਹੁਸ਼ਿਆਰਪੁਰ) ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਕਡਿਆਣਾ (ਨੇੜੇ ਸ਼ਾਮਚੁਰਾਸੀ) ਦੇ ਦਸ ਨੰਬਰੀਏ ਜਗਤੇ ਨੇ ਉਮਰ ਕੈਦ ਭੁਗਤ ਰਹੇ ਬੱਬਰ ਸੁਰੈਣ ਸਿੰਘ ਪਿੰਡ ਦੌਲਤਪੁਰ ਦੀ ਪਤਨੀ ਮਹਾਂ ਕੌਰ ਨੂੰ ਉਧਾਲ ਕੇ ਘਰ ਵਸਾ ਲਿਆ ਸੀ, ਸ਼ਹੀਦ ਬੰਤਾ ਸਿੰਘ ਧਾਮੀਆਂ ਦੀ ਵਿਧਵਾ ਕਰਮ ਕੌਰ ਨੂੰ ਉਧਾਲ ਕੇ ਬਦਮਾਸ਼ ਸੁੱਚਾ ਸਿੰਘ ਸੰਧਰਾਂ ਵਾਲੇ ਦੇ ਵਸਾ ਦਿੱਤਾ ਸੀ। ਉਸ ਨੇ ਇਲਾਕੇ ਵਿਚ ਮਨ-ਮਰਜ਼ੀਆਂ ਕਰਨ ਲਈ ਜਵਾਲਾ ਸਿੰਘ ਕਾਠੇ ਅਧਿਕਾਰੇ, ਸੁੱਚਾ ਸਿੰਘ ਤੇ ਜੀਵਨ ਸਿੰਘ ਕਡਿਆਣਾ ਜਿਹੇ ਜ਼ਰਾਇਮ ਪੇਸ਼ਾਵਰਾਂ ਨੂੰ ਨਾਲ ਗੰਢ ਲਿਆ ਸੀ।
ਸਾਧੂ ਸਿੰਘ ਨੇ ਜਗਤੇ ਨੂੰ ਕੁਕਰਮਾਂ ਤੋਂ ਬਾਜ਼ ਆਉਣ ਲਈ ਜੇਲ੍ਹ ’ਚੋਂ ਸੁਨੇਹੇ ਭੇਜੇ ਸਨ ਪਰ ਉਸ ’ਤੇ ਪੁਲੀਸ ਤੇ ਅੰਗਰੇਜ਼ ਝੋਲੀ-ਚੁੱਕਾਂ ਦੀ ਹਮਾਇਤ ਦਾ ਭੂਤ ਸਵਾਰ ਸੀ। ਅਜਿਹੀ ਅੱਤਿਆਚਾਰੀ ਤੇ ਦੁਖਦਾਈ ਹਾਲਤ ਨੂੰ ਦੇਖ ਕੇ ਸਾਧੂ ਸਿੰਘ ਦਾ ਖੂਨ ਉਬਾਲੇ ਖਾਣ ਲੱਗ ਪਿਆ। ਉਹ ਰੰਧਾਵੇ ਮਸੰਦੀਂ ਆਇਆ ਅਤੇ ਭਾਨ ਸਿੰਘ ਤੇ ਲਾਭ ਨਾਲ ਸਲਾਹ ਕਰਕੇ ਦੁਸ਼ਟਾਂ ਨੂੰ ਸਖ਼ਤ ਸਜ਼ਾ ਦੇਣ ਦੀ ਯੋਜਨਾ ਬਣਾਈ। ਅਗਲੇ ਦਿਨ ਮੂੰਹ-ਹਨੇਰੇ ਤਿੰਨੋਂ ਕਡਿਆਣੇ ਪੁੱਜ ਗਏ ਤੇ ਜਗਤੇ ਨੂੰ ਘਰੋਂ ਬਾਹਰ ਲਿਆ ਕੇ ਉਸ ਦੀ ਲਾਸ਼ ਦੇ ਟੁੱਕੜੇ ਕਰ ਦਿੱਤੇ। ਲਾਸ਼ ਦੇ ਟੁੱਕੜਿਆਂ ਦੁਆਲੇ ਸੋਹਣ ਸਿੰਘ ਗ੍ਰੰਥੀ ਨੇ ਧਮਾਲ ਪਾਉਂਦਿਆਂ ਗਾਇਆ ਸੀ:
ਦੀਵਾ ਬੁੱਝ ਜਾਵੇ ਫੂਕ ਮਾਰਿਆਂ ’ਤੇ,
ਮਚੀ ਅੱਗ ਨੂੰ ਕੌਣ ਬੁਝਾਉਣ ਵਾਲਾ।
ਪੰਜਰੇ ਪਾ ਕੇ ਦੇਸ਼ ਦੇ ਆਸ਼ਕਾਂ ਨੂੰ,
ਸਾਡੇ ਜੋਸ਼ ਨੂੰ ਕੌਣ ਮਿਟਾਉਣ ਵਾਲਾ।
ਇਸ ਪਿਛੋਂ ਸਾਂਧਰਾਂ ਦੇ ਸੁੱਚੇ, ਕਡਿਆਣੇ ਦੇ ਲੰਬੜਦਾਰ ਜੀਵਨ ਸਿੰਘ, ਮਹਾਂ ਕੌਰ, ਕਰਮ ਕੌਰ ਅਤੇ ਇਨ੍ਹਾਂ ਨੂੰ ਉਧਾਲਣ ਵਿਚ ਮਦਦ ਕਰਨ ਵਾਲੀ ਸ਼ੇਖ਼ਰੀ ਨੂੰ ਗੋਲੀਆਂ ਮਾਰ ਕੇ ਖ਼ਤਮ ਕਰਕੇ ਤਿੰਨੋਂ ਰੂਹ-ਪੋਸ਼ ਹੋ ਗਏ। ਸਾਧੂ ਸਿੰਘ ਸਾਂਧਰਾ ਨੇ ਸੂਸਾਂ ਦੇ ਮਹਿੰਗਾ ਸਿੰਘ ਤੇ ਬਿਸ਼ਨੇ ਦੀ ਮਦਦ ਨਾਲ ਇਲਾਕੇ ਦੇ ਬਦਨਾਮ ਅੰਗਰੇਜ਼ ਝੋਲੀਚੁੱਕਾਂ ਦੇ ਸਰਗਨੇ ਪਿੰਡ ਕਾਠੇ ਅਧਿਕਾਰੇ ਦੇ ਜਵਾਲਾ ਸਿੰਘ ਨੂੰ ਵੀ ਗੋਲੀਆਂ ਮਾਰ ਕੇ ਪਾਰ ਕਰ ਦਿੱਤਾ ਸੀ, ਜਿਸ ਨੇ ਹਰਿਆਣਾ ਥਾਣੇ ਦੇ ਆਗਾ ਖ਼ਾਂ ਥਾਣੇਦਾਰ ਰਾਹੀਂ ਸਾਧੂ ਸਿੰਘ ਅਤੇ ਉਸ ਦੇ ਵੱਡੇ ਭਰਾ ਕਿਸ਼ਨ ਸਿੰਘ ਨੂੰ ਝੂਠੇ ਕੇਸ ਵਿੱਚ ਸਜ਼ਾ ਦੁਆਈ ਸੀ। ਕਿਸ਼ਨ ਸਿੰਘ ਸਜ਼ਾ ਭੁਗਤ ਰਿਹਾ ਸੀ। ਇਕੋ ਦਿਨ ਕੀਤੇ ਗਏ ਛੇ ਕਤਲਾਂ ਨਾਲ ਸਰਕਾਰੀ ਹਲਕਿਆਂ ਵਿਚ ਮਾਤਮ ਛਾ ਗਿਆ ਅਤੇ ਦੇਸ਼ ਭਗਤ ਹਲਕਿਆਂ ਵਿਚ ਨਵੀਂ ਆਸ ਦੀ ਕਿਰਨ ਦਿਖਾਈ ਦੇਣ ਲੱਗ ਪਈ ਸੀ। ਉਨ੍ਹਾਂ ਦੀ ਵਿਸ਼ਵਾਸਘਾਤੀ ਧੰਨਾ ਸਿੰਘ ਕੋਟਲੀ ਬਾਵਾਦਾਸ ਨੂੰ ਸੋਧਣ ਦੀ ਖਾਹਿਸ਼ ਪੂਰੀ ਨਾ ਹੋ ਸਕੀ, ਕਿਉਂਕਿ ਉਹ ਸਾਧੂ ਸਿੰਘ ਦੀ ਰਿਹਾਈ ਬਾਰੇ ਸੁਣ ਕੇ ਪਹਿਲਾਂ ਹੀ ਯੂ.ਪੀ. ਵੱਲ ਨਿਕਲ ਗਿਆ ਸੀ। ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਇਨ੍ਹਾਂ ਇਨਕਲਾਬੀਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਨਵੇਂ ਸਿਰਿਓਂ ਬੱਬਰ ਅਕਾਲੀ ਜਥਾ ਬਣਾ ਲਿਆ ਹੈੇ।
ਭੱਜ-ਦੌੜ ਵਿੱਚ ਰਾਤ ਵੇਲੇ ਸਫ਼ਰ ਕਰਦਿਆਂ ਸਾਧੂ ਸਿੰਘ ਦੇ ਪੈਰ ’ਤੇ ਸੱਪ ਲੜ ਗਿਆ ਤਾਂ ਦਲੇਰੀ ਨਾਲ ਸਾਧੂ ਸਿੰਘ ਨੇ ਆਪਣੇ ਚਾਕੂ ਨਾਲ ਡੰਗ ਵਾਲੀ ਜਗ੍ਹਾ ਤੋਂ ਮਾਸ ਦੀ ਚਾਕਲੀ ਕੱਟ ਕੇ ਜ਼ਹਿਰ ਚੜ੍ਹਨੋਂ ਰੋਕ ਤਾਂ ਲਿਆ ਪਰ ਪੈਰ ਦਾ ਜ਼ਖ਼ਮ ਭਰ ਗਿਆ ਸੀ। ਇਨ੍ਹਾਂ ਦੀ ਗ੍ਰਿਫ਼ਤਾਰੀ ਦਾ ਐਲਾਨ ਕਰਕੇ ਪੁਲੀਸ ਹਰਲ ਹਰਲ ਫਿਰਦੀ ਪਿੱਛਾ ਕਰ ਰਹੀ ਸੀ। ਬਚਾਅ ਲਈ ਤਿੰਨੋਂ ਭਾਨ ਸਿੰਘ ਦੇ ਭਣੋਈਏ ਭੋਲਾ ਸਿੰਘ ਕੋਲ ਮਿੰਟਗੁੰਮਰੀ ਚਲੇ ਗਏ। ਉਹ ਸੱਪ ਦੇ ਡੰਗੇ ਦਾ ਇਲਾਜ ਵੀ ਜਾਣਦਾ ਸੀ। ਸਾਧੂ ਸਿੰਘ ਦੀ ਗ੍ਰਿਫ਼ਤਾਰੀ ਲਈ ਸਰਕਾਰ ਵੱਲੋਂ ਮੁਰੱਬਾ ਤੇ ਪੰਦਰਾਂ ਸੌ ਰੁਪਏ ਦਾ ਇਨਾਮ ਦੇ ਕੀਤੇ ਗਏ ਐਲਾਨ ਨੂੰ ਸੁਣ ਕੇ ਭੋਲਾ ਸਿੰਘ ਬੇਈਮਾਨ ਹੋ ਗਿਆ ਤੇ ਉਸ ਨੇ ਸਾਧੂ ਸਿੰਘ ਨੂੰ ਗ੍ਰਿਫ਼ਤਾਰ ਕਰਾਉਣ ਦੀ ਜੁਗਤ ਬਣਾਈ। 23 ਜੂਨ, 1930 ਨੂੰ ਪੁਲੀਸ ਨੇ ਗਿਆਨੀ ਸੋਹਣ ਸਿੰਘ ਨੂੰ ਕਡਿਆਣੇ ਤੋਂ ਗ੍ਰਿਫ਼ਤਾਰ ਕਰ ਲਿਆ ਤੇ ਉਸ ਨੇ ਭੇਤ ਪੁਲੀਸ ਨੂੰ ਦੇ ਦਿੱਤਾ।
ਲਾਭ ਸਿੰਘ ਤੇ ਭਾਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਭੋਲਾ ਸਿੰਘ ਦੀ ਬੇਈਮਾਨੀ ਨੇ ਸਾਧੂ ਸਿੰਘ ਸਾਂਧਰਾ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ‘ਸਾਧੂ ਸਿੰਘ ਬਨਾਮ ਕਿੰਗ ਐਂਪਰਰ’ ਦੇ ਨਾਂ ਹੇਠ 1930 ਨੂੰ ਹੁਸ਼ਿਆਰਪੁਰ ਦੀ ਸੈਸ਼ਨ ਕੋਰਟ ਵਿਚ ਮੁਕੱਦਮਾ ਸ਼ੁਰੂ ਹੋਇਆ ਅਤੇ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ। 16 ਮਈ ਫਾਂਸੀ ਤੋਂ ਇੱਕ ਦਿਨ ਪਹਿਲਾਂ ਜਲੰਧਰ ਦੀ ਜੇਲ੍ਹ ਵਿੱਚ ਦੇਖਣ ਵਾਲੇ ਅਤੇ ਮੁਲਾਕਾਤ ਨੂੰ ਗਈ ਸਾਧੂ ਸਿੰਘ ਦੀ ਵੱਡੀ ਭਰਜਾਈ ਭਾਗੋ ਤੇ ਵੱਡਾ ਭਤੀਜਾ ਜਗਤ ਸਿੰਘ ਦੇ ਲੇਖਕ ਨੂੰ ਦੱਸਣ ਅਨੁਸਾਰ, ‘‘ਸਾਧੂ ਸਿੰਘ ਨੂੰ ਫਾਂਸੀ ਲੱਗਣ ਦਾ ਰਤਾ ਵੀ ਖੌਫ਼ ਨਹੀਂ ਸੀ, ਉਹਦਾ ਚਿਹਰਾ ਦੱਗ ਦੱਗ ਕਰਦਾ ਸੀ। ਦਰੋਗੇ ਨੇ ਸਾਨੂੰ ਕਿਹਾ ਕਿ ਇਹ ਕੱਲ੍ਹ ਤੋਂ ਬਾਅਦ ਤੁਹਾਨੂੰ ਨਹੀਂ ਮਿਲਣਾ, ਖੁੱਲ੍ਹਾ ਸਮਾਂ ਮੁਲਾਕਾਤ ਕਰ ਲਓ। ਚਾਚਾ ਨੂੰ ਇਕੋ ਪਛਤਾਵਾ ਸੀ ਕਿ ਉਹ ਆਪਣੇ ਸਾਥੀਆਂ ਧੰਨਾ ਸਿੰਘ ਬਹਿਬਲਪੁਰ, ਵਰਿਆਮ ਸਿੰਘ ਧੁੱਗਾ, ਬੰਤਾ ਸਿੰਘ ਧਾਮੀਆਂ ਵਾਂਗ ਮੈਦਾਨ-ਏ—ਜੰਗ ਵਿਚ ਦੁਸ਼ਮਣਾਂ ਨਾਲ ਦੋ-ਦੋ ਹੱਥ ਕਰਕੇ ਸ਼ਹੀਦ ਹੋਣਾ ਚਾਹੁੰਦਾ ਸੀ। ਸਾਡੀ ਮਾਂ ਨੇ ਚਾਚੇ ਨੂੰ ਕਿਹਾ ਕਿ ਲਾਸ਼ ਅਸੀਂ ਪਿੰਡ ਲੈ ਜਾਣੀ ਹੈ ਤਾਂ ਉਹਨੇ ਜਵਾਬ ਦਿੱਤਾ ਕਿ ਉਸ ਦਾ ਸਸਕਾਰ ਸ਼ਹੀਦ ਸਾਥੀਆਂ ਨਾਲ ਰੰਧਾਵਾ ਮਸੰਦਾਂ ਵਿਚ ਹੀ ਕੀਤਾ ਜਾਵੇ।’’
ਅਗਲੇ ਦਿਨ ਸਵੇਰੇ ਹੀ ਜਲੰਧਰ ਦੀ ਜੇਲ੍ਹ ਵਿਚ ਭਾਨ ਸਿੰਘ, ਲਾਭ ਸਿੰਘ ਅਤੇ ਸਾਧੂ ਸਿੰਘ ਨੂੰ ਫਾਂਸੀ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ। ਤਿੰਨਾਂ ਦੀਆਂ ਲਾਸ਼ਾਂ ਗੱਡੇ ’ਤੇ ਲੱਦ ਕੇ ਰੰਧਾਵਾ ਮਸੰਦਾਂ ਲਿਆਂਦੀਆਂ ਗਈਆਂ ਤੇ ਇਕੱਠਿਆਂ ਦਾ ਸਸਕਾਰ ਕੀਤਾ ਗਿਆ।
-ਸੰਪਰਕ: 97806-02066


Comments Off on ਭੁੱਲੇ ਵਿਸਰੇ ਸ਼ਹੀਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.