ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਭਾਰਤ ਦੀ ਝੋਲੀ ਸੋਨ ਤਗਮਾ ਪਾਉਣ ਵਾਲਾ ਮੁੱਕੇਬਾਜ਼ ਅਮਿਤ ਪੰਘਾਲ

Posted On May - 25 - 2019

ਮਨਦੀਪ ਸਿੰਘ ਸੁਨਾਮ
‘ਹਾਸ਼ਮ ਫਤਹਿ ਨਸੀਬ ਉਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ’। ਇਸ ਸੰਸਾਰ ਵਿਚ ਮਿਹਨਤ ਅਤੇ ਲਗਨ ਦੇ ਨਾਲ ਹਰ ਚੀਜ਼ ਸੰਭਵ ਹੈ, ਬਸ ਲੋੜ ਹੈ ਕਿ ਉਸ ਮੁਕਾਮ ਨੂੰ ਹਾਸਲ ਕਰਨ ਲਈ ਇੱਛਾਸ਼ਕਤੀ ਮਜ਼ਬੂਤ ਹੋਵੇ। ਆਪਣੇ-ਆਪ ਨੂੰ ਕਿਸਮਤ ਦੇ ਆਸਰੇ ਨਾ ਛੱਡ ਕੇ ਮਿਥੇ ਟੀਚੇ ਦੀ ਪ੍ਰਾਪਤੀ ਲਈ ਲਹੂ ਪਸੀਨਾ ਇੱਕ ਕਰਨ ਵਾਲੇ ਦੁਨੀਆਂ ਵਿਚ ਕੁਝ ਕਰ ਗੁਜ਼ਰਦੇ ਹਨ। ਅਜਿਹਾ ਕਰਨ ਵਾਲੇ ਭਾਵੇਂ ਵਿਰਲੇ ਹੁੰਦੇ ਹਨ ਪਰ ਮਿਹਨਤ ਨਾਲ ਮੁਕਾਮ ਹਾਸਲ ਕਰਨ ਵਾਲਿਆਂ ਨੂੰ ਦੁਨੀਆਂ ਲੰਬਾ ਸਮਾਂ ਯਾਦ ਰਖਦੀ ਹੈ। ਅਜਿਹਾ ਹੀ ਭਾਰਤ ਦਾ ਇਕ ਨੌਜਵਾਨ ਮੁੱਕੇਬਾਜ਼ ਹੈ ਜਿਸ ਨੇ ਥੋੜ੍ਹੇ ਸਮੇਂ ਵਿਚ ਹੀ ਆਪਣੇ-ਆਪ ਨੂੰ ਉਸ ਸਥਾਨ ’ਤੇ ਲਿਆ ਕੇ ਖੜ੍ਹਾ ਕਰ ਲਿਆ ਹੈ, ਜਿੱਥੇ ਪਹੁੰਚਣ ਲਈ ਹਰ ਖਿਡਾਰੀ ਦਾ ਸੁਫਨਾ ਹੁੰਦਾ ਹੈ। ਭਾਰਤੀ ਮੁੱਕੇਬਾਜ਼ੀ ਜਿੱਥੇ ਅੱਜ ਦੁਨੀਆਂ ਵਿਚ ਆਪਣੀ ਵੱਖਰੀ ਪਛਾਣ ਬਣਾ ਰਹੀ ਹੈ, ਉਥੇ ਮੁਲਕ ਦੇ ਮੁੱਕੇਬਾਜ਼ ਦਿਨ ਰਾਤ ਇਸ ਰੁਤਬੇ ਨੂੰ ਇਕ ਵੱਖਰੇ ਮੁਕਾਮ ’ਤੇ ਪਹੁੰਚਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਇਹੋ ਜਿਹਾ ਮੁੱਕੇਬਾਜ਼ ਹੈ ਹਰਿਆਣਾ ਦੀ ਧਰਤੀ ’ਤੇ ਪੈਦਾ ਹੋਇਆ ਅਮਿਤ ਪੰਘਾਲ। ਉਹ 16 ਅਕਤੂਬਰ 1995 ਨੂੰ ਜ਼ਿਲ੍ਹਾ ਰੋਹਤਕ ਦੇ ਪਿੰਡ ਮਾਇਨਾ ਵਿਚ ਪਿਤਾ ਚੌਧਰੀ ਵਿਜੇਂਦਰ ਸਿੰਘ ਪੰਘਾਲ ਦੇ ਘਰ ਜਨਮਿਆ।
ਅਮਿਤ ਦਾ ਵੱਡਾ ਭਰਾ ਅਜੇ ਪੰਘਾਲ, ਜੋ ਕਿ ਖ਼ੁਦ ਰਾਸ਼ਟਰੀ ਪੱਧਰ ਦਾ ਮੁੱਕੇਬਾਜ਼ ਰਿਹਾ ਹੈ ਅਤੇ ਭਾਰਤੀ ਫ਼ੌਜ ਵਿਚ ਨੌਕਰੀ ਕਰਦਾ ਹੈ। ਉਸ ਨੇ ਸਾਲ 2007 ਵਿਚ ਅਮਿਤ ਨੂੰ ਸਰ ਛੋਟੂ ਰਾਮ ਬਾਕਸਿੰਗ ਅਕੈਡਮੀ ਜੁਆਈਨ ਕਰਵਾ ਦਿੱਤੀ। ਇਸ ਤੋਂ ਬਾਅਦ ਉਹ ਆਪਣੀ ਮਿਹਨਤ ਨਾਲ ਇਸ ਮੁਕਾਮ ’ਤੇ ਪਹੁੰਚਣ ਵਿੱਚ ਸਫ਼ਲ ਰਿਹਾ। ਅਮਿਤ ਇਸ ਸਮੇਂ ਭਾਰਤੀ ਫ਼ੌਜ ਵਿੱਚ ਜੇ.ਸੀ.ਓ ਦੀਆਂ ਸੇਵਾਵਾਂ ਨਿਭਾ ਰਿਹਾ ਹੈ। ਉਸ ਨੇ ਆਪਣਾ ਪਹਿਲੀ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਮੁਕਾਬਲਾ 2017 ਵਿਚ ਸੋਨ ਤਗਮਾ ਹਾਸਲ ਕੀਤਾ ਅਤੇ ਇਸੇ ਸਾਲ ਉਸ ਨੇ ਲਾਈਟ ਫਲਾਈ ਭਾਰ ਵਰਗ ਵਿਚ ਖੇਡਦਿਆਂ ਏਸ਼ਿਆਈ ਮੁੱਕੇਬਾਜ਼ੀ ਮੁਕਾਬਲੇ ਵਿਚ ਤਾਂਬੇ ਦਾ ਤਗਮਾ ਹਾਸਲ ਕੀਤਾ। ਸਾਲ 2018 ਵਿਚ ਪੰਘਾਲ ਨੇ ਸੋਫੀਆ ਵਿਚ ਹੋਏ ਸਟਰਾਂਡਜਾ ਕੱਪ ਵਿਚ ਸੋਨ ਤਗਮਾ ਜਿੱਤਿਆ। ਸਾਲ 2018 ਦੀਆਂ ਕਾਮਨਵੈਲਥ ਖੇਡਾਂ ਵਿਚ ਵੀ ਅਮਿਤ ਨੇ ਸਿਲਵਰ ਮੈਡਲ ਭਾਰਤ ਦੀ ਝੋਲੀ ਪਾਇਆ। ਇਸ ਤੋਂ ਬਾਅਦ ਅਮਿਤ ਦਾ ਜਲਵਾ ਰਿੰਗ ਵਿਚ ਉਦੋਂ ਦੇਖਣ ਨੂੰ ਮਿਲਿਆ ਜਦੋਂ 2018 ਦੀਆਂ ਏਸ਼ੀਅਨ ਖੇਡਾਂ (ਜਕਾਰਤਾ) ਵਿਚ ਆਪਣੀ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ, ਉਸ ਨੇ ਉਜਬੇਕਿਸਤਾਨ ਦੇ ਓਲੰਪਿਕ ਚੈਂਪੀਅਨ ਮੁੱਕੇਬਾਜ਼ ਹਸਾਨਬਾਏ ਦਸਮਤੋਵ ਨੂੰ ਹਰਾ ਕੇ ਏਸ਼ੀਅਨ ਖੇਡਾਂ ਦਾ ਸੋਨ ਤਗਮਾ ਆਪਣੇ ਨਾਮ ਕੀਤਾ ਅਤੇ ਵਿਸ਼ਵ ਮੁੱਕੇਬਾਜ਼ੀ ਵਿਚ ਤਹਿਲਕਾ ਮਚਾ ਦਿੱਤਾ। ਹੁਣ ਜਦੋਂ ਓਲੰਪਿਕ ਖੇਡਾਂ-2020 ਵਿਚ 49 ਕਿਲੋ ਭਾਰ ਵਰਗ ਨਾ ਹੋਣ ਕਰਕੇ ਅਮਿਤ ਨੂੰ ਆਪਣਾ ਭਾਰ ਵਰਗ 52 ਕਿਲੋਗ੍ਰਾਮ ਕਰਨਾ ਪਿਆ ਅਤੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਉਸ ਲਈ ਇਸ ਭਾਰ ਵਰਗ ਵਿਚ ਖੇਡਣਾ ਇਕ ਨਵੀਂ ਚੁਣੌਤੀ ਸੀ ਪਰ ਇੱਥੇ ਵੀ ਅਮਿਤ ਦੇ ਮੁੱਕਿਆਂ ਦਾ ਦਮ ਏਸ਼ਿਆਈ ਮੁੱਕੇਬਾਜ਼ਾਂ ਉੱਤੇ ਭਾਰੂ ਰਿਹਾ। ਇਸ ਮੁਕਾਬਲੇ ਵਿਚ ਉਸ ਨੇ ਆਪਣੇ ਪੁਰਾਣੇ ਮੁਕਾਬਲੇ ਦੇ ਖਿਡਾਰੀ ਓਲੰਪਿਕ ਚੈਂਪੀਅਨ ਹਸਨਬਾਏ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਅਤੇ ਫਾਈਨਲ ਵਿਚ ਉਸ ਨੇ ਕੋਰੀਆ ਦੇ ਕਿੰਮ ਇਕਕਿਊ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਅਤੇ ਇਹ ਸਾਬਿਤ ਕੀਤਾ ਕਿ ਉਹ ਓਲੰਪਿਕ ਤਗਮੇ ਦਾ ਅਸਲ ਦਾਅਵੇਦਾਰ ਹੈ। ਇਹ ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਦੌਰਾਨ ਅਮਿਤ ਨੂੰ ਬੁਖਾਰ ਨੇ ਘੇਰ ਲਿਆ ਸੀ ਪਰ ਆਪਣੇ ਹੌਸਲੇ ਦੇ ਬਲਬੂਤੇ ਉਸ ਨੇ ਆਪਣੇ-ਆਪ ਨੂੰ ਸਾਬਿਤ ਕੀਤਾ ਤੇ ਭਾਰਤ ਦਾ ਨਾਮ ਰੌਸ਼ਨ ਕੀਤਾ। ਭਾਰਤ ਦੇਸ਼ ਦੇ ਸਮੂਹ ਖੇਡ ਪ੍ਰੇਮੀ ਹੁਣ ਅਮਿਤ ਤੋਂ ਟੋਕੀਓ ਓਲੰਪਿਕ ਖੇਡਾਂ (2020) ਵਿਚ ਸੋਨ ਤਗਮੇ ਦੀ ਆਸ ਲਗਾਈ ਬੈਠੇ ਹਨ। ਸਮੂਹ ਦੇਸ਼ ਵਾਸੀਆਂ ਦੀਆਂ ਇਹੋ ਸ਼ੁਭਕਾਮਨਾਵਾਂ ਹਨ ਕਿ ਅਮਿਤ ਭਾਰਤ ਦਾ ਝੰਡਾ ਆਉਣ ਵਾਲੀਆਂ ਓਲੰਪਿਕ ਖੇਡਾਂ ਵਿਚ ਜ਼ਰੂਰ ਬੁਲੰਦ ਕਰੇ।
ਸੰਪਰਕ: 94174-79449


Comments Off on ਭਾਰਤ ਦੀ ਝੋਲੀ ਸੋਨ ਤਗਮਾ ਪਾਉਣ ਵਾਲਾ ਮੁੱਕੇਬਾਜ਼ ਅਮਿਤ ਪੰਘਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.