ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਭਾਰਤੀ ਸਿਨਮਾ ਦੀ ਸਭ ਤੋਂ ਮਹਿੰਗੀ ਨ੍ਰਿਤ ਅਦਾਕਾਰਾ ਕੁੱਕੂ

Posted On May - 25 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਭਾਰਤੀ ਫ਼ਿਲਮਾਂ ਦੇ ਸ਼ੁਰੂਆਤੀ ਦੌਰ ਵਿਚ ਆਪਣੀ ਉਮਦਾ ਨ੍ਰਿਤ-ਸ਼ੈਲੀ ਅਤੇ ਦਿਲ-ਫਰੇਬ ਅਦਾਵਾਂ ਨਾਲ ਸਿਨੇ-ਮੱਦਾਹਾਂ ਦੇ ਦਿਲਾਂ ਨੂੰ ਮੋਹ ਲੈਣ ਵਾਲੀ ਸ਼ੋਖ਼-ਹੁਸੀਨਾ ਨੇ ਫ਼ਿਲਮੀ-ਦੁਨੀਆਂ ’ਚ ਪ੍ਰਵੇਸ਼ ਕੀਤਾ, ਜਿਸਦੇ ਘੁੰਗਰਾਲੇ ਵਾਲ, ਮਟਕੀਲੀਆਂ ਅੱਖਾਂ, ਲਗਰ ਵਰਗਾ ਵਲ ਖਾਂਦਾ ਲਚੀਲਾ ਸਰੀਰ, ਸਾਂਵਲਾ ਰੰਗ ਅਤੇ ਉਪਰੋਂ ਨ੍ਰਿਤ ਦੀ ਅਦਾਇਗੀ ਬਾਕਮਾਲ। ਇਹ ਸੀ ਭਾਰਤੀ ਸਿਨਮਾ ਦੀ ਪਹਿਲੀ ਮਕਬੂਲ ਡਾਂਸਿੰਗ-ਕੁਈਨ ਕੁੱਕੂ, ਜਿਸਦੇ ਨ੍ਰਿਤ ਤੋਂ ਬਿਨਾਂ ਫ਼ਿਲਮਾਂ ਅਧੂਰੀਆਂ ਸਮਝੀਆਂ ਜਾਂਦੀਆਂ ਸਨ। ਹਰ ਫ਼ਿਲਮ ਵਿਚ ਉਸਦਾ ਨਾਚ ਗੀਤ ਕਾਮਯਾਬੀ ਦੀ ਜ਼ਮਾਨਤ ਹੁੰਦਾ ਸੀ।
ਖ਼ੂਬਸੂਰਤ ਅਦਾਕਾਰਾ ਕੁੱਕੂ ਮੋਰੇ ਉਰਫ਼ ਕੁੱਕੂ ਦੀ ਪੈਦਾਇਸ਼ 4 ਫਰਵਰੀ 1928 ਨੂੰ ਐਂਗਲੋ-ਇੰਡੀਅਨ ਪਰਿਵਾਰ ਵਿਚ ਹੋਈ ਸੀ। ਬਾਲ ਅਦਾਕਾਰਾ ਵਜੋਂ ਕੁੱਕੂ ਦੀ ਪਹਿਲੀ ਫ਼ਿਲਮ ਬੰਬੇ ਟਾਕੀਜ਼ ਲਿਮਟਿਡ, ਬੰਬਈ ਦੀ ਅਮੀਆ ਚੱਕਰਵਰਤੀ ਨਿਰਦੇਸ਼ਿਤ ‘ਅਨਜਾਨ’ (1941) ਸੀ। ਅਸ਼ੋਕ ਕੁਮਾਰ ਅਤੇ ਦੇਵਿਕਾ ਰਾਣੀ ਦੀ ਇਸ ਫ਼ਿਲਮ ’ਚ ਕੁੱਕੂ ਨੇ ਬਾਲ ਅਦਾਕਾਰ ਸੁਰੇਸ਼ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਇਆ ਸੀ। ਉਸਦੀ ਦੂਜੀ ਫ਼ਿਲਮ ਫ਼ਿਲਮਸਤਾਨ ਲਿਮਟਿਡ, ਬੰਬਈ ਦੀ ਗਿਆਨ ਮੁਖਰਜੀ ਨਿਰਦੇਸ਼ਿਤ ‘ਚੱਲ ਚੱਲ ਰੇ ਨੌਜਵਾਨ’ (1944) ਸੀ। ਇਹ ਸੁਪਰਹਿੱਟ ਫ਼ਿਲਮ 2 ਦਸੰਬਰ 1944 ਨੂੰ ਰੌਕਸੀ ਥੀਏਟਰ, ਬੰਬਈ ’ਚ ਰਿਲੀਜ਼ ਹੋਈ। ਕੁੱਕੂ ਦੀ ਨ੍ਰਿਤ-ਅਦਾਕਾਰੀ ਨਾਲ ਸਜੀ ਤੀਜੀ ਫ਼ਿਲਮ ਸ਼ਾਲੀਮਾਰ ਪਿਕਚਰਜ਼, ਬੰਬਈ ਦੀ ਡਬਲਯੂ. ਜ਼ੈੱਡ. ਅਹਿਮਦ ਨਿਰਦੇਸ਼ਿਤ ‘ਮਨ ਕੀ ਜੀਤ’ (1944) ਸੀ।
ਵਿਸ਼ਣੂ ਸਿਨੇਟੋਨ, ਬੰਬਈ ਦੀ ਨਿਤਿਨ ਬੋਸ ਨਿਰਦੇਸ਼ਿਤ ‘ਮੁਜਰਿਮ’ (1944) ’ਚ ਵੀ ਕੁੱਕੂ ਨੇ ਅਦਾਕਾਰੀ ਕੀਤੀ। ਰਣਜੀਤ ਮੂਵੀਟੋਨ, ਬੰਬਈ ਦੀ ਇਤਿਹਾਸਕ ਫ਼ਿਲਮ ‘ਸ਼ਹਿਨਸ਼ਾਹ-ਏ-ਬਾਬਰ’ (1944) ’ਚ ਵੀ ਉਸਨੇ ਨ੍ਰਿਤ ਅਦਾਕਾਰੀ ਕੀਤੀ। ਮਹਿਬੂਬ ਪ੍ਰੋਡਕਸ਼ਨ, ਬੰਬਈ ਦੀ ਇਤਿਹਾਸਕ ਫ਼ਿਲਮ ‘ਹਿਮਾਯੂੰ’ (1945) ’ਚ ਕੁੱਕੂ ਨੇ ਅਦਾਕਾਰਾ ਵੀਨਾ ਨਾਲ ਛੋਟਾ ਜਿਹਾ ਕਿਰਦਾਰ ਅਦਾ ਕੀਤਾ। ਹਿੰਦ ਪਿਕਚਰਜ਼, ਬੰਬਈ ਦੀ ਫ਼ਿਲਮ ‘ਲੈਲਾ ਮਜਨੂੰ’ (1945) ’ਚ ਉਸਨੂੰ ਸਮੂਹ ’ਚ ਨ੍ਰਿਤ ਕਰਨ ਦਾ ਮੌਕਾ ਮਿਲਿਆ। ਮਜ਼ਹਰ ਆਰਟ ਪ੍ਰੋਡਕਸ਼ਨ, ਬੰਬਈ ਦੀ ਫ਼ਿਲਮ ‘ਪਹਿਲੀ ਨਜ਼ਰ’ (1945) ’ਚ ਉਹ ਅਦਾਕਾਰਾ ਵੀਨਾ ਨਾਲ ਨਜ਼ਰ ਆਈ। ਫ਼ਿਲਮ ‘ਸਰਕਸ ਕਿੰਗ’, ‘ਸੱਸੀ ਪੁੱਨੂੰ’, ‘ਮੇਘਦੂਤ’ (1946) ’ਚ ਵੀ ਉਸਨੇ ਛੋਟੇ-ਛੋਟੇ ਕਿਰਦਾਰ ਅਦਾ ਕੀਤੇ।

ਮਨਦੀਪ ਸਿੰਘ ਸਿੱਧੂ

ਰੌਸ਼ਨ ਪਿਕਚਰਜ਼, ਬੰਬਈ ਦੀ ਨਾਨੂੰ ਭਾਈ ਵਕੀਲ ਨਿਰਦੇਸ਼ਿਤ ਫ਼ਿਲਮ ‘ਅਰਬ ਕਾ ਸਿਤਾਰਾ’ ਅਤੇ ਨਿਊ ਬੰਬੇ ਥੀਏਟਰ, ਬੰਬੇ ਦੀ ਫ਼ਿਲਮ ‘ਸੋਨਾ-ਚਾਂਦੀ’ (1946) ’ਚ ਕੁੱਕੂ ’ਤੇ ਫ਼ਿਲਮਾਏ ਨਾਚ ਗੀਤ ਫ਼ਿਲਮ-ਮੱਦਾਹਾਂ ਵੱਲੋਂ ਕਾਫ਼ੀ ਪਸੰਦ ਕੀਤੇ ਗਏ। ਮਧੂਕਰ ਪਿਕਚਰਜ਼, ਬੰਬਈ ਦੀ ਫ਼ਿਲਮ ‘ਮਿਰਜ਼ਾ ਸਾਹਿਬਾਂ’ (1947) ’ਚ ਜ਼ੋਹਰਾ ਬਾਈ ਅੰਬਾਲਾ ਦੇ ਖ਼ੂਬਸੂਰਤ ਗੀਤ ‘ਸਾਮਨੇ ਗਲੀ ਮੇਂ ਮੇਰਾ ਘਰ ਹੈ ਪਤਾ ਮੇਰਾ ਕਯੋਂ ਨਾ ਜਨਾਬ’ ’ਤੇ ਕੁੱਕੂ ਦੀ ਨਾਚ-ਅਦਾਇਗੀ ਨੇ ਫ਼ਿਲਮਬੀਨ ਦੀਵਾਨੇ ਕਰ ਛੱਡੇ ਸਨ। ਜੀਤ ਪ੍ਰੋਡਕਸ਼ਨ, ਬੰਬਈ ਦੀ ਫ਼ਿਲਮ ‘ਵਿੱਦਿਆ’ (1948) ’ਚ ਉਸ ’ਤੇ ਫ਼ਿਲਮਾਇਆ ‘ਓ ਪਿਆਰ ਬਨਕੇ…ਆਜ ਮੇਰਾ ਦਿਲ ਕਿਸੀ ਪੇ ਆ ਗਿਆ’ (ਲਲਿਤਾ ਦਿਓਲਕਰ) ਵੀ ਖ਼ੂਬ ਚੱਲਿਆ। ਵਰਮਾ ਫ਼ਿਲਮਜ਼, ਬੰਬਈ ਦੀ ਫ਼ਿਲਮ ‘ਪਤੰਗਾ’ (1949) ’ਚ ਕੁੱਕੂ ’ਤੇ ਫ਼ਿਲਮਾਇਆ ਗੀਤ ‘ਗੋਰੇ-ਗੋਰੇ ਮੁੱਖੜੇ ਪੇ ਗੇਸੂ ਜੋ ਛਾ ਗਏ’ (ਸ਼ਮਸ਼ਾਦ ਬੇਗ਼ਮ) ਵੀ ਖ਼ੂਬ ਚੱਲਿਆ। ਆਰ. ਕੇ. ਫ਼ਿਲਮਜ਼, ਬੰਬਈ ਦੀ ‘ਬਰਸਾਤ’ (1949) ’ਚ ਪ੍ਰੇਮ ਨਾਥ ’ਤੇ ਫ਼ਿਲਮਾਏ ਰੂਮਾਨੀ ਗੀਤ ‘ਪਤਲੀ ਕਮਰ ਹੈ ਤਿਰਛੀ ਨਜ਼ਰ ਹੈ’ (ਮੁਕੇਸ਼) ’ਤੇ ਕੁੱਕੂ ਦੇ ਲਚੀਲੀਆਂ ਆਦਾਵਾਂ ਵਾਲੇ ਬਾਕਮਾਲ ਨ੍ਰਿਤ ਨੇ ਫ਼ਿਲਮ-ਮੱਦਾਹਾਂ ’ਤੇ ਜਾਦੂਈ ਅਸਰ ਕੀਤਾ। ਮਹਿਬੂਬ ਪ੍ਰੋਡਕਸ਼ਨ, ਬੰਬਈ ਦੀ ਨਗ਼ਮਾਬਾਰ ਫ਼ਿਲਮ ‘ਅੰਦਾਜ਼’ (1949) ’ਚ ਕੁੱਕੂ ਨੇ ਨਰਗਿਸ ਨਾਲ ਸਹਾਇਕ ਅਦਾਕਾਰਾ ਦਾ ਕਿਰਦਾਰ ਨਿਭਾਇਆ। ਫ਼ਿਲਮ ’ਚ ਤਿੰਨ ਪੁਰ-ਕਸ਼ਿਸ਼ ਨਗ਼ਮੇ ਕੁੱਕੂ ’ਤੇ ਫ਼ਿਲਮਾਏ ‘ਝੂਮ-ਝੂਮ ਕੇ ਨਾਚੋ ਆਜ ਗਾਓ ਖ਼ੁਸ਼ੀ ਕੇ ਗੀਤ’ (ਮੁਕੇਸ਼), ‘ਤੂ ਕਹੇ ਅਗਰ ਜੀਵਨ ਭਰ ਮੈਂ ਗੀਤ ਸੁਨਾਤਾ ਜਾਊਂ’ (ਮੁਕੇਸ਼) ਅਤੇ ‘ਡਰ ਨਾ ਮੁਹੱਬਤ ਕਰਲੇ ਉਲਫ਼ਤ ਸੇ ਝੋਲੀ ਭਰ ਲੇ’ (ਲਤਾ ਮੰਗੇਸ਼ਕਰ, ਸ਼ਮਸ਼ਾਦ ਬੇਗ਼ਮ) ਗੀਤਾਂ ’ਚ ਦਲੀਪ ਕੁਮਾਰ ਦੇ ਪਿਆਨੋ ’ਤੇ ਕੁੱਕੂ ਦੇ ਥਿਰਕਦੇ ਕਦਮਾਂ ਦਾ ਲਾਜਵਾਬ ਨ੍ਰਿਤ ਅੱਜ ਵੀ ਦਿਲ ਦੀਆਂ ਤਰੰਗਾਂ ਛੇੜ ਜਾਂਦਾ ਹੈ। ਕਾਰਵਾਂ ਪਿਕਚਰਜ਼, ਬੰਬਈ ਦੀ ‘ਕਨੀਜ਼’ (1949) ’ਚ ਉਸ ’ਤੇ ਫ਼ਿਲਮਾਇਆ ਚੁਲਬੁਲਾ ਗੀਤ ‘ਤੁਮ ਕਯਾ ਜਾਨੋ ਮੋਰੇ ਮਾਥੇ ਕੀ ਬਿੰਦੀਆ ਕਾ ਮੋਲ’ (ਜ਼ੀਨਤ ਬੇਗ਼ਮ, ਜੀ. ਐੱਮ. ਦੁਰਾਨੀ) ਵੀ ਬੜਾ ਪਸੰਦ ਕੀਤਾ ਗਿਆ।
ਹਿੰਦੀ ਫ਼ਿਲਮਾਂ ’ਚ ਤਾਂ ਕੁੱਕੂ ਆਪਣੇ ਬਾਕਮਾਲ ਨ੍ਰਿਤ ਸਦਕਾ ਛਾਈ ਹੋਈ ਸੀ ਅਲਬੱਤਾ ਉਸਦੀ ਨ੍ਰਿਤ ਅਦਾਇਗੀ ਦੇ ਜਾਦੂ ਤੋਂ ਪੰਜਾਬੀ ਫ਼ਿਲਮਸਾਜ਼ ਵੀ ਨਾ ਬਚ ਸਕੇ। ਕੁਲਦੀਪ ਪਿਕਚਰਜ਼ ਲਿਮਟਿਡ, ਬੰਬੇ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਲੱਛੀ’ (1949) ਵਿਚ ਫ਼ਿਲਮਸਾਜ਼ ਐੱਲ. ਆਰ. ਭਾਖੜੀ ਤੇ ਕੁਲਦੀਪ ਸਹਿਗਲ ਵੱਲੋਂ ਵਿਸ਼ੇਸ਼ ਤੌਰ ’ਤੇ ਕੁੱਕੂ ਦਾ ਨ੍ਰਿਤ ਗੀਤ ਪਾਇਆ ਗਿਆ। ਹੰਸਰਾਜ ਬਹਿਲ ਦੀ ਮੁਰੱਤਿਬ ਮੌਸੀਕੀ ’ਚ ਵਰਮਾ ਮਲਿਕ ਦੇ ਲਿਖੇ ਗੀਤ ‘ਕਦੀ ਭੁੱਲ ਚੁੱਕ ਕੇ ਬੀਬਾ ਸਾਡੀ ਗਲੀ ਲੰਘ ਤੂੰ’ (ਆਸ਼ਾ ਭੌਸਲੇ) ’ਤੇ ਕੁੱਕੂ ਨੇ ਕਮਾਲ ਦਾ ਨ੍ਰਿਤ ਪੇਸ਼ ਕੀਤਾ। ਰਾਜ ਰੰਗ ਫ਼ਿਲਮਜ਼, ਬੰਬੇ ਦੀ ਓਮ ਪ੍ਰਕਾਸ਼ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਭਾਈਆ ਜੀ’ (1950) ’ਚ ਵਿਨੋਦ ਦੇ ਸੰਗੀਤ ਵਿਚ ਕੁੱਕੂ, ਮਜਨੂੰ ਤੇ ਰਣਧੀਰ ’ਤੇ ਫ਼ਿਲਮਾਇਆ ਗੀਤ ‘ਥਾ ਤਿਟ…ਮੈਂ ਲਾਵਾਂ ਚੂਨਾ ਕੱਥਾ’ (ਸ਼ਮਸ਼ਾਦ ਬੇਗ਼ਮ, ਮੁਹੰਮਦ ਰਫ਼ੀ, ਓਮ ਪ੍ਰਕਾਸ਼) ਗੀਤ ਵੀ ਬਹੁਤ ਚੱਲਿਆ। ਇੰਨਾ ਹੀ ਨਹੀਂ ਆਜ਼ਾਦ ਪਾਕਿਸਤਾਨ ਦੀ ਐਵਰਨਿਊ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਮੁੰਦਰੀ’ (1949) ’ਚ ਬਾਬਾ ਜੀ. ਏ. ਚਿਸ਼ਤੀ ਦੇ ਦਿਲਕਸ਼ ਸੰਗੀਤ ’ਚ ਐੱਫ. ਡੀ. ਸ਼ਰਫ਼ ਦੇ ਲਿਖੇ ਗੀਤ ‘ਪੱਲਾ ਮਾਰ ਕੇ ਬੁਝਾ ਗਈ ਦੀਵਾ ਤੇ ਅੱਖ ਨਾਲ ਗੱਲ ਕਰ ਗਈ ਊਈ’ (ਇਕਬਾਲ ਬੇਗ਼ਮ ਲਾਇਲਪੁਰੀ) ’ਤੇ ਨ੍ਰਿਤ ਦੀ ਲਾਜਵਾਬ ਪੇਸ਼ਕਾਰੀ ਸਦਕਾ ਕੁੱਕੂ ਪਾਕਿਸਤਾਨੀ ਸਿਨੇ-ਮੱਦਾਹਾਂ ਦੇ ਦਿਲਾਂ ’ਤੇ ਵੀ ਛਾ ਗਈ।
ਇਸੇ ਸਾਲ ਆਈਆਂ ਕਈ ਹੋਰ ਫ਼ਿਲਮਾਂ ਵਿਚ ਕੁੱਕੂ ਦੇ ਸ਼ਾਨਦਾਰ ਨ੍ਰਿਤ ਨੇ ਸਿਨੇ ਪ੍ਰੇਮੀਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਇਹ ਉਹ ਦੌਰ ਸੀ ਜਦੋਂ ਕੁੱਕੂ ਦੀ ਗ਼ੈਰ-ਮੌਜੂਦਗੀ ਵਾਲੀਆਂ ਫ਼ਿਲਮਾਂ ਨੂੰ ਕੋਈ ਵਿਤਰਕ ਹੱਥ ਨਹੀਂ ਪਾਉਂਦਾ ਸੀ। ਦਰਸ਼ਕਾਂ ’ਤੇ ਉਸਦੇ ਨ੍ਰਿਤ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਸੀ। ਲਿਹਾਜ਼ਾ ਉਸਦਾ ਹਰ ਫ਼ਿਲਮ ’ਚ ਨ੍ਰਿਤ-ਗੀਤ ਹੋਣਾ ਲਾਜ਼ਮੀ ਬਣ ਗਿਆ ਸੀ, ਭਾਵੇਂ ਫ਼ਿਲਮ ’ਚ ਉਸਦੀ ਲੋੜ ਹੋਵੇ ਜਾਂ ਨਾ ਹੋਵੇ।
ਇਕ ਉਹ ਵੀ ਜ਼ਮਾਨਾ ਸੀ ਜਦੋਂ ਕੁੱਕੂ ਦਾ ਬੰਬਈ ਵਿਚ ਇਕ ਆਲੀਸ਼ਾਨ ਬੰਗਲਾ ਸੀ। ਉਸ ਬੰਗਲੇ ਦੀਆਂ ਦੀਵਾਰਾਂ ਵਿਚ ਬਣੀਆਂ ਅਲਮਾਰੀਆਂ ’ਚ ਕਈ ਡਿਜ਼ਾਈਨਾਂ ਦੀਆਂ ਚੱਪਲਾਂ ਤਰਤੀਬਵਾਰ ਕਰਕੇ ਰੱਖੀਆਂ ਹੋਈਆਂ ਸਨ ਕਿਉਂਕਿ ਫੈਸ਼ਨਪ੍ਰਸਤ ਕੁੱਕੂ ਨੂੰ ਫੈਸ਼ਨਦਾਰ ਚੱਪਲਾਂ ਪਹਿਨਣ ਦਾ ਵੀ ਬੇਹੱਦ ਸ਼ੌਕ ਸੀ। ਜਦੋਂ ਕਦੇ ਉਹ ਫ਼ਿਲਮ-ਸਟੂਡੀਓ ’ਚ ਡਿਜ਼ਾਈਨਰ ਚੱਪਲਾਂ ਜਾਂ ਜੁੱਤੀਆਂ ਪਾ ਕੇ ਆਉਂਦੀ ਸਭ ਹੈਰਤਜ਼ਦਾ ਹੋ ਜਾਂਦੇ ਸਨ। ਕੁੱਕੂ ਕੋਲ ਅਲੱਗ-ਅਲੱਗ ਡਿਜ਼ਾਇਨ ਵਾਲੀਆਂ ਲਗਪਗ 5 ਹਜ਼ਾਰ ਜੋੜੀ ਚੱਪਲਾਂ ਸਨ। ਉਸਦੇ ਕਦਮਾਂ ਦੀ ਥਿਰਕ ਨਾਲ ਦਰਸ਼ਕ ਬੇਕਾਬੂ ਹੋ ਉੱਠਦੇ ਸਨ। ਉਸਦੀ ਹਾਜ਼ਰੀ ਨਾਲ ਫ਼ਿਲਮਸਾਜ਼ਾਂ ਦੀ ਚਾਂਦੀ ਹੋ ਜਾਂਦੀ। ਕੋਈ ਨਾ ਕੋਈ ਬਹਾਨਾ ਲੱਭ ਕੇ ਫ਼ਿਲਮ ’ਚ ਉਸਦਾ ਨ੍ਰਿਤ ਗੀਤ ਜ਼ਰੂਰ ਪਾਇਆ ਜਾਂਦਾ। ਹਿੰਦੀ ਫ਼ਿਲਮਾਂ ’ਚ ਜਨਮ-ਦਿਨ, ਵਿਆਹ ਸਮਾਗਮ, ਚੈਰਿਟੀ-ਸ਼ੋਅ ਵਰਗੇ ਖ਼ੁਸ਼ਨੁਮਾ ਪ੍ਰੋਗਰਾਮਾਂ ਦੀ ਬੁਨਿਆਦ ਵੀ ਕੁੱਕੂ ਨੇ ਹੀ ਰੱਖੀ ਸੀ ਜੋ ਉਸਦੀ ਨਾਚ ਕਲਾ ਨਾਲ ਹੀ ਸਫਲ ਸਿੱਧ ਹੁੰਦੇ ਸਨ। ਫ਼ਿਲਮਾਂ ’ਚ ਉਸਦਾ ਨ੍ਰਿਤ ਗੀਤ ਜ਼ਰੂਰ ਹੋਵੇ ਇਸਦੇ ਲਈ ਕੋਈ ਨਾ ਕੋਈ ਬਹਾਨਾ ਜ਼ਰੂਰ ਲੱਭਿਆ ਜਾਂਦਾ। ਹੋਰ ਵੀ ਇਹੋ ਜਿਹੇ ਬਹੁਤ ਉਦਹਾਰਨ ਹਨ ਕਿ ਪੂਰੀ ਹੋ ਚੁੱਕੀ ਫ਼ਿਲਮ ’ਚ ਵਿਤਰਕਾਂ ਦੀ ਮੰਗ ’ਤੇ ਕੁੱਕੂ ਦਾ ਨ੍ਰਿਤ ਗੀਤ ਸ਼ਾਮਿਲ ਕਰਨਾ ਲਾਜ਼ਮੀ ਹੋ ਜਾਂਦਾ ਸੀ। ਸ਼ਮਸ਼ਾਦ ਬੇਗ਼ਮ ਦੇ ਨਖ਼ਰੇ ਭਰੇ ਗੀਤਾਂ ’ਤੇ ਕੁੱਕੂ ਓਨਾ ਹੀ ਨਖ਼ਰਿਆਂ ਭਰਾ ਨਾਚ ਕਰਦੀ ਅਤੇ ਦਰਸ਼ਕ ਪਰਦੇ ’ਤੇ ਪੈਸੇ ਸੁੱਟਣ ਲਈ ਮਜਬੂਰ ਹੋ ਜਾਂਦੇ। ਦਰਸ਼ਕਾਂ ਨੂੰ ਪਰਦੇ ’ਤੇ ਪੈਸੇ ਸੁੱਟਣ ਲਈ ਮਜਬੂਰ ਕਰਨ ਵਾਲੀ ਉਹ ਭਾਰਤੀ ਸਿਨਮਾ ਦੀ ਪਹਿਲੀ ਕਾਮਯਾਬ ਨਰਤਕੀ ਸੀ ਜੋ ਆਪਣੇ ਹਰ ਨਾਚ ਗੀਤ ਦਾ 6 ਹਜ਼ਾਰ ਰੁਪਇਆ ਮਿਹਨਤਾਨਾ ਲੈਂਦੀ ਸੀ।
1941 ਤੋਂ 1966 ਤੀਕਰ ਕੁੱਕੂ ਨੇ ਫ਼ਿਲਮੀ ਦੁਨੀਆਂ ’ਤੇ ਰਾਜ ਕੀਤਾ। ਪ੍ਰਸਿੱਧ ਕੈਬਰੇ-ਡਾਂਸਰ ਹੈਲਨ ਨੂੰ ਫ਼ਿਲਮਾਂ ’ਚ ਲਿਆਉਣ ਦਾ ਸਿਹਰਾ ਵੀ ਕੁੱਕੂ ਨੂੰ ਹੀ ਹਾਸਲ ਹੈ। ਆਰ. ਕੇ. ਫ਼ਿਲਮਜ਼ ਦੀ ‘ਆਵਾਰਾ’ (1951) ’ਚ ਕੁੱਕੂ ’ਤੇ ਫ਼ਿਲਮਾਇਆ ਗੀਤ ‘ਏਕ ਦੋ ਤੀਨ ਆਜਾ ਮੌਸਮ ਹੈ ਰੰਗੀਨ’ ਅੱਜ ਵੀ ਸੰਗੀਤ-ਮੱਦਾਹਾਂ ਨੂੰ ਮਸਤ ਕਰ ਦਿੰਦਾ। ਮਹਿਬੂਬ ਖ਼ਾਨ ਦੀ ਫ਼ਿਲਮ ‘ਆਨ’ (1952) ’ਚ ਵੀ ਉਸ ’ਤੇ ਅਜਿਹਾ ਨਾਚ ਫ਼ਿਲਮਾਇਆ ਗਿਆ, ਜਿਸ ’ਚ ਸਿਰਫ਼ ਸੰਗੀਤ ਦਾ ਇਸਤੇਮਾਲ ਕੀਤਾ ਗਿਆ ਸੀ, ਬਾਵਜੂਦ ਇਸਦੇ ਕੁੱਕੂ ਨੇ ਆਪਣੀ ਨ੍ਰਿਤ ਸ਼ੈਲੀ ਨਾਲ ਦਰਸ਼ਕਾਂ ਨੂੰ ਕਾਇਲ ਕਰ ਦਿੱਤਾ।
1950ਵਿਆਂ ਤੇ 60ਵਿਆਂ ਦੇ ਦਹਾਕੇ ਆਈਆਂ ਅਨੇਕਾਂ ਫ਼ਿਲਮਾਂ ’ਚ ਉਸ ’ਤੇ ਫ਼ਿਲਮਾਏ ਖ਼ੂਬਸੂਰਤ ਗੀਤ ‘ਮੇਰੇ ਘੂੰਗਰ ਵਾਲੇ ਬਾਲ ਓ ਰਾਜਾ’ (ਸ਼ਮਸ਼ਾਦ ਬੇਗ਼ਮ/ਪਰਦੇਸ/1950), ‘ਹਟੋ ਹਟੋ ਜੀ ਆਤੀਂ ਹਮ ਜਾਦੂਗਰਨੀ ਛੋਰੀਆਂ’ (ਸ਼ਮਸ਼ਾਦ ਬੇਗ਼ਮ, ਪ੍ਰਮੋਦਨੀ ਦੇਸਾਈ/ਦਿਲਰੂਬਾ/1950), ‘ਅਬ ਤੋ ਕਰਲੇ ਪਿਆਰ ਸਜਨਵਾ’ (ਸ਼ਮਸ਼ਾਦ ਬੇਗ਼ਮ/ਆਰਜ਼ੂ/1950), ‘ਓ ਈਚਕ-ਬੀਚਕ ਚੁਰ ਦਿਲ ਉੜ ਗਿਆ ਬਾਬੂ ਫੁਰ’ (ਸ਼ਮਸ਼ਾਦ ਬੇਗ਼ਮ/ਬਾਵਰੈ ਨੈਨ/1950), ‘ਪਾਸ ਨਹੀਂ ਆਈਏ ਹਾਥ ਨਾ ਲਗਾਈਏ’ (ਲਤਾ/ਸਾਕੀ/1951), ‘ਯੇ ਨਜ਼ਰ ਤਾਕਤੀ ਹੈ ਨਿਸ਼ਾਨਾ ਕੋਈ ਭੂਲੇ ਸੇ ਘਾਇਲ ਨਾ ਹੋ’ (ਸ਼ਮਸ਼ਾਦ ਬੇਗ਼ਮ/ਪਿਆਰ ਕੀ ਬਾਤੇਂ/1951), ‘ਨੀਲੇ-ਆਸਮਾਨੀ ਦੇਖੋ ਤੋ ਯੇ ਨੈਨਾ’ (ਗੀਤਾ ਰੌਏ/ਮਿਸਟਰ ਐਂਡ ਮਿਸਿਜ਼ 55/1955), ‘ਪਿੱਛੇ ਹਟ-ਹਟ ਬਾਬੂ ਛੇੜ ਨਾ’ (ਆਸ਼ਾ ਭੌਸਲੇ/ਬਸੰਤ/1954), ‘ਧੜਕੇ ਦਿਲ ਦਿਲਦਾਰ ਦਾ’ (ਆਸ਼ਾ ਭੌਸਲੇ/ਚਾਲੀਸ ਦਿਨ/1959) ਆਦਿ ਚੁਲਬੁਲੇ ਨਗ਼ਮੇ ਕੁੱਕੂ ਦੀ ਖ਼ੂਬਸੂਰਤ ਨਾਚ ਅਦਾਇਗੀ ਦਾ ਸ਼ਾਹਕਾਰ ਹਨ।
1960ਵਿਆਂ ਤੇ 70ਵਿਆਂ ਦੇ ਦਹਾਕੇ ਵਿਚ ਹੈਲਨ, ਮੁਮਤਾਜ਼, ਮਧੂਮਤੀ, ਅਰੁਨਾ ਈਰਾਨੀ, ਬਿੰਦੂ, ਜੈ ਸ੍ਰੀ ਟੀ. ਆਦਿ ਨ੍ਰਿਤ ਅਦਾਕਾਰਾਵਾਂ ਦੀ ਆਮਦ ਹੋਈ। ਜਿਨ੍ਹਾਂ ਨੇ ਅਲੱਗ ਅਦਾਵਾਂ ਦਾ ਪ੍ਰਦਰਸ਼ਨ ਕੀਤਾ। ਇੰਜ ਆਪਣੇ ਜ਼ਮਾਨੇ ਦੀ ਮਸ਼ਹੂਰ ਨ੍ਰਿਤ ਅਦਾਕਾਰਾ ਕੁੱਕੂ ਦੀ ਚਮਕ ਫਿੱਕੀ ਪੈ ਗਈ ਅਤੇ ਹੌਲੀ-ਹੌਲੀ ਉਸਨੇ ਫ਼ਿਲਮਾਂ ਤੋਂ ਕਿਨਾਰਾਕਸ਼ੀ ਕਰ ਲਈ।
ਕੁੱਕੂ ਨੇ ਵਿਆਹ ਨਹੀਂ ਕਰਾਇਆ ਸੀ। ਇਕ ਦਿਨ ਉਹ ਵੀ ਆਇਆ ਜਦੋਂ ਫ਼ਿਲਮਬੀਨਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਕੁੱਕੂ ਬਿਲਕੁਲ ਇਕੱਲੀ ਰਹਿ ਗਈ। ਇਸ ਦੌਰਾਨ ਉਸਨੂੰ ਕੈਂਸਰ ਨੇ ਘੇਰ ਲਿਆ। ਆਪਣੇ ਗ਼ਮ ਨੂੰ ਗ਼ਲਤਾਨ ਕਰਨ ਲਈ ਉਸਨੇ ਸ਼ਰਾਬ ਦਾ ਸਹਾਰਾ ਲੈ ਲਿਆ। ਅੰਤਲੇ ਦਿਨਾਂ ’ਚ ਤੰਗਦਸਤੀ ਦਾ ਸ਼ਿਕਾਰ ਹੋਈ ਕੁੱਕੂ ਕੋਲ ਇਲਾਜ ਕਰਾਉਣ ਜੋਗੇ ਪੈਸੇ ਵੀ ਨਹੀਂ ਸਨ। ਜਦੋਂ ਉਹ ਹਸਪਤਾਲ ਦਾਖਲ ਹੋਈ ਤਾਂ ਸਾਰਾ ਖ਼ਰਚ ਅਦਾਕਾਰ ਪ੍ਰੇਮ ਨਾਥ ਨੇ ਚੁੱਕਿਆ। 30 ਸਤੰਬਰ, 1981 ਨੂੰ ਕੁੱਕੂ 53 ਸਾਲ ਦੀ ਉਮਰੇ ਅਲਵਿਦਾ ਆਖ ਗਈ।

ਸੰਪਰਕ : 97805-09545


Comments Off on ਭਾਰਤੀ ਸਿਨਮਾ ਦੀ ਸਭ ਤੋਂ ਮਹਿੰਗੀ ਨ੍ਰਿਤ ਅਦਾਕਾਰਾ ਕੁੱਕੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.