ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਭਾਰਤੀ ਕਿਸਾਨ ਯੂਨੀਅਨ ਦੋਆਬਾ

Posted On May - 11 - 2019

ਜਸਬੀਰ ਸਿੰਘ ਚਾਨਾ
ਦੋਆਬਾ ਕਿਸਾਨ ਸੰਘਰਸ਼ ਕਮੇਟੀ ਅਜਿਹੀ ਵਿਲੱਖਣ ਸੰਸਥਾ ਹੈ ਜੋ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਮੇਂ-ਸਮੇਂ ’ਤੇ ਸੰਘਰਸ਼ ਕਰਕੇ ਕਿਸਾਨਾਂ ਨੂੰ ਹੱਕ ਦਿਵਾਉਣ ਲਈ ਤੱਤਪਰ ਰਹਿੰਦੀ ਹੈ। ਇਸ ਸੰਸਥਾ ਨੇ ਕਈ ਵੱਡੇ ਵੱਡੇ ਸੰਘਰਸ਼ ਕਰਕੇ ਆਪਣੇ ਨਾਮ ਨੂੰ ਸਿਰਫ਼ ਦੋਆਬੇ ‘ਚ ਹੀ ਨਹੀਂ ਬਲਕਿ ਪੰਜਾਬ ਪੱਧਰ ‘ਤੇ ਚਮਕਾਇਆ ਹੈ। ਹੁਣ ਇਸ ਸੰਸਥਾ ਨੇ ਇਸ ਘੇਰੇ ਨੂੰ ਹੋਰ ਵਿਸ਼ਾਲ ਕਰਨ ਲਈ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖ਼ੀ ਲਈ ਰਾਸ਼ਟਰੀ ਕਿਸਾਨ ਮਹਾਂ ਸਭਾ ਨਾਲ ਗੱਠਜੋੜ ਕਰ ਲਿਆ ਹੈ ਅਤੇ ਆਪਣੀ ਸੰਸਥਾ ਦਾ ਨਾਮ ‘ਭਾਰਤੀ ਕਿਸਾਨ ਯੂਨੀਅਨ ਦੋਆਬਾ’ ਰੱਖ ਲਿਆ ਹੈ।
ਭਾਰਤੀ ਕਿਸਾਨ ਯੂਨੀਅਨ ਦੋਆਬਾ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਉਨ੍ਹਾਂ ਦੇ ਸਾਥੀ ਸਤਨਾਮ ਸਿੰਘ ਸਾਹਨੀ, ਗੁਰਪ੍ਰੀਤ ਸਿੰਘ ਡੇਗਰੀਆਂ, ਮੁਕੇਸ਼ ਕੁਮਾਰ ਜਲੰਧਰ, ਹਰਦੇਵ ਸਿੰਘ ਦੇਵ ਮਰਨਾਣੀਆਂ ਕਲਾ, ਰਿਹਾਣਾ ਕਲਾਂ ਤੋਂ ਬਲਬੀਰ ਸਿੰਘ ਬੀਰਾ, ਪੀਤਾ ਕਠਾਰ, ਪਰਮਜੀਤ ਪੰਮਾ ਪਿੰਡ ਖਰਨਾ (ਟਾਂਡਾ) ਨੇ ਸਾਲ 2004 ‘ਚ ਇਸ ਦੀ ਲੋੜ ਮਹਿਸੂਸ ਕੀਤੀ ਸੀ। ਇਨ੍ਹਾਂ ਆਗੂਆਂ ਨੇ ਵਿਉਂਤਬੰਦੀ ਬਣਾਈ ਕਿ ਕਿਸਾਨਾਂ ਨੂੰ ਬਣਦੇ ਹੱਕ ਦਿਵਾਉਣ ਲਈ ਕੋਈ ਅਜਿਹੀ ਜਥੇਬੰਦੀ ਕਾਇਮ ਕੀਤੀ ਜਾਵੇ ਜੋ ਸਮੇਂ ਸਮੇਂ ’ਤੇ ਕਿਸਾਨਾਂ ਦੀਆਂ ਮੰਗਾਂ ਲਈ ਸਰਕਾਰ ਖ਼ਿਲਾਫ਼ ਸੰਘਰਸ਼ ਕਰੇ। ਇਸ ਉਪੰਰਤ ਸਾਰੇ ਮੈਂਬਰਾ ਨੇ ਇਕੱਠੇ ਹੋ ਕੇ ਇਹ ਸੰਸਥਾ ਕਾਇਮ ਕੀਤੀ ਅਤੇ 2006 ‘ਚ ਗੰਨੇ ਦੇ ਭਾਅ ਨੂੰ ਲੈ ਕੇ ਪਹਿਲਾ ਸੰਘਰਸ਼ ਕੀਤਾ ਜਿਸ ਦੌਰਾਨ ਗੰਨੇ ਦੇ ਭਾਅ ਵਿਚ 20 ਰੁਪਏ ਵਾਧਾ ਸੰਭਵ ਹੋ ਸਕਿਆ। ਸੰਸਥਾ ਨੇ ਇਸ ਪ੍ਰਾਪਤੀ ਲਈ ਮਾਣ ਮਹਿਸੂਸ ਕੀਤਾ ਅਤੇ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਕਿਸਾਨਾਂ ਤੱਕ ਸੰਪਰਕ ਸ਼ੁਰੂ ਕੀਤਾ। ਕਿਸਾਨਾਂ ਦੀਆਂ ਮੁਸੀਬਤਾਂ ਦੇ ਹੱਲ ਲਈ ਉਨ੍ਹਾਂ ਨੂੰ ਜਥੇਬੰਦੀ ਨਾਲ ਜੋੜਨ ਦੇ ਯਤਨ ਤੇਜ਼ੀ ਕਰ ਦਿੱਤੇ। ਉਨ੍ਹਾਂ ਕਿਸਾਨਾਂ ਨੂੰ ਜਾਗਰੂਕ ਕੀਤਾ ਕਿ ਉਹ ਇਕਜੁਟ ਹੋਣ ਇਸ ਨਾਲ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।
ਸਾਲ 2015 ਵਿਚ ਗੰਨੇ ਦੇ ਭਾਅ ਨੂੰ ਲੈ ਕੇ ਇਸ ਸੰਸਥਾ ਨੇ ਜਲੰਧਰ ਲਾਗੇ ਕਰਤਾਰਪੁਰ ਕੋਲ ਕਰੀਬ ਛੇ ਘੰਟੇ ਆਵਾਜਾਈ ਜਾਮ ਰੱਖੀ। ਉਸ ਸਮੇਂ ਮਿੱਲ ਮਾਲਕਾਂ ਨੇ ਕਿਸਾਨਾਂ ਨੂੰ ਇਹ ਜੁਆਬ ਦੇ ਦਿੱਤਾ ਸੀ ਕਿ ਖੰਡ ਦਾ ਭਾਅ ਘੱਟ ਹੋਣ ਕਾਰਨ ਉਹ ਮਿੱਲਾਂ ਨਹੀਂ ਚਲਾਉਣਗੇ।

ਮਨਜੀਤ ਸਿੰਘ ਰਾਏ

ਇਸ ਸਬੰਧੀ ਯੂਨੀਅਨ ਨੇ ਡਿਪਟੀ ਕਮਿਸ਼ਨਰਾ ਨੂੰ ਮੰਗ ਪੱਤਰ ਵੀ ਦਿੱਤੇ ਪਰ ਕੋਈ ਵੀ ਸੁਣਵਾਈ ਨਾ ਹੋਣ ਕਾਰਨ ਧੰਨੋਵਾਲ ਵਿੱਚ ਜਾਮ ਲਗਾ ਦਿੱਤਾ। ਇਸ ਦੌਰਾਨ ਸਰਕਾਰ ਨੇ ਮੰਨਿਆ ਕਿ 245 ਰੁਪਏ ਮਿੱਲ ਮਾਲਕ ਦੇਣਗੇ ਅਤੇ 50 ਰੁਪਏ ਸਰਕਾਰ ਦੇਵੇਗੀ ਇਸ ਦੌਰਾਨ ਸੰਸਥਾ ਦੀ ਫਿਰ ਜਿੱਤ ਹੋਈ ਅਤੇ ਕਿਸਾਨਾ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਿਆ।
ਸਾਲ 2018 ਦੇ ਸੀਜਨ ਦੌਰਾਨ ਮਿੱਲ ਮਾਲਕਾਂ ਨੇ ਫਿਰ ਕਿਸਾਨਾਂ ਨੂੰ ਇਹ ਧਮਕੀ ਦਿੱਤੀ ਕਿ ਖੰਡ ਦਾ ਭਾਅ ਘੱਟ ਹੋਣ ਕਾਰਨ ਉਹ ਗੰਨੇ ਦੀ ਖ਼ਰੀਦ ਨਹੀਂ ਕਰਨਗੇ ਜਿਸ ਕਾਰਨ ਕਿਸਾਨਾਂ ਨੂੰ ਮੁੜ ਸੰਘਰਸ਼ ਲਈ ਤਿਆਰ ਹੋਣਾ ਪਿਆ ਜਿਸ ਕਰਕੇ ਕਿਸਾਨਾਂ ਨੂੰ 17, 18 ਨਵੰਬਰ ਨੂੰ ਗੁਰਦੁਆਰਾ ਗਰਨਾ ਸਾਹਿਬ ਦਸੂਹਾ ਵਿੱਚ ਮੀਟਿੰਗ ਕਰਕੇ ਮੁੜ ਉੱਥੇ ਧਰਨਾ ਲਗਾਉਣਾ ਪਿਆ ਤੇ ਦਿੱਲੀ-ਜੰਮੂ ਰੇਲ ਆਵਾਜਾਈ 32 ਘੰਟੇ ਠੱਪ ਰੱਖੀ।
ਫਿਰ ਪ੍ਰਸਾਸ਼ਨ ਨੇ ਸਰਕਾਰ ਨਾਲ ਗੱਲਬਾਤ ਕਰਵਾਉਣ ਲਈ 30 ਨਵੰਬਰ ਦਾ ਸਮਾਂ ਮੁਕੱਰਰ ਕੀਤਾ ਅਤੇ ਪਿੱਛਲਾ 600 ਕਰੋੜ ਰੁਪਏ ਦਾ ਬਕਾਇਆ ਜੋ ਮਿੱਲਾਂ ਵੱਲ ਬਕਾਇਆ ਸੀ ਉਹ ਦੇਣ ਦਾ ਭਰੋਸਾ ਦਿੱਤਾ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਜਦੋਂ ਕਿਸਾਨ ਆਗੂ ਚੰਡੀਗੜ੍ਹ ਪਹੁੰਚੇ ਤਾਂ ਉਪ ਮੁੱਖ ਸਕੱਤਰ ਨਾਲ ਕਰਵਾਈ ਗਈ ਮੀਟਿੰਗ ਦੌਰਾਨ 100 ਕਰੋੜ ਰੁਪਏ ਦੀ ਅਦਾਇਗੀ ਤੁਰੰਤ ਕਰਨ ਦਾ ਭਰੋਸਾ ਦਿੱਤਾ ਪਰ ਗੰਨੇ ਦੇ ਭਾਅ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਜਿਸ ਕਾਰਨ ਕਿਸਾਨਾਂ ਅੰਦਰ ਫਿਰ ਰੋਹ ਜਾਗ ਪਿਆ ਅਤੇ ਉਨ੍ਹਾਂ ਫਿਰ ਉਸੇ ਦਿਨ ਹੀ 4 ਦਸੰਬਰ ਨੂੰ ਫਗਵਾੜੇ ‘ਚ ‘ਫਗਵਾੜੇ ਦਾ ਧਰਨਾ’ ਐਲਾਨ ਦਿੱਤਾ।
ਸੰਘਰਸ਼ ਉਪਰੰਤ ਸਰਕਾਰ ਨੇ 25 ਰੁਪਏ ਕੁਇੰਟਲ ਸਰਕਾਰ ਨੇ ਦੇਣੇ ਮੰਨੇ ਕੁੱਝ ਭਾਅ 310 ਰੁਪਏ ਕਰ ਦਿੱਤਾ ਗਿਆ ਅਤੇ ਮੁੜ ਮਿੱਲਾਂ ਚਾਲੂ ਹੋ ਗਈਆ। ਹੁਣ ਮਿੱਲ ਮਾਲਕਾ ਵੱਲ ਪਿੱਛਲੇ ਸੀਜਨ ਦਾ 38 ਕਰੋੜ ਰੁਪਏ ਅਤੇ ਚਾਲੂ ਸੀਜਨ ਦਾ 1100 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ ਜਿਸ ਕਾਰਨ ਕਿਸਾਨਾਂ ‘ਚ ਹੁਣ ਕਾਫ਼ੀ ਰੋਹ ਪਾਇਆ ਜਾ ਰਿਹਾ ਹੈ।
ਕਿਸਾਨ ਆਗੂਆਂ ਦੀ ਮੰਗ ਹੈ ਕਿ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤਾ ਜਾਵੇ। ਇਸ ਨਾਲ ਕਿਸਾਨਾਂ ਦਾ ਫ਼ਾਇਦਾ ਹੋ ਸਕਦਾ ਹੈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕੀਤਾ ਜਾਵੇ। ਸਰਕਾਰ ਵੱਡੇ ਕਾਰੋਬਾਰੀ ਅਦਾਰਿਆਂ ਨੂੰ ਦਿੱਤੀ ਰਾਹਤ ਦੇ ਆਧਾਰ ’ਤੇ ਹੀ ਕਿਸਾਨਾਂ ਨੂੰ ਵੀ ਰਾਹਤ ਦੇਵੇ।
ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਮਸਲੇ ਦੀ ਸੰਜੀਦਗੀ ਹੱਲ ਲਈ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਜਿਨ੍ਹਾਂ ਚਿਰ ਇਸ ਦਾ ਢੁੱਕਵਾ ਹੱਲ ਨਹੀਂ ਹੁੰਦਾ ਉਦੋਂ ਤਕ ਕਿਸਾਨਾਂ ਨੂੰ ਸਰਕਾਰ ਵੱਲੋਂ ਪ੍ਰੇਸ਼ਾਨ ਕੀਤਾ ਜਾਣਾ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਸਬੰਧਿਤ ਮਸ਼ੀਨਰੀ ਕਾਫ਼ੀ ਮਹਿੰਗੀ ਹੋਣ ਕਰਕੇ ਇਹ ਪੰਜਾਬ ਦੇ ਕਿਸਾਨਾਂ ਦੇ ਦਾਇਰੇ ਤੋਂ ਬਾਹਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਕਿਸਾਨਾਂ ਨਾਲ 2014 ’ਚ ਇਹ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ’ਤੇ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇਗੀ ਇਹ ਰਿਪੋਰਟ ਤਾਂ ਲਾਗੂ ਨਹੀਂ ਕੀਤੀ ਸਗੋਂ ਸਰਕਾਰ ਨੇ ਕਿਸਾਨ ਵਿਰੋਧੀ ਫ਼ੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਫ਼ਸਲ ਬੀਮਾ ਯੋਜਨਾ ਠੀਕ ਤਰੀਕੇ ਨਾਲ ਲਾਗੂ ਨਹੀਂ ਹੋਈ। ਫ਼ਸਲਾਂ ’ਤੇ ਸੂਬਾ ਸਰਕਾਰਾ ਜੋ ਬੋਨਸ ਦਿੰਦੀਆਂ ਸਨ, ਉਹ ਵੀ ਕੇਂਦਰ ਦੇ ਹੁਕਮਾਂ ’ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਖੇਤੀਬਾੜੀ ਦੀਆਂ ਫ਼ਸਲਾਂ ਨਾਲ ਸਬੰਧਿਤ ਸਾਮਾਨ ’ਤੇ ਜੀਐਸਟੀ ਲਗਾ ਦਿੱਤਾ ਗਿਆ ਹੈ ਜਿਸ ਨਾਲ ਕਿਸਾਨਾਂ ਦੇ ਖ਼ਰਚੇ ਵਧ ਗਏ ਹਨ। ਡੀਜ਼ਲ ਦੇ ਵਿਚ ਵੱਡਾ ਵਾਧਾ ਕੀਤਾ ਗਿਆ ਹੈ ਜਿਸ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਦਮਾਂ ਨਾਲ ਕਿਸਾਨ ਖ਼ੁਦਕੁਸ਼ੀਆਂ ਵੱਲ ਵਧ ਗਏ ਪਰ ਸਰਕਾਰ ਕੋਲ ਖ਼ੁਦਕੁਸ਼ੀਆਂ ਰੋਕਣ ਲਈ ਕੋਈ ਵੀ ਯੋਜਨਾ ਨਹੀਂ ਹੈ।
ਰਾਹੁਲ ਗਾਂਧੀ ਵਲੋਂ ਚੋਣਾਂ ਮੌਕੇ ਕਿਸਾਨ ਪੈਨਸ਼ਨ ਯੋਜਨਾ ਦੇ ਐਲਾਨ ਸਬੰਧੀ ਉਨ੍ਹਾਂ ਕਿਹਾ ਕਿ ਇਹ ਇੱਕ ਚੋਣ ਸਟੰਟ ਹੈ ਕਾਂਗਰਸ ਕਿਸਾਨਾਂ ਦੀਆਂ ਵੋਟਾਂ ਲੈਣ ਲਈ ਫੋਕੇ ਐਲਾਨ ਕਰ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੁੱਝ ਕਾਰਪੋਰੇਟ ਅਦਾਰਿਆਂ ਨੂੰ ਰਿਆਇਤਾਂ ਦੇਣ ਦੀ ਥਾਂ ਰੁਲ ਰਹੇ ਕਿਸਾਨਾਂ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਮਜ਼ਬੂਤ ਬਣਾਵੇ ਤਾਂ ਜੋ ਆਪਣੇ ਦੇਸ਼ ਲਈ ਮਜ਼ਬੂਤੀ ਨਾਲ ਕੰਮ ਕਰ ਸਕੇ।


Comments Off on ਭਾਰਤੀ ਕਿਸਾਨ ਯੂਨੀਅਨ ਦੋਆਬਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.