1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਭਗਵੰਤ ਮਾਨ ਤਿੰਨ ਲੱਖ ਵੋਟਾਂ ਨਾਲ ਜਿੱਤੇਗਾ: ਕੇਜਰੀਵਾਲ

Posted On May - 15 - 2019

ਸੰਗਰੂਰ ’ਚ ਰੋਡ ਸ਼ੋਅ ਦੌਰਾਨ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਉਮੀਦਵਾਰ ਭਗਵੰਤ ਮਾਨ। -ਫੋਟੋ: ਲਾਲੀ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਮਈ
ਅਰਵਿੰਦ ਕੇਜਰੀਵਾਲ ਨੇ ਅੱਜ ਲਗਾਤਾਰ ਦੂਜੇ ਦਿਨ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬੱਬਰ ਸ਼ੇਰ, ਇਮਾਨਦਾਰ ਅਤੇ ਪੰਜਾਬ ਦੀ ਸ਼ਾਨ ਦੱਸਦਿਆਂ ਲੋਕਾਂ ਨੂੰ ਉਸ ਨੂੰ ਜਿਤਾਉਣ ਦੀ ਅਪੀਲ ਕੀਤੀ। ਧੂਰੀ ਰੋਡ ’ਤੇ ਮੈਕਸ ਆਟੋ ਨੇੜੇ ਨੌਜਵਾਨਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਉਂਦਿਆਂ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਵਿਰੋਧ ਕਰਨ ਵਾਲਿਆਂ ਨੂੰ ਅੱਗੇ ਨਹੀਂ ਵਧਣ ਦਿੱਤਾ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਅਰਵਿੰਦ ਕੇਜਰੀਵਾਲ ਨੇ ਅੱਜ ਹਲਕਾ ਧੂਰੀ ਦੇ ਪਿੰਡਾਂ ਅਤੇ ਸ਼ਹਿਰ ਵਿਚ ਭਗਵੰਤ ਮਾਨ ਦੇ ਹੱਕ ਵਿਚ ਰੋਡ ਸ਼ੋਅ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ’ਤੇ ਪੰਜਾਬ ਦਾ ਦਿੱਲੀ ਦੀ ਤਰਜ਼ ’ਤੇ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ।
ਬਰਨਾਲਾ (ਖੇਤਰੀ ਪ੍ਰਤੀਨਿਧ): ਭਗਵੰਤ ਮਾਨ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਲੰਘੀ ਦੇਰ ਰਾਤ ਅਰਵਿੰਦ ਕੇਜਰੀਵਾਲ ਬਰਨਾਲਾ ਪੁੱਜੇ। ਸਥਾਨਕ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਰਾਤ ਦੇ ਪੜਾਅ ਮਗਰੋਂ ਸ੍ਰੀ ਕੇਜਰੀਵਾਲ ਸਵੇਰੇ ਬਰਨਾਲਾ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਚ ਸੈਰ ਲਈ ਆਏ ਲੋਕਾਂ ਨੂੰ ਮਿਲੇ।
ਧਨੌਲਾ (ਨਿੱਜੀ ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿਚ ਅੱਜ ਰੋਡ ਸ਼ੋਅ ਦੌਰਾਨ ਦਾਅਵਾ ਕੀਤਾ ਕਿ ਇਸ ਵਾਰ ਭਗਵੰਤ ਮਾਨ ਤਿੰਨ ਲੱਖ ਦੀ ਲੀਡ ਨਾਲ ਜਿੱਤ ਹਾਸਲ ਕਰੇਗਾ।
ਕੇਜਰੀਵਾਲ ਨੇ ਆਖਿਆ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਸਿਰਫ਼ ਆਮ ਆਦਮੀ ਪਾਰਟੀ ਹੀ ਸਮਰੱਥ ਹੈ। ਭਗਵੰਤ ਮਾਨ ਨੇ ਆਖਿਆ ਕਿ ਵਿਰੋਧੀ ਉਨ੍ਹਾਂ ਨੂੰ ਜਿੰਨੀਆਂ ਮਰਜ਼ੀ ਗਾਲ੍ਹਾਂ ਕੱਢ ਲੈਣ ਪਰ ਨਤੀਜਿਆਂ ਨੇ ਉਨ੍ਹਾਂ ਦੀ ਬੋਲਤੀ ਬੰਦ ਕਰ ਦੇਣੀ ਹੈ।
ਸ਼ੇਰਪੁਰ (ਪੱਤਰ ਪ੍ਰੇਰਕ): ਅਰਵਿੰਦ ਕੇਜਰੀਵਾਲ ਨੇ ਸ਼ੇਰਪੁਰ, ਕਾਤਰੋਂ, ਘਨੌਰੀ ਵਿਚ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਆਮ ਲੋਕਾਂ ਦੇ ਨਾਲ-ਨਾਲ ਵਪਾਰੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਲਾਰੇ ਲਾ ਕੇ ਪੰਜਾਬ ਦੀ ਸੱਤਾ ਹਥਿਆਈ ਹੈ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਅੱਜ ਇੱਥੇ ਮੁੱਖ ਬਾਜ਼ਾਰ ਵਿਚ ਭਗਵੰਤ ਮਾਨ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਦੁਬਾਰਾ ਰਿਕਾਰਡ ਤੋੜ ਵੋਟਾਂ ਨਾਲ ਜਿਤਾ ਕੇ ਸੰਸਦ ਵਿਚ ਭੇਜਿਆ ਜਾਵੇ।

ਘੁੱਗੀ ਤੇ ਭਗਵੰਤ ਮਿਹਣੋ-ਮਿਹਣੀ ਹੋਏ

ਧਨੌਲਾ (ਨਿੱਜੀ ਪੱਤਰ ਪ੍ਰੇਰਕ): ‘ਆਪ’ ਦੇ ਕਨਵੀਨਰ ਰਹੇ ਗੁਰਪ੍ਰੀਤ ਸਿੰਘ ਘੁੱਗੀ ਤੇ ਭਗਵੰਤ ਮਾਨ ਮਿਹਣੋ-ਮਿਹਣੀ ਹੋ ਗਏ। ਘੁੱਗੀ ਨੇ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਆਖਿਆ ਕਿ ਭਗਵੰਤ ਮਾਨ ਨੇ ਅਜਿਹਾ ਕੁਝ ਨਹੀਂ ਕੀਤਾ, ਜਿਸ ਨੂੰ ਲੋਕ ਯਾਦ ਰੱਖਣ। ਇਸ ’ਤੇ ਭਗਵੰਤ ਮਾਨ ਨੇ ਆਖਿਆ ਕਿ ਘੁੱਗੀ ਨੂੰ ਕਦੇ ਕਿਸੇ, ਕਦੇ ਕਿਸੇ ਟਾਹਣੀ ’ਤੇ ਬੈਠਣ ਦੀ ਆਦਤ ਹੁੰਦੀ ਹੈ। ਉਨ੍ਹਾਂ ਆਖਿਆ ਕਿ ਉਹ ਘੁੱਗੀ ਨੂੰ ‘ਕਾਂਗਰਸੀ ਟਾਹਣੀ’ ਦੀ ਮੁਬਾਰਕ ਦਿੰਦੇ ਹਨ।

ਸਾਬਕਾ ‘ਆਪ’ ਵਰਕਰਾਂ ਨੇ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਦਿਖਾਈਆਂ

ਮਹਿਲ ਕਲਾਂ (ਪੱਤਰ ਪ੍ਰੇਰਕ): ਅੱਜ ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਦੇ ਕਾਫ਼ਲੇ ਨੂੰ ਸਾਬਕਾ ‘ਆਪ’ ਵਾਲੰਟੀਅਰਾਂ ਨੇ ਪਿੰਡ ਕਰਮਗੜ੍ਹ ਤੇ ਨੰਗਲ ਦੇ ਵਿਚਕਾਰ ਕਾਲੀਆਂ ਝੰਡੀਆ ਦਿਖਾਈਆਂ। ਇਨ੍ਹਾਂ ਸਾਬਕਾ ਵਾਲੰਟੀਅਰਾਂ ਨੇ ਕਿਹਾ ਕਿ ਉਨ੍ਹਾਂ ਨੇ ਭਗਵੰਤ ਮਾਨ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦਿੱਤਾ ਸੀ ਪਰ ਜਿੱਤਣ ਤੋਂ ਬਾਅਦ ਇਹ ਆਗੂ ਵਾਲੰਟੀਅਰਾਂ ਪ੍ਰਤੀ ਹੀ ਤਾਨਾਸ਼ਾਹ ਹੋ ਗਿਆ।


Comments Off on ਭਗਵੰਤ ਮਾਨ ਤਿੰਨ ਲੱਖ ਵੋਟਾਂ ਨਾਲ ਜਿੱਤੇਗਾ: ਕੇਜਰੀਵਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.