ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਬੱਸਾਂ ਅਤੇ ਵਿਦਿਆਰਥੀ

Posted On May - 3 - 2019

ਅਮਨਦੀਪ ਕੌਰ

ਵਿਦਿਆਰਥੀ ਜ਼ਿੰਦਗੀ ਬਹੁਤ ਸੰਘਰਸ਼ ਭਰਪੂਰ ਹੁੰਦੀ ਹੈ। ਉਨੀਂਦਰੀਆਂ ਅੱਖਾਂ ਵਿਚ ਪਨਪ ਰਹੇ ਸੁਪਨਿਆਂ ਦੀ ਖ਼ੁਮਾਰੀ ਵਿਚ ਹੀ ਵਿਦਿਆਰਥੀ ਭੱਜਾ ਤੁਰਿਆ ਰਹਿੰਦਾ ਹੈ। ਰਸਤਾ ਕਿੰਨਾ ਹੀ ਕਠਿਨ ਕਿਉਂ ਨਾ ਹੋਵੇ ਪਰ ਸੁਪਨਿਆਂ ਦੀ ਪਰਵਾਜ਼ ਧਰਤੀ ‘ਤੇ ਉਨ੍ਹਾਂ ਦੇ ਪੈਰ ਨਹੀਂ ਲੱਗਣ ਦਿੰਦੀ। ਸ਼ਾਇਦ ਇਸੇ ਕਰਕੇ ਵਿਦਿਆਰਥੀ ਉਮਰੇ ਝੱਲੀਆਂ ਤੰਗੀਆਂ ਤੁਰਸ਼ੀਆਂ ਨੂੰ ਯਾਦ ਕਰਕੇ ਸਾਡੇ ਚਿਹਰੇ ‘ਤੇ ਸਕੂਨ ਭਰੀ ਮੁਸਕਰਾਹਟ ਫੈਲ ਜਾਂਦੀ ਹੈ। ਉਨ੍ਹਾਂ ਦੀ ਯਾਦ ਸਾਨੂੰ ਕਦੀ ਉਦਾਸ ਨਹੀਂ ਕਰਦੀ।
ਪਿੰਡਾਂ ਤੋਂ ਸ਼ਹਿਰਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਇਹ ਹੋਰ ਵੀ ਰੋਮਾਂਚਕਾਰੀ ਪੜਾਅ ਹੁੰਦਾ ਹੈ। ਬੱਸਾਂ ਵਿਦਿਆਰਥੀਆਂ ਦੇ ਆਪਣੀਆਂ ਵਿਦਿਅਕ ਸੰਸਥਾਵਾਂ (ਖਾਸ ਕਰ ਸਰਕਾਰੀ ਸੰਸਥਾਵਾਂ) ਤੱਕ ਪਹੁੰਚਣ ਦਾ ਇਕੋ-ਇਕ ਜ਼ਰੀਆ ਹੁੰਦੀਆਂ ਹਨ। ਪੰਜਾਬ ਦੀ 70% ਵਸੋਂ ਪਿੰਡਾਂ ਵਿਚ ਵੱਸਦੀ ਹੈ। ਪਿੰਡਾਂ ਵਿਚੋਂ ਬੱਚੇ ਆਪਣੇ ਸੁਨਿਹਰੇ ਭਵਿੱਖ ਦੀ ਕੰਨੀ ਫੜ ਸ਼ਹਿਰ ਵੱਲ ਵਹੀਰਾਂ ਘੱਤ ਲੈਂਦੇ ਹਨ, ਕਿਉਂਕਿ ਉਚੇਰੀ ਸਿੱਖਿਆ ਸੰਸਥਾਵਾਂ ਅਜੇ ਸ਼ਹਿਰਾਂ ਤੱਕ ਹੀ ਸੀਮਿਤ ਹਨ। ਇਨ੍ਹਾਂ ਵਿਦਿਆਰਥੀਆਂ ਲਈ ਸਭ ਤੋਂ ਕਾਰਗਰ ਸਾਧਨ ਸਰਕਾਰੀ ਬੱਸਾਂ ਸਾਬਿਤ ਹੁੰਦੀਆਂ ਹਨ।
ਸਰਕਾਰੀ ਬੱਸਾਂ ਵਿਚ ਵਿਦਿਆਰਥੀਆਂ ਲਈ ਰਿਆਇਤੀ ਬੱਸ ਪਾਸ ਦੀ ਸਹੂਲਤ ਹੈ ਜਿਸ ਵਿਚ ਘੱਟ ਕੀਮਤ ‘ਤੇ ਪਾਸ ਬਣਾਏ ਜਾਂਦੇ ਹਨ। ਪਹਿਲਾਂ ਇਹ ਬੱਸ ਪਾਸ ਪ੍ਰਾਈਵੇਟ ਬੱਸਾਂ ਵਿਚ ਵੀ ਮੰਨਣਯੋਗ ਸਨ ਜਾਂ ਰਿਆਇਤੀ ਪਾਸ ਕੋਲ ਹੋਣ ਦੀ ਸੂਰਤ ਵਿਚ ਵਿਦਿਆਰਥੀ ਦੀ ਅੱਧੀ ਟਿਕਟ ਲੱਗਦੀ ਸੀ। ਵਿਦਿਆਰਥੀ ਹੋਣ ਦੇ ਸਬੂਤ ਵਜੋਂ ਉਨ੍ਹਾਂ ਨੂੰ ਆਪਣਾ ‘ਪਛਾਣ ਪੱਤਰ’ ਦਿਖਾਉਣਾ ਹੁੰਦਾ ਸੀ। ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀ ਲਈ ਇਹ ਕਿਸੇ ਨਿਆਮਤ ਤੋਂ ਘੱਟ ਨਹੀਂ ਸੀ ਪਰ ਹੁਣ ਪ੍ਰਾਈਵੇਟ ਬੱਸਾਂ ਵਿਚ ਅਜਿਹੀ ਸਹੂਲਤ ਵਿਦਿਆਰਥੀਆਂ ਨੂੰ ਨਹੀਂ ਮਿਲਦੀ।
ਰੋਜ਼ਾਨਾ ਹਜ਼ਾਰਾਂ ਵਿਦਿਆਰਥੀ ਸਰਕਾਰੀ ਬੱਸਾਂ ਵਿਚ ਸਫ਼ਰ ਕਰਦੇ ਹਨ। ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਹਰ ਸਾਲ ਸਿਰਫ਼ ਪਟਿਆਲੇ ਜ਼ਿਲ੍ਹੇ ਵਿਚ ਸਕੂਲਾਂ-ਕਾਲਜਾਂ ਦੇ ਤਕਰੀਬਨ 20000 ਵਿਦਿਆਰਥੀਆਂ ਨੂੰ ਪਾਸ ਜਾਰੀ ਕੀਤੇ ਜਾਂਦੇ ਹਨ। ਪਹਿਲਾਂ ਹਰ ਤਿੰਨ ਮਹੀਨੇ ਬਾਅਦ ਵਿਦਿਆਰਥੀਆਂ ਨੂੰ ਆਪਣਾ ਪਾਸ ਨਵਿਆਉਣ ਲਈ ਸਬੰਧਿਤ ਬੱਸ ਸਟੈਂਡ ਜਾਣਾ ਪੈਂਦਾ ਸੀ ਜਿਸ ਕਰਕੇ ਵਿਦਿਆਰਥੀਆਂ ਨੂੰ ਬਹੁਤ ਦਿੱਕਤ ਆਉਂਦੀ ਸੀ। ਪਿੱਛੇ ਜਿਹੇ ਪੀਆਰਟੀਸੀ ਨੇ ਫ਼ੈਸਲਾ ਕੀਤਾ ਕਿ ਵਿਦਿਆਰਥੀਆਂ ਦੇ ਪਾਸ ਉਨ੍ਹਾਂ ਦੀਆਂ ਸੰਸਥਾਵਾਂ ਵਿਚ ਹੀ ਬਣਿਆ ਅਤੇ ਨਵਿਆਏ ਜਾਇਆ ਕਰਨਗੇ। ਪੀਆਰਟੀਸੀ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਟੀਮਾਂ ਵੱਖ ਵੱਖ ਸੰਸਥਾਵਾਂ ਵਿਚ ਖੁਦ ਰਿਆਇਤੀ ਪਾਸ ਨਾਲ ਸਬੰਧਤ ਕੰਮ ਨਿਬੇੜਨ ਜਾਣਗੀਆਂ। ਇਸ ਫ਼ੈਸਲੇ ਨਾਲ ਵਿਦਿਆਰਥੀਆਂ ਨੂੰ ਕਾਫੀ ਰਾਹਤ ਮਿਲੀ ਹੈ। ਹੁਣ ਉਨ੍ਹਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਸ ਸਟੈਂਡ ਕਤਾਰ ਵਿਚ ਖੜ੍ਹਨ ਦੀ ਜ਼ਰੂਰਤ ਨਹੀਂ।
ਪਿਛਲੇ ਕੁੱਝ ਸਮੇਂ ਤੋਂ ਆ ਰਹੀਆਂ ਖ਼ਬਰਾਂ ਨਿਰਾਸ਼ ਕਰਨ ਵਾਲੀਆਂ ਹਨ। ਕਾਲਜ ਜਾਣ ਸਮੇਂ ਸਰਕਾਰੀ ਡਰਾਈਵਰ ਬੱਸਾਂ ਨਹੀਂ ਰੋਕਦੇ ਅਤੇ ਆਉਣ ਸਮੇਂ ਵਿਦਿਆਰਥੀਆਂ ਨੂੰ ਬੱਸ ਵਿਚ ਪਹਿਲਾਂ ਬੈਠਣ ਤੋਂ ਗੁਰੇਜ਼ ਕਰਨ ਲਈ ਕਿਹਾ ਜਾਂਦਾ ਹੈ ਤਾਂ ਜੋ ਦੂਜੀਆਂ ਸਵਾਰੀਆਂ ਪਹਿਲਾਂ ਚੜ੍ਹ ਸਕਣ। ਛੁੱਟੀ ਵਾਲੇ ਦਿਨ ਕਈ ਕੰਡਕਟਰਾਂ ਨੂੰ ਵਿਦਿਆਰਥੀਆਂ ਨਾਲ ਉਲਝਦੇ ਦੇਖਿਆ ਹੈ। ਸਰਕਾਰੀ ਛੁੱਟੀ ਦੌਰਾਨ ਕਈ ਸਰਕਾਰੀ ਵਿਦਿਆਲੇ ਖੁੱਲ੍ਹੇ ਰਹਿੰਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਇਸ ਵਿਚ ਵਿਦਿਆਰਥੀਆਂ ਦਾ ਕੀ ਕਸੂਰ? ਉਨ੍ਹਾਂ ਨੇ ਤਾਂ ਯੂਨੀਵਰਸਿਟੀ ਜਾਣਾ ਹੋਇਆ। ਕਿਹੜੀਆਂ ਸਰਕਾਰੀ ਛੁੱਟੀਆਂ ਕਿਹੜੀਆਂ ਸਰਕਾਰੀ ਸੰਸਥਾਵਾਂ ‘ਤੇ ਕਿਸ ਤਰ੍ਹਾਂ ਲਾਗੂ ਹੋਣਗੀਆਂ, ਇਸ ਵਿਚ ਪਾਰਦਰਸ਼ਤਾ ਲਿਆਉਣ ਦੀ ਜ਼ਰੂਰਤ ਹੈ ਅਤੇ ਇਸ ਦੀ ਜਾਣਕਾਰੀ ਬੱਸ ਮੁਲਾਜ਼ਮਾਂ, ਖ਼ਾਸ ਕਰ ਕੰਡਕਟਰਾਂ ਨੂੰ ਹੋਣੀ ਲਾਜ਼ਮੀ ਹੈ ਤਾਂ ਜੋ ਕਿਸੇ ਕਿਸਮ ਦੀ ਗ਼ਲਤਫਹਿਮੀ ਤੋਂ ਬਚਿਆ ਜਾ ਸਕੇ।
ਡਰਾਈਵਰਾਂ-ਕੰਡਕਟਰਾਂ ਅਤੇ ਵਿਦਿਆਰਥੀਆਂ ਦਰਮਿਆਨ ਵਧ ਰਿਹਾ ਫ਼ਾਸਲਾ ਚਿੰਤਾ ਦਾ ਵਿਸ਼ਾ ਹੈ। ਕੰਡਕਟਰਾਂ ਨਾਲ ਵਿਦਿਆਰਥੀਆਂ ਦੀਆਂ ਝੜਪਾਂ, ਵਿਦਿਆਰਥੀਆਂ ਦੀ ਭਰਮਾਰ ਵਾਲੇ ਬੱਸ ਅੱਡਿਆਂ ‘ਤੇ ਡਰਾਈਵਰਾਂ ਦਾ ਬੱਸਾਂ ਨਾ ਰੋਕਣਾ, ਬੱਸਾਂ ਰੁਕਵਾਉਣ ਲਈ ਵਿਦਿਆਰਥੀਆਂ ਦੇ ਧਰਨੇ ਆਦਿ ਰੋਜ਼ ਦੇ ਵਰਤਾਰੇ ਹਨ। ਮਸਤੂਆਣਾ ਸਾਹਿਬ ਵਿਚ ਲੰਮੇ ਸਮੇਂ ਤੋਂ ਸਰਕਾਰੀ ਬੱਸਾਂ ਦੇ ਨਾ ਰੁਕਣ ਦੇ ਰੋਸ ਵਜੋਂ ਵਿਦਿਆਰਥੀਆਂ ਨੇ ਧਰਨਾ ਲਾਇਆ। ਬੱਸਾਂ ਰੋਕਣ ਬਾਰੇ ਨੋਟਿਸ ਜਾਰੀ ਕਰਨ ਦੇ ਬਾਵਜੂਦ ਬੱਸਾਂ ਰੁਕਣੀਆਂ ਸ਼ੁਰੂ ਨਹੀਂ ਹੋਈਆਂ ਜਿਸ ਤੋਂ ਅੱਕ ਕੇ ਵਿਦਿਆਰਥੀਆਂ ਨੂੰ ਧਰਨਾ ਲਾਉਣਾ ਪਿਆ।
ਡਰਾਈਵਰਾਂ ਅਤੇ ਕੰਡਕਟਰਾਂ ਦੀ ਸਰਕਾਰ ਨਾਲ ਆਪਣੀ ਲੜਾਈ ਚੱਲ ਰਹੀ ਹੈ। ਸਰਕਾਰ ਉਨ੍ਹਾਂ ਨੂੰ ਪੂਰੀਆਂ ਤਨਖਾਹਾਂ ਉੱਤੇ ਰੈਗੂਲਰ ਨਹੀਂ ਕਰ ਰਹੀ। ਕੀ ਉਹ ਇਹ ਆਸ ਕਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਵਿਰੁੱਧ ਆਪਣੇ ਹੱਕਾਂ ਲਈ ਲੜੀ ਜਾਣ ਵਾਲੀ ਲੜਾਈ ਵਿਚ ਵਿਦਿਆਰਥੀ ਉਨ੍ਹਾਂ ਦੀ ਹਮਾਇਤ ਕਰਨਗੇ ਜਿਨ੍ਹਾਂ ਨੂੰ ਉਹ ਨਾਜ਼ਾਇਜ ਹੀ ਪ੍ਰੇਸ਼ਾਨ ਕਰ ਰਹੇ ਹਨ। ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ ਹਰ ਰੂਟ ‘ਤੇ ਹੀ ਬੱਸਾਂ ਦਾ ਕਾਫੀ ਮਾੜਾ ਹਾਲ ਹੈ।
ਬੱਸਾਂ ਦੇ ਮੁਲਾਜ਼ਮਾਂ ਦੁਆਰਾ ਆਮ ਸਵਾਰੀਆਂ ਨਾਲ ਬਦਸਲੂਕੀ ਕਰਨ ਦੀਆਂ ਘਟਨਾਵਾਂ ਬੜੀ ਤਾਦਾਦ ਵਿਚ ਸਾਹਮਣੇ ਆਉਂਦੀਆਂ ਹਨ। ਅਜਿਹੇ ਵਰਤਾਉ ਨਾਲ ਮੁਲਾਜ਼ਮ ਆਪਣੇ ਆਪ ਨੂੰ ਆਮ ਲੋਕਾਂ ਨਾਲੋਂ ਤੋੜ ਰਹੇ ਹਨ। ਸਰਕਾਰ ਤਾਂ ਪਹਿਲਾਂ ਤੋਂ ਹੀ ਅਜਿਹੀਆਂ ਨੀਤੀਆਂ ਘੜਨ ਵਿਚ ਮਸਰੂਫ ਹੈ ਜਿਸ ਨਾਲ ਆਮ ਲੋਕ ਅਤੇ ਸਰਕਾਰੀ ਮੁਲਾਜ਼ਮ ਆਪਸ ਵਿਚ ਇਕੱਠੇ ਹੋ ਕੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਖਿਲਾਫ਼ ਆਵਾਜ਼ ਬੁਲੰਦ ਨਾ ਕਰ ਸਕਣ ਪਰ ਜੋ ਇਹ ਸਰਕਾਰੀ ਮੁਲਾਜ਼ਮ ਵਰਤਾਓ ਕਰ ਰਹੇ ਹਨ, ਇਸ ਤਰ੍ਹਾਂ ਕਰਨ ਨਾਲ ਕੀ ਇਹ ਉਮੀਦ ਕਰ ਸਕਦੇ ਹਨ ਕਿ ਕੱਲ੍ਹ ਨੂੰ ਸਰਕਾਰ ਨਾਲ ਟਕਰਾਉ ਦੇ ਖਿਲਾਫ਼ ਸਰਗਰਮੀ ਵਿਚ ਆਮ ਲੋਕ ਉਨ੍ਹਾਂ ਦੀ ਹਮਾਇਤ ‘ਤੇ ਆਉਣਗੇ? ਅੱਜਕੱਲ੍ਹ ਵਿਦਿਆਰਥੀਆਂ ਵਿਚ ਲੜਕੀਆਂ ਵੱਧ ਹੁੰਦੀਆਂ ਹਨ। ਕੀ ਅਸੀਂ ਅਜਿਹਾ ਕਰਕੇ ਉਨ੍ਹਾਂ ਦੀ ਸਿੱਖਿਆ ਪ੍ਰਾਪਤੀ ਵਿਚ ਤਾਂ ਅੜਿੱਕਾ ਤਾਂ ਨਹੀਂ ਬਣ ਰਹੇ?
ਇਸ ਤਸਵੀਰ ਦਾ ਦੂਜਾ ਪਾਸਾ ਇਹ ਹੈ ਕਿ ਅਕਸਰ ਹੀ ਅਸੀਂ ਸਰਕਾਰੀ ਬੱਸਾਂ ਦਾ ਬੜਾ ਮਜ਼ਾਕ ਉਡਾਉਂਦੇ ਹਨ। ਸਰਕਾਰੀ ਬੱਸਾਂ ਦੀ ਖ਼ਸਤਾ ਹਾਲਤ ਕਰਕੇ ਉਨ੍ਹਾਂ ‘ਤੇ ਫ਼ਿਰਕੇ ਕਸੇ ਜਾਂਦੇ ਹਨ। ‘ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਬੂਹਾ ਨਾ ਕੋਈ ਬਾਰੀ’ ਅਕਸਰ ਸੁਣਨ ਨੂੰ ਮਿਲਦਾ ਹੈ ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਅਗਰ ਰੋਡਵੇਜ਼ ਦੀ ਲਾਰੀ ਨਾ ਹੋਵੇ ਤਾਂ ਵਿਦਿਆਰਥੀਆਂ ਦਾ ਕੀ ਬਣੇ, ਉਨ੍ਹਾਂ ਦੇ ਸੁਪਨਿਆਂ, ਚਾਵਾਂ ਨੂੰ ਉਡਾਰੀ ਦੇ ਕੇ ਕੌਣ ਸ਼ਹਿਰ ਪਹੁੰਚਾਵੇ? ਅਕਸਰ ਦੇਖਿਆ ਹੈ ਕਿ ਜੇ ਵਿਦਿਆਰਥੀਆਂ ਕੋਲ ਰਿਆਇਤੀ ਬੱਸ ਪਾਸ ਹੈ ਤਾਂ ਉਹ ਸਰਕਾਰੀ ਬੱਸ ਦੀ ਉਡੀਕ ਕਰਦੇ ਹਨ ਪਰ ਜੇ ਉਨ੍ਹਾਂ ਕਿਰਾਇਆ ਲਾ ਕੇ ਜਾਣਾ ਹੋਵੇ ਤਾਂ ਪ੍ਰਾਈਵੇਟ ਬੱਸ ਨੂੰ ਪਹਿਲ ਦਿੰਦੇ ਹਨ।
ਆਪਣੇ ਮੁੱਢਲੇ ਵਿਦਿਆਰਥੀ ਜੀਵਨ ਦੌਰਾਨ ਮੈਨੂੰ ਅਤੇ ਮੇਰੀਆਂ ਦੋਸਤਾਂ ਨੂੰ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੁਆਰਾ ਕੀਤੀ ਬਦਤਮੀਜ਼ੀ ਦੀ ਕੋਈ ਘਟਨਾ ਯਾਦ ਨਹੀਂ; ਹਾਲਾਂਕਿ ਪ੍ਰਾਈਵੇਟ ਬੱਸਾਂ ਵਿਚ ਇਸ ਤਰ੍ਹਾਂ ਦੇ ਤਜਰਬੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸਰਕਾਰੀ ਬੱਸਾਂ ਦੇ ਮੁਲਾਜ਼ਮਾਂ (ਡਰਾਈਵਰਾਂ ਤੇ ਕੰਡਕਟਰਾਂ) ਦਾ ਵਿਦਿਆਰਥੀਆਂ ਪ੍ਰਤੀ ਰਵੱਈਆ ਆਮ ਕਰਕੇ ਸਹਿਯੋਗ ਵਾਲਾ ਹੀ ਰਿਹਾ ਹੈ। ਪੀਆਰਟੀਸੀ ਵਿਚ ਜੋ ਨਵੀਂ ਭਰਤੀ ਕੀਤੀ ਜਾ ਰਹੀ ਹੈ, ਸ਼ਾਇਦ ਉਨ੍ਹਾਂ ਦੀ ਨਿਰਾਸ਼ਤਾ ਵਿਦਿਆਰਥੀਆਂ ਨਾਲ ਇਸ ਤਰ੍ਹਾਂ ਦੇ ਵਿਹਾਰ ਦਾ ਕਾਰਨ ਬਣ ਰਹੀ ਹੋਵੇ! ਠੇਕਿਆਂ ‘ਤੇ ਕੀਤੀ ਜਾ ਰਹੀ ਭਰਤੀ, ਮਾਮੂਲੀ ਤਨਖਾਹ ਅਤੇ ਸੁਰੱਖਿਅਤ ਭਵਿੱਖ ਦੀ ਧੁੰਧਲੀ ਆਸ ਕਾਰਨ ਉਹ ਕਰਮਚਾਰੀ ਵੀ ਨਿਰਾਸ਼ਾ ਦਾ ਸ਼ਿਕਾਰ ਹੋ ਰਹੇ ਹੋਣਗੇ ਪਰ ਵਿਦਿਆਰਥੀਆਂ ਨਾਲ ਇਸ ਤਰ੍ਹਾਂ ਦਾ ਵਰਤਾਉ ਕਿਸੇ ਸਮੱਸਿਆ ਦਾ ਹੱਲ ਨਹੀਂ।
ਕੋਈ ਵੀ ਲੜਾਈ ਇਕਜੁੱਟਤਾ ਤੋਂ ਬਿਨਾ ਨਹੀਂ ਜਿੱਤੀ ਜਾ ਸਕਦੀ। ਪੀਆਰਟੀਸੀ ਨੂੰ ਭਰਤੀ ਕੀਤੇ ਨਵੇਂ ਮੁਲਾਜ਼ਮਾਂ ਦੀ ਸਿਖਲਾਈ ਲਈ ਵਰਕਸ਼ਾਪਾਂ ਲਾਉਣੀਆਂ ਚਾਹੀਦੀਆਂ ਹਨ ਜਿਸ ਵਿਚ ਉਨ੍ਹਾਂ ਨੂੰ ਆਮ ਲੋਕਾਂ ਨਾਲ ਪੇਸ਼ ਆਉਣ ਦਾ ਸਲੀਕਾ ਸਿਖਾਇਆ ਜਾ ਸਕੇ। ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਸਰਕਾਰੀ ਬੱਸ ਮੁਲਾਜ਼ਮਾਂ ਨੂੰ ਸਹਿਯੋਗ ਦੇਣ ਤਾਂ ਜੋ ਦਰਪੇਸ਼ ਚੁਣੌਤੀਆਂ ਤੇ ਮੁਸ਼ਕਿਲਾਂ ਨੂੰ ਰਲ-ਮਿਲ ਕੇ ਨਜਿੱਠਿਆ ਜਾ ਸਕੇ।

ਪਿੰਡ ਦੰਦਰਾਲਾ ਖਰੌਡ, ਤਹਿਸੀਲ ਨਾਭਾ,
ਜ਼ਿਲ੍ਹਾ ਪਟਿਆਲਾ।


Comments Off on ਬੱਸਾਂ ਅਤੇ ਵਿਦਿਆਰਥੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.