ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਬਾਰ੍ਹਵੀਂ ਜਮਾਤ ਦੀ ਪੜ੍ਹਾਈ ਤੋਂ ਬਾਅਦ ਕੀ ਕਰੀਏ?

Posted On May - 9 - 2019

ਡਾ. ਮਨਜੋਤ ਕੌਰ ਮਾਨਗੜ੍ਹ*

ਹਰ ਸਾਲ ਲੱਖਾਂ ਹੀ ਵਿਦਿਆਰਥੀ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਬੈਠਦੇ ਹਨ ਅਤੇ ਇਸ ਪ੍ਰੀਖਿਆ ਵਿੱਚੋਂ ਪ੍ਰਾਪਤ ਕੀਤੇ ਅੰਕ ਹੀ ਅੱਗੋਂ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਕਰਦੇ ਹਨ, ਕਿਉਂਕਿ ਭਾਰਤ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਕਿਸੇ ਚੰਗੇ ਵਿੱਦਿਅਕ ਅਦਾਰੇ ਵਿੱਚ ਦਾਖਲਾ ਦਿਵਾਉਣ ਵਿੱਚ ਇਨ੍ਹਾਂ ਅੰਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਅਜੋਕੇ ਵਿਗਿਆਨਕ ਯੁੱਗ ਵਿੱਚ ਬਹੁਤੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਤਾਂ ਹੋ ਜਾਂਦੇ ਹਨ ਪਰ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਉਹ ਕਿਸ ਡਿਗਰੀ, ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਅਤੇ ਕਿਵੇਂ ਲੈਣ?
ਜੇ ਤੁਸੀਂ 12ਵੀਂ ਕਰ ਰਹੇ ਕਿਸੇ ਵਿਦਿਆਰਥੀ ਨੂੰ ਪੁੱਛੋ ਕਿ ਉਸ ਨੇ 12ਵੀਂ ਤੋਂ ਬਾਅਦ ਕੀ ਕਰਨ ਬਾਰੇ ਸੋਚਿਆ ਹੈ, ਤਾਂ ਆਮ ਕਰਕੇ ਇਹ ਜਵਾਬ ਮਿਲਦਾ ਹੈ – ਡਾਕਟਰੀ, ਇੰਜਨੀਅਰਿੰਗ, ਆਈਲੈੱਟਸ ਜਾਂ ਫਿਰ ਪਤਾ ਨਹੀਂ। ਇਹ ਬੜੀ ਹੀ ਅਫਸੋਸ ਵਾਲੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣਾ ਭਵਿੱਖ ਕੁਝ ਗਿਣੇ-ਚੁਣੇ ਕਿੱਤਿਆਂ ਤੋਂ ਇਲਾਵਾ ਧੁੰਦਲਾ ਹੀ ਨਜ਼ਰ ਆਉਂਦਾ ਹੈ। ਜੋ ਵਿਦਿਆਰਥੀ 12ਵੀਂ ਜਮਾਤ ਪਾਸ ਕਰ ਕੇ ਕਿਸੇ ਚੰਗੇ ਵਿੱਦਿਅਕ ਅਦਾਰੇ ਤੋਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ, ਅੱਜ ਮੈਂ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਗ੍ਰਹਿ ਵਿਗਿਆਨ (ਹੁਣ ਕਮਿਊਨਟੀ ਵਿਗਿਆਨ) ਕਾਲਜ ਵੱਲੋਂ ਕਰਵਾਈਆਂ ਜਾਂਦੀਆਂ ਡੀਗਰੀਆਂ, ਇਸ ਦੇ ਵੱਖੋ-ਵੱਖਰੇ ਵਿਭਾਗਾਂ, ਇਨ੍ਹਾਂ ਦੇ ਸਕੋਪ, ਰੁਜ਼ਗਾਰ ਦੇ ਖੇਤਰ ਅਤੇ ਨੌਕਰੀ ਦੀ ਕਿਸਮ ਤੋਂ ਜਾਣੂ ਕਰਵਾਉਣਾ ਚਾਹੁੰਦੀ ਹਾਂ।

ਡਾ. ਮਨਜੋਤ ਕੌਰ ਮਾਨਗੜ੍ਹ*

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੂੰ ਸਿਰਫ਼ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੇ ਏਸ਼ੀਆ ਵਿੱਚ ਨੰਬਰ ਇੱਕ ਖੇਤੀਬਾੜੀ ਯੂਨੀਵਰਸਿਟੀ ਹੋਣ ਦਾ ਮਾਣ ਪ੍ਰਾਪਤ ਹੈ। ਪੀਏਯੂ ਵਿੱਚ ਕੁੱਲ ਪੰਜ ਮੁੱਖ ਕਾਲਜ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਹੈ ‘ਗ੍ਰਹਿ ਵਿਗਿਆਨ’ ਕਾਲਜ। ਗ੍ਰਹਿ ਵਿਗਿਆਨ ਸੁਣਦੇ ਹੀ ਜ਼ਿਆਦਾਤਰ ਲੋਕ ਇਹ ਸੋਚਦੇ ਹਨ ਕਿ ਇਹ ਕੋਈ ਰੋਟੀ ਪਕਾਉਣੀ ਸਿਖਾਉਣ ਵਾਲਾ ਜਾਂ ਫਿਰ ਘਰ ਦੇ ਕੰਮ ਸਿਖਾਉਣ ਵਾਲਾ ਕੁੜੀਆਂ ਦਾ ਕਾਲਜ ਹੋਵੇਗਾ। ਪਰ ਇਹ ਇੱਕ ਬਹੁਤ ਹੀ ਗਲਤ ਧਾਰਨਾ ਹੈ। ਪੀਏਯੂ ਦਾ ਗ੍ਰਹਿ ਵਿਗਿਆਨ ਕਾਲਜ ਸਹਿ-ਸਿੱਖਿਆ (ਕੋ-ਐਜੂਕੇਸ਼ਨ) ਹੈ ਅਤੇ ਏਥੇ ਮੁੱਖ ਤੌਰ ’ਤੇ ਦੋ ਅੰਡਰ-ਗਰੈਜੂਏਟ ਅਤੇ ਛੇ ਪੋਸਟ-ਗਰੈਜੂਏਟ ਡਿਗਰੀਆਂ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਬੀਐਸੀ (ਆਨਰਜ਼) ਕਮਿਊਨਿਟੀ ਵਿਗਿਆਨ, 4 ਸਾਲਾ ਡਿਗਰੀ ਅਤੇ ਦੂਸਰੀ ਬੀਐਸੀ (ਆਨਰਜ਼) ਪੋਸ਼ਣ ਅਤੇ ਡਾਈਟੀਸ਼ੀਅਨ, 4 ਸਾਲਾ ਡਿਗਰੀ।
ਗ੍ਰਹਿ ਵਿਗਿਆਨ ਇੱਕ ਅਜਿਹਾ ਖੇਤਰ ਹੈ ਜੋ ਪਰਿਵਾਰ ਅਤੇ ਭਾਈਚਾਰੇ ਦੀ ਜੀਵਨ ਸ਼ੈਲੀ ਵਿੱਚ ਗਿਆਨ ਵਿਗਿਆਨ ਨੂੰ ਕੇਂਦਰਿਤ ਕਰਦਾ ਹੈ। ਇਹ ਲੜਕੇ ਅਤੇ ਲੜਕੀਆਂ ਦੋਨਾਂ ਲਈ ਵਿਗਿਆਨ ਅਤੇ ਤਕਨੀਕੀ ਸਿੱਖਿਆ ਦੀ ਮੌਜੂਦਾ ਅਤੇ ਭਵਿੱਖ ਦੀ ਲੋੜ ਨੂੰ ਪੂਰਾ ਕਰਦਾ ਹੈ। ਗ੍ਰਹਿ ਵਿਗਿਆਨ ਦੀ ਸਿੱਖਿਆ ਇੱਕ ਸੰਗਠਿਤ ਘਰ ਦੀ ਜ਼ਿੰਦਗੀ ਲਈ ਇੱਕ ਸਿਲਸਿਲੇਵਾਰ ਸਿੱਖਿਆ ਹੈ ਜਿਸ ਵਿੱਚ ਘਰ ਵਿੱਚ ਰਹਿ ਰਹੇ ਲੋਕਾਂ ਦੀ ਬਦਲਦੀ ਵਿਗਿਆਨ ਦੀ ਤਰੱਕੀ ਅਤੇ ਵਿਹਾਰਕ ਤਬਦੀਲੀਆਂ ਸ਼ਾਮਿਲ ਹੁੰਦੀਆਂ ਹਨ ਜੋ ਕਿ ਸਮਾਜਿਕ ਭਾਈਚਾਰੇ ਨੂੰ ਪ੍ਰਭਾਵਿਤ ਕਰਦੀਆਂ ਹਨ। ਗ੍ਰਹਿ ਵਿਗਿਆਨ ਦੇ ਗਰੈਜੂਏਟ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿੱਤੀ, ਮਨੋਵਿਗਿਆਨਕ, ਸੱਭਿਆਚਾਰਕ ਅਤੇ ਸਮਾਜਿਕ ਸਿਹਤ ਅਨੁਸਾਰ ਪਰਿਵਾਰ ਅਤੇ ਵਿਅਕਤੀਗਤ ਤੰਦਰੁਸਤੀ ਨਾਲ ਨਜਿੱਠਣਾ ਵੀ ਸਿਖਾਇਆ ਜਾਂਦਾ ਹੈ। ਕਾਲਜ ਦੇ ਪੰਜ ਵਿਭਾਗ ਹਨ:
ਮਨੁੱਖੀ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ
ਭੋਜਨ ਅਤੇ ਪੋਸ਼ਣ ਵਿਭਾਗ
ਪ੍ਰਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ
ਕੱਪੜੇ ਅਤੇ ਟੈਕਸਟਾਈਲ ਵਿਗਿਆਨ ਵਿਭਾਗ
ਪਰਿਵਾਰਕ ਵਸੀਲੇ ਪ੍ਰਬੰਧਨ ਵਿਭਾਗ
ਬੀਐਸੀ (ਆਨਰਜ਼) ਕਮਿਊਨਿਟੀ ਵਿਗਿਆਨ ਕਰਨ ਤੋਂ ਬਾਅਦ ਇਸ ਦੇ ਪੰਜੋ ਵੱਖੋ-ਵੱਖਰੇ ਵਿਭਾਗਾਂ ਵਿੱਚ ਵਿਦਿਆਰਥੀ ਪੋਸਟ ਗਰੈਜੂਏਸ਼ਨ ਵੀ ਕਰ ਸਕਦੇ ਹਨ। ਗ੍ਰਹਿ ਵਿਗਿਆਨ ਵਿੱਚ ਸਿਖਲਾਈ ਪ੍ਰਾਪਤ ਵਿਦਿਆਰਥੀ ਖੋਜ ਵਿਸ਼ਲੇਸ਼ਕ ਜਾਂ ਪੋਸ਼ਣ ਸਲਾਹਕਾਰ ਦੇ ਰੂਪ ਵਿੱਚ ਸੁਤੰਤਰ ਤੌਰ ’ਤੇ ਕੰਮ ਕਰ ਸਕਦੇ ਹਨ। ਗ੍ਰਹਿ ਵਿਗਿਆਨ ਗਰੈਜੂਏਟ ਬੇਕਰੀ ਅਤੇ ਕਾਨਫ਼ੈਕਸ਼ਨਰੀ, ਆਰਟ ਅਤੇ ਕਰਾਫਟ, ਡਰੈੱਸ ਡਿਜਾਈਨਿੰਗ, ਨਰਸਰੀ ਸਕੂਲ ਅਤੇ ਕਰੈੱਚ ਆਦਿ ਵਿੱਚ ਵੀ ਆਪਣਾ ਉੱਦਮ ਸ਼ੁਰੂ ਕਰ ਸਕਦੇ ਹਨ। ਵਿਦਿਆਰਥੀ ਬੈਂਕਾਂ, ਬੀਮਾ ਕੰਪਨੀਆਂ, ਹਸਪਤਾਲਾਂ, ਸਿਹਤ ਕਲੀਨਿਕਾਂ, ਸਕੂਲਾਂ, ਕਾਲਜਾਂ, ਹਸਪਤਾਲਾਂ, ਹੌਜ਼ਰੀ ਅਤੇ ਟੈਕਸਾਈਲ ਉਦਯੋਗਾਂ ਦੇ ਡਿਜ਼ਾਇਨਰਾਂ, ਆਰਕੀਟੈਕਟਾਂ, ਸਰਕਾਰੀ ਜਾਂ ਗੈਰ-ਸਰਕਾਰੀ ਸਮਾਜ ਭਲਾਈ ਸੰਸਥਾਵਾਂ ਅਤੇ ਵੱਖੋ-ਵੱਖਰੇ ਸੰਗਠਨਾਂ ਦੇ ਵਿਕਾਸ ਮਾਹਿਰਾਂ ਦੇ ਸਲਾਹਕਾਰ ਦੇ ਰੂਪ ਵਿੱਚ ਵੀ ਕੰਮ ਕਰ ਸਕਦੇ ਹਨ। ਇਹ ਵਿਦਿਆਰਥੀ ਕਿਸੇ ਵੀ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਅਧਿਆਪਕ, ਲੈਕਚਰਾਰ ਜਾਂ ਪ੍ਰੋਫੈਸਰ ਲੱਗ ਸਕਦੇ ਹਨ। ਇਹ ਗਰੈਜੂਏਟ ਪੱਤਰਕਾਰਾਂ ਦੇ ਤੌਰ ’ਤੇ ਅਖਬਾਰਾਂ, ਰੇਡੀਓ ਅਤੇ ਟੀ.ਵੀ ਦੇ ਨਾਲ ਨਾਲ ਸਿੱਖਿਆ, ਖੋਜ ਅਤੇ ਵਿਸਥਾਰ ਦੀਆਂ ਨੌਕਰੀਆਂ ਲਈ ਵੀ ਜਾਂਦੇ ਹਨ। ਕਮਿਊਨਿਟੀ ਵਿਗਿਆਨ ਦੇ ਵੱਖੋ-ਵੱਖਰੇ ਵਿਭਾਗਾਂ ਵਿੱਚ ਪੋਸਟ ਗਰੈਜੂਏਸ਼ਨ ਕਰਨ ਤੋਂ ਬਾਅਦ ਵਿਦਿਆਰਥੀ ਬਾਲ ਵਿਕਾਸ ਅਧਿਕਾਰੀ (ਸੀਡੀਪੀਓ), ਖੋਜ ਸਹਾਇਕ, ਪੋਸ਼ਣ ਵਿਗਿਆਨੀ ਅਤੇ ਡਾਈਟੀਸ਼ੀਅਨ, ਸ਼ੈਫ਼ ਅਤੇ ਕੁੱਕ, ਬਾਲ ਮਨੋਵਿਗਿਆਨੀ, ਭੋਜਨਾਲਾ ਮੈਨੇਜਰ, ਬਾਲ ਸੰਭਾਲ ਤਜਰਬੇਕਾਰ, ਪੋਸ਼ਣ ਸਬੰਧੀ ਸਲਾਹਕਾਰ, ਭੋਜਨ ਸੇਵਾ ਪ੍ਰਬੰਧਕ, ਮਨੁੱਖੀ ਵਸੀਲਿਆਂ ਦੇ ਕਾਰਜਕਾਰੀ, ਸਿਹਤ ਸੰਭਾਲ ਕੇਂਦਰ ਅਤੇ ਸਲਾਹਕਾਰ ਡਾਈਟੀਸ਼ੀਅਨ ਆਦਿ ਦੇ ਤੌਰ ’ਤੇ ਵੀ ਸੇਵਾ ਨਿਭਾਅ ਸਕਦੇ ਹਨ। ਜਿਹੜੇ ਵਿਦਿਆਰਥੀ ਬਾਹਰਲੇ ਮੁਲਕਾਂ ਵਿੱਚ ਉਚੇਰੀ ਪੜ੍ਹਾਈ ਕਰਨ ਦੇ ਇੱਛੁਕ ਹਨ, ਉਨ੍ਹਾਂ ਲਈ ਵੀ ਗ੍ਰਹਿ ਵਿਗਿਆਨ ਦੀ ਡਿਗਰੀ ਇੱਕ ਸੁਨਹਿਰੀ ਮੌਕਾ ਹੈ। ਸੋ ਇਸ ਡਿਗਰੀ ਨੂੰ ਕਰਨ ਵਾਲੇ ਲੜਕੇ ਅਤੇ ਲੜਕੀਆਂ ਦੋਨਾਂ ਲਈ ਰੁਜ਼ਗਾਰ ਦੇ ਬਰਾਬਰ ਮੌਕੇ ਹਨ। ਇਨ੍ਹਾਂ ਡਿਗਰੀਆਂ ਲਈ ਯੂਨੀਵਰਸਿਟੀ ਵਿਚ ਦਾਖਲੇ ਸ਼ੁਰੂ ਹੋ ਗਏ ਹਨ। ਵਧੇਰੇ ਜਾਣਕਾਰੀ ਲਈ ਪੀਏਯੂ ਦੀ ਵੈਬਸਾਈਟ www.pau.edu ਨੂੰ ਦੇਖ ਸਕਦੇ ਹੋ।

*ਪ੍ਰਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ,
ਗ੍ਰਹਿ ਵਿਗਿਆਨ ਕਾਲਜ, ਪੀ.ਏ.ਯੂ
ਈਮੇਲ: manjot@pau.edu


Comments Off on ਬਾਰ੍ਹਵੀਂ ਜਮਾਤ ਦੀ ਪੜ੍ਹਾਈ ਤੋਂ ਬਾਅਦ ਕੀ ਕਰੀਏ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.