ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਫ਼ਿਲਮਾਂ ਦੇ ਬਨਾਰਸੀ ਰੰਗ

Posted On May - 18 - 2019

ਜਤਿੰਦਰ ਸਿੰਘ

ਬਨਾਰਸ ਹਿੰਦੋਸਤਾਨ ਦੀ ਗੰਗਾ-ਯਮੁਨਾ ਤਹਿਜ਼ੀਬ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਇਸ ਸ਼ਹਿਰ ਬਾਰੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵਿਚ ਬਾਖ਼ੂਬੀ ਜ਼ਿਕਰ ਕੀਤਾ ਹੈ। ਬਨਾਰਸ ਸ਼ਹਿਰ ਗੰਗਾ ਨਦੀ ਦੇ ਕੰਢੇ ’ਤੇ ਸਥਿਤ ਹੈ। ਸੰਸਕ੍ਰਿਤ ਭਾਸ਼ਾ ਤੇ ਗਿਆਨ ਪਰੰਪਰਾ ਦੇ ਖੇਤਰ ਵਿਚ ਇਸ ਸ਼ਹਿਰ ਦੀ ਆਪਣੀ ਪ੍ਰਸਿੱਧੀ ਹੈ। ਇਹ ਸ਼ਹਿਰ ਧਰਮ, ਮੋਕਸ਼ ਤੇ ਰਾਜਨੀਤੀ ਦੇ ਪੱਖ ਤੋਂ ਅਹਿਮ ਸਥਾਨ ਰੱਖਦਾ ਹੈ।
ਸਿਨਮਾ ਦੇ ਖੇਤਰ ਵਿਚ ਇਸਦਾ ਬਹੁਤ ਜ਼ਿਕਰ ਆਉਂਦਾ ਹੈ। ਖ਼ਾਸ ਤੌਰ ’ਤੇ ਬਹੁਚਰਚਿਤ ਰਹੀਆਂ ਫ਼ਿਲਮਾਂ ‘ਮਸਾਣ, ‘ਮੁਹੱਲਾ ਅੱਸੀ’, ‘ਬਨਾਰਸ’ ਤੇ ਤਾਮਿਲ ਫ਼ਿਲਮ ‘ਨਾਨ ਕਾਦਾਵੁਲ’। ‘ਨਾਨ ਕਾਦਾਵੁਲ’ ਫ਼ਿਲਮ ਤਾਮਿਲ ਨਾਵਲ ‘ਯਾਮਹਾਮ’ ਅਤੇ ‘ਮੁਹੱਲਾ ਅੱਸੀ’ ਫ਼ਿਲਮ ਡਾ. ਕਾਸ਼ੀਨਾਥ ਸਿੰਘ ਦੇ ਨਾਵਲ ‘ਕਾਸ਼ੀ ਕਾ ਅੱਸੀ’ ’ਤੇ ਆਧਾਰਿਤ ਹੈ। ‘ਬਨਾਰਸ’ ਤੇ ‘ਨਾਨ ਕਾਦਾਵੁਲ’ ਫ਼ਿਲਮਾਂ ਧਰਮ ਤੋਂ ਮੋਕਸ਼ ਵੱਲ ਯਾਤਰਾ ਵਿਚ ਸਮਾਏ ਲੋਕਾਂ ਦੀ ਗਾਥਾ ਹਨ ਕਿ ਮੋਕਸ਼ ਦੀ ਪ੍ਰਾਪਤੀ ਕਿਵੇਂ ਪਾਈ ਜਾ ਸਕੇ। ਜਦੋਂ ਸਮਾਜਿਕ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਬੰਦਾ ਮੋਕਸ਼ ਵੱਲ ਨੂੰ ਮੂੰਹ ਮੋੜ ਲੈਂਦਾ ਹੈ। ਦੂਜੇ ਪਾਸੇ ‘ਮੁਹੱਲਾ ਅੱਸੀ’ ਤੇ ‘ਮਸਾਣ’ ਵਰਗੀਆਂ ਫ਼ਿਲਮਾਂ ਹਨ। ਇਹ ਫਿਲਮਾਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਦੀਆਂ ਤਸਵੀਰਾਂ ਦੇ ਰੰਗ ਉਘਾੜਦੀਆਂ ਹਨ ਜਿਨ੍ਹਾਂ ਸ਼ਹਿਰ ਦੇ ਘਾਟਾਂ ’ਤੇ ਵਸੇਬਾ ਰੱਖਿਆ ਅਤੇ ਆਪਣੀ ਰੋਜ਼ੀ-ਰੋਟੀ ਦਾ ਜ਼ਰੀਆ ਵੀ ਬਣਾਇਆ ਹੋਇਆ ਹੈ। ‘ਮੁਹੱਲਾ ਅੱਸੀ’ ਫ਼ਿਲਮ ਵਿਚਲਾ ਬਿਰਤਾਂਤ 1988 ਤੋਂ 1998 ਦੇ ਹਿੰਦੋਸਤਾਨ ਦੇ ਹਾਲਾਤ ’ਤੇ ਚਾਨਣਾ ਪਾਉਂਦਾ ਹੈ ਕਿ ਕਿਵੇਂ ਉਸ ਸਮੇਂ ਮੰਦਰ ਤੇ ਮਸਜਿਦ ਵਿਚਾਲੇ ਵਿਵਾਦ ਦਾ ਮਾਹੌਲ ਗਰਮਾਇਆ ਹੋਇਆ ਸੀ। ਫ਼ਿਲਮ ਵਿਚ ਬੜੀ ਸਪੱਸ਼ਟਤਾ ਨਾਲ ਇਹ ਦਿਖਾਇਆ ਗਿਆ ਹੈ ਕਿ ਹਿੰਦੋਸਤਾਨੀ ਮੁਸਲਮਾਨ ਤਾਂ ਉਦੋਂ ਤਕ ਆਪਣੇ ਆਪ ਨੂੰ ਬਹੁਗਿਣਤੀ ਨਾਲੋਂ ਵੱਖਰਾ ਨਹੀਂ ਸਮਝਦੇ ਸਨ ਜਦੋਂ ਤਕ ਧਰਮਾਂ ਦੇ ਨਾਂ ’ਤੇ ਧਰੁਵੀਕਰਨ ਨਹੀਂ ਹੋਇਆ ਸੀ।

ਜਤਿੰਦਰ ਸਿੰਘ

‘ਮਸਾਣ’ ਤੇ ‘ਮੁਹੱਲਾ ਅੱਸੀ’ ਦੋਹਾਂ ਫ਼ਿਲਮਾਂ ਦੀ ਸਾਂਝ ਇਸ ਗੱਲ ’ਤੇ ਹੈ ਕਿ ‘ਮੁਹੱਲਾ ਅੱਸੀ’ ਬ੍ਰਾਹਮਣ ਸਮਾਜ ਦੇ ਲੋਕਾਂ ਦੀ ਜ਼ਿੰਦਗੀ ਜੋ ਬਨਾਰਸ ਦੇ ਘਾਟਾਂ ’ਤੇ ਗਿਆਨ, ਧਰਮ ਤੇ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਨਾਲ ਜੁੜੀ ਹੋਈ ਹੈ ਅਤੇ ਵਿਸ਼ਵੀਕਰਨ ਦੇ ਵਰਤਾਰੇ ਕਾਰਨ ਉਨ੍ਹਾਂ ਨੂੰ ਆਪਣੀ ਹੋਂਦ ਬਣਾਈ ਰੱਖਣ ਵਿਚ ਖ਼ਤਰਾ ਮਹਿਸੂਸ ਹੋ ਰਿਹਾ ਹੈ ਅਤੇ ਦੂਜੇ ਪਾਸੇ ‘ਮਸਾਣ’ ਫ਼ਿਲਮ ਵਿਚ ਡੂਮ ਜਾਤੀ ਦੇ ਲੋਕ ਜੋ ਗੰਗਾ ਦੇ ਘਾਟ ’ਤੇ ਮੁਰਦਿਆਂ ਨੂੰ ਸਾੜਨ ਦਾ ਕੰਮ ਕਰਦੇ ਹਨ, ਆਪਣੀ ਸਮਾਜਿਕ ਹੋਂਦ ਨੂੰ ਬਣਾਉਣ ਵਿਚ ਜੱਦੋ-ਜਹਿਦ ਕਰਦੇ ਨਜ਼ਰ ਆ ਰਹੇ ਹਨ। ਇਸ ਸ਼ਹਿਰ ਦੇ ਲੋਕਾਂ ਲਈ ਮੋਕਸ਼ ਪ੍ਰਾਪਤੀ ਦੇ ਵੱਖਰੇ-ਵੱਖਰੇ ਰਸਤੇ ਹਨ ਜਦੋਂ ਕਿ ਸਮਾਜਿਕ ਪਛਾਣ ਤੇ ਹੋਂਦ ਉਨ੍ਹਾਂ ਦਾ ਮੌਜੂਦਾ ਮਸਲਾ ਹੈ। ‘ਮੁਹੱਲਾ ਅੱਸੀ’ ਦੇ ਕਿਰਦਾਰ ਵਿਚ ਉਨ੍ਹਾਂ ਦੀ ਸਮਾਜਿਕ ਹੋਂਦ ਨੂੰ ਖੁਰਨ ਦਾ ਜੋ ਝੋਰਾ ਹੈ, ਉਹ ਉਨ੍ਹਾਂ ਦੀ ਸੰਵਾਦ ਦੀ ਭਾਸ਼ਾ ’ਚੋਂ ਨਜ਼ਰ ਆਉਂਦਾ ਹੈ। ਉਨ੍ਹਾਂ ਦੇ ਸੰਵਾਦ ਦੀ ਭਾਸ਼ਾ ਵਿਚ ਖਿੱਚ ਤੇ ਤਲਖੀ ਹੈ, ਜਿਸ ਨੂੰ ਉਹ ਅਭੱਦੀ ਭਾਸ਼ਾ ਰਾਹੀਂ ਬਿਆਨ ਕਰਦੇ ਹਨ।
ਇਨ੍ਹਾਂ ਫ਼ਿਲਮਾਂ ਦੇ ਬਿਰਤਾਂਤ ਰਾਹੀਂ ਹਿੰਦੋਸਤਾਨ ਦੇ ਇਤਿਹਾਸਕ ਸ਼ਹਿਰ ਵਾਰਾਨਸੀ/ਬਨਾਰਸ ਦੇ ਜਨਜੀਵਨ ਨੂੰ ਪੇਸ਼ ਕਰਨ ਦਾ ਸਫਲ ਉਪਰਾਲਾ ਕੀਤਾ ਗਿਆ ਹੈ। ਇਸ ਸ਼ਹਿਰ ਦੀਆਂ ਧਾਰਮਿਕ, ਰਾਜਨੀਤਕ, ਸੱਭਿਆਚਾਰਕ ਤੇ ਆਰਥਿਕ ਪਹਿਲੂਆਂ ਦੀਆਂ ਪਰਤਾਂ ਨੂੰ ਫਰੋਲਿਆ ਜਾਵੇ ਤਾਂ ਮੌਜੂਦਾ ਹਿੰਦੋਸਤਾਨ ਦੇ ਹਾਲਾਤ ਨੂੰ ਸਮਝਣਾ ਵਧੇਰੇ ਸੁਖਾਲਾ ਹੋ ਜਾਂਦਾ ਹੈ ਜੋ ਸੰਵੇਦਨਸ਼ੀਲ ਮੁੱਦਿਆਂ ਵਿਚ ਗ੍ਰਸਤ ਹੈ।

ਸੰਪਰਕ: 94174-78446


Comments Off on ਫ਼ਿਲਮਾਂ ਦੇ ਬਨਾਰਸੀ ਰੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.