ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

ਪੰਜਾਬ ਨੂੰ ਖੋਖਲਾ ਕਰ ਰਹੀ ਸਿਉਂਕ

Posted On May - 28 - 2019

ਜਸਵੰਤ ਸਿੰਘ ਜ਼ਫ਼ਰ

ਪੰਜਾਬ ਦੀ ਧਰਤੀ ਪੱਧਰੀ ਅਤੇ ਜ਼ਰਖੇਜ਼ ਹੈ, ਹਰ ਇਕ ਇੰਚ ਉਪਜਾਊ ਹੈ। ਜਿੰਨੀ ਤਰ੍ਹਾਂ ਦੇ ਫੁੱਲ, ਫਲ਼ ਅਤੇ ਫ਼ਸਲਾਂ ਇੱਥੇ ਉਗਾਈਆਂ ਜਾ ਸਕਦੀਆਂ ਹਨ ਓਨੀਆਂ ਦੁਨੀਆਂ ਦੀ ਹੋਰ ਕਿਸੇ ਧਰਤੀ ’ਤੇ ਨਹੀਂ ਉਗਾਈਆਂ ਜਾ ਸਕਦੀਆਂ। ਏਨਾ ਖੁੱਲ੍ਹਾ ਪਾਣੀ ਵੀ ਸ਼ਾਇਦ ਹੀ ਧਰਤੀ ਦੇ ਕਿਸੇ ਹੋਰ ਖਿੱਤੇ ਨੂੰ ਨਸੀਬ ਹੋਵੇ। ਹਿਮਾਲਾ ਪਰਬਤ ਤੋਂ ਪੰਜਾਬ ਵਿਚ ਦਾਖਲ ਹੋਣ ਸਮੇਂ ਦਰਿਆਵਾਂ ਦਾ ਪਾਣੀ ਹੁੰਦਾ ਵੀ ਬਿਲਕੁਲ ਸਾਫ਼ ਅਤੇ ਸ਼ੁੱਧ ਹੈ। ਇਸ ਧਰਤੀ ਦੇ ਸਾਰੇ ਮੌਸਮ ਹਰ ਤਰ੍ਹਾਂ ਦੇ ਕੰਮ ਧੰਦੇ ਕਰਨ ਲਈ ਅਨੁਕੂਲ ਹਨ। ਗਰਮੀ, ਸਰਦੀ ਅਤੇ ਬਰਸਾਤ ਦੇ ਬਾਵਜੂਦ ਸਾਰਾ ਸਾਲ ਅਤੇ ਚੌਵੀ ਘੰਟੇ ਲੋਕ ਕੰਮ ਕਰ ਸਕਦੇ ਹਨ। ਪੰਜਾਬੀ ਲੋਕ ਮਿਹਨਤੀ ਵੀ ਬਹੁਤ ਹਨ, ਬੁੱਧੀ ਅਤੇ ਸਰੀਰਿਕ ਤੌਰ ’ਤੇ ਨਰੋਏ ਹਨ। ਵਿਰਾਸਤੀ ਵਿਚਾਰਧਾਰਕ ਅਮੀਰੀ ਦੇ ਨਾਲ ਨਾਲ ਹਰ ਨਵੇਂ ਖਿਆਲ ਅਤੇ ਤਕਨਾਲੋਜੀ ਦਾ ਸਵਾਗਤ ਕਰਨ ਵਾਲੇ ਪੰਜਾਬੀ ਤਰੱਕੀ ਪਸੰਦ, ਅਗਾਂਹ ਵਧੂ ਅਤੇ ਭਵਿੱਖ ਦੇ ਵੱਡੇ ਸੁਪਨੇ ਲੈਣ ਵਾਲੇ ਹਨ। ਇੱਥੇ ਹਰ ਕਿੱਤੇ, ਕਲਾ ਅਤੇ ਹੁਨਰ ਦੇ ਜਾਣਕਾਰ ਮਿਲਦੇ ਹਨ। ਔਰਤਾਂ ਵੀ ਬੰਦਿਆਂ ਨਾਲੋਂ ਘੱਟ ਕੰਮ ਕਰਨ ਵਾਲੀਆਂ ਨਹੀਂ। ਫਿਰ ਪੰਜਾਬ ਨੂੰ ਕਿਹੜੇ ਕੀੜੇ ਪਏ ਹੋਏ ਹਨ ਜਿਨ੍ਹਾਂ ਕਰਕੇ ਪੰਜਾਬ ਦੁਨੀਆਂ ਦਾ ਸਭ ਤੋਂ ਸੋਹਣਾ, ਅਮੀਰ ਅਤੇ ਖ਼ੁਸ਼ਹਾਲ ਖਿੱਤਾ ਨਹੀਂ ਬਣ ਸਕਿਆ? ਸਾਰਾ ਕੁਝ ਵਧੀਆ ਹੋਣ ਦੇ ਬਾਵਜੂਦ ਇਹ ਏਨਾ ਨਿਘਾਰ ਮੁਖੀ ਕਿਉਂ ਹੈ? ਇਸ ਦੇ ਬਾਸ਼ਿੰਦੇ ਆਪਣੀ ਧਰਤੀ ਨੂੰ ਏਨੀ ਤੇਜ਼ੀ ਨਾਲ ਛੱਡ ਕੇ ਦੌੜੀ ਕਿਉਂ ਜਾ ਰਹੇ ਹਨ? ਪੰਜਾਬ ਨੂੰ ਅੱਗੇ ਵਧਾਉਣ ਦੀ ਬਜਾਏ ਪੰਜਾਬੀ ਸਿਰਫ਼ ਖ਼ੁਦਕੁਸ਼ੀ ਜਾਂ ਹਿਜਰਤ ਕਰਨ ਦੀ ਸੋਚਣ ਜੋਗੇ ਕਿਉਂ ਰਹਿ ਗਏ ਹਨ?
ਮੈਂ ਪੰਜਾਬ ਦੇ ਸੈਂਕੜੇ ਇੰਜਨੀਅਰਾਂ ਨੂੰ ਜਾਣਦਾ ਹੋਵਾਂਗਾ ਜੋ ਇਧਰੋਂ ਇੰਜਨੀਰਿੰਗ ਦੀਆਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਛੱਡ ਕੇ ਅਮਰੀਕਾ, ਕੈਨੇਡਾ, ਆਸਟਰੇਲੀਆ ਜਾਂ ਹੋਰ ਵਿਕਸਤ ਦੇਸ਼ਾਂ ਵਿਚ ਬਤੌਰ ਇੰਜਨੀਅਰ ਕੰਮ ਕਰਦੇ ਹਨ। ਬਹੁਤ ਸਾਰੇ ਡਾਕਟਰ ਇਧਰੋਂ ਡਾਕਟਰੀ ਛੱਡ ਬਾਹਰਲੇ ਮੁਲਕਾਂ ਦੇ ਕਾਮਯਾਬ ਡਾਕਟਰ ਬਣੇ ਹੋਏ ਹਨ। ਪੰਜਾਬੀ ਵਿਗਿਆਨੀਆਂ ਨੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਆਪਣੇ ਖੇਤਰਾਂ ਵਿਚ ਨਾਮਣਾ ਖੱਟਿਆ ਹੈ। ਏਧਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਾਉਂਦੇ ਰਹੇ ਕਈ ਅਧਿਆਪਕ ਹੁਣ ਵਿਕਸਤ ਦੇਸ਼ਾਂ ਦੇ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਪੜ੍ਹਾਉਂਦੇ ਹਨ। ਅਨੇਕਾਂ ਪੰਜਾਬੀ ਗਾਇਕਾਂ, ਸੰਗੀਤਕਾਰਾਂ, ਚਿਤਰਕਾਰਾਂ, ਫੋੋਟੋਕਾਰਾਂ ਅਤੇ ਮੀਡੀਆ ਕਰਮੀਆਂ ਨੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਆਪੋ ਆਪਣੇ ਖੇਤਰ ਵਿਚ ਬਹੁਤ ਨਾਮ ਅਤੇ ਨਾਮਾ ਕਮਾਇਆ ਹੈ। ਬਹੁਤ ਸਾਰੇ ਪੰਜਾਬੀ ਕਿਸਾਨਾਂ ਦੇ ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਵਿਚ ਵੱਡੇ ਵੱਡੇ ਖੇਤੀ ਫਾਰਮ ਅਤੇ ਬਾਗ਼ ਹਨ। ਕਈ ਪੰਜਾਬੀ ਵਪਾਰੀਆਂ ਨੇ ਬਾਹਰ ਜਾ ਕੇ ਆਪਣੇ ਵਪਾਰਕ ਅਦਾਰੇ ਸਥਾਪਤ ਕੀਤੇ ਹਨ। ਆਪਣੀ ਜਾਣ ਪਛਾਣ ਦੇ ਆਧਾਰ ’ਤੇ ਕਹਿ ਸਕਦਾ ਹਾਂ ਕਿ ਪੰਜਾਬ ਦੇ ਕਿਸਾਨ, ਵਪਾਰੀ, ਇੰਜਨੀਅਰ, ਡਾਕਟਰ, ਵਿਗਿਆਨੀ, ਯੋਜਨਾਕਾਰ, ਅਧਿਆਪਕ ਅਤੇ ਹੋਰ ਕਿੱਤਾਕਾਰ ਤੇ ਹੁਨਰਮੰਦ ਵਿਕਸਤ ਦੇਸ਼ਾਂ ਦੀ ਤਰੱਕੀ ਵਿਚ ਆਪਣਾ ਹਿੱਸਾ ਪਾ ਰਹੇ ਹਨ। ਦੂਜੇ ਸ਼ਬਦਾਂ ਵਿਚ ਪੰਜਾਬ ਦੇ ਗੁਣੀ ਕਿੱਤਾਕਾਰ ਅਤੇ ਹੁਨਰਮੰਦ ਪੰਜਾਬ ਨੂੰ ਦੁਨੀਆਂ ਦਾ ਸਭ ਤੋਂ ਵਿਕਸਤ ਖਿੱਤਾ ਬਣਾਉਣ ਦੀ ਯੋਗਤਾ ਰੱਖਦੇ ਹਨ, ਪਰ ਉਨ੍ਹਾਂ ਦੇ ਅਜਿਹਾ ਕਰਨ ਲਈ ਪੰਜਾਬ ਅੰਦਰ ਲੋੜੀਂਦਾ ਮਾਹੌਲ ਗ਼ੈਰਹਾਜ਼ਰ ਹੈ। ਫਿਰ ਓਹੀ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਨੂੰ ਉਹ ਕਿਹੜੇ ਕੀੜੇ ਪਏ ਹਨ ਜਿਨ੍ਹਾਂ ਨੇ ਪੰਜਾਬ ਦੇ ਸੰਘਰਸ਼, ਤਰੱਕੀ ਅਤੇ ਚੜ੍ਹਦੀ ਕਲਾ ਦੇ ਜਜ਼ਬੇ ਨੂੰ ਚੂਸ ਕੇ ਇਸ ਨੂੰ ਆਰਥਿਕ, ਮਾਨਸਿਕ ਅਤੇ ਆਤਮਿਕ ਤੌਰ ’ਤੇ ਸਾਹ-ਸਤ ਹੀਣ ਕਰ ਦਿੱਤਾ ਹੈ?

ਜਸਵੰਤ ਸਿੰਘ ਜ਼ਫ਼ਰ

ਉਪਰੋਕਤ ਸਵਾਲ ਦਾ ਜਵਾਬ ਤਸਵੀਰ ਦੇ ਦੂਸਰੇ ਪਾਸੇ ਪਿਆ ਹੈ। ਤਸਵੀਰ ਦਾ ਦੂਸਰਾ ਪਾਸਾ ਦਰਸਾਉਂਦਾ ਹੈ ਕਿ ਪੰਜਾਬ ਦਾ ਕੋਈ ਸਿਆਸਤਦਾਨ ਇੱਧਰ ਆਪਣੀ ਚੱਲਦੀ ਸਿਆਸਤ ਛੱਡ ਕੇ ਕਦੀ ਕਿਸੇ ਬਾਹਰਲੇ ਮੁਲਕ ਦਾ ਸਿਰਕੱਢ ਸਿਆਸਤਦਾਨ ਨਹੀਂ ਬਣਿਆ। ਮੇਰੀ ਜਾਣਕਾਰੀ ਵਿਚ ਪੰਜਾਬ ਦਾ ਕੋਈ ਨੌਕਰਸ਼ਾਹ ਆਪਣੀ ਇਧਰਲੀ ਨੌਕਰੀ ਛੱਡ ਕੇ ਕਿਸੇ ਬਾਹਰਲੇ ਮੁਲਕ ਦਾ ਸਿਰਕੱਢ ਨੌਕਰਸ਼ਾਹ ਨਹੀਂ ਬਣਿਆ। ਨਤੀਜਾ ਇਹ ਨਿਕਲਦਾ ਹੈ ਕਿ ਸਾਡਾ ਕਾਮਯਾਬ ਸਿਆਸਤਦਾਨ ਅਤੇ ਸ਼ਕਤੀਸ਼ਾਲੀ ਨੌਕਰਸ਼ਾਹ ਵਧੀਆ ਮੁਲਕਾਂ ਦੇ ਕਿਸੇ ਕੰਮ ਦੇ ਨਹੀਂ, ਇਨ੍ਹਾਂ ਦੀ ਓਧਰ ਕੋਈ ਮੰਗ ਨਹੀਂ, ਇਨ੍ਹਾਂ ਲਈ ਉੱਥੇ ਕੋਈ ਥਾਂ ਨਹੀਂ। ਇਹ ਸਿਰਫ਼ ਸਾਡੇ ਜਾਂ ਸਾਡੇ ਤੋਂ ਪੱਛੜੇ ਮੁਲਕਾਂ ਵਿਚ ਹੀ ਪਾਏ ਜਾਂਦੇ ਹਨ। ਦੂਜੇ ਸ਼ਬਦਾਂ ਵਿਚ ਪੰੰਜਾਬ ਦਾ ਸਥਾਪਤ ਸਿਆਸਤਦਾਨ ਅਤੇ ਨੌਕਰਸ਼ਾਹੀ ਪ੍ਰਬੰਧ ਇਸ ਨੂੰ ਗੁਣਾਤਮਕ ਤਰੱਕੀ ਦੇ ਰਸਤੇ ਤੋਰ ਸਕਣ ਦੇ ਯੋਗ ਨਹੀਂ। ਫਿਰ ਵੀ ਪੰਜਾਬ ਵਿਚ ਇਨ੍ਹਾਂ ਦਾ ਪੂਰਾ ਦਬਦਬਾ ਹੈ। ਇਨ੍ਹਾਂ ਦੀ ਹਰ ਖੇਤਰ ਵਿਚ ਦਖਲਅੰਦਾਜ਼ੀ ਅਤੇ ਚੌਧਰ ਹੈ। ਉਪਰੋਕਤ ਉਦਾਹਰਨਾਂ ਅਤੇ ਚਰਚਾ ਨਾਲ ਪੰਜਾਬ ਨੂੰ ਪਏ ਹੋਏ ਕੀੜਿਆਂ ਦੀਆਂ ਦੋ ਮੋਟੀਆਂ ਕਿਸਮਾਂ ਦੀ ਪਛਾਣ ਹੋ ਜਾਂਦੀ ਹੈ ਜਿਨ੍ਹਾਂ ਦੀ ਕਾਰਗੁਜ਼ਾਰੀ ਨਾਲ ਸੰਸਾਰ ਦੇ ਸਭ ਤੋਂ ਉਨਤ, ਖ਼ੁਸ਼ਹਾਲ ਅਤੇ ਸੋਹਣਾ ਖਿੱਤਾ ਹੋਣ ਦੀਆਂ ਸੰਭਾਵਨਾਵਾਂ ਵਾਲਾ ਪੰਜਾਬ ਖ਼ੁਦਕੁਸ਼ੀਆਂ ਅਤੇ ਉਜਾੜੇ ਦੀ ਧਰਤੀ ਬਣ ਗਿਆ ਹੈ। ਪਰ ਇਹ ਕੀੜੇ ਕੋਈ ਬਾਹਰੋਂ ਨਹੀਂ ਪਏ, ਅੰਦਰੋਂ ਪੈਦਾ ਹੋਏ ਹਨ। ਪੰਜਾਬੀ ਮਾਨਸਿਕਤਾ ਨੇ ਇਨ੍ਹਾਂ ਨੂੰ ਵਧਣ ਫੁੱਲਣ ਦਿੱਤਾ ਹੈ।
ਇੱਥੇ ਹਰ ਸਰਕਾਰ ਕਹਿੰਦੀ ਹੈ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ, ਕਰਮਚਾਰੀਆਂ ਨੂੰ ਤਨਖਾਹਾਂ ਦੇਣ ਅਤੇ ਹੋਰ ਜ਼ਰੂਰੀ ਖ਼ਰਚੇ ਕਰਨ ਲਈ ਪੈਸੇ ਨਹੀਂ ਹਨ। ਸਭ ਤਰ੍ਹਾਂ ਦੇ ਕਿੱਤਾਕਾਰਾਂ, ਕਿਰਤੀਆਂ, ਹੁਨਰਮੰਦਾਂ ਨੂੰ ਮਿਲਦੀਆਂ ਉਜਰਤਾਂ ਅਤੇ ਸਹੂਲਤਾਂ ਕਿਸੇ ਗ਼ਰੀਬ ਤੋਂ ਗ਼ਰੀਬ ਦੇਸ਼ ਵਾਲੀਆਂ ਹਨ, ਪਰ ਚੋਣਾਂ ਵਿਚ ਮੁੱਖ ਸਿਆਸੀ ਪਾਰਟੀਆਂ ਅਤੇ ਸਿਆਸਤਦਾਨਾਂ ਦਾ ਖ਼ਰਚ ਅਮੀਰ ਤੋਂ ਅਮੀਰ ਦੇਸ਼ ਤੋਂ ਵੀ ਜ਼ਿਆਦਾ ਹੁੰਦਾ ਹੈ। ਸੂਬੇ ਵਿਚ ਆਰਥਿਕ ਤੰਗੀ ਦੀ ਦੁਹਾਈ ਦਿੱਤੀ ਜਾਂਦੀ ਹੈ ਅਤੇ ਲੋਕਾਂ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਸਾਡਾ ਦੇਸ਼ ਜਾਂ ਸੂਬਾ ਗ਼ਰੀਬ ਹੈ। ਫਿਰ ਰਾਜਨੀਤਕ ਪਾਰਟੀਆਂ ਜਾਂ ਸਿਆਸੀ ਲੋਕਾਂ ਕੋਲ ਚੋਣਾਂ ਲਈ ਏਨਾ ਪੈਸਾ ਕਿੱਥੋਂ, ਕਿਵੇਂ ਅਤੇ ਕਿਉਂ ਆ ਜਾਂਦਾ ਹੈ? ਚੋਣਾਂ ਲੜ ਰਹੇ ਉਮੀਦਵਾਰਾਂ ਅਤੇ ਪਾਰਟੀਆਂ ਵੱਲੋਂ ਹਰੇਕ ਸੰਸਦੀ ਸੀਟ ’ਤੇ ਤਕਰੀਬਨ ਇਕ-ਇਕ ਅਰਬ ਰੁਪਇਆ ਖ਼ਰਚਿਆ ਜਾਂਦਾ ਹੈ। ਜਿਸ ਤਰ੍ਹਾਂ ਦੀ ਸਿਆਸਤ ਅਸੀਂ ਆਪਣੇ ਪੇਸ਼ ਪਾ ਲਈ ਹੈ ਇਹ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਮਹਿੰਗੀ ਪੈ ਰਹੀ ਹੈ। ਜਿੱਥੇ ਇਕ ਪੋਸਟਰ ਜਾਂ ਬੈਨਰ ਨਾਲ ਸਰ ਸਕਦਾ ਹੈ, ਉੱਥੇ ਸੌ ਸੌ ਲਗਾਏ ਜਾਂਦੇ ਹਨ। ਅਜਿਹਾ ਕਰਕੇ ਸਹੀ ਸੋਚ ਵਾਲੇ ਸਿਆਣੇ ਲੋਕਾਂ ਨੂੰ ਡਰਾਇਆ ਜਾਂਦਾ ਹੈ ਕਿ ਉਹ ਰਾਜਨੀਤੀ ਵਿਚ ਆਉਣ ਦੀ ਸੋਚ ਵੀ ਨਾ ਸਕਣ। ਵੱਡੀ ਗਿਣਤੀ ਵਿਚ ਵੱਡੇ ਵੱਡੇ ਹੋਰਡਿੰਗ ਲਾ ਕੇ ਸਿਆਸੀ ਬਦਮਾਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਸਥਾਪਤ ਸਿਆਸੀ ਲੋਕਾਂ ਦਾ ਉਦੇਸ਼ ਸ਼ਕਤੀ ਹਥਿਆਉਣ ਲਈ ਪੈਸਾ ਖ਼ਰਚਣਾ ਅਤੇ ਪੈਸੇ ’ਕੱਠੇ ਕਰਨ ਲਈ ਸ਼ਕਤੀ ਹਥਿਆਉਣਾ ਬਣ ਗਿਆ ਹੈ। ਕੋਈ ਸਿਧਾਂਤਕ ਜਾਂ ਨੀਤੀਗਤ ਵਖਰੇਵਾਂ ਨਾ ਹੋਣ ਕਰਕੇ ਇਹ ਆਪਣੀ ਸਹੂਲਤ ਲਈ ਬੜੇ ਆਰਾਮ ਨਾਲ ਪਾਰਟੀ ਬਦਲ ਲੈਂਦੇ ਹਨ। ਉੱਪਰੋਂ ਵਿਰੋਧੀ ਲੱਗਦੀਆਂ ਪਾਰਟੀਆਂ ਅੰਦਰੋਂ ਇਕ ਦੂਜੀ ਨਾਲ ਸੀਟਾਂ ਦਾ ਦੇਣ ਲੈਣ ਵੀ ਕਰ ਲੈਂਦੀਆਂ ਹਨ। ਲੋਕ ਬੇਦਿਲੀ ਨਾਲ ਕਹਿ ਛੱਡਦੇ ਹਨ, ‘ਸਾਰੇ ਇਕੋ ਜਿਹੇ ਹਨ’ ਜਾਂ ‘ਸਭ ਰਲੇ ਹੋਏ ਹਨ।’ ਇਸ ਤਰ੍ਹਾਂ ਪੰਜਾਬ ਜਾਂ ਦੇਸ਼ ਅੰਦਰ ਵਧੀ ਫੁੱਲੀ ਸਿਆਸਤ ਦਾ ਕੀੜਾ ਇਸ ਦੀ ਆਰਥਿਕ ਅਤੇ ਮਾਨਸਿਕ ਸਿਹਤ ਦਾ ਦੁਸ਼ਮਣ ਬਣਿਆ ਹੋਇਆ ਹੈ।
ਅਸਲ ਆਗੂਆਂ ਨੇ ਦੇਖਣਾ ਹੁੰਦਾ ਹੈ ਕਿ ਲੋਕਾਂ ਦੀ ਭਲਾਈ ਕਿਸ ਗੱਲ ਵਿਚ ਹੈ, ਲੋਕਾਂ ਨੂੰ ਚੰਗੇ, ਸਿਆਣੇ ਅਤੇ ਖ਼ੁਸ਼ਹਾਲ ਕਿਵੇਂ ਬਣਾਉਣਾ ਹੈ। ਉਹ ਆਪ ਆਚਰਨ, ਵਿਹਾਰ ਅਤੇ ਕਾਨੂੰਨ ਪਾਲਣਾ ਦੇ ਉੱਚੇ ਮਿਆਰ ਅਪਣਾਉਂਦੇ ਅਤੇ ਜਨਤਾ ਲਈ ਉਦਾਹਰਨ ਬਣਦੇ ਹਨ, ਪਰ ਪੰਜਾਬ ਵਿਚ ਅਜਿਹੇ ਆਗੂਆਂ ਦਾ ਕਾਲ਼ ਹੈ। ਸਾਡੇ ਵਾਂਗ ਸਾਡਾ ਸਿਆਸਤਦਾਨ ਆਪਣਾ ਵਕਤੀ ਲਾਭ ਦੇਖਦਾ ਹੈ। ਲੋਕਾਂ ਨੂੰ ਬੇਵਕੂਫ ਅਤੇ ਉਜੱਡ ਬਣਾਉਂਦਾ ਹੈ। ਰਾਜਨੀਤੀ ਦਾ ਕੰਮ ਸਮੱਸਿਆਵਾਂ ਨੂੰ ਸੁਲਝਾਉਣਾ ਜਾਂ ਮੁੱਦਿਆਂ ਨੂੰ ਨਜਿੱਠਣਾ ਹੁੰਦਾ ਹੈ, ਪਰ ਸਾਡੇ ਹਰ ਪੱਧਰ ਦੇ ਮਸਲੇ ਵਧੀ ਜਾ ਰਹੇ ਹਨ। ਪੰਜਾਬ ਸਾਹ ਲੈਣ ਯੋਗ ਸਾਫ਼ ਹਵਾ ਅਤੇ ਪੀਣ ਯੋਗ ਸ਼ੁੱਧ ਪਾਣੀ ਵਰਗੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਤੋਂ ਹੀ ਵਾਂਝਾ ਹੋ ਗਿਆ ਹੈ। ਸਾਡੇ ਸਥਾਪਤ ਸਿਆਸਤਦਾਨ ਔਸਤਨ ਹਰ ਸਵਾ ਸਾਲ ਬਾਅਦ ਆਉਣ ਵਾਲੀ ਕਿਸੇ ਨਾ ਕਿਸੇ ਚੋਣ ਲਈ ਜਿੰਨਾ ਪੈਸਾ, ਸਮਾਂ, ਸ਼ਕਤੀ, ਰਸੂਖ ਅਤੇ ਦਿਮਾਗ਼ ਵਰਤਦੇ ਹਨ ਜੇ ਓਨਾ ਲੋਕਾਂ ਦੀਆਂ ਸਮੱਸਿਆਂ ਨੂੰ ਨਜਿੱਠਣ ਲਈ ਲਾਉਣ ਤਾਂ ਸਵਾ ਸਾਲ ਦੇ ਅੰਦਰ ਪੰਜਾਬ ਮੋਟੀਆਂ ਮੋਟੀਆਂ ਸਾਰੀਆਂ ਸਮੱਸਿਆਵਾਂ ਤੋਂ ਮੁਕਤ ਹੋ ਸਕਦਾ ਹੈ, ਪਰ ਜਿਸ ਭਾਂਤ ਦੀ ਰਾਜਨੀਤੀ ਨੂੰ ਪੰਜਾਬ ਨੇ ਵਧਣ ਫੁੱਲਣ ਦਿੱਤਾ ਅਤੇ ਆਪਣੇ ਗਲ਼ ਪਾ ਲਿਆ ਹੈ ਇਹ ਆਪਣੇ ਆਪ ਵਿਚ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ। ਵੋਟਾਂ ਦੀ ‘ਮਜਬੂਰੀ’ ਕਾਰਨ ਇਹ ਰਾਜਨੀਤੀ ਜਨਤਕ ਪ੍ਰਬੰਧ ਨੂੰ ਸੁਚਾਰੂ ਰੱਖਣ ਵਾਲੇ ਸਾਰੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਲਈ ਅੜਿੱਕਾ ਬਣਦੀ ਹੈ। ਅੜਿੱਕਾ ਹੀ ਨਹੀਂ ਬਣਦੀ ਸਗੋਂ ਕਾਨੂੰਨ ਲਾਗੂ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਰਨ ਵਿਚ ਲੱਗੀ ਰਹਿੰਦੀ ਹੈ। ਪੁਲੀਸ ਪ੍ਰਬੰਧ ਵਿਚ ਦਖਲ ਦੇ ਕੇ ਉਸਦਾ ਅਪਰਾਧੀਕਰਨ ਕਰਦੀ ਹੈ। ਅਧੀਨ ਕਰਨ ਦੀ ਪ੍ਰਕਿਰਿਆ ਨੂੰ ਜ਼ੋਰਸ਼ੋਰ ਅਤੇ ਅਸਰਦਾਰ ਢੰਗ ਨਾਲ ਚਲਾਉਣ ਲਈ ਸਿਆਸਤਦਾਨਾਂ ਨੂੰ ਆਪਣੇ ਟੱਬਰ ਨਾਲ ਲਾਉਣੇ ਪੈਂਦੇ ਹਨ। ਨਤੀਜੇ ਵਜੋਂ ਸਿਆਸਤ ਵਿਚ ਦੇਸ਼ ਪਿਆਰ ਜਾਂ ਲੋਕ ਭਲਾਈ ਦੀ ਜਗ੍ਹਾ ਪਰਿਵਾਰਵਾਦ ਦਾ ਬੋਲਬਾਲਾ ਹੋ ਗਿਆ ਹੈ।
ਦੂਸਰੀ ਗੱਲ, ਜਿਸ ਮੁਲਕ ਜਾਂ ਸੂਬੇ ਵਿਚ ਪ੍ਰਸ਼ਾਸਕ ਦਾ ਰੁਤਬਾ, ਰੋਹਬ ਜਾਂ ਦਬਦਬਾ ਕਿਸੇ ਵਿਗਿਆਨੀ, ਯੋਜਨਾਕਾਰ, ਆਰਥਿਕ ਮਾਹਿਰ, ਸਿੱਖਿਆ ਸ਼ਾਸਤਰੀ, ਤਕਨੀਕੀ ਮਾਹਿਰ ਜਾਂ ਹੋਰ ਹੁਨਰਮੰਦਾਂ ਨਾਲੋਂ ਵਧੇਰੇ ਹੋਵੇਗਾ ਉਹ ਸਾਡੇ ਮੁਲਕ ਜਾਂ ਸੂਬੇ ਵਰਗੀ ‘ਤਰੱਕੀ’ ਹੀ ਕਰੇਗਾ। ਅਸੀਂ ਜਨਤਕ ਸੇਵਕ ਨੂੰ ਲੋਕਾਂ ਦੇ ਸੇਵਾਦਾਰ ਦੀ ਬਜਾਏ ਮਾਲਕ ਜਾਂ ਹਾਕਮ ਹੋਣ ਜਾਂ ਮਹਿਸੂਸ ਕਰਨ ਦਾ ਅਧਿਕਾਰ ਦਿੱਤਾ ਹੈ। ਨੌਕਰਸ਼ਾਹੀ ਕਿਸੇ ਵੀ ਖੇਤਰ ਦੀ ਮਾਹਿਰ ਨਾ ਹੋਣ ਦੇ ਬਾਵਜੂਦ ਇਹ ਸਭ ਮਾਹਿਰਾਂ ਦੇ ਸਿਰ ’ਤੇ ਬੈਠਦੀ ਹੈ। ਆਪਣੀ ਚਮਕ ਦਮਕ ਅਤੇ ਰਾਜ ਸ਼ਕਤੀ ਕਾਰਨ ਇਹ ਹਰ ਤਰ੍ਹਾਂ ਦੀਆਂ ਸਰਕਾਰੀ ਕੁਰਸੀਆਂ ’ਤੇ ਬੈਠੇ ਹੋਰ ਲੋਕਾਂ ਲਈ ਰੋਲ ਮਾਡਲ ਬਣਦੀ ਹੈ। ਨੌਕਰਸ਼ਾਹੀ ਦਾ ਮਤਲਬ ਤਾਂ ਮੁਣਸ਼ੀਗਰੀ ਸੀ, ਪਰ ਸਰਕਾਰੀ ਮੁਣਸ਼ੀਆਂ ਦਾ ਰੋਹਬ-ਦਾਬ ਤੇ ਪ੍ਰਭਾਵ ਦੇਖ ਕੇ ਰੀਸੋ ਰੀਸੀ ਸਰਕਾਰੀ ਡਾਕਟਰਾਂ ਨੂੰ ਮੈਡੀਕਲ ਅਫ਼ਸਰ ਹੋਣਾ ਚੰਗਾ ਲੱਗਾ। ਖੇਤੀ ਵਿਗਿਆਨੀ ਖੇਤੀਬਾੜੀ ਅਫ਼ਸਰ ਹੋ ਗਏ ਤੇ ਸਿੱਖਿਆ ਸ਼ਾਸਤਰੀ ਸਿੱਖਿਆ ਅਫ਼ਸਰ ਅਖਵਾਉਣ ਲੱਗੇ। ਇਸੇ ਤਰ੍ਹਾਂ ਇੰਜਨੀਅਰਿੰਗ ਅਤੇ ਵਿਕਾਸ ਨਾਲ ਸਬੰਧਤ ਹੋਰ ਸਿਰਜਨਾਤਮਕ ਖੇਤਰਾਂ ਦਾ ਗੌਰਵ ਮੁਣਸ਼ੀਪੁਣੇ ਤਹਿਤ ਹੈ। ਨੌਕਰਸ਼ਾਹੀ ਨੇ ਇਕ ਜਮਾਤ ਨਾ ਰਹਿ ਕੇ ਸਮੁੱਚੇ ਸਰਕਾਰੀ ਤੰਤਰ ਵਿਚ ਫੈਲੇ ਭਿਆਨਕ ਕੋਹੜ ਦਾ ਰੂਪ ਧਾਰ ਲਿਆ ਹੈ। ਅੱਜਕੱਲ੍ਹ ਰਾਜ ਨੇਤਾਵਾਂ ਵੱਲੋਂ ਜਨਤਕ ਧੰਨ ਹੜੱਪਣ ਦੇ ਘੁਟਾਲੇ ਲੱਖਾਂ ਨੂੰ ਟੱਪ ਕੇ ਕਰੋੜਾਂ, ਕਰੋੜਾਂ ਤੋਂ ਅਰਬਾਂ ਅਤੇ ਹੁਣ ਖਰਬਾਂ ਨੂੰ ਛੂਹਣ ਲੱਗੇ ਹਨ, ਪਰ ਨੌਕਰਸ਼ਾਹੀ ਦੀ ਅਜੇ ‘ਢਕੀ ਰਿੱਝ’ ਰਹੀ ਹੈ।

ਸੰਪਰਕ : 96461-18209


Comments Off on ਪੰਜਾਬ ਨੂੰ ਖੋਖਲਾ ਕਰ ਰਹੀ ਸਿਉਂਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.