ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪੰਜਾਬੀ ਫ਼ਿਲਮਾਂ ਦਾ ਮੁਮਤਾਜ਼ ਸੰਗੀਤਕਾਰ ਹੰਸਰਾਜ ਬਹਿਲ

Posted On May - 18 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਪੰਜਾਬੀ ਫ਼ਿਲਮ ਸੰਗੀਤਕਾਰ ਹੰਸਰਾਜ ਬਹਿਲ ਨੇ ਆਪਣੀਆਂ ਦਿਲਕਸ਼ ਧੁਨਾਂ ਨਾਲ ਸੰਗੀਤ-ਮੱਦਾਹਾਂ ਦੇ ਦਿਲਾਂ ’ਚ ਆਪਣੀ ਡੂੰਘੀ ਪਛਾਣ ਕਾਇਮ ਕੀਤੀ। ਹੰਸਰਾਜ ਬਹਿਲ ਦੀ ਪੈਦਾਇਸ਼ 19 ਨਵੰਬਰ 1916 ਨੂੰ ਜ਼ਿਲ੍ਹਾ ਲਾਇਲਪੁਰ (ਹੁਣ ਫ਼ੈਸਲਾਬਾਦ, ਪਾਕਿਸਤਾਨ) ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਲਾਲਾ ਨਿਹਾਲ ਚੰਦ ਇਲਾਕੇ ਦੇ ਖ਼ੁਸ਼ਹਾਲ ਜ਼ਿਮੀਂਦਾਰ ਸਨ, ਜਿਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਥਾਹ ਸ਼ਰਧਾ ਸੀ। ਹੰਸਰਾਜ ਬਹਿਲ ਵੀ ਸ਼ਬਦ ਗਾਇਨ ਕਰਦੇ ਤੇ ਸਿਤਾਰ ਵਜਾਉਣ ’ਚ ਦਿਲਚਸਪੀ ਰੱਖਦੇ। ਘਰ ’ਚੋਂ ਮਿਲੀ ਇਹ ਸੰਗੀਤਕ ਗੁੜ੍ਹਤੀ ਉਸਨੂੰ ਲਾਹੌਰ ਲੈ ਆਈ। ਉਸਦੇ ਵੱਡੇ ਭਰਾਵਾਂ ’ਚੋਂ ਸੋਹਨ ਲਾਲ ਬਹਿਲ ਅਦਾਕਾਰ, ਗੁਲਸ਼ਨ ਬਹਿਲ ਤੇ ਦਰਸ਼ਨ ਬਹਿਲ ਫ਼ਿਲਮਸਾਜ਼ ਸਨ। ਮੌਸੀਕੀ ਦੀ ਤਾਲੀਮ ਉਨ੍ਹਾਂ ਨੇ ਪੰਡਤ ਚਿਰੰਜੀ ਲਾਲ ਅੰਬਾਲੇ ਵਾਲਿਆਂ ਤੋਂ ਹਾਸਿਲ ਕੀਤੀ। ਫਿਰ ਲਾਹੌਰ ਦੇ ਅਨਾਰਕਲੀ ਬਾਜ਼ਾਰ ’ਚ ਸਕੂਲ ਖੋਲ੍ਹਿਆ ਅਤੇ ਉਦਰ ਪੂਰਤੀ ਲਈ ਸਟੇਜ ’ਤੇ ਸੰਗੀਤਕ ਪ੍ਰੋਗਰਾਮ ਵੀ ਪੇਸ਼ ਕੀਤੇ। ਉਨ੍ਹਾਂ ਦਿਨਾਂ ’ਚ ਮਸ਼ਹੂਰ ਰਿਕਾਰਡਿੰਗ ਕੰਪਨੀ ਐੱਚ. ਐੱਮ. ਵੀ. ਨੇ ਉਨ੍ਹਾਂ ਦੇ ਗਾਏ ਗ਼ੈਰ ਫ਼ਿਲਮੀ ਗੀਤਾਂ ਦਾ ਰਿਕਾਰਡ ਜਾਰੀ ਕੀਤਾ। ਬੰਬਈ ਵਿਚ ਸਭ ਤੋਂ ਪਹਿਲਾਂ ਬੰਬੇ ਟਾਕੀਜ਼ ’ਚ ਉਨ੍ਹਾਂ ਦੀ ਸੰਗੀਤ ਅਜ਼ਮਾਇਸ਼ ਹੋਈ। 1945 ’ਚ ਪ੍ਰਕਾਸ਼ ਪਿਕਚਰਜ਼ ਦੀ ਫ਼ਿਲਮ ‘ਹਮਾਰਾ ਸੰਸਾਰ’ ’ਚ ਪੰਡਤ ਗੋਬਿੰਦਰਾਮ ਦੇ ਨਾਲ ਮਿਲ ਕੇ ਸੰਗੀਤ ਦਿੱਤਾ। ਨਵਯੁਗ ਚਿੱਤਰਪਟ, ਪੂਨਾ ’ਚ ਵੀ ਕੁਝ ਦਿਨ ਕੰਮ ਕੀਤਾ। ਇਸ ਤੋਂ ਬਾਅਦ ਉਹ ਬੰਬਈ ਪਰਤ ਆਏ ਅਤੇ ਰਣਜੀਤ ਮੂਵੀਟੋਨ ’ਚ ਕੰਮ ਕੀਤਾ।
ਹੰਸਰਾਜ ਬਹਿਲ ਦੀ ਮੌਸੀਕਾਰ ਵਜੋਂ ਪਹਿਲੀ ਹਿੰਦੀ ਫ਼ਿਲਮ ਅਰਦੇਸ਼ੀਰ ਐੱਮ. ਇਰਾਨੀ, ਪ੍ਰੋਡਕਸ਼ਨ, ਬੰਬਈ ਦੀ ‘ਪੁਜਾਰੀ’ (1946) ਸੀ। ਮੁਮਤਾਜ਼ ਸ਼ਾਂਤੀ ਤੇ ਮਸੂਦ ਦੇ ਮਰਕਜ਼ੀ ਕਿਰਦਾਰ ਵਾਲੀ ਇਸ ਫ਼ਿਲਮ ’ਚ ਉਸਨੇ ਬੇਬੀ ਮੁਮਤਾਜ਼ ਉਰਫ਼ ਮਧੂਬਾਲਾ ਤੋਂ ਵਲੀ ਸਾਹਿਬ ਦਾ ਲਿਖਿਆ ਇਕ ਗੀਤ ਗਵਾਇਆ ‘ਭਗਵਾਨ ਮੇਰੇ ਪਿਆਰ ਕੇ ਦੀਪਕ ਕੋ ਜਲਾ ਦੇ।’ ਅਮਰ ਪਿਕਚਰਜ਼, ਬੰਬਈ ਦੀ ਫ਼ਿਲਮ ‘ਗਵਾਲਨ’ (1946) ’ਚ ਪੰਡਤ ਇੰਦਰ ਦੇ ਲਿਖੇ 10 ਗੀਤਾਂ ਦਾ ਸੰਗੀਤ ਮੁਰੱਤਿਬ ਕੀਤਾ। ਕੁਲਦੀਪ ਪਿਕਚਰਜ਼, ਬੰਬਈ ਦੀ ਫ਼ਿਲਮ ‘ਚੁਨਰੀਆ’ (1948) ਵਿਚ ਹੰਸਰਾਜ ਬਹਿਲ ਨੇ ਆਸ਼ਾ ਭੌਸਲੇ ਤੋਂ ਪਹਿਲੀ ਵਾਰ ਪਹਿਲਾ ਗੀਤ ‘ਸਾਵਨ ਆਇਆ ਆਇਆ ਰੇ’ (ਗੀਤਾ ਰੌਏ, ਜੌਹਰਾਬਾਈ ਅੰਬਾਲਾ ਨਾਲ) ਗਵਾਇਆ। ਇਸ ਤੋਂ ਇਲਾਵਾ ਉਸਨੇ ਅਨੇਕਾਂ ਹਿੰਦੀ ਫ਼ਿਲਮਾਂ ’ਚ ਨਾਯਾਬ ਸੰਗੀਤ ਦਿੱਤਾ।

ਮਨਦੀਪ ਸਿੰਘ ਸਿੱਧੂ

ਉਸਨੇ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਦਾ ਵੀ ਬਿਹਤਰੀਨ ਸੰਗੀਤ ਤਾਮੀਰ ਕੀਤਾ। ਉਸਦੀ ਸੰਗੀਤ-ਨਿਰਦੇਸ਼ਨਾ ’ਚ ਬਣੀ ਪਹਿਲੀ ਪੰਜਾਬੀ ਫ਼ਿਲਮ ਕੁਲਦੀਪ ਪਿਕਚਰਜ਼ ਲਿਮਟਿਡ, ਬੰਬਈ ਦੀ ਰਜਿੰਦਰ ਸ਼ਰਮਾ ਨਿਰਦੇਸ਼ਿਤ ‘ਲੱਛੀ’ (1949) ਸੀ। ਇਸ ਫ਼ਿਲਮ ਵਿਚ ਉਸਨੇ ਪਹਿਲੀ ਵਾਰ ਪੰਜਾਬੀ ਫ਼ਿਲਮ ਵਿਚ ਲਤਾ ਮੰਗੇਸ਼ਕਰ, ਆਸ਼ਾ ਭੋਸਲੇ, ਗੀਤਾ ਰੌਏ ਅਤੇ ਐੱਸ. ਬਲਬੀਰ ਤੋਂ ਉਮਦਾ ਗੀਤ ਗਵਾਏ। ਨਗ਼ਮਾਨਿਗਾਰ ਮੁਲਕ ਰਾਜ ਭਾਖੜੀ, ਵਰਮਾ ਮਲਿਕ ਤੇ ਨਾਜ਼ਿਮ ਪਾਣੀਪਤੀ ਦੇ ਲਿਖੇ ਇਹ 11 ਗੀਤ ‘ਮੇਰੀ ਲੱਗਦੀ ਕਿਸੇ ਨੇ ਨਾ ਵੇਖੀ ਤੇ ਟੁੱਟਦੀ ਨੂੰ ਜੱਗ ਜਾਣਦਾ’ (ਸ਼ਮਸ਼ਾਦ ਬੇਗ਼ਮ), ‘ਨਾਲੇ ਲੰਮੀ ਤੇ ਨਾਲੇ ਕਾਲੀ ਹਾਏ ਚੰਨਾ ਰਾਤ ਜੁਦਾਈਆਂ ਵਾਲੀ’ (ਲਤਾ ਮੰਗੇਸ਼ਕਰ), ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’ (ਮੁਹੰਮਦ ਰਫ਼ੀ) ਆਦਿ ਤੋਂ ਇਲਾਵਾ ਲਤਾ ਮੰਗੇਸ਼ਕਰ ਅਤੇ ਗੀਤਾ ਰੌਏ ਦੀ ਗਾਈ ਕੱਵਾਲੀ ‘ਸ਼ਰਾਬ-ਏ-ਇਸ਼ਕ ਜਾਤੀ ਹੈ ਪਿਲਾਈ’ ਵੀ ਜ਼ੁਬਾਨਜ਼ਦ ਹੋਏ। ਪੰਜਾਬੀ ਫ਼ਿਲਮ ‘ਲੱਛੀ’ ’ਚ ਬਿਹਤਰੀਨ ਸੰਗੀਤ ਦੇਣ ਤੋਂ ਬਾਅਦ ਉਸਨੇ ਆਪਣੀ ਤਰਤੀਬ ਮੌਸੀਕੀ ਵਿਚ ਅਨੇਕਾਂ ਪੰਜਾਬੀ ਫ਼ਿਲਮਾਂ ਦਾ ਯਾਦਗਾਰੀ ਸੰਗੀਤ ਮੁਰੱਤਿਬ ਕੀਤਾ। ਫ਼ਿਲਮ ‘ਛਈ’ (1950) ਵਿਚ ‘ਆਜਾ ਦਿਲ ਨਾਲ ਦਿਲ ਨੂੰ ਮਿਲਾ ਲੈ’ (ਸ਼ਮਸ਼ਾਦ ਬੇਗ਼ਮ, ਮੁਹੰਮਦ ਰਫ਼ੀ), ‘ਮੁੰਡਾ ਮੋਹ ਲਿਆ ਤਵੀਤਾਂ ਵਾਲਾ ਨੀ ਦੱਮੜੀ ਦਾ ਸੱਕ ਮਲ ਕੇ’ (ਮੁਹੰਮਦ ਰਫ਼ੀ) ਆਦਿ ਗੀਤ ਹਿੱਟ ਹੋਏ। ਨਿਗਾਰਸਤਾਨ (ਇੰਡੀਆ) ਫ਼ਿਲਮਜ਼, ਬੰਬੇ ਦੀ ਫ਼ਿਲਮ ‘ਜੁਗਨੀ’ (1953) ’ਚ ‘ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ’ (ਮੁਹੰਮਦ ਰਫ਼ੀ), ਗੋਲਡਨ ਮੂਵੀਜ਼, ਬੰਬੇ ਦੀ ਫ਼ਿਲਮ ‘ਭੰਗੜਾ’ (1959) ’ਚ ‘ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ’ ਤੇ ਮੁਹੰਮਦ ਰਫ਼ੀ ਦਾ ਗਾਇਆ ‘ਚਿੱਟੇ ਦੰਦ ਹੱਸਣੋ ਨਹੀਂਓ ਰਹਿੰਦੇ’ ਬਹੁਤ ਮਸ਼ਹੂਰ ਹੋਏ।
ਗੋਲਡਨ ਮੂਵੀਜ਼ ਦੀ ਹੀ ਫ਼ਿਲਮ ‘ਦੋ ਲੱਛੀਆਂ’ (1960) ’ਚ ‘ਇਕ ਪਿੰਡ ਦੋ ਲੱਛੀਆਂ’ (ਮੁਹੰਮਦ ਰਫ਼ੀ, ਸ਼ਮਸ਼ਾਦ ਬੇਗ਼ਮ), ‘ਹਾਏ ਨੀ ਮੇਰਾ ਬਾਲਮ’ ਤੇ ‘ਭਾਵੇਂ ਬੋਲ ਤੇ ਭਾਵੇਂ ਨਾ ਬੋਲ’ (ਸ਼ਮਸ਼ਾਦ ਬੇਗ਼ਮ) ਅਤੇ ਭੰਗੜਾ ਗੀਤ ‘ਤੇਰੀ ਕਣਕ ਦੀ ਰਾਖੀ ਮੁੰਡਿਆ’ (ਸ਼ਮਸ਼ਾਦ ਬੇਗ਼ਮ ਤੇ ਮੁਹੰਮਦ ਰਫ਼ੀ) ਆਏ। ਵਿਸ਼ਵ ਵਿਜੈ ਮੰਦਰ, ਬੰਬੇ ਦੀ ਫ਼ਿਲਮ ‘ਗੁੱਡੀ’ (1961) ’ਚ ‘ਗੁੜ ਖਾਂਦੀ ਤੇ ਨਾਲੇ ਗੰਨੇ ਚੂਪਦੀ’, ‘ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ’ (ਸ਼ਮਸ਼ਾਦ), ਨਿਗਾਰਸਤਾਨ (ਇੰਡੀਆ) ਫ਼ਿਲਮਜ਼, ਬੰਬੇ ਦੀ ‘ਢੋਲ ਜਾਨੀ’ (1962) ‘ਜਾ ਵੇ ਚੰਨਾ ਲੁਕ ਜਾ ਬੱਦਲੀ ਦੇ ਥੱਲੇ’ (ਸੁਮਨ ਕਲਿਆਣਪੁਰ, ਮਹਿੰਦਰ ਕਪੂਰ) ਤੇ ਭੰਗੜਾ ਗੀਤ ‘ਏਧਰ ਛੱਲੀਆਂ ਓਧਰ ਛੱਲੀਆਂ’ (ਸ਼ਮਸ਼ਾਦ, ਰਫ਼ੀ) ਸਨ।
ਫ਼ਿਲਮ ਨਗਰ, ਬੰਬੇ ਦੀ ਫ਼ਿਲਮ ‘ਸ਼ੇਰਨੀ’ (1973) ਜਿਸ ਵਿਚ ਸੁਭਾਸ਼ ਘਈ ਬਤੌਰ ਹੀਰੋ ਪੇਸ਼ ਹੋਇਆ ’ਚ ਵਰਮਾ ਮਲਿਕ ਦੇ ਲਿਖੇ ‘ਗੱਲ ਸੁਣ ਓ ਯਾਰ ਪਰਦੇਸੀ’ (ਰਫ਼ੀ), ‘ਗੱਲ ਸੁਣ-ਗੱਲ ਸੁਣ ਮੁੰਡਿਆ ਤੇਰੀ ਮੁੱਠ ਵਿਚ ਕੀ ਏ’ (ਊਸ਼ਾ ਖੰਨਾ, ਮੁਕੇਸ਼) ਗੀਤਾਂ ਦਾ ਸੰਗੀਤ ਦਿੱਤਾ। ਪੀ. ਐੱਲ. ਫ਼ਿਲਮਜ਼, ਬੰਬੇ ਦੀ ‘ਮੋਰਨੀ’ (1975) ਜੋ ਅਦਾਕਾਰ ਸਤੀਸ਼ ਕੋਲ ਦੀ ਪਹਿਲੀ ਪੰਜਾਬੀ ਫ਼ਿਲਮ ਹੈ ’ਚ ‘ਮੈਂ ਕਹਿੰਦਾ ਸੱਚ ਕੁੜੀਏ’ (ਰਫ਼ੀ), ‘ਤੇਰੇ ਅੰਦਰੋਂ ਮੈਲ ਨਾ ਜਾਵੇ’ (ਮੀਨੂੰ ਪ੍ਰਸ਼ੋਤਮ, ਰਫ਼ੀ), ਵਿਸ਼ਾਲ ਰਾਜ ਪ੍ਰੋਡਕਸ਼ਨ, ਬੰਬੇ ਦੀ ‘ਜੈ ਮਾਤਾ ਦੀ’ (1977) ’ਚ ‘ਚੜ੍ਹ ਜਾ ਚੜ੍ਹਾਈਆਂ ਭਗਤਾ’ (ਨਰਿੰਦਰ ਚੰਚਲ) ਸੀ। ਹਿਦਾਇਤਕਾਰ ਸਤੀਸ਼ ਭਾਖੜੀ ਦੀ ਪਹਿਲੀ ਪੰਜਾਬੀ ਫ਼ਿਲਮ ‘ਲੱਛੀ’ (1977) ’ਚ ਮੁਨਸਿਫ਼ ਦੇ ਲਿਖੇ ‘ਕਦੀ ਨਾ ਬੰਨ੍ਹੀ ਗੋਰੀ ਬਾਂਹ ਉੱਤੇ ਘੜੀ’ (ਰਫ਼ੀ) ਸੀ। ਇਹ ਫ਼ਿਲਮ ਹਿੰਦੀ ’ਚ ‘ਬਦਮਾਸ਼ੋਂ ਕਾ ਬਦਮਾਸ਼’ (1979) ਸਿਰਲੇਖ ਹੇਠ ਡੱਬ ਹੋਈ।
ਜਸਵੰਤ ਫ਼ਿਲਮਜ਼, ਬੰਬੇ ਦੀ ‘ਸ਼ੇਰ ਪੁੱਤਰ’ (1977), ਭਾਖੜੀ ਫ਼ਿਲਮਜ਼, ਬੰਬੇ ਦੀ ‘ਜੱਟ ਪੰਜਾਬੀ’ (1977), ਪਾਰਤੀ ਪ੍ਰੋਡਕਸ਼ਨ, ਬੰਬੇ ਦੀ ‘ਜੁਗਨੀ’ (1979) ਦਾ ਸੰਗੀਤ ਦਿੱਤਾ। ਇਸ ਤੋਂ ਬਾਅਦ ਆਈਆਂ ‘ਕੁਆਰਾ ਮਾਮਾ’ (1979), ‘ਸਰਦਾਰ-ਏ-ਆਜ਼ਮ’ (1979), ‘ਚਸਕਾ’ (1979), ‘ਛਮਕ ਛੱਲੋ’ (1982), ‘ਵੋਹਟੀ ਹੱਥ ਸੋਟੀ’ (1983) ਤੋਂ ਇਲਾਵਾ ‘ਜੀਜਾ ਸਾਲੀ’ (1985) ’ਚ ’ਤੂੰ ਨੌਕਰ ਸਾਡੇ ਘਰ ਦਾ’ (ਦਿਲਰਾਜ ਕੌਰ), ‘ਅੱਗ ਵਰਗਾ ਰੂਪ ਹੈ ਮੇਰਾ ਓ ਚੰਨ ਮਾਹੀ ਵੇਖ ਤਾਂ ਸਹੀ’ (ਆਸ਼ਾ ਭੋਸਲੇ) ਆਦਿ ਹੰਸਰਾਜ ਬਹਿਲ ਦੇ ਲਾਫ਼ਾਨੀ ਸੰਗੀਤ ਦਾ ਸ਼ਾਹਕਾਰ ਸਨ। ਹੰਸਰਾਜ ਬਹਿਲ ਦੀ ਮੁਰੱਤਿਬ ਮੌਸੀਕੀ ’ਚ ਰਿਲੀਜ਼ਸ਼ੁਦਾ ਆਖ਼ਰੀ ਪੰਜਾਬੀ ਫ਼ਿਲਮ ਮੋਹਨ ਭਾਖੜੀ ਨਿਰਦੇਸ਼ਿਤ ‘ਜੱਟ ਦਾ ਗੰਡਾਸਾ’ (1991) ਸੀ। ਉਸਦੀ ਆਖ਼ਰੀ ਸੰਗੀਤ-ਨਿਰਦੇਸ਼ਿਤ ਹਿੰਦੀ ਫ਼ਿਲਮ ‘ਇਨਸਾਫ਼ ਕਾ ਖ਼ੂਨ’ (1991) ਸੀ।
ਹੰਸਰਾਜ ਬਹਿਲ ਨੇ ਆਪਣੇ ਭਰਾ ਗੁਲਸ਼ਨ ਬਹਿਲ ਨਾਲ ਮਿਲ ਆਪਣੇ ਪਿਤਾ ਨਿਹਾਲ ਚੰਦ ਬਹਿਲ ਦੇ ਨਾਮ ਉੱਤੇ ਐੱਨ. ਸੀ. ਫ਼ਿਲਮਜ਼, ਬੰਬਈ ਦੀ ਸਥਾਪਨਾ ਕੀਤੀ। ਇਸ ਬੈਨਰ ਹੇਠ ਹੰਸਰਾਜ ਬਹਿਲ ਦੀ ਸੰਗੀਤ-ਨਿਰਦੇਸ਼ਨਾ ’ਚ ਪਹਿਲੀ ਹਿੰਦੀ ਫ਼ਿਲਮ ‘ਲਾਲ ਪਰੀ’ (1954) ਬਣਾਈ, ਜਿਸ ਵਿਚ ਉਨ੍ਹਾਂ ਨੇ ਗੀਤਾ ਦੱਤ, ਤਲਤ ਮਹਿਮੂਦ ਦੀ ਆਵਾਜ਼ ’ਚ ਰੂਮਾਨੀ ਗੀਤ ‘ਕਹਿ ਰਹੀ ਹੈ ਧੜਕਨੇਂ ਪੁਕਾਰ ਕਰ’ ’ਚ ਗਿਟਾਰ ਦਾ ਸੋਹਣਾ ਇਸਤੇਮਾਲ ਕੀਤਾ। ਇਸਦੇ ਬਾਅਦ ਉਨ੍ਹਾਂ ਨੇ ‘ਮਸਤ ਕਲੰਦਰ’ (1955), ‘ਰਾਜਧਾਨੀ’ (1956), ‘ਚੰਗ਼ੇਜ਼ ਖ਼ਾਨ’ (1957), ‘ਮਿਸ ਬੰਬੇ’ (1958), ‘ਮਿਲਨ’, ‘ਸਾਵਨ’ (1959), ‘ਮੁੜ ਮੁੜ ਕੇ ਨਾ ਦੇਖ’ (1960), ‘ਸਿਕੰਦਰ-ਏ-ਆਜ਼ਮ’ (1965), ‘ਏਕ ਦਿਨ ਕਾ ਬਾਦਸ਼ਾਹ’ (1965) ਅਤੇ ‘ਇਨਸਾਫ਼ ਕਾ ਖ਼ੂਨ’ (1991) ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਜੋ ਉਨ੍ਹਾਂ ਦੇ ਬਿਹਤਰੀਨ ਸੰਗੀਤ ਸਦਕਾ ਅੱਜ ਵੀ ਯਾਦ ਕੀਤੀਆਂ ਜਾਂਦੀਆਂ ਹਨ।
ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਅਜ਼ੀਮ ਮੌਸੀਕਾਰ ਹੰਸਰਾਜ ਬਹਿਲ 20 ਮਈ 1984 ਨੂੰ 68 ਸਾਲ ਦੀ ਉਮਰ ’ਚ ਕੈਂਸਰ ਕਾਰਨ ਬੰਬਈ ਵਿਖੇ ਵਫ਼ਾਤ ਪਾ ਗਏ।

ਸੰਪਰਕ: 97805-09545


Comments Off on ਪੰਜਾਬੀ ਫ਼ਿਲਮਾਂ ਦਾ ਮੁਮਤਾਜ਼ ਸੰਗੀਤਕਾਰ ਹੰਸਰਾਜ ਬਹਿਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.