1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਪ੍ਰਿਯੰਕਾ ਨੇ ਨਵਜੋਤ ਸਿੱਧੂ ਨੂੰ ਪੰਜਾਬ ’ਚ ਚੋਣ ਪ੍ਰਚਾਰ ਲਈ ਰਾਜ਼ੀ ਕੀਤਾ

Posted On May - 15 - 2019

ਦਵਿੰਦਰ ਪਾਲ
ਚੰਡੀਗੜ੍ਹ, 14 ਮਈ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਤੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਅੱਜ ਬਠਿੰਡਾ ’ਚ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚੋਣ ਜਲਸੇ ਵਿੱਚ ਸ਼ਮੂਲੀਅਤ ਕਰਵਾਉਣ ਲਈ ਪ੍ਰਿਯੰਕਾ ਗਾਂਧੀ ਨੇ ਅਹਿਮ ਭੂਮਿਕਾ ਨਿਭਾਈ। ਸੂਤਰਾਂ ਦਾ ਦੱਸਣਾ ਹੈ ਕਿ ਪ੍ਰਿਯੰਕਾ ਗਾਂਧੀ ਨੇ ਅੱਜ ਸਵੇਰੇ 9 ਵਜੇ ਦੇ ਕਰੀਬ ਨਵਜੋਤ ਸਿੰਘ ਸਿੱਧੂ ਨਾਲ ਨਵੀਂ ਦਿੱਲੀ ’ਚ ਮੀਟਿੰਗ ਕੀਤੀ ਅਤੇ ਉਥੋਂ ਪੰਜਾਬ ’ਚ ਪ੍ਰਚਾਰ ਕਰਨ ਲਈ ਆਪਣੇ ਨਾਲ ਲਿਆਂਦਾ। ਨਵੀਂ ਦਿੱਲੀ ਨਾਲ ਸਬੰਧਤ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਦੱਸਿਆ ਕਿ ਸ੍ਰੀ ਸਿੱਧੂ ਨੇ ਆਪਣੇ ਤੈਅਸ਼ੁਦਾ ਪ੍ਰੋਗਰਾਮ ਤਹਿਤ ਅੱਜ ਪਟਨਾ ਸਾਹਿਬ ਸੰਸਦੀ ਹਲਕੇ ਵਿੱਚ ਅਦਾਕਾਰ ਸ਼ਤਰੂਘਨ ਸਿਨਹਾ ਦੇ ਪੱਖ ’ਚ ਰੈਲੀਆਂ ਕਰਨੀਆਂ ਸਨ ਜੋ ਅਚਨਚੇਤ ਰੱਦ ਕਰ ਦਿੱਤੀਆਂ ਗਈਆਂ। ਸ੍ਰੀ ਸਿੱਧੂ ਨੂੰ ਪਾਰਟੀ ਵੱਲੋਂ ਜਿਹੜਾ ਜਹਾਜ਼ ਮੁਹੱਈਆ ਕਰਾਇਆ ਗਿਆ ਹੈ ਉਹ ਦਿੱਲੀ ਹੀ ਖੜ੍ਹਾ ਹੈ ਤੇ ਉਹ ਪ੍ਰਿਯੰਕਾ ਗਾਂਧੀ ਦੇ ਜਹਾਜ਼ ਵਿੱਚ ਬੈਠ ਕੇ ਹੀ ਪੰਜਾਬ ਆਏ। ਇਹ ਵੀ ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰੋਗਰਾਮ ਵਿੱਚ ਤਬਦੀਲੀ ਹੋਣ ਦੇ ਵੀ ਆਸਾਰ ਹਨ। ਜ਼ਿਕਰਯੋਗ ਹੈ ਕਿ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅਣਸੁਖਾਵੇਂ ਸਬੰਧਾਂ ਦੇ ਚਲਦੇ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਪੱਖ ’ਚ ਚੋਣ ਪ੍ਰਚਾਰ ਤੋਂ ਹੁਣ ਤੱਕ ਦੂਰ ਹੀ ਰਹੇ ਹਨ। ਹੁਣ ਜਦੋਂ ਚੋਣ ਪ੍ਰਚਾਰ ਅੰਤਿਮ ਪੜਾਅ ’ਤੇ ਪਹੁੰਚ ਗਿਆ ਹੈ ਤੇ ਪ੍ਰਚਾਰ ਲਈ ਭਲਕ ਤੋਂ ਦੋ ਦਿਨ ਹੀ ਬਾਕੀ ਬਚੇ ਹਨ। ਸ੍ਰੀ ਸਿੱਧੂ ਅੱਜ ਪ੍ਰਿਯੰਕਾ ਗਾਂਧੀ ਨਾਲ ਬਠਿੰਡਾ ਵਿੱਚ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਗੁਰਦਾਸਪੁਰ ਹਲਕੇ ਵਿੱਚ ਕਾਂਗਰਸ ਉਮੀਦਵਾਰ ਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੇ ਹੱਕ ’ਚ ਇੱਕ ਰੋਡ ਸ਼ੋਅ ਵਿੱਚ ਸ਼ਾਮਲ ਹੋਣ ਲਈ ਵੀ ਗਏ। ਸ੍ਰੀ ਸਿੱਧੂ ਨੇ ਇਹ ਵੀ ਐਲਾਨ ਕੀਤਾ ਹੈ ਕਿ 17 ਮਈ ਨੂੰ ਚੋਣ ਪ੍ਰਚਾਰ ਦੇ ਅੰਤਿਮ ਦਿਨ ਬਠਿੰਡਾ ਹਲਕੇ ਵਿੱਚ ਦਿਨ ਭਰ ਰੈਲੀਆਂ ਕਰਨਗੇ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੀ ਚੋਣ ਪ੍ਰਚਾਰ ਤੇ ਅੰਤਿਮ ਦਿਨਾਂ ਦੌਰਾਨ ਕੀਤੀ ਸ਼ਮੂਲੀਅਤ ਦਾ ਸੂਬੇ ਦੀ ਰਾਜਨੀਤੀ ’ਤੇ ਡੂੰਘਾ ਅਸਰ ਪੈਣ ਦੇ ਆਸਾਰ ਹਨ ਕਿਉਂਕਿ ਇਹ ਮੰਨਿਆ ਜਾਂਦਾ ਸੀ ਕਿ ਸਿੱਧੂ ਵਿਰੋਧੀ ਲਾਬੀ ਉਸ (ਸਿੱਧੂ) ਨੂੰ ਪੰਜਾਬ ਤੋਂ ਬਾਹਰ ਰੱਖਣਾ ਚਾਹੁੰਦੇ ਸਨ ਪਰ ਗਾਂਧੀ ਪਰਿਵਾਰ ਨੇ ਪੰਜਾਬ ਦੇ ਇਸ ਮੰਤਰੀ ਨੂੰ ਚੋਣ ਪ੍ਰਚਾਰ ’ਚ ਲਿਆ ਖੜ੍ਹਾ ਕੀਤਾ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਵਿੱਚ 80 ਤੋਂ ਵੱਧ ਰੈਲੀਆਂ ਕਰ ਚੁੱਕੇ ਹਨ।

ਪ੍ਰਿਯੰਕਾ ਗਾਂਧੀ ਅਪਰੇਸ਼ਨ ਬਲਿਊ ਸਟਾਰ ਭੁੱਲੀ: ਹਰਸਿਮਰਤ

ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਪ੍ਰਿਯੰਕਾ ਗਾਂਧੀ ਨੇ ਚੁਰਾਸੀ ਦੇ ਸਿੱਖ ਕਤਲੇਆਮ ਦੀ ਮੁਆਫੀ ਤਾਂ ਕੀ ਮੰਗਣੀ ਸੀ, ਉਲਟਾ ਆਪਣੇ ਭਰਾ ਰਾਹੁਲ ਗਾਂਧੀ ਨੂੰ ਕਲੀਨ ਚਿੱਟ ਦੇ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਉਨ੍ਹਾਂ ਆਖਿਆ ਕਿ ਪ੍ਰਿਯੰਕਾ ਗਾਂਧੀ ਇਹ ਭੁੱਲ ਗਈ ਕਿ ਉਸ (ਪ੍ਰਿਯੰਕਾ) ਦੀ ਦਾਦੀ ਇੰਦਰਾ ਗਾਂਧੀ ਨੇ ਅਪਰੇਸ਼ਨ ਬਲਿਊ ਸਟਾਰ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀ ਗੱਲ ਕਰ ਰਹੀ ਹੈ, ਜਿਸ ਦੀ ਦਾਦੀ ਇੰਦਰਾ ਗਾਂਧੀ ਨੇ ਅਪਰੇਸ਼ਨ ਬਲਿਊ ਸਟਾਰ ਦੇ ਹੁਕਮ ਦਿੱਤੇ ਅਤੇ ਉਦੋਂ ਪਾਵਨ ਗ੍ਰੰਥ ਦੇ ਸੈਂਕੜੇ ਸਰੂਪ ਨਸ਼ਟ ਹੋ ਗਏ ਸਨ। ਜੇ ਪ੍ਰਿਯੰਕਾ ਕਿਸਾਨੀ ਬਾਰੇ ਸੰਜੀਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੇ ਕਿ ਦੋ ਸਾਲਾਂ ’ਚ 1500 ਕਿਸਾਨਾਂ ਨੇ ਖੁਦਕੁਸ਼ੀਆਂ ਕਿਉਂ ਕੀਤੀਆਂ। 550 ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਜਾਨ ਤੋਂ ਹੱਥ ਧੋ ਬੈਠੇ ਹਨ।
-ਟ੍ਰਿਬਿਊਨ ਨਿਊਜ਼ ਸਰਵਿਸ


Comments Off on ਪ੍ਰਿਯੰਕਾ ਨੇ ਨਵਜੋਤ ਸਿੱਧੂ ਨੂੰ ਪੰਜਾਬ ’ਚ ਚੋਣ ਪ੍ਰਚਾਰ ਲਈ ਰਾਜ਼ੀ ਕੀਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.