ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਪਿੰਗਲਵਾੜਾ ਦਾ ਅਜੋਕੇ ਸਮਾਜ ਲਈ ਪੈਗ਼ਾਮ

Posted On May - 29 - 2019

ਭਗਤ ਪੂਰਨ ਸਿੰਘ 1953 ਵਿਚ ਪਿੰਗਲਵਾੜਾ ਦੇ ਪਹਿਲੇ ਸੇਵਾਦਾਰਾਂ ਨਾਲ।

ਪਿੰਗਲਵਾੜਾ ਦੀ ਸ਼ੁਰੂਆਤ ਉੱਤਰੀ ਭਾਰਤ ਦੀ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਨੇ ਕੀਤੀ। ਜਦੋਂ ਉਨ੍ਹਾਂ ਪਿੰਗਲਵਾੜੇ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਕੋਲ ਘਰ ਦੀ ਛੱਤ ਵੀ ਨਹੀਂ ਸੀ। ਤਨ ’ਤੇ ਸਿਰਫ਼ ਤਿੰਨ ਕੱਪੜੇ ਸਨ। ਭੁੱਖਾਂ-ਤ੍ਰੇਹਾਂ ਨੂੰ ਜਰਦਾ ਭਗਤ ਜੀ ਦਾ ਮਾੜਚੂ ਜਿਹਾ ਸਰੀਰ ਅਤੇ ਇਸ ਵਜੂਦ ਵਿਚ ਵੱਡਾ ਸਾਰਾ ਦਿਲ, ਜੋ ਧਰਮ, ਕਰਮ, ਜਾਤਾਂ-ਪਾਤਾਂ ਦੀਆਂ ਵਲਗਣਾਂ ਤੋਂ ਉਪਰ ਉੱਠ ਕੇ ਮਜ਼ਲੂਮਾਂ, ਪਿੰਗਲਿਆਂ, ਕੋਹੜੀਆਂ, ਲਾਵਾਰਸਾਂ, ਲੰਗੜੇ-ਲੂਲਿਆਂ, ਜਿਨ੍ਹਾਂ ਨੂੰ ਸਮਾਜ ਦੀਆਂ ਸਿਆਣਪਾਂ ਨੇ ਦੁਰਕਾਰ ਦਿੱਤਾ ਸੀ, ਲਈ ਧੜਕਦਾ ਸੀ। ਦਿਲ ਵਿਚ ਮਾਨਵਤਾ ਲਈ ਜਜ਼ਬਾ ਰੱਖਣ ਵਾਲੇ ਅਜਿਹੇ ਮਨੁੱਖ ਵਿਰਲੇ ਟਾਵੇਂ ਹੀ ਪੈਦਾ ਹੁੰਦੇ ਹਨ।
ਭਗਤ ਪੂਰਨ ਸਿੰਘ ਦੇ ਨਿਸ਼ਕਾਮ ਸੇਵਾ ਦੇ ਸੰਕਲਪ ਦੀ ਵਿਰਾਸਤ ਨੂੰ ਅੱਜ-ਕਲ੍ਹ ਡਾ. ਇੰਦਰਜੀਤ ਕੌਰ ਸੰਭਾਲ ਰਹੇ ਹਨ। ਅਕਸਰ ਵੇਖਿਆ ਗਿਆ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਦੀ ਸ਼ੁਰੂਆਤ ਕਰਨ ਵਾਲੇ ਤਾਂ ਮਹਾਨ ਇਨਸਾਨ ਹੁੰਦੇ ਹਨ, ਪਰ ਉਹ ਜਦੋਂ ਅਗਲੀ ਪੀੜ੍ਹੀ ਦੇ ਹੱਥਾਂ ਵਿਚ ਜਾਂਦੀਆਂ ਹਨ ਤਾਂ ਇਨ੍ਹਾਂ ਵਿਚ ਲੋਭ-ਲਾਲਚ ਦਾ ਪਸਾਰਾ ਵਧ ਜਾਂਦਾ ਹੈ। ਪਰ ਪਿੰਗਲਵਾੜਾ ਸੰਸਥਾ ਵਿਚ ਅਜਿਹਾ ਕੁਝ ਵੇਖਣ ਨੂੰ ਨਹੀਂ ਮਿਲਦਾ। ਇਹ ਸੰਸਥਾ ਖੁੱਲ੍ਹੀ ਕਿਤਾਬ ਵਾਂਗ ਹੈ। ਪਿੰਗਲਵਾੜਾ ਰਾਹੀਂ ਬੀਬੀ ਇੰਦਰਜੀਤ ਕੌਰ ਅਤੇ ਉਨ੍ਹਾਂ ਦੇ ਕਰਮਯੋਗੀ ਸੇਵਾਦਾਰ ਬੜੀ ਤਨਦੇਹੀ ਨਾਲ ਕਾਰਜ ਕਰ ਰਹੇ ਹਨ।
ਅਪੰਗਾਂ, ਮਾਨਸਿਕ ਰੋਗੀਆਂ ਅਤੇ ਬੇਸਾਰਾ ਬੱਚਿਆਂ ਦਾ ਪਾਲਣ-ਪੋਸ਼ਣ, ਵਾਤਾਵਰਨ ਲਈ ਪੌਦੇ ਲਾਉਣੇ ਅਤੇ ਵੰਡਣੇ, ਉਸਾਰੂ ਸਾਹਿਤ ਦਾ ਪ੍ਰਕਾਸ਼ਨ ਕਰਨਾ, ਬੇਸਹਾਰਾ ਬੱਚਿਆਂ ਲਈ ਸਕੂਲ ਕਾਲਜ ਖੋਲ੍ਹ ਕੇ ਉਨ੍ਹਾਂ ਲਈ ਮੁਫ਼ਤ ਵਿੱਦਿਆ ਤੇ ਖਾਦਾਂ ਤੋਂ ਰਹਿਤ ਖੇਤੀ ਦਾ ਮਾਡਲ ਪਿੰਗਲਵਾੜੇ ਦੇ ਮੁੱਖ ਪੰਜ ਕਾਰਜ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਗੁਰੂ

ਪਿੰਗਲਵਾੜਾ ’ਚ 13 ਜੂਨ 2003 ਤੋਂ ਪਲ ਰਹੇ ਸੋਹਣਾ-ਮੋਹਣਾ।

ਨਾਨਕ ਦੇਵ ਅਤੇ ਭਾਈ ਲਾਲੋ ਜੀ ਨੂੰ ਸਮਰਪਿਤ ਪੰਜ ਰੋਜ਼ਾ ਕਿਰਤੀ ਮੇਲਾ ਲਾ ਕੇ ਪਿੰਗਲਵਾੜਾ ਨੇ ਕਿਰਤ ਨਾਲ ਜੁੜਨ ਅਤੇ ਕਿਰਤ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ। ਇਸ ਮੇਲੇ ਦੌਰਾਨ ਦੇਸ਼ ਭਰ ’ਚੋਂ ਬੁਲਾਏ ਕਿਰਤੀਆਂ, ਸ਼ਿਲਪਕਾਰਾਂ, ਕਲਾਕਾਰਾਂ ਦੀ ਵਿਲੱਖਣ ਕਲਾ ਨੂੰ ਪੇਸ਼ ਕੀਤਾ ਗਿਆ।
ਪਿੰਗਲਵਾੜਾ ਸੰਸਥਾ ਉਨ੍ਹਾਂ ਤਰਜੀਹਾਂ ’ਤੇ ਕੰਮ ਕਰ ਰਹੀ ਹੈ, ਜਿਸ ਦੀ ਪੰਜਾਬੀ ਸਮਾਜ ਨੂੰ ਸਭ ਤੋਂ ਵੱਧ ਲੋੜ ਹੈ। ਜਿੱਥੇ ਅਸੀਂ ਅੱਜ ਕਿਤਾਬਾਂ ਅਤੇ ਸਾਹਿਤ ਨਾਲੋਂ ਟੁੱਟ ਰਹੇ ਹਾਂ, ਕਿਰਤ ਕਰਨਾ ਅਸੀਂ ਤਿਆਗ ਬੈਠੇ ਹਾਂ, ਵਾਤਾਵਰਨ ਬੁਰੀ ਤਰ੍ਹਾਂ ਪਲੀਤ ਹੋ ਰਿਹਾ ਹੈ ਅਤੇ ਲੋਕ ਸੇਵਾ ਦੀ ਥਾਂ ਸਮਾਜ ਵਿਚ ਵਿਖਾਵੇ ਦੀ ਬਿਰਤੀ ਭਾਰੂ ਹੋ ਗਈ ਹੈ, ਉਥੇ ਹੀ ਪਿੰਗਲਵਾੜਾ ਸਾਨੂੰ ਇਸ ਨੂੰ ਸੁਧਾਰਨ ਦਾ ਹੋਕਾ ਦੇ ਰਿਹਾ ਹੈ।
ਲੋਭ, ਲਾਲਚਾਂ ਵੱਸ ਪੈ ਰਹੇ ਸਮਾਜ ਲਈ ਪਿੰਗਲਵਾੜਾ ਦਾ ਸੁਨੇਹਾ ਹੈ ਕਿ ਮਨੁੱਖ ਨੇ ਕੇਵਲ ਆਪਣੇ ਆਪ ਲਈ ਹੀ ਨਹੀਂ ਜਿਊਣਾ ਸਗੋਂ ਦੀਨ-ਦੁਖੀਆਂ, ਬੇਸਹਾਰਾ, ਨਿਆਸਰਿਆਂ ਲਈ ਆਸਰਾ ਬਣਨਾ ਹੁੰਦਾ ਹੈ। ਜਿਨ੍ਹਾਂ ਬੱਚਿਆਂ ਨੂੰ ਕੋਈ ਜਨਮ ਤੋਂ ਬਾਅਦ ਉਜਾੜ ਥਾਵਾਂ ਜਾਂ ਧਾਰਮਿਕ ਅਸਥਾਨਾਂ ਦੀਆਂ ਚਾਰਦੀਵਾਰੀਆਂ ਵਿਚ ਛੱਡ ਜਾਂਦਾ ਹੈ, ਉਨ੍ਹਾਂ ਨੂੰ ਸੰਭਾਲਣ ਦਾ ਕਾਰਜ ਪਿੰਗਲਵਾੜਾ ਦੇ ਹਿੱਸੇ ਆਇਆ ਹੈ। ਪਿੰਗਲਵਾੜਾ ਪਰਿਵਾਰ ਵਿਚ ਇਹ ਬੱਚੇ ਪਲੇ, ਵੱਡੇ ਹੋਏ, ਪੜ੍ਹੇ-ਲਿਖੇ ਅਤੇ ਕਈਆਂ ਨੇ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਵੀ ਮਾਰੀਆਂ।
ਸੰਸਥਾ ਦੀ ਮਦਦ ਨਾਲ ਉੱਚ ਵਿੱਦਿਆ ਹਾਸਲ ਕੀਤੀ, ਕੌਮੀ ਅਤੇ ਕੌਮਾਂਤਰੀ ਪ੍ਰੋਗਰਾਮਾਂ/ਖੇਡਾਂ ਵਿਚ ਹਿੱਸਾ ਲੈ ਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਪਿੰਗਲਵਾੜੇ ਵਿਚ ਰਹਿਣ ਵਾਲੇ ਹਰ ਬੱਚੇ, ਹਰ ਔਰਤ ਅਤੇ ਹਰ ਬਜ਼ੁਰਗ ਦੀ ਵੱਖਰੀ ਕਹਾਣੀ ਹੈ, ਜੋ ਸਮਾਜ ਦੇ ਚਿਹਰੇ ਦਾ ਪਰਦਾ ਲਾਹ ਕੇ ਹਕੀਕਤ ਦੇ ਰੂਬਰੂ ਕਰਦੀ ਹੈ।
ਅੱਜ ਜਦੋਂ ਸਮਾਜ ਵਿਖਾਵੇ ਦੀ ਮਨੋਬਿਰਤੀ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਖੇਤਰਾਂ ਵਿਚ ਆਪਣੀ ਹਾਊਮੇ ਨੂੰ ਪੱਠੇ ਪਾਉਣ ਦੀ ਮਨੋਬਿਰਤੀ ਭਾਰੂ ਹੋ ਰਹੀ ਹੈ। ਜਦੋਂ ਦੁਨੀਆਂ ਦਾ ਹਰ ਦੇਸ਼ ਵਿਸ਼ੇਸ਼ ਤਾਕਤ ਹਾਸਲ ਕਰਕੇ ਦੂਜੇ ਨੂੰ ਦਬਾਉਣ ਦੀ ਕੋਸ਼ਿਸ਼ ਵਿਚ ਹੈ, ਧਰਮਾਂ-ਜਾਤਾਂ

ਗੁਰਚਰਨ ਸਿੰਘ ਨੂਰਪੁਰ

ਦੇ ਨਾਂ ’ਤੇ ਦੁਨੀਆਂ ਵਿਚ ਵਖਰੇਵੇਂ ਵਧ ਰਹੇ ਹਨ, ਦੰਗੇ-ਫਸਾਦ ਕਤਲੋਗਾਰਤ ਅਤੇ ਬਲਾਤਕਾਰ ਵਰਗੀਆਂ ਘਿਨੌਣੀਆਂ ਹਰਕਤਾਂ ਹੋ ਰਹੀਆਂ ਹਨ, ਇਸ ਦੌਰ ਵਿਚ ਪਿੰਗਲਵਾੜਾ ਸਾਨੂੰ ਮਾਨਵਤਾ ਦਾ ਪੈਗਾਮ ਦੇ ਰਿਹਾ ਹੈ। ਇਸ ਪੈਗਾਮ ਨੂੰ ਧਰਮ-ਕਰਮ ਦੇ ਨਾਂ ’ਤੇ ਦੂਜਿਆਂ ਦੀ ਰੱਤ ਡੋਲ੍ਹਣ ਵਾਲਿਆਂ ਸਮੇਤ ਹਰ ਮਨੁੱਖ ਨੂੰ ਸਮਝਣ ਦੀ ਲੋੜ ਹੈ।
ਸੰਪਰਕ: 98550-51099

ਰਾਸਾਇਣ ਰਹਿਤ ਖੇਤੀ ਦਾ ਹੋਕਾ
ਆਪਣੇ ਆਲੇ-ਦੁਆਲੇ ਨੂੰ ਲਗਾਤਾਰ ਪਲੀਤ ਕਰਨਾ ਅੱਜ ਦੇ ਸਭਿਅਕ ਮਨੁੱਖ ਦੀ ਵੱਡੀ ਸਮੱਸਿਆ ਹੈ। ਇਸ ਪ੍ਰਤੀ ਸਾਨੂੰ ਫ਼ਿਕਰਮੰਦ ਹੋਣ ਦੀ ਲੋੜ ਹੈ। ਇਸ ਪ੍ਰਤੀ ਭਗਤ ਪੂਰਨ ਸਿੰਘ ਆਪਣੀਆਂ ਲਿਖਤਾਂ ਨਾਲ ਲੋਕਾਂ ਨੂੰ ਸੁਚੇਤ ਕਰਿਆ ਕਰਦੇ ਸਨ। ਇਸ ਕਾਰਜ ਨੂੰ ਅੱਗੇ ਵਧਾਉਂਦਿਆਂ ਇਹ ਸੰਸਥਾ ਵਾਤਾਵਰਨ ਨੂੰ ਬਚਾਉਣ ਲਈ ਕੀਟਨਾਸ਼ਕਾਂ ਅਤੇ ਰਸਾਇਣਾਂ ਰਹਿਤ ਕੁਦਰਤੀ ਖੇਤੀ ਕਰਨ ਅਤੇ ਇਸ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਇਸ ਵਿਚ ਖੇਤੀ ਦੇ ਖਰਚਿਆਂ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ, ਕਿਵੇਂ ਇੱਕੋ ਸਮੇਂ ਇੱਕ ਤੋਂ ਵੱਧ ਫਸਲਾਂ ਲੈ ਕੇ ਖੇਤਾਂ ਤੋਂ ਵੱਧ ਤੋਂ ਵੱਧ ਆਮਦਨ ਲਈ ਜਾ ਸਕਦੀ ਹੈ, ਮਿੱਟੀ ਦੀ ਗੁਣਵੱਤਾ ਅਤੇ ਪਾਣੀ ਦੀ ਵੀ ਵੱਧ ਤੋਂ ਵੱਧ ਬੱਚਤ ਕੀਤੀ ਜਾ ਸਕਦੀ ਹੈ ਆਦਿ ਦੱਸਿਆ ਜਾਂਦਾ ਹੈ। ਪਿੰਗਲਵਾੜਾ ਦਾ ਆਪਣਾ ਫਾਰਮ ਹੈ, ਜੋ ਰਾਜਵੀਰ ਸਿੰਘ ਦੀ ਯੋਗ ਅਗਵਾਈ ਹੇਠ ਫਲ-ਫੁਲ ਰਿਹਾ ਹੈ। ਇਸ ਫਾਰਮ ਵਿਚ ਜ਼ਹਿਰਾਂ ਤੋਂ ਮੁਕਤ ਖੇਤੀ ਹੁੰਦੀ ਹੈ,

ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਪ੍ਰੰਟਿੰਗ ਪ੍ਰੈੱਸ ਵਿਚ।

ਜਿਸ ਨੂੰ ਲੋਕ ਦੂਰ ਤੋਂ ਵੇਖਣ ਆਉਂਦੇ ਹਨ। ਇਹ ਖੇਤੀ ਦਾ ਵਿਲੱਖਣ ਮਾਡਲ ਹੈ, ਜੋ ਦਿਨੋਂ ਦਿਨ ਗਹਿਰੇ ਹੁੰਦੇ ਜਾ ਰਹੇ ਖੇਤੀ ਸੰਕਟ ਤੋਂ ਨਿਜਾਤ ਪਾਉਣ ਲਈ ਸਹਾਈ ਹੋ ਸਕਦਾ ਹੈ।

ਉਸਾਰੂ ਸਾਹਿਤ ਪ੍ਰਕਾਸ਼ਿਤ ਕਰਨ ਦੀ ਪਹਿਲ
ਉਸਾਰੂ ਸਾਹਿਤ ਨੂੰ ਪ੍ਰਕਾਸ਼ਿਤ ਕਰਨ ਲਈ ਪਿੰਗਲਵਾੜਾ ਦੀ ਆਪਣੀ ਪ੍ਰੈੱਸ ਹੈ, ਜਿੱਥੋਂ ਉਸਾਰੂ ਸਾਹਿਤ ਦਾ ਪ੍ਰਕਾਸ਼ਨ ਹੁੰਦਾ ਹੈ। ਜੋ ਸਾਹਿਤ ਇਥੋਂ ਪ੍ਰਕਾਸ਼ਿਤ ਹੁੰਦਾ ਹੈ, ਉਸ ਵਿਚ ਭਵਿੱਖ ਦੀ ਚਿੰਤਾ ਹੈ। ਪਾਣੀ ਹਵਾ ਮਿੱਟੀ ਦੇ ਪਲੀਤ ਹੋਣ ਦਾ ਫ਼ਿਕਰ ਹੈ। ਇਥੇ ਜ਼ਹਿਰਾਂ, ਰਸਾਇਣਾਂ, ਰੁੱਖਾਂ ਦੀ ਕਟਾਈ, ਪਾਣੀ ਦੇ ਪ੍ਰਦੂਸ਼ਣ ਵਰਗੀਆਂ ਅਲਾਮਤਾਂ ਤੋਂ ਸੁਚੇਤ ਕਰਦੀਆਂ ਵਿਦਵਾਨਾਂ ਦੀਆਂ ਕਿਤਾਬਾਂ ਵੱਡੀ ਗਿਣਤੀ ਵਿਚ ਸ਼ਾਪ ਕੇ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪੰਜਾਬ ਵਿੱਚ ਸ਼ਾਇਦ ਹੀ ਕੋਈ ਅਜਿਹੀ ਸੰਸਥਾ ਹੋਵੇ ਜੋ ਪਿੰਗਲਵਾੜੇ ਵਾਂਗ ਆਪਣੇ ਬਜਟ ਦਾ ਵੱਡਾ ਹਿੱਸਾ ਉਸਾਰੂ ਸਾਹਿਤ ਦਾ ਪ੍ਰਕਾਸ਼ਨ ਕਰਨ ’ਤੇ ਖਰਚ ਕਰਦੀ ਹੋਵੇ। ਕਿਸੇ ਵੀ ਸਮਾਜ ਦਾ ਸਹਿਤ ਤੋਂ ਟੁੱਟ ਜਾਣਾ ਇਕ ਤਰ੍ਹਾਂ ਨਾਲ ਬੌਧਿਕ ਦਿਵਾਲੀਏਪਣ ਦੀ ਨਿਸ਼ਾਨੀ ਹੁੰਦਾ ਹੈ। ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਤੇ ਉਨ੍ਹਾਂ ਤੋਂ ਬਾਅਦ ਬੀਬੀ ਇੰਦਰਜੀਤ ਕੌਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਜਿੱਥੇ ਅੱਜ ਸਮਾਜ ਦੀ ਬਹੁਗਿਣਤੀ ਨੇ ਇੱਟਾਂ, ਪੱਥਰਾਂ ਦੀਆਂ ਬਿਲਡਿੰਗਾਂ ਬਣਾਉਣ ਨੂੰ ਹੀ ਸੇਵਾ ਅਤੇ ਕਾਰਸੇਵਾ ਸਮਝ ਲਿਆ ਹੈ, ਉੱਥੇ ਪਿੰਗਲਵਾੜਾ ਸੰਸਥਾ ਉਨ੍ਹਾਂ ਤਰਜੀਹਾਂ ’ਤੇ ਕੰਮ ਕਰ ਰਹੀ ਹੈ ਜਿਸ ’ਤੇ ਚੱਲਦਿਆਂ ਸਾਡੇ ਆਲੇ ਦੁਆਲੇ (ਵਾਤਾਵਰਨ) ਨੂੰ ਬਚਾਇਆ ਜਾ ਸਕਦਾ ਹੈ।


Comments Off on ਪਿੰਗਲਵਾੜਾ ਦਾ ਅਜੋਕੇ ਸਮਾਜ ਲਈ ਪੈਗ਼ਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.