ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

Posted On May - 23 - 2019

ਸਰਕਾਰ ਸਿੱਖਿਆ ਵੱਲ ਧਿਆਨ ਦੇਵੇ

ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰ ਕੇ ਨੌਜਵਾਨਾਂ ਤੋਂ ਵਿੱਦਿਆ ਦੂਰ ਹੁੰਦੀ ਜਾ ਰਹੀ ਹੈ। ਪ੍ਰਾਈਵੇਟ ਸਕੂਲਾਂ ਵਿੱਚ ਫੀਸਾਂ ਬਹੁਤ ਜ਼ਿਆਦਾ ਹਨ, ਜੋ ਆਮ ਲੋਕ ਅਦਾ ਨਹੀਂ ਕਰ ਸਕਦੇ ਤੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਬਹੁਤ ਘਾਟ ਹੈ। ਇਸ ਵਾਰ ਭਾਵੇਂ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦਾ ਨਤੀਜਾ ਸਭ ਤੋਂ ਵਧੀਆ ਦਿਖਾਇਆ ਹੈ, ਪਰ ਲੋਕ ਹਕੀਕਤ ਕੁਝ ਹੋਰ ਹੀ ਸਮਝਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਸਸਤੀ ਸਿੱਖਿਆ ਨਾ ਮਿਲਣ ਕਾਰਨ ਬਹੁਤ ਫਿਕਰਮੰਦ ਹਨ ਪਰ ਮੌਜੂਦਾ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਜੇ ਸੂਬਾ ਸਰਕਾਰ ਬੱਚਿਆਂ ਨੂੰ ਸਸਤੀ ਸਿੱਖਿਆ ਦੇਣ ਲਈ ਗੰਭੀਰ ਹੋਵੇ ਤਾਂ ਮਾਪਿਆਂ ਦੀ ਪ੍ਰਾਈਵੇਟ ਸਕੂਲਾਂ ਵਿੱਚ ਫੀਸ ਭਰਨ ਲਈ ਇੰਨੀ ਲੁੱਟ ਨਾ ਹੋਵੇ। ਹਰੇਕ ਪਿੰਡ ਵਿੱਚ ਬਾਰ੍ਹਵੀਂ ਤੱਕ ਸਰਕਾਰੀ ਸਕੂਲ ਹੋਵੇ, ਜਿੱਥੇ ਸਾਰੇ ਵਿਸ਼ਿਆਂ ਦੇ ਟੀਚਰ ਹੋਣ ਤੇ ਹਰੇਕ ਸ਼ਹਿਰ ਵਿੱਚ ਇੱਕ ਸਰਕਾਰੀ ਕਾਲਜ ਹੋਵੇ ਜਿੱਥੇ ਸਕੂਲ ਤੋਂ ਪੜ੍ਹਾਈ ਖਤਮ ਕਰ ਕੇ ਬੱਚੇ ਅਗਲੇਰੀ ਪੜ੍ਹਾਈ ਵਾਜਬ ਫੀਸਾਂ ਨਾਲ ਕਰ ਸਕਣ।

ਸੁਖਦੇਵ ਸਿੰਘ ਕੁਸਲਾ, ਤਹਿਸੀਲ ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ। ਸੰਪਰਕ: 94650-33331

ਸਰਕਾਰ ਕੋਲ ਸਾਧਨਾਂ ਦੀ ਨਹੀਂ, ਨੀਅਤ ਦੀ ਕਮੀ

ਸਿੱਖਿਆ ਵਿੱਚ ਸਾਡੀਆਂ ਸਰਕਾਰਾਂ ਪੁਰਾਣੀਆਂ ਤੇ ਘਟੀਆ ਨੀਤੀਆਂ ਦੁਹਰਾ ਰਹੀਆਂ ਹਨ। ਨਵੀਆਂ ਨੀਤੀਆਂ ਬਣਾਉਣ ਲਈ ਸਰਕਾਰ ਕੋਲ ਸਾਧਨਾਂ ਦੀ ਨਹੀਂ, ਨੀਅਤ ਦੀ ਕਮੀ ਹੈ। ਇੰਨਾ ਹੀ ਨਹੀਂ, ਅਗਰ ਕੋਈ ਪੜ੍ਹ-ਲਿਖ ਜਾਵੇ ਜਾਂ ਪੜ੍ਹਨ-ਲਿਖਣ ਦੀ ਰੁਚੀ ਰੱਖਦਾ ਹੋਵੇ ਤਾਂ ਉਸ ਨੂੰ ਵੀ ਕੋਈ ਆਸ ਨਹੀਂ ਕਿ ਉਸ ਦਾ ਭਵਿੱਖ ਸੁਰੱਖਿਅਤ ਹੋਵੇਗਾ। ਸੀਐਮਆਈਈ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ 7.1 ਫ਼ੀਸਦੀ ਹੈ ਤੇ ਪੰਜਾਬ ਦੀ ਦੇਖੀਏ ਤਾਂ ਇਹ 7.6 ਫ਼ੀਸਦੀ ਹੈ, ਜੋ ਪਿਛਲੇ ਸਮੇਂ ਤੋਂ ਲਗਾਤਾਰ ਵਧ ਰਹੀ ਹੈ। ਜੇ ਰੁਜ਼ਗਾਰ ਹੀ ਨਹੀਂ ਹੋਵੇਗਾ ਤਾਂ ਮਿਹਨਤੀ ਨੌਜਵਾਨ ਵੀ ਪੜ੍ਹਾਈ ਵਿੱਚ ਕੋਈ ਰੁਚੀ ਨਹੀ ਰੱਖੇਗਾ। ਅੱਜ ਦੇ ਨੌਜਵਾਨ ਦਾ ਟੀਚਾ ਸਿਰਫ ਬਾਰ੍ਹਵੀਂ ਕਰਕੇ ਬਾਹਰਲੇ ਮੁਲਕਾਂ ਨੂੰ ਜਾਣ ਲਈ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਨ ਜੋਗਾ ਹੀ ਰਹਿ ਗਿਆ ਹੈ। ਹੈਰਾਨੀ ਹੁੰਦੀ ਹੈ ਜਦੋਂ ਪੰਜਾਬ ਦੇ ਕਾਲਜ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਖਬਾਰੀ ਇਸ਼ਤਿਹਾਰਾਂ ਵਿੱਚ ਆਈਲੈਟਸ ਦੀ ਤਿਆਰੀ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।

ਹਰਜਸ ਸਿੰਘ ਢਿੱਲੋਂ, ਲੋਕ ਪ੍ਰਸ਼ਾਸ਼ਨ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਸੰਪਰਕ: 98728-18024

ਕਾਰੋਬਾਰ ਬਣ ਗਈ ਹੈ ਸਿੱਖਿਆ

ਅੱਜ ਹਰੇਕ ਵਿਅਕਤੀ ਲਈ ਆਪਣੇ ਬੱਚੇ ਨੂੰ ਤਾਲੀਮ ਦਿਵਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਪ੍ਰਾਈਵੇਟ ਤੇ ਸਰਕਾਰੀ ਸਿੱਖਿਆ ਅਦਾਰਿਆਂ ਵਿਚ ਖਰਚ ਬਹੁਤ ਵਧ ਗਏ ਹਨ। ਬੇਸ਼ੱਕ ਸਰਕਾਰੀ ਸਕੂਲਾਂ ਵਿਚ ਮੁਫਤ ਵਿੱਦਿਆ ਦਿੱਤੀ ਜਾ ਰਹੀ ਹੈ ਪਰ ਸਮੱਸਿਆ ਉੱਚ ਪੱਧਰੀ ਵਿੱਦਿਆ ਲੈਣ ਵਿਚ ਆ ਰਹੀ ਹੈ। ਅਕਸਰ ਗਰੀਬ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀ ਕਾਲਜਾਂ-ਯੂਨੀਵਰਸਿਟੀਆਂ ਦੀਆਂ ਫੀਸਾਂ ਤੋਂ ਅਸਮਰੱਥ ਹੋਣ ਕਰ ਕੇ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਕਈ ਜ਼ਿਲ੍ਹਿਆਂ ਵਿੱਚ ਕਾਲਜ-ਯੂਨੀਵਰਸਿਟੀਆਂ ਹੀ ਨਹੀਂ ਹਨ। ਉਥੋਂ ਦੇ ਨੌਜਵਾਨਾਂ ਨੂੰ ਦੂਜੇ ਸ਼ਹਿਰਾਂ ਵਿਚ ਸਿੱਖਿਆ ਲਈ ਜਾਣਾ ਪੈਂਦਾ ਹੈ ਜਿਸ ਕਰਕੇ ਖ਼ਰਚੇ ਹੋਰ ਵਧ ਜਾਂਦੇ ਹਨ। ਸਿੱਖਿਆ ਇਕ ਕਾਰੋਬਾਰ ਬਣ ਕੇ ਰਹਿ ਗਈ ਹੈ ਤੇ ਇਸ ਵਿਚ ਸਿਆਸਤਦਾਨਾਂ ਦੀ ਹਿੱਸੇਦਾਰੀ ਹੋਣ ਕਾਰਨ ਪ੍ਰਾਈਵਟ ਕਾਲਜਾਂ ਦੀਆਂ ਫੀਸਾਂ ਦੀ ਕੋਈ ਨਿਸ਼ਚਿਤ ਸੀਮਾ ਨਹੀਂ ਹੈ। ਸਿਆਸੀ ਪਾਰਟੀਆਂ ਇਸ ਮੁੱਦੇ ’ਤੇ ਬਿਲਕੁਲ ਚੁੱਪ ਹਨ ਕਿ ਵਿੱਦਿਆ ਆਮ ਲੋਕਾਂ ਦੇ ਬੱਚਿਆਂ ਤੋਂ ਦੂਰ ਹੋ ਰਹੀ ਹੈ।

ਕਮਲ ਬਰਾੜ, ਪਿੰਡ ਕੋਟਲੀ ਅਬਲੂ।
ਸੰਪਰਕ: 73077-36899

ਸਿੱਖਿਆ ਆਮ ਵਰਗ ਦੇ ਵੱਸੋਂ ਬਾਹਰ ਹੋਈ

ਸਿੱਖਿਆ ਅਜਿਹਾ ਮਾਧਿਅਮ ਹੈ ਜਿਸ ਦੀ ਸੰਗਤ ਵਿਚ ਹਰ ਇਨਸਾਨ ਵਿਦਵਾਨ ਦੀ ਪਦਵੀ ਹਾਸਲ ਕਰ ਸਕਦਾ ਹੈ ਪਰ ਮੌਜੂਦਾ ਸਮੇਂ ਸਿੱਖਿਆ ਆਮ ਵਰਗ ਦੇ ਵੱਸ ਤੋਂ ਬਾਹਰ ਦੀ ਗੱਲ ਨਜ਼ਰ ਆਉਂਦੀ ਹੈ। ਇਸ ਦਾ ਕਾਰਨ ਵਿੱਦਿਅਕ ਅਦਾਰਿਆਂ ਦੀਆਂ ਮੋਟੀਆਂ ਫੀਸਾਂ ਹਨ। ਇਨ੍ਹਾਂ ਮੋਟੀਆਂ ਫੀਸਾਂ ਕਰ ਕੇ ਹੀ ਯੋਗਤਾ ਰੱਖਣ ਵਾਲੇ ਨੌਜਵਾਨ ਆਪਣੇ ਜ਼ਿਆਦਾ ਪੜ੍ਹਨ ਦੇ ਸੁਪਨਿਆਂ ਦਾ ਗਲਾ ਘੁੱਟ ਲੈਂਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ ਪੈਰਾਂ ਸਿਰ ਖੜ੍ਹੇ ਕਰਨ ਦੀਆਂ ਸਕੀਮਾਂ ਬਣਾਵੇ। ਜੇ ਵਿਕਸਤ ਮੁਲਕਾਂ ਵੱਲ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਸਿੱਖਿਆ ਨੂੰ ਨੈਤਿਕ ਜ਼ਰੂਰਤਾਂ ਵਾਂਗ ਆਪਣਾ ਅਧਾਰ ਬਣਾਇਆ ਹੈ। ਪਰ ਸਾਡੇ ਦੇਸ਼ ਵਿਚ ਸਿੱਖਿਆ ਇਕ ਵਪਾਰਕ ਧੰਦਾ ਬਣ ਕੇ ਰਹਿ ਗਈ ਹੈ। ਇਸ ਦਾ ਪ੍ਰਭਾਵ ਨੌਜਵਾਨ ਪੀੜ੍ਹੀ ਦੇ ਸੁਨਹਿਰੇ ਭਵਿੱਖ ਉੱਤੇ ਪੈ ਰਿਹਾ ਹੈ।

ਨੂਰਦੀਪ ਕੋਮਲ, ਸੰਗਰੂਰ। ਸੰਪਰਕ: 83608-51115

ਮਹਿੰਗੀ ਵਿੱਦਿਆ ਦੇਸ਼ ਦੀ ਕੌੜੀ ਸੱਚਾਈ

ਸਾਡੇ ਦੇਸ਼ ਅੰਦਰ ਵਿੱਦਿਆ ਦਾ ਮਹਿੰਗੀ ਹੋਣਾ ਇੱਕ ਕੌੜੀ ਸੱਚਾਈ ਹੈ। ਆਜ਼ਾਦੀ ਤੋਂ ਬਾਅਦ ਸਰਕਾਰੀ ਖੇਤਰ ਵਿੱਚ ਉਚੇਰੀ ਸਿੱਖਿਆ ਦੇ ਵਧੀਆ ਅਦਾਰਿਆਂ ਦੀ ਸਥਾਪਨਾ ਦੀ ਨੀਤੀ ਉਸ ਸੋਚ ਦਾ ਨਤੀਜਾ ਸੀ ਜੋ ਦੇਸ਼ ਵਾਸੀਆਂ ਨੂੰ ਸਸਤੀ ਸਿੱਖਿਆ ਦੇਣਾ ਜ਼ਰੂਰੀ ਸਮਝਦੀ ਸੀ ਤਾਂ ਜੋ ਹਰ ਵਰਗ ਦੇਸ਼ ਦੀ ਤੱਰਕੀ ਵਿੱਚ ਬਰਾਬਰ ਯੋਗਦਾਨ ਦੇ ਸਕੇ। ਪਰ ਇਸ ਪ੍ਰਣਾਲੀ ਸਦਕਾ ਹੁਨਰਮੰਦ ਹੋਣ ਉਪੰਰਤ ਜਦੋਂ ਜ਼ਿਆਦਾਤਰ ਨੌਜਵਾਨਾਂ ਨੂੰ ਭਾਰਤ ਦੇ ਮੁਕਾਬਲੇ ਵਿਕਸਿਤ ਪੱਛਮੀ ਦੇਸ਼ਾਂ ਵਿੱਚ ਆਪਣਾ ਭੱਵਿਖ ਵਧੇਰੇ ਸੁਨਹਿਰੀ ਵਿਖਾਈ ਦੇਣ ਲੱਗਾ ਤਾਂ ਸਰਕਾਰਾਂ ਨੇ ਨੀਤੀ ਬਦਲ ਲਈ ਤੇ ਪਿਛਲੇ ਸਾਲਾਂ ਦੌਰਾਨ ਸਰਕਾਰੀ ਦੇ ਮੁਕਾਬਲੇ ਪ੍ਰਾਈਵੇਟ ਅਦਾਰਿਆਂ ਦੀ ਗਿਣਤੀ ਵਿੱਚ ਹੋਇਆ ਬੇਤਹਾਸ਼ਾ ਵਾਧਾ ਹੈ। ਅੱਜ ਦੇ ਦੌਰ ਵਿੱਚ ਸਰਕਾਰੀ ਸਿੱਖਿਆ ਨਾਲ ਜੁੜੇ ਲੋਕਾਂ ਵੱਲੋਂ ਵੀ ਆਪਣੇ ਬੱਚਿਆਂ ਪ੍ਰਾਈਵੇਟ ਅਦਾਰਿਆਂ ਵਿੱਚ ਪੜ੍ਹਾਉਣਾ ਮਹਿੰਗੀ ਪ੍ਰਾਈਵੇਟ ਸਿੱਖਿਆ ਦਾ ਵਧੀਆ ਹੋਣਾ ਤਸਦੀਕ ਕਰਦਾ ਹੈ। ਇਹ ਰੁਝਾਨ ਬੁਹਤ ਮੰਦਭਾਗਾ ਹੈ, ਜੋ ਭਵਿੱਖ ਵਿੱਚ ਵਿੱਦਿਆ ਨੂੰ ਗਰੀਬ ਤਬਕੇ ਦੀ ਪਹੁੰਚ ਤੋਂ ਬਾਹਰ ਕਰ ਦੇਵੇਗਾ ਅਤੇ ਦੇਸ਼ ਲਈ ਘਾਤਕ ਸਿੱਧ ਹੋਵੇਗਾ।

ਨਵਲੀਸ਼ ਬਿਲਿੰਗ, ਬੀਏ ਭਾਗ ਦੂਜਾ, ਐਮਸੀਐਮ ਡੀਏਵੀ ਕਾਲਜ, ਸੈਕਟਰ 36-ਏ ਚੰਡੀਗੜ੍ਹ।


Comments Off on ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.