ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

Posted On May - 30 - 2019

ਸਿੱਖਿਆ ਦੇਣਾ ਹੁਣ ਪੁੰਨ ਨਹੀਂ

ਸਿੱਖਿਆ ਹਰ ਮਨੁੱਖ ਦਾ ਬੁਨਿਆਦੀ ਹੱਕ ਤੇ ਤੀਜਾ ਨੇਤਰ ਹੈ ਪਰ ਅੱਜ ਇਸ ਤੀਜੇ ਨੇਤਰ ਲਈ ਸਾਨੂੰ ਲੱਖਾਂ ਰੁਪਏ ਦੇਣੇ ਪੈ ਰਹੇ ਹਨ ਤੇ ਲੋਕਾਂ ਦੀ ਅੰਨ੍ਹੀ ਲੁੱਟ ਹੋ ਰਹੀ ਹੈ। ਐਨੂਅਲ ਸਟੇਟਸ ਆਫ ਐਜੂਕੇਸ਼ਨ ਦੇ ਸਰਵੇਖਣ ਅਨੁਸਾਰ 14-18 ਉਮਰ ਵਰਗ ਦੇ ਤਕਰੀਬਨ 37 ਫ਼ੀਸਦੀ ਵਿਦਿਆਰਥੀ ਆਪਣੀ ਮਾਂ-ਬੋਲੀ ਵਿਚ ਕੋਈ ਵੀ ਪਾਠ ਪੜ੍ਹਨ ਦੇ ਅਸਮਰੱਥ ਹਨ।
ਇਸ ਸਥਿਤੀ ਵਿਚ ਭਾਰਤ ਵਿਚ ‘ਸਿੱਖਿਆ ਦੇ ਅਧਿਕਾਰ ਐਕਟ’ ਅਧੀਨ ਵਿਦਿਆਰਥੀ ਨੂੰ ਅੱਠਵੀਂ ਜਮਾਤ ਤੱਕ ਫੇਲ੍ਹ ਨਾ ਕਰਨ ਦੀ ਮੁਹਿੰਮ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਧੁੰਦਲਾ ਕੀਤਾ ਹੈ। ਸਿੱਖਿਆ ਨੂੰ ਬੁਨਿਆਦੀ ਅਧਿਕਾਰ ਦੇ ਤੌਰ ’ਤੇ ਪੇਸ਼ ਕੀਤੇ ਜਾਣ ਦੇ ਬਾਵਜੂਦ ਵੀ ਭਾਰਤ ਦੇ 40 ਫ਼ੀਸਦੀ ਤੋਂ ਵੱਧ ਬੱਚੇ ਐਲੀਮੈਂਟਰੀ ਸਕੂਲ ਵਿੱਚੋਂ ਵੀ ਬਾਹਰ ਆ ਗਏ ਹਨ ਅਤੇ ਦੇਸ਼ ਵਿੱਚ ਕਰੋੜਾਂ ਲੋਕ ਅਨਪੜ੍ਹ ਹਨ। ਸਰਕਾਰੀ ਵਿਦਿਅਕ ਸੰਸਥਾਵਾਂ ਵੱਲ ਸਰਕਾਰ ਦਾ ਧਿਆਨ ਬਿਲਕੁਲ ਨਹੀਂ ਹੈ ਜਿਸਦਾ ਫਾਇਦਾ ਉਠਾਉਂਦੇ ਹੋਏ ਗੈਰਸਰਕਾਰੀ ਆਦਾਰੇ ਮਨਮਰਜ਼ੀ ਨਾਲ ਫੀਸਾਂ ਤੈਅ ਕਰ ਕੇ ਮਾਪਿਆਂ ਤੋਂ ਖੂਬ ਪੈਸਾ ਬਟੋਰ ਰਹੇ ਹਨ।

ਉਪਕਾਰ ਸਿੰਘ, ਮੰਡੀ ਕਲਾਂ, ਬਠਿੰਡਾ।
ਸੰਪਰਕ: 98776-97754

ਸਿੱਖਿਆ ਵਪਾਰਕ ਧੰਦਾ ਬਣੀ

ਪੁਰਾਣੇ ਸਮੇਂ ਵਿੱਚ ਸਿੱਖਿਆ ’ਤੇ ਸਿਰਫ਼ ਪੰਡਤਾਂ, ਰਿਸ਼ੀਆਂ-ਮੁਨੀਆਂ ਅਤੇ ਰਾਜਿਆਂ ਦਾ ਹੀ ਹੱਕ ਸੀ। ਫਿਰ ਇਹ ਅਮੀਰ ਵਰਗ ਦੇ ਬੱਚਿਆਂ ਨੂੰ ਗੁਰੂ ਕੁਲਾਂ ਵਿੱਚ ਦਿੱਤੀ ਜਾਣ ਲੱਗੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖਿਆ ਦਾ ਅਧਿਕਾਰ ਸਰਕਾਰ ਦੇ ਹੱਥਾਂ ਵਿੱਚ ਚਲਾ ਗਿਆ। ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਮੁਫ਼ਤ ਅਤੇ ਲਾਜ਼ਮੀ ਵੀ ਕੀਤਾ ਗਿਆ। ਪਰ ਅਫਸੋਸ ਕਿ ਅੱਜ ਵੀ ਭਾਰਤ ਵਿੱਚ ਵੱਡੀ ਗਿਣਤੀ ਅਨਪੜ੍ਹ ਲੋਕਾਂ ਦੀ ਹੈ।
ਜੇ ਸਿਖਿਆ ਅਧਿਕਾਰ ਐਕਟ 2009 ਦੀ ਗੱਲ ਕਰੀਏ ਤਾਂ ਇਸ ਅਨੁਸਾਰ ਹਰ ਬੱਚੇ ਨੂੰ ਮੁਫ਼ਤ ਅਤੇ ਲਾਜ਼ਮੀ ਸਿਖਿਆ ਦਾ ਸੰਵਿਧਾਨਿਕ ਹੱਕ ਹੈ, ਪਰ ਨਿਜੀ ਸਕੂਲ ਸਮਾਜ ਦੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਦਾਖ਼ਲਾ ਦੇਣ ਲਈ ਰਾਜ਼ੀ ਨਹੀਂ। ਸਰਕਾਰ ਦੀਆਂ ਬੇਧਿਆਨੀਆਂ ਕਰਕੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟ ਗਈ ਹੈ। ਸਿੱਟੇ ਵਜੋਂ ਬਹੁਤ ਸਾਰੇ ਸਰਕਾਰੀ ਪ੍ਰਾਇਮਰੀ ਸਕੂਲ ਸਰਕਾਰੀ ਹੁਕਮਾਂ ਨਾਲ ਬੰਦ ਹੋ ਗਏ ਹਨ ਅਤੇ ਮਿਡਲ ਸਕੂਲ ਬੰਦ ਹੋਣ ਕੰਢੇ ਹਨ ਤੇ ਇਸ ਦਾ ਲਾਹਾ ਪ੍ਰਾਈਵੇਟ ਸਕੂਲ ਲੈ ਰਹੇ ਹਨ। ਪ੍ਰਾਈਵੇਟ ਸਕੂਲਾਂ ਨੂੰ ਮਾਨਤਾ ਮਿਲਣ ਕਰ ਕੇ ਸਿੱਖਿਆ ਵਪਾਰਕ ਧੰਦਾ ਬਣ ਕੇ ਰਹਿ ਗਈ ਹੈ।

ਰਤਿਕਾ ਓਬਰਾਏ, ਚੰਡੀਗੜ੍ਹ।

ਸਿੱਖਿਆ ਤੋਂ ਵਪਾਰੀ ਲੋਕਾਂ ਵੱਲੋਂ ਮੋਟੀ ਕਮਾਈ

ਸਿੱਖਿਆ ਜੀਵਨ ਦਾ ਆਧਾਰ ਹੈ। ਕਿਸੇ ਵੀ ਦੇਸ਼ ਦੀ ਨੁਹਾਰ ਬਦਲਣ ਲਈ ਉਥੋਂ ਦੇ ਬਸ਼ਿੰਦੀਆਂ ਦਾ ਸਿੱਖਿਅਤ ਹੋਣਾ ਲਾਜ਼ਮੀ ਹੈ। ਅਫ਼ਸੋਸ ਦੀ ਗੱਲ ਹੈ ਕਿ ਅੱਜ ਸਿੱਖਿਆ ਇਕ ਵਪਾਰ ਬਣ ਕੇ ਰਹਿ ਗਈ ਹੈ।
ਇਸ ਖੇਤਰ ਵਿਚ ਵਪਾਰੀ ਸੋਚ ਵਾਲੇ ਲੋਕ ਖੂਬ ਪੈਸਾ ਲਗਾਉਂਦੇ ਹਨ ਅਤੇ ਮੋਟਾ ਮੁਨਾਫਾ ਕਮਾਉਂਦੇ ਹਨ, ਜਿਸ ਕਰਕੇ ਇਸ ਵਿਚ ਨਿਘਾਰ ਆਉਣਾ ਲਾਜ਼ਮੀ ਸੀ। ਦੂਜੇ ਪੱਖ ਦੀ ਗੱਲ ਕਰੀਏ ਤਾਂ ਦਰਮਿਆਨੇ ਵਰਗ ਦੇ ਧੀਆਂ-ਪੁੱਤ ਜੋ ਪੜ੍ਹਨ ਦੀ ਇੱਛਾ ਰੱਖਦੇ ਹਨ, ਮਹਿੰਗੀਆਂ ਫੀਸਾਂ ਕਾਰਨ ਪੜ੍ਹ ਨਹੀਂ ਪਾਉਂਦੇ। ਬੇਸ਼ੱਕ ਸਰਕਾਰਾਂ ਵੱਲੋਂ ਕੁਝ ਵਰਗਾਂ ਲਈ ਰਿਆਇਤਾਂ ਹਨ ਪਰ ਜਰਨਲ ਵਰਗ ਦੇ ਕੁਝ ਬੱਚੇ ਵੀ ਘਰ ਦੇ ਮਾੜੇ ਹਾਲਾਤ ਕਾਰਨ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਪਾਸੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

ਜੀਤ ਹਰਜੀਤ, ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ। ਸੰਪਰਕ: 97816-77772

ਸਰਕਾਰ ਸਿੱਖਿਆ ਦੀ ਹਾਲਤ ਸੁਧਾਰੇ

ਸਿਹਤ, ਸਿੱਖਿਆ, ਰੁਜ਼ਗਾਰ ਤੇ ਸੁਰੱਖਿਆ ਅਜਿਹੇ ਪਹਿਲੂ ਹਨ ਜੋ ਕਿਸੇ ਕੌਮ ਦੇ ਮਿਆਰੀਕਰਨ ਦੇ ਬੁਨਿਆਦੀ ਤੱਤ ਹਨ, ਜਿਨ੍ਹਾਂ ’ਤੇ ਕਿਸੇ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਸਰਕਾਰਾਂ ਤੇ ਪ੍ਰਸ਼ਾਸਨ ਦੀਆਂ ਕੋਤਾਹੀਆਂ ਕਰਕੇ ਦੇਸ਼ ਵਿੱਚ ਬਹੁਤੇ ਸਰਕਾਰੀ ਵਿੱਦਿਅਕ ਅਦਾਰੇ ਆਪਣਾ ਰੁਤਬਾ ਅਤੇ ਭਰੋਸਾ ਗੁਆ ਚੁੱਕੇ ਹਨ।
ਲੋਕਾਂ ਕੋਲ ਪ੍ਰਾਈਵੇਟ ਅਦਾਰਿਆਂ ਦਾ ਵਿਕਲਪ ਬਚਿਆ ਹੈ ਜੋ ਲੋਕਾਂ ਦੀ ਜੇਬ ’ਤੇ ਡਾਹਢਾ ਬੋਝ ਪਾਉਂਦਾ ਹੈ ਅਤੇ ਹਰ ਕਿਸੇ ਬੰਦੇ ਦੇ ਵੱਸ ਦੀ ਗੱਲ ਨਹੀਂ। ਸਮੇਂ ਦੀ ਜ਼ਰੂਰਤ ਹੈ ਕਿ ਵਿਵਸਥਾ ਸਰਕਾਰੀ ਵਿੱਦਿਆ ਅਦਾਰਿਆਂ ਦੀ ਕਾਰਜਸ਼ੈਲੀ ਅਤੇ ਕਮਜ਼ੋਰੀਆਂ ਨੂੰ ਪਹਿਲ ਦੇ ਆਧਾਰ ’ਤੇ ਸੁਧਾਰੇ ਤਾਂ ਜੋ ਲੋਕ ਸਰਕਾਰੀ ਵਿੱਦਿਅਕ ਅਦਾਰਿਆਂ ਦੀ ਭਰੋਸੇਯੋਗਤਾ ਬਹਾਲ ਹੋਵੇ ਅਤੇ ਇਹ ਚੰਗੇ ਸਿੱਟੇ ਦੇ ਸਕਣ। ਨਾਲ ਹੀ ਸਰਕਾਰ ਨੂੰ ਪ੍ਰਾਈਵੇਟ ਅਦਾਰਿਆਂ ਦੀ ਲੁੱਟ ਵੀ ਸਖ਼ਤੀ ਨਾਲ ਰੋਕਣ ਦੀ ਲੋੜ ਹੈ ਤਾਂ ਕਿ ਪ੍ਰਾਈਵੇਟ ਅਦਾਰੇ ਮਨਮਰਜ਼ੀ ਨਾਲ ਮੁਨਾਫ਼ਾਖ਼ੋਰੀ ਨਾ ਕਰ ਸਕਣ।

ਗੋਬਿੰਦਰ ਸਿੰਘ ਬਰੜ੍ਹਵਾਲ, ਪਿੰਡ ਤੇ ਡਾਕ. ਬਰੜ੍ਹਵਾਲ, ਧੂਰੀ। ਸੰਪਰਕ: 92560-66000

ਦਿਨੋਂ ਦਿਨ ਮਹਿੰਗੀ ਹੁੰਦੀ ਜਾ ਰਹੀ ਪੜ੍ਹਾਈ

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਮੰਨੀ ਜਾਂਦੀ ਹੈ, ਪਰ ਅੱਜ ਸਿੱਖਿਆ ਬਹੁਤ ਮਹਿੰਗੀ ਹੋ ਚੁੱਕੀ ਹੈ। ਆਮ ਲੋਕਾਂ ਲਈ ਸਿੱਖਿਆ ਹਾਸਲ ਕਰਨੀ ਹੁਣ ਇਕ ਵੱਡੀ ਚੁਣੌਤੀ ਬਣ ਗਈ ਹੈ। ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੀਆਂ ਫੀਸਾਂ ਅੰਬਰ ਛੋਹ ਰਹੀਆਂ ਹਨ ਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿਚ ਵੀ ਵੱਖ-ਵੱਖ ਖਰਚੇ ਅਤੇ ਹੋਰ ਫੰਡ ਦੱਸ ਕੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ।
ਇਸ ਦੇ ਆਉਣ ਵਾਲੇ ਸਮੇਂ ਵਿੱਚ ਭਿਆਨਕ ਸਿੱਟੇ ਨਿਕਲਣਗੇ, ਕਿਉਂਕਿ ਇਸ ਕਾਰਨ ਅਨੇਕਾਂ ਹੋਣਹਾਰ ਨੌਜਵਾਨ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਸੋ ਲੋਕਾਂ ਨੂੰ ਸਰਕਾਰਾਂ ਅੱਗੇ ਇਹ ਮੰਗ ਰੱਖਣੀ ਚਾਹੀਦੀ ਹੈ ਕਿ ਉਹ ਮੋਬਾਈਲ ਫੋਨ, ਆਟਾ-ਦਾਲ ਤੇ ਹੋਰ ਚੀਜ਼ਾਂ ਮੁਫ਼ਤ ਦੇਣ ਵਰਗੇ ਵਾਅਦਿਆਂ ਤੇ ਲਾਰਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਥਾਂ ਸਿੱਖਿਆ ਸਸਤੀ ਕਰਨ ਲਈ ਕਦਮ ਚੁੱਕੇ ਤਾਂ ਕਿ ਇਹ ਸਭ ਦੀ ਪਹੁੰਚ ਵਿਚ ਹੋਵੇ। ਸਰਕਾਰ ਨੂੰ ਵਿੱਦਿਅਕ ਅਦਾਰਿਆਂ ਨੂੰ ਵੱਧ ਫੀਸਾਂ ਤੇ ਹੋਰ ਢੰਗਾਂ ਨਾਲ ਰਕਮਾਂ ਵਸੂਲਣ ਤੋਂ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ, ਤਾਂ ਹੀ ਸਮਾਜ ਦਾ ਭਲਾ ਹੋ ਸਕੇਗਾ।

ਸੁਖਪ੍ਰੀਤ ਸਿੰਘ, ਮਹਿਲ ਖੁਰਦ, ਜ਼ਿਲ੍ਹਾ ਬਰਨਾਲਾ। ਸੰਪਰਕ: 95698-35909


Comments Off on ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.