ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ

Posted On May - 16 - 2019

ਮੁੱਦਿਆਂ ਦੇ ਆਧਾਰ ’ਤੇ ਪਾਓ ਵੋਟ

ਦੇਸ਼ ਵਿੱਚ ਨੌਜਵਾਨ ਵੋਟਰਾਂ ਦੀ ਗਿਣਤੀ ਬਹੁਤ ਹੈ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦੀ ਗਿਣਤੀ ਵੀ ਕਾਫ਼ੀ ਹੈ। ਸਾਡੇ ਲੋਕਤੰਤਰ ਦੀ ਤ੍ਰਾਸਦੀ ਹੈ ਕਿ ਜ਼ਿਆਦਾਤਰ ਵੋਟਰ ਜਾਗਰੂਕਤਾ ਦੀ ਘਾਟ ਕਾਰਨ ਵੋਟ ਦੀ ਤਾਕਤ ਅਤੇ ਅਹਿਮੀਅਤ ਤੋਂ ਬੇਖਬਰ ਹਨ। ਨੌਜਵਾਨਾਂ ਨੂੰ ਨੇਤਾਵਾਂ ਦੇ ਝੂਠੇ ਵਾਅਦਿਆਂ-ਲਾਰਿਆਂ, ਜਾਤ, ਧਰਮ, ਲਾਲਚ ਅਤੇ ਧਰੁਵੀਕਰਨ ਦੀ ਰਾਜਨੀਤੀ ਦੇ ਭਰਮ ਜਾਲ ’ਚ ਫਸਣ ਦੀ ਬਜਾਏ, ਮੁੱਦਿਆਂ ਦੇ ਅਧਾਰ ’ਤੇ ਵੋਟ ਪਾਉਣੀ ਚਾਹੀਦੀ ਹੈ ਅਤੇ ਚੰਗੇ ਆਗੂਆਂ ਨੂੰ ਚੁਨਣਾ ਚਾਹੀਦਾ ਹੈ।

ਗੋਬਿੰਦਰ ਸਿੰਘ ‘ਬਰੜਵਾਲ’, ਪਿੰਡ ਤੇ ਡਾਕ. ਬਰੜ੍ਹਵਾਲ, ਧੂਰੀ।

ਨੌਜਵਾਨ ਹੱਕਾਂ ਪ੍ਰਤੀ ਜਾਗਰੂਕ ਹੋਣ

ਨੌਜਵਾਨ ਕਿਸੇ ਵੀ ਦੇਸ਼ ਦਾ ਉਹ ਸਰਮਾਇਆ ਹੁੰਦੇ ਹਨ। ਨੌਜਵਾਨਾਂ ਨੇ ਹੀ 1947 ਵਿਚ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ ਸੀ। ਵਰਤਮਾਨ ਸਮੇਂ ਵੀ ਇਸ ਨੌਜਵਾਨ ਵਰਗ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ, ਜਿਸ ਰਾਹੀਂ ਸੱਤਾ ਵਿੱਚ ਤਬਦੀਲੀ ਲਿਆਂਦੀ ਜਾ ਸਕਦੀ ਹੈ। ਨੌਜਵਾਨ ਵਰਗ ਨੂੰ ਚਾਹੀਦਾ ਹੈ ਕਿ ਉਹ ਹੋਰਨਾਂ ਨੂੰ ਵੀ ਤਰਕ ਦੇ ਅਧਾਰ ’ਤੇ ਵੋਟ ਦੀ ਵਰਤੋਂ ਲਈ ਪ੍ਰੇਰਿਤ ਕਰਨ। ਉਸ ਪਾਰਟੀ ਜਾਂ ਲੀਡਰ ਦਾ ਸਾਥ ਦੇਣ ਚਾਹੀਦਾ ਜਿਸ ਨੇ ਪਿਛਲੇ ਵਾਅਦੇ ਪੂਰੇ ਕੀਤੇ ਹੋਣ।

ਕੁਲਵਿੰਦਰ ਸਿੰਘ ਬਰਾੜ ‘ਛੋਟਾਘਰ’।
ਸੰਪਰਕ: 98553-18181

ਨੌਜਵਾਨ ਚੰਗਾ ਵੋਟਰ ਬਣੇ

ਕੁਝ ਨੌਜਵਾਨ ਸਿਆਸਤਦਾਨਾਂ ਦੀ ਅਜਿਹੀ ਚਾਟ ’ਤੇ ਲੱਗ ਜਾਂਦੇ ਹਨ ਕਿ ਆਪਣੇ ਘਰ ਦੇ ਕੰਮਕਾਰ ਛੱਡ ਕੇ ਚੱਤੋ ਪਹਿਰ ਪਾਰਟੀ ਦੀ ਅਖੌਤੀ ਸੇਵਾ ਵਿੱਚ ਜੁਟੇ ਰਹਿੰਦੇ ਹਨ। ਅਜਿਹੇ ਨੌਜਵਾਨਾਂ ਨੂੰ ਕਹਿੰਦੇ ਸੁਣਿਆ ਜਾਂਦਾ ਹੈ, ਮੈਂ ਅਕਾਲੀ ਹਾਂ, ਮੈਂ ਕਾਂਗਰਸੀ ਹਾਂ ਵਗੈਰਾ। ਨੌਜਵਾਨ ਭੁੱਲ ਚੁੱਕਿਆ ਹੈ ਕਿ ਅਸੀਂ ਅਕਾਲੀ ਜਾਂ ਕਾਂਗਰਸੀ ਨਹੀਂ ਸਗੋਂ ਵੋਟਰ ਹਾਂ। ਜੇ ਅਸੀਂ ਚੰਗੇ ਵੋਟਰ ਬਣ ਜਾਵਾਂਗੇ ਤਾਂ ਸਰਕਾਰ ਕਿਸੇ ਪਾਰਟੀ ਦੀ ਨਹੀਂ ਸਗੋਂ ਦੇਸ਼ ਦੀ ਹੋਵੇਗੀ।

ਰਮਨਦੀਪ ਕੌਰ, ਰਾਗੀਆਂ ਵਾਲੀ ਗਲੀ, ਪਿੰਡ ਤੇ ਡਾਕ: ਸਮਾਧ ਭਾਈੇ, ਮੋਗਾ। ਸੰਪਰਕ: 91152-28388

ਹੁਣ ਮੁਟਿਆਰਾਂ ਵੀ ਮੋਹਰੀ ਭੂਮਿਕਾ ਨਿਭਾਉਣ

ਲੋਕ ਸਭਾ ਚੋਣਾਂ ਵਿੱਚ ਆਪਣੇ ਅਧਿਕਾਰ ਦੀ ਸਹੀ ਵਰਤੋ ਕਰਕੇ ਨੌਜਵਾਨ ਅਹਿਮ ਭੂਮਿਕਾ ਨਿਭਾ ਸਕਦੇ ਹਨ। ਨੌਜਵਾਨ ਆਪਣੀ ਸੋਚ ਦਾ ਦਾਇਰਾ ਵਿਸ਼ਾਲ ਕਰ ਕੇ ਸੋਚਣ ਕਿ ਕਿਹੜੇ ਉਮੀਦਵਾਰ ਨੂੰ ਜੇਤੂ ਬਣਾਉਣ ’ਤੇ ਉਨ੍ਹਾਂ ਦੀਆਂ ਮੌਜੂਦਾ ਤੇ ਅਗਾਮੀ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਆਪਣੀ ਵੋਟ ਦੀ ਵਰਤੋਂ ਇਸ ਤਰਾਂ ਕਰਨ ਕਿ ਜਿਹੜੇ ਨੇਤਾਵਾਂ ਦੀ ਇਹ ਧਾਰਨਾ ਹੈ ਕਿ ਉਹ ਪੈਸੇ ਨਾਲ ਜਿੱਤ ਸਕਦੇ ਹਨ, ਉਹ ਗਲਤ ਸਾਬਤ ਹੋ ਸਕੇ। ਨੌਜਵਾਨਾਂ ਤੋ ਮਤਲਬ ਮੁੰਡੇ ਹੀ ਨਹੀਂ ਮੁਟਿਆਰਾਂ ਵੀ ਅੱਗੇ ਆ ਕੇ ਸਮਾਜ ਨੂੰ ਸੁਚੇਤ ਕਰਨ।

ਪਰਮਿੰਦਰ ਕੌਰ ਪੱਵਾਰ, ਪਿੰਡ ਭੰਬਾ ਵੱਟੂ, ਜਿਲ੍ਹਾ ਫਾਜ਼ਿਲਕਾ।

ਸਹੀ ਉਮੀਦਵਾਰਾਂ ਦੀ ਚੋਣ ਜ਼ਰੂਰੀ

ਸਾਡੇ ਹਰੇਕ ਪਾਰਟੀ ਨੂੰ ਚੋਣਾਂ ਦੇ ਸਮੇਂ ਹੀ ਹਰ ਇੱਕ ਕੰਮ ਯਾਦ ਆਉਂਦਾ ਹੈ। ਚੋਣਾਂ ਦੇ ਸਮੇਂ ਪਾਰਟੀਆਂ ਵਲੋਂ ਹਰ ਇਕ ਵਰਗ ਦਾ ਲੋਕਾਂ ਨੂੰ ਵੱਖ ਵੱਖ ਕਿਸਮ ਦੀ ਲਾਲਚ ਦੇ ਕੇ ਉਨ੍ਹਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਜਾਂਦਾ ਹੈ। ਚੋਣਾਂ ਵਿੱਚ ਨੌਜਵਾਨ ਵਰਗ ਦੀ ਬਹੁਤ ਹੀ ਜ਼ਿਆਦਾ ਭੂਮਿਕਾ ਹੁੰਦੀ ਹੈ। ਸਾਡੇ ਨੌਜਵਾਨਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਕ ਈਮਾਨਦਾਰ ਅਤੇ ਸਹੀ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ। ਜੋ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕੇ।

ਰਵਜੋਤ ਕੌਰ, ਪਿੰਡ ਤੇ ਡਾਕ: ਚੌਂਦਾ, ਸੰਗਰੂਰ।

ਨੌਜੁਆਨ ਡਟ ਕੇ ਅੱਗੇ ਆਵੇ

ਭਾਰਤ ਨੌਜੁਆਨ ਸ਼ਕਤੀ ਦੇ ਪੱਖੋਂ ਪੂਰੇ ਸੰਸਾਰ ਵਿੱਚੋਂ ਮੋਹਰੀ ਹੈ। ਪਰ ਇਸ ਦੇ ਬਾਵਜੂਦ ਸਾਡਾ ਦੇਸ਼ ਅਤੇ ਦੇਸ਼ ਦੀ ਨੌਜੁਆਨੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਦੇਸ਼ ਦਾ ਬੁਨਿਆਦੀ ਢਾਂਚਾ ਠੀਕ ਨਾ ਹੋਣ ਕਰਕੇ ਨੌਜੁਆਨ ਪੀੜ੍ਹੀ ਪਰਵਾਸ ਕਰਕੇ ਦੂਜੇ ਦੇਸ਼ਾਂ ਵੱਲ ਜਾ ਰਹੀ ਹੈ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਨੌਜੁਆਨ ਸ਼ਕਤੀ ਨੂੰ ਡਟ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਚੇਤਨ ਕਰਨਾ ਚਾਹੀਦਾ ਹੈ ਤਾਂ ਜੋ ਰਾਜਨੀਤਕ ਗੰਧਲੇਪਣ ਠੱਲ੍ਹ ਪਾਈ ਜਾ ਸਕੇ।

ਹਰਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਪੰਜਾਬੀ,
ਮਾਲਵਾ ਕਾਲਜ, ਬਠਿੰਡਾ।

ਨੌਜਵਾਨਾਂ ਦੀ ਵੱਖਰੀ ਸੋਚ

ਨੌਜਵਾਨ ਪਰਿਵਾਰਵਾਦ ਅਤੇ ਆਪਣੇ ਬਾਪ ਦਾਦਿਆਂ ਤੋਂ ਉਲਟ ਜਾ ਕੇ ਆਪਣੀ ਪਸੰਦ ਦੇ ਉਸ ਲੀਡਰ ਨੂੰ ਵੋਟ ਪਾਉਣਾ ਪਸੰਦ ਕਰਦੇ ਹਨ ਜਿਹੜਾ ਕਿ ਪੜ੍ਹਿਆ-ਲਿਖਿਆ, ਈਮਾਨਦਾਰ ਤੇ ਬੇਦਾਗ਼ ਹੋਵੇ। ਜਦਕਿ ਉਨ੍ਹਾਂ ਦਾ ਪਰਿਵਾਰ ਕਿਸੇ ਇੱਕ ਪਾਰਟੀ ਨਾਲ਼ ਪਹਿਲਾਂ ਹੀ ਜੁੜਿਆ ਹੁੰਦਾ ਹੈ ਅਤੇ ਹਮੇਸ਼ਾ ਉਸ ਪਾਰਟੀ ਦਾ ਹੀ ਸਮਰਥਨ ਕਰਦਾ ਹੈ ਤੇ ਨੌਜਵਾਨ ਨੂੰ ਭਟਕਿਆ ਹੋਇਆ ਸਮਝਦਾ ਹੈ। ਪਰ ਅਸਲ ਵਿੱਚ ਇਹ ਸੋਚ ਦਾ ਹੀ ਅੰਤਰ ਹੈ ਕਿਉਂਕਿ ਤਬਦੀਲੀ ਸਮੇਂ ਦਾ ਨਿਯਮ ਹੈ ਪਰ ਇਹ ਗੱਲ ਉਨ੍ਹਾਂ ਨੂੰ ਸਮਝਾਉਣੀ ਬਹੁਤ ਮੁਸ਼ਕਿਲ ਹੁੰਦੀ ਹੈ।

ਬਲਵਿੰਦਰ ਸਿੰਘ ਢੀਂਡਸਾ, ਸ੍ਰੀ ਫ਼ਤਹਿਗੜ੍ਹ ਸਾਹਿਬ। ਸੰਪਰਕ: 99145-85036

ਜਮਹੂਰੀ ਹੱਕ ਵਰਤਣ ਦਾ ਮੌਕਾ

ਵੋਟ ਦੇ ਅਧਿਕਾਰ ਨਾਲ ਵੋਟਰ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਆਪਣੇ ਪ੍ਰਤੀਨਿਧ ਚੁਣਦੇ ਹਨ। ਸਾਡੇ ਦੇਸ਼ ਵਿਚ ਚੋਣਾਂ ਅੰਤਿਮ ਪੜਾਅ ਵਿੱਚ ਦਾਖਲ ਹੋ ਗਈਆਂ ਹਨ, ਪੰਜਾਬ ਤੇ ਚੰਡੀਗੜ੍ਹ ਸਣੇ ਰਹਿੰਦੇ ਸੂਬਿਆਂ ਵਿਚ 19 ਮਈ ਨੂੰ ਵੋਟਾਂ ਹਨ। ਪੰਜਾਬ ਵਾਸੀਆਂ ਨੂੰ ਭ੍ਰਿਸ਼ਟਾਚਾਰ, ਲਾਲਚ, ਨਸ਼ਿਆਂ, ਡਰ ਭੈਅ ਤੋ ਉਪਰ ਉੱਠ ਕੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ। ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ।

ਗਗਨਦੀਪ ਸਿੰਘ ਭਾਈ ਰੂਪਾ, ਬਠਿੰਡਾ

ਨੌਜਵਾਨ ਸਿਆਸਤ ’ਚ ਆਉਣ

ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੁਨੀਆਂ ਦਾ ਬਿਹਤਰੀਨ ਲੋਕਤੰਤਰ ਕਿਉਂ ਨਹੀਂ ਬਣ ਸਕਿਆ, ਇਹ ਨੌਜਵਾਨ ਪੀੜ੍ਹੀ ਲਈ ਵੱਡਾ ਸੁਆਲ ਹੈ। ਦੇਸ਼ ਦੇ ਸਿਆਸੀ ਪ੍ਰਬੰਧ ‘ਚ ਜਿੰਨੀ ਨੌਜਵਾਨਾਂ ਦੀ ਸ਼ਮੂਲੀਅਤ ਵਧੇਗੀ, ਉਂਨਾ ਸਿਆਸੀ ਪ੍ਰਬੰਧ ’ਚ ਨਿਖਾਰ ਆਵੇਗਾ। ਅਫਸੋਸ ਕਿ ਹਾਲੇ ਵੀ ਲੋਕ ਸਭਾ ਚੋਣਾਂ ‘ਚ 70-75 ਸਾਲ ਦੇ ਥੱਕੇ-ਬੁੱਢੇ ਉਮੀਦਵਾਰ ਵਿਖਾਈ ਦਿੰਦੇ ਹਨ। ਸਿਆਸੀ ਪਾਰਟੀਆਂ ਨੇ ਨੌਜਵਾਨ ਵਿੰਗ ਤਾਂ ਬਣਾਏ ਹਨ, ਪਰ ਸਿਰਫ ਉਨ੍ਹਾਂ ਨੂੰ ਆਪਣੇ ਹਿੱਤਾਂ ਲਈ ਵਰਤਣ ਵਾਸਤੇ। ਅਜਿਹੇ ਸਿਆਸੀ ਪ੍ਰਬੰਧ ਨੂੰ ਬਦਲਣ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਹੀ ਪਵੇਗਾ।

ਅਕਵਿੰਦਰ ਕੌਰ, ਸੀਬਾ ਸਕੂਲ, ਲਹਿਰਾਗਾਗਾ, ਸੰਗਰੂਰ। ਸੰਪਰਕ: 98556-95905

ਨੌਜਵਾਨ ਜਾਗਰੂਕ ਹੋਣ

ਚੋਣ ਪ੍ਰਚਾਰ ਉੱਪਰ ਧੜਾ-ਧੜ ਖਰਚਾ ਕੀਤਾ ਜਾ ਰਿਹਾ ਹੈ। ਲੀਡਰਾਂ ਦੁਆਰਾ ਬਹੁਤ ਸਾਰੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਇਸ ਤੋਂ ਬਿਨਾਂ ਪ੍ਰਚਾਰ ਸਬੰਧੀ ਹੋਣ ਵਾਲੀਆਂ ਰੈਲੀਆਂ ਵਿੱਚ ਨਸ਼ੀਲੀਆਂ ਵਸਤਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਇਥੇ ਸਰਗਰਮ ਹੋਣ ਦੀ ਲੋੜ ਹੈ। ਉਨ੍ਹਾਂ ਨੂੰ ਚੋਣ ਪ੍ਰਚਾਰ ਉੱਪਰ ਕੀਤੇ ਜਾਂਦੇ ਕਰੋੜਾ ਦੇ ਖਰਚ ਦਾ ਹਿਸਾਬ ਮੰਗਣਾ ਚਾਹੀਦਾ ਹੈ ਅਤੇ ਇਸ ਰਾਸ਼ੀ ਦੀ ਸੁਜੱਚੀ ਵਰਤੋਂ ਕਰਨ ਦੇ ਰਾਹ ਬਣਾਉਣੇ ਚਾਹੀਦੇ ਹਨ। ਰੈਲੀਆਂ ਉੱਪਰ ਹੁੰਦੀ ਨਸ਼ਿਆਂ ਦੀ ਵਰਤੋਂ ਵਿਰੁੱਧ ਕਦਮ ਚੁੱਕਣੇ ਚਾਹੀਦੇ ਹਨ।

ਗੁਰਵਿੰਦਰ ਸਿੰਘ, ਬਾਬਾ ਫ਼ਰੀਦ ਕਾਲਜ ਆਫ ਐਜੂਕੇਸ਼ਨ, ਦਿਉਣ, ਬਠਿੰਡਾ।
ਸੰਪਰਕ: 80549-34053

ਸੂਝ-ਬੂਝ ਨਾਲ ਪਾਓ ਵੋਟ

ਸਾਰੀਆਂ ਪਾਰਟੀਆਂ ਲੋਕਾਂ ਨੂੰ ਸੁਫਨੇ ਦਿਖਾ ਰਹੀਆਂ ਹਨ। ਇਸ ਸਮੇਂ ਨੌਜਵਾਨ ਵਰਗ ਨੂੰ ਬਹੁਤ ਹੀ ਸੂਝ-ਬੂਝ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਵੋਟ ਉਸੇ ਨੂੰ ਦੇਣੀ ਚਾਹੀਦੀ ਹੈ ਜੋ ਉਨ੍ਹਾਂ ਨੂੰ ਰੁਜ਼ਗਾਰ ਦੇਵੇ ਤੇ ਨਸ਼ਿਆਂ ਦਾ ਖ਼ਾਤਮਾ ਕਰੇ। ਰੁਜ਼ਗਾਰ ਮਿਲਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਖ਼ਾਤਮਾ ਹੋ ਸਕਦਾ ਹੈ। ਜੇ ਨੌਜਵਾਨਾਂ ਨੂੰ ਆਪਣੇ ਦੇਸ਼ ਵਿਚ ਹੀ ਰੁਜ਼ਗਾਰ ਮਿਲਦੇ ਹੋਣ ਤਾਂ ਉਹ ਵਿਦੇਸ਼ਾਂ ਵਿਚ ਕਿਉਂ ਜਾਣ, ਪਰ ਅੱਜ ਮਾਪੇ ਆਪਣੀਆਂ ਜ਼ਮੀਨਾਂ-ਜਾਇਦਾਦਾਂ ਤੱਕ ਵੇਚ ਕੇ ਬੱਚਿਆਂ ਨੂੰ ਬਾਹਰ ਭੇਜਣ ਲਈ ਮਜਬੂਰ ਹੋ ਰਹੇ ਹਨ।

ਡਾ. ਸੁਮਨਦੀਪ ਕੌਰ, ਮੀਆਂਪੁਰ, ਰੋਪੜ। ਸੰਪਰਕ: 98154-4283

ਸਿਆਸਤ ਵਿਚ ਧਰਮ ਜ਼ਰੂਰੀ ਨਹੀਂ

ਕੋਈ ਵੀ ਉਮੀਦਵਾਰ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਨਿਭਾ ਰਿਹਾ, ਸਗੋਂ ਵਧੇਰੇ ਲੜਾਈ ਦਾ ਮਾਹੌਲ ਬਣਾ ਰਹੇ ਹਨ। ਹਰ ਕੋਈ ਧਰਮ ਨੂੰ ਆਪਣਾ ਮੁਢਲਾ ਹਥਿਆਰ ਬਣਾ ਕੇ ਲੋਕਾਂ ’ਤੇ ਵਾਰ ਕਰ ਰਿਹਾ ਹੈ। ਬਾਦਲਾਂ ’ਤੇ ਬੇਅਦਬੀ ਕਾਂਡ ਅਤੇ ਕੈਪਟਨ ’ਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਦੇ ਦੋਸ਼ਾਂ ਨੂੰ ਦੱਸ ਕੇ ਲੋਕਾਂ ਨੂੰ ਆਪਸ ਵਿੱਚ ਭੜਕਾਇਆ ਜਾ ਰਿਹਾ ਹੈ। ਨੌਜਵਾਨਾਂ ਦਾ ਫਰਜ਼ ਹੈ ਕਿ ਆਪਣੇ ਆਸ ਪਾਸ ਦੇ ਲੋਕਾਂ ਨੂੰ ਸਮਝਾਉਣ ਕਿ ਉਹ ਸਹੀ ਉਮੀਦਵਾਰ ਨੂੰ ਵੋਟ ਪਾਉਣ।

ਹੋਮਪ੍ਰੀਤ ਕੌਰ, ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।

ਵੋਟ ਦਾ ਸਹੀ ਇਸਤੇਮਾਲ ਜ਼ਰੂਰੀ

ਦੇਸ਼ ਦੇ ਆਰਥਿਕ ਵਿਕਾਸ ਲਈ ਨੋਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ ਅਤੇ ਹੋਰਨਾਂ ਨੂ ਜਾਗਰੂਕ ਕਰਨ ਦੀ ਲੋੜ ਹੈ। ਵੋਟ ਦੀ ਵਰਤੋਂ ਪਹਿਲ ਦੇ ਆਧਾਰ ’ਤੇ ਕਰਨਾ ਇੱਕ ਹਰ ਨਾਗਰਿਕ ਦਾ ਫਰਜ ਹੈ, ਤਾਂ ਜੋ ਉਹ ਦੇਸ਼ ਦੇ ਚੰਗੇ ਭਵਿੱਚ ਦੀ ਕਾਮਨਾ ਕਰ ਸਕੇ। ਕਿਉਕਿ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਇੱਕ ਚੰਗੇ ਤੇ ਈਮਾਨਦਾਰ ਵਿਅਕਤੀ ਦੀ ਲੋੜ ਹੈ। ਆਓ 19 ਮਈ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੀਏ।

ਜਗਦੀਪ ਸਿੰਘ ਝਿੰਗੜਾਂ, ਦੁਆਬਾ ਗਰੁੱਪ ਆਫ ਕਾਲਜਿਜ਼, ਘਟੋਰ। ਸੰਪਕਰ: 97799-16963

ਚੋਣ ਕਮਿਸ਼ਨ ਦੀਆਂ ਐਪਸ ਵਰਤਣ ਨੌਜਵਾਨ

ਅੱਜ ਦਾ ਯੁੱਗ ਸੂਚਨਾ ਤਕਨੀਕ ਦਾ ਯੁੱਗ ਹੈ। ਇੰਟਰਨੈਟ ਅਤੇ ਸੋਸ਼ਲ ਮੀਡੀਆ ਦਾ ਨੌਜਵਾਨ ਦੱਬ ਕੇ ਉਪਯੋਗ ਕਰ ਰਹੇ ਹਨ। ਮੌਜੂਦਾ ਲੋਕ ਸਭਾ ਚੋਣਾਂ ਵੀ ਇਸ ਤੋਂ ਅਛੂਤੀਆਂ ਨਹੀਂ। ਚੋਣ ਕਮਿਸ਼ਨ ਵਲੋਂ ਇਸ ਵਾਰ ਵੋਟਰਾਂ ਦੀ ਸਹੂਲਤ ਲਈ ਵੋਟਰ ਹੈਲਪਲਾਈਨ ਅਤੇ ਸੀ-ਵਿਜਿਲ ਵਰਗੀਆਂ ਬਹੁਤ ਹੀ ਲਾਹੇਵੰਦ ਮੋਬਾਈਲ ਐਪਸ ਬਣਾਈਆਂ ਗਈਆਂ ਹਨ, ਜੋ ਅਸਾਨੀ ਨਾਲ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਨੌਜਵਾਨ ਚਾਹੁਣ ਤਾਂ ਇਨ੍ਹਾਂ ਐਪਸ ਦਾ ਲਾਹਾ ਲੈ ਕੇ ਇਨ੍ਹਾਂ ਚੋਣਾਂ ਵਿੱਚ ਆਪਣੀ ਫੈਸਲਾਕੁੰਨ ਸ਼ਮੂਲੀਅਤ ਦਰਜ ਕਰਵਾ ਸਕਦੇ ਹਨ।

ਪੰਕਜ ਕੁਮਾਰ ਸ਼ਰਮਾ, ਗਲੀ ਨੰ.1, ਨੇੜੇ ਵੀ.ਵੀ.ਮਾਡਰਨ ਸਕੂਲ, ਜੱਜ ਨਗਰ, ਅੰਮ੍ਰਿਤਸਰ।

ਵਾਅਦਿਆਂ ਦੀ ਪਰਖ ਜ਼ਰੂਰੀ

ਕੀ ਇਹ ਨੌਜਵਾਨ ਵਰਗ ਚੋਣਾਂ ਸਬੰਧੀ ਆਪਣੀ ਭੂਮਿਕਾ ਨੂੰ ਸਹੀ ਰੂਪ ਵਿੱਚ ਸਮਝਦਾ ਹੈ। ਚੋਣਾਂ ਕਿਸੇ ਪਾਰਟੀ ਜਾਂ ਕਿਸੇ ਉਮੀਦਵਾਰ ਦਾ ਭਵਿੱਖ ਤੈਅ ਨਹੀਂ ਕਰਦੀਆਂ ਸਗੋਂ ਦੇਸ਼ ਦੀ ਆਰਥਿਕ ਸਮਾਜਿਕ ਰਾਜਨੀਤਿਕ ਅਤੇ ਲੋਕਤੰਤਰੀ ਵਿਵਸਥਾ ਦਾ ਭਵਿੱਖ ਤੈਅ ਕਰਦੀਆਂ ਹਨ। ਵੱਖ ਪਾਰਟੀਆਂ ਚੋਣਾਂ ਦੌਰਾਨ ਕਈ ਪ੍ਰਕਾਰ ਦੇ ਵਾਅਦੇ ਕਰਦੀਆਂ ਹਨ ਪਰ ਸਾਨੂੰ ਚਾਹੀਦਾ ਹੈ ਕਿ ਪਤਾ ਕਰੀਏ ਕਿ ਇਨ੍ਹਾਂ ਦੀ ਕਿੰਨੀ ਕੁ ਸਾਰਥਿਕਤਾ ਹੈ, ਕੀ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨਾ ਸੰਭਵ ਹੈ। ਜੇ ਸੰਭਵ ਹੈ ਤਾਂ ਇਹ ਕਿਵੇਂ ਹੋ ਸਕਦਾ ਹੈ। ਕੀ ਇਸ ਤਰ੍ਹਾਂ ਦੇ ਵਾਅਦੇ ਪਹਿਲਾਂ ਵੀ ਕੀਤੇ ਜਾ ਚੁੱਕੇ ਹਨ ਜੇ ਕੀਤੇ ਜਾ ਚੁੱਕੇ ਹਨ ਤਾਂ ਕਿਸ ਤਰ੍ਹਾਂ ਅਮਲ ਵਿੱਚ ਲਿਆਂਦੇ ਗਏ ਹਨ।

ਰੁਪਿੰਦਰ ਸਿੰਘ, ਟਾਵਰ ਕਾਲੋਨੀ, ਮੋਰਿੰਡਾ, ਜ਼ਿਲ੍ਹਾ ਰੂਪਨਗਰ। ਸੰਪਰਕ: 99148-20033

ਲੀਡਰਾਂ ਦੇ ਪਿਛਲੱਗੂ ਨੌਜਵਾਨਾਂ ਤੋਂ ਕੀ ਆਸ ਰੱਖੀ ਜਾਵੇ

ਨੌਜਵਾਨ ਦੇਸ਼ ਦੀ ਨੁਹਾਰ ਬਦਲ ਸਕਦੇ ਹਨ। ਜਿਸ ਦੇਸ਼ ਦੀ ਜਵਾਨੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋਵੇ, ਜਿਸ ਦੇਸ਼ ਦਾ ਨੌਜਵਾਨ ਵਰਗ ਸਹੀ ਦਿਸ਼ਾ ਵੱਲ ਜਾ ਰਿਹਾ ਹੋਵੇ, ਉਸ ਦਾ ਭਵਿੱਖ ਹਮੇਸ਼ਾ ਚੰਗਾ ਹੀ ਹੋਵੇਗਾ। ਚੋਣਾਂ ਦੌਰਾਨ ਨੌਜਵਾਨ ਅਹਿਮ ਭੂਮਿਕਾ ਨਿਭਾ ਸਕਦੇ ਹਨ ਕਿਉਂਕਿ ਆਪਣੀ ਸਮਝ ਨਾਲ ਉਹ ਅਨਪੜ੍ਹ ਵੋਟਰਾਂ ਨੂੰ ਚੰਗੇ ਮਾੜੇ ਬਾਰੇ ਜਾਣਕਾਰੀ ਦੇ ਸਕਦੇ ਹਨ। ਪਰ ਅੱਜ ਵਾਂਗ ਲੀਡਰਾਂ ਦੇ ਪਿੱਛੇ ਝੁੰਡ ਬਣਾ ਕੇ ਫਿਰਨ ਵਾਲੇ ਨੌਜਵਾਨਾਂ ਤੋਂ ਕੀ ਆਸ ਲਗਾਈ ਜਾ ਸਕਦੀ ਹੈ।

ਜੀਤ ਹਰਜੀਤ, ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ। ਸੰਪਰਕ; 97816-77772

ਬੇਰੁਜ਼ਗਾਰੀ ਤੇ ਨਸ਼ੇ ਮੁੱਖ ਮੁੱਦੇ

ਇਨ੍ਹਾਂ ਚੋਣਾਂ ਵਿਚ ਪੜ੍ਹੇ-ਲਿਖੇ ਵੋਟਰਾਂ ਦੀ ਅਹਿਮ ਭੂਮਿਕਾ ਹੈ। ਨੌਜਵਾਨ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਹੋਰਨਾਂ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਵੋਟ ਦੀ ਤਾਕਤ ਤੋਂ ਜਾਣੂ ਕਰ ਕੇ ਵੋਟ ਪਾਉਣ ਲਈ ਪ੍ਰੇਰਨ। ਨਾਲ ਹੀ ਨੌਜਵਾਨ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਚੰਗੇ/ਮਾੜੇ ਉਮੀਦਵਾਰ ਜਾਂ ਪਾਰਟੀ ਬਾਰੇ ਦੱਸਣ ਤਾਂ ਕਿ ਉਹ ਸਹੀ ਉਮੀਦਵਾਰ ਚੁਣ ਸਕਣ। ਅੱਜ ਬੇਰੁਜ਼ਗਾਰੀ ਤੇ ਨਸ਼ੇ ਨੌਜਵਾਨਾਂ ਦੇ ਮੁੱਖ ਮੁੱਦੇ ਹਨ ਤੇ ਉਮੀਦਵਾਰਾਂ ਨੇ ਇਨ੍ਹਾਂ ਦੇ ਹੱਲ ਦੀ ਗੱਲ ਕਰਨ ਵਾਲਿਆਂ ਦਾ ਹੀ ਸਾਥ ਦੇਣਾ ਚਾਹੀਦਾ ਹੈ।

ਜਸਵੰਤ ਸਿੰਘ, ਪਿੰਡ ਸਿੱਧੂਪੁਰ, ਡਾਕਖ਼ਾਨਾ ਮਲਕੋ ਮਾਜਰਾ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।
ਸੰਪਰਕ: 85911-39369

ਨੌਜਵਾਨ ਆਪਣੀ ਸਮਝ ਅਨੁਸਾਰ ਕਰਨ ਚੋਣ

ਨੌਜਵਾਨ ਵਰਗ ਨੂੰ ਆਪਣੇ ਮਨ ਤੇ ਸਮਝ ਅਨੁਸਾਰ ਹੀ ਅਜਿਹੇ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ ਜੋ ਲੋਕ ਹਿਤ ਵਿਚ ਭੁਗਤੇ, ਨੌਕਰੀਆਂ ਦੀ ਗਲ ਕਰੇ। ਇੰਟਰਨੈਟ ਦੀ ਵਰਤੋਂ ਅਜਕਲ੍ਹ ਹਰ ਇਕ ਨੌਜਵਾਨ ਕਰਦਾ ਹੈ। ਸਭ ਕੁਝ ਨੈੱਟ ਤੇ ਪਿਆ ਹੈ। ਉਮੀਦਵਾਰ, ਉਸ ਦੇ ਬੀਤੇ ਬਾਰੇ, ਆਮਦਨ, ਯੋਗਤਾ ਆਦਿ ਬਾਰੇ ਆਸਾਨੀ ਨਾਲ ਪਤਾ ਲਾ ਕੇ ਚੋਣ ਕੀਤੀ ਜਾ ਸਕਦੀ ਹੈ। ਵੋਟਾਂ ਦੇ ਸੀਜ਼ਨ ਵਿਚ ਤਾਂ ਉਮੀਦਵਾਰ ਨੂੰ ਮਿਲਣਾ ਵੀ ਸੌਖਾ ਹੈ, ਹੋ ਸਕੇ ਤਾਂ ਉਸ ਨੂੰ ਮਿਲ ਲਿਆ ਜਾਵੇ।

ਚਰਨਜੀਤ ਸਿੰਘ, ਈ.ਟੀ.ਟੀ. ਅਧਿਆਪਕ, ਸ.ਪ੍ਰ. ਸਕੂਲ, ਜੰਮੂਆਣਾ। ਸੰਪਰਕ: 95013-00716

ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਾਓ ਵੋਟਾਂ

ਭਾਰਤ ਦੇ ਕਰੀਬ 50 ਫੀਸਦੀ ਵੋਟਰ ਨੌਜਵਾਨ ਹਨ। ਸਭ ਤੋਂ ਪਹਿਲਾਂ ਤਾਂ ਨੌਜਵਾਨਾਂ ਨੂੰ ਸਰਗਰਮ ਸਿਆਸਤ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਦੇਸ਼ ਵਿੱਚ ਸਿਆਸਤ ਦਿਨੋਂ-ਦਿਨ ਪੈਸੇ ਕਮਾਉਣ ਦਾ ਧੰਦਾ ਬਣ ਰਹੀ ਹੈ, ਸਾਡੀ ਸਰਕਾਰ ਸਮਾਜ ਪ੍ਰਤੀ ਫ਼ਰਜ਼ ਨਹੀਂ ਸਮਝਦੀ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਨੂੰ ਆਪਣੇ ਫ਼ਰਜ਼ਾਂ ਅਤੇ ਲੋਕਾਂ ਨੂੰ ਮੰਗਾਂ ਪ੍ਰਤੀ ਕਰਨ ਅਤੇ ਕੱਟੜਤਾ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ।

ਗਗਨਦੀਪ ਸਿੰਘ ਸਿੱਧੂ, ਪਿੰਡ ਮਹਿਰਾਜ, ਬਠਿੰਡਾ। ਸੰਪਰਕ: 97689-90008


Comments Off on ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.