ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਨੇੜਿਓਂ ਡਿੱਠੇ ਡਾ. ਕਿਰਪਾਲ ਸਿੰਘ ਹਿਸਟੋਰੀਅਨ

Posted On May - 19 - 2019

ਸੁਖਦੇਵ ਸਿੰਘ

ਸੁਖਦੇਵ ਸਿੰਘ

ਇਤਿਹਾਸ ਅਤੇ ਇਤਿਹਾਸਕਾਰੀ ਦੇ ਖੇਤਰ ਵਿਚ ਡਾ. ਕਿਰਪਾਲ ਸਿੰਘ ਦਾ ਨਾਮ ਚਮਕਦੇ ਸਿਤਾਰੇ ਵਾਂਗ ਹੈ। ਸਮਕਾਲੀ ਅਤੇ ਗ਼ੈਰ-ਸਮਕਾਲੀ ਸਰੋਤਾਂ ਵਿਚੋਂ ਯਥਾਰਥ ਇਤਿਹਾਸ ਨੂੰ ਕੱਢ ਕੇ ਪੇਸ਼ ਕਰਨਾ ਵੀ ਇਕ ਵੱਡੀ ਕਲਾ ਹੈ। ਡਾ. ਕਿਰਪਾਲ ਸਿੰਘ ਇਸ ਕਲਾ ਦੇ ਮਾਹਿਰ ਸਨ। ਜਦੋਂ ਵੀ ਕਦੇ ਕਿਸੇ ਇਤਿਹਾਸਕ ਵਿਸ਼ੇ ਉੱਤੇ ਗੱਲ ਚੱਲਦੀ ਤਾਂ ਉਨ੍ਹਾਂ ਦਾ ਨਜ਼ਰੀਆ ਸਭ ਤੋਂ ਵੱਖਰਾ ਅਤੇ ਸਟੀਕ ਹੁੰਦਾ ਸੀ। ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਦੀ ਖੋਜ ਦਾ ਆਧਾਰ ਸਮਕਾਲੀਨ ਫ਼ਾਰਸੀ ਸਰੋਤ ਹੁੰਦੇ ਸਨ। ਸਿੱਖ ਕੌਮ ਕੋਲ ਕੁਝ ਗਿਣਵੇਂ-ਚੁਣਵੇਂ ਵਿਦਵਾਨ ਹਨ ਜਿਹੜੇ ਬਾਕੀ ਭਾਸ਼ਾਵਾਂ ਦੇ ਨਾਲ ਫ਼ਾਰਸੀ ਭਾਸ਼ਾ ਦੇ ਵੀ ਗਿਆਤਾ ਹਨ। ਉਨ੍ਹਾਂ ਵਿਦਵਾਨਾਂ ਵਿਚੋਂ ਡਾ. ਕਿਰਪਾਲ ਸਿੰਘ ਇਕ ਸਨ। ਉਹ 7 ਮਈ ਨੂੰ ਇਸ ਦ੍ਰਿਸ਼ਮਾਨ ਸੰਸਾਰ ਨੂੰ ਅਲਵਿਦਾ ਕਹਿ ਗਏ ਜੋ ਸਮੁੱਚੀ ਸਿੱਖ ਕੌਮ ਅਤੇ ਉਨ੍ਹਾਂ ਦੇ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਡਾ. ਕਿਰਪਾਲ ਸਿੰਘ ਦਾ ਜਨਮ ਗੁੱਜਰਾਂਵਾਲਾ ਵਿਖੇ ਹੋਇਆ। ਗੁੱਜਰਾਂਵਾਲਾ ਵਿਖੇ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ। ਇਸ ਧਰਤੀ ਨੇ ਕਈ ਵਿਦਵਾਨ ਪੰਥ ਦੀ ਝੋਲੀ ਪਾਏ ਹਨ ਜਿਨ੍ਹਾਂ ਵਿਚੋਂ ਪ੍ਰੋਫ਼ੈਸਰ ਨਰਾਇਣ ਸਿੰਘ, ਬਾਵਾ ਹਰਕਿਸ਼ਨ ਸਿੰਘ, ਅੰਮ੍ਰਿਤਾ ਪ੍ਰੀਤਮ, ਕਾਲੀ ਦਾਸ ਗੁੱਜਰਾਂਵਾਲਾ, ਕਰਤਾਰ ਸਿੰਘ ਮਲਹੋਤਰਾ, ਤਰਲੋਕ ਸਿੰਘ ਆਈਸੀਐੱਸ, ਇੰਦਰਜੀਤ ਸਿੰਘ, ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਆਦਿ ਪ੍ਰਸਿੱਧ ਨਾਮ ਹਨ। ਡਾ. ਕਿਰਪਾਲ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ 2015 ਵਿਚ ਹੋਈ। ਉਦੋਂ ਉਨ੍ਹਾਂ ਨੇ ਮੈਨੂੰ ਆਸ਼ੀਰਵਾਦ ਦੇ ਕੇ ਕਿਹਾ, ‘‘ਬਰਖ਼ੁਰਦਾਰ, ਗੁਰੂ ਅੱਗੇ ਅਰਦਾਸ ਕਰ ਕੇ ਪੀਐੱਚ.ਡੀ ਸ਼ੁਰੂ ਕਰ ਤੇ ਅਰਦਾਸ ਕਰਨ ਤੋਂ ਬਾਅਦ ਪਿੱਛੇ ਨਾ ਹਟੀਂ।’’ ਉਦੋਂ ਮੈਂ ਐੱਮ.ਏ. ਪਾਸ ਕਰ ਚੁੱਕਾ ਸਾਂ ਤੇ ਉਨ੍ਹਾਂ ਦੇ ਹੁਕਮ ਨਾਲ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪੀਐੱਚ.ਡੀ. ਕਰਨ ਲੱਗ ਪਿਆ।
2016 ਵਿਚ ਡਾ. ਕਿਰਪਾਲ ਸਿੰਘ ਨੂੰ ਅਮਰੀਕਾ ਵਿਖੇ ਬੜੂ ਸਾਹਿਬ ਵੱਲੋਂ ਬਣਾਈ ਜਾ ਰਹੀ ਅਕਾਲ ਗਲੋਬਲ ਯੂਨੀਵਰਸਿਟੀ ਦੀ ਹਿਸਟਰੀ ਚੇਅਰ ਦਾ ਚੇਅਰਮੈਨ ਲਾਇਆ ਗਿਆ ਤੇ ਨਾਲ ਹੀ ਇਕ ਪ੍ਰੋਜੈਕਟ ਦੇ ਦਿੱਤਾ ਗਿਆ। ਡਾ. ਸਾਹਿਬ ਦੀ ਉਮਰ ਉਸ ਵੇਲੇ 92 ਸਾਲ ਸੀ। ਉਸ ਪ੍ਰੋਜੈਕਟ ਵਿਚ ਉਨ੍ਹਾਂ ਨੇ ਮੈਨੂੰ ਆਪਣੇ ਨਾਲ ਖੋਜ ਸਹਾਇਕ ਵਜੋਂ ਨਿਯੁਕਤ ਕਰ ਦਿੱਤਾ ਤੇ 2016 ਤੋਂ ਲੈ ਕੇ ਡਾ. ਕਿਰਪਾਲ ਸਿੰਘ ਦੇ ਅਖੀਰਲੇ ਸਵਾਸਾਂ ਤਕ ਮੈਂ ਉਨ੍ਹਾਂ ਨਾਲ ਹੀ ਰਿਹਾ। ਜ਼ਿੰਦਗੀ ਦਾ ਇਹ ਤਿੰਨ ਸਾਲ ਦਾ ਸਮਾਂ ਅਜਿਹਾ ਸੀ ਜਿਸ ਵਿਚ ਮੈਨੂੰ ਇਹ ਲੱਗਦਾ ਸੀ ਕਿ ਮੈਂ 1947 ਤੋਂ ਪਹਿਲਾਂ ਵਾਲੇ ਪੰਜਾਬ ਵਿਚ ਰਹਿ ਰਿਹਾ ਹਾਂ। ਦਰਅਸਲ, ਇੰਨੀ ਸਾਦਗੀ, ਮਿਲਾਪੜਾ ਸੁਭਾਅ, ਨਿਮਰਤਾ, ਹਰ ਵੇਲੇ ਕਿਤਾਬਾਂ ਦੇ ਅੰਗ-ਸੰਗ ਰਹਿਣਾ, ਘਰ ਆਏ ਨੂੰ ਵੀ ਬਿਨਾਂ ਕੁਝ ਖੁਆਉਣ-ਪਿਆਉਣ ਦੇ ਨਾ ਜਾਣ ਦੇਣਾ ਆਦਿ ਗੱਲਾਂ ਵੰਡ ਤੋਂ ਪਹਿਲਾਂ ਸੁਣਨ ਨੂੰ ਮਿਲਦੀਆਂ ਸਨ, ਪਰ ਅਜੋਕੇ ਯੁੱਗ ਵਿਚ ਵੀ ਡਾ. ਕਿਰਪਾਲ ਸਿੰਘ ਦੇ ਘਰ ਪੁਰਾਣੀਆਂ ਸਾਰੀਆਂ ਰਵਾਇਤਾਂ ਆਮ ਵੇਖਣ ਨੂੰ ਮਿਲਦੀਆਂ ਸਨ। ਬਹੁਤ ਵਾਰ ਉਨ੍ਹਾਂ ਨੇ ਆਖਣਾ ਕਿ ਇਹ ਵੀ ਗੁਰੂ ਦਾ ਲੰਗਰ ਹੀ ਹੈ ਕਿਉਂਕਿ ਗੁਰੂ ਪ੍ਰਤੀ ਉਨ੍ਹਾਂ ਦੇ ਮਨ ਵਿਚ ਅਥਾਹ ਸ਼ਰਧਾ ਤੇ ਸਤਿਕਾਰ ਸੀ।
ਬਜ਼ੁਰਗ ਅਵਸਥਾ ਵਿਚ ਵੀ ਹਰ ਰੋਜ਼ ਪਹਿਲਾਂ ਨਿਤਨੇਮ ਦਾ ਪਾਠ, ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਤੇ ਨਾਲ ਹੀ 10 ਜਾਂ 15 ਅੰਗ ਸਹਿਜ ਪਾਠ ਕਰਕੇ ਹੀ ਕੁਝ ਖਾਣਾ। ਅਸਲ ਵਿਚ ਉਹ ਕਲਮ ਦੇ ਧਨੀ ਤਾਂ ਸਨ ਹੀ, ਨਾਲ ਹੀ ਪੂਰਨ ਗੁਰਸਿੱਖ ਰਹੁ-ਰੀਤ ਦੇ ਧਾਰਨੀ ਵੀ ਸਨ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਿਧਾਂਤਾਂ (ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ) ਨੂੰ ਸਨਮੁਖ ਰੱਖ ਕੇ ਜੀਵਨ ਬਤੀਤ ਕੀਤਾ।
ਇਕ ਵਾਰ ਡਾ. ਕਿਰਪਾਲ ਸਿੰਘ ਨੇ ਮੈਨੂੰ ਸਿੱਖਿਆ ਦਿੰਦਿਆਂ ਕਿਹਾ, ‘‘ਪੁੱਤਰ, ਤੈਨੂੰ ਮੈਂ ਇਕ ਗੱਲ ਸੁਣਾਉਂਦਾ ਹਾਂ। ਸ. ਅਵਤਾਰ ਸਿੰਘ ਮੱਕੜ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ) ਨੇ ਮੈਨੂੰ ਕਿਹਾ ਕਿ ਡਾ. ਸਾਹਿਬ ਤੁਸੀਂ ਐੱਸਜੀਪੀਸੀ ਦਾ ਵੱਡਾ ਪ੍ਰੋਜੈਕਟ ਕਰ ਰਹੇ ਹੋ। ਉਸ ਪ੍ਰੋਜੈਕਟ ਦੇ ਡਾਇਰੈਕਟਰ ਹੋ। ਸਾਰੇ ਡਾਇਰੈਕਟਰ ਸੰਸਥਾ ਵੱਲੋਂ ਗੱਡੀ ਤੇ ਡਰਾਈਵਰ ਲੈਂਦੇ ਹਨ, ਤੁਸੀਂ ਕਿਉਂ ਨਹੀਂ ਲੈਂਦੇ? ਮੈਂ ਜੁਆਬ ਦਿੱਤਾ ਕਿ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਜਿਹੜੀ ਸੰਸਥਾ ਗੁਰਦੁਆਰਾ ਸਾਹਿਬ ਨਾਲ ਜੁੜੀ ਹੋਵੇ ਉੱਥੇ ਸਿਰਫ਼ ਸੇਵਾ ਕਰਨੀ ਹੈ, ਲੈਣਾ ਕੁਝ ਨਹੀਂ।”
ਡਾ. ਕਿਰਪਾਲ ਸਿੰਘ ਦੁਆਰਾ ਅਕਾਦਮਿਕ ਪੱਧਰ ’ਤੇ ਕੀਤਾ ਹੋਇਆ ਕੰਮ ਵੀ ਬੇਮਿਸਾਲ ਹੈ। ਉਨ੍ਹਾਂ ਨੇ 70 ਦੇ ਕਰੀਬ ਪੁਸਤਕਾਂ ਦੀ ਰਚਨਾ ਕੀਤੀ ਅਤੇ ਉਨ੍ਹਾਂ ਸਭ ਤੋਂ ਮਹੱਤਵਪੂਰਨ ਕੰਮ ਪੰਜਾਬ ਦੀ ਵੰਡ ਉੱਤੇ ਕੀਤਾ। ਉਹ ਉਸ ਸਮੇਂ ਦੇ ਚਸ਼ਮਦੀਦ ਗਵਾਹ ਸਨ। ਉਨ੍ਹਾਂ ਉਸ ਸਮੇਂ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਤੇ ਵੱਖੋ-ਵੱਖਰੇ ਰਫ਼ਿਊਜੀ ਕੈਂਪਾਂ, ਦਫ਼ਤਰਾਂ ਵਿਚ ਜਾ ਕੇ ਰਿਕਾਰਡ ਹਾਸਲ ਕੀਤੇ। 1966 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਵੰਡ ਦੇ ਵਿਸ਼ੇ ਉੱਤੇ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਖੋਜ ਕਾਰਜ ਦੀ ਸ਼ੁਰੂਆਤ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਕੀਤੀ ਤੇ ਲਗਾਤਾਰ ਆਖ਼ਰੀ ਸੁਆਸ ਤਕ ਖੋਜ ਕਰਦੇ ਰਹੇ। ਜਿਸ ਦਿਨ ਉਨ੍ਹਾਂ ਦਾ ਦੇਹਾਂਤ ਹੋਇਆ ਉਸੇ ਦਿਨ ਹੀ ਉਨ੍ਹਾਂ ਦੀ ਨਵੀਂ ਕਿਤਾਬ ‘ਹੂ ਵਾਜ਼ ਰਿਸਪੌਂਸੀਬਲ ਫੌਰ ਦਿ ਪੰਜਾਬ ਟਰੈਜਡੀ ਔਫ 1947?’ (Who was Responsible for the Punjab Tragedy of 1947?) ਛਪ ਕੇ ਆਈ। ਇਸ ਕਿਤਾਬ ਬਾਰੇ ਉਹ ਆਖਦੇ ਸਨ ਕਿ ਇਹ ਕਿਤਾਬ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਹੈ।
ਡਾ. ਕਿਰਪਾਲ ਸਿੰਘ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਆ ਗਏ ਤੇ ਇੱਥੇ ਪੰਜਾਬ ਹਿਸਟੋਰੀਕਲ ਡਿਪਾਰਟਮੈਂਟ ਦੇ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ ਚੰਡੀਗੜ੍ਹ ਚਲੇ ਗਏ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵਿਚ ਮੌਖਿਕ ਇਤਿਹਾਸ ਸੈੱਲ ਸਥਾਪਿਤ ਕੀਤਾ ਜੋ ਇਕ ਨਿਵੇਕਲਾ ਕਾਰਜ ਸੀ। ਇਸੇ ਵਿਸ਼ੇ ਅਧੀਨ ਡਾ. ਕਿਰਪਾਲ ਸਿੰਘ ਦੀ ਕਿਤਾਬ ‘ਪੰਜਾਬ ਦੇ ਸਮਕਾਲੀ ਇਤਿਹਾਸ ਦੇ ਮੌਖਿਕ ਸਰੋਤ’ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਹੋਈ। ਚੰਡੀਗੜ੍ਹ ਆ ਕੇ ਵੀ ਉਨ੍ਹਾਂ ਨੇ ਇਤਿਹਾਸਕ ਖੋਜ ਦਾ ਕੰਮ ਛੱਡਿਆ ਨਹੀਂ ਸਗੋਂ ਹੋਰ ਤੇਜ਼ ਕਰ ਦਿੱਤਾ। ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਵਿਚ ਉਨ੍ਹਾਂ ਨੇ ਡਾ. ਖੜਕ ਸਿੰਘ ਨਾਲ ਮਿਲ ਕੇ ‘ਹਿਸਟਰੀ ਆਫ ਦਿ ਸਿੱਖਸ ਐਂਡ ਦੇਅਰ ਰਿਲੀਜਨ’ (History of the Sikhs & Their Religion) ਦੇ ਦੋ ਭਾਗ ਪ੍ਰਕਾਸ਼ਿਤ ਕਰਵਾਏ ਤੇ ਤੀਜਾ ਭਾਗ ਹੁਣ ਛਪਾਈ ਅਧੀਨ ਹੈ।
ਡਾ. ਕਿਰਪਾਲ ਸਿੰਘ ਆਪਣੇ ਅੰਤਲੇ ਸਮੇਂ (95 ਸਾਲ ਦੀ ਉਮਰ) ਵਿਚ ਵੀ ਬੜੂ ਸਾਹਿਬ ਦਾ ਪ੍ਰੋਜੈਕਟ, ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਦਾ ਪ੍ਰੋਜੈਕਟ ਤੇ ਐੱਸਜੀਪੀਸੀ ਦਾ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਪ੍ਰੋਜੈਕਟ ਕਰ ਰਹੇ ਸਨ। ਉਂਜ, ਕੁਝ ਮਹੀਨੇ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਕੁਝ ਕਾਰਨਾਂ ਕਰਕੇ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਪ੍ਰੋਜੈਕਟ ਉਨ੍ਹਾਂ ਤੋਂ ਵਾਪਸ ਲੈ ਲਿਆ ਸੀ। ਇਸ ਗੱਲ ਦਾ ਅਫ਼ਸੋਸ ਉਨ੍ਹਾਂ ਨੂੰ ਆਪਣੇ ਅੰਤਲੇ ਸੁਆਸਾਂ ਤਕ ਰਿਹਾ ਕਿਉਂਕਿ ਆਖ਼ਰੀ ਦਿਨਾਂ ਵਿਚ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਮੇਰੇ ਕੋਲ ਤੇ ਆਪਣੇ ਪਰਿਵਾਰ ਕੋਲ ਕਈ ਵਾਰ ਕੀਤਾ। ਇਹ ਪ੍ਰੋਜੈਕਟ ਡਾ. ਕਿਰਪਾਲ ਸਿੰਘ ਤੇ ਡਾ. ਖੜਕ ਸਿੰਘ ਨੇ ਸ਼ੁਰੂ ਕੀਤਾ ਸੀ। ਡਾ. ਕਿਰਪਾਲ ਸਿੰਘ ਨੇ ਆਪਣੀ ਜ਼ਿੰਦਗੀ ਦੇ 17 ਸਾਲ ਇਸ ਪ੍ਰੋਜੈਕਟ ਨੂੰ ਦਿੱਤੇ ਤੇ ਬੜੀ ਮਿਹਨਤ ਨਾਲ 21 ਜਿਲਦਾਂ ਸੰਪਾਦਿਤ ਕੀਤੀਆਂ। ਮੇਰੀ ਜਾਚੇ ਆਖ਼ਰੀ ਉਮਰੇ ਉਨ੍ਹਾਂ ਤੋਂ ਪ੍ਰੋਜੈਕਟ ਵਾਪਸ ਲੈਣਾ ਮੰਦਭਾਗਾ ਫ਼ੈਸਲਾ ਸੀ। ਉਨ੍ਹਾਂ ਨੇ ਸਾਰੀ ਉਮਰ ਸਿੱਖ ਇਤਿਹਾਸ ਦੀ ਹੀ ਸੇਵਾ ਕੀਤੀ। ਉਨ੍ਹਾਂ ਦੀ ਤਸਵੀਰ ਸਿੱਖ ਅਜਾਇਬਘਰ, ਅੰਮ੍ਰਿਤਸਰ ਵਿਖੇ ਵੀ ਲੱਗਣੀ ਚਾਹੀਦੀ ਹੈ ਕਿਉਂਕਿ ਅਜਿਹੇ ਯੁੱਗ ਪੁਰਸ਼ ਵਿਰਲੇ ਹੀ ਪੈਦਾ ਹੁੰਦੇ ਹਨ। ਇਹੀ ਡਾ. ਕਿਰਪਾਲ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਸੰਪਰਕ: 97070-00004

ਮੈਂ ਸ਼ੁਰੂ ਵਿਚ ਡਾ. ਕਿਰਪਾਲ ਸਿੰਘ ਨਾਲ ਮੁਲਾਕਾਤ ਕਰਨ ਗਿਆ ਤਾਂ ਮੇਰੇ ਮਨ ਵਿਚ ਇਕ ਸਵਾਲ ਉੱਠਿਆ ਕਿ ਡਾਕਟਰ ਸਾਹਿਬ 1947 ਦੇ ਪੀੜਿਤ ਹਨ ਅਤੇ ਲਹਿੰਦੇ ਪੰਜਾਬ ਤੋਂ ਏਧਰ ਆਏ ਹਨ, ਸ਼ਾਇਦ ਮੇਰੇ ਮੁਸਲਿਮ ਹੋਣ ਕਰਕੇ ਮੈਨੂੰ ਚੰਗੀ ਤਰ੍ਹਾਂ ਜੁਆਬ ਨਾ ਦੇਣ। ਮੇਰਾ ਇਹ ਤੌਖ਼ਲਾ ਸ਼ੁਰੂ ਵਿਚ ਹੀ ਦੂਰ ਹੋ ਗਿਆ, ਜਦੋਂ ਉਨ੍ਹਾਂ ਨੇ ਮੇਰੇ ਨਾਲ ਗੱਲਬਾਤ ਦੀ ਸ਼ੁਰੂਆਤ ਹੀ ਫ਼ਾਰਸੀ ਸ਼ਿਅਰ ਨਾਲ ਕੀਤੀ:
ਸੀਰਤ ਕੇ ਹਮ ਗੁਲਾਮ ਹੈਂ,
ਸੂਰਤ ਹੂਈ ਤੋ ਕਿਆ।
ਨਕਸ਼ੋਂ ਨਗਾਰ ਕੇ ਚੀਨੀ ਹੈਂ
ਮੂਰਤ ਹੂੁਈ ਤੋ ਕਿਆ।
(ਇਸ ਦੇ ਅਰਥ ਹਨ ਕਿ ਅਸੀਂ ਆਦਤ, ਖਸਲਤ ਤੇ ਸੁਭਾਅ ਚੰਗਾ ਚਾਹੁੰਦੇ ਹਾਂ, ਬਾਹਰਲੇ ਵਿਖਾਵੇ ਦੇ ਰੂਪ ਨੂੰ ਕੀ ਕਰੀਏ। ਅਸੀਂ ਪੱਥਰ ’ਤੇ ਉੱਕਰੀ ਚਿੱਤਰਕਾਰੀ ਚਾਹੁੰਦੇ ਹਾਂ, ਮੂਰਤ ਨੂੰ ਨਹੀਂ)।
ਉਨ੍ਹਾਂ ਨੇ ਮੈਨੂੰ ਕਿਹਾ, ‘‘ਤੂੰ ਉਰਦੂ ਜਾਣਦਾ ਹੈਂ ਤੇ ਫ਼ਾਰਸੀ ਵੀ ਸਿੱਖ। ਮੇਰੇ ਉਸਤਾਦ ਇਕ ਮੁਸਲਮਾਨ ਪ੍ਰੋਫ਼ੈਸਰ ਸੂਫ਼ੀ ਅਬਦੁਲ ਅਜ਼ੀਜ਼ ਮੈਨੂੰ ਫ਼ਾਰਸੀ ਤੇ ਉਰਦੂ ਪੜ੍ਹਾਉਂਦੇ ਸਨ। ਉਹ ਨੇਕਦਿਲ ਤੇ ਕਾਬਿਲ ਇਨਸਾਨ ਸਨ।’’ ਇਉਂ ਡਾ. ਕਿਰਪਾਲ ਸਿੰਘ ਧਰਮਾਂ ਤੋਂ ਉੱਪਰ ਇਕ ਸੱਚੇ ਇਤਿਹਾਸਕਾਰ ਸਨ।

– ਡਾ. ਮੁਹੰਮਦ ਸ਼ਫ਼ੀਕ
ਸੰਪਰਕ: 98149-75686


Comments Off on ਨੇੜਿਓਂ ਡਿੱਠੇ ਡਾ. ਕਿਰਪਾਲ ਸਿੰਘ ਹਿਸਟੋਰੀਅਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.