ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਨਿਧੜਕ ਯੋਧਾ ਸ਼ਾਮ ਸਿੰਘ ਅਟਾਰੀ ਵਾਲਾ

Posted On May - 29 - 2019

ਅਵਤਾਰ ਸਿੰਘ ਆਨੰਦ
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਜੇ ਸਿੱਖ ਜਰਨੈਲਾਂ ਦੀ ਗਿਣਤੀ ਕੀਤੀ ਜਾਵੇ ਤਾਂ ਸਭ ਤੋਂ ਪਹਿਲਾ ਨਾਂ ਜਰਨੈਲ ਸ਼ਾਮ ਸਿੰਘ ਅਟਾਰੀ ਦਾ ਆਉਂਦਾ ਹੈ, ਜਿਸ ਨੇ ਆਪਣੇ ਦਮ ’ਤੇ ਬਹੁਤ ਸਾਰੇ ਮੈਦਾਨ ਸਰ ਕੀਤੇ। ਮੁਲਤਾਨ ਅਤੇ ਕਸ਼ਮੀਰ ਦੀ ਲੜਾਈ ਵਿਚ ਸ਼ਾਮ ਸਿੰਘ ਅਟਾਰੀ ਦੀ ਬਹਾਦਰੀ ਤੋਂ ਖੁਸ਼ ਹੋ ਕੇ ਮਹਾਰਾਜਾ ਨੇ ਉਨ੍ਹਾਂ ਨੂੰ ਹੀਰਿਆਂ ਜੜੀ ਕਲਗੀ ਇਨਾਮ ਵਜੋਂ ਦਿੱਤੀ।
ਸ਼ਾਮ ਸਿੰਘ ਦਾ ਜਨਮ 1785 ਈ. ਨੂੰ ਨਿਹਾਲ ਸਿੰਘ ਅਤੇ ਸ਼ਮਸ਼ੇਰ ਕੌਰ ਦੇ ਘਰ ਹੋਇਆ। ਸ਼ਾਮ ਸਿੰਘ ਅਟਾਰੀ ਦੇ ਵੱਡ-ਵਡੇਰਿਆਂ ਦਾ ਪਿਛੋਕੜ ਜੈਸਲਮੇਰ ਸੀ। ਇਹ ਪਹਿਲਾਂ ਫੂਲ ਮਹਿਰਾਜ ਦੇ ਪਿੰਡਾਂ ਵਿਚ ਆਬਾਦ ਹੋਏ, ਫਿਰ 1735 ਈ. ਨੂੰ ਜਗਰਾਓਂ ਦੇ ਇਲਾਕੇ ਵਿਚ ਕਾਉਂਕੇ ਜਾ ਵੱਸੇ। ਕਾਉਂਕੇ ਤੋਂ ਬਾਅਦ ਇਨ੍ਹਾਂ ਇੱਕ ਉਦਾਸੀ ਸੰਤ ਮੂਲ ਦਾਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਮੋੜ੍ਹੀ ਰਖਵਾਈ ਅਤੇ ਉੱਚੀ ਜਗ੍ਹਾ ’ਤੇ ਤਿੰਨ-ਮੰਜ਼ਲਾ ਮਕਾਨ ਉਸਾਰ ਕੇ ਇਸ ਦਾ ਨਾਂ ‘ਅਟਾਰੀ’ ਰੱਖਿਆ। ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਨਾਨਕੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਹੋਇਆ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਫੌਜ ਵਿਚ ਵਾਪਰ ਰਹੀਆਂ ਕੁੱਝ ਗਲਤ ਘਟਨਾਵਾਂ ਨੂੰ ਵੇਖ ਕੇ ਉਹ ਨੌਕਰੀ ਛੱਡ ਕੇ ਅਟਾਰੀ ਆ ਗਏ। ਸਿੱਖ ਰਾਜ ਨੂੰ ਹਥਿਆਉਣ ਲਈ ਡੋਗਰਿਆਂ ਨੇ ਫਿਰੰਗੀਆਂ ਨਾਲ ਮਿਲ ਕੇ ਕੋਝੀਆਂ ਹਰਕਤਾਂ ਤਹਿਤ ਸਿੱਖ ਰਾਜ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀ। ਡੋਗਰਿਆਂ ਦੀਆਂ ਸਾਜਿਸ਼ਾਂ ਸਦਕਾ ਸਿੱਖ ਫੌਜਾਂ ਮੁਦਕੀ, ਫੇਰੂ ਸ਼ਹਿਰ, ਬੱਦੋਵਾਲ ਅਤੇ ਆਲੀਵਾਲ ਦੀਆਂ ਲੜਾਈਆਂ ਹਾਰ ਚੁੱਕੀਆਂ ਸਨ।
ਦੂਸਰੇ ਪਾਸੇ ਖਾਲਸਾ ਰਾਜ ਦੇ ਨਮਕ-ਹਰਾਮੀ ਵਜ਼ੀਰ ਧਿਆਨ ਸਿੰਘ ਡੋਗਰੇ ਦੀ ਮਾੜੀ ਨੀਤੀ ਸਿੱਖ ਰਾਜ ਦੀ ਪਿੱਠ ਵਿਚ ਗ਼ਦਾਰੀ ਦਾ ਛੁਰਾ ਮਾਰ ਰਹੀ ਸੀ। ਅਖੀਰ ਵਿਚ ਜਦੋਂ ਸਿੱਖ ਫੌਜਾਂ ਦੀ ਵਾਗਡੋਰ ਸਾਂਭਣ ਵਾਲਾ ਕੋਈ ਯੋਧਾ ਨਾ ਰਿਹਾ ਤਾਂ ਮਹਾਰਾਣੀ ਜਿੰਦ ਕੌਰ ਨੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਚਿੱਠੀ ਲਿਖੀ ਕਿ ਫੌਜਾਂ ਦੀ ਵਾਗਡੋਰ ਸਾਂਭਣ ਲਈ ਕਿਹਾ। ਚਿੱਠੀ ਵਿਚ ਜਦੋਂ ਉਨ੍ਹਾਂ ਸਿੱਖਾਂ ਦੀ ਹਾਰ ਅਤੇ ਗ਼ਦਾਰਾਂ ਦੀ ਗ਼ਦਾਰੀ ਬਾਰੇ ਪੜ੍ਹਿਆ ਤਾਂ ਸ਼ਾਮ ਸਿੰਘ ਅਟਾਰੀ ਦਾ ਚਿਹਰਾ ਲਾਲ ਹੋ ਗਿਆ। ਮਾਝੇ ਦੇ ਪਿੰਡਾਂ ਤੋਂ ਹੋਰ ਸਿੰਘ ਨਾਲ ਲੈ ਕੇ ਉਨ੍ਹਾਂ ਅਟਾਰੀ ਤੋਂ ਅਰਦਾਸ ਕੀਤੀ ਕਿ ਜਾਂ ਤਾਂ ਉਹ ਰਣ-ਮੈਦਾਨ ਵਿਚ ਜਿੱਤ ਕੇ ਆਵੇਗਾ ਜਾਂ ਸ਼ਹੀਦੀ ਪਾਵੇਗਾ।
ਦਰਦ ਭਰੀ ਚਿੱਠੀ ਪੜ੍ਹ ਕੇ ਸੂਰਬੀਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਪਰਿਵਾਰ ਨੂੰ ਫ਼ਤਹਿ ਬੁਲਾ ਕੇ ਘੋੜੇ ਦੀਆਂ ਵਾਗਾਂ ਖਿੱਚੀਆਂ ਅਤੇ ਸਭਰਾਵਾਂ ਦੇ ਨਜ਼ਦੀਕ ਮੈਦਾਨ-ਏ-ਜੰਗ ਵਿਚ ਪਹੁੰਚ ਕੇ ਲੜਾਈ ਦੀ ਆਖਰੀ ਰਣਨੀਤੀ ਘੜ੍ਹਨੀ ਸ਼ੁਰੂ ਕਰ ਦਿੱਤੀ।
ਭਾਵੇਂ ਆਪਣਿਆਂ ਦੇ ਧੋਖਿਆਂ ਕਰਕੇ ਸਿੱਖ ਰਾਜ ਦੀ ਜਿੱਤ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਸੀ ਆ ਰਿਹਾ, ਫਿਰ ਵੀ ਖ਼ਾਲਸਾ ਫੌਜ ਆਪਣੀ ਆਨ-ਸ਼ਾਨ ਤੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਸਤੇ ਤਿਆਰ ਬਰ ਤਿਆਰ ਸੀ। ਆਖਰਕਾਰ ਸਿਰ ਧੜ ਦੀ ਬਾਜ਼ੀ ਜਿੱਤਣ ਲਈ ਸਭਰਾਵਾਂ ਦੇ ਮੈਦਾਨ ਵਿਚ ਜੂਝਣ ਵਾਸਤੇ ਦੋਵੇਂ ਫੌਜਾਂ ਇੱਕ-ਦੂਸਰੇ ਦੇ ਸਾਹਮਣੇ ਆ ਖਲੋਤੀਆਂ। ਸਮਾਂ ਬਹੁਤ ਭਿਆਨਕ ਸੀ। ਭਾਵੇਂ ਖ਼ਾਲਸਾ ਫੌਜਾਂ ਨੇ ਦਿਲ ਨਹੀਂ ਸੀ ਛੱਡਿਆ ਪਰ ਪਹਿਲੀਆਂ ਹਾਰਾਂ ਨੇ ਫੌਜਾਂ ਦਾ ਲੱਕ ਜ਼ਰੂਰ ਤੋੜ ਛੱਡਿਆ ਸੀ।
ਸਰਦੀ ਦਾ ਮੌਸਮ ਸੀ। 10 ਫਰਵਰੀ, 1846 ਨੂੰ ਸ਼ਾਮ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ-ਬੇਨਤੀ ਕੀਤੀ। ਖ਼ਾਲਸਾ ਫੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ, ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ। ਸਭਰਾਉਂ (ਜ਼ਿਲ੍ਹਾ ਫਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨ-ਏ-ਜੰਗ ਵਿਚ ਅੰਗਰੇਜ਼ ਤੇ ਖ਼ਾਲਸਾ ਫੌਜਾਂ ਦਰਮਿਆਨ ਆਰ ਤੇ ਪਾਰ ਦੀ ਗਹਿਗੱਚ ਜੰਗ ਸ਼ੁਰੂ ਹੋ ਗਈ। ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਖੂਬ ਗੋਲੀਆਂ ਚੱਲੀਆਂ ਤੇ ਖੰਡੇ ਖੜਕੇ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰੱਖਦੇ ਹੋਏ ਇਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਰਬੀਰਤਾ ਦੀ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ।
ਸਿੱਖ ਫ਼ੌਜ ਜਿੱਤਦੀ-ਜਿੱਤਦੀ ਗਦਾਰ ਆਗੂਆਂ ਕਰ ਕੇ ਮਾਰ ਖਾ ਗਈ। ਸਭਰਾਵਾਂ ਦੀ ਜੰਗ ’ਚ ਜਦੋਂ ਸਿੱਖ ਫ਼ੌਜਾਂ ਜੰਗ ਛੱਡ ਕੇ ਭੱਜਣ ਲਈ ਤਿਆਰ ਸਨ ਤਾਂ ਸ਼ਾਮ ਸਿੰਘ ਅਟਾਰੀ ਵਾਲਾ ਨੇ ਮੌਕੇ ’ਤੇ ਆ ਕੇ ਜੰਗ ਦਾ ਰੁਖ ਹੀ ਬਦਲ ਦਿੱਤਾ। ਸਿੱਖ ਹਾਰਦੇ-ਹਾਰਦੇ ਮੁੜ ਜਿੱਤਣ ਲੱਗੇ। ਦੇਖਦੇ ਹੀ ਦੇਖਦੇ ਸਿੱਖ ਫ਼ੌਜਾਂ ਨੇ ਗੋਰਿਆਂ ਦੇ ਸੱਥਰ ਵਿਛਾ ਦਿੱਤੇ। ਅੰਗਰੇਜ਼ ਆਰਮੀ ਦੇ ਜਰਨਲ ਸਮੇਤ ਉਸ ਦੀ ਫ਼ੌਜ ਜੰਗ ਛੱਡ ਕੇ ਜਾਨ ਬਚਾਉਣ ਲਈ ਭੱਜਣ ਲੱਗੀ। ਉਨ੍ਹਾਂ ਕਈ ਜ਼ਰੂਰੀ ਕਾਗਜ਼-ਪੱਤਰ ਸਾੜ ਕੇ ਸੁਆਹ ਕਰ ਦਿੱਤੇ।
ਉਸ ਵੇਲੇ ਖ਼ਾਲਸਾ ਫ਼ੌਜਾਂ ਦੀ ਬਹਾਦਰੀ ਵੇਖ ਕੇ ਮੁਸਲਮਾਨ ਸ਼ਾਇਰ ਸ਼ਾਹ ਮੁਹੰਮਦ ਨੇ ਲਿਖਿਆ:
ਆਈਆਂ ਪਲਟਣਾਂ ਬੀੜ ਕੇ ਤੋਪਖਾਨੇ,
ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ।
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ,
ਹੱਲੇ ਤਿੰਨ ਫਰੰਗੀਆਂ ਦੇ ਮੋੜ ਸੁੱਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,
ਬੰਨ੍ਹ ਸ਼ਸਤਰੀਂ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
ਭਾਵੇਂ ਜਰਨੈਲ ਸ਼ਾਮ ਸਿੰਘ ਅਟਾਰੀ ਵਾਲੇ ਨੇ ਸਭਰਾਵਾਂ ਦੇ ਮੈਦਾਨ ਵਿਚ ਅੰਗਰੇਜ਼ਾਂ ਨੂੰ ਪਿੱਛੇ ਭੱਜਣ ਲਈ ਮਜਬੂਰ ਕਰ ਦਿੱਤਾ ਸੀ ਪਰ ਇਨ੍ਹਾਂ ਗਦਾਰ ਜਰਨੈਲਾਂ ਨੇ ਜਦੋਂ ਤੋਪਾਂ ਵਿਚ ਪੈਣ ਵਾਲੇ ਬਾਰੂਦ ਦੀ ਜਗ੍ਹਾ ਸਰੋਂ ਦੀਆਂ ਬੋਰੀਆਂ ਭੇਜ ਦਿੱਤੀਆਂ ਅਤੇ ਭੱਜਦੇ ਅੰਗਰੇਜ਼ਾਂ ਨੂੰ ਸੁਨੇਹਾ ਵੀ ਦੇ ਦਿੱਤਾ ਕਿ ਸਿੱਖਾਂ ਕੋਲ ਲੜਨ ਵਾਸਤੇ ਬਾਰੂਦ ਨਹੀਂ ਹੈ ਤਾਂ ਅੰਗਰੇਜ਼ਾਂ ਨੇ ਫਿਰ ਦੁਬਾਰਾ ਹੱਲਾ ਬੋਲ ਦਿੱਤਾ ਪਰ ਸਿੱਖਾਂ ਨੇ ਮੈਦਾਨ ਨਹੀਂ ਛੱਡਿਆ। ਉਨ੍ਹਾਂ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗਦਾਰਾਂ ਨੇ ਦਰਿਆ ’ਤੇ ਬਣਿਆ ਪੁਲ ਵੀ ਤੋੜ ਦਿੱਤਾ।
ਅਖੀਰ 10 ਫਰਵਰੀ, 1846 ਦੀ ਸ਼ਾਮ ਨੂੰ ਉੱਧਰ ਸੂਰਜ ਡੁੱਬ ਗਿਆ, ਇੱਧਰ ਸਿੱਖ ਰਾਜ ਦਾ ਆਖਰੀ ਥੰਮ੍ਹ ਸ਼ਾਮ ਸਿੰਘ ਅਟਾਰੀ ਵਾਲਾ ਹਿੱਕ ’ਤੇ 7 ਗੋਲੀਆਂ ਖਾ ਕੇ ਡਿੱਗ ਪਿਆ ਤੇ ਸ਼ਹੀਦੀ ਪ੍ਰਾਪਤ ਕਰ ਗਿਆ। ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਪਤਨੀ ਮਾਈ ਦੇਸਾਂ ਨੇ 10 ਫਰਵਰੀ 1846 ਵਾਲੇ ਦਿਨ ਹੀ ਆਪਣੇ ਪਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਹੁਰਾਂ ਦਾ ਸਸਕਾਰ 12 ਫਰਵਰੀ ਨੂੰ ਪਿੰਡ ਅਟਾਰੀ ਵਿਚ ਉਨ੍ਹਾਂ ਦੀ ਪਤਨੀ ਦੀ ਚਿਖਾ ਨੇੜੇ ਹੀ ਕੀਤਾ ਗਿਆ।
ਸੰਪਰਕ: 98551-20287


Comments Off on ਨਿਧੜਕ ਯੋਧਾ ਸ਼ਾਮ ਸਿੰਘ ਅਟਾਰੀ ਵਾਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.