ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਨਾਰੀਵਾਦ ਦੀ ਬਦਲਦੀ ਪਰਿਭਾਸ਼ਾ

Posted On May - 21 - 2019

ਦੇਵ ਕੁਰਾਈਵਾਲਾ

ਨਾਰੀਵਾਦ ਅੰਦੋਲਨਾਂ ਅਤੇ ਵਿਚਾਰਧਾਰਾਵਾਂ ਦਾ ਇਕ ਸੰਗ੍ਰਹਿ ਹੈ ਜਿਨ੍ਹਾਂ ਦਾ ਉਦੇਸ਼ ਔਰਤਾਂ ਲਈ ਸਮਾਨ ਰਾਜਨੀਤਕ, ਆਰਥਿਕ ਅਤੇ ਸਮਾਜਿਕ ਅਧਿਕਾਰਾਂ ਨੂੰ ਪਰਿਭਾਸ਼ਿਤ ਕਰਨਾ, ਉਨ੍ਹਾਂ ਦੀ ਸਥਾਪਨਾ ਅਤੇ ਰੱਖਿਆ ਕਰਨਾ ਹੈ। ਇਸ ਵਿਚ ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਵਿਚ ਔਰਤਾਂ ਲਈ ਸਮਾਨ ਮੌਕਿਆਂ ਦੀ ਸਥਾਪਨਾ ਕਰਨ ਦੀ ਮੰਗ ਸ਼ਾਮਲ ਹੈ।
ਫਰਾਂਸੀਸੀ ਦਾਰਸ਼ਨਿਕ ਚਾਰਲਜ਼ ਫੂਰੀਏ ਨੂੰ 1837 ਵਿਚ ‘ਫੈਮੀਨਿਜ਼ਮ’ (ਨਾਰੀਵਾਦ) ਸ਼ਬਦ ਦੀ ਘਾੜਤ ਦਾ ਸਿਹਰਾ ਦਿੱਤਾ ਜਾਂਦਾ ਹੈ। ‘ਨਾਰੀ’ ਨਾਲ ਜਦੋਂ ‘ਵਾਦ’ ਜੁੜ ਜਾਂਦਾ ਹੈ ਤਾਂ ਸ਼ਬਦ ਜਿਸ ਵਿਸ਼ੇ ਨਾਲ ਜੁੜਦਾ ਹੈ ਉਹ ਆਪਣੇ ਨਾਲ ਇਕ ਵਿਚਾਰ, ਚਿੰਤਨ, ਕ੍ਰਾਂਤੀ ਸੰਘਰਸ਼ ਅਤੇ ਅੰਦੋਲਨ ਦੇ ਬੀਜ ਲੈ ਕੇ ਚੱਲਦਾ ਹੈ। ਜਿਵੇਂ-ਜਿਵੇਂ ਇਹ ‘ਵਾਦ’ ਵਿਕਾਸ ਕਰਦਾ ਹੈ, ਇਸ ਦੀਆਂ ਵਿਭਿੰਨ ਵਿਚਾਰਧਾਰਕ ਲੜੀਆਂ ਬਣਦੀਆਂ ਅਤੇ ਟੁੱਟਦੀਆਂ-ਭੱਜਦੀਆਂ ਹਨ। ਇਸੇ ਤੋੜ-ਜੋੜ ਵਿਚੋਂ ਵਿਕਾਸ ਦਾ ਰਸਤਾ ਨਿਕਲਦਾ ਹੈ।
‘ਨਾਰੀਵਾਦ’ ਨੇ ਸਮਾਜ ਦੇ ਵਿਸ਼ੇਸ਼ ਵਰਗ ਭਾਵ ਔਰਤ ਜਾਤੀ ਦੇ ਹਿੱਤ ਵਿਚ ਆਵਾਜ਼ ਬੁਲੰਦ ਕੀਤੀ ਹੈ। ਨਾਰੀਵਾਦ ਦੀ ਜਨਮ-ਭੂਮੀ ਅਤੇ ਇਸਨੂੰ ਪ੍ਰਫੁੱਲਿਤ ਕਰਨ ਦੇ ਯਤਨ ਪੱਛਮੀ ਸਮਾਜ ਵਿਚ ਆਰੰਭ ਹੋਏ। ਪੱਛਮੀ ਸਮਾਜ ਵਿਚ ਸਭ ਤੋਂ ਪਹਿਲਾਂ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਆਂ। ਸਮਾਜ ਵਿਚ ਨਾਰੀ ਦੀ ਬਰਾਬਰੀ ਦਾ ਏਜੰਡਾ ਲੈ ਕੇ ਨਾਰੀਵਾਦ ਚੇਤਨਾ ਦੀ ਲਹਿਰ ਭਾਵੇਂ ਪੱਛਮ ਵਿਚ ਉਤਰੀ, ਪਰ ਇਸਦੇ ਸਰੋਕਾਰਾਂ, ਸੋਝੀਆਂ ਅਤੇ ਪ੍ਰਭਾਵਾਂ ਨੇ ਸਾਰੀ ਦੁਨੀਆਂ ਦੇ ਸਾਰੇ ਸਮਾਜਾਂ ਤੇ ਸੱਭਿਆਚਾਰਾਂ ਨੂੰ ਕਲਾਵੇ ਵਿਚ ਲਿਆ ਹੈ।

ਦੇਵ ਕੁਰਾਈਵਾਲਾ

ਅਜੋਕੇ ਦੌਰ ਵਿਚ ਕੁਝ ਫ਼ੀਸਦੀ ਔਰਤਾਂ ਨੇ ਨਾਰੀਵਾਦ ਦੇ ਅਰਥ ਬਦਲ ਦਿੱਤੇ ਹਨ। ਆਪਣੇ ਹੱਕਾਂ ਲਈ ਲੜਦੀਆਂ ਹੋਈਆਂ ਇਹ ਔਰਤਾਂ ਮਰਦ ਨੂੰ ਆਪਣਾ ਦੁਸ਼ਮਣ ਮੰਨ ਚੁੱਕੀਆਂ ਹਨ। ਬਰਾਬਰਤਾ ਦੀ ਲੜਾਈ ਵਿਚ ਬਦਲਾ ਲਊ ਪੱਖ ਜ਼ਿਆਦਾ ਭਾਰੀ ਹੋ ਗਿਆ ਹੈ। ਔਰਤ ਹੋਵੇ ਜਾਂ ਮਰਦ ਅਸੀਂ ਕਿਸੇ ਵੀ ਸੰਪੂਰਨ ਨਸਲ ਜਾਤ ਜਾਂ ਧਰਮ ਨੂੰ ਇਕੋ ਸਾਂਚੇ ਵਿਚ ਰੱਖ ਕੇ ਨਹੀਂ ਵੇਖ ਸਕਦੇ। ਇਸੇ ਤਰ੍ਹਾਂ ਹਰੇਕ ਔਰਤ ’ਤੇ ਤਸ਼ੱਦਦ ਨਹੀਂ ਹੁੰਦਾ। ਹਰੇਕ ਮਰਦ ਜ਼ਾਲਮ ਨਹੀਂ ਹੁੰਦਾ, ਪਰ ਬਹੁਤੀਆਂ ਔਰਤਾਂ ਨੇ ਨਾਰੀਵਾਦ ਦਾ ਪ੍ਰਭਾਵ ਇਸ ਤਰ੍ਹਾਂ ਕਬੂਲਿਆ ਹੈ ਕਿ ਉਨ੍ਹਾਂ ਨੂੰ ਹਰੇਕ ਮਰਦ ਮਾੜਾ ਦਿੱਸਦਾ ਹੈ। ਮੌਜੂਦਾ ਹਾਲਾਤ ਵਿਚ ਨਾਰੀਵਾਦ ਦੇ ਅਰਥਾਂ ਨੂੰ ਮਰਦ ਜਾਤ ਨਾਲ ਨਫ਼ਰਤ ਦੇ ਤੌਰ ’ਤੇ ਹੀ ਲਿਆ ਜਾ ਰਿਹਾ ਹੈ। ਜੇਕਰ ਇਹ ਸਭ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਔਰਤਾਂ ਅਤੇ ਮਰਦਾਂ ਦਾ ਸਮਾਜ ਵੱਖਰਾ ਵੱਖਰਾ ਹੋਵੇਗਾ। ਦੋਵੇਂ ਇਕ ਦੂਜੇ ਨੂੰ ਆਪਣੇ ਸਭ ਤੋਂ ਵੱਡੇ ਦੁਸ਼ਮਣ ਦੇ ਤੌਰ ’ਤੇ ਵੇਖਣ ਲੱਗਣਗੇ।
ਮਰਦ ਸਰੀਰਿਕ ਤੌਰ ’ਤੇ ਔਰਤ ਤੋਂ ਮਜ਼ਬੂਤ ਹੈ। ਇਸ ਵਿਚ ਮਰਦ ਦੀ ਕੋਈ ਸਾਜ਼ਿਸ਼ ਨਹੀਂ। ਇਹ ਇਕ ਕੁਦਰਤੀ ਵਰਤਾਰਾ ਹੈ, ਇਸੇ ਕਾਰਨ ਜਦੋਂ ਵੀ ਔਰਤ ਅਤੇ ਮਰਦ ਵਿਚਕਾਰ ਹਿੰਸਾ ਹੁੰਦੀ ਹੈ ਤਾਂ ਮਰਦ ਸਰੀਰਿਕ ਪੱਖੋਂ ਔਰਤ ਦਾ ਜ਼ਿਆਦਾ ਨੁਕਸਾਨ ਕਰਦਾ ਹੈ, ਉਸ ਨਾਲ ਕੁੱਟ-ਮਾਰ ਕਰ ਸਕਦਾ ਹੈ, ਕੋਈ ਸੱਟ ਮਾਰ ਸਕਦਾ ਹੈ। ਇਹ ਸਰੀਰਿਕ ਤਸ਼ੱਦਦ ਸਭ ਨੂੰ ਦਿੱਸਦਾ ਹੈ, ਇਸ ’ਤੇ ਕਾਨੂੰਨੀ ਕਾਰਵਾਈ ਵੀ ਹੋ ਜਾਂਦੀ ਹੈ, ਪਰ ਔਰਤ ਸਰੀਰਿਕ ਪੱਖੋਂ ਕਮਜ਼ੋਰ ਹੋਣ ਕਰਕੇ ਮਰਦ ’ਤੇ ਮਾਨਸਿਕ ਤਸ਼ੱਦਦ ਕਰਦੀ ਹੈ ਜੋ ਨਾ ਤਾਂ ਕਿਸੇ ਨੂੰ ਸਾਫ਼ ਦਿਖਾਈ ਦਿੰਦਾ ਹੈ ਅਤੇ ਨਾ ਹੀ ਇਸਦਾ ਕੋਈ ਪੁਖ਼ਤਾ ਸਬੂਤ ਹੁੰਦਾ ਹੈ। ਇਸ ਲਈ ਨਾ ਹੀ ਕੋਈ ਸਖ਼ਤ ਕਾਨੂੰਨੀ ਧਾਰਾ ਲੱਗਦੀ ਹੈ।
‘ਔਰਤ ਦੀ ਆਜ਼ਾਦੀ ਨੂੰ ਖ਼ਤਰਾ ਹੈ’, ‘ਔਰਤ ਨੂੰ ਖ਼ਤਰਾ ਹੈ’ ਦੇ ਨਾਅਰਿਆਂ ਨੇ ਮਰਦ ਨੂੰ ਲਾਚਾਰ ਅਤੇ ਲੰਗੜਾ ਬਣਾ ਕੇ ਛੱਡ ਦਿੱਤਾ ਹੈ। ਇਕ ਕੁਆਰੀ ਕੁੜੀ ਅਤੇ ਮੁੰਡੇ ਵਿਚ ਸਵੈ-ਇੱਛਾ ਨਾਲ ਸਰੀਰਿਕ ਸਬੰਧ ਬਣਦੇ ਹਨ, ਪਰ ਜਦੋਂ ਇਸ ਘਟਨਾ ਦਾ ਕੁੜੀ ਦੇ ਘਰ ਜਾਂ ਸਮਾਜ ਵਿਚ ਪਤਾ ਲੱਗਦਾ ਹੈ ਤਾਂ ਪਰਿਵਾਰ ਦੇ ਦਬਾਅ ਵਿਚ ਕੁੜੀ ਇਹ ਬਿਆਨ ਦਿੰਦੀ ਹੈ ਕਿ ਉਸ ਨਾਲ ਜਬਰਦਸਤੀ ਹੋਈ ਹੈ। ਇਸ ਹਾਲਤ ਵਿਚ ਮਰਦ ਨੂੰ ਸਜ਼ਾ ਜ਼ਰੂਰ ਮਿਲੇਗੀ। ਅਜਿਹੇ ਕੇਸਾਂ ਦੀ ਤਫਤੀਸ਼ ਬਹੁਤ ਬਾਰੀਕੀ ਅਤੇ ਇਮਾਨਦਾਰੀ ਨਾਲ ਕਰਨ ਦੀ ਲੋੜ ਹੈ।
ਇਹ ਕੁਦਰਤ ਦੀ ਸੱਚਾਈ ਹੈ ਕਿ ਔਰਤ ਅਤੇ ਮਰਦ ਦੋਵੇਂ ਇਕ ਦੂਜੇ ਨਾਲ ਮਿਲ ਕੇ ਹੀ ਸੰਪੂਰਨ ਹੁੰਦੇ ਹਨ, ਪਰ ਨਾਰੀਵਾਦ ਦੀਆਂ ਬਦਲਦੀਆਂ ਸਥਿਤੀਆਂ ਨੇ ਔਰਤ ਮਰਦ ਦਾ ਰਿਸ਼ਤਾ ਹੀ ਬਦਲ ਕੇ ਰੱਖ ਦਿੱਤਾ ਹੈ।
ਔਰਤ ਅਤੇ ਮਰਦ ਵਿਚ ਬਹੁਤ ਕੁਝ ਵੱਖਰਾ ਹੈ ਜੋ ਕੁਦਰਤੀ ਹੈ। ਅਸੀਂ ਔਰਤ ਅਤੇ ਮਰਦ ਦੀ ਕੁਦਰਤੀ ਬਣਤਰ ਨੂੰ ਇਕੱਠਾ ਨਹੀਂ ਵੇਖ ਸਕਦੇ, ਪਰ ਨਾਰੀਵਾਦੀਆਂ ਨੂੰ ਇਸ ਗੱਲ ਦਾ ਵੀ ਗਿਲਾ ਹੈ ਕਿ ਮਾਹਵਾਰੀ ਸਿਰਫ਼ ਔਰਤਾਂ ਨੂੰ ਹੀ ਕਿਉਂ ਆਉਂਦੀ ਹੈ? ਜ਼ਰੂਰਤ ਹੈ ਸਾਨੂੰ ਨਾਰੀਵਾਦ ਦੇ ਸਹੀ ਅਰਥ ਲੱਭਣ ਦੀ ਅਤੇ ਇਸ ’ਤੇ ਪੂਰੀ ਪਕੜ ਨਾਲ ਕੰਮ ਕਰਨ ਦੀ ਤਾਂ ਕਿ ਔਰਤਾਂ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਸਕੇ। ਔਰਤ ਅਤੇ ਮਰਦ ਦਾ ਮੁੱਦਾ ਬਾਅਦ ਵਿਚ ਹੈ, ਪਹਿਲਾ ਮੁੱਦਾ ਇਮਾਨਦਾਰੀ ਦਾ ਹੈ। ਔਰਤ ਅਤੇ ਮਰਦ ਦੋਵਾਂ ਵਿਚ ਸਾਨੂੰ ਇਮਾਨਦਾਰ ਚਿਹਰਿਆਂ ਦੀ ਕਦਰ ਕਰਨੀ ਚਾਹੀਦੀ।
‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਤੋਂ ਲੈ ਕੇ ‘ਲੂਣਾ’ ਲਿਖਣ ਵਾਲੇ ਸ਼ਿਵ ਕੁਮਾਰ ਬਟਾਲਵੀ ਤਕ ਬਹੁਤ ਮਰਦਾਂ ਨੇ ਔਰਤ ਦੇ ਹੱਕ ਵਿਚ ਲਿਖਿਆ ਅਤੇ ਬੋਲਿਆ ਹੈ। ਹੁਣ ਵੀ ਮਰਦ ਸ਼੍ਰੇਣੀ ਔਰਤ ’ਤੇ ਹੁੰਦੇ ਤਸ਼ੱਦਦ ਖਿਲਾਫ਼ ਖੜ੍ਹੀ ਹੈ। ਹੁਣ ਔਰਤ ਪੜ੍ਹ ਲਿਖ ਗਈ ਹੈ, ਆਪਣੇ ਪੈਰਾਂ ’ਤੇ ਖੜ੍ਹਨ ਵਾਲੀ ਹੋ ਗਈ ਹੈ, ਪਰ ਇਸ ਪਿੱਛੇ ਇਕੱਲੀ ਔਰਤ ਦਾ ਹੀ ਨਹੀਂ ਮਰਦ ਦਾ ਵੀ ਯੋਗਦਾਨ ਹੈ। ਸੈਂਕੜੇ ਸਾਲਾਂ ਤੋਂ ਵੱਖ ਵੱਖ ਧਰਮਾਂ ਦੇ ਪੈਗੰਬਰ, ਫ਼ਕੀਰ ਅਤੇ ਕਵੀ ਤੇ ਲੇਖਕ ਔਰਤ ਲਈ ਲਿਖ ਰਹੇ ਹਨ ਅਤੇ ਲਿਖਦੇ ਰਹਿਣਗੇ। ਅਖੀਰ ਵਿਚ ਮੈਂ ਇਹ ਗੱਲ ਖ਼ਾਸ ਤੌਰ ’ਤੇ ਕਹਿਣਾ ਚਾਹੁੰਦਾ ਹਾਂ ਕਿ ਨਾਰੀਵਾਦ ਦੀ ਪਰਿਭਾਸ਼ਾ ਬਦਲਣ ਵਿਚ ਸਮੁੱਚੀ ਔਰਤ ਕਦੇ ਵੀ ਨਹੀਂ, ਬਸ ਕੁਝ ਫ਼ੀਸਦੀ ਹੀ ਹਨ ਜੋ ਇਸਨੂੰ ਹੋਰ ਪਾਸੇ ਲੈ ਕੇ ਜਾ ਰਹੀਆਂ ਹਨ। ਇਸ ਸਬੰਧੀ ਵਿਚਾਰ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਬਰਾਬਰੀ ਦਾ ਸਮਾਜ ਸਿਰਜ ਸਕੀਏ।

ਸੰਪਰਕ: 94134-00053


Comments Off on ਨਾਰੀਵਾਦ ਦੀ ਬਦਲਦੀ ਪਰਿਭਾਸ਼ਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.