ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਦੇਸ਼ ਪੱਧਰੀ ਪ੍ਰੀਖਿਆਵਾਂ ਪਾੜ੍ਹਿਆਂ ਨਾਲ ਸਰਾਸਰ ਧੱਕਾ

Posted On May - 23 - 2019

ਬਲਤੇਜ ਸਿੰਘ

ਭਾਰਤ ਵਿੱਚ ਪੜ੍ਹਾਈ ਕਰਨਾ ਕੋਈ ਬਹੁਤੀ ਸੌਖੀ ਗੱਲ ਨਹੀਂ। ਸਾਨੂੰ ਸਾਡੇ ਦਰਮਿਆਨ ਪੜ੍ਹੇ ਲਿਖਿਆਂ ਦੀ ਭਰਮਾਰ ਜਾਪਦੀ ਹੈ ਕਿਉਂਕਿ ਅਸੀਂ ਆਪਣੇ ਦਾਇਰੇ ਤੋਂ ਬਾਹਰ ਝਾਤ ਮਾਰਨ ਲਈ ਅੱਡੀਆਂ ਨਹੀਂ ਚੁੱਕਦੇ। ਜੇ ਪੰਜਾਬ ਦੇ ਜਾਂ ਪੂਰੇ ਭਾਰਤ ਦੇ ਪਿੰਡਾਂ ਵੱਲ ਵੇਖੀਏ ਅੱਧੀਓਂ ਵੱਧ ਆਬਾਦੀ 10ਵੀਂ ਤੋਂ ਬਾਅਦ ਜਾਂ ਰੁਲ-ਖੁਲ ਕੇ ਹੱਦ ਬਾਰ੍ਹਵੀਂ ਪੜ੍ਹਦੀ ਹੈ। ਕਿਉਂਕਿ ਸਰਕਾਰੀ ਕਾਲਜ ਥੋੜੇ ਬਹੁਤ ਨੇ ਤੇ ਨਿੱਜੀ ਕਾਲਜਾਂ ਦੀਆਂ ਫ਼ੀਸਾਂ ਭਰਨੀਆਂ ਹਰੇਕ ਦੇ ਵੱਸ ਦੀ ਗੱਲ ਨਹੀਂ ਰਹੀ। ਫਿਰ ਇਹ ਸੱਚ ਵੀ ਲੁਕਿਆ ਨਹੀਂ ਰਿਹਾ ਕਿ ਪੜ੍ਹ ਲਿਖ ਕੇ ਧੱਕੇ ਹੀ ਹਨ। ਇਸ ਲਈ ਸਰਦਾ-ਪੁਰਦਾ ਪਰਿਵਾਰ ਵੀ ਆਪਣੇ ਨਿਆਣੇ ਪੜ੍ਹਾਉਣ ਦੀ ਬਜਾਏ ਕਿਸੇ ਬਾਹਰਲੇ ਮੁਲਕ ਭੇਜਣ ਨੂੰ ਤਰਜੀਹ ਦੇਣ ਲੱਗਿਆ ਹੈ। ਪਰ ਜੋ ਇੱਥੇ ਰਹਿ ਜਾਂਦੇ ਹਨ ਜਾਂ ਇਉਂ ਆਖੋ ਜੋ ਵਿਚਾਰੇ ਕੁੱਝ ਕੁ ਪੜ੍ਹ ਜਾਂਦੇ ਹਨ, ਉਨ੍ਹਾਂ ਨੂੰ 12-15 ਸਾਲ ਪੜ੍ਹਨ ਪਿੱਛੋਂ ਵੀ, ਇਹ ਸਾਬਿਤ ਕਰਨ ਲਈ ਕਿ ਉਹ ਪੜ੍ਹਿਆ-ਲਿਖਿਆ ਹੈ, ਦੇਸ਼ ਪੱਧਰੀ ਜਾਂ ਰਾਜ ਪੱਧਰੀ ਪ੍ਰੀਖਿਆਵਾਂ ਵਿੱਚ ਹਿੱਸਾ ਲੈਣਾ ਪੈਂਦਾ ਹੈ। ਇੱਕ ਸਵਾਲ ਜੋ ਦੇਸ਼ ਪੱਧਰੀ ਪ੍ਰੀਖਿਆ ਲੈਣ ਤੋਂ ਪਹਿਲਾਂ ਸੋਚਣ ਵਾਲਾ ਹੈ, ਕੀ ਸਾਡੇ ਦੇਸ਼ ਦਾ ਸਿੱਖਿਆ ਪੱਧਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਇੱਕ ਹੈ? ਦੇਸ਼ ਦੇ ਸਿੱਖਿਆ ਪੱਧਰ ਦਾ ਮਾਡਲ ਤਾਂ ਤੁਸੀਂ ਭੰਮੀਪੁਰੇ ਤੋਂ ਲੁਧਿਆਣੇ ਜਾਉ ਤਾਂ ਬਦਲ ਜਾਂਦਾ ਹੈ ਤੇ ਉਸ ਤੋਂ ਅੱਗੇ ਚੰਡੀਗੜ੍ਹ ਜਾਉਗੇ ਤਾਂ ਬਿਲਕੁਲ ਵੱਖਰੇ ਤਰ੍ਹਾਂ ਦੇ ਬੱਚੇ, ਜਿਨ੍ਹਾਂ ਨੂੰ ਹਰ ਤਰ੍ਹਾਂ ਦੀ ਮਿਆਰੀ ਪੜ੍ਹਾਈ ਹੈ। ਇਹ ਤਾਂ ਫ਼ਰਕ ਪਿੰਡਾਂ ਅਤੇ ਸ਼ਹਿਰਾਂ ਦੇ ਵੱਡੇ ਸਕੂਲਾਂ ਦਾ ਹੈ। ਇਸ ਤੋਂ ਬਿਨਾਂ ਜੋ ਪਿੰਡਾਂ ਵਿੱਚ ਸਰਕਾਰੀ ਅਤੇ ਨਿੱਜੀ ਸਕੂਲ ਦੀ ਪੜ੍ਹਾਈ ਦਾ ਫ਼ਰਕ ਹੈ, ਆਰਥਿਕ ਪੱਖੋਂ ਕਮਜ਼ੋਰ ਘਰਾਂ ਤੇ ਤਕੜੇ ਘਰਾਂ ਦੇ ਨਿਆਣਿਆਂ ਦਾ ਫ਼ਰਕ ਹੈ। ਮਤਲਬ ਕੁੱਲ ਮਿਲਾ ਕੇ ਇੰਨੀ ਅਸਾਵੀਂ ਵਿੱਦਿਆ ਪ੍ਰਣਾਲੀ ਹੈ ਸਾਡੀ ਅਤੇ ਅਸੀਂ ਦੇਸ਼ ਪੱਧਰੀ ਪ੍ਰੀਖਿਆ ਲੈ ਕੇ ਕਿਵੇਂ ਇਹ ਸਾਬਿਤ ਕਰ ਦੇਵਾਂਗੇ ਕਿ ਕੌਣ ਹੁਸ਼ਿਆਰ ਹੈ ਅਤੇ ਕੌਣ ਨਾਲਾਇਕ।
ਦੇਸ਼ ਪੱਧਰੀ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਵੱਲ ਝਾਤੀ ਮਾਰੀਏ ਤਾਂ ਪਹਿਲਾਂ ਗੱਲ ਬਾਰ੍ਹਵੀਂ ਤੋਂ ਬਾਅਦ ਹੋਣ ਵਾਲੀ ਪ੍ਰੀਖਿਆ ਨੀਟ ਦੀ ਕਰਦੇ ਹਾਂ। ਜੇ ਤੁਸੀਂ ਘੋਖ ਕੇ ਨਤੀਜੇ ਵੇਖੋ ਤਾਂ ਪਤਾ ਲੱਗੇਗਾ ਕਿ ਪਾਸ ਹੋਣ ਵਾਲਿਆਂ ਵਿੱਚੋਂ ਵੱਡੀ ਗਿਣਤੀ ਉਨ੍ਹਾਂ ਦੀ ਹੈ ਜੋ ਇੱਕ-ਦੋ ਸਾਲਾਂ ਤੋਂ ਇਸੇ ਦੀ ਤਿਆਰੀ ਵਿੱਚ ਰੁੱਝੇ ਹਨ। ਸਥਿਤੀ ਤਦ ਹੀ ਸਾਫ਼ ਹੋ ਜਾਂਦੀ ਹੈ ਜੇ ਤੁਸੀਂ ਰਾਜ ਪੱਧਰੀ ਨਤੀਜੇ ਵੇਖੋ ਕਿ ਨੀਟ ਵਿੱਚੋਂ ਪਾਸ ਹੋਣ ਵਾਲਿਆਂ ਵਿੱਚ ਸਭ ਤੋਂ ਪਹਿਲੇ ਨੰਬਰ ’ਤੇ ਰਾਜਸਥਾਨ ਦੇ ਵਿਦਿਆਰਥੀ ਹਨ। ਇਹ ਗੱਲ ਕੋਈ ਜੱਗੋਂ ਤੇਰ੍ਹਵੀਂ ਨਹੀਂ ਕਿਉਂਕਿ ਇਹ ਰਾਜਸਥਾਨੀ ਨਿਆਣੇ ਨਹੀਂ ਹਨ ਜੋ ਮੱਲਾਂ ਮਾਰ ਰਹੇ ਹਨ। ਇਹ ਨਤੀਜੇ ਤਾਂ ਰਾਜਸਥਾਨੀ ਸ਼ਹਿਰ ਕੋਟਾ ਦੇ ਕੋਚਿੰਗ ਸੈਂਟਰਾਂ ਦੀ ਦੇਣ ਹਨ, ਜਿੱਥੇ ਦੇਸ਼ ਭਰ ਤੋਂ ਵਿਦਿਆਰਥੀ ਕੋਚਿੰਗਾਂ ਲੈਣ ਆਉਂਦੇ ਹਨ। ਇਹ ਮੁਕਾਬਲਾ ਪ੍ਰੀਖਿਆਵਾਂ ਦੇ ਸਵਾਲ ਜਵਾਬ ਏਸ ਤਰ੍ਹਾਂ ਦੇ ਹੁੰਦੇ ਹਨ ਕਿ ਤੁਸੀਂ ਸਿਰਫ਼ ਆਪਣੀ ਪੁਰਾਣੀ ਪੜ੍ਹਾਈ ’ਤੇ ਨਿਰਭਰ ਰਹਿ ਕੇ ਨਹੀਂ ਹੱਲ ਕਰ ਸਕਦੇ, ਤੁਹਾਨੂੰ ਕੁੱਝ ਖ਼ਾਸ ਕਿਤਾਬਾਂ ਜੋ ਕਿ ਪ੍ਰੀਖਿਆ ਦੇ ਮੱਦੇਨਜ਼ਰ ਹੁੰਦੀਆਂ ਹਨ ਉਨ੍ਹਾਂ ਦਾ ਵੀ ਘੋਟਾ ਲਾਉਣਾ ਪੈਂਦਾ ਹੈ। ਜੇ ਤੁਸੀਂ ਆਪਣੇ ਦਮ ਤੇ ਲਾਉਣਾ ਚਾਹੋ ਤਾਂ ਮੁਸ਼ਕਿਲ ਹੈ ਤੇ ਇਹ ਘੋਟਾ ਲਵਾਉਣ ਲਈ ਇੱਕ ਪੂਰਾ ਬਾਜ਼ਾਰ ਸਰਗਰਮ ਹੈ। ਵੱਡੇ ਵੱਡੇ ਇੰਸਟੀਚਿਊਟ ਤੁਹਾਡੀ ਸਫਲਤਾ ਦਾ ਦਾਅਵਾ ਮੋਟੀਆਂ ਫ਼ੀਸਾਂ ਉਗਰਾਹ ਕੇ ਕਰਦੇ ਹਨ।
ਇਹੋ ਹਾਲ ਪੋਸਟ ਗਰੈਜੂਏਸ਼ਨ ਕਰ ਚੁੱਕਿਆਂ ਦਾ ਹੈ। ਇਨ੍ਹਾਂ ਵਿੱਚੋਂ ਵੀ ਅੱਧਾ ਹਿੱਸਾ ਜੋ ਪਿੰਡਾਂ ਜਾਂ ਛੋਟੇ ਸ਼ਹਿਰਾਂ ਦੇ ਕਾਲਜਾਂ ਵਿੱਚ ਪੜ੍ਹਦਾ ਹੈ, ਉਹ ਸਿੱਧਾ ਹੀ ਮੁਕਾਬਲੇ ਤੋਂ ਬਾਹਰ ਰਹਿੰਦਾ ਹੈ। ਮੁਕਾਬਲੇ ਵਿੱਚ ਕੌਣ ਬਚਦਾ ਹੈ? ਯੂਨੀਵਰਸਿਟੀਆਂ ਜਾਂ ਵੱਡੇ ਸ਼ਹਿਰਾਂ ਦੇ ਕਾਲਜਾਂ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਨੈੱਟ, ਟੈੱਟ ਤੇ ਹੋਰ ਪਤਾ ਨਹੀਂ ਕੀ ਕੀ?? ਹੁਣ ਤਾਂ ਨੈੱਟ ਦਾ ਵੀ ਦੀਵਾਲਾ ਨਿਕਲ ਚੁੱਕਾ ਹੈ, ਵਿਦਿਆਰਥੀ ਜਾਣਦੇ ਹਨ ਕਿ ਪ੍ਰੀਖਿਆ ਪਾਸ ਕਰ ਕੇ ਵੀ ਪੱਕੀ ਨੌਕਰੀ ਤਾਂ ਮਿਲਣੀ ਨਹੀਂ, ਇਸ ਲਈ ਆਸ ਜੇਆਰਐਫ਼ ਹੀ ਹੈ। ਕਿਉਂਕਿ ਇਹੋ ਇੱਕ ਇੱਕ ਜ਼ਰੀਆ ਬਚਿਆ ਹੈ ਪੰਜ ਸਾਲ ਸਕਾਲਰਸ਼ਿਪ ਲੈ ਕੇ ਕੱਟਣ ਦਾ। ਇਨ੍ਹਾਂ ਪ੍ਰੀਖਿਆਵਾਂ ਦੇ ਸਵਾਲਾਂ ਨੂੰ ਵੇਂਹਦਿਆਂ ਹੀ ਪਤਾ ਲੱਗਦਾ ਹੈ ਕਿ ਇਹ ਕੋਈ ਸੱਚੀ-ਮੁੱਚੀਂ ਯੋਗਤਾ ਪਰਖਣ ਲਈ ਨਹੀਂ ਹਨ, ਬਲਕਿ ਇਹ ਪ੍ਰੀਖਿਆਵਾਂ ਤਾਂ ਜਾਲੀਆਂ ਹਨ, ਜੋ ਹਰ ਪੱਧਰ ’ਤੇ ਬਹੁਤਿਆਂ ਨੂੰ ਬਾਹਰ ਧੱਕਦੀਆਂ ਜਾਂਦੀਆਂ ਹਨ। ਇਨ੍ਹਾਂ ਜਾਲੀਆਂ ਵਿੱਚੋਂ ਸਫਲਤਾ ਪੂਰਵਕ ਲੰਘਣ ਵਾਲੇ ਬਾਰੀਕ ਟੁਕੜਿਆਂ ਨੂੰ ਕਈ ਵਾਰ ਤੰਤਰ ’ਤੇ ਯਕੀਨ ਵੀ ਹੋਣ ਲੱਗ ਜਾਂਦਾ ਹੈ ਕਿ ‘ਕਰੋ ਮਿਹਨਤ ਤੇ ਆਓ ਬਰੋਬਰ’। ਨੈੱਟ, ਟੈੱਟ ਤੋਂ ਬਿਨਾਂ ਅੱਜ ਕਲ ਬਹੁਤੇ ਨੌਜਵਾਨ ਐਸਐਸਸੀ ਜਾਂ ਹੋਰ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਮਿਲਣਗੇ। ਇਹ ਅਜਿਹੀ ਪ੍ਰੀਖਿਆ ਹੈ ਜਿਸ ਦੀ ਹਰ ਵਿਸ਼ੇ ਦੇ ਨੌਜਵਾਨ ਤਿਆਰੀ ਕਰ ਰਹੇ ਹਨ। ਕਿਉਂ? ਕਿਉਂਕਿ ਇਹੋ ਇੱਕ ਦੋ ਜਗ੍ਹਾ ਬਚੀਆਂ ਹਨ ਸਰਕਾਰੀ ਨੌਕਰੀਆਂ ਵਾਸਤੇ। ਯੂਨੀਵਰਸਿਟੀਆਂ ਦੇ ਆਸ ਪਾਸ ਵੇਖੋ ਤਰ੍ਹਾਂ ਤਰ੍ਹਾਂ ਦੀਆਂ ਅਕੈਡਮੀਆਂ ਖੁੱਲ੍ਹ ਰਹੀਆਂ ਹਨ, ਜਿੱਥੇ ਬੀਏ ਤੋਂ ਬੀਟੈੱਕ ਵਾਲੇ ਸਾਰੇ ਪਾੜ੍ਹੇ ਜਾਂਦੇ ਹਨ। ਕੁੱਲ ਮਿਲਾ ਕੇ ਅੱਜ ਇਹ ਹਾਲ ਹੈ ਸਾਰੇ ਵਿਸ਼ਿਆਂ ਦੀਆਂ ਪੜ੍ਹਾਈਆਂ ਦਾ ਗ਼ੁਬਾਰ ਫੁੱਟ ਗਿਆ ਹੈ, ਪੜ੍ਹਨ ਵਾਲਾ ਹਰੇਕ ਦਾਖਲਾ ਲੈਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਕੁੱਝ ਨਹੀਂ ਬਣਨ ਵਾਲਾ। ਪਰ ਤਾਂ ਵੀ ਅਸੀਂ ਚੁੱਪ ਹਾਂ। ਹਰ ਕਿਸੇ ਨੂੰ ਲੱਗਦਾ ਹੈ ਸ਼ਾਇਦ ਏਸ ਵਾਰ ਤੁੱਕਾ ਲੱਗ ਜਾਵੇ, ਹਰ ਕੋਈ ਦੂਜੇ ਦੀ ਸਿਰੀ ਮਿੱਧਣ ਲਈ ਤਿਆਰ ਬੈਠਾ ਹੈ। ਇਹ ਸਭ ਦੇਖਦਿਆਂ ਸੁਣਦਿਆਂ ਦੂਰ ਪਾਰਲੀਮੈਂਟ ਵਿੱਚ ਲੀਡਰ ਹੱਸ ਰਹੇ ਹਨ। ਹਰ ਨਵੀਂ ਸਰਕਾਰ ਪੜ੍ਹਾਈ, ਰੁਜ਼ਗਾਰ ਦੇ ਲਤੀਫ਼ੇ ਸੁਣਾ ਕੇ ਲੰਘ ਜਾਂਦੀ ਹੈ ਤੇ ਜਦ ਵੋਟਾਂ ਪੈਣ ਵਾਲੀਆਂ ਹੁੰਦੀਆਂ ਹਨ ਤਾਂ ਪਿਛਲੇ ਦੋ ਸਾਲ ਤੋਂ ਕਤਾਰ ‘ਚ ਲੱਗਿਆ ਪਾੜ੍ਹਾ ਸੋਚ ਰਿਹਾ ਹੁੰਦਾ ਹੈ ਕਿ ਖ਼ਬਰੇ ਜਾਂਦੀ ਜਾਂਦੀ ਸਰਕਾਰ ਰੁੱਗ ਵਰ੍ਹਾ ਹੀ ਜਾਵੇ……।

ਸੰਪਰਕ: 98550-22508


Comments Off on ਦੇਸ਼ ਪੱਧਰੀ ਪ੍ਰੀਖਿਆਵਾਂ ਪਾੜ੍ਹਿਆਂ ਨਾਲ ਸਰਾਸਰ ਧੱਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.