ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਦੂਰ ਦੇ ਢੋਲ…!

Posted On May - 28 - 2019

ਬਲਦੇਵ ਸਿੰਘ (ਸੜਕਨਾਮਾ)

ਮੈਂ 1968-69 ਵਿਚ ਜ਼ਿੰਦਗੀ ਨੂੰ ਹੋਰ ਖ਼ੂਬਸੂਰਤ ਬਣਾਉਣ ਦੇ ਲਾਲਚ ਵਿਚ ਕਲਕੱਤੇ ਚਲਾ ਗਿਆ ਸੀ। ਆਮ ਕਰਕੇ ਸਾਡੇ ਲੇਖ ਵੀ ਨਾਲ-ਨਾਲ ਹੀ ਸਫ਼ਰ ਕਰਦੇ ਹਨ। ਉੱਥੇ ਜਾ ਕੇ ਪਹਿਲਾਂ ਆਪਣੇ ਤਾਏ ਦੇ ਪੁੱਤ, ਭਰਾ ਪਾਸੋਂ ਟੈਕਸੀ ਚਲਾਉਣੀ ਸਿੱਖੀ।
ਪੰਦਰਾਂ-ਵੀਹ ਦਿਨਾਂ ਵਿਚ ਜਦੋਂ ਸਟੇਰਿੰਗ ਸਿੱਧਾ ਰੱਖਣਾ ਆ ਗਿਆ ਤਾਂ ਅੱਧੀ ਰਾਤ ਵੇਲੇ ਸੁੰਨੀਆਂ ਹੋਈਆਂ ਸੜਕਾਂ ’ਤੇ ਮੱਲੋਮੱਲੀ ਬੇਕਾਬੂ ਹੁੰਦੀ ਗੱਡੀ ਨੂੰ ਕਾਬੂ ਰੱਖਣ ਦੀ ਜਾਚ ਵੀ ਆਉਂਦੀ ਗਈ, ਜਿਵੇਂ ਵਿਗੜੇ ਵਹਿੜਕੇ ਨੂੰ ਨੱਥ ਮਾਰ ਲਈਦੀ ਹੈ, ਇਵੇਂ ਗੱਡੀਆਂ ਨੂੰ ਆਪਣੀ ਕੀਲ ਵਿਚ ਲਿਆਉਣਾ ਵੀ ਏਨਾ ਸੌਖਾ ਨਹੀਂ ਹੁੰਦਾ।
ਬਾਅਦ ਵਿਚ ਤਾਂ ਜਿਵੇਂ ਕੋਈ ਮਾਹਿਰ ਸਾਈਕਲ ਚਲਾਉਣ ਵਾਲਾ ਚੱਲਦੇ ਸਾਈਕਲ ਉੱਪਰ ਹੱਥ ਛੱਡ ਕੇ ਪੱਗ ਬੰਨ੍ਹਣ ਜਾਂ ਹੇਠਾਂ ਰੁਮਾਲ ਸੁੱਟ ਕੇ ਚੁੱਕਣ ਦਾ ਸਟੰਟ ਕਰਦਾ ਹੈ, ਅਸੀਂ ਵੀ ਬਥੇਰੇ ਪੰਗੇ ਲੈਣੇ ਸਿੱਖ ਜਾਂਦੇ ਹਾਂ।
ਜਿਹੜੀ ਬਾੜੀ (ਬਹੁਤੇ ਕਮਰਿਆਂ ਵਾਲੀ ਹਵੇਲੀ) ਵਿਚ ਕਮਰਾ ਕਿਰਾਏ ਉੱਪਰ ਮਿਲਿਆ, ਉੱਥੇ 16 ਟੱਬਰ ਰਹਿੰਦੇ ਸਨ। ਕੋਈ ਯੂ.ਪੀ. ਤੋਂ, ਕੋਈ ਬਿਹਾਰ ਤੋਂ, ਕੋਈ ਉੜੀਸਾ ਤੋਂ, ਤਿੰਨ ਪੰਜਾਬੀ ਟੱਬਰ ਵੀ ਸਨ। ਸਾਰੇ ਅਹਾਤੇ ਵਿਚ ਇਕ ਹੀ ਲੈਟਰੀਨ ਸੀ ਤੇ ਇਕ ਹੀ ਕਾਰਪੋਰੇਸ਼ਨ ਦਾ ਨਲ। ਦੋਹੀਂ ਪਾਸੀਂ ਲੰਮੀਆਂ ਕਤਾਰਾਂ ਲੱਗਦੀਆਂ ਸਨ। ਯਾਨੀ ਕਤਾਰਾਂ ਲੱਗੀਆਂ ਹੀ ਰਹਿੰਦੀਆਂ ਸਨ।
ਕੰਮਾਂ ’ਤੇ ਜਾਣ ਵਾਲੇ ਸਵੇਰੇ-ਸਵੇਰੇ ਮੂੰਹ ਵਿਚ ਦਾਤਣਾਂ ਲਈ ਜਾਂ ਮੂੰਹ ਵਿਚ ਬੀੜੀਆਂ ਰੱਖੀ ਕੌੜਾ ਧੂੰਆਂ ਛੱਡਦੇ ਆਪਣੀ ਵਾਰੀ ਦੀ ਉਡੀਕ ਵਿਚ ਤਰਲੋ-ਮੱਛੀ ਹੁੰਦੇ ਰਹਿੰਦੇ ਸਨ। ਕਿਸੇ ਵੇਲੇ ਨਲ ਜਾਂ ਪਖਾਨਾ ਵਿਹਲਾ ਹੋਣਾ ਤਾਂ ਲਾਟਰੀ ਨਿਕਲ ਆਉਣ ਵਰਗੀ ਖ਼ੁਸ਼ੀ ਹੁੰਦੀ ਸੀ।
ਇਕ ਦਿਨ ਸਵੇਰ ਦੇ ਸੰਘਰਸ਼ ਵਿਚੋਂ ਵਿਹਲਾ ਹੋ ਕੇ ਮੈਂ ਨਹਾਉਣ ਤੋਂ ਬਾਅਦ ਘਰ ਦੀ ਵਰਤੋਂ ਲਈ ਪਾਣੀ ਦੀ ਬਾਲਟੀ ਭਰ ਕੇ ਜਦੋਂ ਆਪਣੇ 8 ਫੁੱਟ ਬਾਈ 8 ਫੁੱਟ ਦੇ ਕਮਰੇ ਵਿਚ ਆਇਆ ਤਾਂ ਸ੍ਰੀਮਤੀ ਚਾਹ ਤਿਆਰ ਕਰੀਂ ਬੈਠੀ ਸੀ। ਮੇਰੀ ਨਜ਼ਰ ਟਾਈਮ ਪੀਸ ’ਤੇ ਗਈ ਤਾਂ ਮੈਂ ਹੜਬੜਾ ਕੇ ਕਿਹਾ; ‘ਬਾਪ ਰੇ, ਛੇ ਤਾਂ ਏਥੇ ਈ ਵੱਜ ਗਏ?’
ਸ੍ਰੀਮਤੀ ਨੇ ਸਹਿਜ ਭਾਅ ਕਿਹਾ, ‘ਤੂੰ ਇਹਦੇ ਟੈਮ ਤੋਂ ਨਾ ਡਰਿਆ ਕਰ ਜੀ, ਇਹ ਵੀ ਜਵਾਂ ਤੇਰੇ ਅਰਗਾ ਈ ਐ, ਦਿਨ ’ਚ ਦਸ-ਪੰਦਰਾਂ ਵਾਰ ਤਾਂ ਹਿਲਾਉਣਾ ਪੈਂਦਾ, ਫੇਰ ਕਦੇ ਤੁਰ ਪੈਂਦਾ, ਕਦੇ ਖੜ੍ਹ ਜਾਂਦਾ।’
ਚਾਹ ਦੀ ਘੁੱਟ ਭਰ ਕੇ ਮੈਂ ਪਤਨੀ ਵੱਲ ਝਾਕਿਆ ਤਾਂ ਉਹ ਮੈਨੂੰ ਤਾੜਦਾ ਵੇਖ ਕੇ ਬੋਲੀ: ਪਤਾ ਤਾਂ ਹੈ ਤੈਨੂੰ, ਦਿਨ ਵਿਚ ਅੱਠ-ਨੌਂ ਵਾਰ ਚਾਬੀ ਦੇਣੀ ਪੈਂਦੀ ਐ ਤਾਂ ਕਿਤੇ ਜਾ ਕੇ…।’ ਉਸ ਨੇ ਗੱਲ ਵਿਚਕਾਰ ਹੀ ਛੱਡ ਦਿੱਤੀ। ਉਸ ਨੂੰ ਟਾਈਮ ਪੀਸ ਦੀ ਇਕ ਹੋਰ ਸਿਫ਼ਤ ਯਾਦ ਆ ਗਈ।
‘ਕੱਲ੍ਹ ਮੈਂ ਪੰਜ ਵਜੇ ਦਾ ਅਲਾਰਮ ਲਾਇਆ, ਟੁੱਟ ਪੈਣਾ ਰਾਤ ਦੇ ਡੇਢ ਵਜੇ ਵੱਜਣ ਲੱਗ ਪਿਆ, ਤੈਨੂੰ ਕਿਹੜਾ ਪਤਾ ਨ੍ਹੀ। ਸਵੇਰੇ ਗੁਆਂਢਣ ਨੇ ਉਲਾਂਭਾ ਦਿੱਤਾ; ‘ਇਹਨੂੰ ਬੰਦ ਈ ਰੱਖਿਆ ਕਰੋ ਭਾਈ, ਸਾਡੇ ਤਾਂ ਜੁਆਕ ਮਸਾਂ ਸੁੱਤੇ ਹੁੰਦੇ ਐ।’
ਮੈਂ ਕੱਚਾ ਜਿਹਾ ਹੁੰਦਿਆਂ ਸੁਲ੍ਹਾ ਦੇ ਰੌਂਅ ਵਿਚ ਕਿਹਾ -‘ਚੱਲ ਫੇਰ ਵੀ ਹਿਲਾਏ-ਜੁਲਾਏ ਤੋਂ ਤੁਰ ਤਾਂ ਪੈਂਦੈ, ਆਪਣਾ ਕੰਮ ਸਾਰੀ ਜਾਂਦੈ।’
‘ਆਹੋ, ਹੁਣ ਕੀ ਪਤੈ, ਛੇ ਕਿਹੜੇ ਵੇਲੇ ਦੇ ਵਜਾਈ ਜਾਂਦੈ।’
‘ਇਹ ਵੀ ਮੇਰੀ ਹਿੰਮਤ ਐ।’
‘ਲੈ ਮੈਂ ਕਿਤੇ ਜਾਣਦਾ ਨ੍ਹੀਂ, ਹਿਲਾ-ਹਲੂ ਕੇ ਤਾਂ ਤੂੰ ਹਵਾਈ ਜਹਾਜ਼ ਚਲਾ ਦੇਵੇਂ।’ ਚਾਹ ਵਾਲਾ ਗਲਾਸ ਪਾਸੇ ਰੱਖਦਿਆਂ ਮੈਂ ਕਿਹਾ।
ਉਹ ਸਮਝ ਗਈ, ਬੋਲੀ ‘ਕੋਈ ਨਾ ਹੁਣ ਦੇਖੂੰਗੀ।’
ਪਤਨੀ ਦੀ ਇਹ ਵੰਗਾਰ ਪਤਾ ਨਹੀਂ ਟਾਈਮ ਪੀਸ ਨੂੰ ਸੀ ਜਾਂ ਮੈਨੂੰ। ਇਹ ਸਮਝ ਨਹੀਂ ਆਈ।
ਤੁਰਨ ਲੱਗਿਆਂ ਮੈਂ ਪੁੱਛਿਆ- ‘ਮੈਂ ਰਾਤ ਨੂੰ ਏਥੇ ਗੱਡੀ ਦਾ ਝਾੜਨ ਰੱਖਿਆ ਸੀ।’
‘ਉਹ ਸੜਿਆ ਜਿਹਾ ਗੰਦਾ ਕਾਲੇ ਤੇਲ ਨਾਲ ਲਿੱਬੜਿਆ ਕੱਪੜਾ? ਉਹ ਕੋਈ ਝਾੜਨ ਐ? ਉਸ ਦਾ ਤਾਂ ਮੈਂ ਪੋਚਾ ਬਣਾ ਲਿਆ।’ ਪਤਨੀ ਨੇ ਭੈੜਾ ਜਿਹਾ ਮੂੰਹ ਬਣਾ ਕੇ ਕਿਹਾ।
ਸਵੇਰੇ ਸਵੇਰੇ ਮੂਡ ਖ਼ਰਾਬ ਹੋਣ ਦੇ ਡਰੋਂ, ਮੈਂ ਕਿਹਾ ‘ਸਾਬਣ ਲਾ ਕੇ ਨਿੱਖਰ ਜਾਣਾ ਸੀ, ਤੂੰ ਵੀ ਬਸ…।’
‘ਮੈਂ ਵੀ ਕੀ?’ ਪਤਨੀ ਦੇ ਤੇਵਰ ਬਦਲਣ ਲੱਗੇ।
‘ਜਾਣੀ ਤੈਨੂੰ ਵੀ ਹੁਣ ਕਲਕੱਤੇ ਦੀ ਹਵਾ ਲੱਗਦੀ ਜਾਂਦੀ ਐ।’ ਫਿੱਕਾ ਜਿਹਾ ਹੱਸਦਿਆਂ ਮੈਂ ਕਮਰੇ ਤੋਂ ਬਾਹਰ ਹੋ ਗਿਆ।
ਪੈਟਰੋਲ ਪੰਪ ਉੱਪਰ ਖੜ੍ਹਾ ਟੈਕਸੀ ਮਾਲਕ ਮੇਰੀ ਉਡੀਕ ਵਿਚ ਅਵਾਜ਼ਾਰ ਹੋਇਆ ਦਿੱਸਦਾ ਸੀ।
‘ਆ ਗਿਆ ਮੇਰਾ ਅੰਨਦਾਤਾ।’ ਮੈਨੂੰ ਵੇਖਦਿਆਂ ਹੀ ਉਸ ਨੇ ਮਰਾਸੀ ਵਾਂਗ ਗੁੱਝੀ ਟਕੋਰ ਕੀਤੀ।
ਮੈਂ ਜੇਬ ਵਿਚੋਂ ਪਿਛਲੇ ਦਿਨ ਦੀ ਕਮਾਈ ਫੜਾਈ ਤਾਂ ਗਿਣ ਕੇ ਕਹਿੰਦਾ, ‘ਅੱਜ ਫੇਰ ਦਸ ਰੁਪਏ ਘੱਟ ਨੇ?’
‘ਟਾਇਰ ਪੰਚਰ ਹੋ ਗਿਆ ਸੀ ਬਾਬੂ।’ ਮੈਂ ਮਲਮੀਂ ਜਿਹੀ ਜੀਭ ਨਾਲ ਕਿਹਾ ‘ਅੱਜ ਕੱਲ੍ਹ ਤੇਰੇ ਟਾਇਰ ਬੜੇ ਪੰਚਰ ਹੁੰਦੇ ਨੇ।’ ਉਸ ਨੂੰ ਯਕੀਨ ਨਹੀਂ ਆਇਆ।

ਬਲੇਦਵ ਸਿੰਘ ਸੜਕਨਾਮਾ

‘ਮੇਰੇ ਕੀ ਵਸ ਐ, ਗਾਂਧੀ ਦੇ ਸਿਰ ਅਰਗੇ ਤਾਂ ਹੋਏ ਪਏ ਨੇ। ਜੇ ਮਾੜਾ ਜਿਹਾ ਮੀਂਹ ਪੈ ਜੇ ਤਾਂ ਸੜਕ ’ਤੇ ਸੱਪ ਆਂਗੂ ਤਿਲ੍ਹਕਦੀ ਐ ਗੱਡੀ। ਇਨ੍ਹਾਂ ’ਤੇ ਰਬੜ ਚੜ੍ਹਾਦੇ ਜਾਂ ਨਵੇਂ ਲੈ ਦੇ। ਨਾਲੇ ਗੱਡੀ ਦਾ ਹਾਰਨ ਨ੍ਹੀਂ ਬੋਲਦਾ, ਡਾਇਨਮੋ ਵੀ ਚਾਰਜ ਛੱਡ ਗਿਆ। ਮਿਸਤਰੀ ਆਂਹਦਾ ਸੀ ਬੈਟਰੀ ਨਵੀਂ ਲੱਗੂ ਹੁਣ।’
‘ਓਏ ਕੰਜਰਾ, ਅਜੇ ਤਾਂ ਟੈਕਸ ਵੀ ਦੇਣੈ। ਅਗਲੇ ਮਹੀਨੇ ਪਾਸ ਕਰਾਉਣੀ ਐ। ਖ਼ਰਚੇ ਐਂ ਗਿਣਾਤੇ ਜਿਵੇਂ ਟਾਟੇ-ਬਿਰਲੇ ਨਾਲ ਕੰਧ ਸਾਂਝੀ ਹੁੰਦੀ ਐ। ਇਸ ਨੂੰ ਹੌਲੀ-ਹੌਲੀ ਪੁਚਕਾਰ ਕੇ ਲਈ ਫਿਰ, ਦੋਹਾਂ ਦਾ ਰੋਟੀ ਪਾਣੀ ਚੱਲੀ ਜਾਊ।’
ਮਾਲਕ ਦੇ ਵਿਚਾਰੇ ਜਿਹੇ ਬਣੇ ਮੂੰਹ ਵੱਲ ਵੇਖਦਿਆਂ ਮੈਂ ਗੈਰਜ ਬੁੱਕ ’ਤੇ ਦਸਤਖ਼ਤ ਕੀਤੇ, ਫਿਰ ਤੇਲ ਪਾਣੀ ਚੈੱਕ ਕਰਕੇ ਗੱਡੀ ਵਿਚ ਧੂਫ ਲਾਈ ਤੇ ਸਟਾਰਟ ਕਰ ਲਈ।
ਸੜਕ ’ਤੇ ਚੜ੍ਹਾਉਂਦਿਆਂ ਹੀ ਮੇਰਾ ਗੁਆਂਢੀ ਪਿੰਡ ਦਾ ਯਾਰ ਪਗਲਾ ਮਿਲ ਪਿਆ। ਮੈਂ ਛੇੜਿਆ, ‘ਪਤੰਦਰਾ, ਐਸ ਵੇਲੇ ਤਕ ਤਾਂ ਲੋਕੀਂ ਅੱਧੀ ਦਿਹਾੜੀ ਲਾਈ ਫਿਰਦੇ ਐ, ਤੂੰ ਅਜੇ ਰਾਹ ’ਚ ਹੀ ਫਿਰਦੈ।’
‘ਲੋਕਾਂ ਨੂੰ ਤਾਂ ਹੌਂਅ ਲੱਗੀ ਐ ਲੀਡਰਾਂ ਆਂਗੂ। ਸਵੇਰੇ-ਸਵੇਰੇ ਮੂੰਹ ਕਾਹਨੂੰ ਗੰਦਾ ਕਰਨੈ, ਇਹ ਧਰਮ ਰਾਜ ਕੋਲ ਜਾਣ ਲੱਗੇ ਨੋਟ ਨਾਲ ਹੀ ਲੈ ਕੇ ਜਾਣਗੇ। ਆਪਾਂ ਉੱਥੇ ਖੋਹ ਲਾਂਗੇ।’ ਆਖ ਕੇ ਪਗਲਾ ਹੱਸਿਆ।
‘ਪਿੰਡ ਨ੍ਹੀਂ ਗੇੜਾ ਮਾਰਿਆ?’ ਮੈਂ ਪੁੱਛਿਆ
‘ਪਿੰਡ ਜਾਣ ਜੋਗੇ ਹੋਏ ਤਾਂ ਗੇੜਾ ਮਾਰਾਂਗੇ। ਖਾਲੀ ਹੱਥ ਗਏ ਤਾਂ ਕੀ ਦੱਸਾਂਗੇ?
‘ਦੱਸਣਾ ਕੀ ਹੈ, ਆਖ ਦਿਆਂਗੇ, ਖੂਹ ਦੀ ਮਿੱਟੀ ਖੂਹ ’ਚ।’ ਉਹ ਫਿਰ ਹੱਸਿਆ ਤੇ ਤਲੀ ’ਤੇ ਬੀੜਾ ਮਲਦਾ ਤੁਰ ਗਿਆ।
ਉਦੋਂ ਹੀ ਇਕ ਬੰਗਾਲੀ ਬਾਬੂ ਟੈਕਸੀ ਦੇ ਲਾਗੇ ਆ ਕੇ ਬੋਲਿਆ, ‘ਸ਼ੋਰਦਾਰ ਜੀ ਹਾਵੜਾ ਸਟੇਸ਼ਨ ਜਾਬੋ।’
ਤੇ ਮੈਂ ਗਧੀ ਗੇੜ ਦੇ ਸਫ਼ਰ ’ਤੇ ਤੁਰ ਪਿਆ।

ਸੰਪਰਕ: 98147-83069


Comments Off on ਦੂਰ ਦੇ ਢੋਲ…!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.