ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਦੁਨੀਆ ਦਾ ਭਿਆਨਕ ਭੁਪਾਲ ਗੈਸ ਹਾਦਸਾ

Posted On May - 24 - 2019

ਡਾ. ਗੁਰਿੰਦਰ ਕੌਰ

ਪੰਦਰਾਂ ਅਪਰੈਲ ਨੂੰ ਸੰਯੁਕਤ ਰਾਸ਼ਟਰ ਦੀ ਸੰਸਥਾ ਆਈਐੱਲਓ ਨੇ ‘ਦਿ ਸੇਫ਼ਟੀ ਐਂਡ ਹੈਲਥ ਐਟ ਦਿ ਹਾਰਟ ਆਫ਼ ਦਿ ਫ਼ਿਉਚਰ ਆਫ਼ ਵਰਕ: ਬਿਲਡਿੰਗ ਔਨ 100 ਈਅਰਜ਼ ਆਫ਼ ਐਕਸਪੀਰੀਐਂਸ’ ਸਿਰਲੇਖ ਹੇਠ ਰਿਪੋਰਟ ਰਿਲੀਜ਼ ਕੀਤੀ। ਇਸ ਰਿਪੋਰਟ ਵਿਚ ਸੰਸਥਾ ਨੇ 1919 ਤੋਂ ਲੈ ਕੇ 2019 ਤੱਕ, 100 ਸਾਲਾਂ ਵਿਚ ਦੁਨੀਆ ਭਰ ਵਿਚ ਵਾਪਰੇ ਭਿਆਨਕ ਉਦਯੋਗ ਹਾਦਸਿਆਂ ਦਾ ਖ਼ੁਲਾਸਾ ਕਰਦਿਆਂ ਸਾਡੇ ਮੁਲਕ ਦੇ ਸੂਬੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਵਿਚ 1984 ਵਿਚ ਵਾਪਰੇ ਗੈਸ ਹਾਦਸੇ ਨੂੰ ਵੀ ਸ਼ਾਮਲ ਕੀਤਾ ਹੈ।
ਰਿਪੋਰਟ ਅਨੁਸਾਰ, ਦੁਨੀਆ ਵਿਚ ਹਰ ਸਾਲ ਤਕਰੀਬਨ 27.8 ਲੱਖ ਕਿਰਤੀ ਉਦਯੋਗਿਕ ਹਾਦਸਿਆਂ ਅਤੇ ਕੰਮ ਨਾਲ ਸੰਬੰਧਿਤ ਬਿਮਾਰੀਆਂ ਨਾਲ ਮਰਦੇ ਹਨ, ਰੋਜ਼ 7500 ਕਿਰਤੀ ਅਸੁਰੱਖਿਅਤ ਅਤੇ ਗ਼ੈਰ-ਸਿਹਤਮੰਦ ਥਾਵਾਂ ਉੱਤੇ ਕੰਮ ਕਰਨ ਕਾਰਨ ਮਰਦੇ ਹਨ। ਇਨ੍ਹਾਂ ਵਿਚੋਂ ਰੋਜ਼ਾਨਾ 1000 ਕਿਰਤੀ ਉਦਯੋਗਿਕ ਹਾਦਸਿਆਂ ਨਾਲ ਅਤੇ ਬਾਕੀ ਦੇ 6500 ਕਿਰਤੀ ਗੈਰ-ਸਿਹਤਮੰਦ ਥਾਵਾਂ ਉੱਤੇ ਕੰਮ ਕਰਦੇ ਹੋਏ ਤਰ੍ਹਾਂ ਤਰ੍ਹਾਂ ਦੇ ਰਸਾਇਣਾਂ ਅਤੇ ਹੋਰ ਪ੍ਰਦੂਸ਼ਣਾਂ ਦੀ ਮਾਰ ਝੱਲਦੇ ਹੋਏ ਘਾਤਕ ਬਿਮਾਰੀਆਂ ਦੀ ਲਪੇਟ ਆ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਨ੍ਹਾਂ ਘਾਤਕ ਬਿਮਾਰੀਆਂ ਵਿਚ 31 ਫ਼ੀਸਦ ਸਰੀਰ ਦੇ ਅੰਗਾਂ ਨੂੰ ਪ੍ਰਭਾਵਿਤ ਕਰਨ, 20 ਫ਼ੀਸਦ ਕੈਂਸਰ ਅਤੇ 17 ਫ਼ੀਸਦ ਸਾਹ ਨਾਲੀ ਨਾਲ ਸੰਬੰਧਿਤ ਹੁੰਦੀਆਂ ਹਨ।
ਇਸ ਰਿਪੋਰਟ ਅਨੁਸਾਰ, ਸਦੀ ਦੇ ਮੁੱਖ ਉਦਯੋਗਿਕ ਹਾਦਸੇ ਬਾਰੇ ਸੰਖੇਪ ਜਿਹੀ ਜਾਣਕਾਰੀ ਇਹ ਹੈ ਕਿ 1974 ਵਿਚ ਬਰਤਾਨੀਆ ਹਾਦਸਾ ਹੈ ਜਿਸ ਵਿਚ ਰਸਾਇਣਕ ਵਿਸਫੋਟ ਹੋਣ ਕਾਰਨ 28 ਜਣਿਆਂ ਦੀ ਮੌਤ ਹੋ ਗਈ ਸੀ ਅਤੇ 36 ਜਣੇ ਜ਼ਖ਼ਮੀ ਹੋਏ ਸਨ। ਸੀਵੀਸੋ ਉਦਯੋਗਿਕ ਹਾਦਸਾ 1976 ਵਿਚ ਇਟਲੀ ਵਿਚ ਵਾਪਰਿਆ ਸੀ ਜਿਸ ਨਾਲ ਆਲੇ ਦੁਆਲੇ ਦੇ ਵਾਤਾਵਰਨ ਵਿਚ ਫੈਲੇ ਰਸਾਇਣਾਂ ਦੇ ਪ੍ਰਭਾਵ 15 ਬੱਚਿਆਂ ਅਤੇ 447 ਵੱਡੀ ਉਮਰ ਦੇ ਸ਼ਖ਼ਸਾਂ ਨੂੰ ਚਮੜੀ ਦੇ ਰੋਗ ਹੋ ਗਏ ਸਨ। ਇਸ ਤੋਂ ਇਲਾਵਾ ਤਕਰੀਬਨ 26 ਗਰਭਵਤੀ ਔਰਤਾਂ ਦਾ ਗਰਭਪਾਤ ਹੋ ਗਿਆ ਸੀ। ਇਸ ਉਦਯੋਗਿਕ ਹਾਦਸੇ ਦੇ ਮਾੜੇ ਪ੍ਰਭਾਵਾਂ ਦੀ ਇੰਨੀ ਸੂਖ਼ਮਤਾ ਨਾਲ ਜਾਂਚ ਕੀਤੀ ਗਈ ਸੀ ਕਿ ਜਾਂਚ ਕਰਤਾਵਾਂ ਨੇ ਆਪਣੀ ਰਿਪੋਰਟ ਵਿਚ 3300 ਜਾਨਵਰਾਂ ਦੀ ਮੌਤ ਦਰਜ ਕਰਦਿਆਂ ਦੱਸਿਆ ਕਿ ਮਰਨ ਵਾਲੇ ਜਾਨਵਰ ਜ਼ਿਆਦਾਤਰ ਮੁਰਗੇ, ਮੁਰਗੀਆਂ ਅਤੇ ਖ਼ਰਗੋਸ਼ ਸਨ। ਅਮਰੀਕਾ ਦੇ ਹਿਊਸਟਨ ਸ਼ਹਿਰ (ਟੈਕਸਸ) ਵਿਚ 1985 ਵਿਚ ਫਿਲਿਪਸ ਕੰਪਨੀ ਵਿਚ ਰਸਾਇਣਕ ਵਿਸਫ਼ੋਟ ਨਾਲ ਹੋਏ ਉਦਯੋਗਿਕ ਹਾਦਸੇ ਨੂੰ ਲਿਆ ਗਿਆ ਹੈ ਜਿਸ ਵਿਚ 23 ਜਣੇ ਮਾਰੇ ਗਏ ਸਨ ਅਤੇ 314 ਜ਼ਖ਼ਮੀ ਹੋ ਗਏ ਸਨ।
ਦੋ ਪਰਮਾਣੂ ਹਾਦਸੇ ਚਰਨੋਬਲ ਅਤੇ ਫੁਕੂਸ਼ੀਮਾ ਜਿਹੜੇ ਕ੍ਰਮਵਾਰ 1986 ਅਤੇ 2011 ਵਿਚ ਯੂਕਰੇਨ ਅਤੇ ਜਾਪਾਨ ਵਿਚ ਵਾਪਰੇ ਸਨ, ਨੂੰ ਵੀ ਰਿਪੋਰਟ ਵਿਚ ਦਰਜ ਕੀਤਾ ਗਿਆ ਹੈ। ਇਹ ਦੋਵੇਂ ਪਰਮਾਣੂ ਹਾਦਸੇ ਸਦੀ ਦੇ ਭਿਆਨਕ ਹਾਦਸੇ ਸਨ। ਚਰਨੋਬਲ ਪਰਮਾਣੂ ਹਾਦਸੇ ਵਿਚ 43 ਜਣੇ ਮੌਤ ਦੇ ਮੂੰਹ ਚਲੇ ਗਏ ਸਨ। ਹਾਦਸੇ ਨਾਲ ਵਾਤਾਵਰਨ ਇੰਨਾ ਖ਼ਰਾਬ ਹੋ ਗਿਆ ਸੀ ਕਿ ਉੱਥੋਂ ਦੀ ਧਰਤੀ ਉੱਤੇ ਤਿੰਨ ਦਹਾਕਿਆਂ ਤੱਕ ਬਨਸਪਤੀ ਦਾ ਨਾਮੋ ਨਿਸ਼ਾਨ ਨਹੀਂ ਸੀ।
ਜਾਪਾਨ ਵਿਚ 2011 ਵਿਚ 9.1 ਦੀ ਸ਼ਿੱਦਤ ਨਾਲ ਭੂਚਾਲ ਆਉਣ ਤੋਂ ਬਾਅਦ ਆਈ ਸੁਨਾਮੀ ਨਾਲ ਫੁਕੂਸ਼ੀਮਾ ਪਰਮਾਣੂ ਹਾਦਸਾ ਵਾਪਰਿਆ ਸੀ। ਪਰਮਾਣੂ ਹਾਦਸੇ ਨਾਲ 16 ਜਣੇ ਜ਼ਖ਼ਮੀ ਹੋਏ, 2 ਰੇਡੀਏਸ਼ਨ ਨਾਲ ਬੁਰੀ ਤਰ੍ਹਾਂ ਝੁਲਸ ਗਏ ਸਨ, ਇਕ ਸ਼ਖ਼ਸ ਦੀ ਕੈਂਸਰ ਨਾਲ ਮੌਤ ਹੀ ਹੋ ਗਈ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਾਪਾਨ ਵਿਚ ਪਰਮਾਣੂ ਹਾਦਸੇ ਨਾਲ ਇੰਨੇ ਕੁ ਲੋਕਾਂ ਨੂੰ ਹੀ ਨੁਕਸਾਨ ਪਹੁੰਚਿਆ ਸੀ ਜਦਕਿ ਸੁਨਾਮੀ ਅਤੇ ਭੂਚਾਲ ਨਾਲ ਹੋਈਆਂ ਮੌਤਾਂ ਨੂੰ ਇਸ ਵਿਚ ਗਿਣਿਆ ਨਹੀਂ ਗਿਆ ਕਿਉਂਕਿ ਉਹ ਕੁਦਰਤੀ ਆਫ਼ਤਾਂ ਸਨ।
ਬੰਗਲਾਦੇਸ਼ ਵਿਚ 2013 ਵਿਚ ਢਾਕਾ ਸ਼ਹਿਰ ਦੀ ਰਾਣਾ ਪਲਾਜ਼ਾ ਇਮਾਰਤ ਢਹਿਣ ਨਾਲ ਵੀ ਵੱਡਾ ਉਦਯੋਗਿਕ ਹਾਦਸਾ ਵਾਪਰਿਆ ਸੀ। ਉਸ ਇਮਾਰਤ ਵਿਚ ਕੱਪੜੇ ਦੇ ਪੰਜ ਕਾਰਖਾਨੇ ਸਨ ਅਤੇ ਇਸ ਇਮਾਰਤ ਦੇ ਢਹਿਣ ਨਾਲ 1132 ਜਣੇ ਮਾਰੇ ਗਏ ਸਨ। ਇਸ ਤੋਂ ਇਲਾਵਾ, ਬਰਾਜ਼ੀਲ ਵਿਚ 2016 ਅਤੇ 2019 ਵਿਚ ਡੈਮ ਟੁੱਟਣ ਦੀਆਂ ਦੋਵੇਂ ਘਟਨਾਵਾਂ, ਜਿਨ੍ਹਾਂ ਵਿਚ ਕ੍ਰਮਵਾਰ 19 ਅਤੇ 300 ਜਣੇ ਮਾਰੇ ਗਏ, ਇਸ ਨੂੰ ਵੀ ਰਿਪੋਰਟ ਵਿਚ ਦਰਜ ਕੀਤਾ ਗਿਆ ਹੈ।
ਰਿਪੋਰਟ ਵਿਚ ਦਰਜ ਇਨ੍ਹਾਂ ਸਾਰੇ ਉਦਯੋਗਿਕ ਹਾਦਸਿਆਂ ਵਿਚ ਭਾਵੇਂ ਵੱਖ ਵੱਖ ਮੁਲਕਾਂ ਅਤੇ ਉਥੋਂ ਦੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਪਰ ਇਨ੍ਹਾਂ ਹਾਦਸਿਆਂ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਮੁਲਕ ਵਿਚ ਵਾਪਰੇ ਭੂਪਾਲ ਗੈਸ ਹਾਦਸੇ ਵਿਚ ਹੋਇਆ। ਇਸ ਵਿਚ ਗ਼ਰੀਬ ਕਿਰਤੀ-ਕਾਮੇ ਸਿਰਫ਼ ਆਪਣੀ ਦੋ ਡੰਗ ਦੀ ਰੋਟੀ ਲਈ ਅੱਜ ਤੱਕ ਸੰਤਾਪ ਝੱਲਦੇ ਹੋਏ ਅੱਡੀਆਂ ਰਗੜਦੇ ਹੋਏ ਪਲ ਪਲ ਮਰ ਰਹੇ ਹਨ।
ਭੁਪਾਲ ਗੈਸ ਹਾਦਸ ਵਿਚ ਯੂਨੀਅਨ ਕਾਰਬਾਈਡ ਦੇ ਕੀਟਨਾਸ਼ਕ ਪਲਾਂਟ ਵਿਚ ਘੱਟੋ-ਘੱਟ 30 ਟਨ ਮਿਥਾਈਲ ਆਈਸੋਸਾਈਨੇਟ ਗੈਸ ਦਾ ਰਿਸਾਓ ਹੋਇਆ ਸੀ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਨੁਸਾਰ, ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਪਹਿਲੇ ਤਿੰਨ ਦਿਨਾਂ ਵਿਚ ਹੀ 8000 ਤੋਂ 10000 ਜਣੇ ਮੌਤ ਦੇ ਮੂੰਹ ਵਿਚ ਚਲੇ ਗਏ ਸਨ ਅਤੇ ਹੁਣ ਤੱਕ ਇਸ ਹਾਦਸੇ ਤੋਂ ਪ੍ਰਭਾਵਿਤ ਮੌਤਾਂ ਦੀ ਗਿਣਤੀ 40 ਹਜ਼ਾਰ ਤੋਂ ਟੱਪ ਚੁੱਕੀ ਹੈ। ਉਸ ਸਮੇਂ ਹਜ਼ਾਰਾਂ ਔਰਤਾਂ ਦੇ ਗਰਭ ਗਿਰ ਗਏ ਅਤੇ ਜਿਹੜੇ ਬੱਚੇ ਪੈਦਾ ਹੋਏ, ਉਹ ਵੀ ਅਪੰਗਤਾ ਦਾ ਸ਼ਿਕਾਰ ਹੋ ਗਏ ਸਨ।
ਇੱਥੇ ਹੀ ਬੱਸ ਨਹੀਂ, ਜਿਹੜੇ ਲੋਕ ਉਸ ਸਮੇਂ ਗੈਸ ਨਾਲ ਪ੍ਰਭਾਵਿਤ ਹੋਏ, ਉਨ੍ਹਾਂ ਦੇ ਪਰਿਵਾਰਾਂ ਵਿਚ ਅਜੇ ਵੀ ਪੀੜ੍ਹੀ-ਦਰ-ਪੀੜ੍ਹੀ ਪੈਦਾ ਹੋ ਰਹੇ ਬੱਚੇ ਕਿਸੇ ਨਾ ਕਿਸੇ ਅਪੰਗਤਾ ਨਾਲ ਜੂਝ ਰਹੇ ਹਨ। ਇਸ ਹਾਦਸੇ ਤੋਂ ਤਕਰੀਬਨ 6 ਲੱਖ ਲੋਕ ਪ੍ਰਭਾਵਿਤ ਹੋਏ ਸਨ ਜਿਨ੍ਹਾਂ ਵਿਚੋਂ ਇਕ ਲੱਖ ਤੋਂ ਵੱਧ ਲੋਕ ਘਾਤਕ ਬਿਮਾਰੀਆਂ ਨਾਲ ਪੀੜਤ ਹੋ ਕੇ ਮੌਤ ਤੋਂ ਬਦਤਰ ਜ਼ਿੰਦਗੀ ਜੀਅ ਕੇ ਜਾਂ ਮਰ ਗਏ ਜਾਂ ਅਜੇ ਵੀ ਮੌਤ ਦੀਆਂ ਘੜੀਆਂ ਗਿਣ ਰਹੇ ਹਨ।
ਭੁਪਾਲ ਭਿਆਨਕ ਗੈਸ ਹਾਦਸੇ ਦੀ ਸ਼ੁਰੂਆਤ ਤਾਂ ਯੂਨੀਅਨ ਕਾਰਬਾਈਡ ਦੇ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੇ ਕਾਰਖਾਨੇ ਦੀ 1969 ਵਿਚ ਹੋਈ ਸਥਾਪਨਾ ਦੇ ਨਾਲ ਹੀ ਸ਼ੁਰੂ ਹੋ ਗਈ ਸੀ, ਕਿਉਂਕਿ ਇਸ ਕਾਰਖਾਨੇ ਵਿਚ ਵਰਤੀ ਗਈ ਸਾਰੀ ਮਸ਼ੀਨਰੀ ਪੁਰਾਣੀ ਸੀ ਜਿਹੜੀ ਅਮਰੀਕਾ ਵਿਚ ਲੱਗੇ ਪਲਾਂਟ ਨੂੰ ਪੁੱਟ ਕੇ ਭੁਪਾਲ ਵਿਚ ਲਗਾਈ ਗਈ ਸੀ। ਮਸ਼ੀਨਰੀ ਪੁਰਾਣੀ ਹੋਣ ਕਰਕੇ ਕਾਰਖਾਨੇ ਵਿਚ 1976, 1981, 1982 ਅਤੇ 1984 ਦੇ ਅਪਰੈਲ ਮਹੀਨੇ ਵਿਚ ਵੀ ਜ਼ਹਿਰੀਲੀ ਗੈਸ ਦੇ ਰਿਸਾਓ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਸਨ ਜਿਨ੍ਹਾਂ ਨਾਲ ਕਈ ਕਾਮੇ ਬਿਮਾਰ ਅਤੇ ਜ਼ਖ਼ਮੀ ਵੀ ਹੋਏ ਸਨ ਪਰ ਇਸ ਬਹੁਕੌਮੀ ਕੰਪਨੀ ਨੇ ਇਨ੍ਹਾਂ ਹਾਦਸਿਆਂ ਨੂੰ ਸੰਜੀਦਗੀ ਨਾਲ ਨਾ ਲੈਂਦੇ ਹੋਏ ਉਲਟਾ ਕਾਮਿਆ ਸਿਰ ਦੋਸ਼ ਮੜ੍ਹ ਦਿੱਤਾ ਕਿ ਕਾਮੇ ਅਨਪੜ੍ਹ ਤੇ ਅਣਸਿਖਿਅਤ ਹਨ, ਇਸੇ ਕਰਕੇ ਲਗਾਤਾਰ ਗੈਸ ਰਿਸਾਓ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ।
ਕਾਰਖਾਨੇ ਦੇ ਕਾਮਿਆਂ ਨੇ ਕਈ ਵਾਰੀ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਅਤੇ ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ਇਕ ਵਾਰ ਤਾਂ ਉਨ੍ਹਾਂ ਨੇ ਹੜਤਾਲ ਵੀ ਕੀਤੀ ਸੀ ਪਰ ਅਧਿਕਾਰੀਆਂ ਨੇ ਸੁਰੱਖਿਆ ਪ੍ਰਬੰਧਾਂ ਵਿਚ ਸੁਧਾਰ ਕਰਨ ਦੀ ਥਾਂ ਉੱਤੇ 70 ਫ਼ੀਸਦੀ ਕਰਮਚਾਰੀਆਂ ਨੂੰ ਜੁਰਮਾਨਾ ਕਰ ਦਿੱਤਾ ਸੀ। ਕੁਝ ਕੁ ਨੂੰ ਤਾਂ ਨੌਕਰੀ ਤੋਂ ਹੱਥ ਧੋਣੇ ਪੈ ਗਏ ਸਨ। ਇਸ ਤੋਂ ਇਲਾਵਾ ਇਸ ਕਾਰਖਾਨੇ ਵਿਚ ਵਰਤੇ ਜਾਣ ਵਾਲੇ ਰਸਾਇਣਾਂ ਅਤੇ ਉਨ੍ਹਾਂ ਦੀ ਵਰਤੋਂ ਨਾਲ ਪੈਦਾ ਹੋਣ ਵਾਲੀਆਂ ਮਾਰੂ ਜ਼ਹਿਰੀਲੀਆਂ ਗੈਸਾਂ ਦੀ ਵਿਗਿਆਨਕ ਰਚਨਾ ਦੀ ਜਾਣਕਾਰੀ ਕਿਸੇ ਵੀ ਭਾਰਤੀ ਅਧਿਕਾਰੀ ਕੋਲ ਨਹੀਂ ਸੀ। ਇਸੇ ਕਰਕੇ ਹਾਦਸੇ ਤੋਂ ਬਾਅਦ ਗੈਸਾਂ ਦੇ ਪ੍ਰਭਾਵ ਦੀ ਮਾਰ ਥੱਲੇ ਆਏ ਕਾਮਿਆਂ ਨੂੰ ਉਨ੍ਹਾਂ ਗੈਸਾਂ ਦੇ ਮਾਰੂ ਅਸਰਾਂ ਤੋਂ ਬਚਾਉਣ ਲਈ ਅਜੇ ਤੱਕ ਵੀ ਕੋਈ ਢੁੱਕਵੀਂ ਦਵਾਈ ਮੁਹੱਈਆ ਨਹੀਂ ਕਰਵਾਈ ਗਈ ਹੈ।
ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਸਜ਼ਾ ਨਾ ਤਾਂ ਭਾਰਤੀ ਅਧਿਕਾਰੀਆਂ ਜਿਨ੍ਹਾਂ ਨੇ ਪੁਰਾਣੀ ਤੇ ਬੇਹੱਦ ਜ਼ਹਿਰੀਲੀ ਗੈਸ ਪੈਦਾ ਕਰਨ ਵਾਲੀ ਕੀਟਨਾਸ਼ਕ ਦਵਾਈ ਦਾ ਕਾਰਖਾਨਾ ਲਗਾਉਣ ਦਾ ਫ਼ੈਸਲਾ ਕੀਤਾ, ਤੇ ਨਾ ਹੀ ਕਾਰਖਾਨੇ ਦੇ ਡਾਇਰੈਕਟਰ ਤੇ ਡਿਪਟੀ ਡਾਇਰੈਕਟਰਾਂ ਨੂੰ ਮਿਲੀ ਜਿਨ੍ਹਾਂ ਨੇ ਕਾਰਖਾਨੇ ਦੇ ਕਰਮਚਾਰੀਆਂ ਦੇ ਮੰਗਣ ਉੱਤੇ ਵੀ ਢੁੱਕਵੇਂ ਸੁਰੱਖਿਆ ਪ੍ਰਬੰਧ ਮੁਹੱਈਆ ਨਹੀਂ ਕਰਵਾਏ ਸਨ। ਸਰਕਾਰ ਦੀ ਅਣਗਹਿਲੀ ਅਤੇ ਗ਼ਲਤ ਨੀਤੀਆਂ ਦੇ ਬਲੀ ਦੇ ਬੱਕਰੇ ਗ਼ਰੀਬ ਕਾਮੇ ਬਣ ਗਏ।
ਸਰਕਾਰ ਨੇ ਤਾਂ ਰਾਹਤ ਦੇ ਨਾਂ ਉੱਤੇ ਵੀ ਭੂਪਾਲ ਗੈਸ ਪੀੜਤਾਂ ਨਾਲ ਭਾਰੀ ਠੱਗੀ ਕੀਤੀ। ਸ਼ੁਰੂਆਤ ਵਿਚ ਮੁਆਵਜ਼ੇ ਲਈ 3.3 ਅਰਬ ਅਮਰੀਕਨ ਡਾਲਰਾਂ ਦੀ ਮੰਗ ਕੀਤੀ ਗਈ ਸੀ ਪਰ ਬਾਅਦ ਵਿਚ ਸਿਰਫ਼ 40 ਲੱਖ ਅਮਰੀਕੀ ਡਾਲਰਾਂ ਉੱਤੇ ਹੀ ਸਮਝੌਤਾ ਕਰ ਲਿਆ ਜੋ ਅਸਲ ਰਾਹਤ ਰਾਸ਼ੀ ਦਾ ਸਿਰਫ਼ 15 ਫ਼ੀਸਦੀ ਸੀ। 35 ਸਾਲ ਬਾਅਦ ਵੀ ਕਾਰਖਾਨੇ ਦੇ ਅਹਾਤੇ ਵਿਚ ਹਾਦਸੇ ਤੋਂ 346 ਟਨ ਅਣਵਰਤਿਆ ਅਤੇ 27000 ਟਨ ਵਰਤਿਆ ਹੋਇਆ ਜ਼ਹਿਰੀਲਾ ਪਦਾਰਥ ਪਿਆ ਹੈ।
ਇਸ ਭਿਆਨਕ ਹਾਦਸੇ ਦਾ ਇਕ ਹੋਰ ਦੁਖਦਾਈ ਸੱਚ ਇਹ ਹੈ ਕਿ ਜਦੋਂ ਜ਼ਹਿਰੀਲੀ ਗੈਸ ਦੇ ਕਾਰਨ ਹਜ਼ਾਰਾਂ ਬੇਕਸੂਰ ਲੋਕ ਤੜਫ਼ ਤੜਫ਼ ਕੇ ਮਰ ਰਹੇ ਸਨ ਤਾਂ ਸਾਡੀ ਸਰਕਾਰ ਕੰਪਨੀ ਦੇ ਡਾਇਰੈਕਟਰ ਨੂੰ ਬਚਾਉਣ ਵਿਚ ਰੁਝੀ ਹੋਈ ਸੀ। ਹਾਦਸੇ ਦੇ ਜ਼ਿੰਮੇਵਾਰ ਸ਼ਖ਼ਸਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਤਾਂ ਕੀ ਦਿੱਤੀ ਜਾਣੀ ਸੀ, ਹਾਦਸੇ ਤੋਂ 26 ਸਾਲ ਬਾਅਦ 2010 ਵਿਚ ਸਿਰਫ਼ ਦੋ ਦੋ ਸਾਲ ਦੀ ਕੈਦ ਅਤੇ ਤਿੰਨ ਤਿੰਨ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।
ਹੁਣ ਆਈਐੱਲਓ ਦੀ ਇਸ ਰਿਪੋਰਟ ਨਾਲ ਤਾਂ ਸਾਡੀ ਸਰਕਾਰ ਦੀ ਨੀਂਦ ਖੁੱਲ੍ਹਣੀ ਚਾਹੀਦੀ ਹੈ ਤਾਂ ਕਿ ਪੀੜਤਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਉਨ੍ਹਾਂ ਦੀ ਬਣਦੀ ਮਦਦ ਯਕੀਨੀ ਤੌਰ ਉੱਤੇ ਕੀਤੀ ਜਾਵੇ।

*ਪ੍ਰੋਫ਼ੈਸਰ, ਜਿਓਗਰਾਫ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 99156-82196


Comments Off on ਦੁਨੀਆ ਦਾ ਭਿਆਨਕ ਭੁਪਾਲ ਗੈਸ ਹਾਦਸਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.