ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

ਦਿੱਲੀ ਵਰਗੇ ਸ਼ਹਿਰ ਵਿਚ ਕੁੜੀ ਹੋਣ ਦੇ ਮਾਅਨੇ

Posted On May - 23 - 2019

ਨਿਤੇਸ਼

ਹਰਿਆਣੇ ਦੇ ਨਿੱਕੇ ਜਿਹੇ ਪਿੰਡ ਦੀ ਜੰਮਪਲ ਹਾਂ ਮੈਂ। ਅਜਿਹੇ ਘਰ ਦੀ ਉਪਜ ਜਿੱਥੇ ਕੁੜੀਆਂ ਨੂੰ ਪੜ੍ਹਾਉਣਾ-ਲਿਖਾਉਣਾ ਸਮੇਂ ਅਤੇ ਪੈਸੇ ਦੀ ਬਰਬਾਦੀ ਸਮਝਿਆ ਜਾਂਦਾ ਹੈ। ਜੇ ਪੜ੍ਹਾਉਣ ਬਾਰੇ ਸੋਚਿਆ ਵੀ ਜਾਂਦਾ ਤਾਂ ਵੱਧ ਤੋਂ ਵੱਧ ਬਾਰ੍ਹਵੀਂ ਕਰਵਾ ਕੇ ਵਿਆਹੁਣ ਵਿਚ ਯਕੀਨ ਰੱਖਿਆ ਜਾਂਦਾ ਹੈ। ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਰਿਹਾ ਹੋਵੇਗਾ ਮੇਰਾ ਬਚਪਨ ਅਤੇ ਕਿਸ ਤਰ੍ਹਾਂ ਦੀ ਪਰਵਰਿਸ਼। ਛੋਟੇ ਜਿਹੇ ਇੱਕ ਪਿੰਡ ਵਿਚ ਬਹੁਤ ਵੱਡਾ ਪਰਿਵਾਰ ਸੀ ਸਾਡਾ। ਛੋਟੇ ਸਕੂਲ ਤੋਂ ਪੜ੍ਹਨਾ ਸ਼ੁਰੂ ਕੀਤਾ ਅਤੇ ਬਾਅਦ ਵਿਚ ਸ਼ਹਿਰ ਆਪਣੇ ਚਾਚਾ-ਚਾਚੀ ਕੋਲ ਰਹਿਣ ਚਲੀ ਗਈ। ਉੱਥੇ ਥੋੜ੍ਹੇ ਵੱਡੇ ਸਕੂਲ ’ਚ ਮੇਰਾ ਦਾਖਿਲਾ ਕਰਵਾਇਆ ਗਿਆ। ਮਾਂ-ਪਿਉ ਸ਼ੁਰੂ ਤੋਂ ਸਾਡੇ ਨਾਲ ਨਹੀਂ ਰਹਿੰਦੇ ਸਨ। ਜ਼ਮੀਨ ਦੇ ਕਿਸੇ ਮਸਲੇ ’ਚ ਉਹ ਪੰਜਾਬ ਵਿਚ ਸਨ। ਬੱਚਾ ਮਾਂ-ਪਿਉ ਕੋਲੋਂ ਬਹੁਤ ਕੁਝ ਸਿੱਖਦਾ ਹੈ ਅਤੇ ਆਤਮ-ਵਿਸ਼ਵਾਸ਼ ਵੀ ਉਨ੍ਹਾਂ ਰਾਹੀਂ ਹੀ ਬੱਚੇ ਵਿਚ ਭਰਦਾ ਹੈ। ਸਾਡਾ ਬਚਪਨ ਮਾਪਿਆਂ ਤੋਂ ਦੂਰ, ਕਈ ਕਸ਼ਮਕਸ਼ਾਂ ਥਾਣੀਂ ਲੰਘਿਆ।
ਮੇਰਾ ਕੱਦ ਬਹੁਤ ਛੋਟਾ ਹੈ। ਮਾਂ ਮੈਨੂੰ ਹਮੇਸ਼ਾ ਲਮਕਣ ਲਈ ਕਿਹਾ ਕਰਦੀ ਸੀ। ਜਦੋਂ ਮੈਂ ਕਿਹਾ ਨਾ ਮੰਨਦੀ ਤਾਂ ਉਹ ਕਹਿੰਦੀ ‘ਵੱਡੀ ਹੋ ਕੇ ਪਛਤਾਏਂਗੀ’। ਹੁਣ ਉਹ ਬੋਲ ਬਹੁਤ ਵਾਰ ਯਾਦ ਆਉਂਦੇ ਹਨ। ਕੱਦ ਛੋਟਾ ਹੋਣਾ ਇਸ ਲਈ ਤਕਲੀਫ਼ ਦਿੰਦਾ ਰਿਹਾ ਕਿਉਂਕਿ ਜਦੋਂ ਮੈਂ ਹਾਈ ਸਕੂਲ ਜਾਂਦੀ ਸਾਂ ਤਾਂ ਕਈ ਤਰ੍ਹਾਂ ਦੇ ਲੋਕਾਂ ਵਿਚੋਂ ਨਿਕਲ ਕੇ ਜਾਣਾ ਪੈਂਦਾ। ਛੋਟੇ ਕੱਦ ਕਰ ਕੇ ਮੇਰਾ ਸੀਨਾ ਵੱਡਾ ਜਾਪਦਾ। ਆਉਂਦੇ ਜਾਂਦੇ ਮੁੰਡੇ ਜਾਂ ਮਰਦ ਮੇਰੇ ਵੱਲ ਇਸ ਤਰ੍ਹਾਂ ਦੇਖਦੇ ਜਾਂ ਕੁਮੈਂਟ ਮਾਰਦੇ ਕਿ ਅੱਜ ਤੱਕ ਭੁਲਾ ਨਹੀਂ ਸਕੀ। ਇਸ ਦਾ ਮਤਲਬ ਇਹ ਨਹੀਂ ਕਿ ਪਰਿਵਾਰ ’ਚ ਬਹੁਤ ਸੁਰੱਖਿਅਤ ਸੀ।
ਖ਼ੈਰ, ਛੋਟੇ ਸ਼ਹਿਰ ‘ਚ ਪੜ੍ਹਨਾ ਲਿਖਣਾ ਸ਼ੁਰੂ ਕੀਤਾ ਤਾਂ ਕਦੀ ਨਹੀਂ ਸੀ ਸੋਚਿਆ ਕਿ ਹਰਿਆਣੇ ਤੋਂ ਬਾਹਰ ਨਿਕਲ ਕੇ ਕੁਝ ਕਰਾਂਗੀ। ਉਸ ਸਮੇਂ ਮੇਰੀ ਦੁਨੀਆ ਬਹੁਤ ਛੋਟੀ ਸੀ, ਪਰ ਸੁਪਨੇ ਕਦੇ ਵੀ ਛੋਟੇ ਨਹੀਂ ਸਨ। ਬਚਪਨ ਇੰਨਾ ਘੁੱਟ-ਘੁੱਟ ਕੇ ਜੀਵਿਆ ਕਿ ਆਪਣੇ ਲਈ ਤਾਂ ਕਦੀ ਆਵਾਜ਼ ਉਠਾਉਣ ਦੀ ਹਿੰਮਤ ਕਰ ਨਹੀਂ ਪਾਈ। ਬਾਰ੍ਹਵੀਂ ਜਮਾਤ ਤੱਕ ਚਾਰ ਸਕੂਲ ਬਦਲੇ। ਸਭ ਜਗ੍ਹਾ ਕੁਝ ਵੱਖ-ਵੱਖ ਤਜਰਬੇ ਹੰਢਾਏ। ਬਾਰ੍ਹਵੀਂ ਹੋਈ ਤਾਂ ਡੈਡੀ ਨੇ ਇੱਕ ਸਾਲ ਰੁਕਣ ਲਈ ਕਿਹਾ ਅਤੇ ਵਾਅਦਾ ਕੀਤਾ ਕਿ ਅਗਲੇ ਸਾਲ ਜਿੱਥੇ ਮੈਂ ਕਹਾਂਗੀ ਉੱਥੇ ਪੜ੍ਹਨ ਲਗਾਉਣਗੇ। ਬਹੁਤ ਮੁਸ਼ਕਿਲ ਨਾਲ ਮਨ ਨੂੰ ਸਮਝਾਇਆ। ਘਰ ਦੀ ਆਰਥਿਕ ਦਸ਼ਾ ਵੀ ਉਸ ਸਮੇਂ ਕੁਝ ਜ਼ਿਆਦਾ ਚੰਗੀ ਨਹੀਂ ਸੀ। ਪੜ੍ਹਾਈ ’ਚ ਗੈਪ ਪੈਣ ਤੋਂ ਪਹਿਲਾਂ ਕੁਰੂਕਸ਼ੇਤਰ ਯੁਨੀਵਰਸਿਟੀ ਜਾਣ ਦਾ ਮਨ ਸੀ ਪਰ ਸਭ ਦੋਸਤ ਸੀਨੀਅਰ ਹੋ ਗਏ। ਸੋ ਅਗਲੇ ਸਾਲ ਮੈਂ ਸਟੇਟ ਬਦਲਣ ਦੀ ਸੋਚੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਜਾਣ ਦੀ ਮੰਗ ਕੀਤੀ, ਜੋ ਡੈਡੀ ਨੇ ਮੰਨ ਲਈ। ਪੰਜਾਬੀ ਦੀ ਬੀਏ ਆਨਰਜ਼ ਵਿਚ ਦਾਖ਼ਲਾ ਲਿਆ, ਜਦੋਂਕਿ ਸਕੂਲ ’ਚ ਪੜ੍ਹਾਈ ਹਿੰਦੀ ਮਾਧਿਅਮ ਵਿਚ ਕੀਤੀ ਸੀ। ਸ਼ੁਰੂ ਸ਼ੁਰੂ ’ਚ ਸਾਰੇ ਵਿਸ਼ੇ ਪੰਜਾਬੀ ’ਚ ਪੜ੍ਹਨ ਵਿਚ ਬਹੁਤ ਔਖ ਮਹਿਸੂਸ ਹੁੰਦੀ ਪਰ ਭੈਣ ਨੇ ਮੈਨੂੰ ਹਿੰਮਤ ਨਾ ਹਾਰਨ ਦਿੱਤੀ। ਮੈਨੂੰ ਪੰਜਾਬੀ ਭਾਸ਼ਾ ਨਾਲ ਸ਼ੁਰੂ ਤੋਂ ਹੀ ਬਹੁਤ ਪਿਆਰ ਸੀ ਪਰ ਹੁਣ ਤਾਂ ਨਿਰਾ ਇਸ਼ਕ ਹੋਣ ਲੱਗ ਪਿਆ ਸੀ। ਜਦੋਂ ਵੀ ਹਰਿਆਣੇ ਵਾਲੇ ਪਿੰਡ ਜਾਂਦੀ ਤਾਂ ਸ਼ਰੀਕਾਂ ਵਲੋਂ ਇਹੋ ਸੁਣਨ ਨੂੰ ਮਿਲਦਾ, ਕੀ ਕਰ ਲਵੇਂਗੀ ਏਨਾ ਪੜ੍ਹ ਕੇ? ਪੰਜਾਬੀ ਦੀ ਪੜ੍ਹਾਈ ਨੂੰ ਪੁੱਛਦਾ ਕੌਣ ਹੈ?

ਨਿਤੇਸ਼

ਬੀਏ ਕਰਦਿਆਂ ਕਰਦਿਆਂ ਇੱਕ ਵੱਖਰੀ ਤੇ ਨਵੀਂ ਸ਼ੈਅ ਦਾ ਪਤਾ ਚਲਿਆ ਜਿਸ ਨੂੰ ਵਿਕੀਪੀਡੀਆ ਕਹਿੰਦੇ ਹਨ। ਵਿਕੀਪੀਡੀਆ (ਮਹਿਜ਼ ਇੱਕ ਪ੍ਰਾਜੈਕਟ) ਇੱਕ ਆਜ਼ਾਦ ਵਿਸ਼ਵਕੋਸ਼ ਹੈ, ਜੋ ਪੰਜਾਬੀ ਸਣੇ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ‘ਚ ਹੈ। ਇਹ ਆਮ ਪਾਠਕ ਲਈ ਤਾਂ ਹੈ ਹੀ, ਇਸ ਦੇ ਸੰਪਾਦਕ ਵੀ ਜ਼ਿਆਦਾਤਰ ਆਮ ਲੋਕ ਹੀ ਹੁੰਦੇ ਹਨ। ਵਿਕੀਪੀਡੀਆ ’ਤੇ ਸੰਪਾਦਨ ਕਰਨਾ ਸਿੱਖਿਆ ਤਾਂ ਪਹਿਲਾਂ-ਪਹਿਲ ਫੋਨ ’ਤੇ ਐਡਿਟ ਕਰਨ ਲੱਗੀ, ਹੌਲੀ ਹੌਲੀ ਲੈਪਟਾਪ ਲੈ ਲਿਆ। ਪੰਜਾਬੀ ਨਾਲ ਹਰ ਰੋਜ਼ ਨਵਾਂ ਪਿਆਰ ਹੋਣ ਲੱਗਿਆ ਤੇ ਪੰਜਾਬੀ ਲਈ ਕੁਝ ਹੋਰ ਕਰਨ ਦਾ ਉਤਸ਼ਾਹ ਜਾਗਿਆ। ਬੀਏ ਤੋਂ ਬਾਅਦ ਇਸੇ ਤਰ੍ਹਾਂ ਐਮਏ ਪੰਜਾਬੀ ਆਨਰਜ਼ ਵੀ ਹੋ ਗਈ।
ਜ਼ਿੰਦਗੀ ਦਾ ਅਗਲਾ ਪੜਾਅ ਸੀ ਦਿੱਲੀ। ਦਿੱਲੀ ਤੋਂ ਮੈਂ ਐਮਫਿਲ ਪੰਜਾਬੀ ਕਰਨ ਦੀ ਠਾਣੀ। ਦਿੱਲੀ ਯੂਨੀਵਰਸਿਟੀ ’ਚ ਦਾਖ਼ਲਾ ਹੋ ਗਿਆ। ਦਿੱਲੀ ਜਾਣ ਲਈ ਡੈਡੀ ਨੂੰ ਮਨਾਉਣ ’ਚ ਬਹੁਤ ਔਖ ਆਈ। ਭੈਣਾਂ ਅਤੇ ਮੰਮੀ ਨੇ ਬਹੁਤ ਸਾਥ ਦਿੱਤਾ। ਡੈਡੀ ਦੇ ਦਿਲ ’ਚ ਦਿੱਲੀ ਲਈ ਬਹੁਤ ਡਰ ਸੀ, ਕਿਉਂਕਿ ਦਿੱਲੀ ‘ਚ ਜਿੰਨੇ ਹਾਦਸੇ ਨਿੱਤ ਵਾਪਰਦੇ ਹਨ ਅਜਿਹੀ ਜਗ੍ਹਾ ਨੂੰ ਅਸੁਰੱਖਿਅਤ ਹੀ ਕਿਹਾ ਜਾਂਦਾ ਹੈ। ਦਿੱਲੀ ਯੂਨੀਵਰਸਿਟੀ ਦਾ ਮਾਹੌਲ ਉਸ ਸਮੇਂ ਬਹੁਤ ਵਧੀਆ ਸੀ। ਸ਼ੁਰੂ ਸ਼ੁਰੂ ’ਚ ਯੂਨੀਵਰਸਿਟੀ ਵਿਚ ਇੱਕ ਜਗ੍ਹਾ ਬੈਠ ਕੇ ਮੈਂ ਆਉਂਦੇ ਜਾਂਦੇ ਲੋਕਾਂ ਨੂੰ ਗੌਰ ਨਾਲ ਦੇਖਿਆ। ਚੰਗੀ ਗੱਲ ਇਹ ਲੱਗੀ ਕਿ ਕਿਸੇ ਦਾ ਕਿਸੇ ਵੱਲ ਕੋਈ ਧਿਆਨ ਨਹੀਂ ਸੀ। ਸਭ ਆਪਣੇ ਆਪ ‘ਚ ਮਸਤ। ਦਿੱਲੀ ਵਿਚ ਪੰਜਾਬ ਵਾਂਗ ਸ਼ਰਾਰਤੀ ਅੱਖਾਂ ਤੁਹਾਡਾ ਪਿੱਛਾ ਨਹੀਂ ਕਰਦੀਆਂ। ਲੱਖਾਂ ਪਰਵਾਸੀ ਲੋਕ ਇੱਥੇ ਰੋਜ਼ੀ ਜਾਂ ਹੋਰ ਲੋੜਾਂ ਲਈ ਵਸ ਰਹੇ ਹਨ। ਦਿੱਲੀ ਕਾਹਦੀ, ਭੀੜ ਏ ਬਸ। ਹਾਂ ਜੇ ਤੁਸੀਂ ਸ਼ਾਮ ਨੂੰ ਗਰਮੀ ਦੇ ਮੌਸਮ ਵਿਚ ਸ਼ੌਰਟਸ (ਛੋਟੇ ਕੱਪੜਿਆਂ) ਵਿੱਚ ਬਾਹਰ ਨਿਕਲਦੇ ਹੋ ਤਾਂ ਕਿਸੇ ‘ਪੰਜਾਬੀ’ ਜਾਂ ਰੂੜ੍ਹੀਵਾਦੀ ਨੂੰ ਪੰਜਾਬੀ ਕੁੜੀ ਹੋਣ ਦੇ ਨਾਤੇ ਤੁਹਾਡਾ ਪਹਿਰਾਵਾ ‘ਗ਼ਲਤ’ ਲੱਗ ਸਕਦਾ ਹੈ। ਇਨ੍ਹਾਂ ਲੋਕਾਂ ਦੇ ਪੈਰ ਤਾਂ ਦਿੱਲੀ ਪਹੁੰਚ ਚੁੱਕੇ ਹਨ ਪਰ ਦਿਮਾਗ ਹਾਲੇ ਵੀ ਪੰਜਾਬ ਹੀ ਪਿਆ ਹੈ। ਹਾਂ ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਹੈ ਕਿ ਦਿੱਲੀ ਦੇ ਸਾਰੇ ਲੋਕ ਦੁੱਧ ਧੋਤੇ ਹਨ।
ਅਣਕਿਆਸੇ ਜਾਂ ਅਣਸੁਖਾਵੇਂ ਦਾ ਖ਼ਦਸ਼ਾ ਕਿੱਥੇ ਨਹੀਂ ਹੁੰਦਾ। ਜੇ ਤੁਸੀਂ ਚੌਕਸ ਹੋ ਅਤੇ ਆਪਣੇ ਆਪ ਨੂੰ ਕਿਸੇ ਅਣਕਿਆਸੀ ਘਟਨਾ ਤੋਂ ਬਚਾਉਣ ਦੀ ਸਮਰੱਥਾ ਰੱਖਦੇ ਹੋਂ ਤਾਂ ਕਿਸੇ ਵੀ ਵੱਡੇ ਸ਼ਹਿਰ ਵਿਚ ਮਹਿਫੂਜ਼ ਰਹਿ ਸਕਦੇ ਹੋਂ। ਇੱਕ ਸ਼ਾਮ ਮੈਂ ਆਪਣੇ ਦੋਸਤਾਂ ਨਾਲ ਕਿਸੇ ਪਾਸਿਓਂ ਆ ਰਹੀ ਸੀ। ਰਾਤ ਦੇ ਕਰੀਬ 11.30 ਵਜ ਚੁੱਕੇ ਸਨ। ਮੈਟਰੋ ਸਟੇਸ਼ਨ ਦੇ ਪਿਛਲੇ ਪਾਸੇ ਹੀ ਇੱਕ ਢਾਬਾ ਸੀ, ਰੋਟੀ ਖਾਣ ਉੱਥੇ ਚਲੇ ਗਏ। ਥਕਾਵਟ ਕਰਕੇ ਮੈਂ ਕੁਝ ਹੌਲੀ ਤੁਰ ਰਹੀ ਸੀ, ਮੇਰੇ ਦੋਸਤ ਮੇਰੇ ਤੋਂ ਥੋੜ੍ਹੀ ਅੱਗੇ ਸਨ। ਸ਼ਹਿਰ ਤਕਰੀਬਨ ਬੰਦ ਹੋ ਗਿਆ ਸੀ। ਤੁਰੀ ਜਾ ਰਹੀ ਸੀ ਤਾਂ ਇੱਕ ਵੈਨ ਕੋਲ ਦੋ ਬੰਦੇ ਖੜ੍ਹੇ ਦਿਸੇ। ਉਨ੍ਹਾਂ ਨੂੰ ਲੱਗਿਆ ਮੈਂ ਇਕੱਲੀ ਹਾਂ ਤਾਂ ਮੇਰੇ ਵੱਲ ਵਧਣ ਲੱਗੇ। ਉਨ੍ਹਾਂ ਦੀ ਦੇਖਣੀ ਓਨੀ ਹੀ ਗੰਦੀ ਸੀ ਜਿੰਨੀ ਸਕੂਲ ਜਾਂਦੇ ਵਕਤ ਮਿਲਦੇ ਮਰਦਾਂ ਦੀ। ਮੈਂ ਛੇਤੀ ਛੇਤੀ ਆਪਣੇ ਦੋਸਤਾਂ ਨੂੰ ਆਵਾਜ਼ ਲਗਾਈ ਤਾਂ ਉਹ ਇੱਕਦਮ ਪਿੱਛੇ ਹਟ ਗਏ। ਪਰ ਇਸ ਗੱਲ ਦਾ ਖ਼ਿਆਲ ਮੇਰੇ ਅੰਦਰੋਂ ਨਹੀਂ ਜਾ ਰਿਹਾ ਸੀ ਕਿ ਜੋ ਕੁੜੀਆਂ ਇਨ੍ਹਾਂ ਸਥਿਤੀਆਂ ਤੋਂ ਨਹੀਂ ਬਚ ਪਾਉਂਦੀਆਂ, ਉਨ੍ਹਾਂ ਨਾਲ ਪਤਾ ਨਹੀਂ ਕੀ-ਕੀ ਕੀਤਾ ਜਾਂਦਾ ਹੋਵੇਗਾ। ਉਸ ਹਾਦਸੇ ਨੂੰ ਲੈ ਕੇ ਮੇਰੇ ਅੰਦਰ ਚਲ ਰਹੇ ਭਾਵ ਕਈ ਦਿਨ ਦਿਮਾਗ ‘ਚ ਬਣੇ ਰਹੇ।
ਬੇਸ਼ਕ ਕੁਝ ਨਹੀਂ ਸੀ ਉਹ ਘਟਨਾ ਪਰ ਦਿਲ-ਦਿਮਾਗ ‘ਤੇ ਕੁਝ ਅਸਰ ਜਿਹਾ ਕਰ ਗਈ ਸੀ। ਰਾਤ ਨੂੰ ਨੀਂਦ ਦੇਰੀ ਨਾਲ ਆਉਣ ਕਰਕੇ ਘਰ ‘ਚ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਆਮ ਹੀ ਸੁਣਨ ਨੂੰ ਮਿਲ ਜਾਂਦੀਆਂ ਨੇ। ਰਾਹਾਂ ‘ਚ ਭੌਂਕਦੇ ਕੁੱਤੇ ਵੀ ਆਮ ਹੀ ਦੇਖਣ ਨੂੰ ਮਿਲ ਜਾਂਦੇ ਨੇ। ਕਦੀ-ਕਦੀ ਬਾਹਰ ਦਾ ਮਾਹੌਲ ਜਦੋਂ ਤੁਹਾਡੇ ਅੰਦਰ ਚਲਦੇ ਗੁਬਾਰ ਨਾਲ ਮਿਲ ਜਾਂਦਾ ਹੈ। ਤੁਸੀਂ ਨਾ ਚਾਹ ਕੇ ਵੀ ਕਲਮ ਉਠਾਉਣ ਲਈ ਮਜ਼ਬੂਰ ਹੋ ਜਾਂਦੇ ਓ, ਚਾਹੇ ਲਿਖਿਆ ਕਿਵੇਂ ਦਾ ਵੀ ਜਾਵੇ। ਮੈਂ ਵੀ ਕੁਝ ਲਿਖਣ ਲਈ ਮਜਬੂਰ ਹੋ ਗਈ:
ਯੇ ਸ਼ਾਂਤ ਸੀ ਦਿੱਲੀ / ਬੇਖ਼ਬਰ ਹੈ ਨਾਪਾਕ ਇਰਾਦੋਂ ਸੇ / ਸੂਨੇ ਸੇ ਰਾਸਤੋਂ ਮੇਂ / ਅਹਿਸਾਸ, ਸਿਰਫ਼ ਡਰ ਕਾ / ਆਵਾਜ਼ੇਂ, ਕੁੱਤੋਂ ਕੇ ਭੌਂਕਨੇ ਕੀ / ਸੋਚਨੇ ਪਰ ਮਜਬੂਰ ਕਰਤੀ ਹੈਂ / ਖ਼ਾਮੋਸ਼ੀ ਕੇ ਪੀਛੇ ਛੁਪੀ / ਵੋ ਦਰਦਨਾਕ ਆਵਾਜ਼ੇਂ / ਜੋ ਸੁਨਾਈ ਤੋ ਨਹੀਂ ਦੇਤੀ / ਪਰ ਮਹਿਸੂਸ ਹੋਤੀ ਹੈਂ / ਕਿ ਆਜ ਫਿਰ ਕੋਈ / ਅੰਜਾਮ ਦੇ ਰਹਾ ਹੈ / ਨਾਪਾਕ ਇਰਾਦੋਂ ਕੋ / ਇਸ ਸ਼ਾਂਤ ਸੀ ਦਿੱਲੀ ਮੇਂ / ਰਾਤ ਮੇਂ ਡੂਬੀ ਬੇਖ਼ਬਰ ਸੀ ਦਿੱਲੀ ਮੇਂ।
ਮੈਂ ਆਪਣਾ ਕੁਝ ਲਿਖਿਆ ਕਿਸੇ ਨਾਲ ਬਹੁਤ ਘੱਟ ਸਾਂਝਾ ਕਰਦੀ ਹਾਂ। ਇਸ ਹਾਦਸੇ ਨੇ ਮੈਨੂੰ ਸਾਵਧਾਨੀ ਵਰਤਣ ਲਈ ਵੀ ਪ੍ਰੇਰਿਆ। ਜ਼ਰੂਰੀ ਨਹੀਂ ਕਿ ਸੁੰਨਸਾਨ ਰਸਤੇ ਸਿਰਫ਼ ਔਰਤਾਂ ਲਈ ਹੀ ਅਸੁਰੱਖਿਅਤ ਹੋਣ, ਹਾਦਸਾ ਕਿਸੇ ਨਾਲ ਵੀ ਕਿਤੇ ਵੀ ਵਾਪਰ ਸਕਦਾ ਹੈ, ਉਸ ਲਈ ਖ਼ਾਸ ਲਿੰਗ ਦਾ ਹਮੇਸ਼ਾ ਕੋਈ ਵਾਸਤਾ ਨਹੀਂ ਹੁੰਦਾ।
ਖ਼ੈਰ, ਕੁਝ ਮਨ ਦੀਆਂ ਗੱਲਾਂ ਵੀ ਮੈਂ ਦਿੱਲੀ ਪਹੁੰਚ ਕੇ ਹੀ ਪੁਗਾਈਆਂ। ਦਿੱਲੀ ਯੂਨੀਵਰਸਿਟੀ ਤੋਂ ਮੈਂ ਐਮਫਿਲ ਕਰ ਚੁਕੀ ਹਾਂ। ਇੱਥੇ ਮੈਂ ਸਿਰਫ਼ ਡਿਗਰੀ ਹੀ ਨਹੀਂ ਹਾਸਿਲ ਕੀਤੀ ਸਗੋਂ ਮੈਂ ਆਪਣੀ ਗੱਲ ਆਪ ਆਖਣੀ ਵੀ ਸਿੱਖੀ ਹੈ। ਆਜ਼ਾਦ ਪੰਛੀ ਵਾਂਗ ਉਡਣਾ ਵੀ ਮੈਨੂੰ ਦਿੱਲੀ ਨੇ ਹੀ ਸਿਖਾਇਆ ਹੈ।
ਉਡਣ ਲਈ ਜ਼ਰੂਰੀ ਨਹੀਂ ਖੰਭ ਹੀ ਹੋਣ ਜਦੋਂ ਤੁਹਾਨੂੰ ਆਜ਼ਾਦੀ ਦੀ ਹਵਾ ਵਿੱਚ ਸਾਹ ਲੈਣਾ ਆ ਜਾਵੇ ਤਾਂ ਮਤਲਬ ਤੁਸੀਂ ਉਡ ਰਹੇ ਹੋ। ਕੁੜੀਆਂ ਦਾ ਘਰ ਤੋਂ ਬਾਹਰ ਨਿਕਲ ਕੇ ਆਪਣੇ ਹੱਕਾਂ ਲਈ ਜਾਣੂ ਹੋਣਾ ਘੱਟ ਹੀ ਪਸੰਦ ਕੀਤਾ ਜਾਂਦਾ ਹੈ। ਅਕਸਰ ਇਸ ਨੂੰ ਵਿਗੜਨ ਦਾ ਨਾਂ ਦਿੱਤਾ ਜਾਂਦਾ ਹੈ: ਜਿਵੇਂ; ਕੁੜੀ ਬਾਹਰ ਭੇਜ ਕੇ ਗ਼ਲਤੀ ਕਰ ਦਿੱਤੀ, ਬਾਹਰ ਜਾ ਕੇ ਜ਼ਿਆਦਾ ਹੀ ਜ਼ੁਬਾਨ ਖੁੱਲ੍ਹ ਗਈ ਹੈ, ਕੀ ਤੁਹਾਨੂੰ ਤੁਹਾਡੇ ਕਾਲਜਾਂ ‘ਚ ਵੱਡਿਆਂ ਸਾਹਮਣੇ ਬੋਲਣਾ (ਬਦਤਮੀਜ਼ੀ) ਹੀ ਸਿਖਾਇਆ ਜਾਂਦਾ ਹੈ? ਪਰ ਕਿਸੇ ਦਾ ਖੁਲ੍ਹ ਕੇ ਜਿਉਣਾ ਕੋਈ ਹੋਰ ਕਿਵੇਂ ਨਿਸ਼ਚਿਤ ਕਰ ਸਕਦਾ ਹੈ? ਜਦੋਂ ਵੀ ਕਿਸੇ ਬੰਦ ਪੰਛੀ ਨੂੰ ਉਡਾਰੀ ਮਾਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਕਦੀ ਵੀ ਇਸ ਮੌਕੇ ਨੂੰ ਨਹੀਂ ਗਵਾਉਂਦਾ। ਦਿੱਲੀ ਵਿਚ ਕੁੜੀ ਹੋਣ ਦੇ ਮਾਅਨੇ ਮੈਨੂੰ ਇੱਥੇ ਰਹਿੰਦਿਆਂ ਹੀ ਮਾਲੂਮ ਹੋਏ ਹਨ।

ਸੰਪਰਕ: 79738-07998


Comments Off on ਦਿੱਲੀ ਵਰਗੇ ਸ਼ਹਿਰ ਵਿਚ ਕੁੜੀ ਹੋਣ ਦੇ ਮਾਅਨੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.