ਦਸਵੀ ਜਮਾਤ ਪਹਿਲੀ ਪੁਜ਼ੀਸਨ ‘ਚ ਪਾਸ ਕਰਕੇ ਦਾਖਲਾ ਗਿਆਰ੍ਹਵੀਂ ਜਮਾਤ ਵਿਚ ਸਾਇੰਸ ਵਿਸ਼ਿਆਂ ਸਮੇਤ ਲੈ ਲਿਆ ਕਿਉਕਿ ਮੈਂ ਆਪਣੇ ਸਾਇੰਸ ਅਧਿਆਪਕ ਤੋਂ ਕਾਫੀ ਪ੍ਰਭਾਵਿਤ ਸਾਂ ਤੇ ਮੇਰਾ ਵੀ ਇਹ ਸੁਪਨਾ ਸੀ ਕਿ ਮੈਂ ਵੀ ਇੱਕ ਦਿਨ ਸਾਇੰਸ ਅਧਿਆਪਕ ਹੀ ਬਣਾ। ਪੰਜਾਬੀ ਮਾਧਿਅਮ ਤੋਂ ਬਾਅਦ ਅੰਗਰੇਜ਼ੀ ਮਾਧਿਅਮ ‘ਚ ਸਾਰੇ ਵਿਸ਼ੇ ਪੜ੍ਹਨੇ ਔਖੇ ਲਗਦੇ ਸਨ। ਦਸ-ਪੰਦਰਾਂ ਦਿਨ ਤਾਂ ਕੁਝ ਖਾਸ ਪੱਲੇ ਨਹੀਂ ਪਿਆ ਫਿਰ ਹੌਲੀ-ਹੌਲੀ ਕੁਝ ਸਮਝ ਆਉਣ ਲੱਗ ਪਿਆ। ਪਰਿਵਾਰ ‘ਚੋਂ ਵੀਂ ਪਹਿਲਾ ਕਿਸੇ ਨੇ ਇਹੋ ਜਿਹੀ ਪੜ੍ਹਾਈ ਨਹੀਂ ਸੀ ਕੀਤੀ। ਜੋ ਕੁਝ ਨਾ ਸਮਝ ਆਉਦਾ ਆਪਣੇ ਹਮ-ਜਮਾਤੀ ਤੋਂ ਸਮਝ ਲੈਂਦਾ,ਜੋ ਟਿਊਸ਼ਨ ਤੇ ਵੀ ਪੜ੍ਹਨ ਜਾਂਦੇ ਸਨ। ਵਿਹਲੇ ਸਮੇਂ ਲੱਕੜੀ ਦਾ ਪਿਤਾ ਪੁਰਖੀ ਕੰਮ ਵੀ ਕਰਦਾ। ਇਸ ਕਰਕੇ ਪਿਤਾ ਜੀ ਤੋਂ ਕਦੇ ਪੜ੍ਹਾਈ ਲਈ ਪੈਸਾ-ਧੇਲਾ ਮੰਗਣ ਦੀ ਲੋੜ ਨਹੀਂ ਪਈ ਸੀ। ਮੇਰੇ ਤੋਂ ਵੱਡੇ ਦੋ ਭਰਾ ਵੀ ਇਹੋ ਕੰਮ ਕਰਨ ਦੇ ਨਾਲ-ਨਾਲ ਪੜ੍ਹਾਈ ਕਰ ਰਹੇ ਸਨ।
ਹੌਲੀ-ਹੌਲੀ ਬੀਐਸਸੀ ਕਰ ਲਈ ਤੇ ਨਾਲ ਹੀ ਆਪਣੇ ਪਿਤਾ ਪੁਰਖੀ ਕੰਮ ’ਚ ਵੀ ਕਾਫੀ ਮੁਹਾਰਤ ਹਾਸਲ ਕਰ ਲਈ। ਬੀਐਡ ਕਰਨ ਲਈ ਅਜੇ ਯੂਨੀਵਰਸਿਟੀਆਂ ਨੇ ਸਾਂਝਾ ਟੈਸਟ ਲੈਣਾ ਸੀ। ਉਂਨੀ ਦੇਰ ਸੋਚਿਆ ਕਿ ਆਈਟੀਆਈ ’ਚੋਂ ਕੋਈ ਕੋਰਸ ਕਰ ਲਿਆ ਜਾਵੇ ਤੇ ਦਾਖਲਾ ਰੇਡੀਓ ਟੀਵੀ ਮਕੈਨਿਕ ਟਰੇਂਡ ’ਚ ਬਠਿੰਡੇ ਲੈ ਲਿਆਂ। ਉੁਨ੍ਹੀਂ ਦਿਨੀਂ ਪੰਜਾਬ ਵਿੱਚ ਖਾੜਕੂ ਲਹਿਰ ਦਾ ਪੂਰਾ ਜ਼ੋਰ ਸੀ। ਸ਼ਾਮ ਹੁੰਦੇ ਹੀ ਲੋਕ ਆਪੋ-ਆਪਣੇ ਘਰਾਂ ਵਿੱਚ ਵੜ ਜਾਂਦੇ। ਸੜਕਾਂ ਸੁੰਨ-ਸਾਨ ਹੋ ਜਾਂਦੀਆਂ ਸਨ। ਸੜਕਾਂ ’ਤੇ ਅਕਸਰ ਬੁਲਟ ਪਰੂਫ ਟਰੈਕਟਰ , ਜਿਪਸੀਆਂ ਅਸੀਂ ਅਕਸਰ ਹੀ ਦੇਖਦੇ ਸਾਂ। ਫੌਜ ਦੀਆਂ ਗੱਡੀਆਂ ਵੀ ਗੇੜੇ ਮਾਰਦੀਆਂ ਸਨ। ਫੌਜੀ ਜਵਾਨਾਂ ’ਚ ਜ਼ਿਆਦਾ ਜਵਾਨ ਦੂਜੇ ਰਾਜਾਂ ਦੇ ਹੀ ਸਨ ਤੇ ਫੌਜ ਨੇ ਵੀ ਮੇਰੇ ਸ਼ਹਿਰ ਨਹਿਰੂ ਕਾਲਜ ਕੋਲ ਹੀ ਡੇਰੇ ਲਾਏ ਹੋਏ ਸਨ। ਹਰ ਰੋਜ਼ ਹੀ ਕਿਤੇ ਨਾ ਕਿਤੇ ਪੁਲੀਸ ਮੁਕਾਬਲੇ ਤੇ ਦਹਿਸ਼ਤੀ ਵਾਰਦਾਤਾਂ ਹੋਣ ਦੀ ਖਬਰ ਪੜ੍ਹਨ-ਸੁਨਣ ਨੂੰ ਮਿਲ ਜਾਂਦੀ।
ਇੱਕ ਸ਼ਾਮ ਮੈਂ ਆਪਣੇ ਸ਼ਹਿਰ ਮਾਨਸਾ ਦੇ ਚਕੇਰੀਆਂ ਵਾਲੇ ਫਾਟਕ ਕੋਲ ਕੰਮ ਕਰਦਾ ਥੋੜ੍ਹਾ ਜਿਹਾ ਲੇਟ ਹੋ ਗਿਆ। ਕੰਮ ਮੁਕਾਉਣ ਤੋਂ ਬਾਅਦ ਸੰਦਾਂ ਵਾਲਾ ਥੈਲਾ ਮੋਢੇ ਪਾਈ ਮੈਂ ਘਰ ਵੱਲ ਆ ਰਿਹਾ ਸਾਂ। ਕਾਫੀ ਹਨੇਰਾ ਹੋ ਚੁੱਕਾ ਸੀ। ਸੜਕ ’ਤੇ ਸੁੰਨ-ਸਰਾਂ ਸੀ। ਅਚਾਨਕ ਇੱਕ ਜਿਪਸੀ ਮੇਰੇ ਕੋਲ ਆ ਕੇ ਰੁਕ ਗਈ। ਜਿਪਸੀ ’ਚ ਖੜ੍ਹੇ ਇੱਕ ਵਿਅਕਤੀ ਨੇ ਸਰਚ ਲਾਈਟ ਮੇਰੇ ਵੱਲ ਮਾਰੀ ਜਿਸ ਕਾਰਨ ਦਿਖਣਾ ਬੰਦ ਜਿਹਾ ਹੋ ਗਿਆ। ਉਹ ਜਿਪਸੀ ਫੌਜ ਵਾਲਿਆਂ ਦੀ ਸੀ ਅਤੇ ਉਨ੍ਹਾਂ ਨਾਲ ਇੱਕ ਪੰਜਾਬੀ ਪੁਲੀਸ ਮੁਲਾਜ਼ਮ ਵੀ ਬੈਠਾ ਸੀ। ਬੜੀ ਹੀ ਚੁਸਤੀ ਨਾਲ ਜਿਪਸੀ ‘ਚੋਂ ਦੋ ਜਾਣੇ ਉੱਤਰੇ ਤੇ ਬੰਦੂਕ ਦੇ ਬੱਟ ਨਾਲ ਉਨ੍ਹਾਂ ਮੇਰਾ ਸੰਦਾਂ ਵਾਲਾ ਥੈਲਾ ਵਗਾਹ ਕੇ ਮਾਰਿਆ। ਮੇਰੇ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਮੈਂ ਆਈਟੀਆਈ ਵੱਲੋਂ ਜਾਰੀ ਸ਼ਨਾਖਤੀ ਕਾਰਡ ਵਿਖਾਇਆ ਅਤੇ ਨਾਲ ਆਪਣੇ ਕੰਮ ਕਰਨ ਦਾ ਵੇਰਵਾ ਵੀ ਦਿੱਤਾ। ਮੈਂ ਆਪਣੇ-ਆਪ ਬਾਰੇ ਹੋਰ ਵੀ ਕੁਝ ਦੱਸਿਆ ਅਤੇ ਇਹ ਵੀ ਕਿਹਾ ਕਿ ਮੈਂ ਇਥੇ ਨੇੜੇ ਹੀ ਰਹਿੰਦਾ ਹਾਂ ਪਰ ਉਨ੍ਹਾਂ ਦੀ ਖਮੋਸ਼ੀ ਤੋਂ ਜਾਪਦਾ ਸੀ ਕਿ ਮੇਰੀਆਂ ਗੱਲਾਂ ਉਨ੍ਹਾਂ ਨੂੰ ਜਚੀਆਂ ਨਹੀਂ। ਸ਼ਾਇਦ ਇਸੇ ਕਰਕੇ ਉਨ੍ਹਾਂ ਨੂੰ ਮੇਰੀਆਂ ਗੱਲਾਂ ਤੋਂ ਸੰਤੁਸ਼ਟੀ ਨਹੀਂ ਸੀ ਹੋਈ।
ਉਨ੍ਹਾਂ ਮੈਨੂੰ ਜਿਪਸੀ ਵਿੱਚ ਬਿਠਾ ਲਿਆ। ਮੈਂ ਹੱਥ ਵਿੱਚ ਆਪਣਾ ਸੰਦਾਂ ਵਾਲਾ ਥੈਲਾ ਲੈ ਕੇ ਨੀਵੀਂ ਜਿਹੀ ਪਾ ਕੇ ਬੈਠ ਗਿਆ। ਜਦੋਂ ਜਿਪਸੀ ਮੇਨ ਬਜ਼ਾਰ ’ਚ ਆਈ ਤਾਂ ਉਨ੍ਹਾਂ ਨੇ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ। ਖੂਬ ਕੁਟਾਪਾ ਚਾੜ੍ਹਨ ਤੋਂ ਬਾਅਦ ਉਸ ਨੂੰ ਵੀ ਜਿਪਸੀ ਵਿੱਚ ਬਿਠਾ ਲਿਆ। ਇਹ ਸਾਰਾ ਕੁਝ ਸਾਡਾ ਇੱਕ ਗੁਆਂਢੀ ਵੀ ਵੇਖ ਰਿਹਾ ਸੀ। ਉਸ ਨੇ ਸਾਡੇ ਘਰ ਜਾ ਸਾਰੀ ਗੱਲ ਦੱਸ ਦਿੱਤੀ। ਘਰ ਦੇ ਫਿਕਰ ਕਰਨ ਲੱਗੇ ਕਿ ਹੁਣ ਕੀ ਕੀਤਾ ਜਾਵੇ ਅਤੇ ਇੱਧਰ ਮੈਂ ਵੀ ਚਿੰਤਾ ’ਚ ਸਾਂ ਕਿ ਆਖਰ ਹੁਣ ਕੀ ਵਾਪਰੇਗਾ।
ਜਦੋਂ ਜਿਪਸੀ ਮਾਨਸਾ ਬੱਸ ਅੱਡੇ ਕੋਲ ਬਣੇ ਚੌਕ ਕੋਲ ਪਹੁੰਚੀ ਤਾਂ ਅੱਗੋਂ ਇੱਕ ਪੰਜਾਬ ਪੁਲੀਸ ਦੀ ਹੋਰ ਜਿਪਸੀ ਆ ਗਈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦੋਵਾਂ ਜਿਪਸੀਆਂ ’ਚ ਬੈਠੇ ਅਫਸਰਾਂ ਨੇ ਆਪਸ ਵਿੱਚ ਕੀ ਗੱਲ-ਬਾਤ ਕੀਤੀ ਪਰ ਉਨ੍ਹਾਂ ਮੈਨੂੰ ਜਿਪਸੀ ’ਚੋਂ ਉਤਾਰ ਕੇ ਪੰਜਾਬ ਪੁਲੀਸ ਵਾਲੀ ਜਿਪਸੀ ਵਿੱਚ ਚੜ੍ਹਾ ਦਿੱਤਾ। ਪੁਲੀਸ ਵਾਲੇ ਮੈਨੂੰ ਸਵਾਲ ਕਰਨ ਲੱਗੇ, ‘‘ਇੰਨੀ ਹਨੇਰੇ ਤੂੰ ਓਧਰ ਕਰਨ ਕੀ ਗਿਆ ਸੀ, ਤੈਨੂੰ ਪਤਾ ਨਹੀਂ ਹਾਲਾਤ ਕੀ ਹਨ? ਘਰੇ ਟਿਕ ਕੇ ਨਹੀਂ ਬੈਠਿਆ ਜਾਂਦਾ।’’ ਆਦਿ ਮੈਂ ਸਾਰੀ ਗੱਲ ਸੱਚੀ-ਸੱਚੀ ਦੱਸ ਦਿੱਤੀ।
ਮੂਹਰੇ ਬੈਠੇ ਥਾਣੇਦਾਰ ਨੇ ਸਵਾਲ ਕਰਦਿਆਂ ਕਿਹਾ, ‘‘ਕੀ ਕਹਿੰਦਾ ਹੈ, ਓਧਰ ਕੀ ਕਰਨ ਗਿਆ ਸੀ? ਕੌਣ ਐ ਘਰ-ਬਾਰ ਕਿੱਥੇ ਐ..?’’ ਜਦੋਂ ਮੈਂ ਇਹ ਅਵਾਜ਼ਾਂ ਸੁਣੀਆਂ ਤਾਂ ਮੈਂ ਸੋਚਿਆ ਕਿ ਅਵਾਜ਼ ਜਾਣੀ-ਪਛਾਣੀ ਲੱਗਦੀ ਹੈ। ਮੈਂ ਹਿੰਮਤ ਕਰ ਕੇ ਕਿਹਾ, ‘‘ਸਰ, ਮੈਂ ਉਹੀ ਮੁੰਡਾ ਹਾਂ ਜੋ ਦੋ ਦਿਨ ਪਹਿਲਾਂ ਹੀ ਤੁਹਾਡੇ ਕੋਲ ਥਾਣੇ ਵਿੱਚ ਖਿੜਕੀਆਂ-ਦਰਵਾਜ਼ਿਆਂ ਨੂੰ ਠੀਕ ਕਰਨ ਲਈ ਆਇਆ ਸੀ।’’ ਥਾਣੇਦਾਰ ਨੇ ਜਿਪਸੀ ਰੋਕਣ ਲਈ ਕਿਹਾ। ਉਸ ਨੇ ਮੈਨੂੰ ਚੰਗੀ ਤਰ੍ਹਾਂ ਵੇਖਿਆਂ ਤੇ ਕਿਹਾ, ‘‘ਤੂੰ ਰਹਿੰਦਾ ਕਿੱਥੇ ਐਂ, ਤੈਨੂੰ ਨੇੜੇ ਜਿਹੇ ਹੀ ਛੱਡ ਦਿੰਦੇ ਆਂ। ਨਾਲੇ ਯਾਦ ਰੱਖ ਹਾਲਾਤ ਬਹੁਤ ਨਾਜ਼ੁਕ ਨੇ, ਐਵੇਂ ਨਾ ਨੇਰ੍ਹਾ ਕਰਿਆ ਕਰ। ਜਲਦੀ ਘਰ ਆਉਣ ‘ਚ ਹੀ ਭਲਾਈ ਐ।’’
‘‘ਠੀਕ ਐ ਸਰ!’’ ਮੈਂ ਕਿਹਾ। ਉਨ੍ਹਾਂ ਨੇ ਮੈਨੂੰ ਘਰ ਤੋਂ ਥੋੜ੍ਹੀ ਦੂਰੀ ਤੇ ਉਤਾਰ ਦਿੱਤਾ। ਮੈਂ ਜਦੋਂ ਘਰ ਪਹੁੰਚਿਆ ਤਾਂ ਸਾਡੇ ਮਕਾਨ ਅੱਗੇ ਪੂਰੀ ਭੀੜ ਜਮ੍ਹਾਂ ਹੋ ਗਈ ਸੀ। ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ। ਮੇਰੇ ਪਰਿਵਾਰ ਵਾਲਿਆਂ ਨੂੰ ਕੁਝ ਵੀ ਨਹੀਂ ਸੁੱਝ ਰਿਹਾ ਸੀ। ਮੈਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ ਅਤੇ ਵੱਖ-ਵੱਖ ਤਰ੍ਹਾਂ ਦੇ ਸਵਾਲ ਕਰਨ ਲੱਗ ਪਏ- ‘ਤੈਨੂੰ ਕੁੱਟਿਆ-ਮਾਰਿਆ ਤਾਂ ਨਹੀਂ, ਤੈਨੂੰ ਕਿਸ ਨੇ ਛੁਡਾਇਆ, ਤੈਨੂੰ ਕਿੱਥੋਂ ਚੁੱਕਿਆ ਸੀ ਆਦਿ।
ਬੀ.ਐਡ. ਦਾਖਲੇ ਦਾ ਟੈਸਟ ਦਿੱਤਾ ਬੀਐਡ ਦੀ ਡਿਗਰੀ ਪਹਿਲੀ ਪੁਜ਼ੀਸਨ ’ਚ ਪਾਸ ਕਰ ਲਈ। ਚਾਰ ਕੁ ਮਾਸਟਰ ਡਿਗਰੀਆਂ ਵੀ ਕਰ ਲਈਆਂ ਨੇ। ਮੈਨੂੰ ਸਰਕਾਰੀ ਅਧਿਆਪਕ ਲੱਗਿਆ ਵੀ ਬਾਈ ਕੁ ਸਾਲ ਹੋ ਗਏ ਹਨ। ਬੱਚੇ ਵੀ ਚੰਗੀ ਪੜ੍ਹਾਈ ਕਰ ਰਹੇ ਹਨ। ਜ਼ਿੰਦਗੀ ਵਧੀਆ ਲੰਘ ਰਹੀ ਹੈ। ਅੱਜ, ਮੈਂ ਸੋਚਦਾ ਹਾਂ ਕਿ ਜੇ ਉਹ ਥਾਣੇਦਾਰ ਮੈਨੂੰ ਨਾ ਪਛਾਣਦਾ ਜਾਂ ਉਸ ਦੀ ਥਾਂ ਕੋਈ ਹੋਰ ਹੁੰਦਾ ਤਾਂ ਸ਼ਾਇਦ ਮੈਂ ਵੀ ਕਿਸੇ ਮੁਕਾਬਲੇ ਜਾਂ ਸਜ਼ਾ ਦਾ ਸ਼ਿਕਾਰ ਹੋ ਜਾਣਾ ਸੀ। ਅੱਜ ਵੀ ਉਹ ਸਮਾਂ ਯਾਦ ਕਰਕੇ ਕੰਬਣੀ ਜਿਹੀ ਛਿੜ ਜਾਂਦੀ ਹੈ।
ਗਰੀਨ ਵੇਅ ਸਟਰੀਟ, ਨੇੜੇ ਵਿਦਿਆ ਭਾਰਤੀ ਸਕੂਲ, ਮਾਨਸਾ