ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਝੋਨਾ: ਤੁਰੰਤ ਸੰਵਾਦ ਰਚਾਉਣ ਦੀ ਲੋੜ

Posted On May - 25 - 2019

ਵਿਜੈ ਬੰਬੇਲੀ
ਝੋਨਾ ਸਿੱਲੇ ਇਲਾਕਿਆਂ ਦੀ ਫ਼ਸਲ ਹੈ। ਜਿੱਥੇ ਬਹੁ-ਵੰਨਗੀ ਫ਼ਸਲਾਂ ਹੋ ਸਕਦੀਆਂ ਹਨ, ਉੱਥੇ ਇਹ ਜ਼ਰੂਰੀ ਫ਼ਸਲ ਨਹੀਂ, ਖ਼ਾਸ ਕਰਕੇ ਧਰਤੀ ਹੇਠਲੇ ਪਾਣੀ ਨਾਲ ਸਿੰਜਾਈ ਵਾਲੇ ਖ਼ੇਤਰਾਂ ਵਿਚ। ਝੋਨਾ ਪੰਜਾਬ ਦੀ ਰਵਾਇਤੀ ਫ਼ਸਲ ਨਹੀਂ। ਦਰ-ਹਕੀਕਤ, ਗ਼ੈਰ-ਰਵਾਇਤੀ) ਫ਼ਸਲ ਬਹੁਪਰਤੀ ਨੁਕਸਾਨ ਦਾ ਕਾਰਨ ਬਣਦੀ ਹੈ, ਇਹੀ ਸੰਤਾਪ ਹੁਣ ਪੰਜਾਬ ਨੂੰ ਹੰਢਾਉਣਾ ਪੈ ਰਿਹਾ ਹੈ।
ਖੇਤੀਬਾੜੀ ਦਾ ਅਸਲ ਅਰਥ ਬਦਲਵੀਆਂ ਅਤੇ ਬਹੁਮੰਤਵੀ ਫ਼ਸਲਾਂ ਹੈ। ਗ਼ੈਰ-ਰਵਾਇਤੀ, ਬੇ-ਮੌਸਮੀ ਅਤੇ ਇੱਕੋ ਤਰ੍ਹਾਂ ਦੀ ਫ਼ਸਲ ਮਿੱਟੀ, ਪਾਣੀ ਅਤੇ ਵਾਤਾਵਾਰਨ ਲਈ ਨਾਂਹ-ਪੱਖੀ ਹੁੰਦੀ ਹੈ। ਇਹ ਸਹੀ ਹੈ ਕਿ ਝੋਨਾ 1965 ਤੋਂ ਬਾਅਦ ਹੀ ਵੱਡੇ ਪੱਧਰ ‘ਤੇ ਖੇਤਾਂ ਵਿਚ ਆਇਆ, ਪਰ ਸੱਚ ਇਹ ਵੀ ਹੈ ਕਿ ਪਿਛਲੇ ਚਾਰ ਦਹਾਕਿਆਂ ਤੋਂ ਹੀ ਭਾਰਤ ਖ਼ਾਸ ਕਰਕੇ ਪੰਜਾਬ ਦੀ ਮਿੱਟੀ ਹਰ ਸਾਲ ਪੌਸ਼ਟਿਕ ਤੱਤਾਂ ਦੇ ਘਾਟੇ ਵਿਚ ਜਾਣ ਲੱਗੀ। ਤੱਤਾਂ ਦੀ ਇਹ ਘਾਟ ਝੋਨਾ ਖ਼ੇਤਰਾਂ, ਖ਼ਾਸ ਕਰਕੇ ਜਿੱਥੇ ਪਰਾਲੀ ਫੂਕੀ ਜਾਂਦੀ ਹੈ, ਵਿਚ ਜ਼ਿਆਦਾ ਹੈ। ਕੁਦਰਤੀ ਸੋਮਿਆਂ ਦੀ ਰਵਾਇਤੀ ਢੰਗਾਂ ਨਾਲ ਮੁੜ ਭਰਪਾਈ ਨਾ ਕਰਨ ਦੇ ਫਲਸਰੂਪ ਮਿੱਟੀ ਵਿਚਲੇ ਇਹ ਕੁਦਰਤੀ ਤੱਤ ਤੇਜ਼ੀ ਨਾਲ ਘਟਣ ਲੱਗ ਪਏ। ਫਿਰ ਇਨ੍ਹਾਂ ਕੁਦਰਤੀ ਤੱਤਾਂ ਦੀ ਘਾਟ ਪੂਰਤੀ, ਸਿਰਫ਼ ਬਨਾਵਟੀ ਤਰੀਕਿਆਂ ਨਾਲ ਹੀ ਕਰਨ ਲਈ ਵਰਗਲਾ ਲਿਆ ਗਿਆ। ਪੰਜਾਬ, ਜੋ ਭਾਰਤ ਦੇ ਕੁੱਲ ਖ਼ੇਤਰਫਲ ਦਾ ਡੇਢ ਫ਼ੀਸਦੀ ਰਕਬੇ ਦਾ ਮਾਲਕ ਹੈ, ਦੇਸ਼ ਦੀ ਕੁੱਲ ਖਾਦ ਖ਼ਪਤ ਦਾ ਤੀਜਾ ਹਿੱਸਾ ਅਤੇ ਜ਼ਹਿਰਾਂ ਦੀ ਮਾਤਰਾ ਦਾ ਪੰਜਵਾਂ ਹਿੱਸਾ ਵਰਤਣ ਲੱਗਾ। ਇਨ੍ਹਾਂ ਖ਼ਾਦਾਂ ਜ਼ਹਿਰਾਂ ਦੀ ਵਰਤੋਂ ਘਟਣ ਦੀ ਬਜਾਏ ਵਧ ਰਹੀ ਹੈ। ਫਲਸਰੂਪ ਪੰਜਾਬ ਦਾ ਪੈਸਾ ਮਾਈਗ੍ਰੇਟ ਹੋਣ ਦੇ ਨਾਲ ਜ਼ਹਿਰੀਲੀਆਂ ਪੱਟੀਆਂ ਵੀ ਵਿਕਸਤ ਹੋ ਗਈਆਂ।
ਪੰਜਾਬ ਦਾ ਖ਼ੇਤੀ ਰਕਬਾ 35 ਲੱਖ ਹੈਕਟੇਅਰ ਹੈ। 27 ਲੱਖ ਹੈਕਟੇਅਰ ਝੋਨਾ ਲਾਇਆ ਜਾਂਦਾ ਹੈ। ਜਿਸ ਦੀ ਅੰਦਾਜ਼ਨ 20 ਲੱਖ ਟਨ ਪਰਾਲੀ ਦਾ 85 ਫ਼ੀਸਦੀ ਹਿੱਸਾ ਸਾੜਿਆ ਜਾਂਦਾ ਹੈ। ਪਰਾਲੀ ਜਲਾਉਣ ਨਾਲ ਪੈਦਾ ਹੋਈ ਤਪਸ਼, ਧਰਤੀ ਦੀ ਨਮੀ, ਮਿੱਤਰ ਜੀਵਾਂ ਅਤੇ ਮਿੱਟੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇੱਕ ਟਨ ਪਰਾਲੀ ਵਿਚ 400 ਕਿਲੋ ਜੈਵਿਕ ਕਾਰਬਨ, 25 ਕਿਲੋ ਪੋਟਾਸ਼ੀਅਮ, 10 ਕਿਲੋ ਸਲਫਰ, 5 ਕਿਲੋ ਨਾਈਟਰੋਜਨ, 3 ਕਿਲੋ ਫਾਰਫੋਰਸ, ਇੱਕ ਕਿਲੋ ਗੰਧਕ, ਪੌਣਾ ਕਿਲੋ ਆਇਰਨ, ਅੱਧਾ ਕਿਲੋ ਮੈਗਨੀਸ਼ੀਅਮ, ਅੱਧ ਪਾ ਜਿੰਕ ਹੁੰਦਾ। ਪਰਾਲੀ ਸਾੜਨ ਨਾਲ ਲਗਪਗ 25 ਫ਼ੀਸਦੀ ਨਾਈਟਰੋਜਨ, 30 ਫ਼ੀਸਦੀ ਫਾਰਸਫੋਰਸ, 50 ਫ਼ੀਸਦੀ ਸਲਫ਼ਰ ਅਤੇ 75 ਫ਼ੀਸਦੀ ਪੋਟਾਸ਼ੀਅਮ, ਜੋ ਫ਼ਸਲਾਂ ਮਿੱਟੀ ਤੋਂ ਲੈਂਦੀਆਂ ਹਨ, ਖ਼ਤਮ ਹੋ ਜਾਂਦੇ ਹੈ। ਸਾੜੀ ਜਾਂਦੀ ਨਾੜ/ਪਰਾਲੀ ਭਾਰੀ ਮਾਤਰਾ ਵਿਚ ਕਾਰਬਨ ਡਾਇਅਕਸਾਈਡ, ਨਾਈਟਰੋਜ਼ਨ ਡਾਈਅਕਸਾਈਡ ਅਤੇ ਕਾਰਬਨ ਮੋਨੋਅਕਸਾਈਡ ਆਦਿ ਜ਼ਹਿਰੀਲੀਆਂ ਗੈਸਾਂ ਵਾਯੂਮੰਡਲ ਵਿਚ ਛੱਡਦੀ ਹੈ। ਝੋਨੇ ਦੇ ਵੱਢ ਸਾੜਨ ਨਾਲ ਹੀ 70 ਫ਼ੀਸਦੀ ਕਾਰਬਨ ਡਾਈਅਕਸਾਈਡ, 7 ਪ੍ਰਤੀਸ਼ਤ ਕਾਰਬਨ, 0.66 ਫ਼ੀਸਦੀ ਮੀਥੇਨ ਅਤੇ 2.09 ਫ਼ੀਸਦੀ ਨਾਈਟਰਿਕ ਅਕਸਾਈਡ ਹਵਾ ਵਿਚ ਘੁਲਦੀ ਹੈ। ਪਹਿਲੀਆਂ ਦੋਵੇਂ ਗੈਸਾਂ ਦਾ ਅਸਰ ਹਵਾ ਮੰਡਲ ਵਿਚ 100 ਵਰ੍ਹਿਆਂ ਤੱਕ ਰਹਿੰਦਾ ਹੈ ਤੇ ਨਾਈਟਰੇਟਸ ਦਾ ਅਸਰ 170 ਵਰ੍ਹਿਆਂ ਤਕ ਰਹਿੰਦਾ ਹੈ। ਇਹ ਗੈਸਾਂ ਸੂਰਜ ਤੋਂ ਆ ਰਹੇ ਇਨਫਰਾਰੈੱਡ ਪ੍ਰਕਾਸ਼ ਕਿਰਨਾ ਨੂੰ ਆਪਣੇ ਅੰਦਰ ਸੋਖ ਲੈਂਦੀਆਂ ਹਨ ਜਿਸ ਕਾਰਨ ਮੌਸਮ ਵਿਚ ਬੇਕਿਰਕ ਤਬਦੀਲੀ ਆਉਂਦੀ ਹੈ।
ਮਾਹਿਰਾਂ ਅਨੁਸਾਰ ਜੇ ਝੋਨੇ ਦੇ ਖ਼ੇਤ ਵਿਚ 174 ਕਿਲੋ ਨਾਈਟਰੋਜਨ ਪ੍ਰਤੀ ਹੈਕਟੇਅਰ ਦੇ ਹਿਸਾਬ ਪਾਈ ਜਾਵੇ ਤਾਂ ਝੋਨੇ ਦੇ ਝਾੜ ਵਿਚ ਵਾਧਾ ਤਾਂ ਦੋ ਤੋਂ ਢਾਈ ਗੁਣਾ ਹੋ ਜਾਂਦਾ ਹੈ, ਪਰ ਇਸ ਦੇ ਨਾਲ ਹੀ ਜ਼ਮੀਨ ਵਿਚਲੀ ਫਾਸਫੋਰਸ, ਪੋਟਾਸ਼ ਅਤੇ ਸਲਫ਼ਰ ਦੀ ਕ੍ਰਮਵਾਰ 2.6, 3.7 ਅਤੇ 4.5 ਗੁਣਾ ਘਾਟ ਹੋ ਜਾਂਦੀ ਹੈ। ਜ਼ਮੀਨ ਦੀ ਨਮੀ ਵੀ ਘਟ ਜਾਂਦੀ ਹੈ, ਕੁਦਰਤੀ ਰੂਪ ਵਿਚ ਇਨ੍ਹਾਂ ਤੱਤਾਂ ਦੀ ਬਹਾਲੀ ਲਈ ਲੋੜੀਂਦੇ ਸੁਖ਼ਮ ਮਿੱਤਰ ਜੀਵ ਵੀ ਘੱਟ ਜਾਂਦੇ ਹਨ। ਹੌਲੀ ਹੌਲੀ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ, ਫਿਰ ਹੋਰ ਦਰ ਹੋਰ ਰਸਾਇਣ ਪਾਉਣੇ ਪੈਂਦੇ ਹਨ। ਅਗੇਤੇ ਝੋਨੇ ਲਈ ਜ਼ਿਆਦਾ ਸਿੰਜਾਈ ਮਤਲਬ ਪਾਣੀ ਡੂੰਘਾ ਹਰ ਡੂੰਘਾ ਹੋਈ ਜਾਣਾ। ਇਸ ਡੂੰਘੇ ਪਾਣੀ ਵਿਚ ਭੈੜੇ ਤੱਤ ਜ਼ਿਆਦਾ ਹੁੰਦੇ ਹਨ। ਪਾਣੀ ਵਿਚ 60 ਮਾਈਕ੍ਰਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਯੂਰੇਨੀਅਮ ਨਹੀਂ ਹੋਣਾ ਚਾਹੀਦਾ, ਪਰ ਵੱਖ ਵੱਖ ਥਾਵਾਂ ਤੋਂ ਬਹੁਤੀ ਡੂੰਘਾਈ ‘ਤੇ ਇਸ ਦੀ ਅਤੇ ਹੋਰ ਹਾਨੀਕਾਰਕ ਧਾਤਾਂ ਦੀ ਮਿਕਦਾਰ ਕਿਤੇ ਵੱਧ ਪਾਈ ਗਈ।
ਅਗੇਤਾ ਇੱਕ ਕਿਲੋ ਚਾਵਲ ਪੈਦਾ ਕਰਨ ਲਈ 4500 ਲੀਟਰ ਤੱਕ ਪਾਣੀ ਦੀ ਖ਼ਪਤ ਕਰਦਾ ਹੈ। ਔਸਤਨ 25 ਕੁਇੰਟਲ (ਇੱਕ ਏਕੜ) ਝੋਨਾ ਪੈਦਾਵਾਰ ਲਈ 1,12,50,000 ਲੀਟਰ ਪਾਣੀ ਖ਼ਪਤ ਹੋ ਜਾਂਦੀ ਹੈ। ਚੌਲ ਸਾਡੀ ਖ਼ੁਰਾਕ ਨਹੀਂ, ਜੇ ਪਾਣੀ ਦੀ ਕੀਮਤ ਔਸਤਨ ਇੱਕ ਰੁਪਏ ਲੀਟਰ ਵੀ ਮੰਨ ਲਈਏ ਤਾਂ 1960 ਤੋਂ ਲੈ ਕੇ ਹੁਣ ਤੱਕ ਅਸੀਂ ਕਿੰਨੀ ਰਕਮ ਦਾ ਪਾਣੀ ਚੌਲ ਦੇ ਰੂਪ ਵਿਚ ਮੁਫ਼ਤੋ-ਮੁਫ਼ਤ ਦਿੰਦੇ ਆ ਰਹੇ ਹਾਂ। ਝੋਨੇ ਦੀ ਸਿੰਜਾਈ ਵੇਲੇ ਟਿਊਬਵੈੱਲ ਜ਼ਿਆਦਾ ਚਲਦੇ ਹਨ। ਪੰਜਾਬ ਦੇ ਕਰੀਬ 14 ਲੱਖ ਸਿੰਜਾਈ ਟਿਊਬਵੈੱਲ, ਇਸ ਤੋਂ ਡੇਢੇ ਛੋਟੇ ਵੱਡੇ ਘਰੇਲੂ ਅਤੇ ਉਦਯੋਗੀ ਬੋਰ, ਦਿਨ ਰਾਤ ਧਰਤੀ ਹੇਠੋਂ ਪਾਣੀ ਕੱਢ ਰਹੇ ਹਨ। ਸਿਰਫ਼ ਚੌਲਾਂ ਲਈ 129 ਘਣ ਕਿਲੋਮੀਟਰ ਪਾਣੀ ਧਰਤੀ ਹੇਠੋਂ ਖਿੱਚ ਚੁੱਕੇ ਹਾਂ। ਭਾਖ਼ੜਾ ਝੀਲ ਦੀ ਜਲ ਸੰਗ੍ਰਿਹ 9.4 ਘਣ ਕਿਲੋਮੀਟਰ ਹੈ ਅਰਥਾਤ ਅਸੀਂ ਭਾਖ਼ੜੇ ਵਰਗੀਆਂ 13 ਝੀਲਾਂ ਦਾ ਪਾਣੀ ਹੁਣ ਤੱਕ ਸਿਰਫ਼ ਝੋਨੇ ਲਈ ਵਰਤ ਚੁੱਕੇ ਹਾਂ। ਭਾਖ਼ੜਾ ਝੀਲ ਨਾਲ ਇੱਕੋ ਵਾਰ-ਸਾਰੇ ਪੰਜਾਬ ਦੇ 54 ਲੱਖ ਹੈਕਟੇਅਰ ਰਕਬੇ ਵਿਚ 16 ਫੁੱਟ ਉੱਚਾ ਪਾਣੀ ਖੜ੍ਹਾਇਆ ਜਾ ਸਕਦਾ ਹੈ। ਧਰਤੀ ਹੇਠ ਕੈਪਟੀ-ਖਲਾਅ (ਡੂੰਘੇ ਦਰ ਡੂੰਘੇ ਟਿਊਬਵੈਲ) ਉਪਰੰਤ ਭਵਿੱਖ ਵਿਚ ਲੂਣਾ ਤੇ ਭੂਚਾਲਾਂ ਵਰਗੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪਵੇਗਾ। ਝੋਨੇ ਕਾਰਨ ਪੈਦਾ ਹੋਏ ਜਲ ਸੰਕਟ ਸਬੰਧੀ ਪੰਜਾਬ ਫਾਰਮਰਜ਼ ਕਮਿਸ਼ਨ ਨੇ 2007 ਵਿਚ ਹੀ ਚਿਤਾਵਨੀ ਦੇ ਦਿੱਤੀ ਸੀ। ਤਿੰਨ ਦਹਾਕੇ ਪਹਿਲਾਂ ਆਈ ਡਾ. ਐੱਸਐੱਸ ਜੌਹਲ ਦੀ ਖੇਤੀਬਾੜੀ ਵੰਨਸੁਵਨੰਤਾ ਬਾਰੇ ਰਿਪੋਰਟ ਨੇ ਤਾਂ ਝੋਨੇ ਉੱਪਰ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ। ਹੁਣ ਜਲ ਮਾਹਿਰ ਏ.ਐਸ. ਮੁਗਲਾਨੀ ਦੀ ਰਿਪੋਰਟ ਹੈ ਕਿ ਸਿੰਜਾਈ ਲਈ ਧਰਤੀ ਹੇਠੋਂ 73 ਫ਼ੀਸਦੀ ਪਾਣੀ ਕੱਢਿਆ ਜਾ ਚੁੱਕਾ ਹੈ ਜਿਸ ਕਾਰਨ ਜਲ ਤੱਗੀਆਂ 60 ਮੀਟਰ ਹੋਰ ਹੇਠਾਂ ਚਲੀਆਂ ਗਈਆਂ ਹਨ। ਜੇ ਅਸੀਂ ਧਰਤੀ ਹੇਠਲਾਂ 30 ਫ਼ੀਸਦੀ ਪਾਣੀ ਵਰਤੀਏ ਤਦ 70 ਫ਼ੀਸਦੀ ਮੁੜ ਭਰਪਾਈ ਦੀ ਲੋੜ ਹੈ। 40 ਫ਼ੀਸਦੀ ਵਰਤੋਂ ਖ਼ਤਰੇ ਦੀ ਨਿਸ਼ਾਨੀ ਹੈ ਜੇ ਵਰਤੋਂ 70 ਫ਼ੀਸਦੀ ਹੋ ਜਾਵੇ ਤਾਂ ਸਮਝੋ ਭਿਆਨਕ ਹਾਲਤ। ਪਰ ਝੋਨੇ ਕਾਰਨ ਪੰਜਾਬ 146 ਫ਼ੀਸਦੀ ਪਾਣੀ ਦੀ ਵਰਤੋਂ ਕਰਦਾ ਹੈ।
ਤਜ਼ਰਬੇ ਦਰਸਾਉਂਦੇ ਹਨ ਕਿ 10 ਮਈ ਨੂੰ ਲਗਾਏ ਝੋਨੇ ਕਾਰਨ ਪਾਣੀ ਦਾ ਪੱਧਰ 60 ਸੈਂਟੀਮੀਟਰ ਹੇਠਾਂ ਹੋ ਜਾਂਦਾ ਹੈ। 25 ਮਈ ਨੂੰ ਲਗਾਏ ਝੋਨੇ ਨਾਲ 28 ਸੈਂਟੀਮੀਟਰ, 10 ਜੂਨ ਨੂੰ ਲਗਾਉਣ ਨਾਲ ਇਹ ਗਿਰਾਵਟ 10 ਸੈਂਟੀਮੀਟਰ ਹੀ ਰਹਿ ਜਾਂਦੀ ਹੈ ਪਰ 25 ਜੂਨ ਨੂੰ ਲਗਾਏ ਝੋਨੇ ਵਿਚ ਇਹ ਗਿਰਾਵਟ ਜ਼ੀਰੋ ਹੁੰਦੀ ਹੈ। ਜ਼ੀਰੋ ਦਾ ਮਤਲਬ ਇਹ ਕਿ ਜਿਨ੍ਹਾਂ ਪਾਣੀ ਧਰਤੀ ਹੇਠੋਂ ਖਿੱਚਿਆ ਜਾਵੇਗਾ ਤਕਰੀਬਨ ਉੱਨਾ ਕੁ ਹੀ ਮੌਕੇ ਦੀ ਬਰਸਾਤ ਨਾਲ ਰੀ ਚਾਰਜ ਹੋ ਜਾਣ ਦੀ ਸੰਭਾਵਨਾ ਹੈ। ਚੰਗੀ ਬਰਸਾਤ ਲਈ ਢੁੱਕਵੇਂ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਪਰ ਅਸੀਂ ਤਾਂ ਸਾਰੇ ਪੰਜਾਬ ਨੂੰ ਮਨਸੂਈ ਝੀਲ ਵਿਚ ਬਦਲ ਕੇ ਹੁੰਮਸੀ ਵਾਤਾਵਾਰਨ ਪੈਦਾ ਕਰ ਦਿੰਦੇ ਹਾਂ ਜੋ ਵਰਖ਼ਾ ਗੜਬੜਾ ਦਿੰਦੀ ਹੈ, ਜੋ ਜਾਂ ਤਾਂ ਪੈਂਦੀ ਨਹੀਂ ਜਾਂ ਫਿਰ ਹੇਠਲੀ ਉੱਤੇ ਲਿਆ ਦਿੰਦੀ ਹੈ। ਝੋਨੇ ਦੀ ਅਗੇਤੀ ਬਿਜਾਈ ਪਾਣੀ ਨੁਕਸਾਨਦੇਹ ਨਾਲ ਨਾਲ ਝੋਨੇ ਦੀ ਫ਼ਸਲ ਉੱਤੇ ਕੀਟਾਂ ਦੇ ਹਮਲੇ ਵੀ ਵਧਾਉਂਦੀ ਹੈ। ਇੰਝ ਕਿਸਾਨ ਵੱਧ ਦਵਾਈਆਂ ਵਰਤਰਦਾ ਹੈ ਅਤੇ ਟਿਊਬਵੈੱਲ ਵੀ ਡੂੰਘੇ ਕਰੀ ਜਾਂਦਾ ਹੈ। ਇੱਕ ਹੋਰ ਭਾਣਾ ਵਾਪਰਦਾ ਹੈ, ਅਸੀਂ ਖ਼ੇਤਾਂ ਨੂੰ ਪਾਣੀ ਨਾਲ ਭਰਦੇ ਹਾਂ, ਗਰਮੀ ਨਾਲ ਪਾਣੀ ਉੱਡਦਾ ਰਹਿੰਦਾ ਹੈ ਪਰ ਪਿੱਛੇ ਲੂਣ ਮਿੱਟੀ ਵਿਚ ਜਮਾਂ ਹੁੰਦੇ ਰਹਿੰਦੇ ਹਨ ਜਿਨ੍ਹਾਂ ਦੀ ਮਿਕਦਾਰ ਬਰਸਾਤੀ ਸਿੰਚਾਈ ਨਾਲ ਨਾ ਮਾਤਰ ਜਦੋਂਕਿ ਧਰਤੀ ਹੇਠਲੇ ਡੂੰਘੇ ਪਾਣੀਆਂ ਕਾਰਨ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਮਿੱਟੀ ਦਾ ਕੱਲਰ ਸ਼ੁਰੂ ਹੋ ਜਾਂਦਾ ਹੈ।
ਸੰਪਰਕ: 94634 39075


Comments Off on ਝੋਨਾ: ਤੁਰੰਤ ਸੰਵਾਦ ਰਚਾਉਣ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.