ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਜੇਠ

Posted On May - 15 - 2019

ਦੇਸੀ ਮਹੀਨਿਆਂ ਦੀ ਲੜੀ ਤਹਿਤ ਸੰਗਰਾਂਦ ਵਾਲੇ ਦਿਨ, ਮਹੀਨੇ ਬਾਰੇ ਜਾਣਕਾਰੀ ਦਿੰਦਾ ਲੇਖ ਪੇਸ਼ ਹੈ। ਡਾ. ਹਰਪਾਲ ਸਿੰਘ ਪੰਨੂ ਐਤਕੀਂ ਜੇਠ ਮਹੀਨੇ ਬਾਰੇ ਵਾਕਿਫ਼ ਕਰਵਾ ਰਹੇ ਹਨ:

ਜੇਠ ਲਫਜ਼ ਦਾ ਅਰਥ ਹੈ ‘ਵੱਡਾ’। ਪਤੀ ਦੇ ਸਾਰੇ ਵੱਡੇ ਭਰਾ ਪਤਨੀ ਦੇ ਜੇਠ ਹਨ। ਜੇਠਾ, ਸਭ ਤੋਂ ਪਹਿਲਾਂ ਜਨਮਿਆ ਪੁੱਤਰ। ਗੁਰੂ ਰਾਮਦਾਸ ਦਾ ਪਹਿਲਾ ਪਰਿਵਾਰਿਕ ਨਾਂ ਭਾਈ ਜੇਠਾ ਜੀ ਸੀ। ਸੰਪਰਦਾਈ ਵਿਆਖਿਆਕਾਰ ਜੇਠ ਦਾ ਅਰਥ ਯਮਰਾਜ ਵੀ ਕਰਦੇ ਹਨ। ਉਨ੍ਹਾਂ ਅਨੁਸਾਰ ਸੰਸਾਰ ਬਾਅਦ ਵਿਚ ਸਿਰਜਿਆ, ਕਾਲ ਪਹਿਲੋਂ ਰਚਿਆ ਗਿਆ:
ਖੰਡਾ ਪ੍ਰਥਮਿ ਸਾਜਿਕੈ, ਜਿਨ ਸਭ ਸੈਸਾਰ ਉਪਾਇਆ॥ (ਵਾਰ ਦੁਰਗਾ ਕੀ ਪਾ. 10ਵੀਂ)
ਕਾਲ ਉਮਰ ਵਿਚ ਵੱਡਾ ਹੋ ਗਿਆ, ਸੰਸਾਰ ਛੋਟਾ, ਸੋ ਯਮਰਾਜ ਜੇਠਾ ਹੋਇਆ। ਖਾਲਸਾ ਪੰਥ ਪ੍ਰਗਟ ਹੋਣ ਮੌਕੇ ਪੰਜ ਪਿਆਰਿਆਂ ਵਿਚੋਂ ਭਾਈ ਦਇਆ ਸਿੰਘ ਜੀ ਸੀਸ ਅਰਪਣ ਕਰਨ ਸਭ ਤੋਂ ਪਹਿਲਾਂ ਉੱਠੇ ਸਨ, ਉਨ੍ਹਾਂ ਨੂੰ ਜੇਠੇ ਸਿੰਘ ਦਾ ਖਿਤਾਬ ਮਿਲਿਆ ਹੋਇਆ ਹੈ। ਸਾਰੇ ਸਾਲ ਦੇ ਮਹੀਨਿਆਂ ਵਿਚੋਂ ਜੇਠ ਦੇ ਦਿਨ ਸਭ ਤੋਂ ਵੱਡੇ ਹੁੰਦੇ ਹਨ। ਇੱਕੀ ਜੂਨ ਸਾਲ ਦਾ ਸਭ ਤੋਂ ਵੱਡਾ ਅਤੇ 22 ਦਸੰਬਰ ਸਭ ਤੋਂ ਛੋਟਾ ਦਿਨ।
ਸਕੂਲ ਪੜ੍ਹਦਿਆਂ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਤਾਂ ਉਨ੍ਹਾਂ ਨੂੰ ਮਾਸਟਰ ਜੀ ਵੱਡੇ ਦਿਨਾਂ ਦੀਆਂ ਛੁੱਟੀਆਂ ਕਿਹਾ ਕਰਦੇ। ਜਦ ਅਸੀਂ ਪੁੱਛਦੇ ਕਿ ਸਭ ਤੋਂ ਛੋਟੇ ਦਿਨਾਂ ਨੂੰ ਵੱਡੇ ਦਿਨ ਕਿਉਂ ਆਖਦੇ ਹਨ ਤਾਂ ਮਾਸਟਰ ਜੀ ਇਸ ਬਾਰੇ ਕੋਈ ਤਰਕਸ਼ੀਲ ਉੱਤਰ ਨਾ ਦੇ ਸਕੇ। ਬਾਅਦ ਵਿਚ ਪਤਾ ਲੱਗਾ ਇਥੇ ਵੱਡੇ ਦਿਨ ਦਾ ਮਤਲਬ ‘ਮਹਾਨ ਦਿਨ’ ਹੈ, ਇਹ ਸ਼ਬਦ ਈਸਾਈਆਂ ਨੇ ਘੜਿਆ। ਯਸੂ ਮਸੀਹ ਦਾ ਜਨਮ 25 ਦਸੰਬਰ ਨੂੰ ਹੋਇਆ, ਉਸ ਖੁਸ਼ੀ ਨੂੰ ਮਨਾਉਣ ਵਾਸਤੇ ਹੋਣ ਵਾਲੀਆਂ ਛੁੱਟੀਆਂ ਨੂੰ ਵੱਡੇ ਦਿਨਾਂ ਦੀਆਂ ਛੁੱਟੀਆਂ ਆਖਦੇ।
ਜੇਠੇ ਨੂੰ ਪਲੇਠਾ ਵੀ ਕਿਹਾ ਜਾਂਦਾ ਹੈ। ਲੋਕ ਗੀਤਾਂ ਦੇ ਬਾਰਾਂਮਾਹਿਆਂ ਵਿਚ ਜੇਠ ਮਹੀਨੇ ’ਤੇ ਰਚੇ ਬੰਦ ਹਨ:
ਚੜ੍ਹਿਆ ਮਹੀਨਾ ਜੇਠ ਕਿ ਜੇਠ ਪਲੇਠ ਕਿ ਜੇਠ ਜੇਠਾਣੀਆਂ।
ਪੀਆ ਵਸੇ ਪਰਦੇਸ ਕਿ ਮਨ ਨਹੀਂ ਭਾਣੀਆਂ।
***
ਜੇਠ ਘੋੜਾ ਹੇਠ, ਧੁੱਪਾਂ ਪੈਣ ਬਲਾਈਂ।
ਵੇ ਲਾਲ ਦਮਾ ਦਿਆ ਲੋਭੀਆ ਪਰਦੇਸ ਨਾ ਜਾਈਂ।
ਮੈ ਕੱਤਾਂਗੀ ਨਿੱਕੜਾ ਤੂੰ ਬੈਠਾ ਖਾਈਂ।
ਨਾਰਾਂ ਦੀ ਖੱਟੀ ਗੋਰੀਏ ਕੁੱਝ ਬਰਕਤ ਨਾਹੀਂ।
ਮਰਦਾਂ ਦੀ ਖੱਟੀ ਗੋਰੀਏ ਚੂੜੇ ਛਣਕਣ ਬਾਹੀਂ।
***
ਜੇਠ ਮਹੀਨਾ ਨੀ ਮਾਂ ਮੈਥੋਂ ਜਰਿਆ ਨੀਂ ਜਾਂਦਾ।
ਮਨ ਦਾ ਸਮੁੰਦਰ ਮੈਥੋਂ ਤਰਿਆ ਨੀਂ ਜਾਂਦਾ।
***

ਡਾ. ਹਰਪਾਲ ਸਿੰਘ ਪੰਨੂ

ਬੁੱਲ੍ਹੇ ਸ਼ਾਹ ਦਾ ਬੰਦ ਹੈ:
ਲੋਆਂ ਲਾਟਾਂ ਪਉਂਦੀਆਂ ਜੇਠ।
ਮਜਲਸ ਬੈਠੇ ਬਾਗਾਂ ਹੇਠ।
ਘਾਮ ਮਤਲਬ ਤਪਸ਼, ਧੁੱਪ, ਗਰਮੀ, ਪਸੀਨਾ, ਅੱਗ ਆਦਿਕ। ਭਾਈ ਗੁਰਦਾਸ ਸਿੰਘ ਆਪਣੇ ਬਾਰਾਂਮਾਹ ਸ੍ਰੀ ਰਾਮਚੰਦਰ ਵਿਚ ਲਿਖਦੇ ਹਨ:
ਜੇਠ ਜਗਾਵੈ ਘਾਮ ਜਿਉਂ, ਮਾਤਾ ਰਾਮ ਬਿਓਗ॥
ਰਾਮ ਚਲੇ ਬਣਵਾਸ ਕਉ, ਭਇਆ ਅਜੁੱਧਿਆ ਸੋਗ॥
ਜਿਵੇਂ ਮੇਰੇ ਤੋਂ ਬਾਅਦ ਵਾਲੀ ਪੀੜ੍ਹੀ ਨੇ ਡੇਲੇ ਅਤੇ ਪੀਂਝੂ ਤੋੜੇ ਨਾ ਖਾਧੇ, ਮੈਂ ਪੀਲਾਂ ਤੋੜੀਆਂ ਨਾ ਖਾਧੀਆਂ। ਕਰੀਰ ਅਤੇ ਵਣ ਬੀਤੇ ਦੀਆਂ ਗੱਲਾਂ ਹੋ ਗਏ। ਬਾਬਾ ਗੁਲਾਮ ਫਰੀਦ ਦੀ ਕਾਫੀ ਦਾ ਬੰਦ ਹੈ:
ਪੀਲੂੰ ਪੱਕੀਆਂ ਨੀ ਵੇ।
ਇਕ ਚੁਣ ਛਾਣ ਛਾਵੇਂ ਬਹੰਦੀਆਂ।
ਇਕ ਧੁੱਪ ਵਿਚ ਵੀ ਚੁਣਦੀਆਂ ਰਹੰਦੀਆਂ।
ਮੈਂ ਚੁਣ ਚੁਣ ਗਈ ਆਂ ਹਾਰ, ਹੱਡੀਆਂ ਥੱਕੀਆਂ ਨੀ ਵੇ।
ਆਓ ਚੁਣੋ ਰਲ ਯਾਰ, ਪੀਲੂੰ ਪੱਕੀਆਂ ਨੀ ਵੇ।
ਨਨਕਾਣਾ ਸਾਹਿਬ ਦੇ ਖੇਤਾਂ ਵਿਚ ਉਹੋ ਵਣ ਅਜੇ ਮੌਜੂਦ ਹਨ, ਜਿਨ੍ਹਾਂ ਦੀ ਛਾਂ ਹੇਠ ਗੁਰੂ ਨਾਨਕ ਦੇਵ ਸੌਂ ਜਾਇਆ ਕਰਦੇ। ਵਿੱਘੇ ਵਿੱਘੇ ਦੇ ਰਕਬੇ ਵਿਚ ਫੈਲੇ ਇਹ ਵਣ ਮੈਨੂੰ ਬੰਦਗੀ ਕਰਦੇ ਜਟਾ-ਜੂਟ ਆਦਿ ਕਾਲੀ ਤਪੱਸਵੀ ਜਾਪੇ। ਮੁਸਲਮਾਨ ਸੇਵਕ, ਹਰੀ ਚਾਦਰ ਵਿਛਾਈ ਰਾਖੀ ਬੈਠਾ ਹੈ। ਯਾਤਰੀ ਪੰਜ-ਪੰਜ, ਦਸ-ਦਸ ਰੁਪਏ ਰੱਖ ਜਾਂਦੇ ਹਨ। ਮੇਰੀ ਸਰਦਾਰਨੀ ਨੇ ਉਸ ਅੱਗੇ ਅਰਜ਼ ਗੁਜ਼ਾਰੀ, ‘‘ਬਾਬਾ, ਆਗਿਆ ਹੋਵੇ ਤਾਂ ਇੱਕ ਪੱਤਾ ਨਿਸ਼ਾਨੀ ਲੈ ਜਾਵਾਂ?’’ ਰਖਵਾਲੇ ਨੇ ਕਿਹਾ, ‘‘ਜੇ ਬਾਬਾ ਜੀ ਨੂੰ ਪਿਆਰ ਕਰਦੇ ਹੋ ਤਾਂ ਛੂਹੋ ਭੀ ਨਾਂਹ। ਪੱਤਾ ਪੱਤਾ ਕਰਕੇ ਲਿਜਾਣ ਲਗੇ ਫਿਰ ਬਚੇਗਾ ਕੀ? ਇਸੇ ਲਈ ਤਾਂ ਦਿਨ ਰਾਤ ਰਾਖੀ ਬੈਠਦਾ ਹਾਂ। ਦੀਦਾਰ ਕਰੋ, ਸੁੱਖ ਪਾਓ।’’
ਧੂਪ ਹਰ ਤਾਲਾਬ ਕਾ ਪਾਨੀ ਸੁਖਾ ਕਰ ਲੇ ਗਈ, ਆਹ ਕੇ ਮੌਸਮ ਕੋ ਕਿਸਕਾ ਲਹੂ ਪਿਲਾਇਆ ਜਾਏਗਾ?
(ਤਲਾਬਾਂ ਦਾ ਪਾਣੀ ਲੂਆਂ, ਧੁੱਪਾਂ ਨੇ ਪੀ ਲਿਆ। ਹਉਕਿਆਂ ਦਾ ਮੌਸਮ ਨਾ ਜਾਣੇ ਕਿਸ ਕਿਸ ਦਾ ਲਹੂ ਪੀਏਗਾ।)
ਸਖ਼ਤ ਤਪਸ਼ ਵਿਚ, ਵਗਦੀਆਂ ਲੂਆਂ ਵਿਚ, ਬੀਂਡਾ ਘੰਟਿਆਂ ਬੱਧੀ ਰਾਗ ਅਲਾਪਦਾ ਰਹਿੰਦਾ ਹੈ। ਜੰਡਾਂ ਕਿੱਕਰਾਂ ਤੋਂ ਅਸੀਂ ਬਥੇਰੇ ਬੀਂਡੇ ਫੜੇ। ਪੋਠੋਹਾਰ ਦੇ ਪ੍ਰਸਿੱਧ ਰਾਗੀ ਭਾਈ ਸੁਜਾਨ ਸਿੰਘ ਹੱਲਿਆਂ ਵੇਲੇ ਦਿੱਲੀ ਆ ਵਸੇ। ਉਨ੍ਹਾਂ ਗੱਡੀ ਫੜ ਕੇ ਮੁੰਬਈ ਕੀਰਤਨ ਕਰਨ ਜਾਣਾ ਸੀ। ਸੇਵਕਾਂ ਸਮੇਤ ਦਿੱਲੀ ਰੇਲਵੇ ਸਟੇਸ਼ਨ ਗੱਡੀ ਉਡੀਕਣ ਲੱਗੇ। ਸਾਥੀਆਂ ਨੂੰ ਆਖਿਆ, ‘‘ਬੀਂਡਾ ਕਿੰਨੀ ਸੁਹਣੀ ਸੁਰ ਵਿਚ ਗਾ ਰਿਹਾ ਹੈ।’’ ਸਾਥੀ ਨੇ ਆਖਿਆ,‘‘ਗੱਡੀਆਂ ਦੀਆਂ ਵਿਸਲਾਂ, ਇੰਜਣਾ ਦੇ ਫਰਾਟੇ, ਸ਼ੰਟਿੰਗ, ਅਨਾਊਂਸਮੈਂਟਾਂ, ਮੁਸਾਫਰਾਂ ਦੇ ਜਮਘਟੇ ਦੇ ਸ਼ੋਰ ਵਿਚ ਭਾਈ ਸਾਹਿਬ ਤੁਸੀਂ ਬੀਂਡੇ ਦੀ ਆਵਾਜ਼ ਕਿਥੋਂ ਸੁਣ ਲਈ?’’ ਹੱਸ ਪਏ, ਕਹਿੰਦੇ ਕਿਸੇ ਦਿਨ ਇਸ ਦਾ ਜਵਾਬ ਦਿਆਂਗਾ, ਅੱਜ ਨਹੀਂ।
ਮੁੰਬਈ ਤੋਂ ਵਾਪਸ ਆ ਗਏ। ਕੁਝ ਦਿਨਾਂ ਬਾਅਦ ਦਿੱਲੀ ਦੇ ਬਾਜ਼ਾਰ ਵਿਚ ਸਾਥੀਆਂ ਨਾਲ ਤੁਰੇ ਜਾ ਰਹੇ ਸਨ, ਜੇਬ ਵਿਚੋਂ ਚਾਂਦੀ ਦਾ ਰੁਪਈਆ ਕੱਢਿਆ, ਸੜਕ ’ਤੇ ਸੁੱਟ ਦਿੱਤਾ। ਚਾਂਦੀ ਦੀ ਟੁਣਕਾਰ ਸੁਣ ਕੇ ਨੇੜੇ ਦੇ ਪੰਜ-ਛੇ ਬਾਣੀਆਂ ਨੇ ਦੁਕਾਨਾਂ ਵਿਚੋਂ ਸਿਰ ਬਾਹਰ ਸੜਕ ਵੱਲ ਕੱਢੇ। ਭਾਈ ਸਾਹਿਬ ਨੇ ਹੱਸਦਿਆਂ ਕਿਹਾ, ‘‘ਦੇਖ ਲਿਆ ਆਪਣੀ ਅੱਖੀਂ?’’ ਇੰਨੇ ਸ਼ੋਰ ਵਿਚ ਚਾਂਦੀ ਦੀ ਟੁਣਕਾਰ ਪਛਾਣ ਕੇ ਬਾਣੀਆ ਰੁਪਈਏ ਵੱਲ ਦੇਖਣ ਲੱਗਦਾ ਹੈ। ਇਹ ਆਵਾਜ਼ ਉਸ ਦੇ ਦਿਮਾਗ ਨੇ ਸੰਭਾਲੀ ਹੋਈ ਹੈ। ਸੁਰਾਂ ਨੂੰ ਪਿਆਰ ਕਰਨ ਵਾਲੇ ਬੰਦੇ ਅਨੰਤ ਸ਼ੋਰ ਵਿਚ ਬੀਂਡੇ ਦੀ ਆਵਾਜ਼ ਪਛਾਣ ਲੈਣਗੇ।
ਤਲਵੰਡੀਓਂ ਆਖਰ ਦੱਖਣ ਵੱਲ ਜਾਣ ਲੱਗੇ ਤਾਂ ਦਸਮ ਪਾਤਸ਼ਾਹ ਨੇ ਮਿਹਰਬਾਨ ਹੋ ਕੇ ਫਰਮਾਇਆ ਕਿ ਮਾਲਵੇ ਦੀ ਸੰਗਤ ਨੇ ਬੜੀ ਸੇਵਾ ਕੀਤੀ, ਦੱਸੋ ਭਾਈਓ ਕੀ ਇਨਾਮ ਦੇਈਏ? ਮਲਵੱਈਆਂ ਨੇ ਕਿਹਾ ਕਿ ਮਹਾਰਾਜ ਸਮੇਂ ਸਿਰ ਮੀਂਹ ਪਾ ਦਿਆ ਕਰਿਓ, ਸਾਡੇ ਮੋਠ ਬਾਜਰੇ ਹੋ ਜਾਇਆ ਕਰਨਗੇ। ਹਜ਼ੂਰ ਹੱਸ ਪਏ ਤੇ ਕਿਹਾ, ‘‘ਅਸੀਂ ਤਾਂ ਦੂਰ ਦੱਖਣ ਪੱਛਮ ਦੇਸਾਂ ਤੱਕ ਦੇ ਰਾਜਭਾਗ ਤੁਹਾਨੂੰ ਬਖਸ਼ਣੇ ਚਾਹੁੰਦੇ ਸਾਂ?’’ ਮਲਵੱਈਆਂ ਕਿਹਾ,‘‘ ਨਹੀਂ ਜੀ। ਦੂਰ ਦੇ ਦੱਖਣ ਪੱਛਮ ਦੇਸਾਂ ਵਿਚ ਜੇ ਅਸੀਂ ਰਾਜ ਕਰਨ ਚਲੇ ਗਏ, ਫਿਰ ਚੋਰ ਇਥੋਂ ਸਾਡੇ ਪਸ਼ੂ ਚੋਰੀ ਕਰਕੇ ਨਾ ਲੈ ਜਾਣਗੇ? ਅਸੀਂ ਐਥੀ ਠੀਕ ਆਂ ਮਹਾਰਾਜ।’’
ਮਾਹੁ ਜੇਠ ਭਲਾ ਪ੍ਰੀਤਮੁ ਕਿਉ ਬਿਸਰੈ॥
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ॥
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ॥
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ॥
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ॥
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ॥
ਤੁਖਾਰੀ ਮ.1
(ਜੇਠ ਦਾ ਮਹੀਨਾ ਚੰਗਾ ਹੈ, ਫਿਰ ਪ੍ਰੀਤਮ ਕਿਉਂ ਵਿਸਰ ਜਾਏ? ਥਲ ਭੱਠੇ ਵਾਂਗ ਤਪ ਰਿਹਾ ਹੈ ਤਦ ਜੀਵ-ਇਸਤਰੀ ਪ੍ਰਭੂ ਪਤੀ ਅੱਗੇ ਬੇਨਤੀ ਕਰਦੀ ਹੈ, ਉਸ ਦੇ ਗੁਣ ਯਾਦ ਕਰਦੀ ਹੈ ਤਾਂਕਿ ਪ੍ਰਭੂ ਨੂੰ ਚੰਗੀ ਲੱਗਣ ਲੱਗ ਜਾਏ। ਉਹ ਵੈਰਾਗੀ ਸੱਚੇ ਮਹਿਲ ਵਿਚ ਰਹਿੰਦਾ ਹੈ। ਆਗਿਆ ਮਿਲੇ ਤਾਂ ਮਿਲਾਪ ਨਸੀਬ ਹੋਵੇ। ਉਹ ਹਰਿ ਤੋਂ ਬਿਨਾ ਨਿਮਾਣੀ ਨਿਤਾਣੀ ਹੈ, ਮਹਿਲ ਦਾ ਸੁੱਖ ਕਿਵੇਂ ਮਿਲੇ? ਜੋ ਜੀਵ-ਇਸਤਰੀ ਜੇਠ ਮਹੀਨੇ ਪ੍ਰਭੂ ਪਤੀ ਦੀ ਕਿਰਪਾ ਨਾਲ ਗੁਣਵਾਨ ਹੋ ਕੇ ਉਸ ਨੂੰ ਜਾਣ ਲੈਂਦੀ ਹੈ, ਉਹ ਉਸ ਪ੍ਰਭੂ ਵਰਗੀ ਹੀ ਹੋ ਜਾਂਦੀ ਹੈ।)
ਸੰਪਰਕ: 94642-51454

ਚੰਨ ਚਡ਼੍ਹਿਆ ਮਹੀਨਾ ਜੇਠ
ਮਜਲਸ ਬਹਿੰਦੀ ਅੰਬਾਂ ਹੇਠ
ਸਾਨੂੰ ਬਹਿਣ ਨਾ ਦਿੰਦਾ ਸਾਡਾ ਜੇਠ
ਕਦੋਂ ਘਰ ਆਓਗੇ ਅਡ਼੍ਹਿਆ!

ਪੱਤ ਹਰੇ ਤੇ ਹਰ ਕੀ ਜਾਂ
ਰੁਡ਼੍ਹਦੀ ਰਾਮ ਚੰਦਰ ਕੋਲ ਜਾਂ
ਵਿਛੋਡ਼ਾ ਮਿਲਿਆ ਭੋਲੀਏ ਮਾਂ
ਰਾਂਝਣ ਮਿਲੇ ਤੇ ਜੀਵਾਂ ਤਾਂ
ਕਦੋਂ ਘਰ ਆਓਗੇ ਅਡ਼੍ਹਿਆ!
ਲੋਕ ਗੀਤ
***
ਜੇਠ ਜਿਗਰ ਜੀ ਜਲਿਆ ਮੇਰਾ ਰੋਵਾਂ ਤੇ ਕੁਰਲਾਂਵਾਂ ਮੈਂ।
ਪਾਣੀ ਬਿਲ ਜਿਉਂ ਤਡ਼ਫੇ ਮਛਲੀ ਤੁਧ ਬਾਝੋਂ ਤਡ਼ਫਾਵਾਂ ਮੈਂ
ਨਾ ਬਣ ਭਾਵੇਂ ਸ਼ਹਿਰ ਸੁਖਾਵੇ ਆਖ ਕਿਥੇ ਟੁਰ ਜਾਵਾਂ ਮੈਂ
ਧਰਮਦਾਸ ਨਾ ਮਹਿਰਮ ਕੋਈ ਕੈਨੂੰ ਹਾਲ ਸੁਣਾਵਾਂ ਮੈਂ।।
ਧਰਮਦਾਸ
***
ਅੱਗੋਂ ਜੇਠ ਮਹੀਨਾ ਆਇਆ, ਤੁਸਾਂ ਚਿਤ ਕਿਤੇ ਵੱਲ ਲਾਇਆ?
ਘਰਿ ਅੰਬ ਤੇ ਦਾਖਾਂ ਪੱਕੀਆਂ, ਮੈਂ ਰੁੱਖ ਦੂਤਾਂ ਥੀਂ ਥੱਕੀਆਂ;
ਜੇ ਮਾਲੀ ਮੂਲ ਨਾ ਬਾਹੁਡ਼ੇ, ਕੌਣ ਰਾਖੀ ਕਰੇ ਅਨਾਰ ਦੀ?

ਮੇਰਾ ਜੋਬਨ ਬਹੁਤ ਉਤਾਵਲਾ, ਉਹ ਨੌਂਸ਼ਹੁ ਫਿਰਦਾ ਬਾਵਲਾ;
ਮੇਰਾ ਸੀਨਾ ਸੂਲਾਂ ਸੱਲਿਆ, ਜੋ ਆਇਆ ਸਿਰ ’ਤੇ ਝੱਲਿਆ?
ਕੁਝ ਮਿਹਰ ਨਹੀਂ ਦਿਲ ਯਾਦ ਦੇ, ਸਾਨੂੰ ਗੁੱਝੀ ਆਤਿਸ਼ ਸਾਡ਼ਦੀ।

ਮੈਨੂੰ ਸਬਰ ਕਰਾਰ ਨਾ ਆਉਂਦਾ, ਨਹੀਂ ਖਾਲੀ ਵਿਹਡ਼ਾ ਭਾਉਂਦਾ।
ਨਿਤ ਸਾਡ਼ਨ ਨੂੰ ਅੱਗ ਲੱਜ ਦੀ, ਇਹ ਪਾਣੀ ਨਾਲ ਨਾ ਬੁਝਦੀ;
ਕਜ ਧੁੰਨਾ ਬਾਹਿਰ ਨਿਕਲੇ, ਕਿਆ ਖ਼ੂਬੀ ਇਸ ਨਾਰ ਦੀ;

ਮੈਨੂੰ ਉਠਣ ਬਹਿਣ ਨਾ ਸੁਝਦਾ, ਮੇਰਾ ਅੰਦਰ ਬਲ ਬਲ ਬੁਝਦਾ;
ਕਦੀ ਖ਼ਾਬੇ ਅੰਦਰ ਆਉਂਦਾ, ਫੇਰ ਜਾਗਦਿਆਂ ਉਠ ਜਾਂਵਦਾ।
ਮੈਂ ਵਾਂਗ ਜ਼ੁਲੇਖਾਂ ਪੁੱਛਦੀ, ਗੱਲ ਯੂਸਫ਼ ਮਿਸਰ ਬਜ਼ਾਰ ਦੀ।੩। ਫ਼ਰਦ ਫਕੀਰ
***
ਚਡ਼੍ਹਿਆ ਜੇਠ ਨਹੀਂ ਕੁਝ ਸੁੱਝੇ, ਭੁਖ ਦੁਖ ਬ੍ਰਿਹ ਦੇ ਲੁਝੇ
ਮੇਰਾ ਪਇਆ ਕਲੇਜਾ ਭੁੱਜੇ, ਕਿੱਕਰ ਜੀਵਸਾਂ।੧।
ਕਿੱਕਰ ਜੀਵਸਾਂ ਉਡਣ ਲਹਿਰੀਂ, ਧੁਪਾਂ ਪੈਣ ਜੇਠ ਦੀਆਂ ਕਹਿਰੀਂ
ਨਿਤ ਉਠ ਭੱਜਾਂ ਸਿਖਰ ਦੁਪਹਿਰੀਂ, ਛਾਲੇ ਪਏ ਬੰਦੀ ਦੀ ਪੈਰੀਂ
ਮੁਡ਼ ਮੁਡ਼ ਉਠਣ ਬ੍ਰਿਹੋਂ ਦੀਆਂ ਲਹਿਰੀਂ, ਫਿਰਾਂ ਢੂੰਡੇਦਡ਼ੀ।੨।

ਫਿਰਾਂ ਢੂੰਡੇਦਡ਼ੀ ਇਸ਼ਕ ਦਿਵਾਨੀ, ਸਿਆਮਾ! ਆਵੀਂ ਮੋਰੇ ਜਾਨੀ
ਤੈਂ ਬਿਨ ਹੋਈ ਬਹੁਤ ਨਿਮਾਣੀ, ਕਿਧਰ ਗਿਆ ਯਾਰ ਗੁਮਾਨੀ
ਕੋਈ ਹੋਰ ਨਾ ਉਸ ਦਾ ਸਾਨੀ, ਦਿਵਾਨੀ ਮੈਂ ਫਿਰਾਂ।੩।

ਦਿਵਾਨੀ ਮੈਂ ਫਿਰਾਂ ਸੁਣ ਪੀਰਾ, ਹੱਡੀ ਲਗ ਰਹੀਆਂ ਤਨ ਪੀਡ਼ਾ
ਸਿਆਮ ਜੀ ਕਸਮ ਅਸਾਨੂੰ ਪੀਰਾ, ਰੱਤੀ ਰੱਤ ਨਹੀਂ ਸਰੀਰਾ
ਤਨ ਮਨ ਕੀਤਾ ਬ੍ਰਿਹੋਂ ਨੇ ਲੀਰਾ, ਸੁਣ ਜਗਦੀਸ਼ ਤੂੰ।੪।
ਗੁਲਾਮ ਹੁਸੈਨ
* * *
ਦੋਹਰਾ– ਜੇਠ ਜੇ ਠਾਕਰ ਘਰ ਨਹੀਂ, ਮਨ ਤਜਿਆ ਘਰ ਦੇ,
ਰਸਨੀ ਭੀ ਘਰਿ ਛੋਡਿਆਂ, ਹੋਠ ਦੁਤਾਕਾ ਦੇਹ।
ਝੂਲਨਾ– ਮੁਞੇ ਜੇਠ ਮੈਂਢੀ ਭੁੱਖ ਨੀਂਦ ਗਈ,
ਆਇਆ ਸੂਲ ਹੈਰਾਨੀ ਕੀ ਕਰਸਾਂ ਨੀ?
ਬਾਝ ਮੀਤ ਪਿਆਰੇ ਘਰੀ ਘਰੀ,
ਰਾਤੀ ਦਿਹਾਂ ਈਵੇਂ ਪਈ ਸਰਸਾਂ ਨੀ।
ਹੁਣ ਕੂਕਨੀਆਂ ਕਿਕੇ ਕੂਕਸਾਂ ਨੀ,
ਦੁੱਖ ਇਤਨਾ ਕਿਉਂ ਕਰ ਜਰਸਾਂ ਨੀ?
ਜੇਠ ਮਾਹ ਦਾ ਝੂਲਨਾ ਬੂਝਨਾ,
ਮੈਨੂੰ ਆਇਆ ਵਿਛੋਡ਼ਾ ਮੈਂ ਮਰਸਾਂ ਨੀ।੪। ਸਯੱਦ ਸ਼ਾਹ ਮੁਰਾਦ


Comments Off on ਜੇਠ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.