ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਜਾਹਰ ਪੀਰੁ ਜਗਤੁ ਗੁਰ ਬਾਬਾ

Posted On May - 22 - 2019

ਗੁਰੂ ਨਾਨਕ ਦੇਵ ਜੀ ਸੰਸਾਰ ’ਤੇ ਕਿਸੇ ਇੱਕ ਫਿਰਕੇ ਲਈ ਨਹੀਂ ਸਨ ਆਏ ਸਗੋਂ ਉਨ੍ਹਾਂ ਨੇ ਪੂਰੇ ਜਗਤ ਦੇ ਕਲਿਆਣ ਲਈ ਅਵਤਾਰ ਧਾਰਿਆ ਸੀ। ਇਸ ਕਰਕੇ ਹੀ ਵਿਸ਼ਵ ਭਰ ਵਿਚ ਸਾਲ 2019 ਨੂੰ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਮਨਾਇਆ ਜਾ ਰਿਹਾ ਹੈ। ਭਾਰਤ ਸਰਕਾਰ ਦੇ ਵਿਦੇਸ਼ਾਂ ਵਿਚਲੇ ਸਾਰੇ ਦੂਤਘਰ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਸਮਾਗਮ ਕਰਵਾ ਰਹੇ ਹਨ।
ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਆਪਣੀ ਤੁਛ ਬੁੱਧੀ ਨਾਲ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਅੱਜ ਦੇ ਸਮਾਜ ਦੇ ਵਰਤਾਰੇ ਨੂੰ ਵੇਖ ਕੇ ਮਨ ਦੁੱਖੀ ਹੁੰਦਾ ਹੈ। ਭਾਵੇਂ ਅਸੀਂ ਦੁਨੀਆਂ ਨੂੰ ਵਹਿਮਾਂ ਭਰਮਾਂ ’ਚੋਂ ਕੱਢਣ, ਇੱਕ ਪ੍ਰਮਾਤਮਾ ਨਾਲ ਜੋੜਨ ਵਾਲੇ, ਜਾਤ-ਪਾਤ, ਭੇਦਭਾਵ, ਲਿੰਗ-ਭੇਦ ਤੋਂ ਉੱਪਰ ਉੱਠ ਕੇ ਪ੍ਰੇਮ ਤੇ ਸਦਭਾਵਨਾ ਦਾ ਪਾਠ ਪੜ੍ਹਾਉਣ ਵਾਲੇ ਗੁਰੂਆਂ ਦੇ ਅਸੀਂ ਵਾਰਸ ਕਹਾਉਂਦੇ ਹਾਂ ਪਰ ਜਦੋਂ ਗੁਰੂਆਂ ਦੇ ਪੰਥ ਦੇ ਪਾਂਧੀਆਂ ਨੂੰ ਹੀ ਆਪਣੇ ਗੁਰੂਆਂ ਦੇ ਫਲਸਫੇ ਦੇ ਉਲਟ ਕੰਮ ਕਰਦੇ ਵੇਖਦਾ ਹਾਂ ਤਾਂ ਮਨ ਨੂੰ ਤਕਲੀਫ ਹੁੰਦੀ ਹੈ। ਹੁਣ ਜਦੋਂ ਸਾਰਾ ਸੰਸਾਰ ਸਾਲ 2019 ਨੂੰ ਗੁਰੂ ਸਾਹਿਬ ਦੀ ਜਨਮ ਸ਼ਤਾਬਦੀ ਦੇ ਰੂਪ ਵਿਚ ਮਨਾ ਰਿਹਾ ਹੈ ਤਾਂ ਸਭ ਨੂੰ ਚਾਹੀਦਾ ਹੈ ਕਿ ਸਮਾਗਮ ਕਰਵਾਉਣ ਦੇ ਨਾਲ-ਨਾਲ ਸਵੈ-ਪੜਚੋਲ ਕਰੀਏ ਕਿ ਅਸੀਂ ਸੱਚਮੁੱਚ ਸਾਹਿਬ ਗੁਰੂ ਨਾਨਕ ਦੇਵ ਦੇ ਸਿੱਖ ਅਖਵਾਉਣ ਦੇ ਕਾਬਲ ਵੀ ਹਾਂ ਜਾਂ ਨਹੀਂ। ਪੜਚੋਲ ਕਰਕੇ ਆਪਣੇ ਗੁਰੂਆਂ ਵੱਲੋਂ ਦਿੱਤੀ ਵਿਚਾਰਧਾਰਾ ਨੂੰ ਅਪਣਾਈਏ। ਜਾਤੀਵਾਦ ਤੇ ਧਰਮਾਂ-ਨਸਲਾਂ ਦੇ ਨਾਂ ’ਤੇ ਨਫਰਤ, ਔਰਤ ਨੂੰ ਸਨਮਾਨ ਨਾ ਦੇਣਾ ਤੇ ਬਲਾਤਕਾਰ ਵਰਗੀਆਂ ਘਟਨਾਵਾਂ ਦਾ ਵਾਪਰਨਾ, ਵਹਿਮਾਂ-ਭਰਮਾਂ ਤੇ ਪਾਖੰਡਾਂ ’ਚ ਸਮਾਜ ਦਾ ਉਲਝੇ ਹੋਣਾ, ਪਰਾਇਆ ਹੱਕ ਖਾਣ ਤੇ ਲੋਭ ਦੀ ਪ੍ਰਵਰਿਤੀ, ਨਿੰਦਾ-ਚੁਗਲੀ ਤੇ ਝੂਠ ਦਾ ਬੋਲਬਾਲਾ ਅਤੇ ਟੁੱਟਦੇ ਰਿਸ਼ਤਿਆਂ ਨੂੰ ਜਦੋਂ ਸਮਾਜ ’ਚ ਤੱਕਦਾ ਹਾਂ ਤਾਂ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹਾਂ ਕਿ ਅਸੀਂ ਅਸਲ ਵਿਚ ਗੁਰੂ ਨਾਨਕ ਦੇਵ ਦੇ ਵਾਰਸ ਬਣ ਹੀ ਨਹੀਂ ਪਾਏ, ਅਸੀਂ ਉਨ੍ਹਾਂ ਦੇ ਫਲਸਫੇ ਨੂੰ ਧਾਰਨ ਕੀਤਾ ਹੀ ਨਹੀਂ।
ਗੁਰੂ ਨਾਨਕ ਦੇਵ ਦੇ 550ਸਾਲਾ ਪ੍ਰਕਾਸ਼ ਪੁਰਬ ’ਤੇ ਸਾਨੂੰ ਆਪਣੇ ਅੰਦਰ ਝਾਤੀ ਮਾਰੀ ਕੇ ਗੁਰੂ ਸਾਹਿਬ ਦੀ ਵਿਚਾਰਧਾਰਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਫਲਸਫੇ ਨੂੰ ਹੂ-ਬ-ਹੂ ਆਪਣੇ ਜੀਵਨ ’ਚ ਧਾਰਨ ਦਾ ਅਹਿਦ ਕਰਨਾ ਚਾਹੀਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਸ਼ੁਰੂ ਕੀਤਾ ਜਾ ਚੁੱਕਾ ਹੈ। ਇਸ ਵਰ੍ਹੇ ਕਮੇਟੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵੀ ਕਦਮ ਚੁੱਕ ਰਹੀ ਹੈ ਕਿਉਂਕਿ ਜੇ ਆਉਣ ਵਾਲੀ ਪੀੜ੍ਹੀ ਪੰਜਾਬੀ ਨੂੰ ਹੀ ਭੁੱਲ ਗਈ ਤਾਂ ਗੁਰਬਾਣੀ ਨਾਲੋਂ ਵੀ ਟੁੱਟ ਜਾਵੇਗੀ।

ਮਨਜਿੰਦਰ ਸਿੰਘ ਸਿਰਸਾ*

ਗੁਰੂ ਨਾਨਕ ਦੇਵ ਅਨੁਸਾਰ ਜਾਤ ਮੁਤਾਬਿਕ ਕੋਈ ਨੀਚ ਨਹੀਂ ਬਲਕਿ ਉਹ ਤਾਂ ਕਹਿੰਦੇ ਹਨ ‘ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ’ ਭਾਵ ਝੂਠ ਹੀ ਨੀਚਤਾ ਦਾ ਪੈਮਾਨਾ ਹੈ। ਜਦੋਂ ਪਿੰਡਾਂ ਵਿਚ ਜਾਤਾਂ ਦੇ ਨਾਂ ’ਤੇ ਵੱਖ-ਵੱਖ ਗੁਰਦੁਆਰੇ ਬਣੇ ਨਜ਼ਰ ਆਉਂਦੇ ਹਨ ਤਾਂ ਹੈਰਾਨੀ ਹੁੰਦੀ ਹੈ ਕਿ ਇਹ ਕਿਹੜੇ ਸਿੱਖ ਹਨ, ਗੁਰੂ ਨਾਨਕ ਦੇਵ ਦੇ ਤਾਂ ਨਹੀਂ ਹੋ ਸਕਦੇ।
ਗੁਰੂ ਨਾਨਕ ਦੇਵ ਨੇ ਔਰਤ ਨੂੰ ਬਰਾਬਰੀ ਦਾ ਹੱਕ ਦੇਣ ਅਤੇ ਸਨਮਾਨ ਦੇਣ ਲਈ ਜ਼ੋਰ ਦੇ ਕੇ ਕਿਹਾ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।’
ਅੱਜ ਅਸੀਂ ਔਰਤ ਨੂੰ ਬਰਾਬਰੀ ਦਾ ਹੱਕ ਦੇਣ ਦੀ ਗੱਲ ਤਾਂ ਕਰ ਰਹੇ ਹਾਂ ਪਰ ਮਾਨਸਿਕ ਤੌਰ ’ਤੇ ਔਰਤ ਪ੍ਰਤੀ ਸਾਡੀ ਸੋਚ ਪੁਰਾਣੀ 15ਵੀਂ ਸਦੀ ਵਾਲੀ ਹੀ ਲੱਗਦੀ ਹੈ। ਅਜਿਹਾ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਅਖਬਾਰਾਂ ’ਚ ਬਲਾਤਕਾਰ ਦੀਆਂ ਖਬਰਾਂ ਪੜ੍ਹਦੇ ਹਾਂ ਜਾਂ ਦਾਜ ਲਈ ਨੂੰਹਾਂ ਨੂੰ ਮਾਰਨ ਦੀਆਂ ਖਬਰਾਂ ਛਪਦੀਆਂ ਹਨ। ਅੱਜ ਦੇ ਸਮਾਜ ’ਚ ਵਹਿਮ-ਭਰਮ ਤੇ ਪਾਖੰਡ ਵੀ ਉਸੇ ਤਰ੍ਹਾਂ ਹੀ ਹਨ ਜਿਵੇਂ ਗੁਰੂ ਸਾਹਿਬ ਦੇ ਸਮੇਂ ਵਿਚ ਸਨ। ਹੋਰ ਤਾਂ ਹੋਰ ਧਰਮ ਦੇ ਨਾਂ ’ਤੇ ਵੀ ਪਾਖੰਡ ਹੋ ਰਹੇ ਹਨ। ਅਸੀਂ ਕੰਮਕਾਰ ’ਚ ਵਾਧੇ ਲਈ ਅਤੇ ਬਿਮਾਰੀਆਂ ਤੋਂ ਬਚਣ ਲਈ ਉਪਾਅ ਕਰਵਾਉਣ ਦੇ ਚੱਕਰਾਂ ’ਚ ਅੱਜ ਵੀ ਪਾਖੰਡੀਆਂ ਤੋਂ ਲੁੱਟੇ ਜਾ ਰਹੇ ਹਾਂ ਪਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਵਹਿਮਾਂ-ਭਰਮਾਂ ’ਚੋਂ ਬਾਹਰ ਕੱਢਦੀ ਹੈ।
ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝ ਕੇ ਆਪਣੇ ਜੀਵਨ ’ਚ ਧਾਰਨ ਕਰ ਲਈਏ ਤਾਂ ਜੀਵਨ ’ਚ ਅਨੰਦ ਹੀ ਅਨੰਦ ਹੈ। ਗੁਰੂ ਨਾਨਕ ਦੇਵ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਵਰ੍ਹੇ ’ਚ ਸਾਨੂੰ ਗੁਰੂ ਦੀ ਵਡਿਆਈ ਦੇ ਨਾਲ ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਵੀ ਅਪਨਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ।
*ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ


Comments Off on ਜਾਹਰ ਪੀਰੁ ਜਗਤੁ ਗੁਰ ਬਾਬਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.