ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਗੋਡਿਆਂ ਵਿੱਚ ਸਿਰ, ਸਿਰ ਵਿੱਚ ਕੀ ਹੈ ਹੁਣ?

Posted On May - 27 - 2019

ਐੱਸ ਪੀ ਸਿੰਘ*

ਚੋਣਾਂ ਦੇ ਨਤੀਜੇ ਆ ਗਏ ਹਨ। ਦੇਸ਼ ਭਰ ਵਿੱਚ ਖਲਕਤ ਹੁਣ 303 ਵਾਰੀ ਮੋਦੀ-ਮੋਦੀ-ਮੋਦੀ ਉਚਾਰ ਰਹੀ ਹੈ। ਹਾਰੀ ਹੋਈ ਧਿਰ ਸੁੰਨ ਹੋਈ ਬੈਠੀ ਹੈ। ਇੰਜ ਜਾਪ ਰਿਹਾ ਹੈ ਜਿਵੇਂ ਕੋਈ ਮਿੱਟੀ ਚਿਰਾਂ ਬਾਅਦ ਕੁੱਟਿਆਂ ਭੁਰ ਗਈ ਹੋਵੇ। ਸਮਾਜਿਕ ਨਿਆਂ ਦੀ ਗੱਲ ਕਰਨ ਵਾਲੇ ਮੂੰਹ ਪਰਨੇ ਡਿੱਗੇ ਪਏ ਹਨ। ਲਖਨਊ ਤੋਂ ਰਾਏਸਿਨਾ ਪਹਾੜ ਵੱਲ ਨੂੰ ਤੁਰੇ ਜਾਂਦੇ ਹਾਥੀ ਨੂੰ ਭਗਵੀਂ ਝੰਡੀ ਵਿਖਾ ਥਾਏਂ ਰੋਕ ਦਿੱਤਾ ਗਿਆ ਹੈ। ਧਰਮ ਨਿਰਪੱਖਤਾ ਵਾਲੇ ਮਧੋਲੇ ਗਏ ਹਨ। ਰਾਜਨੀਤੀ ਵਿੱਚ ਲੋਹੀਆ ਦਾ ਜਾਪ ਕਰਨ ਵਾਲਿਆਂ ਦੀ ’ਵਾਜ ਨਹੀਂ ਨਿਕਲ ਰਹੀ। ਲਾਲ ਪਰਚਮ ਵਾਲੀ ਭੀੜ ਪਤਾ ਨਹੀਂ ਦਾਤੀ-ਹਥੌੜੇ ਕਿੱਥੇ ਵਿਸਾਰ, ਪਿੜ ਵਿੱਚੋਂ ਗਾਇਬ ਹੋਈ ਪਈ ਹੈ। ਬੰਗਾਲ ਦੀ ਖਾੜੀ ਵਾਲੇ ਪਾਸੇ ਪਰਿਵਰਤਨ ਮੂੰਹ ਨੂੰ ਆਇਆ ਪਿਆ ਏ। ਜਿਹੜਾ ਅੱਠ ਲੱਖ ਵੋਟਾਂ ਦੇ ਮਹਾਂ-ਫ਼ਰਕ ਨਾਲ ਜਿੱਤਿਆ, ਉਹ ਚਾਰੋਂ ਖਾਨੇ ਚਿੱਤ ਪਿਆ ਅਸਲੋਂ ਹਾਰਿਆ ਦਿਸ ਰਿਹਾ ਹੈ। ਨਯਾ ਹੁਕਮਨਾਮਾ ਦੇ ਤਸੱਵਰ ਅਨੁਸਾਰ ਪਾਰਲੀਮੈਂਟ ਵਿੱਚ ਲਗਭਗ ਦੋ ਤਿਹਾਈ ਫੁੱਲ ਹੁਣ ਯਕਰੰਗੀ ਹੀ ਖਿੜੇ ਹਨ।
ਚੁੱਪ ਦੀ ਆਵਾਜ਼ ਕਿਹੋ ਜਿਹੀ ਹੁੰਦੀ ਹੈ, ਤੁਸੀਂ ਸਿਆਸਤ ਨਾਲ ਕੰਨ ਲਾ ਕੇ ਸੁਣ ਸਕਦੇ ਹੋ। ਲੋਕ ਸਰੋਕਾਰਾਂ ਨਾਲ ਆਪਣੇ ਵਾਸਤੇ ਤੇ ਫ਼ਖ਼ਰ ਕਰਨ ਵਾਲੇ ਬਹੁਤੇ ਤਾਂ ਦੋ-ਚਾਰ ਦਿਨ ਗੋਡਿਆਂ ਵਿੱਚ ਸਿਰ ਦੇ ਕੇ ਪਏ ਰਹੇ। ਹਰ ਵਰਤਾਰੇ ਪਿੱਛੇ ਕਿਸੇ ਨਾ ਕਿਸੇ ਥਿਊਰੀ ਦੇ ਹੋਣ ਬਾਰੇ ਹਰ ਜਗਿਆਸੂ ਨੂੰ ਗਿਆਨ ਵੰਡਦੇ ਕਾਰਕੁਨ ਹੁਣ ਈਵੀਐੱਮ ਮਸ਼ੀਨਾਂ ਵਿੱਚ ਕਿਸੇ ਖ਼ੁਰਾਫਾਤ ਬਾਰੇ ਕਨਸੋਆਂ ’ਤੇ ਕੰਨ ਧਰਨ ਲੱਗ ਪਏ ਹਨ।
ਯਾਰ, ਬਾਕੀ ਤਾਂ ਸਭ ਠੀਕ ਹੈ ਪਰ 300 ਤੋਂ ਕਿਵੇਂ ਹੋਏ ਪਾਰ? ਇਹ ਸਵਾਲ ਤੰਗ ਕਰ ਰਿਹਾ ਹੈ ਲਗਾਤਾਰ। ਸੰਘ ਦੀ ਤਾਕਤ ਇੰਨੀ ਵਧ ਗਈ? ਸੰਘੋਂ ਨਹੀਂ ਉਤਰ ਰਿਹਾ ਇਹ ਤੱਥ। ਤੱਥ ਸਾਹਮਣੇ ਆਏ ਹਨ ਤਾਂ ਥਿਊਰੀ ਤਾਂ ਬਣਾਉਣੀ ਹੀ ਸੀ, ਸੋ ਕੁਝ ਇਉਂ ਬਣ ਰਹੀ ਹੈ – ਪੁਲਵਾਮਾ/ ਬਾਲਾਕੋਟ ਕਰਕੇ ਬਣ ਗਿਆ ਬਿਆਨੀਆ; ਹਿੰਦੂਤਵ ਦਾ ਏਜੰਡਾ ਉਭਾਰਿਆ ਗਿਆ; ਖ਼ਲਕਤ ਨੂੰ ਭੀੜ ਵਿੱਚ ਬਦਲ ਦਿੱਤਾ; ਪਾਕਿਸਤਾਨ ਨੂੰ ਨਿਸ਼ਾਨਾ ਦੱਸ ਦੇਸ਼ ਵਿੱਚ ਧਰਮ ਨਿਰਪੱਖਤਾ ਦਾ ਭੋਗ ਪਾ ਦਿੱਤਾ; ‘ਹਰ ਵੋਟ ਸੋਲਾਂ-ਕਲਾਂ-ਸੰਪੂਰਨ ਦੇ ਨਾਮ’ ਵਾਲਾ ਸੁਨੇਹਾ ਡੂੰਘਾ ਕੰਮ ਕਰ ਗਿਆ; ‘‘ਇਹ ਮਹਾਨ, ਅਤੇ ਜੇ ਇਹ ਨਹੀਂ ਤਾਂ ਕੌਣ?’’ ਇਸ ਨੇ ਕੀਤਾ ਮਾਮਲਾ 300 ਦੇ ਪਾਰ। ਦੇਸ਼ ਮਹਾਨ ਹੈ, ਖਤਰੇ ਮੰਡਰਾ ਰਹੇ ਹਨ, ਰਾਸ਼ਟਰ-ਵਿਰੋਧੀ ਦਾਅ ਨਾ ਲਾ ਜਾਣ, ਸਦੀਵੀ ਸੁੱਖ ਸ਼ਾਂਤੀ ਲਈ ਨੇਤਾ ਵੀ ਤਾਂ ਮਹਾਨ ਅਤੇ ਮਜ਼ਬੂਤ ਚਾਹੀਦਾ ਹੈ, ਬੱਸ ਇਹੀ ਦੱਸ ਕੋਈ ਫ਼ਤਵਾ ਲੈ ਗਿਆ ਹੈ। ਸਰੋਕਾਰੀ ਭੀੜ ਨੂੰ ਘਰ ਬਿਠਾ ਗਿਆ ਹੈ।

ਐੱਸ ਪੀ ਸਿੰਘ

ਜੇ ਇਸੇ ਬਿਆਨੀਏ ਨਾਲ ਧਰਵਾਸ ਮਿਲਦਾ ਹੈ ਤਾਂ ਫਿਰ ਧਰੇ ਹੀ ਰਹਿ ਜਾਓਗੇ। ਤੱਥਾਂ ਦੀ ਥਿਊਰੀ ਤੁਹਾਨੂੰ ਬਥੇਰੀ ਬਣਾਉਣੀ ਆਉਂਦੀ ਹੈ, ਚੌਹੀਂ ਦਿਸ਼ਾਈਂ ਤੁਹਾਡੀ ਇਸ ਕਲਾ ਦੀ ਗੂੰਜ ਹੈ। ਇਸ ਥਿਊਰੀ ਵਿੱਚ ਕਾਮਰੇਡ ਸੁਭਾਅ ਅਨੁਸਾਰ ਅਲਥੂਜ਼ਰ (Althusser) ਜਾਂ ਗ੍ਰਾਮਸ਼ੀ (Gramsci) ਵਾੜ ਸਕਦੇ ਹਨ ਅਤੇ ਕੇਸਰੀ ਵਿਚਾਰਸਾਜ਼ੀ ਵਾਲੇ ਨਿਰਭਓ-ਨਿਰਵੈਰ ਵਾਲੇ ਵਿਸ਼ੇਸ਼ਣ ਜੜ੍ਹ ਸਕਦੇ ਹਨ। ਵੈਸੇ ਦਹਾਕਿਆਂ ਤੋਂ ਇਹੀ ਕਰਦੇ ਆ ਰਹੇ ਹਾਂ। ਆਪ ਪਤਾ ਨਹੀਂ ਕਿੰਨਾ ਸਮਝਿਆ, ਪਰ ਸਭਨਾਂ ਨੂੰ ਸਮਝਾ ਰਹੇ ਹਾਂ। ਧਿਰਾਂ ਦੀਆਂ ਹੋਈਆਂ ਸਿਧਾਂਤਕ ਘੇਰਾਬੰਦੀਆਂ ਵਿੱਚ ਕਿਸ ਬਿਧ ਰੁਲ ਗਈਆਂ ਪਾਤਸ਼ਾਹੀਆਂ, ਇਹਦੇ ਮਰਸੀਏ ਗਾ ਰਹੇ ਹਾਂ।
ਵੈਸੇ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੁਰੇ ਦੀ ’ਵਾ ਕਿਸ ਪਾਸੇ ਵਗ ਰਹੀ ਸੀ। ਛੁਕ-ਛੁਕ ਕਰਦੀ ਭਗਵਾਂ ਧੂੰਆਂ ਉਗਲਦੀ ਗੱਡੀ 220 ਦੀ ਸਪੀਡ ’ਤੇ ਲੰਘ ਜਾਂਦੀ ਤਾਂ ਸਾਡਾ ਵਿਸ਼ਲੇਸ਼ਕ ਸਾਰਾ ਮਜ਼ਮੂਨ ਪਹਿਲੋਂ ਹੀ ਲਿਖੀ ਬੈਠਾ ਸੀ। ਗੋਡਿਆਂ ਵਿੱਚ ਸਿਰ ਦੇਣ ਦੀ ਨੌਬਤ ਤਾਂ 300 ਤੋਂ ਪਾਰ ਰਫ਼ਤਾਰ ਕਾਰਨ ਆਈ ਹੈ। ਏਦੂੰ ਘੱਟ ਮਾਰ ਪੈਂਦੀ ਤਾਂ ਸਰੋਕਾਰੀ ਨੇ ਕਾਹਨੂੰ ਸੋਚਣਾ ਸੀ? ਭਗਵਾਨ ਕ੍ਰਿਸ਼ਨ ਦੇ ਉਪਨਾਮ ਵਾਲਾ ਜੇ ਬਿਹਾਰ ਦੇ ਲੈਨਿਨਗ੍ਰਾਦ ਵਿੱਚ ਕੋਈ ਸੁਰਖ਼ ਫੁੱਲ ਖਿੜਾ ਦਿੰਦਾ ਤਾਂ ਅੱਧੀ ਭੀੜ ਨੇ ਉਂਝ ਹੀ ਤਸੱਲੀਆਂ ਕਰ ਮੁੜ ਖੜ੍ਹੇ ਹੋ ਜਾਣਾ ਸੀ। ਜੇ ਸਾਈਕਲ ਉੱਤੇ ਹਾਥੀ ਚਾੜ੍ਹ ਜਾਂ ਹਾਥੀ ਉੱਤੇ ਸਾਈਕਲ ਰੱਖ ਕੋਈ ਰਾਹ ਮਿਲ ਜਾਂਦਾ ਤਾਂ ਤਸੱਲੀ ਦੇਂਦੀ ਸੁਰਖ਼ੀ ਪੜ੍ਹਨ ਨੂੰ ਤਾਂ ਅਸੀਂ ਬੜੇ ਕਾਹਲੇ ਬੈਠੇ ਸਾਂ। ਉਹਨੂੰ ਵੇਖ ਕਿੰਨਾ ਧਰਵਾਸ ਆ ਰਿਹਾ ਸੀ ਜਿਹੜਾ ਕਹਿ ਰਿਹਾ ਸੀ ਕਿ ਮੇਰੇ ਸਾਹਮਣੇ ਤਾਂ ਆਵੇ 56 ਇੰਚ ਸੀਨੇ ਵਾਲਾ, 15 ਮਿੰਟ ਵੀ ਖੜ੍ਹਾ ਨਹੀਂ ਹੋ ਸਕੇਗਾ? ਆਪ ਉਹ ਅਮੇਠੀ ਵਿੱਚ ਖੜ੍ਹਾ ਹੋਇਆ ਸੀ, ਹੁਣ ਸਮ੍ਰਿਤੀ ਵਿੱਚ ਏਨਾ ਹੀ ਹੈ ਕਿ ਚਿੱਤ ਹੋਇਆ ਡਿੱਗਿਆ ਪਿਆ ਹੈ।
ਵੈਸੇ ਜਿਹੜਾ ਸਿਰ ਅੱਜ ਗੋਡਿਆਂ ਵਿੱਚ ਹੈ, ਉਸੇ ਸਿਰ ਵਿੱਚ 1984 ਵਿੱਚ ਇਹ ਖਿਆਲ ਕਿਉਂ ਨਾ ਆਇਆ ਕਿ ਜਿਊਂਦਿਆਂ ਦੇ ਰਾਜਧਾਨੀ ਵਿੱਚ ਕੀਤੇ ਸਸਕਾਰਾਂ ਤੋਂ ਬਾਅਦ ਹੀ ਦੇਸ਼ ਬਦਲ ਗਿਆ ਸੀ? ਉਦੋਂ ਵੀ ਤਾਂ ਕੋਈ ਡਿੱਗਦੇ ਦਰੱਖਤ ਨਾਲ ਹਿੱਲਦੀ ਧਰਤ ਦਾ ਬਿਆਨੀਆ ਬਣਾ, ਲੋਕਾਂ ਕੋਲੋਂ ਫ਼ਤਵਾ ਲੈਣ ਗਿਆ ਸੀ। ਅੱਜ ਤਾਂ 303 ਵਾਲੇ ਨੇ ਚੀਕਾਂ ਮਰਵਾਈਆਂ ਹਨ, ਉਹ ਪਾਇਲਟ ਤਾਂ 404 ਲੈ ਕੇ ਆਇਆ ਸੀ। ਪਿਛਲੇ ਸਾਢੇ ਤਿੰਨ ਦਹਾਕਿਆਂ ਵਿੱਚ ਧਰਮਨਿਰਪੱਖੀਆਂ ਨੇ, ਲੋਹੀਆ ਦੇ ਅਨੁਯਾਈਆਂ ਨੇ, ਲਿਬਰਲ ਡੈਮੋਕ੍ਰੇਟ ਅਗਾਂਹਵਧੂਆਂ ਨੇ ਕਿੱਥੇ ਕਿੱਥੇ ਕੀਰਨੇ ਪਾ ਆਸਮਾਨ ਸਿਰ ’ਤੇ ਚੁੱਕੀ ਰੱਖਿਆ ਸੀ? ਉਸੇ ਚੁੱਪ ਵਿੱਚੋਂ 2002 ਦਾ ਤਾਂਡਵ ਉਪਜਦਾ ਹੈ, ਉਸੇ ਤਜਰਬੇ ਦੀ ਲਗਾਤਾਰਤਾ ਵਿੱਚ ਪਹਿਲੂ ਖ਼ਾਨ ਦਾ ਘਾਣ ਹੁੰਦਾ ਹੈ, ਉਸੇ ਚੁੱਪ ਦੀ ਖਾਈ ਵਿੱਚ ਨਜੀਬ ਗਵਾਚਦਾ ਹੈ।
ਜਦੋਂ 1991 ਵਿੱਚ ਆਰਥਿਕ ਨੀਤੀਆਂ ਨੂੰ ਬਦਲ ਸਰਮਾਏਦਾਰੀ ਦੀ ਜ਼ਮੀਨ ਤਿਆਰ ਕੀਤੀ ਸੀ ਤਾਂ ਉਸ ਦੀ ਸਫਲਤਾ ਵਿੱਚੋਂ ਅੱਜ ਵਾਲੀ ਇਸ ਮਿਡਲ ਕਲਾਸ ਦਾ ਹੀ ਨਿਰਮਾਣ ਹੋਣਾ ਸੀ ਜਿਹੜੀ ਅੱਜ ਮਜ਼ਬੂਤ ਨੇਤਾ ਭਾਲਦੀ ਹੈ, ਪ੍ਰਧਾਨ ਮੰਤਰੀ ਵਿੱਚੋਂ ਰੌਕ ਸਟਾਰ ਤਲਾਸ਼ਦੀ ਹੈ।
ਜਦੋਂ ਧਰਮ-ਨਿਰਪੱਖ ਸਰਕਾਰਾਂ ਸਰਮਾਏਦਾਰੀ ਦੇ ਧਰਮ ਦੀ ਮਰਿਆਦਾ ਅਨੁਸਾਰ ਸਿੱਖਿਆ ਦੇ ਪਿੜ ਵਿੱਚੋਂ ਭਗੌੜੀਆਂ ਹੋ ਜਾਣ ਅਤੇ ਦੇਸ਼-ਦੁਨੀਆਂ-ਸਮਾਜ ਨੂੰ ਸਮਝਣ ਵਾਲੇ ਨਾਗਰਿਕ ਦੀ ਥਾਂ ਇੱਕ ਵੈਲਡਿੰਗ ਕਰਨ ਵਾਲੇ ਜਾਂ ਕੰਪਿਊਟਰ ਉੱਤੇ ਜਾਦੂਗਰੀ ਕਰਨ ਵਾਲੇ ਹੁਨਰਮੰਦ ਦਾ ਨਿਰਮਾਣ ਕਰਨ ਲੱਗ ਜਾਣ ਕਿਉਂ ਜੋ ਮੰਡੀ ਵਿੱਚ ਉਹਦੀ ਜ਼ਰੂਰਤ ਹੈ ਤਾਂ ਇਸ ਵਰਤਾਰੇ ਵਿੱਚੋਂ ਸੋਚਣ-ਸਮਝਣ-ਸਵਾਲ ਕਰਨ ਵਾਲੀ ਖਲਕਤ ਨਹੀਂ ਉਪਜਣੀ ਸੀ। ਇਸ ਵਿੱਚੋਂ ਤਾਂ ਕੋਈ ਭੀੜ ਹੀ ਪੈਦਾ ਹੋਣੀ ਸੀ ਜਿਸ ਨੇ ਕਿਸੇ ਅਦੁੱਤੀ ਮਨੁੱਖ ਪਿੱਛੇ ਲੱਗਣਾ ਸੀ।
ਜਦੋਂ ਸਾਰਥਕ ਰਾਜਨੀਤੀ ਦੀ ਪਰਿਭਾਸ਼ਾ ਨੌਕਰੀਆਂ, ਸਹੂਲਤਾਂ ਅਤੇ ਮਹਿੰਗਾਈ ਤੱਕ ਸੀਮਤ ਹੋ ਜਾਵੇ ਅਤੇ ਇਹ ਸਭ ਸਗੋਂ ਅਲੋਕਾਰੀ ਨਿਸ਼ਾਨੇ ਜਾਪਣ ਲੱਗ ਜਾਣ ਤਾਂ ਇਹ ਆਪਣੇ ਆਪ ਨੂੰ ਸਰੋਕਾਰੀ ਕਹਾਉਂਦੀ ਸਿਆਸਤ ਦੀ ਧੁਰ-ਅੰਦਰਲੀ ਗੁਰਬਤ ਦਰਸਾਉਂਦਾ ਹੈ। ਵਡੇਰੀ ਸਰਮਾਏਦਾਰੀ ਵਿੱਚ ਹੁਣ ਏਨੀ ਕੁੱਵਤ ਹੈ ਕਿ ਲੱਖਾਂ ਕਰੋੜਾਂ ਨੂੰ ਦਾਨਪਾਤਰੀ ਬਣਾਉਣ ਲਈ ਚੋਖੀਆਂ ਰਕਮਾਂ ਦਿੱਤੀਆਂ ਜਾ ਸਕਦੀਆਂ ਹਨ। ਸਿਰ ’ਤੇ ਛੱਤ, ਰਸੋਈ ਵਿੱਚ ਗੈਸ, ਸਸਤਾ ਆਟਾ ਦਾਲ, ਵਿਧਵਾ ਨੂੰ ਪੈਨਸ਼ਨ, ਹਸਪਤਾਲ ਵਿੱਚ ਇਲਾਜ – ਇਹ ਸਭ ਕਦੀ ਰਾਜਨੀਤਕ ਉਦੇਸ਼ ਜਾਪਦਾ ਸੀ। ਹੁਣ ਸਰਮਾਏਦਾਰੀ ਜਮਾਤ ਦੀ ਲੰਬੀ ਉਮਰ ਲਈ ਕਰਵਾਏ ਜਾ ਰਹੇ ਬੀਮੇ ਦਾ ਪ੍ਰੀਮੀਅਮ ਮਾਤਰ ਹੈ।
303 ਤੋਂ ਬਾਅਦ ਕਈ ਕੰਮ ਕਰਨ ਵਾਲੇ ਹਨ। ਰਾਸ਼ਟਰਵਾਦੀ ਬਿਆਨੀਏ ਦਾ ਰੋਣਾ ਰੋਂਦਾ ਅਮੇਠੀ ਵਿਚਲਾ ਕੋਈ ਬਾਲ ਆਪਣੀ ਪਾਰਟੀ ਦੀ ਸਿਆਸਤ ਦਾ ਪੁਰਾਣਾ ਕਾਇਦਾ ਮੁੜ ਫੋਲੇ ਜਿਸ ਵਿੱਚ ਲੋਕ ਆਵਾਜ਼ਾਂ ਨੂੰ ਦੱਬਣ ਵਾਲੀ ਤਰ੍ਹਾਂ ਤਰ੍ਹਾਂ ਦੀ ਕਾਨੂੰਨਸਾਜ਼ੀ ਦੀ ਦਾਸਤਾਨ ਲਿਖੀ ਪਈ ਹੈ। ਲਾਲ ਪਰਚਮ ਵਾਲੇ ਸਿੱਝਣ ਉਨ੍ਹਾਂ ਦਿਨਾਂ ਨਾਲ ਜਦੋਂ ਖ਼ੁਦਮੁਖਤਾਰੀ ਦੇ ਨਾਅਰੇ ਵਿੱਚ ਵੱਖਵਾਦ ਵੇਖ ਉਹ ਆਪ ਰਾਸ਼ਟਰਵਾਦੀ ਹੋਏ ਦੇਸ਼ ਦੀ ਅਖੰਡਤਾ ਦੇ ਵੱਡੇ ਮੁੱਦਈ ਬਣੇ ਬੈਠੇ ਸਨ। ਕੇਸਰੀਏ ਨਜਿੱਠਣ ਆਪਣੇ ਅੰਦਰਲੇ ਨਾਲ ਕਿ ਜਦੋਂ ਭਗਵੇਂ ਨਾਲ ਖਹਿਣਾ ਸੀ, ਉਦੋਂ ਨਜ਼ਲਾ ਉਨ੍ਹਾਂ ’ਤੇ ਝਾੜ ਰਹੇ ਸਨ ਜਿਹੜੇ ਬੱਸ ਏਨਾ ਹੀ ਕਹਿ ਰਹੇ ਸਨ ਕਿ ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ।
ਜੇ ਅਜੇ ਅਗਲੀ ਜਿਗਿਆਸਾ ਇਹ ਹੈ ਕਿ ਜੱਫੀਆਂ ਵਾਲਾ ਆਪ ਪਾਰਟੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਵੇਗਾ ਜਾਂ ਕਿਸੇ ਕਪਤਾਨ ਦੇ ਕਹੇ ਕਿਸੇ ਹਾਸਾ-ਠੱਠਾ-ਸਿਆਸਤ ਕਰਦੇ ਦਾ ਅਸਤੀਫ਼ਾ ਲਵੇਗਾ? ਜੇ ਅਜੇ ਵੀ ਸਹੁੰ ਖਾ ਕੇ ਏਨੇ ਨਾਲ ਹੀ ਤਸੱਲੀ ਕਰ ਲੈਣੀ ਹੈ ਕਿ ਮਨੁੱਖੀ ਹਕੂਕ ਦੀ ਸਰਜ਼ਮੀਨ ਖਡੂਰ ਸਾਹਿਬ ਦੀ ਸੀਟ ਦੇ ਲਾਲ ਡੋਰੇ ਤੱਕ ਮਹਿਦੂਦ ਹੈ ਅਤੇ ਸੰਗਰੂਰ ਵਿੱਚ ਫਾਰਚਿਊਨਰ ਗੱਡੀ ਦੀ ਛੱਤ ਉੱਤੇ ਨੱਚ ਕੇ ਆਉਂਦੇ ਇਨਕਲਾਬ ਦੀ ਸੂਹ ਮਿਲ ਰਹੀ ਹੈ ਤਾਂ ਮੇਰਾ ਫ਼ੈਸਲਾ ਅਜੇ ਗੋਡਿਆਂ ਵਿੱਚ ਸਿਰ ਦੇ ਕੇ ਕੁਝ ਸਮਾਂ ਹੋਰ ਸੁੰਨ ਬੈਠੇ ਰਹਿਣ ਦਾ ਹੀ ਹੈ। ਨਤੀਜੇ ਹਮੇਸ਼ਾਂ ਸਮਝ ਆ ਜਾਣ, ਇਹ ਜ਼ਰੂਰੀ ਤਾਂ ਨਹੀਂ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਗੋਡਿਆਂ ਵਿੱਚ ਸਿਰ ਦੇ ਕੇ ਸੁੰਨ ਬੈਠਣ ਨੂੰ ਅੰਦਰਲੇ ਦੇ ਜਿਊਂਦੇ ਹੋਣ ਦੀ ਗਵਾਹੀ ਸਮਝਦਾ ਹੈ।)

Media Library


Comments Off on ਗੋਡਿਆਂ ਵਿੱਚ ਸਿਰ, ਸਿਰ ਵਿੱਚ ਕੀ ਹੈ ਹੁਣ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.