ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਗਊ ਮੂਤਰ: ਭਰਮ ਤੇ ਭੁਲੇਖੇ

Posted On May - 24 - 2019

ਡਾ. ਅਰੁਣ ਮਿੱਤਰਾ*

ਭੁਪਾਲ ਲੋਕ ਸਭਾ ਹਲਕੇ ਤੋਂ ਜੇਤੂ ਰਹੀ ਭਾਰਤੀ ਜਨਤਾ ਪਾਰਟੀ ਦੀ ਆਗੂ ਪ੍ਰੱਗਿਆ ਸਿੰਘ ਠਾਕੁਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੈਂਸਰ ਗਊ ਮੂਤਰ ਪੀਣ ਨਾਲ ਠੀਕ ਹੋਇਆ ਹੈ। ਇਸ ਕਥਨ ਨੇ ਪ੍ਰਸ਼ਨ ਖੜ੍ਹਾ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਮੁਲਕ ਵਿਚ ਮੈਡੀਕਲ ਵਿਗਿਆਨ, ਮਿੱਥਿਆ ਉੱਤੇ ਆਧਾਰਿਤ ਹੋਵੇਗਾ ਜਾਂ ਪ੍ਰਮਾਣ ਆਧਾਰਿਤ ਵਿਗਿਆਨਕ ਵਿਚਾਰਾਂ ਉੱਤੇ। ਰਾਮ ਮਨੋਹਰ ਲੋਹੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਸਰਜਨ ਡਾ. ਐੱਸਐੱਸ ਰਾਜਪੂਤ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਪ੍ਰੱਗਿਆ ਦੇ ਛਾਤੀ ਦੇ ਕੈਂਸਰ ਲਈ ਤਿੰਨ ਅਪ੍ਰੇਸ਼ਨ ਕੀਤੇ ਤਾਂ ਜੋ ਉਨ੍ਹਾਂ ਨੂੰ ਕੈਂਸਰ ਮੁਕਤ ਕੀਤਾ ਜਾ ਸਕੇ।
ਕੱਟੜ ਹਿੰਦੂਵਾਦੀ ਤਾਕਤਾਂ ਵੱਲੋਂ ਗਊ ਮੂਤਰ ਦੇ ਸਿਹਤ ਨੂੰ ਲਾਭਾਂ ਬਾਬਤ ਅਨੇਕਾਂ ਦਾਅਵੇ ਕੀਤੇ ਜਾਂਦੇ ਰਹੇ ਹਨ; ਹਾਲਾਂਕਿ ਇਨ੍ਹਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਇਨਸਾਨੀ ਖਪਤ ਲਈ ਕਿਸੇ ਵਸਤੂ ਦੇ ਹਾਨੀਕਾਰਕ ਨਾ ਹੋਣ ਲਈ ਜਾਂਚ ਜ਼ਰੂਰੀ ਹੈ ਤੇ ਨਾਲ ਹੀ ਲਾਭਕਾਰੀ ਹੋਣ ਦਾ ਪ੍ਰਮਾਣ ਵੀ ਚਾਹੀਦਾ ਹੁੰਦਾ ਹੈ। ਇਹ ਉਨ੍ਹਾਂ ਵਸਤਾਂ ਲਈ ਹੋਰ ਵੀ ਜ਼ਰੂਰੀ ਹੈ ਜਿਨ੍ਹਾਂ ਨੂੰ ਦਵਾਈ ਵਜੋਂ ਵਰਤਿਆ ਜਾਣਾ ਹੈ ਪਰ ਇਸ ਪਾਸੇ ਗੱਲ ਤੁਰ ਨਹੀਂ ਰਹੀ ਹੈ।
ਸਾਡੇ ਸਰੀਰ ਵਿਚ ਬਹੁਤ ਹੀ ਵਿਸਤ੍ਰਿਤ ਪ੍ਰਣਾਲੀ ਮੌਜੂਦ ਹੈ ਜਿਸ ਰਾਹੀਂ ਜਿਹੜਾ ਪਦਾਰਥ ਲੋੜੀਂਦਾ ਹੈ, ਉਹ ਵਰਤੋਂ ਵਿਚ ਆ ਜਾਂਦਾ ਹੈ। ਇਹ ਆਮ ਗੱਲ ਹੈ ਕਿ ਜਿਸ ਚੀਜ਼ ਨੂੰ ਅਸੀ ਖਾਂਦੇ ਹਾਂ, ਉਹ ਪਾਚਨ ਪ੍ਰਣਾਲੀ ਵਿਚ ਹਜ਼ਮ ਕੀਤੀ ਜਾਂਦੀ ਹੈ ਅਤੇ ਬਾਕੀ ਨੂੰ ਖੁਰਾਕ ਨਾਲੀ ਦੁਆਰਾ ਸਰੀਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਖੁਰਾਕ ਹਜ਼ਮ ਕਰਨ ਦੀ ਕਿਰਿਆ ਦੌਰਾਨ ਗੈਰ ਜ਼ਰੂਰੀ ਪਦਾਰਥਾਂ ਨੂੰ ਗੁਰਦਿਆਂ ਰਾਹੀਂ ਮੂਤਰ ਵਿਚ ਬਾਹਰ ਕੱਢ ਦਿੱਤਾ ਜਾਂਦਾ ਹੈ। ਸਾਰੇ ਥਣਧਾਰੀ ਪ੍ਰਾਣੀਆਂ ਦੀ ਇਹ ਕਿਰਿਆ ਮੋਟੇ ਤੌਰ ‘ਤੇ ਇਕੋ ਜਿਹੀ ਹੈ, ਇਸ ਲਈ ਜੋ ਮੂਤਰ ਬਾਹਰ ਨਿਕਲਦਾ ਹੈ, ਉਹ ਵੀ ਇਕੋ ਜਿਹਾ ਹੋਵੇਗਾ।
ਮਨੁੱਖੀ ਅਤੇ ਗਊ ਮੂਤਰ ਵਿਚ ਪਾਣੀ ਤੋਂ ਇਲਾਵਾ ਮੁੱਖ ਤੱਤ ਹਨ: ਯੂਰੀਆ, ਸੋਡੀਅਮ, ਕਲੋਰਾਈਡ, ਸਲਫ਼ੇਟ, ਫ਼ਾਸਫ਼ੇਟ, ਪੋਟਾਸ਼ੀਅਮ, ਕਰੀਏਟੀਨੀਨ, ਅਮੋਨੀਆ, ਯੂਰਿਕ ਐਸਿਡ ਆਦਿ। ਅਸਲ ਵਿਚ ਤੱਤਾਂ ਦੇ ਪੱਖ ਤੋਂ ਗਾਂ ਅਤੇ ਮਨੁੱਖੀ ਪੇਸ਼ਾਬ ਵਿਚ ਕੋਈ ਅੰਤਰ ਨਹੀਂਂ ਹੈ। ਇਸ ਲਈ ਇਸ ਗੱਲ ਉੱਤੇ ਯਕੀਨ ਕਰਨਾ ਕਿ ਗਊ ਮੂਤਰ ਸਾਡੀ ਸਿਹਤ ਲਈ ਲਾਭਕਾਰੀ ਹੈ ਤੇ ਮਨੁੱਖੀ ਮੂਤਰ ਨਹੀਂਂ, ਸਹੀ ਨਹੀਂ ਹੈ।
ਇਸ ਮਸਲੇ ਬਾਰੇ ਕੁੱਝ ਹੋਰ ਸਪੱਸ਼ਟਤਾ ਲੈਣ ਲਈ ਭਾਰਤ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਮਹਿਕਮੇ ਤੋਂ ਆਰਟੀਆਈ ਰਾਹੀਂ ਜਾਣਕਾਰੀ ਲਈ ਗਈ ਕਿ ਗਊ ਮੂਤਰ ਮਨੁੱਖੀ ਸਰੀਰ ਲਈ ਲਾਭਕਾਰੀ ਹੈ? ਜੁਆਬ ਮਿਲਿਆ ਕਿ ਉਨ੍ਹਾਂ ਦੇ ਪਸ਼ੂ ਪਾਲਣ ਵਿਭਾਗ ਕੋਲ ਇਸ ਕਿਸਮ ਦੀ ਕੋਈ ਜਾਣਕਾਰੀ ਨਹੀਂ ਹੈ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਆਫ਼ ਵੈਟਰਨਰੀ ਸਾਇੰਸਿਜ਼ (ਗਡਵਾਸੂ) ਲੁਧਿਆਣਾ ਵੱਲੋਂ ਵੀ ਇਸੇ ਕਿਸਮ ਦਾ ਜੁਆਬ ਮਿਲਿਆ।
ਪਸ਼ੂ ਵਿਗਿਆਨ ਨਾਲ ਸਬੰਧਤ ਖੋਜ ਕਰਨ ਵਾਲੀਆਂ ਸੰਸਥਾਵਾਂ ਕੋਲ ਗਊ ਮੂਤਰ ਦੇ ਲਾਭਕਾਰੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਉਲਟ, ਮੂਤਰ ਪੀਣਾ ਸਰੀਰ ਲਈ ਹਾਨੀਕਰਾਕ ਹੋ ਸਕਦਾ ਹੈ।
ਵਿਗਿਆਨੀਆਂ ਨੇ ਬਾਬਾ ਰਾਮਦੇਵ ਦੇ ਇਸ ਦਾਅਵੇ ਕਿ ਗਊ ਮੂਤਰ ਨਾਲ ਕੀਟਾਣੂ-ਨਾਸ਼ਕ ਦਵਾਈ ਬੀਟਾਡੀਨ ਦਾ ਅਸਰ ਖਤਮ ਹੋ ਜਾਂਦਾ ਹੈ, ਨੂੰ ਗਲਤ ਦੱਸਿਆ ਹੈ। ਸਾਫ਼ ਪਾਣੀ ਵਿਚ ਬੀਟਾਡੀਨ ਪਾ ਕੇ ਉਸ ਦਾ ਰੰਗ ਬਦਲ ਜਾਂਦਾ ਹੈ ਤੇ ਮੂਤਰ ਨਾਲ ਉਹ ਫਿਰ ਸਾਫ਼ ਹੋ ਜਾਂਦਾ ਹੈ। ਇਹ ਰਸਾਇਣਕ ਕਿਰਿਆ ਹੈ ਜੋ ਮਨੁੱਖੀ ਮੂਤਰ ਨਾਲ ਵੀ ਉਸੇ ਢੰਗ ਨਾਲ ਹੁੰਦੀ ਹੈ। ਇਸ ਕਿਰਿਆ ਵਿਚ ਮੂਤਰ ਵਿਚ ਮੌਜੂਦ ਥਾਇਉਸਲਫ਼ੇਟ ਦੀ ਬੀਟਾਡੀਨ ਵਿਚ ਮੌਜੂਦ ਟ੍ਰਾਈ ਆਇਉਡੀਨ ਆਇਉਨ ਨਾਲ ਕਿਰਿਆ ਹੁੰਦੀ ਹੈ ਤੇ ਉਹ ਸੋਡੀਅਮ ਆਇਉਡਾਈਡ ਵਿਚ ਬਦਲ ਜਾਂਦਾ ਹੈ ਜੋ ਰੰਗ ਰਹਿਤ ਅਤੇ ਸਾਫ਼ ਹੁੰਦਾ ਹੈ।
ਇਸ ਤਰ੍ਹਾਂ ਇਸ ਕਿਸਮ ਦੇ ਦਾਅਵੇ ਕੱਟੜਵਾਦੀਆਂ ਵਲੋਂ ਮਿੱਥਿਆ ਫੈਲਾਉਣ ਲਈ ਕੀਤੇ ਜਾ ਰਹੇ ਹਨ। ਹੁਣ ਸਮਾਂ ਹੈ ਕਿ ਫ਼ਾਰਮਾਸਿਊਟੀਕਲ ਤੇ ਸਿਹਤ ਮੰਤਰਾਲਿਆਂ ਵੱਲੋਂ ਇਸ ਕਿਸਮ ਦੇ ਪ੍ਰਾਪੇਗੰਡੇ ਨੂੰ ਰੋਕਿਆ ਜਾਵੇ।

*ਸੀਨੀਅਰ ਮੀਤ ਪਰਧਾਨ, ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ।
ਸੰਪਰਕ: 94170-00360


Comments Off on ਗਊ ਮੂਤਰ: ਭਰਮ ਤੇ ਭੁਲੇਖੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.