ਇਟਲੀ ਦੇ ਸ਼ਹਿਰ ਲੋਨੀਗੋ ’ਚ ਸੱਭਿਆਚਾਰਕ ਮੇਲਾ !    ਟੀਐੱਮਸੀ ਨਾਲ ਸਬੰਧਿਤ ਅਪਰਾਧੀਆਂ ਵੱਲੋਂ ਦੋ ਪਾਰਟੀ ਵਰਕਰਾਂ ਦਾ ਕਤਲ: ਸੀਪੀਆਈ !    ਕਿਸੇ ਸਰਕਾਰ ਨੇ ਪਾਰ ਨਾ ਲਾਈ ਸਰਹੱਦੀ ਲੋਕਾਂ ਦੀ ਬੇੜੀ !    ਸਵਾਂ ਨਦੀ ਨੂੰ ਚੈਨਲਾਈਜ਼ੇਸ਼ਨ ਦੀ ਉਡੀਕ !    ਏਅਰ ਇੰਡੀਆ ਨੇ ਚੋਰੀ ਦੇ ਮਾਮਲੇ ’ਚ ਖੇਤਰੀ ਡਾਇਰੈਕਟਰ ਮੁਅੱਤਲ ਕੀਤਾ !    ਸ੍ਰੀਲੰਕਾ ਵਿਚ ਸੋਨੇ ਦੀ ਤਸਕਰੀ ਕਰਦੇ ਛੇ ਭਾਰਤੀ ਗ੍ਰਿਫ਼ਤਾਰ !    ਐਂਬੂਲੈਂਸ ਨਾ ਮਿਲਣ ਕਾਰਨ ਪਤਨੀ ਨੂੰ ਰੇਹੜੀ ’ਤੇ ਹਸਪਤਾਲ ਪਹੁੰਚਾਇਆ !    ਉਡਦੀ ਖ਼ਬਰ !    ਜਾਂਚ, ਸਜ਼ਾ, ਮੁਆਵਜ਼ਾ - ਲੋਕ ਵਫ਼ਾ ਏਨੀ ਸੀਮਤ ਕਿਉਂ ? !    ਡਾਕਟਰਾਂ ਦਾ ਸਨਮਾਨ ਤੇ ਮਰੀਜ਼ਾਂ ਦੀ ਜਾਨ ਅਹਿਮ !    

ਖੰਨੇ ਮਰਨੈ ਜਾਂ ਜਲੰਧਰ

Posted On May - 12 - 2019

ਪੰਜਾਬੀ ਕਹਾਣੀ ਸੰਸਾਰ ਦਾ ਜ਼ਿਕਰ ਕਰਦਿਆਂ ਇਕ ਵਾਰ ਭੂਸ਼ਨ ਧਿਆਨਪੁਰੀ ਨੇ ਫਤਵਾ ਦਿੱਤਾ ਕਿ ਪੰਜਾਬੀ ਕਹਾਣੀ ਵਿਚ ਅੱਧਾ ਅਸਮਾਨ ਪ੍ਰੇਮ ਪ੍ਰਕਾਸ਼ ਦਾ ਹੈ ਤੇ ਅੱਧਾ ਵਰਿਆਮ ਸੰਧੂ ਦਾ। ਉਸ ਵੇਲੇ ਪੰਜਾਬੀ ਵਿਚ ਬਹੁਤ ਸਮਰੱਥ ਕਹਾਣੀਕਾਰ ਜਿਵੇਂ ਗੁਰਬਚਨ ਸਿੰਘ ਭੁੱਲਰ, ਅਤਰਜੀਤ, ਗੁਰਦੇਵ ਸਿੰਘ ਰੁਪਾਣਾ, ਪ੍ਰੀਤਮ, ਸੁਖਵੰਤ ਕੌਰ ਮਾਨ, ਪ੍ਰੇਮ ਗੋਰਖੀ, ਦਲਬੀਰ ਚੇਤਨ, ਰਾਮ ਸਰੂਪ ਅਣਖੀ, ਨਛੱਤਰ, ਕਿਰਪਾਲ ਕਜ਼ਾਕ ਆਦਿ ਕਹਾਣੀਆਂ ਲਿਖ ਰਹੇ ਸਨ ਤੇ ਇਸ ਫ਼ਤਵੇ ਬਾਰੇ ਬਹੁਤ ਬਹਿਸ ਹੋਈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰੇਮ ਪ੍ਰਕਾਸ਼ ਨੇ ਅਫ਼ਸਾਨਾਨਿਗਾਰੀ ਵਿਚ ਨਵੀਆਂ ਬੁਲੰਦੀਆਂ ਛੂਹੀਆਂ। ‘ਡੈੱਡ ਲਾਈਨ’, ‘ਸ਼ਵੇਤਾਂਬਰ ਨੇ ਕਿਹਾ ਸੀ’, ‘ਲੱਛਮੀ’, ‘ਮੁਕਤੀ ਤੇ ਹੋਰ ਕਈ ਸ਼ਾਹਕਾਰ ਕਹਾਣੀਆਂ ਪੰਜਾਬੀ ਦੀਆਂ ਕਲਟ (cult) ਕਹਾਣੀਆਂ ਬਣ ਗਈਆਂ। ਪ੍ਰੇਮ ਪ੍ਰਕਾਸ਼ ਸਮਰੱਥ ਗਲਪਕਾਰ ਵੀ ਹੈ।

ਪ੍ਰੇਮ ਪ੍ਰਕਾਸ਼

ਪ੍ਰੇਮ ਪ੍ਰਕਾਸ਼ (ਫੋਟੋ: ਮਲਕੀਅਤ)

ਜਦ ਮੈਂ ਪਚਵੰਜਾ ਸਾਲਾਂ ਦਾ ਹੋਇਆ ਤਾਂ ਮੈਨੂੰ ਮਰਨ ਦਾ ਡਰ ਵੀ ਬਹੁਤ ਵਧ ਗਿਆ। ਐਵੇਂ ਘਬਰਾਹਟ ਹੋਣ ਲੱਗ ਪੈਂਦੀ ਸੀ। ਏਸ ਡਰ ਨੂੰ ਸੁਣ ਕੇ ਮੇਰਾ ਡਾਕਟਰ ਦਰਸ਼ਨ ਸਿੰਘ ਹੱਸਦਾ ਹੋਇਆ ਕਹਿੰਦਾ, ‘‘ਕਿਉਂ ਡਰ ਲੱਗਦੈ ਮੌਤ ਤੋਂ?’’ … ਮੈਂ ਐਵੇਂ ਕਹਿ ਦਿੰਦਾ, ‘‘ਨਹੀਂ, ਏਨਾ ਤਾਂ ਨਹੀਂ।…’’ ਅਸਲੀ ਗੱਲ ਉਹਨੂੰ ਦੱਸਣ ਲਈ ਮੈਂ ਕਹਿੰਦਾ, ‘‘ਅਸਲ ’ਚ ਮੈਂ ਕੱਲ੍ਹ ਚੰਡੀਗੜ੍ਹ ਜਾਣੈ ਜਾਂ ਦਿੱਲੀ ਜਾਣੈ। ਬੱਸ ਤੁਸੀਂ ਮੇਰੀ ਬਾਂਹ ਫੜ ਕੇ ਪਲੋਸ ਦਿਓ। ਬਸ ਚੜ੍ਹਨ ਲੱਗਿਆਂ ਤਾਂ ਮੈਂ ਗੋਲੀ ਖਾ ਏ ਲੈਣੀ ਐ।’’
ਖ਼ੈਰ! ਕਦੇ ਮੈਂ ਉਹਨੂੰ ਸੱਚੀ ਗੱਲ ਦੱਸ ਦਿੰਦਾ ਕਿ ਜਦ ਬਸ ’ਚ ਮੈਂ ’ਕੱਲਾ ਹੁੰਦਾ ਹਾਂ ਤਾਂ ਮੈਨੂੰ ਡਰ ਲੱਗਣ ਲੱਗ ਪੈਂਦਾ ਏ ਕਿ ਮੈਨੂੰ ਰਾਹ ’ਚ ਕੋਈ ਬਿਮਾਰੀ ਨਾ ਹੋ ਜਾਵੇ। ਜੇ ਹੋ ਗਈ ਫੇਰ ਮੈਨੂੰ ਕੌਣ ਸਾਂਭੂ? ਪਰ ਜੇ ਮੇਰੇ ਨਾਲ ਕੋਈ ਬੰਦਾ ਹੋਵੇ, ਭਾਵੇਂ ਉਹ ਬੱਚਾ ਈ ਹੋਵੇ ਤਾਂ ਮੇਰਾ ਧਿਆਨ ਆਪਣੇ ਡਰ ਵੱਲ ਨਹੀਂ ਜਾਂਦਾ। ਬੱਚੇ ਨੂੰ ਸੰਭਾਲਣ ਵੱਲ ਲੱਗਿਆ ਰਹਿੰਦਾ ਏ।
ਡਾਕਟਰ ਦਰਸ਼ਨ ਸਿੰਘ ਨੇ ਮੈਨੂੰ ਸਮਝਾਇਆ ਕਿ ਏਸ ਬਿਮਾਰੀ ਨੂੰ ‘ਹਾਈਪੋਕੌਂਡਰੀਆ’ ਆਖਦੇ ਨੇ ਜਿਸ ਦਾ ਮਤਲਬ ਏ ਕਿ ਬੰਦੇ ਦੇ ਮਨ ’ਚ ਵੇਲੇ ਕੁਵੇਲੇ ਬਿਮਾਰੀਆਂ ਤੇ ਮੌਤਾਂ ਦੇ ਝੂਠੇ ਡਰ ਆਉਂਦੇ ਰਹਿੰਦੇ ਨੇ। ਉਹ ਦੇਖੀਆਂ ਸੁਣੀਆਂ ਬਿਮਾਰੀਆਂ ਆਪਣੇ ਨਾਲ ਜੋੜਦਾ ਰਹਿੰਦਾ ਏ। … ਤਦੇ ਤੁਸੀਂ ਏਨੀਆਂ ਗੋਲੀਆਂ ਖਾਂਦੇ ਹੋ। ਛੱਡੋ ਪਰ੍ਹਾਂ ਇਨ੍ਹਾਂ ਗੋਲੀਆਂ ਨੂੰ। ਰਾਤ ਨੂੰ ਦੋ ਪੈੱਗ ਵਿਸਕੀ ਦੇ ਪੀਆ ਕਰੋ। ਫੇਰ ਮੌਜ ਨਾਲ ਸੌਂ ਜਾਇਆ ਕਰੋ।

ਰਾਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ ਅਤੇ ਖਵਾਜਾ ਅਹਿਮਦ ਅੱਬਾਸ ਦੀ ਯਾਦਗਾਰੀ ਤਸਵੀਰ।

ਮੈਨੂੰ ਵੀ ਉਦੋਂ ਮੌਤ ਦਾ ਜ਼ਿਕਰ ਕਰਨਾ ਤੇ ਪੜ੍ਹਨਾ ਜਾਂ ਸੁਣਨਾ ਭਿਆਨਕ ਜਿਹਾ ਵਿਸ਼ਾ ਲੱਗਦਾ ਸੀ। ਪਰ ਹੁਣ ਨਹੀਂ ਲੱਗਦਾ। ਇਹ ਗੱਲ ਸੱਤਰੋਂ ਟੱਪੇ ਬੰਦੇ ਲਈ ਅਜਿਹੀ ਭਿਆਨਕ ਨਹੀਂ ਰਹਿੰਦੀ। ਫੇਰ ਜਿਉਂ ਜਿਉਂ ਉਮਰ ਵਧਦੀ ਜਾਂਦੀ ਏ, ਬੰਦਾ ਏਸ ਵਿਸ਼ੇ ਨੂੰ ਵੱਧ ਗੰਭੀਰਤਾ ਨਾਲ ਸੋਚਣ ਸਮਝਣ ਤੇ ਘੋਖਣ ਲੱਗ ਪੈਂਦਾ ਏ। ਪੰਜਾਬ ’ਚ ਅਤਿਵਾਦ ਦੇ ਦਿਨਾਂ ’ਚ ਦਿਲਚਸਪ ਹਾਲਤ ਇਹੋ ਜਿਹੀ ਹੋ ਗਈ ਸੀ ਕਿ ਮਰਨ ਦੇ ਸਮੇਂ ਤੇ ਥਾਵਾਂ ਸੈਂਕੜੇ ਹੋ ਗਈਆਂ ਸਨ। ਪਤਾ ਨਹੀਂ ਸੀ ਰਿਹਾ ਕਿ ਗੋਲੀ ਕਿਸੇ ਖੇਤ ’ਚ ਮੈਦਾਨ ਮਾਰਦੇ ਨੂੰ ਆ ਲੱਗੇ ਜਾਂ ਰਾਹ ’ਚ ਕਿਤੇ ਜਾਂਦੇ ਆਉਂਦੇ ਨੂੰ ਜਾਂ ਸੁੱਤੇ ਪਏ ਨੂੰ। ਮੈਨੂੰ ਤਾਂ ਆਪਣੀ ਲੋਥ ‘ਹਿੰਦ ਸਮਾਚਾਰ’ ਦੇ ਦਫ਼ਤਰ ਤੋਂ ਰਾਤ ਨੂੰ ਮੋਤਾ ਸਿੰਘ ਨਗਰ ’ਚ ਆਪਣੇ ਘਰ ਨੂੰ ਮੁੜਣ ਵਾਲੀ ਸੜਕ ’ਤੇ ਜਾਂ ਆਪਣੇ ਘਰ ਪਹੁੰਚ ਕੇ ਰੋਟੀ ਖਾਂਦੇ ਜਾਂ ਗਊਆਂ ਨੂੰ ਅੰਦਰ ਬਾਹਰ ਕਰਦੇ ਦੀ ਡਿੱਗਦੀ ਲੱਗਦੀ ਸੀ। ਪਰ ਮੈਨੂੰ ਇਹ ਕੰਮ ਘਰ ਨਾਲੋਂ ਵੱਧ ਸੜਕ ’ਤੇ ਹੋਣਾ ਠੀਕ ਲੱਗਦਾ ਸੀ। ਮੈਂ ਨਹੀਂ ਸੀ ਚਾਹੁੰਦਾ ਕਿ ਮੈਨੂੰ ਮਰਦੇ ਨੂੰ ਮੇਰੇ ਘਰ ਵਾਲੇ ਦੇਖਣ।
ਮੈਨੂੰ ਇਹ ਵਿਸ਼ਾ ਅੱਜਕੱਲ੍ਹ ਕਾਫ਼ੀ ਦਿਲਚਸਪ ਲੱਗਦਾ ਏ। ਕਦੇ ਇਹਦੇ ’ਚ ਕੋਈ ਦੁੱਖ ਵਾਲੀ ਗੱਲ ਹੀ ਨਹੀਂ ਲੱਗਦੀ। ਕਦੇ-ਕਦੇ ਤਾਂ ਇਹ ਮੌਤ ਮਾਸੀ ਸੁਖ ਤੇ ਰਾਹਤਾਂ ਦਾ ਵਰਦਾਨ ਦੇਣ ਵਾਲੀ ਲੱਗਦੀ ਏ। ਫੇਰ ਮੈਂ ਸੋਚਣ ਲੱਗ ਪੈਂਦਾ ਹਾਂ ਕਿ ਕਿਉਂ ਬਈ ਮਨਾਂ, ਦੱਸ ਕਿੱਥੇ ਮਰਨੈ? ਉਹ ਜਵਾਬ ਦੇਂਦਾ ਏ ਕਿ ਇਹ ਕੋਈ ਤੇਰੇ ਵੱਸ ’ਚ ਥੋੜ੍ਹਾ ਏ? ਨਾ ਥਾਂ, ਨਾ ਸਮਾਂ ਤੇ ਨਾ ਤਰੀਕਾ, ਤੇਰੇ ਤਾਂ ਕੁਝ ਵੀ ਵੱਸ ’ਚ ਨਹੀਂ। ਫੇਰ ਉਹ ਮੈਨੂੰ ਟਿੱਚਰ ਕਰਦਾ ਕਹਿੰਦਾ ਏ, ‘‘ਬੁੱਢਾ ਹੋ ਕੇ ਬੰਦਾ ਆਪ ਸਮਾਨ ਬਣ ਜਾਂਦਾ ਏ। ਉਹਦਾ ਪੁੱਤ ਜਾਂ ਪੋਤਾ ਜਿੱਥੇ ਵੀ ਵੱਸਣ ਲਈ ਜਾਂਦਾ ਏ, ਉਹ ਬੁੱਢੇ ਨੂੰ ਓਸ ਟਰੱਕ ਦੀ ਵਿਚਕਾਰਲੀ ਸੀਟ ’ਤੇ ਬਹਾ ਕੇ ਫਿੱਟ ਕਰ ਦੇਂਦਾ ਏ ਜਿਸ ’ਤੇ ਸਮਾਨ ਲਿਜਾ ਰਿਹਾ ਹੁੰਦਾ ਏ।

ਦਸੰਬਰ 1986 ’ਚ ਲਾਲੀ। ਫੋਟੋ: ਚੰਦਨ

ਤੈਨੂੰ ਪਤੈ ਬਈ ਪਟਿਆਲੇ ਵਾਲਾ, ਪੰਜਾਬ ਦਾ ਸੁਕਰਾਤ ‘ਲਾਲੀ’ ਕਿੱਥੇ ਏ? ਉਹ ਸਾਰੀ ਉਮਰ ਪਟਿਆਲੇ ਗੰਦੇ ਨਾਲੇ ’ਤੇ ਬਣਾਏ ਆਪਣੇ ਮਕਾਨ ’ਚ ਸ਼ਾਹੀ ਠਾਠ ਨਾਲ ਰਹਿੰਦਾ ਰਿਹਾ। ਨਾ ਜ਼ਮੀਨ ਦਾ ਫ਼ਿਕਰ ਤੇ ਨਾ ਜ਼ੋਰੂ ਦਾ। ਨਾ ਬੱਚਿਆਂ ਦੀ ਚਿੰਤਾ। ਸਾਈਕਲ ਚੁੱਕਿਆ ਤੇ ਜਾ ਵੜਿਆ ਯੂਨੀਵਰਸਿਟੀ ਦੇ ਕੌਫ਼ੀ ਹਾਊਸ ’ਚ। ਜਿਹੜਾ ਚੇਲਾ ਆਉਂਦਾ, ਉਹਨੂੰ ਸੁਕਰਾਤ ਵਾਂਗੂੰ ਲੈਕਚਰ ਦੇਣ ਮੌਕੇ ਨਾਸ਼ਤਾ ਤੇ ਕੌਫ਼ੀ ਮਿਲ ਜਾਂਦੀ ਸੀ। ਇਉਂ ਦੁਪਹਿਰ ਦਾ ਖਾਣਾ ਵੀ। ਸ਼ਾਮ ਨੂੰ ਫੇਰ ਕਿਸੇ ਕੱਚੇ ਪੱਕੇ ਸਾਹਿਤਕਾਰ ਦੇ ਘਰ ਸੁਕਰਾਤ ਵੱਲੋਂ ਵਰ੍ਹਿਆਂ ਤੋਂ ਸੁਣਾਏ ਜਾ ਰਹੇ ਲੈਕਚਰ ਸੁਣਾਉਂਦਾ ਤੇ ਦਾਰੂ ਚੱਲ ਪੈਂਦੀ। ਫੇਰ ਖਾਣਾ ਖਾ ਕੇ ਰਾਤ ਦੇ ਕਿੰਨੇ ਈ ਵਜੇ ਵੀ ਘਰ ਜਾ ਵੜਦਾ।
ਜਦ ਮੁੰਡਾ ਜਵਾਨ ਹੋਇਆ ਤਾਂ ਉਹਨੇ ਘਰ ਦੀ ਕਮਾਨ ਸੰਭਾਲ ਲਈ। ਲਾਲੀ ਨੂੰ ਤਦੇ ਸੁਣਨਾ, ਬੋਲਣਾ ਤੇ ਤੁਰਨਾ ਭੁੱਲ ਗਿਆ। ਮੁੰਡੇ ਨੇ ਪਟਿਆਲੇ ਵਾਲਾ ਮਕਾਨ ਵੇਚਿਆ ਤੇ ਮੁਹਾਲੀ ਨਵਾਂ ਖਰੀਦ ਲਿਆ। ਲਾਲੀ ਨੂੰ ਸਮਾਨ ਵਾਲੇ ਟਰੱਕ ’ਤੇ ਬਹਾ ਕੇ ਮੁਹਾਲੀ ਲੈ ਗਿਆ। ਫੇਰ ਮੁੜ ਕੇ ਆ ਕੇ ਪਟਿਆਲੇ ਕੋਠੀ ਹੋਰ ਖਰੀਦ ਲਈ। ਆਬਾਦੀ ਤੋਂ ਹਟਵੀਂ। ਲਾਲੀ ਫੇਰ ਪਟਿਆਲੇ ਆ ਗਿਆ। ਹੁਣ ਉਹ ਕਿਤੇ ਜਾਣ ਜੋਗਾ ਨਾ ਰਿਹਾ। ਫੇਰ ਪਤਾ ਨਹੀਂ ਮੁੰਡਾ ਕਿੱਥੇ ਚਲਿਆ ਗਿਆ। ਜਿੱਥੇ ਮੁੰਡਾ ਗਿਆ ਹੋਵੇਗਾ, ਉੱਥੇ ਹੀ ਲਾਲੀ ਹੋਵੇਗਾ। ਏਨੇ ਸਮੇਂ ’ਚ ਸੁਕਰਾਤ ਨੂੰ ਲੈਕਚਰ ਭੁੱਲ ਗਏ ਸਨ। ਫੇਰ ਉਹ ਮਲਕ ਦੇਣੀ ਤੁਰ ਗਿਆ ਸੀ, ਅਛੋਪਲੇ ਜਿਹੇ।

ਤਰੱਕੀਪਸੰਦ ਉਰਦੂ ਲੇਖਕ ਇਸਮਤ ਚੁਗਤਾਈ।

ਇਹੋ ਹਾਲ ਮੇਰਾ ਏ। ਸੱਤ ਸਾਲ ਪਹਿਲਾਂ ਮੈਂ ਮੁੰਡੇ ਨੂੰ ਕਿਹਾ, ‘‘ਚੱਲ ਆਪਾਂ ਚੰਡੀਗੜ੍ਹ ਜਾ ਵਸੀਏ। ਇਹ ਮਕਾਨ ਵੇਚ ਕੇ ਉੁੱਥੇ ਜਾ ਕੇ ਹੋਰ ਲੈ ਲਵਾਂਗੇ। ਮੁੱਲ ਇੱਕੋ ਜਿਹਾ ਐ।’’
ਉਹ ਕਹਿੰਦਾ, ‘‘ਮੈਂ ਤਾਂ ਜਲੰਧਰ ਛੱਡ ਕੇ ਕਿਤੇ ਜਾਣਾ ਨਹੀਂ। ਤੁਸੀਂ ਜਾਣੈ ਤਾਂ ਚਲੇ ਜਾਓ ਮਕਾਨ ਵੇਚ ਕੇ। ਮੈਂ ਤਾਂ ਦੁਕਾਨ ’ਤੇ ਦੋ ਚੁਬਾਰੇ ਹੋਰ ਪਾ ਕੇ ਉੱਥੇ ਰਹਿਣ ਲੱਗ ਪੈਣੈ।’’
ਉਹਦੀ ਗੱਲ ਠੀਕ ਏ। ਮੇਰੀ ਜਨਮ ਭੂਮੀ ਖੰਨਾ ਏ ਤੇ ਉਹਦੀ ਜਲੰਧਰ। ਏਸੇ ਲਈ ਮੈਂ ਹੁਣ ਦੁਆਬੀਆਂ ਨੂੰ ਮਾੜਾ ਨਹੀਂ ਕਹਿੰਦਾ। ਮੇਰੇ ਨਿਆਣੇ ਸਾਰੇ ਦੁਆਬੀਏ ਨੇ। … ਪਰ ਮੇਰਾ ਸੰਕਟ ਸਿਰਫ਼ ਮਾਲਵੇ ਜਾਂ ਦੁਆਬੇ ਦਾ ਨਹੀਂ। ਆਪਣੇ ਘਰ ਦਾ ਮੇਰਾ ਮੋਹ ਕਈ ਥਾਈਂ ਵੰਡਿਆ ਹੋਇਆ ਏ। ਮੈਨੂੰ ਆਪਣੇ ਜੱਦੀ ਪਿੰਡ ਬਦੀਨਪੁਰ ਵਾਲਾ ਘਰ ਵੀ ਯਾਦ ਆਉਂਦਾ ਏ। ਬਡਗੁੱਜਰਾਂ ਵਾਲਾ ਘਰ ਤੇ ਖੂਹ ਮੈਨੂੰ ਖਿੱਚਦੇ ਨੇ। ਪਰ ਮੇਰਾ ਉਨ੍ਹਾਂ ਨਾਲ ਕੋਈ ਸੀਰ ਨਹੀਂ ਰਿਹਾ। ਏਸੇ ਲਈ ਮੈਂ ਪਿਛਲੇ ਪੱਚੀ ਸਾਲਾਂ ਤੋਂ ਉੱਥੇ ਗਿਆ ਈ ਨਹੀਂ। ਮੈਨੂੰ ਉਨ੍ਹਾਂ ਥਾਵਾਂ ਦੀ ਨਵੀਂ ਤਸਵੀਰ ਤੋਂ ਭੈਅ ਆਉਂਦਾ ਏ। ਮੈਂ ਆਪਣੇ ਜ਼ਿਹਨ ’ਚ ਵਸੀ ਪੁਰਾਣੀ ਤਸਵੀਰ ਨੂੰ ਬਚਾ ਕੇ ਰੱਖਣਾ ਚਾਹੁੰਦਾ ਹਾਂ। ਹਾਂ, ਇਕ ਵਾਰ ਕਾਰ ’ਚ ਖੰਨੇ ਤੋਂ ਭਾਦਸੋਂ ਨੂੰ ਜਾਂਦਿਆਂ ਅਮਲੋਹ ਰੋਡ ’ਤੇ ਜਦ ਪਿੰਡ ਦੇ ਕੋਲੋਂ ਦੀ ਲੰਘਿਆ ਤਾਂ ਮੇਰੀਆਂ ਅੱਖਾਂ ਭਰ ਆਈਆਂ। ਮੈਂ ਮੂੰਹ ਦੂਜੇ ਪਾਸੇ ਕਰ ਲਿਆ ਤਾਂ ਜੋ ਦੂਜੇ ਮੇਰੀ ਕਮਜ਼ੋਰੀ ਦੇਖ ਨਾ ਲੈਣ। ਹੌਲੀ ਹੌਲੀ ਮੈਂ ਆਪਣੇ ਆਪ ਨੂੰ ਇਹ ਦੁੱਖ ਸਹਿਣ ਜੋਗਾ ਕਰ ਲਿਆ।
ਹਾਂ, ਖੰਨੇ ਵਾਲਾ ਜੱਦੀ ਮਕਾਨ ਸਭ ਤੋਂ ਛੋਟੇ ਭਾਈ ਅਸ਼ੋਕ ਦਿਓੜਾ ਦੇ ਹਿੱਸੇ ਆਇਆ ਸੀ। ਉਹਨੇ ਉਹਨੂੰ ਸ਼ਾਨਦਾਰ ਪੱਥਰਾਂ ਦੇ ਫਰਸ਼ਾਂ ਵਾਲਾ ਬਣਾ ਲਿਆ ਸੀ। ਹੁਣ ਉਹਦੀ ਬਖਤਾਵਰੀ ਵੱਡੀ ਹੋ ਗਈ ਏ। ਉਹ ਆਪਣੀ ਬਹੁਤ ਵੱਡੀ ਆਲੀਸ਼ਾਨ ਕੋਠੀ ’ਚ ਰਹਿੰਦਾ ਏ। ਉਹਨੇ ਪੁਰਾਣਾ ਘਰ ਵੇਚਿਆ ਨਹੀਂ ਤੇ ਨਾ ਈ ਕਿਰਾਏ ’ਤੇ ਦਿੱਤਾ ਏ। ਬੱਸ ਜਿੰਦਾ ਲਾ ਕੇ ਰੱਖਿਆ ਹੋਇਆ ਏ। ਓਸ ਘਰ ’ਚ ਸਭ ਕੁਝ ਬਦਲ ਗਿਆ ਏ। ਮੈਨੂੰ ਖਿੱਚਣ ਲਈ ਸਿਰਫ਼ ਦੋ ਨਿਸ਼ਾਨੀਆਂ ਬਚੀਆਂ ਨੇ। ਇਕ ਸਾਹਮਣੇ ਦਲ੍ਹਾਨ ਵਾਲੀ ਅਲਮਾਰੀ ਤੇ ਦੂਜੀ ਵੱਡੇ ਚੁਬਾਰੇ ਵਾਲੀ ਅਲਮਾਰੀ। ਉਨ੍ਹਾਂ ਦੇ ਲੱਕੜ ਦੇ ਦਰਵਾਜ਼ੇ ਵੀ ਉਹੀ ਪੁਰਾਣੇ ਨੇ। ਉਹ ਦੋਵੇਂ ਅਲਮਾਰੀਆਂ ਮੇਰੇ ਸਕੂਲ ’ਚ ਪੜ੍ਹਨ ਵੇਲੇ ਮੇਰੀਆਂ ਸਨ। ਸੱਤਵੀਂ ਤਕ ਹੇਠਲੀ ਮੇਰੀ ਸੀ ਤੇ ਫੇਰ ਦਸਵੀਂ ਤਕ ਚੁਬਾਰੇ ਵਾਲੀ ਮੇਰੀ ਹੋ ਗਈ ਸੀ। ਹੁਣ ਵੀ ਮੈਂ ਜਦ ਕਦੇ ਓਸ ਮਕਾਨ ’ਚ ਜਾਂਦਾ ਹਾਂ ਤਾਂ ਅਲਮਾਰੀਆਂ ਵਾਰੀ-ਵਾਰੀ ਖੋਲ੍ਹ ਕੇ ਦੇਖਦਾ ਹਾਂ। ਬੰਦ ਹੋਣ ਤਾਂ ਵੀ ਉਨ੍ਹਾਂ ਦੇ ਸਾਹਮਣੇ ਖੜ੍ਹਾ ਰਹਿੰਦਾ ਹਾਂ। ਫੇਰ ਰੋਣ ਲੱਗ ਪੈਂਦਾ ਹਾਂ। ਫੇਰ ਅੱਖਾਂ ਪੂੰਝ ਕੇ ਛੇਤੀ ਬਾਹਰ ਨਿਕਲ ਜਾਂਦਾ ਹਾਂ।

ਲਾਲ ਸਿੰਘ ਦਿਲ, ਅਮਰਜੀਤ ਚੰਦਨ ਅਤੇ ਪ੍ਰੇਮ ਪ੍ਰਕਾਸ਼। ਫੋਟੋ: ਚੰਦਨ

ਇਕ ਵਾਰੀ ਮੇਰੇ ਅੰਦਰ ਖਿੱਚਾਂ ਜਿਹੀਆਂ ਪਈਆਂ ਖੰਨੇ ਵਾਲੇ ਘਰ ਦੀਆਂ। ਮੇਰਾ ਦਿਲ ਕੀਤਾ ਕਿ ਮੈਂ ਖੰਨੇ ਵਾਲੇ ਪੁਰਾਣੇ ਮਕਾਨ ’ਚ ਮਰਾਂ, ਜਿੱਥੇ ਮੇਰਾ ਦਾਦਾ ਤੇ ਮਾਂ ਪਿਓ ਮਰੇ ਸਨ। ਕੁਝ ਚਿਰ ਬਾਅਦ ਮੈਂ ਆਪ ਈ ਆਪਣੀ ਏਸ ਖ਼ਾਹਿਸ਼ ਦਾ ਮਜ਼ਾਕ ਉਡਾਉਣ ਲੱਗ ਪਿਆ। … ਅਸਲ ’ਚ ਮੇਰਾ ਮੁੰਡਾ ਬਾਹਰ ਜਾਣ ਦੀ ਸੋਚਣ ਲੱਗ ਪਿਆ ਸੀ। ਮੈਂ ਛੋਟੇ ਭਾਈ ਨੂੰ ਪੁੱਛਿਆ ਕਿ ਇਹ ਮਕਾਨ ਜੇ ਤੂੰ ਵੇਚਣਾ ਹੋਵੇ ਤਾਂ ਮੈਨੂੰ ਪਹਿਲਾਂ ਪੁੱਛ ਲਵੀਂ। ਉਹ ਕਹਿੰਦਾ, ‘‘ਜਦ ਮਰਜ਼ੀ, ਜਿੰਦਾ ਖੋਲ੍ਹ ਕੇ ਅੰਦਰ ਵੜ ਜਾਹ।’’ … ਕਦੇ ਮੈਂ ਖੰਨੇ ਉਹਦੇ ਨਵੇਂ ਘਰ ਹੁੰਦਾ ਤੇ ਪੁਰਾਣੇ ਘਰ ਦੀ ਗੱਲ ਛਿੜਦੀ ਤਾਂ ਉਹ ਮੈਨੂੰ ਪੁੱਛ ਲੈਂਦਾ, ‘‘ਜੇ ਏਧਰ ਨੀਂਦ ਨੀ ਆਉਂਦੀ ਤਾਂ ਓਧਰ ਜਾ ਕੇ ਸੌਂ ਜਾਹ। ਮੈਂ ਸਵੇਰੇ-ਸਵੇਰੇ ਚਾਹ ਲੈ ਕੇ ਆ ਜਾਊਂਗਾ।’’ ਹਨ ਤਾਂ ਇਹ ਗੱਲਾਂ ਆਮ ਜਿਹੀਆਂ। ਬਹੁਤੇ ਪਾਠਕਾਂ ਨੂੰ ਸ਼ਾਇਦ ਮੂਰਖਾਂ ਵਾਲੀਆਂ ਹੀ ਲੱਗਣ। ਪਰ ਮੈਂ ਆਪਣੀ ਕਲਪਨਾ ’ਚ ਓਸ ਘਰ ’ਚ ਆਪਣਾ ਸਮਾਨ ਹੀ ਟਿਕਾਉਣ ਨੂੰ ਛੇ ਮਹੀਨੇ ਲਾ ਦਿੱਤੇ ਸਨ। ਇਹ ਕੰਮ ਮੈਂ ਰੋਜ਼ ਰਾਤ ਨੂੰ ਸੌਣ ਵੇਲੇ ਕਰਦਾ ਸੀ। ਸੋਚਦਿਆਂ ਨੀਂਦ ਚੰਗੀ ਆਉਂਦੀ ਸੀ। ਜੇ ਕੋਈ ਕਹੇ ਬਈ ‘ਸੂਤ ਨਾ ਕਤਾਨ, ਜੁਲਾਹੇ ਨਾਲ ਠੈਂਗਾ ਠੈਂਗੀ’ ਤਾਂ ਮੈਂ ਸੁਰਜੀਤ ਹਾਂਸ ਦੇ ਫੁੱਫੜ ਵਾਂਗ ਕਹਾਂਗਾ, ‘‘ਸਹੁਰਿਓ, ਏਸ ਚਿੰਤਾ ਨੇ ਤਾਂ ਮੇਰੀਆਂ ਕਿੰਨੀਆਂ ਕਈ ਰਾਤਾਂ ਲੰਘਾ ਦਿੱਤੀਆਂ।’’
ਖ਼ੈਰ, ਮਨ ਸੋਚਦਾ ਏ ਕਿ ਇਹ ਸੋਚ ਕੀ ਹੋਈ ਕਿ ਕਿੱਥੇ ਜਾ ਕੇ ਮਰਨਾ ਏ? ਕਿੱਥੇ ਬਹੁਤੇ ਲੋਕ ਨੜੋਏ ਜਾਣਗੇ? ਕਿੱਥੇ ਕਿਰਿਆ ਦਾ ਜਸ਼ਨ ਵੱਡਾ ਹੋਵੇਗਾ ਤੇ ਸ਼ਰਧਾਂਜਲੀਆਂ ਸੁਹਣੀਆਂ ਦਿੱਤੀਆਂ ਜਾਣਗੀਆਂ? … ਬੰਦੇ ਨੂੰ ਮਿੱਟੀ ਹੋਏ ਨੂੰ ਕੀ ਖ਼ਬਰ ਕਿ ਕੀ ਹੋਇਆ ਏ ਤੇ ਕੀ ਨਹੀਂ ਹੋਇਆ। ਇਹ ਦਲੀਲ ਮੰਨ ਕੇ ਤਾਂ ਮੇਰੀ ਸੋਚ ਈ ਮੁੱਕ ਜਾਂਦੀ ਏ। … ਪਰ ਇਕ ਸਚਾਈ ਮੈਂ ਆਪਣੇ ਆਪ ਨੂੰ ਆਪਣੀ ਵੀ ਦੱਸੀ ਜਾਂਦਾ ਹਾਂ ਕਿ ਉੱਤੋਂ ਤਾਂ ਮੈਂ ਇਹੀ ਕਹਿੰਦਾ ਹਾਂ ਕਿ ਮੈਨੂੰ ਕਿਸੇ ਸ਼ਹਿਰ, ਥਾਂ, ਮਕਾਨ ਜਾਂ ਬੰਦੇ ਨਾਲ ਕੋਈ ਮੋਹ ਨਹੀਂ। ਪਰ ਹੁੰਦਾ ਕੁਝ ਨਾ ਕੁਝ ਜ਼ਰੂਰ ਏ। ਜੇ ਨਾ ਹੋਵੇ ਤਾਂ ਮੈਂ ਗੱਲ ਈ ਕਿਉਂ ਕਰਾਂ?
ਜਦ ਮੇਰੇ ਕੱਟੜ ਆਰੀਆ ਸਮਾਜੀ ਬਾਈ ਜੀ ਗੁਜ਼ਰੇ ਤਾਂ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਮਰਨ ਬਾਅਦ ਉਨ੍ਹਾਂ ’ਤੇ ਕੀ ਬੀਤਣੀ ਏ। ਉਨ੍ਹਾਂ ਨੇ ਜਿਉਂਦਿਆਂ ਜੀਅ ਕਿਸੇ ਬ੍ਰਾਹਮਣ ਨੂੰ ਘਰ ਨਹੀਂ ਸੀ ਵੜਨ ਦਿੱਤਾ। ਮੁੰਡੇ ਕੁੜੀਆਂ ਦੇ ਵਿਆਹ ਇਕ ਖੱਤਰੀ ਆਰੀਆ ਸਮਾਜੀ ਡਾਕਟਰ ਕਰਵਾਉਂਦਾ ਹੁੰਦਾ ਸੀ। ਪਰ ਜਦ ਬਾਈ ਜੀ ਗੁਜ਼ਰੇ ਤਾਂ ਉਹ ਜਿਹੜੇ ਪੁੱਤ ਦੇ ਘਰ ’ਚ ਪਏ ਸੀ, ਉਹਦੀ ਪਤਨੀ ਨੇ ਤਦੇ ਅਚਾਰੀਆ ਜੀ ਨੂੰ ਬੁਲਾ ਲਿਆ। ਫੇਰ ਜਿਵੇਂ ਉਹ ਕਰਾਈ ਗਿਆ, ਅਸੀਂ ਕਰੀ ਗਏ। ਜਦ ਨ੍ਹਾਈ ਧੋਈ ਤੋਂ ਬਾਅਦ ਅਚਾਰੀਆ ਨੇ ਮੁੰਡਿਆਂ ਤੋਂ ਅਰਥੀ ਚੁਕਵਾਈ ਤਾਂ ਜਿਹੜੇ ਬੰਦੇ ਨੇ ਸਾਰੀ ਉਮਰ ਨਾ ਕਦੇ ਗੁਰਦਵਾਰੇ ਤੇ ਨਾ ਈ ਮੰਦਰ ’ਚ ਮੱਥਾ ਟੇਕਿਆ ਸੀ, ਉਹਦੀ ਅਰਥੀ ਪਹਿਲਾਂ ਗੁਰਦੁਆਰੇ ਅੱਗੇ ਤੇ ਫੇਰ ਦੇਵੀ ਦੁਆਰੇ ਅੱਗੇ ਝੁਕਾ ਕੇ ਤੇ ਹਰੇਕ ਚੌਰਸਤੇ ’ਚ ਪਿੰਡ-ਛੁਡਾਈ ਕਰਾ ਕੇ ਸ਼ਮਸ਼ਾਨਘਾਟ ਲਿਜਾਈ ਗਈ। ਘੜਾ ਭੰਨਿਆ ਗਿਆ। ਇਹ ਸੋਚਾਂ ਸੋਚਦਿਆਂ ਮੈਂ ਹੱਸਦਾ ਹਾਂ। ਆਪਣੇ ਬਾਰੇ ਸੋਚਦਾ ਹਾਂ ਕਿ ਪਤਾ ਨਹੀਂ ਅਗਲਿਆਂ ਮੇਰੀ ਮਿੱਟੀ ਨਾਲ ਕੀ ਕਰਨਾ ਏ।
ਫੇਰ ਮੈਂ ਗਿਆਨ ਨਾਲ ਮਨ ਨੂੰ ਸਮਝਾਉਣ ਲੱਗ ਪੈਂਦਾ ਹਾਂ ਕਿ ਹਿੰਦੂ ਦਰਸ਼ਨ ਮੌਤ ਨੂੰ ਜੀਵਨ ਦਾ ਅੰਤ ਨਹੀਂ, ਮੁੱਢ ਮੰਨਦਾ ਏ। ਜਨਮ ਤੋਂ ਮਰਨ ਤੇ ਮਰਨ ਤੋਂ ਜਨਮ ਕਿਸੇ ਧਾਗੇ ਦੇ ਇਕ ਜਾਂ ਦੂਜੇ ਸਿਰੇ ’ਤੇ ਨਹੀਂ ਸਗੋਂ ਇਕ ਦਾਇਰੇ ’ਚ ਨੇ। ਜਿਸ ਦੇ ਸਿਰੇ ਆਪਣੀ ਗੋਲਾਈ ਪੂਰੀ ਕਰ ਕੇ ਇਕ ਦੂਜੇ ਨਾਲ ਮਿਲ ਜਾਂਦੇ ਨੇ। ਜੀਵ ’ਚ ਜਿੰਨੀ ਤਾਂਘ ਏਸ ਜਨਮ ਤੋਂ ਮੋਕਸ਼ ਪ੍ਰਾਪਤ ਕਰਨ ਦੀ ਹੁੰਦੀ ਏ, ਓਨੀ ਹੀ ਮੁੜ ਜਨਮ ਲੈਣ ਜਾਂ ਨਵਾਂ ਚੋਲ਼ਾ ਧਾਰਨ ਕਰਨ ਦੀ ਹੁੰਦੀ ਏ। ਜਿਹੜਾ ਏਸ ਸੱਚ ਨੂੰ ਜਿੰਨਾ ਮਨੋਂ ਮੰਨ ਲੈਂਦਾ ਏ, ਓਨਾ ਹੀ ਸੌਖਾ ਹੋ ਜਾਂਦਾ ਏ।
ਉਂਜ, ਹਰੇਕ ਬੰਦਾ ਸੋਚਦਾ ਏ ਕਿ ਉਹਦੇ ਮਰਨ ਤੋਂ ਬਾਅਦ ਉਹਦਾ ਕੀ ਕੀਤਾ ਜਾਵੇਗਾ? ਉਹਦੇ ਅੰਤਿਮ ਸੰਸਕਾਰ ਕਿਵੇਂ ਕੀਤੇ ਜਾਣਗੇ? … ਮੈਨੂੰ ਇਹ ਸੋਚ ਹਾਸੋਹੀਣੀ ਲੱਗਦੀ ਏ। ਮੈਂ ਸੋਚਦਾ ਹਾਂ ਕਿ ਜਦ ਬੰਦੇ ਦੀ ਚੇਤਨਾ ਹੀ ਨਹੀਂ ਰਹਿਣੀ, ਫੇਰ ਉਹਦੀ ਮਿੱਟੀ ਹੋਈ ਦੇਹ ਨਾਲ ਕੋਈ ਕੀ ਸਲੂਕ ਕਰਦਾ ਏ, ਇਹਦੇ ਨਾਲ ਉਹਨੂੰ ਕੀ ਫ਼ਰਕ ਪੈਂਦਾ ਏ। ਅਸਲ ’ਚ ਬੰਦੇ ਦੇ ਮਨ ਦੇ ਡਰ ਅਖੀਰ ਤਕ ਵੀ ਉਹਦਾ ਖਹਿੜਾ ਨਹੀਂ ਛੱਡਦੇ।
ਜਿਵੇਂ ਉਰਦੂ ਦੀ ਸ਼ਾਨਦਾਰ ਗਲਪਕਾਰ ਇਸਮਤ ਚੁਗ਼ਤਾਈ ਨੂੰ ਅੰਤ ਵੇਲੇ ਤਕ ਇਹੀ ਡਰ ਤੰਗ ਕਰਦਾ ਰਿਹਾ ਕਿ ਮਰਨ ਬਾਅਦ ਉਹਨੂੰ ਕਬਰ ’ਚ ਦੱਬ ਦਿੱਤਾ ਜਾਵੇਗਾ ਤਾਂ ਉਹਦੀ ਦੇਹ ਨੂੰ ਖਾਣ ਵਾਸਤੇ ਸੁੰਡੀਆਂ ਤੇ ਕੀੜੇ ਆ ਜਾਣਗੇ। ਉਹਨੂੰ ਉਨ੍ਹਾਂ ਕੀੜਿਆਂ ਤੋਂ ਬਹੁਤ ਡਰ ਲੱਗਦਾ ਸੀ। ਏਸੇ ਲਈ ਉਹਨੇ ਵਸੀਅਤ ਕੀਤੀ ਸੀ ਕਿ ਉਹਨੂੰ ਮਰਨ ਬਾਅਦ ਸਾੜ ਦਿੱਤਾ ਜਾਵੇ, ਦਫ਼ਨ ਨਾ ਕੀਤਾ ਜਾਵੇ। ਪਰ ਮੁਸਲਮਾਨ ਮੁਰਦੇ ਨੂੰ ਸਾੜ ਕੇ ਬੰਬਈ ’ਚ ਹਿੰਦੂ-ਮੁਸਲਮ ਫਸਾਦ ਥੋੜ੍ਹਾ ਕਰਾਉਣਾ ਸੀ, ਉਹਦੀ ‘ਨਾਜਾਇਜ਼ ਔਲਾਦ’ ਨੇ। ਇਹ ‘ਪਿਆਰ ਦੀ ਔਲਾਦ’ ਲੁਕਵੀਂ ਕਹਾਣੀ ਏ ਕਿ ਇਸਮਤ ਚੁਗ਼ਤਾਈ ਨੇ ਕੁਆਰੀ ਹੁੰਦੀ ਨੇ ਇਕ ਕੁੜੀ ਨੂੰ ਜਨਮ ਦਿੱਤਾ ਸੀ। ਜੀਹਨੂੰ ਲੁਕਾ ਕੇ ਪਾਲਣ ਲਈ ਇਕ ਹਿੰਦੂ ਦੋਸਤ ਦੇ ਹਵਾਲੇ ਕਰ ਦਿੱਤਾ ਗਿਆ ਸੀ। ਜਦ ਇਸਮਤ ’ਕੱਲੀ ਤੇ ਬੁੱਢੀ ਹੋ ਗਈ ਤਾਂ ਉਹੀ ਕੁੜੀ ਸੀਮਾ ਉਹਨੂੰ ਆਪਣੇ ਘਰ ਲੈ ਗਈ ਸੀ। ਉਹਨੂੰ ਇਸਮਤ ਨੇ ਓਹਦੇ ਨਾਲ ਆਪਣੇ ਪਿਆਰ ਦਾ ਭੇਤ ਦੱਸ ਦਿੱਤਾ ਸੀ। ਉਸ ਹਿੰਦੂ ਕੁੜੀ ਨੇ ਆਪਣੀ ਮੁਸਲਮਾਨ ਮਾਂ ਦੀ ਵਸੀਅਤ ਨੂੰ ਲਾਂਭੇ ਰੱਖ ਕੇ ਮੌਲਵੀ ਨੂੰ ਬੁਲਾ ਕੇ ਆਪਣੀ ਮਾਂ ਨੂੰ ਕੀੜਿਆਂ ਦੇ ਖਾਣ ਲਈ ਦਫ਼ਨ ਕਰਾ ਦਿੱਤਾ ਸੀ।
ਏਸੇ ਤਰ੍ਹਾਂ ਏਸ਼ੀਆ ਦੇ ਵੱਡੇ ਕਹਾਣੀਕਾਰ ਦੇ ਤੌਰ ’ਤੇ ਮਸ਼ਹੂਰ ਕ੍ਰਿਸ਼ਨ ਚੰਦਰ ਨੂੰ ਉਹਦੇ ਧਰਮ ਦੇ ਉਲਟ ਮੜ੍ਹੀਆਂ ’ਚ ਸਾੜਿਆ ਗਿਆ ਸੀ। ਕੋਈ 54 ਜਾਂ 55 ਸਾਲ ਦੀ ਉਮਰ ’ਚ ਉਹਨੇ ਇਸਲਾਮ ਕਬੂਲ ਕਰ ਕੇ ਸਲਮਾ ਨਾਂ ਦੀ ਇਕ ਔਰਤ ਨਾਲ ਨਿਕਾਹ ਕਰ ਲਿਆ ਸੀ। ਸਾਹਿਤਕ ਸ਼ੌਕ ਵਾਲੀ ਉਹ ਸ਼ਾਇਰਾ ਔਰਤ ਬਹੁਤ ਸਿਆਣੀ ਸੀ। ਉਨ੍ਹਾਂ ਦਾ ਪ੍ਰੇਮ-ਨਾਟਕ ਪਤਾ ਨਹੀਂ ਕਦ ਤੋਂ ਚੱਲ ਰਿਹਾ ਸੀ। ਨਿਕਾਹ ਹੋਣ ’ਤੇ ਈ ਸਭ ਨੂੰ ਪਤਾ ਲੱਗਿਆ। ਕ੍ਰਿਸ਼ਨ ਚੰਦਰ ਨੂੰ ਮੁਸਲਮਾਨ ਏਸ ਲਈ ਵੀ ਹੋਣਾ ਪਿਆ ਕਿ ਉਹਦੀ ਹਿੰਦੂ ਪਤਨੀ ਸਰਲਾ ਹਾਲੇ ਚੰਗੀ ਭਲੀ ਸੀ। ਪਰ ਉਹ ਰਹਿੰਦੀ ਵੱਖਰੀ ਸੀ। ਖਰਚਾ ਕ੍ਰਿਸ਼ਨ ਚੰਦਰ ਹੀ ਦੇਂਦਾ ਸੀ।
ਜਦ ਕ੍ਰਿਸ਼ਨ ਚੰਦਰ ਗੁਜ਼ਰਿਆ ਤਾਂ ਰਾਜਿੰਦਰ ਸਿੰਘ ਬੇਦੀ ਵਗੈਰਾ ਪੰਜਾਬੀ ਦੋਸਤ ’ਕੱਠੇ ਹੋ ਗਏ। ਜਿਨ੍ਹਾਂ ’ਚੋਂ ਬਹੁਤੇ ਹਿੰਦੂ ਸਨ ਤੇ ਸਭ ਨੂੰ ਕ੍ਰਿਸ਼ਨ ਦੀ ਪਹਿਲੀ ਪਤਨੀ ਦਾ ਪਤਾ ਸੀ। ਸਲਮਾ ਨੂੰ ਪੁੱਛਿਆ ਗਿਆ ਕਿ ਬੀਬੀ, ਹੁਣ ਇਹਦਾ ਕੀ ਕਰੀਏ? ਸਲਮਾ ਕਹਿੰਦੀ, ‘‘ਹੁਣ ਏਸ ਮਿੱਟੀ ਦਾ ਕੀ ਏ? ਜੋ ਮਰਜ਼ੀ ਕਰ ਲਓ।’’ … ਤਦ ਨੂੰ ਸਰਲਾ ਨੂੰ ਖ਼ਬਰ ਹੋ ਗਈ। ਉਹ ਆ ਗਈ ਵੰਗਾਂ ਭੰਨ ਕੇ, ਰੋਂਦੀ ਕੁਰਲਾਂਦੀ। ਜਦ ਉਹਨੂੰ ਦਫ਼ਨ ਕਰਨ ਦੀ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਪਿੱਟ ਪੱਟੂਆ ਪਾ ਲਿਆ। ਕ੍ਰਿਸ਼ਨ ਚੋਪੜਾ ਖੱਤਰੀ ਸੀ। ਫੇਰ ਸਾਰਿਆਂ ਨੇ ਸਲਾਹ ਕਰ ਕੇ ਅਰਥੀ ਮੜ੍ਹੀਆਂ ’ਚ ਲਿਜਾ ਕੇ ਦਾਹ ਸੰਸਕਾਰ ਕਰ ਦਿੱਤਾ। ਸਲਮਾ ਕਿਤੇ ਵੀ ਇਕ ਸ਼ਬਦ ਤਕ ਨਹੀਂ ਬੋਲੀ।
ਜਦ ਕਦੇ ਮੈਂ ਮੌਤ ਬਾਰੇ ਸੋਚਦਾ ਹਾਂ ਤਾਂ ਮੈਨੂੰ ਇਹ ਗੱਲ ਦਿਲਚਸਪ ਲੱਗਦੀ ਏ ਕਿ ਭਾਰਤ ’ਚ ਮਰਨ ਦੇ ਕਿੰਨੇ ਈ ਤਰੀਕੇ ਨੇ। ਹਿੰਦੂ ਸਾਧੂ ਜਦ ਚਾਹੇ ਆਪਣੀ ਇੱਛਾ ਨਾਲ ਸਵਾਸ ਮੁਕਾ ਸਕਦਾ ਏ। ਉਹ ਜਦ ਚਾਹੇ ਜਲ ਸਮਾਧੀ ਲੈ ਸਕਦਾ ਏ। ਸੁਆਮੀ ਰਾਮ ਤੀਰਥ ਜਦ ਆਪਣੇ ਰੋਗ ਤੋਂ ਤੰਗ ਪੈ ਗਿਆ ਤਾਂ ਉਹਨੇ ਗੰਗਾ ’ਚ ਜਲ ਸਮਾਧੀ ਲੈ ਲਈ ਸੀ। ਇਹਨੂੰ ਮਹਾਵੈਰਾਗ ਵੀ ਆਖਿਆ ਜਾਂਦਾ ਏ। ਕਿਉਂਕਿ ਆਮ ਵੈਰਾਗ ’ਚ ਉਹ ਸੰਸਾਰ ਨੂੰ ਤਿਆਗ ਕੇ ਸੰਨਿਆਸੀ ਬਣਦਾ ਏ। … ਇਉਂ ਜੈਨੀ ਸਾਧੂ ਜਾਂ ਸਾਧਵੀ ਜਦ ਚਾਹੇ, ਅੰਨ ਜਲ ਛੱਡ ਕੇ ਲੂਣ ਵਾਲੇ ਪਾਣੀ ’ਤੇ ਮਹੀਨਾ ਕੁ ਜਿਉਂ ਕੇ ਪ੍ਰਾਣ ਤਿਆਗ ਦੇਂਦੇ ਨੇ। ਇਹਨੂੰ ਉਹ ‘ਸੰਥਾਰਾ’ ਆਖਦੇ ਨੇ। ਉਨ੍ਹਾਂ ’ਤੇ ਆਤਮਹੱਤਿਆ ਦਾ ਕੋਈ ਕੇਸ ਨਹੀਂ ਬਣ ਸਕਦਾ। ਜੇ ਵੱਡਾ ਗੁਰੂ ਹੋਵੇ ਤਾਂ ਉਹਦੀ ਮ੍ਰਿਤੂ ਨੂੰ ਮਹਾਨਿਰਵਾਣ ਜਾਂ ਪਰਿਨਿਰਵਾਣ ਆਖਿਆ ਜਾਂਦਾ ਏ।
ਮੈਨੂੰ ਇਹ ਆਪਣੀ ਇੱਛਾ ਨਾਲ ਪ੍ਰਾਣ ਤਿਆਗਣ ਦੀ ਗੱਲ ਅੱਛੀ ਲੱਗਦੀ ਏ। ਜਦ ਬੰਦੇ ’ਚ ਏਸ ਸੰਸਾਰ ਦੀਆਂ ਵਸਤਾਂ ਨਾਲ ਮੋਹ ਨਾ ਰਹੇ ਤਾਂ ਉਹਨੂੰ ਇੱਛਾ ਮ੍ਰਿਤੂ ਲੈ ਲੈਣੀ ਚਾਹੀਦੀ ਏ। ਆਤਮਿਕ ਦੁੱਖ ਭੋਗਣ ਨਾਲੋਂ ਮਰਨਾ ਚੰਗਾ ਹੁੰਦਾ ਏ।
ਸਾਡੇ ਪਿੰਡਾਂ ’ਚ ਕਈ ਬੁੱਢੇ ਆਪਣੇ ਸਸਕਾਰ ਦੀ ਤਿਆਰੀ ਪਹਿਲਾਂ ਆਪ ਈ ਕਰਨ ਲੱਗ ਪੈਂਦੇ ਨੇ। ਸਾਡੇ ਪਿੰਡ ਗਲਾਸੀ ਹੋਰਾਂ ਦਾ ਬੁੜ੍ਹਾ ਸੀ। ਉਹ ਆਪਣੀ ਮੌਤ ਤੋਂ ਕੁਝ ਚਿਰ ਪਹਿਲਾਂ ਲੱਕੜਾਂ ਦੇ ਖੁੰਢ ’ਕੱਠੇ ਕਰਨ ਲੱਗ ਪਿਆ ਸੀ। ਮੇਰੇ ਪੁੱਛਣ ’ਤੇ ਕਹਿੰਦਾ, ‘‘ਮਾਸਟਰ, ਤੈਨੂੰ ਨੀਂ ਪਤਾ, ਇਨ੍ਹਾਂ ਮੁੰਡਿਆਂ ਨੂੰ ਨਹੀਂ ਪਤਾ ਬਈ ਮੁਰਦੇ ਦੇ ਸੀਨੇ ’ਤੇ ਕਿਹੋ ਜੀ ਲੱਕੜੀ ਦਾ ਖੁੰਢ ਰੱਖੀਦੈ।’’ ਫੇਰ ਉਹਨੇ ਆਪਣੀ ਕੌਡੀ ’ਤੇ ਹੱਥ ਧਰ ਕੇ ਦੱਸਿਆ, ਬਈ ਇਹ ਕੌਡੀ ਛੇਤੀ ਨਹੀਂ ਬਲ਼ਦੀ।
ਜਿਹੜੇ ਬੁੜ੍ਹਿਆਂ ਨੂੰ ਇਹ ਵਸਾਹ ਨਹੀਂ ਹੁੰਦਾ ਕਿ ਉਹਦੀ ਜਾਇਦਾਦ ਸਾਂਭਣ ਵਾਲੇ ਮੁੰਡਿਆਂ ਨੇ ਉਹਦਾ ਹੰਗਾਮਾ ਕਰਨਾ ਏ ਜਾਂ ਨਹੀਂ ਤਾਂ ਉਹ ਆਪ ਈ ਕੱਫਨ ਖਰੀਦ ਕੇ ਰੱਖਦੇ ਸਨ। ਕਈ ਤਾਂ ਆਪਣੀ ਤੇਰ੍ਹਵੀਂ ਵੀ ਕਰਾ ਲੈਂਦੇ ਨੇ। ਸਾਡੇ ਪਿੰਡ ਦੇ ਮਹਿਮਦਪੁਰੀਆਂ ਦਾ ਬੁੜ੍ਹਾ ਆਪਣਾ ਭਾਰ ਏਸ ਲਈ ਘਟਾਉਂਦਾ ਰਿਹਾ ਸੀ ਕਿ ਮੁੰਡਿਆਂ ਦੇ ਮੋਢੇ ’ਤੇ ਭਾਰ ਘੱਟ ਪਵੇ। … ਸਾਡੇ ਪੁਰਾਣੇ ਪਿੰਡ ਬਦੀਨਪੁਰ ਦਾ ਇਕ ਬ੍ਰਾਹਮਣ ਬੁੜ੍ਹਾ ਹਰਿਦੁਆਰ ਤੇ ਪਿਹੋਵੇ ਜਾ ਕੇ ਆਪਣੀ ਗਤੀ ਵੀ ਕਰਾ ਆਇਆ ਸੀ। ਉਹਦੇ ਘਰ ’ਚ ਨਾ ਤੀਵੀਂ ਤੇ ਨਾ ਨਿਆਣੇ, ਕੋਈ ਵੀ ਨਹੀਂ ਸੀ। ਉਹਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਹਦੇ ਮਰਨ ਬਾਅਦ ਕਿਸੇ ਨੇ ਉਹਦੀ ਗਤੀ ਨਹੀਂ ਕਰਾਉਣੀ। ਮਰਨਾ ਉਹਨੇ ਕੱਲੇ ਨੇ ਮੰਜੇ ’ਤੇ ਏ। ਪੈਣਾ ਉਹਨੇ ਪ੍ਰੇਤ ਜੂਨ ’ਚ ਐ। ਰਹਿਣਾ ਉਹਨੇ ਬਦੀਨਪੁਰ ਦਿਆਂ ਇਨ੍ਹਾਂ ਬਰੋਟਿਆਂ, ਪਿੱਪਲਾਂ ਤੇ ਨਿੰਮਾਂ ’ਤੇ ਈ ਐ। ਮੈਨੂੰ ਮੌਤ ਬਾਰੇ ਸੋਚਦਿਆਂ ਤੇ ਭੂਸ਼ਨ ਨਾਲ ਗੱਲਾਂ ਕਰਦਿਆਂ ਪਤਾ ਲੱਗਿਆ ਸੀ ਕਿ ਬ੍ਰਾਹਮਣਾਂ ਦੇ ਕਿਰਿਆ ਗਿਆਰਾਂ ਦਿਨਾਂ ਬਾਅਦ ਹੁੰਦੀ ਏ। ਖੱਤਰੀਆਂ ਤੇ ਹੋਰ ਸਾਰੀਆਂ ਹਿੰਦੂ ਜਾਤਾਂ ਦੇ ਕਿਰਿਆ ਬਾਰ੍ਹਵੇਂ ਤੇਰ੍ਹਵੇਂ ਦਿਨ ਹੁੰਦੀ ਏ। ਆਰੀਆ ਸਮਾਜੀ ਚੌਥੇ ਦਿਨ ਈ ਅੰਤਿਮ ਸ਼ੋਕ ਦਿਵਸ ਕਰ ਕੇ ਉਠਾਲਾ ਕਰ ਲੈਂਦੇ ਨੇ। ਕਾਰੋਬਾਰੀ ਸਨਾਤਨੀ ਵੀ ਚੌਥੇ ਦਿਨ ਉਠਾਲਾ ਕਰ ਕੇ ਆਪਣੀਆਂ ਹੱਟੀਆਂ ਖੋਲ੍ਹ ਲੈਂਦੇ ਨੇ। ਪਿੱਛੋਂ ਤਾਂ ਉਹੀ ਕੁਝ ਹੁੰਦਾ ਏ ਜੋ ਪਿਛਲਿਆਂ ਦੀ ਮਰਜ਼ੀ ਹੋਵੇ। ਮੀਸ਼ੇ ਦੇ ਸਸਕਾਰ ਵੇਲੇ ਉਹਦੇ ਸਰ੍ਹਾਣੇ ਘੜਾ ਭੰਨਿਆ ਗਿਆ ਸੀ ਤੇ ਭੈਣਾਂ ਨੇ ਵੈਣ ਪਾਏ ਸੀ ‘ਬਦਾਮ ਤੇ ਹੋਰ ਪਤਾ ਨਹੀਂ ਕੀ ਕੀ ਖਾਣੇ’ ਦੇ। ਪਰ ਸੁਰਜੀਤ ਕੌਰ ਦੇ ਪਤੀ ਦੇ ਮਰਨ ’ਤੇ ਅਜਿਹਾ ਕੁਝ ਵੀ ਨਹੀਂ ਸੀ ਕੀਤਾ ਗਿਆ। ਸੁਰਜੀਤ ਕੌਰ ਨੇ ਭੋਗ ਵਾਲੇ ਦਿਨ ਗੁਰਦੁਆਰੇ ’ਚ ਆ ਕੇ ਮੱਥਾ ਵੀ ਨਹੀਂ ਸੀ ਟੇਕਿਆ। ਚੁੱਪ ਕਰ ਕੇ ਇਕ ਪਾਸੇ ਨੂੰ ਹੋ ਕੇ ਬਹਿ ਗਈ ਸੀ।
ਮੈਂ ਏਸ ਮਾਮਲੇ ਬਾਰੇ ਕੋਈ ਵਸੀਅਤ ਨਹੀਂ ਕਰਨਾ ਚਾਹੁੰਦਾ, ਪਤਾ ਨਹੀਂ ਮੇਰੇ ਪਿੱਛੋਂ ਰਸਮਾਂ ਕਰਨ ਵਾਲਿਆਂ ਨੂੰ ਕੀ ਕਰਕੇ ਸੁਖ ਮਿਲੇ। ਮੈਨੂੰ ਕੀ। ਅਗਲੇ ਪਿਛਲੇ ਜਨਮ ਨੂੰ ਤਾਂ ਮੰਨਦਾ ਹੀ ਨਹੀਂ। ਉਂਜ, ਮੈਨੂੰ ਪ੍ਰੇਤ ਜੂਨ ਚੰਗੀ ਲੱਗਦੀ ਏ। ਦੇਹ ਦੇ ਸੌ ਦੁੱਖ ਨੇ। ਪ੍ਰੇਤ ਆਪਣੀ ਮਰਜ਼ੀ ਨਾਲ ਦੁਨੀਆ ਭਰ ਦੀਆਂ ਸੈਰਾਂ ਕਰ ਸਕਦਾ ਏ। ਮੇਰਾ ਜਦ ਦਿਲ ਕਰਿਆ ਮੈਂ ਜਲੰਧਰ ਦੇ ਦੋਸਤਾਂ ਦੇ ਬਨੇਰਿਆਂ ’ਤੇ ਬਹਿ ਕੇ ਉਨ੍ਹਾਂ ਦੇ ਨਾਟਕ ਦੇਖਾਂਗਾ। ਜਦ ਦਿਲ ਕਰੇਗਾ ਖੰਨੇ ਚਲਿਆ ਜਾਵਾਂਗਾ। ਨਹੀਂ ਚੰਡੀਗੜ੍ਹ ਤਾਂ ਜਾਵਾਂਗਾ ਈ ਜਿੱਥੇ ਦੇਖਣ ਤੇ ਮਾਨਣ ਨੂੰ ਬੜੇ ਤਮਾਸ਼ੇ ਨੇ। …
ਦੇਖਿਆ, ਬੰਦੇ ਦੀ ਗੱਲ ਮੁੱਕੀ ਨਾ ਫੇਰ ਤਮਾਸ਼ਿਆਂ ’ਤੇ!

ਸੰਪਰਕ: 94632-20319, 79736-01099


Comments Off on ਖੰਨੇ ਮਰਨੈ ਜਾਂ ਜਲੰਧਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.