ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਖਾਵੇ ਕੋਹੜੀ ਛੱਡੇ ਕਲੰਕੀ

Posted On May - 14 - 2019

ਬਲਦੇਵ ਸਿੰਘ (ਸੜਕਨਾਮਾ)

ਕਲਕੱਤਾ (ਕੋਲਕਾਤਾ) ਮਹਾਂਨਗਰ ਵਿਚ ਟੈਕਸੀ ਚਲਾਉਂਦਿਆਂ ਅਨੇਕਾਂ ਵਾਰ ਅਜਿਹੇ ਬੰਦਿਆਂ ਨਾਲ ਵਾਹ ਪਿਆ ਜਾਂ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਹੋ ਜਿਹੀਆਂ ਅਸੀਂ ਪੁਸਤਕਾਂ ਵਿਚ ਪੜ੍ਹਦੇ ਹਾਂ ਜਾਂ ਫ਼ਿਲਮਾਂ ਵਿਚ ਹੀ ਵੇਖਦੇ ਹਾਂ। ਇਕ ਦਿਨ ਦੁਪਹਿਰ ਵੇਲੇ ਘਰ ਤੋਂ 20-22 ਮੀਲ ਦੂਰ ਖੜ੍ਹਾ ਸੋਚ ਰਿਹਾ ਸੀ ਕਿ ਹੁਣ ਘਰ ਜਾ ਕੇ ਰੋਟੀ ਖਾਣੀ ਤਾਂ ਸੰਭਵ ਨ੍ਹੀਂ ਹੈ। ਓਧਰ ਦੀ ਸਵਾਰੀ ਸ਼ਾਇਦ ਹੀ ਇੱਥੋਂ ਮਿਲੇ। ਖਾਲੀ ਏਨੇ ਮੀਲ ਸਿਰਫ਼ ਰੋਟੀ ਖਾਣ ਲਈ ਜਾਣ ਦਾ ਮਨ ਵੀ ਨਹੀਂ ਸੀ। ਮੈਂ ਨੇੜੇ ਦੇ ਕਿਸੇ ਢਾਬੇ ’ਤੇ ਜਾਣ ਬਾਰੇ ਸੋਚਿਆ।
ਥੋੜ੍ਹੀ ਦੇਰ ਪਹਿਲਾਂ ਇਕ ਟਰੈਫਿਕ ਵਾਲੇ ਸਿਪਾਹੀ ਨਾਲ ਬਹਿਸ ਕੇ ਹਟਿਆ ਸਾਂ। ਉਸ ਨੇ ਇਕ ਸਵਾਰੀ ਉਤਾਰਨ ਸਮੇਂ ਧੱਕੇ ਨਾਲ ਚਲਾਨ ਕੱਟ ਦਿੱਤਾ ਸੀ।
‘ਜਾਣਦਾ ਨਹੀਂ, ਨੋ ਪਾਰਕਿੰਗ ਹੈ?’ ਸਿਪਾਹੀ ਨੇ ਰੋਹਬ ਮਾਰਿਆ ਸੀ।
‘ਸੌਰੀ, ਮੈਂ ਤਾਂ ਸਵਾਰੀ ਉਤਾਰੀ ਹੈ, ਸਰ।’ ਮੈਂ ਉਸ ਨੂੰ ਵਡਿਆਉਣਾ ਚਾਹਿਆ। ਪਰ ਇਹ ਮਹਿਕਮਾ ਇਨ੍ਹਾਂ ਗੱਲਾਂ ਤੋਂ ਉੱਪਰ ਉਠਿਆ ਹੁੰਦਾ ਹੈ। ਉਸ ਨੇ ਆਪਣੇ ਪੁਲਸੀਆ ਅੰਦਾਜ਼ ਵਿਚ ਹੁਕਮ ਦਿੱਤਾ ‘ਗਾੜੀ ਕਾ ਆਰ.ਸੀ. ਔਰ ਅਪਨਾ ਲਾਇਸੈਂਸ ਦੋ…।’
ਮੈਂ ਉਸਨੂੰ ਠੰਢਾ ਕਰਨ ਲਈ ਬਥੇਰੇ ਛਿੱਟੇ ਮਾਰੇ, ਪਰ ਉਸ ਨੇ ਚਲਾਨ ਕੱਟ ਕੇ ਹੱਥ ਵਿਚ ਫੜਾਉਂਦਿਆਂ ਕਿਹਾ, ‘24 ਪਰਗਨਾ ਕੋਰਟ ਮੇਂ ਭੁਗਤ ਲੇਨਾ।’
ਇਸ ਕਾਰਨ ਮੂਡ ਖ਼ਰਾਬ ਸੀ। ਉਦੋਂ ਮੈਂ ਚਾਹ ਪੀਣ ਦਾ ਮਨ ਬਣਾਇਆ ਸੀ, ਠੀਕ ਉਸ ਵੇਲੇ ਇਕ ਪੂਰੇ ਪੱਕੇ ਰੰਗ ਵਾਲੇ ਬੰਗਾਲੀ ਬਾਬੂ ਨੇ ਆ ਕੇ ਪੁੱਛਿਆ ‘ਸ਼ੋਰਦਾਰ ਜੀ, ਭਵਾਨੀਪੁਰ ਜਾਏਗਾ?’
ਮੈਂ ਖ਼ੁਸ਼ ਹੁੰਦਿਆਂ ਕਿਹਾ ‘ਜ਼ਰੂਰ ਜਾਏਗਾ।’
ਮੈਂ ਭਵਾਨੀਪੁਰ ਹੀ ਰਹਿੰਦਾ ਸੀ। ਮੈਂ ਸੋਚਿਆ, ਹੁਣ ਰੋਟੀ ਘਰ ਜਾ ਕੇ ਖਾਧੀ ਜਾ ਸਕਦੀ ਹੈ।
‘ਅੰਦਰ ਗਲੀ ਸੇ ਥੋੜ੍ਹਾ ਸਾਮਾਨ ਉਠਾਨਾ ਹੈ।’ ਬੰਗਾਲੀ ਨੇ ਬਹੁਤ ਨਰਮ ਸੁਰ ਵਿਚ ਕਿਹਾ। ਮੈਂ ਗੱਡੀ ਗਲੀ ਦੇ ਅੰਦਰ ਲੈ ਗਿਆ। ਪੁਰਾਣੇ ਜਿਹੇ ਇਕ ਮਕਾਨ ਦੇ ਲਾਗੇ ਦੋ ਆਦਮੀ ਖੜ੍ਹੇ ਸਨ। ਉਸ ਨੇ ਉੱਥੇ ਟੈਕਸੀ ਰੁਕਵਾ ਲਈ। ਮੈਨੂੰ ਉਨ੍ਹਾਂ ਦੀਆਂ ਹਰਕਤਾਂ ਚੰਗੀਆਂ ਨਹੀਂ ਲੱਗੀਆਂ। ਇਸ ਕਿੱਤੇ ਵਿਚ ਕਾਫ਼ੀ ਸਮਾਂ ਰਹਿਣ ਕਾਰਨ ਸਵਾਰੀਆਂ ਦੇ ਚਿਹਰਿਆਂ ਤੋਂ ਹੀ ਪਤਾ ਲੱਗ ਜਾਂਦੈ। ਇਹ ਕਿਸ ਤਰ੍ਹਾਂ ਦੇ ਹਨ। ਇਸ ਦੌਰਾਨ ਉਹ ਅੰਦਰੋਂ ਦੋ ਬੋਰੇ ਘੜੀਸ ਲਿਆਏ।
‘ਪੀਛੇ ਡਿੱਕੀ ਖੋਲ੍ਹਨਾ ਸ਼ੋਰਦਾਰ ਜੀ।’ ਉਨ੍ਹਾਂ ਵਿਚੋਂ ਇਕ ਬੋਲਿਆ।
‘ਕਯਾ ਹੈ ਇਸ ਮੇਂ?’ ਮੈਂ ਪੁੱਛਿਆ। ਪਰ ਇਕ ਜਣੇ ਨੇ ਆਪ ਹੀ ਡਿੱਕੀ ਖੋਲ੍ਹ ਕੇ ਝੱਟ ਬੋਰੇ ਅੰਦਰ ਸੁੱਟ ਦਿੱਤੇ। ਮੈਂ ਪਿੱਛੇ ਜਾ ਕੇ ਸਾਮਾਨ ਚੈੱਕ ਕਰਨਾ ਚਾਹਿਆ ਤਾਂ ਇਕ ਨੇ ਝੱਟ ਮੇਰੀ ਪੁੜਪੁੜੀ ਨਾਲ ਰਿਵਾਲਵਰ ਲਗਾ ਕੇ ਰੋਹਬ ਮਾਰਿਆ।
‘ਸਟੇਰਿੰਗ ਪਰ ਚਲੇ ਜਾ…ਨਹੀਂ ਤੋ…।’
ਮੈਂ ਬਦਹਵਾਸ ਹੋਇਆ ਕੰਬਦੀਆਂ ਲੱਤਾਂ ਨਾਲ ਸਟੇਰਿੰਗ ਆ ਫੜਿਆ। ਰਿਵਾਲਵਰ ਵਾਲਾ ਮੇਰੇ ਬਰਾਬਰ ਬੈਠ ਗਿਆ। ਦੂਸਰੇ ਦੋ ਤਾਂ ਪਹਿਲਾਂ ਹੀ ਪਿੱਛੇ ਬੈਠ ਗਏ ਸਨ। ਉਨ੍ਹਾਂ ਕੋਲ ਵੀ ਹਥਿਆਰ ਹੋਣਗੇ। ਇਕ ਤਰ੍ਹਾਂ ਨਾਲ ਉਨ੍ਹਾਂ ਨੇ ਮੈਨੂੰ ਪੂਰੀ ਤਰ੍ਹਾਂ ਸਿਕੰਜੇ ਵਿਚ ਲਿਆ ਹੋਇਆ ਸੀ। ਉਨ੍ਹਾਂ ਕਿਹਾ, ‘ਬੈਰਕਪੁਰ।’ ਹੁਣ ਉਨ੍ਹਾਂ ਦੀ ਭਾਸ਼ਾ ਹੀ ਬਦਲ ਗਈ ਸੀ।
ਬੈਰਕਪੁਰ ਇਸ ਜਗ੍ਹਾ ਤੋਂ ਬਿਲਕੁਲ ਉਲਟ ਦਿਸ਼ਾ ਵੱਲ ਸੀ, ਕਿੱਥੇ ਮੈਂ ਘਰ ਜਾਣ ਦੀ ਚਾਹ ਵਿਚ ਸੀ, ਕਿੱਥੇ ਹੁਣ ਹੋਰ ਵੀ 14-15 ਕਿਲੋਮੀਟਰ ਦੂਰ ਹੋ ਜਾਣਾ ਸੀ। ਅੰਦਰੋਂ ਮੈਂ ਪੂਰਾ ਡਰਿਆ ਹੋਇਆ ਸੀ। ਇਨ੍ਹਾਂ ਗੁੰਡਿਆਂ ਨੇ ਭਾੜਾ ਵੀ ਨਹੀਂ ਦੇਣਾ। ਜੇ ਪੁਲੀਸ ਦਾ ਚੱਕਰ ਪੈ ਗਿਆ ਟੈਕਸੀ ਥਾਣੇ ਖੜ੍ਹੀ ਸੜ ਜਾਣੀ ਐਂ। ਉਲਟਾ ਮੈਨੂੰ ਜੇਲ੍ਹ ਵੀ ਹੋ ਸਕਦੀ ਹੈ। ਭੁੱਖ ਦੀ ਸੰਘੀ ਵੀ ਘੁੱਟੀ ਗਈ। ਜਕੋ-ਤਕੀ ਵਿਚ ਮੈਂ ਟੈਕਸੀ ਘੁੰਮਾ ਲਈ।
‘ਸ਼ੋਰਦਾਰ ਜੀ ਚਲਾਕੀ ਨਹੀਂ ਕਰਨੀ, ਨਹੀਂ ਤੋਂ ਪੇਟ ਕੀ ਅੰਤੜੀਆਂ ਖਿੱਲਰ ਜਾਏਂਗੀ।’ ਮੇਰੇ ਬਰਾਬਰ ਬੈਠੇ ਨੇ ਮੈਨੂੰ ਧਮਕੀ ਦਿੱਤੀ ਤੇ ਕਮੀਜ਼ ਦਾ ਮੂਹਰਲਾ ਹਿੱਸਾ ਜ਼ਰਾ ਕੁ ਸਰਕਾਇਆ ਤਾਂ ਕਿ ਮੈਂ ਵੇਖ ਲਵਾਂ ਰਿਵਾਲਵਰ ਦੀ ਨਾਲੀ ਮੇਰੇ ਵੱਲ ਸਿੱਧੀ ਹੈ।
ਚੌਰਸਤੇ ਵਿਚ ਆਏ ਤਾਂ ਟਰੈਫਿਕ ਸਿਪਾਹੀ ਨੇ ਸਿਗਨਲ ਬਦਲ ਦਿੱਤਾ।

ਬਲੇਦਵ ਸਿੰਘ ਸੜਕਨਾਮਾ

ਮੇਰੇ ਬਰਾਬਰ ਬੈਠਾ ਸੁਚੇਤ ਹੋ ਗਿਆ। ਮਨ ਵਿਚ ਆਇਆ ਗੱਡੀ ਵਿਚੋਂ ਉਤਰ ਕੇ ਦੌੜ ਜਾਵਾਂ, ਕੀ ਕਰ ਲੈਣਗੇ? ਜੇ ਇਹ ਬੈਰਕਪੁਰ ਲੈ ਗਏ, ਉੱਥੇ ਟੈਕਸੀ ਵੀ ਖੋਹ ਸਕਦੇ ਐ, ਮੇਰੀ ਕੁੱਟ-ਮਾਰ ਵੀ ਕਰ ਸਕਦੇ ਐ, ਮੈਨੂੰ ਗੋਲੀ ਵੀ ਮਾਰ ਸਕਦੇ ਐ…।
ਸਿਪਾਹੀ ਨੇ ਜਾਣ ਲਈ ਸਿਗਨਲ ਦਿੱਤਾ ਤਾਂ ਮੈਥੋਂ ਘਬਰਾਏ ਤੋਂ ਟੈਕਸੀ ਬੰਦ ਹੋ ਗਈ। ਮੇਰੇ ਪਿੱਛੇ ਗਰਦਨ ਲਾਗੇ ਕੋਈ ਤਿੱਖੀ ਚੀਜ਼ ਚੁਭੀ, ਡਰਦਿਆਂ ਮੈਂ ਫੇਰ ਗੱਡੀ ਸਟਾਰਟ ਕਰ ਲਈ। ਡਨਲਪ ਦਾ ਏਰੀਆ ਪਾਰ ਕਰ ਲਿਆ। ਅੱਗੇ ਬਲਗਰੀਆ ਇਲਾਕਾ ਪੈਂਦਾ ਹੈ। ਇੱਥੇ ਪੁਲੀਸ ਥਾਣਾ ਬਿਲਕੁਲ ਜੀ.ਟੀ. ਦੇ ਉੱਪਰ ਹੈ।
ਮੇਰੇ ਮਨ ਵਿਚ ਖ਼ਿਆਲ ਆਇਆ, ਇਨ੍ਹਾਂ ਨੇ ਮੇਰੇ ਨਾਲ ਭਲੀ ਤਾਂ ਗੁਜ਼ਾਰਨੀ ਨਹੀਂ ਇਕ ਦਾਅ ਖੇਡ ਕੇ ਵੇਖ ਲੈਨਾਂ। ਮੈਂ ਗੱਡੀ ਫੁੱਲ ਸਪੀਡ ’ਤੇ ਕਰਕੇ ਇਕਦਮ ਥਾਣੇ ਦੇ ਅੰਦਰ ਵਾੜ ਦਿੱਤੀ। ਪਿਛਲੇ ਦੋਵੇਂ ਤਾਂ ਗੇਟ ਲਾਗੇ ਹੀ ਚੱਲਦੀ ਗੱਡੀ ’ਚੋਂ ਛਾਲਾਂ ਮਾਰ ਗਏ। ਰਿਵਾਲਵਰ ਵਾਲਾ ਮੇਰੇ ਨਾਲ ਹੱਥੋਪਾਈ ਹੋ ਗਿਆ। ਇੰਨੇ ਵਿਚ ਥਾਣੇ ਦੇ ਅੰਦਰੋਂ ਕੁਝ ਸਿਪਾਹੀ ਦੌੜ ਕੇ ਬਾਹਰ ਆਏ। ਉਨ੍ਹਾਂ ਨੇ ਗੱਡੀ ਨੂੰ ਘੇਰਾ ਪਾ ਲਿਆ। ਸੜਕ ’ਤੇ ਜਾਂਦੇ ਲੋਕ ਵੀ ਖੜ੍ਹ ਗਏ। ਉਨ੍ਹਾਂ ਨੇ ਸ਼ਾਇਦ ਟੈਕਸੀ ਵਿਚੋਂ ਛਾਲਾਂ ਮਾਰ ਕੇ ਭੱਜਦੇ ਬੰਦੇ ਵੇਖ ਲਏ ਸਨ।
ਪਤਾ ਨਹੀਂ ਮੇਰੀ ਬਾਂਹ ’ਤੇ ਕੀ ਵੱਜਾ, ਕੁੜਤਾ ਲਹੂ ਨਾਲ ਲਿਬੜ ਗਿਆ। ਥਾਣੇਦਾਰ ਨੇ ਮੇਰੀ ਬਹਾਦਰੀ ਲਈ ਸ਼ਾਬਾਸ਼ ਤਾਂ ਦਿੱਤੀ, ਪਰ ਮੈਨੂੰ ਕਹਿੰਦਾ ‘ਤੁਜੇ ਕੋਰਟ ਮੇਂ ਗਵਾਹੀ ਦੇਨੀ ਪੜੇਗੀ।’
ਉਹ ਟੈਕਸੀ ਵੀ ਬੰਦ ਕਰਨ ਲੱਗਾ ਸੀ। ਮੈਂ ਮਿੰਨਤ ਕੀਤੀ ‘ਇਹ ਤਾਂ ਮੇਰੀ ਰੋਟੀ-ਰੋਜ਼ੀ, ਜਦੋਂ ਲੋੜ ਪਏਗੀ, ਕੋਰਟ ਵਿਚ ਲੈ ਆਵਾਂਗਾ।’ ਉਸ ਨੇ ਮੇਰਾ ਨਾਮ, ਪਤਾ ਦਰਜ ਕੀਤਾ, ਬਿਆਨ ਲਏ ਤੇ ਛੱਡ ਦਿੱਤਾ। ਬੋਰੀਆਂ ਵਿਚ ਪਤਾ ਨਹੀਂ ਕੀ ਮਾਲ ਸੀ। ਛੇ-ਸੱਤ ਮਹੀਨਿਆਂ ਵਿਚ ਤਿੰਨ ਤਰੀਕਾਂ ’ਤੇ ਮੈਨੂੰ ਗਵਾਹੀ ਲਈ ਬੁਲਾਇਆ ਗਿਆ। ਫਿਰ ਪਤਾ ਲੱਗਾ ਗੁੰਡਿਆਂ ਨੇ ਪੁਲੀਸ ਨਾਲ ਲੈਣ-ਦੇਣ ਕਰ ਲਿਆ ਤੇ ਬੋਰੀਆਂ ਦਾ ਮਾਲ ਲੱਕੜੀ ਦੇ ਬੂਰੇ ਵਿਚ ਤਬਦੀਲ ਹੋ ਗਿਆ। ਬੋਰੀਆਂ ਵਿਚ ਸੀ ਕੀ, ਇਹ ਭੇਦ ਹੀ ਬਣਿਆ ਰਿਹਾ। ਤੇ ਅਸੀਂ ਟੈਕਸੀਆਂ ਵਾਲੇ ਮਗਰੋਂ ਹੋਟਲਾਂ-ਢਾਬਿਆਂ ’ਤੇ ਗੱਲਾਂ ਕਰਨ ਜੋਗੇ ਹੀ ਰਹਿ ਜਾਂਦੇ ਹਾਂ। ਜੇ ਮਾਲ ਨਹੀਂ ਚੁੱਕਦੇ ਤਾਂ ਵੀ ਮਰਦੇ ਹਾਂ, ਜੇ ਚੁੱਕਦੇ ਹਾਂ ਤਾਂ ਵੀ ਮਰਦੇ ਹਾਂ।

ਸੰਪਰਕ: 98147-83069


Comments Off on ਖਾਵੇ ਕੋਹੜੀ ਛੱਡੇ ਕਲੰਕੀ
1 Star2 Stars3 Stars4 Stars5 Stars (1 votes, average: 4.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.