ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕਿੰਨਰ ਸਮਾਜ ਦੇ ਰਾਜਨੀਤਕ ਸਰੋਕਾਰ

Posted On May - 28 - 2019

ਪ੍ਰੋ. ਬਲਜੀਤ ਕੌਰ

ਸਾਡੇ ਸਮਾਜ ਵਿਚ ਬਹੁਤ ਸਾਰੇ ਵਿਅਕਤੀ ਜਾਂ ਸਮੂਹ ਅਜਿਹੇ ਹਨ ਜਿਨ੍ਹਾਂ ਦੀ ਅਸਲੀਅਤ ਜਾਣਨ ਜਾਂ ਉਨ੍ਹਾਂ ਦੀ ਸਮਰੱਥਾ ਪਛਾਣਨ ਤੋਂ ਬਿਨਾਂ ਹੀ ਸਮਾਜ ਉਨ੍ਹਾਂ ਨੂੰ ਹਾਸ਼ੀਏ ’ਤੇ ਧੱਕ ਦਿੰਦਾ ਹੈ। ਹਾਸ਼ੀਆਗਤ ਸ਼੍ਰੇਣੀਆਂ ਵਿਚੋਂ ਕਿੰਨਰ ਸਮਾਜ ਸਭ ਤੋਂ ਜ਼ਿਆਦਾ ਹਾਸ਼ੀਏ ’ਤੇ ਧੱਕਿਆ ਹੋਇਆ ਹੈ। ਸਮਾਜਿਕ ਪੱਖੋਂ ਤਾਂ ਇਹ ਵਰਗ ਹਾਸ਼ੀਏ ’ਤੇ ਧੱਕਿਆ ਹੋਇਆ ਹੀ ਹੈ, ਸਾਹਿਤ ਦੇ ਖੇਤਰ ਵਿਚ ਵੀ ਇਹ ਅਣਗੌਲਿਆ ਤੇ ਅਣਛੋਇਆ ਵਰਗ ਹੈ। ਭਾਰਤ ਵਿਚ ਬੇਸ਼ੱਕ ਕਿੰਨਰਾਂ ਨੂੰ ਸਮਾਜਿਕ ਮਾਨਤਾ ਪ੍ਰਾਪਤ ਸੀ। ਇਨ੍ਹਾਂ ਦਾ ਇਤਿਹਾਸਕ ਯੋਗਦਾਨ ਵੀ ਗੌਰਵਮਈ ਰਿਹਾ ਹੈ। ਸਾਡੇ ਧਾਰਮਿਕ ਗ੍ਰੰਥਾਂ ਮਹਾਂਭਾਰਤ ਅਤੇ ਰਾਮਾਇਣ ਵਿਚ ਕਿੰਨਰਾਂ ਦਾ ਜ਼ਿਕਰ ਮਿਲਦਾ ਹੈ। ਹਿੰਦੂ ਮਾਨਤਾ ਅਨੁਸਾਰ ਮਹਾਂਭਾਰਤ ਵਿਚ ਪਾਂਡਵਾਂ ਨੂੰ ਯੁੱਧ ਜਿਤਾਉਣ ਲਈ ਸਭ ਤੋਂ ਵਧੇਰੇ ਯੋਗਦਾਨ ਕਿੰਨਰ ਸ਼ਿਖੰਡੀ ਦਾ ਰਿਹਾ ਹੈ। ਸ਼ਿਖੰਡੀ ਤੋਂ ਬਿਨਾਂ ਮਹਾਂਭਾਰਤ ਦਾ ਯੁੱਧ ਜਿੱਤਣਾ ਸੰਭਵ ਨਹੀਂ ਸੀ। ਸ਼ਿਖੰਡੀ ਜਿਸ ਨੇ ਨਾਰੀ ਰੂਪ ਵਿਚ ਜਨਮ ਲਿਆ, ਪਰ ਉਸ ਦਾ ਪਾਲਣ ਪੋਸ਼ਣ ਮਰਦ ਵਾਂਗ ਹੋਇਆ। ਅਗਿਆਤ ਵਾਸ ’ਚ ਅਰਜਨ ਦਾ ਕਿੰਨਰ ਰੂਪ ਧਾਰਨ ਕਰਨਾ ਵੀ ਸਪੱਸ਼ਟ ਕਰਦਾ ਹੈ ਕਿ ਉਸ ਸਮੇਂ ਦੇ ਸਮਾਜ ਵਿਚ ਵੀ ਕਿੰਨਰਾਂ ਨੂੰ ਸਨਮਾਨ ਮਿਲਦਾ ਸੀ। ਇਸ ਤੋਂ ਅੱਗੇ ਪਾਂਡਵਾਂ ਨੂੰ ਯੁੱਧ ਜਿੱਤਣ ਲਈ ਵੀ ਅਰਾਵਨ ਦੀ ਬਲੀ ਦੇਣੀ ਪਈ ਸੀ। ਅਰਾਵਨ ਵੀ ਇਕ ਸੁੰਦਰ ਕਿੰਨਰ ਸੀ।
ਭਾਰਤ ਵਿਚ ਵੀਹ ਲੱਖ ਤੋਂ ਜ਼ਿਆਦਾ ਕਿੰਨਰਾਂ ਦੀ ਗਿਣਤੀ ਹੈ। ਮਨੁੱਖੀ ਵਿਕਾਸ ਦੇ ਇਸ ਪੜਾਅ ’ਤੇ ਪਹੁੰਚ ਕੇ ਵੀ ਭਾਰਤੀ ਸਮਾਜ ਔਰਤ ਅਤੇ ਮਰਦ ਦੇ ਪਰੰਪਰਾਗਤ ਦਾਇਰੇ ਵਿਚ ਬੱਝਿਆ ਹੋਇਆ ਹੋਣ ਕਾਰਨ ਮਨੁੱਖੀ ਜਾਮੇ ਵਿਚ ਕਿਸੇ ਤੀਜੇ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ। ਇਸੇ ਕਾਰਨ ਦੇਸ਼ ਦੇ ਬਹੁਗਿਣਤੀ ਕਿੰਨਰਾਂ ਤਕ ਰਾਜਨੀਤਕ ਅਧਿਕਾਰ ਪਹੁੰਚਣ ਦੀ ਨੇੜੇ ਭਵਿੱਖ ਵਿਚ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀਂ। 15 ਅਪਰੈਲ 2014 ਦਾ ਸੁਪਰੀਮ ਕੋਰਟ ਦਾ ਫ਼ੈਸਲਾ ਅਤੇ ਤੀਸਰੇ ਲਿੰਗ ਦਾ ਦਰਜਾ ਮਿਲਣ ਤੋਂ ਬਾਅਦ ਵੀ ਇਸ ਵਰਗ ਲਈ ਦਿੱਲੀ ਅਜੇ ਬਹੁਤ ਦੂਰ ਵਾਲੀ ਗੱਲ ਹੈ ਕਿਉਂਕਿ ਸਾਡੇ ਦੇਸ਼ ’ਚ ਕਾਨੂੰਨ ਤਾਂ ਬਹੁਤ ਸਾਰੇ ਹੋਂਦ ਵਿਚ ਆਉਂਦੇ ਹਨ। ਅਦਾਲਤਾਂ ਵੀ ਬਹੁਤ ਸਾਰੇ ਫ਼ੈਸਲੇ ਸੁਣਾਉਂਦੀਆਂ ਹਨ, ਪਰ ਇਹ ਸਾਰੇ ਫ਼ੈਸਲੇ ਲਾਗੂ ਕਿੱਥੇ ਹੁੰਦੇ ਹਨ ? ਕਿੰਨਰ ਵੀ ਆਮ ਮਨੁੱਖਾਂ ਦੀ ਤਰ੍ਹਾਂ ਦੇਸ਼ ਦੇ ਨਾਗਰਿਕ ਹਨ। ਇਨ੍ਹਾਂ ਦੇ ਵੀ ਮੌਲਿਕ ਅਧਿਕਾਰ ਹਨ। ਸਮਾਜਿਕ ਸਮੱਸਿਆਵਾਂ ਦੀ ਜਟਿਲਤਾ, ਸੰਵਿਧਾਨਕ ਤੇ ਰਾਜਨੀਤਕ ਤੌਰ ’ਤੇ ਕਿੰਨਰ ਸਮਾਜ ਨਾਲ ਵਿਤਕਰਾ ਹੋ ਰਿਹਾ ਹੈ। ਇਹ ਸੰਵਿਧਾਨ ਦੇ ਅਨੁਛੇਦ 14 ਅਤੇ 15 ਦੀ ਉਲੰਘਣਾ ਹੈ।
ਇਹ ਸਵਾਲ ਉੱਠਦਾ ਹੈ ਕਿ ਸੰਵਿਧਾਨ ਲਾਗੂ ਹੋਣ ਤੋਂ 65 ਸਾਲ ਬਾਅਦ ਤਕ ਵੀ ਸਮਾਜ ਦਾ ਇਕ ਵੱਡਾ ਹਿੱਸਾ ਅਧਿਕਾਰਾਂ ਤੋਂ ਵੰਚਿਤ ਰਿਹਾ। ਇਹ ਸਵਾਲ ਗੰਭੀਰ ਚਿੰਤਨ ਦੀ ਮੰਗ ਕਰਦਾ ਹੈ। ਕਿੰਨਰਾਂ ਬਾਰੇ ਬਿੱਲ ਅਜੇ ਵੀ ਰਾਜ ਸਭਾ ਵਿਚ ਲਮਕ ਰਿਹਾ ਹੈ। ਇਸ ਬਿੱਲ ਬਾਰੇ ਕਿੰਨਰ ਸਮਾਜ ਦਾ ਕਹਿਣਾ ਹੈ ਕਿ ਇਸ ਵਿਚ ਬਹੁਤ ਸਾਰੀਆਂ ਖਾਮੀਆਂ ਹਨ। ਇਹ ਬਿੱਲ ਤਾਂ ਕਿੰਨਰ ਦੀ ਪਰਿਭਾਸ਼ਾ ਦੱਸਣ ਤੋਂ ਵੀ ਅਸਮਰੱਥ ਹੈ। ਇਸ ਵਿਚ ਹਰ ਕਿੰਨਰ ਰਾਹੀਂ ਆਪਣੇ ਆਪ ਨੂੰ ਕਿੰਨਰ ਸਾਬਤ ਕਰਨ ਲਈ ਮੈਡੀਕਲ ਟੈਸਟ ਵਿਚੋਂ ਗੁਜ਼ਰਨਾ ਪਵੇਗਾ, ਜਿਸ ਦੇ ਵਿਰੋਧ ਵਿਚ ਕਿੰਨਰ ਭਾਈਚਾਰੇ ਵੱਲੋਂ ਧਰਨਾ ਵੀ ਦਿੱਤਾ ਗਿਆ। ਬਹੁਤੇ ਕਿੰਨਰਾਂ ਦੇ ਸਥਾਈ ਪਤੇ ਨਹੀਂ ਅਤੇ ਨਾ ਹੀ ਉਨ੍ਹਾਂ ਕੋਲ ਰਿਹਾਇਸ਼ੀ ਸਬੂਤ ਹਨ। ਇਸ ਕਰਕੇ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿਚ ਸ਼ਾਮਲ ਹੀ ਨਹੀਂ ਹੋ ਸਕਦਾ। ਲੁਧਿਆਣਾ ਵਿਚ ਕਿੰਨਰਾਂ ਦੇ 20 ਡੇਰੇ ਹਨ, ਪਰ ਉਨ੍ਹਾਂ ਵਿਚੋਂ ਮਤਦਾਤਾ ਸਿਰਫ਼ 10 ਹਨ। ਵੋਟਰ ਸੂਚੀ ਵਿਚ ਕਿੰਨਰਾਂ ਦੀ ਐਨੀ ਘੱਟ ਗਿਣਤੀ ਦਾ ਸ਼ਾਮਲ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ ਕਿ ਕਿਸੇ ਵੀ ਸਬੰਧਿਤ ਅਧਿਕਾਰੀ ਨੇ ਇਸ ਸਮਾਜ ਦੀਆਂ ਵੋਟਾਂ ਦਰਜ ਕਰਨ ਲਈ ਇਨ੍ਹਾਂ ਦੇ ਡੇਰਿਆ ਤਕ ਪਹੁੰਚ ਨਹੀਂ ਕੀਤੀ। ਦਰਅਸਲ, ਇਸ ਸਮਾਜ ਨੂੰ ਨਾ ਤਾਂ ਸਿੱਖਿਆ ਲਈ ਜਾਗੂਰਕ ਕੀਤਾ ਜਾ ਰਿਹਾ ਅਤੇ ਨਾ ਹੀ ਵੋਟ ਬਣਾਉਣ ਅਤੇ ਮਤਦਾਨ ਕਰਨ ਦੇ ਅਧਿਕਾਰ ਬਾਰੇ।
1994 ਵਿਚ ਕਿੰਨਰਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਹੱਕ ਮਿਲਿਆ। 1998 ’ਚ ਮੱਧ ਪ੍ਰਦੇਸ਼ ਦੀ ਸੁਹਾਗਪੁਰ ਵਿਧਾਨ ਸਭਾ ਤੋਂ ਸ਼ਬਨਮ ਮੌਸੀ ਨੇ ਚੋਣ ਲੜੀ। ਉਹ 18 ਵੋਟਾਂ ਨਾਲ ਜਿੱਤੀ। ਪੰਜਾਬ ਵਿਚ ਹੋਈਆਂ 2018 ਦੀਆਂ ਪੰਚਾਇਤ ਚੋਣਾਂ ਵਿਚ ਵੀ ਰਾਜਪੁਰਾ ਦੇ ਪਿੰਡ ਕੁਲਦੀਪ ਨਗਰ ’ਚ ਪਿੰਡ ਵਾਸੀਆਂ ਨੇ ਮਹੰਤ ਮਨਜੀਤ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ। ਅਜਿਹੇ ਫ਼ੈਸਲੇ ਕਿੰਨਰ ਸਮਾਜ ਲਈ ਰਾਜਨੀਤੀ ’ਚ ਆਪਣੀ ਹੋਂਦ ਸਾਬਤ ਕਰਨ ਲਈ ਸ਼ੁੱਭ ਸੰਕੇਤ ਹਨ। ਕਿੰਨਰ ਵੀ ਦੇਸ਼ ਦੇ ਨਾਗਰਿਕ ਹਨ। ਉਨ੍ਹਾਂ ਨੂੰ ਵੀ ਸੰਵਿਧਾਨ ਅਨੁਸਾਰ ਜਿਊਣ ਅਤੇ ਅੱਗੇ ਵਧਣ ਦਾ ਹੱਕ ਮਿਲਣਾ ਚਾਹੀਦਾ ਹੈ। ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਕਿੰਨਰ ਡੇਰਿਆਂ ਤਕ ਪਹੁੰਚ ਕਰਕੇ ਉਨ੍ਹਾਂ ਨੂੰ ਵੋਟ ਦੀ ਮਹੱਤਤਾਂ ਤੋਂ ਜਾਣੂ ਕਰਵਾਉਣ ਤਾਂ ਕਿ ਕਿੰਨਰ ਸਮਾਜ ਵੀ ਸਰਕਾਰ ਬਣਾਉਣ ਵਿਚ ਆਪਣੀ ਸਾਰਥਿਕ ਭੂਮਿਕਾ ਆਮ ਨਾਗਰਿਕਾਂ ਦੀ ਤਰ੍ਹਾਂ ਹੀ ਨਿਭਾ ਸਕਣ। ਕਿੰਨਰ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਆਪਣੀ ਵੋਟ ਬਣਾਉਣ ਤੇ ਮਤਦਾਨ ਕਰਨ ’ਚ ਆਪਣਾ ਫਰਜ਼ ਨਿਭਾਉਣ। ਕਿੰਨਰ ਸਮਾਜ ਨੂੰ ਵੀ ਵੋਟਾਂ ਬਣਾਉਣ ਅਤੇ ਮਤਦਾਨ ਕਰਨ ਲਈ ਵਿਸ਼ੇਸ਼ ਰੈਲੀਆਂ ਅਤੇ ਮੁਹਿੰਮਾਂ ਤਹਿਤ ਜਾਗਰੂਕ ਕਰਨਾ ਚਾਹੀਦਾ ਹੈ।

ਸੰਪਰਕ: 98729-42031


Comments Off on ਕਿੰਨਰ ਸਮਾਜ ਦੇ ਰਾਜਨੀਤਕ ਸਰੋਕਾਰ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.