ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕਿਹੋ ਜਿਹੇ ਦਾਖ਼ਲੇ ਕਿਹੋ ਜਿਹੀ ਪੜ੍ਹਾਈ

Posted On May - 24 - 2019

ਪ੍ਰਿੰਸੀਪਲ ਵਿਜੈ ਕੁਮਾਰ

ਆਪਣੇ ਵਿਸ਼ੇ ਬਾਰੇ ਵਿਚਾਰ ਚਰਚਾ ਤੋਂ ਪਹਿਲਾਂ ਠੀਕ ਰਹੇਗਾ ਕਿ ਉਸ ਸਮੇਂ ਦੀ ਗੱਲ ਕਰ ਲਈਏ, ਜਦੋਂ ਸਾਧਾਰਨ ਜਿਹੇ ਫਾਰਮ ਉੱਤੇ ਬੱਚੇ ਦਾ ਦਾਖ਼ਲਾ ਹੋ ਜਾਂਦਾ ਸੀ। ਮੁਹੱਲੇ ਦਾ ਇਕੱਲਾ ਬੰਦਾ ਹੀ ਪੰਜ-ਸੱਤ ਪਰਿਵਾਰਾਂ ਦੇ ਬੱਚਿਆਂ ਨੂੰ ਦਾਖ਼ਲਾ ਕਰਾ ਆਉਂਦਾ ਸੀ। ਪਤਾਸਿਆਂ ਦਾ ਛੋਟਾ ਜਿਹਾ ਲਿਫਾਫਾ, ਨਾਮਾਤਰ ਦਾਖਲਾ ਫੀਸ ਅਤੇ ਮੰਦਿਰ, ਗੁਰਦੁਆਰੇ, ਮਸੀਤੇ ਮੱਥਾ ਟੇਕ ਕੇ ਬੱਚਿਆਂ ਦਾ ਦਾਖਲਾ ਹੋ ਜਾਂਦਾ ਸੀ। ਬੱਚਿਆਂ ਦੀਆਂ ਕਿਤਾਬਾਂ ਖਰੀਦਣ ਲਈ ਬੱਚਿਆਂ ਦੇ ਮਾਪਿਆਂ ਦੇ ਮਨਾਂ ‘ਤੇ ਬੋਝ ਨਹੀਂ ਹੁੰਦਾ ਸੀ। ਕਿਤਾਬਾਂ ਵਾਲਾ ਝੋਲਾ ਪੰਜ ਸੱਤ ਸੌ ਦਾ ਨਹੀਂ ਸਗੋਂ ਫਟੀਆਂ ਪੁਰਾਣੀਆਂ ਪੈਂਟਾਂ ਦਾ ਬਣ ਜਾਂਦਾ ਸੀ।
ਇਹੀ ਨਹੀਂ, ਬੱਚਿਆਂ ਦੇ ਦਾਖ਼ਲਿਆਂ ਲਈ ਨਾ ਉਦੋਂ ਡੋਨੇਸ਼ਨ ਹੁੰਦੀ ਸੀ ਤੇ ਨਾ ਹੀ ਵਿਕਾਸ ਫੰਡ। ਇਕੋ ਤਰ੍ਹਾਂ ਦੇ ਸਾਧਾਰਨ ਜਿਹੇ ਸਰਕਾਰੀ ਸਕੂਲ ਹੁੰਦੇ ਸਨ। ਅਮੀਰ-ਗਰੀਬ ਦੇ ਬੱਚੇ ਉਨ੍ਹਾਂ ਵਿਚੋਂ ਪੜ੍ਹ ਕੇ ਡਾਕਟਰ, ਇੰਜਨੀਅਰ ਅਤੇ ਆਈਏਐੱਸ ਅਫਸਰ ਬਣ ਜਾਂਦੇ ਸਨ। ਇੱਕਾ-ਦੁੱਕਾ ਪ੍ਰਾਈਵੇਟ ਸਕੂਲ ਵੀ ਸੇਵਾ ਭਾਵ ਦੇ ਆਧਾਰ ‘ਤੇ ਵਿਦਿਆ ਮੁਹੱਈਆ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ। ਨਾ ਸਕੂਲਾਂ ਨੂੰ ਬੱਚਿਆਂ ਦੀ ਗਿਣਤੀ ਵਧਾਉਣ ਦਾ ਫ਼ਿਕਰ ਹੁੰਦਾ ਸੀ ਤੇ ਨਾ ਹੀ ਅਧਿਆਪਕ ਬੱਚੇ ਇਕੱਠੇ ਕਰਨ ਲਈ ਘਰ ਘਰ ਘੁੰਮਦੇ ਸਨ।
ਹੁਣ ਸਭ ਕੁਝ ਉਲਟ ਹੋ ਗਿਆ ਹੈ। ਸਿੱਖਿਆ ਸੌਦੇਬਾਜ਼ੀ ਅਤੇ ਵਪਾਰ ਦਾ ਸਾਧਨ ਬਣ ਕੇ ਰਹਿ ਗਈ ਹੈ। ਛੱਤੀ ਤਰ੍ਹਾਂ ਦੇ ਸਕੂਲ ਖੁੱਲ੍ਹ ਗਏ ਹਨ। ਦੁਕਾਨਾਂ ਵਰਗੇ ਸਕੂਲ ਬੱਚੇ ਇਕੱਠੇ ਕਰਨ ਲਈ ਆਪੋ-ਆਪਣੇ ਅਧਿਆਪਕਾਂ ਨੂੰ ਘਰ ਘਰ ਭੇਜ ਰਹੇ ਹਨ। ਸਰਕਾਰੀ ਸਕੂਲ ਕੇਵਲ ਗਰੀਬ ਅਤੇ ਆਰਥਿਕ ਪੱਖੋਂ ਲਾਚਾਰ ਲੋਕਾਂ ਦੀ ‘ਪਸੰਦ’ ਰਹਿ ਗਏ ਹਨ। ਬੱਚਿਆਂ ਨੂੰ ਨਾਮਵਰ ਸਕੂਲਾਂ ਵਿਚ ਦਾਖ਼ਲ ਕਰਾਉਣਾ ਭੇਡਚਾਲ ਅਤੇ ਸਟੇਟਸ ਸਿੰਬਲ ਬਣ ਗਿਆ ਹੈ। ਨਾਮਵਰ ਸਕੂਲਾਂ ਦੇ ਪ੍ਰਾਸਪੈਕਟਸ, ਸਕੂਲ ਬੈਗ, ਕਿਤਾਬਾਂ, ਕਾਪੀਆਂ, ਸਕੂਲ ਬੱਸਾਂ ਦਾ ਕਿਰਾਇਆ ਅਤੇ ਹੋਰ ਨਿੱਕ-ਸੁੱਕ ਬੱਚਿਆਂ ਦੇ ਮਾਪਿਆਂ ਦਾ ਕਚੂੰਮਰ ਕੱਢ ਰਹੇ ਹਨ। ਨਾਮਵਰ ਸਕੂਲਾਂ ਵਿਚ ਬੱਚਿਆਂ ਨੂੰ ਦਾਖ਼ਲ ਕਰਾਉਣ ਲਈ ਮਾਪਿਆਂ ਦੀਆਂ ਲੰਮੀਆਂ ਕਤਾਰਾਂ ਲੱਗਦੀਆਂ ਹਨ। ਸਿਫਾਰਿਸ਼ ਪੁਆਉਣੀਆਂ ਪੈਂਦੀਆਂ ਹਨ। ਦਾਖ਼ਲਿਆਂ ਲਈ ਲਾਟਰੀਆਂ ਕੱਢੀਆਂ ਜਾਂਦੀਆਂ ਹਨ। ਇਕ-ਦੋ ਬੱਚਿਆਂ ਦਾ ਦਾਖ਼ਲਾ ਮਾਪਿਆਂ ਦੇ ਮਹੀਨੇ ਦਾ ਬਜਟ ਹਿਲਾ ਕੇ ਰੱਖ ਦਿੰਦਾ ਹੈ।
ਕਮਾਲ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਨਾਮਵਰ ਸਕੂਲਾਂ ਨੂੰ ਚਲਾਉਣ ਲਈ ਸਿੱਖਿਆ ਸ਼ਾਸਤਰੀ ਜਾਂ ਬੁੱਧੀਜੀਵੀ ਨਹੀਂ ਸਗੋਂ ਪੈਸੇ ਨਾਲ ਪੈਸਾ ਕਮਾਉਣ ਵਾਲੇ ਸਰਮਾਏਦਾਰ ਲੋਕ ਹੁੰਦੇ ਹਨ। ਸਾਡੇ ਮੁਲਕ ਵਿਚ ਹੁਣ ਸਰਕਾਰੀ ਸਕੂਲ ਬੰਦ ਹੋਣ ਦੀ ਨੌਬਤ ਤਕ ਪਹੁੰਚ ਰਹੇ ਹਨ। ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਧ ਰਹੀ ਹੈ। ਕਿਤਾਬਾਂ ਨਾਲੋਂ ਸ਼ਰਾਬ ਦੀਆਂ ਬੋਤਲਾਂ ਜ਼ਿਆਦਾ ਵਿਕ ਰਹੀਆਂ ਹਨ। ਬੇਰੁਜ਼ਗਾਰੀ ਦੇ ਮਾਰੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਘਰ ਵਿਹਲੇ ਬੈਠਣ ਦੀ ਬਜਾਏ ਇਨ੍ਹਾਂ ਪ੍ਰਾਈਵੇਟ ਮਾਡਲ ਸਕੂਲਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
ਪਹਿਲੇ ਸਮਿਆਂ ਵਿਚ ਮਾਪੇ ਬੱਚਿਆਂ ਨੂੰ ਸਕੂਲਾਂ ਵਿਚ ਦਾਖਲ ਕਰਵਾ ਕੇ ਉਨ੍ਹਾਂ ਨੂੰ ਕਿਤਾਬਾਂ ਮੁਹੱਈਆ ਕਰਵਾ ਕੇ ਵਿਹਲੇ ਹੋ ਜਾਂਦੇ ਹਨ। ਪੜ੍ਹਾਈ ਦੀ ਪ੍ਰਕਿਰਿਆ ਵਿਦਿਆਰਥੀ ਅਤੇ ਅਧਿਆਪਕ ਵਿਚਕਾਰ ਮਹਿਦੂਦ ਰਹਿੰਦੀ ਸੀ। ਬੱਚਿਆਂ ਉੱਤੇ ਨਾ ਜ਼ਿਆਦਾ ਕਿਤਾਬਾਂ ਦਾ ਬੋਝ ਹੁੰਦਾ ਸੀ, ਨਾ ਹੀ ਟਿਊਸ਼ਨਾਂ ਦਾ। ਬੱਚਾ ਬਚਪਨ ਦਾ ਪੂਰਾ ਆਨੰਦ ਮਾਣਦਾ ਸੀ। ਉਸ ਕੋਲ ਖੇਡਣ ਅਤੇ ਆਪਣੇ ਚਾਅ ਪੂਰੇ ਕਰਨ ਲਈ ਖੁੱਲ੍ਹਾ ਸਮਾਂ ਹੁੰਦਾ ਸੀ। ਹੁਣ ਤਾਂ ਮਾਂ-ਬਾਪ ਬੱਚੇ ਨੂੰ ਸਕੂਲ ਵਿਚ ਦਾਖ਼ਲ ਕਰਾਉਣ ਲੱਗਿਆਂ ਇਹ ਵੀ ਨਹੀਂ ਦੇਖਦੇ ਕਿ ਉਹ ਆਪਣੇ ਆਪ ਸੰਭਲਣ ਜੋਗਾ ਹੈ ਵੀ ਕਿ ਨਹੀਂ।
ਬੱਚਿਆਂ ਦੇ ਬਸਤਿਆਂ ਦਾ ਬੋਝ ਵਧ ਰਿਹਾ ਹੈ, ਉਨ੍ਹਾਂ ਦਾ ਆਪਣਾ ਭਾਰ ਘੱਟ ਰਿਹਾ ਹੈ। ਉਨ੍ਹਾਂ ਦੀ ਜ਼ਿੰਦਗੀ ਮਸ਼ੀਨ ਬਣ ਰਹੀ ਹੈ। ਬੱਚਿਆਂ ਦਾ ਦਿਲ ਘਰ ਨਾਲੋਂ ਜ਼ਿਆਦਾ ਟਿਊਸ਼ਨਾਂ, ਸਕੂਲਾਂ ਅਤੇ ਸੜਕਾਂ ਉਤੇ ਗੁਜ਼ਰਦਾ ਹੈ। ਪਹਿਲਾਂ ਬੱਚਾ ਇਕੱਲਾ ਪੜ੍ਹਦਾ ਸੀ, ਹੁਣ ਸਾਰਾ ਪਰਿਵਾਰ ਪੜ੍ਹਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਨਾ ਵੱਡੇ ਹੋਣ ਦਿੰਦੇ ਹਾਂ ਤੇ ਨਾ ਹੀ ਆਤਮ-ਨਿਰਭਰ। ਉਨ੍ਹਾਂ ਪ੍ਰਤੀ ਸਾਡੀ ਬੇਵਿਸ਼ਵਾਸੀ ਉਨ੍ਹਾਂ ਅੰਦਰ ਆਤਮ-ਵਿਸ਼ਵਾਸ ਨਹੀਂ ਆਉਣ ਦਿੰਦੀ। ਅਸੀਂ ਆਪਣੇ ਵਿਦਿਆਰਥੀ ਜੀਵਨ ਵਿਚ ਮੀਂਹ, ਕੜਕਦੀ ਧੁੱਪ ਅਤੇ ਸਿਰੇ ਦੀ ਸਰਦੀ ਵਿਚ ਸਕੂਲਾਂ ਨੂੰ ਚਾਰ-ਪੰਜ ਕਿਲੋਮੀਟਰ ਪੈਦਲ ਤੁਰ ਕੇ ਜਾਂਦੇ ਸਾਂ।
ਹੁਣ ਮਾਪੇ ਬੱਚੇ ਨੂੰ ਜ਼ਮੀਨ ‘ਤੇ ਪੈਰ ਨਹੀਂ ਧਰਨ ਦਿੰਦੇ। ਉਸ ਨੂੰ ਸਕੂਲ ਦਾ ਬੈਗ ਤੱਕ ਚੁੱਕਣ ਨਹੀਂ ਦਿੰਦੇ। ਸਕੂਲ ਤੋਂ ਆਉਂਦਿਆਂ ਹੀ ਬੱਚਿਆਂ ਤੋਂ ਪੁੱਛ-ਗਿੱਛ ਹੋ ਜਾਂਦੀ ਹੈ। ਜੇ ਟੈਸਟ ਵਿਚੋਂ ਇਕ-ਅੱਧ ਨੰਬਰ ਘੱਟ ਆ ਜਾਵੇ ਤਾਂ ਬੱਚੇ ਉਤੇ ਮੁਕੱਦਮਾ ਚਲਾਉਣ ਵਾਲੀ ਨੌਬਤ ਆ ਜਾਂਦੀ ਹੈ। ਬੱਚੇ ਸਹਿਮੇ ਹੋਏ ਨਜ਼ਰ ਆਉਂਦੇ ਹਨ। ਬੱਚਿਆਂ ਦੇ ਮਾਪਿਆਂ ਨੂੰ ਬੱਚੇ ਦੀ ਜਮਾਤ ਵਿਚੋਂ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਤੋਂ ਹੇਠਾਂ ਕੋਈ ਪੁਜ਼ੀਸ਼ਨ ਮਨਜ਼ੂਰ ਹੀ ਨਹੀਂ ਹੁੰਦੀ।
ਦੁਕਾਨਾਂ ਵਰਗੇ ਅਤੇ ਸਰਕਾਰੀ ਸਕੂਲ ਬੱਚਿਆਂ ਦੇ ਦਾਖ਼ਲੇ ਲਈ ਘਰ ਘਰ ਘੁੰਮ ਰਹੇ ਹਨ। ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸੌ ਤਰ੍ਹਾਂ ਦੇ ਝੂਠ ਬੋਲ ਕੇ ਆਪਣੇ ਬੱਚੇ ਉਨ੍ਹਾਂ ਦੇ ਸਕੂਲਾਂ ਵਿਚ ਭੇਜਣ ਲਈ ਕਿਹਾ ਜਾ ਰਿਹਾ ਹੈ। ਅਧਿਅਪਕ ਨੂੰ ਕੌਮ ਦਾ ਨਿਰਮਾਤਾ ਕਹੀ ਜਾਣ ਵਾਲੀ ਪਰਿਭਾਸ਼ਾ ਬਦਲੀ ਜਾ ਰਹੀ ਹੈ।
ਸਰਕਾਰੀ ਸਕੂਲਾਂ ਵਿਚ ਅਨੁਭਵੀ, ਉਚੇਰੀ ਸਿੱਖਿਆ ਪ੍ਰਾਪਤ ਅਧਿਆਪਕ ਅਤੇ ਵੱਧ ਤੋਂ ਵੱਧ ਸਹੂਲਤਾਂ ਹੋਣ ਦੇ ਬਾਵਜੂਦ ਲੋਕਾਂ ਦਾ ਝੁਕਾਅ ਪ੍ਰਾਈਵੇਟ ਵੱਲ ਹੈ। ਸਰਕਾਰਾਂ ਸਿੱਖਿਆ ਦੇ ਸੁਧਾਰ ਦੀਆਂ ਗੱਲਾਂ ਕੇਵਲ ਸਿਧਾਂਤਕ ਤੌਰ ‘ਤੇ ਹੀ ਕਰਦੀਆਂ ਹਨ। ਵਿਦਿਆਰਥੀ ਅਧਿਆਪਕ ਰਿਸ਼ਤਿਆਂ ਵਿਚ ਦਰਾੜਾਂ ਡੂੰਘੀਆਂ ਹੋ ਰਹੀਆਂ ਹਨ। ਸਿੱਖਿਆ ਪ੍ਰਾਪਤੀ ਦੀ ਨਵੀਂ ਟੈਕਨਾਲੋਜੀ ਦੇ ਸਾਧਨਾਂ ਦੇ ਕੰਪਿਊਟਰ, ਐਪਸ ਪ੍ਰਾਜੈਕਟਰ ਅਤੇ ਸਮਾਰਟ ਕਲਾਸਰੂਮ ਵਰਤੋਂ ਵਿਚ ਜ਼ਰੂਰ ਆ ਗਏ ਹਨ ਪਰ ਸਕੂਲਾਂ ਵਿਚ ਨੈਤਿਕਤਾ ਦਾ ਪੱਧਰ ਡਿਗ ਰਿਹਾ ਹੈ। ਅਨੁਸ਼ਾਸਨਹੀਣਤਾ ਵਧ ਰਹੀ ਹੈ। ‘ਆਓ ਸਿੱਖਿਆ ਲਈ, ਜਾਓ ਸੇਵਾ ਲਈ’ ਵਾਲਾ ਸਿੱਖਿਆ ਦਾ ਸਿਧਾਂਤ ਧੁੰਦਲਾ ਹੋ ਰਿਹਾ ਹੈ। ਸਕੂਲ, ਹੁਣ ਸਿੱਖਿਆ ਸੰਸਥਾਵਾਂ ਨਹੀਂ ਸਗੋਂ ਵਪਾਰ ਦੇ ਕਾਰਖਾਨੇ ਬਣ ਗਏ ਹਨ। ਬੱਚੇ ਸਕੂਲਾਂ ਵਿਚ ਘੱਟ, ਟਿਊਸ਼ਨਾਂ ‘ਤੇ ਜ਼ਿਆਦਾ ਪੜ੍ਹਦੇ ਹਨ। ਸਰਕਾਰਾਂ ਸਿੱਖਿਆ ਨਾਲੋਂ ਸਬਸਿਡੀਆਂ ਲਈ ਜ਼ਿਆਦਾ ਬਜਟ ਰੱਖ ਰਹੀਆਂ ਹਨ।
ਹਰ ਸਰਕਾਰ ਸਿੱਖਿਆ ਲਈ ਨਵੀਆਂ ਨਵੀਆਂ ਨੀਤੀਆਂ ਲਿਆਉਣ ਦੇ ਯਤਨ ਕਰਦੀ ਹੈ ਪਰ ਸੁਧਾਰ ਦਾ ਪਰਨਾਲਾ ਥਾਂ ਦੀ ਥਾਂ ਹੈ। ਪੜ੍ਹੇ-ਲਿਖੇ ਬੱਚੇ ਆਪਣੇ ਮਾਪਿਆਂ ਦੀਆਂ ਜ਼ਮੀਨਾ ਵਿਕਵਾ ਕੇ ਪੜ੍ਹਾਈ ਦੇ ਬਹਾਨੇ ਬਾਹਰਲੇ ਮੁਲਕਾਂ ਵਿਚ ਜਾ ਰਹੇ ਹਨ। ਕਹਿਣ ਨੂੰ ਤਾਂ ਅਸੀਂ ਤਰੱਕੀ ਦੀਆਂ ਹੱਦਾਂ ਲੰਘ ਰਹੇ ਹਨ ਪਰ ਸਿੱਖਿਆ ਦੇ ਨਿਘਾਰ ਦਾ ਕਿਸੇ ਨੂੰ ਕੋਈ ਫ਼ਿਕਰ ਨਹੀਂ ਜਾਪਦਾ।

ਸੰਪਰਕ: 98726-27136


Comments Off on ਕਿਹੋ ਜਿਹੇ ਦਾਖ਼ਲੇ ਕਿਹੋ ਜਿਹੀ ਪੜ੍ਹਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.