ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਕਿਸ ਦਾ ਬੁੱਤ ਟੁੱਟਿਆ; ਉਹ ਕੌਣ ਸੀ?

Posted On May - 16 - 2019

ਸਵਰਾਜਬੀਰ

ਈਸ਼ਵਰ ਚੰਦਰ ਵਿਦਿਆਸਾਗਰ

ਇਹ ਉੱਨੀਵੀਂ ਸਦੀ ਦਾ ਬੰਗਾਲ ਹੈ। ਪੱਛਮੀ ਬੰਗਾਲ ਨਹੀਂ ਸਾਂਝਾ ਬੰਗਾਲ, ਜਿਸ ਵਿਚ ਅੱਜ ਦਾ ਬੰਗਲਾਦੇਸ਼ ਵੀ ਸ਼ਾਮਲ ਹੈ। ਉਸ ਬੰਗਾਲ ਵਿਚ ਨਵੇਂ ਵਿਚਾਰਾਂ ਦਾ ਤੂਫ਼ਾਨ ਉੱਠ ਰਿਹਾ ਹੈ। ਪੱਛਮ ਤੋਂ ਆਈ ਆਧੁਨਿਕਤਾ ਤੋਂ ਪ੍ਰਭਾਵਿਤ ਹੋਏ ਬੰਗਾਲੀ ਦਕਿਆਨੂਸੀ ਤੇ ਰਵਾਇਤੀ ਖ਼ਿਆਲਾਂ ਵਿਰੁੱਧ ਆਪਣੀ ਲੜਾਈ ਦਾ ਮੁੱਢ ਬੰਨ੍ਹ ਰਹੇ ਹਨ। ਵਿਚਾਰਾਂ ਦੀ ਕਸ਼ਮਕਸ਼ ਹੈ। ਇਉਂ ਲੱਗਦਾ ਹੈ ਜਿਵੇਂ ਇਹ ਨੌਜਵਾਨ ਪੁਰਾਣੇ ਤੇ ਵੇਲ਼ਾ ਵਿਹਾਅ ਚੁੱਕੇ ਵਿਚਾਰਾਂ ਦੀ ਝੌਂਅ ਚੁੱਕੀ ਨਦੀਨ ਨੂੰ ਮੁੱਢੋਂ ਉਖਾੜ ਸੁੱਟਣਗੇ। ਇਸ ਕਾਫ਼ਲੇ ਦਾ ਮੋਹਰੀ ਰਾਮ ਮੋਹਨ ਰਾਇ ਹੈ। ਸੰਸਕ੍ਰਿਤੀ, ਫ਼ਾਰਸੀ, ਅਰਬੀ, ਅੰਗਰੇਜ਼ੀ, ਫਰਾਂਸੀਸੀ ਤੇ ਹੋਰ ਭਾਸ਼ਾਵਾਂ ਦਾ ਜਾਣੂੰ; ਉਹ ਨਵੀਂ ਤਰੀਕੇ ਦੀ ਵਿੱਦਿਆ ਤੇ ਔਰਤਾਂ ਦੇ ਅਧਿਕਾਰਾਂ ਦੇ ਹੱਕ ਵਿਚ ਅਤੇ ਸਤੀ ਤੇ ਮਰਦਾਂ ਵੱਲੋਂ ਬਹੁ-ਵਿਆਹ ਕਰਵਾਉਣ ਦੀ ਰਸਮ ਵਿਰੁੱਧ ਆਵਾਜ਼ ਉਠਾਉਂਦਾ ਹੈ; ਇਕ ਈਸ਼ਵਰਵਾਦ ਦਾ ਪ੍ਰਚਾਰ ਕਰਦਾ ਹੈ ਤੇ ਬ੍ਰਹਮੋ ਸਮਾਜ ਦੀ ਨੀਂਹ ਰੱਖਦਾ ਹੈ। ਉੱਥੇ ਹੈਨਰੀ ਵਿਲੀਅਮ ਡੀਰੋਜ਼ੀਓ ਵੀ ਹੈ, ਆਪਣੀਆਂ ਇਨਕਲਾਬੀ ਕਵਿਤਾਵਾਂ ਨਾਲ ਮਾਹੌਲ ਨੂੰ ਗਰਮਾਉਂਦਾ ਹੋਇਆ। ਰਾਬਿੰਦਰ ਨਾਥ ਟੈਗੋਰ ਦਾ ਪਿਤਾ ਦੇਬਿੰਦਰ ਨਾਥ ਟੈਗੋਰ ਵੀ ਉੱਥੇ ਹੈ, ਤੱਤਵਾਬੋਧਨੀ ਸਭਾ ਦੀ ਨੀਂਹ ਰੱਖਦਾ ਹੋਇਆ। ਉੱਥੇ ਕੇਸ਼ਬ ਚੰਦਰ ਸੇਨ ਹੈ। ਪਰ ਉੱਥੇ ਇਕ ਹੋਰ ਵੱਡੀ ਸ਼ਖ਼ਸੀਅਤ ਹੈ : ਈਸ਼ਵਰ ਚੰਦਰ ਵਿਦਿਆਸਾਗਰ, ਜਿਹੜਾ ਸੰਸਕ੍ਰਿਤ ਕਾਲਜ ਦਾ ਪ੍ਰਿੰਸੀਪਲ ਹੈ, ਜਿਸ ਦੀ ਬੁੱਧੀ ਅਤੇ ਉੱਤਮ ਚਰਿੱਤਰ ਦੀ ਚਾਰੇ ਪਾਸੇ ਧੁੰਮ ਹੈ। ਉਹ ਨਿੱਡਰ ਤੇ ਵੱਡੇ ਹੌਸਲੇ ਵਾਲਾ ਆਦਮੀ ਹੈ। ਉਸ ਦੀ ਕਹਿਣੀ ਤੇ ਕਰਨੀ ਵਿਚ ਸਮਾਨਤਾ ਹੈ। ਉਹ ਵੱਡਾ ਵਿਦਵਾਨ ਹੈ : ਉਸ ਨੇ ਸੰਸਕ੍ਰਿਤ ਪੜ੍ਹਾਉਣ ਦਾ ਨਵਾਂ ਤਰੀਕਾ ਲੱਭਿਆ ਹੈ, ਬੰਗਾਲੀ ਲਿੱਪੀ ਨੂੰ ਸੁਧਾਰਿਆ ਹੈ, ਬੰਗਾਲੀ ਗ਼ਲਪ ਨੂੰ ਨਵੀਂ ਦਿਸ਼ਾ ਦਿੱਤੀ ਹੈ; ਬੰਗਾਲੀ ਸਿੱਖਣ ਵਾਲਾ ਮੁੱਢਲਾ ਕਾਇਦਾ ਲਿਖਿਆ ਹੈ ਤੇ ਸੰਸਕ੍ਰਿਤ ਕਾਲਜ ਦੇ ਬੂਹੇ ਗ਼ੈਰ-ਬ੍ਰਾਹਮਣਾਂ ਵਾਸਤੇ ਖੋਲ੍ਹੇ ਹਨ। ਉਹ ਔਰਤਾਂ ਦੀ ਵਿੱਦਿਆ ਨੂੰ ਲਫ਼ਜ਼ੀ ਤੌਰ ’ਤੇ ਹੀ ਉਤਸ਼ਾਹ ਨਹੀਂ ਦਿੰਦਾ ਸਗੋਂ ਉਸ ਨੇ ਕੁੜੀਆਂ ਨੂੰ ਪੜ੍ਹਾਉਣ ਲਈ 35 ਸਕੂਲ ਵੀ ਖੋਲ੍ਹੇ ਹਨ ਜਿਨ੍ਹਾਂ ਦਾ ਖਰਚ ਉਹ ਆਪ ਦਿੰਦਾ ਹੈ। ਉਹ ਬਾਲ-ਵਿਆਹ ਤੇ ਬਹੁ-ਵਿਆਹ ਪ੍ਰਥਾ ਦਾ ਵਿਰੋਧੀ ਹੈ। ਉਹ ਸਭ ਤੋਂ ਜ਼ਿਆਦਾ ਜ਼ੋਰ ਇਸ ਸੁਧਾਰ ’ਤੇ ਲਾ ਰਿਹਾ ਹੈ ਕਿ ਵਿਧਵਾਵਾਂ ਨੂੰ ਦੁਬਾਰਾ ਵਿਆਹ ਕਰਵਾਉਣ ਦਾ ਹੱਕ ਹੋਣਾ ਚਾਹੀਦਾ ਹੈ।

ਕਿਤਾਬ ‘ਬਰਨਾਪ੍ਰੀਚੈ’ ਦਾ ਪਹਿਲਾ ਸਫ਼ਾ

ਇਤਿਹਾਸਕਾਰ ਬਿਪਨ ਚੰਦਰ 7 ਦਸੰਬਰ 1956 ਵਾਲੇ ਦਿਨ ਕੋਲਕਾਤਾ ਵਿਚ ਹੋਏ ਇਕ ਵਿਧਵਾ ਵਿਆਹ (ਹਿੰਦੋਸਤਾਨ ਵਿਚ ਕਿਸੇ ਵਿਧਵਾ ਦੀ ਕਾਨੂੰਨੀ ਤੌਰ ’ਤੇ ਹੋਈ ਪਹਿਲੀ ਸ਼ਾਦੀ) ਦੇ ਦਰਸ਼ਕ ਦੀ ਗਵਾਹੀ ਨੂੰ ਇਸ ਤਰ੍ਹਾਂ ਦਰਜ ਕਰਦਾ ਹੈ : ‘‘ਮੈਂ ਕਦੇ ਵੀ ਉਸ ਦਿਹਾੜੇ ਨੂੰ ਭੁੱਲ ਨਹੀਂ ਸਕਦਾ। ਪੰਡਿਤ ਵਿਦਿਆਸਾਗਰ ਇਕ ਵੱਡੇ ਜਲੂਸ ਦੀ ਅਗਵਾਈ ਕਰਦਾ ਹੋਇਆ ਆਇਆ; ਉਹ ਜੰਞ ਸੀ ਤੇ ਲਾੜਾ ਪੰਡਿਤ ਵਿਦਿਆਸਾਗਰ ਦਾ ਦੋਸਤ। ਦਰਸ਼ਕਾਂ ਦੀ ਭੀੜ ਏਨੀ ਵੱਡੀ ਸੀ ਕਿ ਹਿੱਲਣ ਨੂੰ ਵੀ ਥਾਂ ਨਹੀਂ ਸੀ ਤੇ ਕਈ ਉਨ੍ਹਾਂ ਵੱਡੀਆਂ ਨਾਲੀਆਂ ਵਿਚ ਡਿੱਗ ਪਏ ਜਿਹੜੀਆਂ ਉਨ੍ਹੀਂ ਦਿਨੀਂ ਕੋਲਕਾਤਾ ਦੀਆਂ ਗਲੀਆਂ ਵਿਚ ਹੁੰਦੀਆਂ ਸਨ। ਵਿਆਹ ਤੋਂ ਬਾਅਦ ਇਸ ਮਸਲੇ ਬਾਰੇ ਹਰ ਥਾਂ ’ਤੇ ਬਹਿਸ ਹੋਣ
ਲੱਗੀ; ਬਾਜ਼ਾਰਾਂ, ਦੁਕਾਨਾਂ, ਗਲੀਆਂ, ਚੌਕਾਂ, ਹੋਸਟਲਾਂ, ਦਫ਼ਤਰਾਂ ਤੇ ਪਿੰਡਾਂ ਦੀਆਂ ਸੱਥਾਂ ਵਿਚ; ਕੁਲੀਨ ਵਰਗ ਦੇ ਲੋਕਾਂ ਦੇ ਡਰਾਇੰਗ ਰੂਮਾਂ ਵਿਚ; ਇੱਥੋਂ ਤਕ ਕਿ ਔਰਤਾਂ
ਵੀ ਆਪਸ ਵਿਚ ਇਸ ਬਾਰੇ ਬਹਿਸਣ ਲੱਗ ਪਈਆਂ। ਸ਼ਾਂਤੀਪੁਰ ਦੇ ਜੁਲਾਹਿਆਂ ਨੇ ਇਕ ਨਵੀਂ ਤਰ੍ਹਾਂ ਦੀ ਸਾੜ੍ਹੀ ਬੁਣੀ ਜਿਸ ਦੀ ਲੌਣ (ਬਾਡਰ) ’ਤੇ ਇਕ ਨਵਾਂ ਗੀਤ ਲਿਖਿਆ ਹੋਇਆ ਸੀ ਜਿਸ ਦੇ ਪਹਿਲੇ ਅੱਖਰ ਸਨ : ਵਿਦਿਆਸਾਗਰ ਦੀ ਉਮਰ ਲੰਮੀ ਹੋਵੇ।’’
ਵਿਦਿਆਸਾਗਰ ਦੇ ਯਤਨਾਂ ਨਾਲ 1855 ਤੋਂ 1860 ਦੇ ਵਿਚਕਾਰ 25 ਵਿਧਵਾਵਾਂ ਨੇ ਦੁਬਾਰਾ ਵਿਆਹ ਕੀਤੇ। 1856 ਵਿਚ ਹਿੰਦੂ ਵਿਧਵਾਵਾਂ ਨੂੰ ‘ਹਿੰਦੂ ਵਿਡੋਜ ਰੀਮੈਰਿਜ ਐਕਟ, 1856’ ਰਾਹੀਂ ਦੁਬਾਰਾ ਵਿਆਹ ਕਰਾਉਣ ਦਾ ਹੱਕ ਕਾਨੂੰਨੀ ਰੂਪ ਵਿਚ ਮਿਲ ਗਿਆ। ਇਹ ਕਾਨੂੰਨ ਪਾਸ ਕਰਾਉਣ ਵਿਚ ਵਿਦਿਆਸਾਗਰ ਤੇ ਉਸ ਦੇ ਦੋਸਤਾਂ ਨੇ ਅਹਿਮ ਭੂਮਿਕਾ ਨਭਾਈ। ਇਤਿਹਾਸਕਾਰ ਬਿਪਨ ਚੰਦਰ ਅਨੁਸਾਰ ਵਿਧਵਾਵਾਂ ਦੇ ਮੁੜ ਵਿਆਹ ਕਰਨ ਦੇ ਹੱਕ ਵਿਚ ਆਵਾਜ਼ ਉਠਾਉਣ ਕਾਰਨ ਵਿਦਿਆਸਾਗਰ ਨੇ ਦਕਿਆਨੂਸੀ ਹਿੰਦੂਆਂ ਦੀ ਦੁਸ਼ਮਣੀ ਸਹੇੜ ਲਈ ਅਤੇ ਉਸ ਨੂੰ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਜਿਊਂਦੇ ਜੀਅ ਤਾਂ ਈਸ਼ਵਰ ਚੰਦਰ ਵਿਦਿਆਸਾਗਰ ਕਿਸੇ ਨਾ ਕਿਸੇ ਤਰੀਕੇ ਨਾਲ ਬਚਿਆ ਰਿਹਾ ਪਰ 14 ਮਈ 2019 ਨੂੰ ਕੋਲਕਾਤਾ ਵਿਚ ਉਸ ਦਾ ਬੁੱਤ ਨਾ ਬਚ ਸਕਿਆ।

ਟੁੱਟਿਆ ਹੋਇਆ ਬੁੱਤ

14 ਮਈ ਨੂੰ ਕੋਲਕਾਤਾ ਵਿਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦਾ ਰੋਡ ਸ਼ੋਅ ਸੀ। ਇਸ ਦੌਰਾਨ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਵਿਚ ਕਈ ਥਾਵਾਂ ’ਤੇ ਟਕਰਾਓ ਹੋਇਆ ਤੇ ਫਿਰ ਇਹ ਆਪਸੀ ਲੜਾਈ ਕਾਲਜ ਸਟਰੀਟ ਸਥਿਤ ਵਿਦਿਆਸਾਗਰ ਕਾਲਜ ਤਕ ਫੈਲ ਗਈ। ਖ਼ਬਰਾਂ ਅਨੁਸਾਰ ਭਾਜਪਾ ਦੇ ਹਮਾਇਤੀ ਕਾਲਜ ਵਿਚ ਵੜ ਗਏ ਅਤੇ ਉਨ੍ਹਾਂ ਨੇ ਈਸ਼ਵਰ ਚੰਦਰ ਵਿਦਿਆਸਾਗਰ ਦਾ ਬੁੱਤ ਤੋੜ ਦਿੱਤਾ। ਇਹ ਗੜਬੜ ਅਮਿਤ ਸ਼ਾਹ ਦੇ ਪਹੁੰਚਣ ਤੋਂ ਇਕ ਘੰਟਾ ਪਹਿਲਾਂ ਹੋਈ। ਮਮਤਾ ਬੈਨਰਜੀ ਨੇ ਇਸ ਨੂੰ ਇਕਦਮ ਜਜ਼ਬਾਤੀ ਮੁੱਦਾ ਬਣਾਇਆ ਅਤੇ ਈਸ਼ਵਰ ਚੰਦਰ ਵਿਦਿਆਸਾਗਰ ਦੇ ਬੁੱਤ ਦੇ ਟੁਕੜਿਆਂ ਨੂੰ ਆਪਣੀ ਗੋਦ ਵਿਚ ਸੰਭਾਲਦਿਆਂ ਬਹੁਤ ਹੀ ਜਜ਼ਬਾਤੀ ਬਿਆਨ ਦਿੱਤਾ। ਇਹ ਦੋਸ਼ ਲਾਇਆ ਗਿਆ ਹੈ ਕਿ ਬੁੱਤ ਤੋੜਨ ਵਾਲਿਆਂ ਵਿਚੋਂ ਕੁਝ ਇਹ ਨਾਅਰੇ ਲਾ ਰਹੇ ਸਨ, ‘‘ਵਿਦਿਆਸਾਗਰ ਦੇ ਦਿਨ ਖ਼ਤਮ ਹੋ ਚੁੱਕੇ ਹਨ; ਹਉ ਇਜ ਦਾ ਜੋਸ਼’’ (ਫਿਲਮ ‘ਉੜੀ’ ਦਾ ਇਕ ਸੰਵਾਦ ਹੈ ਜਿਸ ਨੂੰ ਪ੍ਰਧਾਨ ਮੰਤਰੀ ਨੇ ਕਈ ਵਾਰ ਦੁਹਰਾਇਆ ਹੈ)। ਕੋਲਕਾਤਾ ਤੋਂ ਛਪਣ ਵਾਲੇ ਇਕ ਅਖ਼ਬਾਰ ਨੇ ਇਸ ਘਟਨਾ ਨੂੰ ਦੋ ਸੱਭਿਆਚਾਰਾਂ ਦੀ ਲੜਾਈ ਦੱਸਿਆ ਹੈ; ਉਸ ਅਖ਼ਬਾਰ ਅਨੁਸਾਰ ਬੰਗਾਲੀ ਸੱਭਿਆਚਾਰ ਵਿਚ ਵੱਖ ਵੱਖ ਵਿਚਾਰਾਂ, ਪ੍ਰੰਪਰਾਵਾਂ ਤੇ ਪੰਥਾਂ ਲਈ ਥਾਂ ਹੈ ਜਦੋਂਕਿ ਭਾਜਪਾ ਦੇ ਹਮਾਇਤੀ ਸਿਰਫ਼ ਆਪਣੀ ਵਿਚਾਰਧਾਰਾ ਥੋਪਣ ਵਿਚ ਯਕੀਨ ਰੱਖਦੇ ਹਨ। ਭਾਜਪਾ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਇਹ ਬੁੱਤ ਉਸ ਦੇ ਕਾਰਕੁਨਾਂ ਨੇ ਨਹੀਂ ਸਗੋਂ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਨੇ ਤੋੜਿਆ ਹੈ। ਸਵਾਲ ਇਹ ਨਹੀਂ ਹੈ ਕਿ ਇਹ ਬੁੱਤ ਭਾਜਪਾ ਦੇ ਕਾਰਕੁਨਾਂ ਨੇ ਤੋੜਿਆ ਜਾਂ ਤ੍ਰਿਣਮੂਲ ਕਾਂਗਰਸ ਦੇ, ਸਵਾਲ ਇਹ ਹੈ ਕਿ ਕੀ ਉਹ ਲੋਕ, ਜਿਨ੍ਹਾਂ ਨੇ ਉਹ ਬੁੱਤ ਤੋੜਿਆ, ਜਾਣਦੇ ਸਨ ਕਿ ਉਹ ਕੀ ਕਰ ਰਹੇ ਹਨ? ਕਿਸ ਦਾ ਬੁੱਤ ਤੋੜ ਰਹੇ ਹਨ?
ਅਸੀਂ ਵੇਖ ਸਕਦੇ ਹਾਂ ਕਿ ਅਸੀਂ ਕਿੰਨੇ ਅਸਹਿਣਸ਼ੀਲ ਸਮਿਆਂ ਵਿਚ ਆ ਗਏ ਹਾਂ। ਈਸ਼ਵਰ ਚੰਦਰ ਵਿਦਿਆਸਾਗਰ ਦਾ ਨਾਂ ਉੱਨੀਵੀਂ ਸਦੀ ਦੌਰਾਨ ਬੰਗਾਲ ਵਿਚ ਆਈ ਪੁਨਰ-ਜਾਗ੍ਰਿਤੀ ਦੇ ਸਬੰਧ ਵਿਚ ਬਹੁਤ ਮਾਣ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਨਾਰੀ ਸੁਧਾਰਾਂ ਬਾਰੇ ਉਸ ਦਾ ਕੰਮ ਇਨਕਲਾਬੀ ਤਾਸੀਰ ਵਾਲਾ ਹੈ। ਇਸ ਤਰ੍ਹਾਂ ਈਸ਼ਵਰ ਚੰਦਰ ਵਿਦਿਆਸਾਗਰ ਮਹਿਜ਼ ਉਸ ਤਰ੍ਹਾਂ ਦਾ ਬੁੱਧੀਜੀਵੀ/ਦਾਨਿਸ਼ਵਰ ਹੀ ਨਹੀਂ ਸੀ ਜਿਸ ਦਾ ਕੰਮ ਲੇਖ ਤੇ ਕਿਤਾਬਾਂ ਲਿਖਣ ਤਕ ਹੀ ਸੀਮਤ ਹੋਵੇ; ਉਹ ਸਮਾਜ ਵਿਚ ਗਿਆ ਤੇ ਆਪਣੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਦੀ ਕੋਸ਼ਿਸ਼ ਕੀਤੀ; ਵੇਲੇ ਦੇ ਹਾਲਾਤ ਨਾਲ ਦੋ-ਚਾਰ ਹੁੰਦਿਆਂ ਉਸ ਨੂੰ ਉਸ ਤਿੱਖ਼ੇ ਤੇ ਜ਼ਹਿਰੀਲੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਹੋ ਜਿਹਾ ਇਹੋ ਜਿਹੇ ਮਸਲਿਆਂ ਨੂੰ ਨਜਿੱਠਣ ਵੇਲ਼ੇ ਹੁੰਦਾ ਹੈ। ਉਸ ਨੇ ਡਰਾਇੰਗ ਰੂਮ ਵਿਚ ਆਪਣੀ ਕੁਰਸੀ ’ਤੇ ਬਹਿ ਕੇ ਪ੍ਰਚਾਰ ਕਰਨ ਵਾਲਾ ਪ੍ਰਚਾਰਕ ਬਣਨ ਨਾਲੋਂ ਗਲੀਆਂ-ਬਾਜ਼ਾਰਾਂ ਦੀ ਮਿੱਟੀ ਤੇ ਚਿੱਕੜ ਵਿਚ ਲਿਬੜ ਕੇ ਵੇਲ਼ੇ ਦੇ ਸਵਾਲਾਂ ਨਾਲ ਆਢਾ ਲਾਉਣ ਦਾ ਜੋਖ਼ਮ ਉਠਾਇਆ। ਉਸ ਨੇ ਆਪਣੇ ਅੰਤਲੇ ਦਿਨ ਸੰਥਾਲ ਕਬੀਲੇ ਦੇ ਲੋਕਾਂ ਨਾਲ ਰਹਿੰਦਿਆਂ ਗੁਜ਼ਾਰੇ। ਇਸ ਤਰ੍ਹਾਂ ਉਹ ਉਹੋ ਜਿਹੇ ਵਿਦਵਾਨਾਂ ਦੀ ਸ਼੍ਰੇਣੀ ਵਿਚ ਆਉਂਦਾ ਸੀ, ਜਿਨ੍ਹਾਂ ਨੂੰ ਗ੍ਰਾਮਸੀ ਸਜੀਵ (Organic) ਬੁੱਧੀਜੀਵੀ ਕਹਿੰਦਾ ਹੈ। ਜੇਕਰ ਅਸੀਂ ਉਸ ਵਰਗੇ ਵਡੇਰਿਆਂ ਦੀ ਇੱਜ਼ਤ ਨਹੀਂ ਕਰਦੇ ਤਾਂ ਇਸ ਦੇ ਅਰਥ ਇਹੋ ਨਿਕਲਦੇ ਹਨ ਕਿ ਸਾਡੇ ਅੰਦਰ ਡੂੰਘੀ ਨਫ਼ਰਤ ਨਾਲ ਭਰ ਗਏ ਹਨ। ਅਸੀਂ ਇਸ ਨਫ਼ਰਤ ਸਾਹਮਣੇ ਮਜਬੂਰ ਹਾਂ। ਨਫ਼ਰਤ ਤੇ ਅਸਹਿਣਸ਼ੀਲਤਾ ਨੇ ਸਾਨੂੰ ਮਨੁੱਖ ਨਹੀਂ ਰਹਿਣ ਦਿੱਤਾ। ਅਸੀਂ ਸ਼ਾਇਦ ਨਹੀਂ ਜਾਣਦੇ ਕਿ ਅਸੀਂ ਕਿੱਧਰ ਜਾ ਰਹੇ ਹਾਂ।
ਇਹ ਨਫ਼ਰਤ ਕਿਉਂ ਫੈਲਾਈ ਜਾ ਰਹੀ ਹੈ? ਕੀ ਸਾਡੇ ਦੇਸ਼ ਵਿਚ ਗੋਸ਼ਟਿ ਕਰਕੇ ਆਪਣੇ ਵਿਚਾਰਾਂ ਵਿਚਲੇ ਫ਼ਰਕ ਨੂੰ ਪ੍ਰਗਟਾਉਣ ਦਾ ਵੇਲ਼ਾ ਖ਼ਤਮ ਹੋ ਚੁੱਕਾ ਹੈ? ਕਿਉਂ ਨਫ਼ਰਤ ਨੂੰ ਇਕ ਹਥਿਆਰ ਬਣਾ ਕੇ ਸਾਡੇ ਮਨਾਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਘੱਟਗਿਣਤੀਆਂ ਦੇ ਵਿਰੁੱਧ ਨਫ਼ਰਤ, ਗਵਾਂਢੀ ਦੇਸ਼ਾਂ ਨਾਲ ਘਿਰਣਾ, ਵਿਰੋਧੀ ਵਿਚਾਰ ਰੱਖਣ ਵਾਲਿਆਂ ਪ੍ਰਤੀ ਨਫ਼ਰਤ, ਇਲਜ਼ਾਮਤਰਾਸ਼ੀ, ਚਰਿੱਤਰ-ਹਨਨ; ਇਹ ਸਾਡੇ ਸੂਝ-ਸਮਝ ਦੇ ਸੰਸਾਰ ਵਿਚ ਫੈਲ ਰਹੇ ਵੱਡੇ ਪ੍ਰਤੀਕਾਂ ਵਜੋਂ ਉੱਭਰ ਰਹੇ ਹਨ। ਏਦਾਂ ਕਿਉਂ ਹੋ ਰਿਹਾ ਹੈ; ਇਹ ਸੋਚਣ ਦਾ ਵੇਲ਼ਾ ਹੈ?
(ਹਵਾਲੇ : ਬਿਪਨ ਚੰਦਰ ਦੀ ਕਿਤਾਬ ‘ਮਾਡਰਨ ਇੰਡੀਆ’ ਤੇ ਪਾਰਥਾ ਚੈਟਰਜੀ ਦੀ ‘ਨੈਸ਼ਨਲ ਥਾਟ ਐਂਡ ਦੀ ਕਲੋਨੀਅਲ ਵਰਲਡ’ ਵਿਚੋਂ)।


Comments Off on ਕਿਸ ਦਾ ਬੁੱਤ ਟੁੱਟਿਆ; ਉਹ ਕੌਣ ਸੀ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.