ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕਿਸਾਨ ਸੰਘਰਸ਼ ਕਮੇਟੀ ਪੰਜਾਬ

Posted On May - 4 - 2019

ਗੁਰਬਖਸ਼ਪੁਰੀ
ਸੂਬੇ ਅੰਦਰ ਚੋਟੀ ਦੇ ਰਾਜਨੀਤੀਵਾਨਾਂ ਦੀ ਭ੍ਰਿਸ਼ਟ ਅਧਿਕਾਰੀਆਂ ਤੇ ਨਸ਼ਿਆਂ ਦੇ ਸੌਦਾਗਰਾਂ ਨਾਲ ਕਾਇਮ ਹੋਈ ਤ੍ਰਿਕੜੀ ਨੂੰ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਸਣੇ ਹੋਰਨਾਂ ਵਰਗਾਂ ਦੀਆਂ ਸਮੱਸਿਆਵਾਂ ਲਈ ਸਭ ਤੋਂ ਪਹਿਲਾਂ ਜ਼ਿੰਮੇਵਾਰ ਠਹਿਰਾਉਣ ਵਾਲੇ ਕਿਸਾਨ ਆਗੂ ਕੰਵਲਪ੍ਰੀਤ ਸਿੰਘ ਪੰਨੂੰ ਵਲੋਂ ਸੂਬੇ ਦੀ ਕਿਸਾਨ ਲਹਿਰ ਨੂੰ ਇਹ ਠੋਸ ਸੇਧ ਦੇਣ ਦਾ ਸਿਹਰਾ ਜਾਂਦਾ ਹੈ| ਇਸ ਤਿਕੜੀ ਦੀਆਂ ਚਾਲਾਂ ਤਹਿਤ ਸੂਬੇ ਅੰਦਰ ਨਸ਼ਿਆਂ ਨਾਲ ਸਾਜ਼ਿਸ਼ ਤਹਿਤ ਸੂਬੇ ਦੀ ਕਿਸਾਨੀ ਤੇ ਜਵਾਨੀ ਨੂੰ ਤਬਾਹ ਹੋਣ ਤੋਂ ਨਵੀਂ ਪੀੜ੍ਹੀ ਨੂੰ ਬਚਾਉਣ ਲਈ ਉਨ੍ਹਾਂ ਵਲੋਂ ਤਰਨ ਤਾਰਨ ਸ਼ਹਿਰ ਤੋਂ ‘ਕਿਸਾਨੀ ਤੇ ਜਵਾਨੀ ਬਚਾਓ’ ਨਾਂ ਹੇਠ ਲਹਿਰ ਦੀ ਸ਼ਰੂਆਤ ਕੀਤੀ ਗਈ ਸੀ। ਸਮਾਜ ਵਿਰੋਧੀ ਤਿਕੜੀ ਵਲੋਂ ਸੂਬੇ ਅੰਦਰ ਆਪਣੇ ਪੈਰ ਮਜ਼ਬੂਤੀ ਨਾਲ ਪਸਾਰ ਲੈਣ ਕਰਕੇ ਹੀ ਕੰਵਲਪ੍ਰੀਤ ਪੰਨੂੰ ਸਮਝਦਾ ਹੈ ਕਿ ਵੋਟਾਂ ਦੀ ਰਾਜਨੀਤੀ ਲੋਕਾਂ ਨੂੰ ਕੋਈ ਰਾਹਤ ਨਹੀਂ ਦਿਵਾ ਸਕਦੀ। ਇਸ ਲਈ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਨੂੰ ਸੁਚੇਤ ਕੀਤੇ ਜਾਣ ਦੀ ਜ਼ਰੂਰਤ ਹੈ| ਕਿਸਾਨ ਆਗੂ ਵਲੋਂ ਤਰਨ ਤਾਰਨ ਜਿਹੇ ਪਿਛੜੇ ਜ਼ਿਲ੍ਹੇ ਅੰਦਰ ਦਹਾਕਿਆਂ ਤੋਂ ਗ਼ੈਰ-ਸੰਗਠਿਤ ਚਲਦੀ ਆ ਰਹੀ ਕਿਸਾਨੀ ਲਹਿਰ ਨੂੰ ਕੋਈ 20 ਸਾਲ ਪਹਿਲਾਂ ਇਕ ਸੇਧ ਦੇ ਕੇ ‘ਕਿਸਾਨ ਸੰਘਰਸ਼ ਕਮੇਟੀ ਪੰਜਾਬ’ ਦਾ ਗਠਨ ਕੀਤਾ ਗਿਆ ਸੀ| ਉਨ੍ਹਾਂ ਦੀ ਅਗਵਾਈ ਹੇਠ ਜਥੇਬੰਦੀ ਵਲੋਂ ਯੋਜਨਾਬੱਧ ਢੰਗ ਨਾਲ ਅੰਦੋਲਨਾਂ ਨੂੰ ਜਿੱਤ ਤੱਕ ਲਿਜਾਣ ਕਰਕੇ ਹੀ ਉਹ ਹੇਠਲੇ ਪੱਧਰ ’ਤੇ ਕਿਸਾਨਾਂ ਨੂੰ ਜਿਥੇ ਜਥੇਬੰਦੀ ਨਾਲ ਜੋੜਨ ਵਿਚ ਕਾਮਯਾਬ ਹੁੰਦੇ ਰਹੇ, ਉੱਥੇ ਕਿਸਾਨਾਂ ਦਾ ਰੁਝਾਨ ਅੰਦੋਲਨਾਂ ਵੱਲ ਵੀ ਖਿੱਚਿਆ ਜਾਂਦਾ ਰਿਹਾ|

ਮਨਜਿੰਦਰ ਸਿੰਘ ਸਿਰਸਾ

ਕੰਵਲਜੀਤ ਪੰਨੂੰ ਬਚਪਨ ਤੋਂ ਹੀ ਖੱਬੀ ਵਿਚਾਰਧਾਰਾ ਵੱਲ ਮੋਹਿਆ ਗਿਆ ਸੀ। ਇਹ ਮੋਹ ਉਸ ਨੂੰ ਅੱਜ ਵੀ ਅੰਦੋਲਨਾਂ ਨਾਲ ਜੁੜੇ ਰਹਿਣ ਦੀ ਸੇਧ ਦੇ ਰਿਹਾ ਹੈ| 54 ਸਾਲਾ ਕੰਵਲਪ੍ਰੀਤ ਸਿੰਘ ਪੰਨੂੰ 1973-74 ਅਜੇ ਛੋਟਾ ਹੀ ਸੀ ਕਿ ਪੌਂਗ ਡੈਮ ਵਿਚ ਕੰਮ ਕਰਦੇ ਉਸ ਦੇ ਪਿਤਾ ਸਣੇ ਹੋਰਨਾਂ ਮੁਲਾਜ਼ਮਾਂ ਨੂੰ ਡੈਮ ਦਾ ਕੰਮ ਮੁਕੰਮਲ ਹੋਣ ’ਤੇ ਜਿਵੇਂ ਹੀ ਨੌਕਰੀ ਤੋਂ ਛਾਂਟੀ ਕੀਤਾ ਜਾਣ ਲੱਗਾ ਤਾਂ ਮੁਲਾਜ਼ਮਾਂ-ਮਜ਼ਦੂਰਾਂ ਦੇ ਬਚਾਅ ਵਿਚ ਖੱਬੀਆਂ ਧਿਰਾਂ ਵਲੋਂ ਮੋਰਚਾ ਸੰਭਾਲ ਲਿਆ| ਛੋਟੀ ਉਮਰ ਦਾ ਕੰਵਲਪ੍ਰੀਤ ਉਸ ਮੌਕੇ ਮਜ਼ਦੂਰਾਂ ਦੇ ਹੱਕ ਵਿਚ ਸਟੇਜ ਤੋਂ ਇਨਕਲਾਬੀ ਕਵਿਤਾਵਾਂ ਬੋਲਦਾ ਹੁੰਦਾ ਸੀ| ਉਨ੍ਹੀਂ ਦਿਨੀਂ ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ ਉੱਥੇ ਆਇਆ ਕਰਦੇ ਸਨ ਜਿਨ੍ਹਾਂ ਵਲੋਂ ਕੰਵਲਪ੍ਰੀਤ ਦੀ ਪਿੱਠ ਥਾਪੜਨ ਨਾਲ ਉਸ ਦਾ ਹੌਸਲਾ ਲਗਾਤਾਰ ਵਧਦਾ ਗਿਆ ਅਤੇ ਇਸੇ ਜਜ਼ਬੇ ਨੇ ਹੀ ਉਸ ਨੂੰ ਜਥੇਬੰਦਕ ਅੰਦੋਲਨਾਂ ਦੀ ਕੀਮਤ ਬਾਰੇ ਮੁੱਢਲੀ ਸਮਝ ਦਿੱਤੀ|
ਉਹ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਨੂੰ ਉਸ ਦੀਆਂ ਜਿਣਸਾਂ ਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਦੇਣ ਦੇ ਦਾਅਵੇ ਨੂੰ ਕੋਰਾ ਝੂਠ ਦਸਦਾ ਹੈ| ਇਸ ਦੇ ਨਾਲ ਹੀ ਉਹ ਕੇਂਦਰ ਸਰਕਾਰ ਵਲੋਂ ਪੰਜ ਏਕੜ ਜ਼ਮੀਨ ਦੇ ਮਾਲਕ ਕਿਸਾਨ ਨੂੰ ਛੇ ਹਜ਼ਾਰ ਰੁਪਏ ਸਾਲਾਨਾ ਸਹਾਇਤਾ ਦੇਣ ਤੋਂ ਵੀ ਸੰਤੁਸ਼ਟ ਨਹੀਂ ਹੈ| ਉਹ ਜਿੱਥੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਕਿਸਾਨ ਦੇ ਵਧੇਰੇ ਦੁੱਖਾਂ ਦਾ ਦਾਰੂ ਸਮਝਦਾ ਹੈ, ਉੱਥੇ ਉਹ ਦੁੱਧ, ਸਬਜ਼ੀਆਂ, ਚਾਰਾ ਫ਼ਸਲਾਂ ਆਦਿ ਦੇ ਘੱਟੋ-ਘੱਟ ਸਮਰਥਨ ਭਾਅ ਵੀ ਨਿਸ਼ਚਿਤ ਕੀਤੇ ਜਾਣ ਦੀ ਵਕਾਲਤ ਕਰਦਾ ਹੈ| ਉਹ ਕਿਸਾਨ ਨੂੰ ਫ਼ੌਜੀ ਜਵਾਨ ਦੀ ਤਨਖ਼ਾਹ ਦੇ ਬਰਾਬਰ ਵਿੱਤੀ ਸਹਾਇਤਾ ਦੇਣ ਨੂੰ ਕੁਝ ਹੱਦ ਤੱਕ ਜਾਇਜ਼ ਮੰਨਦਾ ਹੈ| ਇਸ ਦੇ ਨਾਲ ਹੀ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਕਿਸਾਨ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ, ਘੱਟੋ-ਘੱਟ ਬੁਨਿਆਦੀ ਆਮਦਨ ਦੀ ਗਾਰੰਟੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਸੀਮਾਂਤ ਅਤੇ ਛੋਟੇ ਕਿਸਾਨ ਦੇ ਮੁਆਫ਼ ਕੀਤੇ ਕਰਜ਼ੇ ਆਦਿ ਸਭ ਨੂੰ ਇਕ ਹੀ ਵਿਚਾਰ ਸਮਝਦਾ ਹੈ| ਉਸ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਅੰਦਰ ਅਮਰਿੰਦਰ ਸਿੰਘ ਸਰਕਾਰ ਵੱਲੋਂ ਸੂਬੇ ਦੇ ਕਿਸਾਨ ਦੇ ਕਰਜ਼ਾ ਮੁਆਫ਼ ਕੀਤੇ ਜਾਣ ਨੂੰ ਇਕ ਮਾਡਲ ਦੇ ਤੌਰ ’ਤੇ ਪੇਸ਼ ਕਰ ਰਿਹਾ ਹੈ| ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਦਾ ਸਹਿਕਾਰੀ ਖੇਤਰ ਤੋਂ ਇਲਾਵਾ ਕੌਮੀਕ੍ਰਿਤ, ਪ੍ਰਾਈਵੇਟ ਖੇਤਰ ਦੇ ਬੈਂਕਾਂ, ਆੜ੍ਹਤੀਆਂ ਆਦਿ ਦਾ ਕਰਜ਼ਾ ਵੀ ਮੁਆਫ਼ ਕੀਤੇ ਜਾਣ ਦਾ ਵਾਅਦਾ ਕੀਤਾ ਸੀ| ਉਨ੍ਹਾਂ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੀ ਸੱਤਾ ਵਾਲੇ ਕਿਸੇ ਵੀ ਸੂਬੇ ਅੰਦਰ ਅੱਜ ਤੱਕ 72,000 ਰੁਪਏ ਸਾਲਾਨਾ ਵਾਲੀ ਸਹੂਲਤ ਨਾ ਦੇਣ ’ਤੇ ਕਿਹਾ ਕਿ ਇਸ ਨੂੰ ਵੋਟਾਂ ਖ਼ਾਤਰ ਲੁਭਾਵਨੇ ਵਾਅਦੇ ਦੇ ਇਲਾਵਾ ਹੋਰ ਕੁਝ ਵੀ ਨਹੀਂ ਕਿਹਾ ਜਾ ਸਕਦਾ| ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਦੇ ਕਰਜ਼ਾ ਮੁਆਫ ਕੀਤੇ ਜਾਣ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਸਿਰ ਕੁੱਲ 90,000 ਕਰੋੜ ਰੁਪਏ ਦਾ ਕਰਜ਼ਾ ਹੈ, ਇਸ ਵਿੱਚੋਂ ਸਰਕਾਰ ਨੇ ਮਾਤਰ 4500 ਕਰੋੜ ਰੁਪਏ ਦਾ ਹੀ ਕਰਜ਼ਾ ਮੁਆਫ਼ ਕੀਤਾ ਹੈ| ਸਰਕਾਰ ਵਲੋਂ ਪਰਾਲੀ ਨੂੰ ਅੱਗ ਲਗਾਉਣ ’ਤੇ ਲਗਾਈ ਪਾਬੰਦੀ ਬਾਰੇ ਉਨ੍ਹਾਂ ਸਰਕਾਰ ਦੀ ਕਾਰਵਾਈ ਅਤੇ ਦਾਵਿਆਂ ਆਦਿ ਸਭ ਨੂੰ ਕਿਸਾਨ ਵਿਰੋਧੀ ਕਾਰਵਾਈ ਦੱਸਿਆ| ਉਨ੍ਹਾਂ ਕਿਹਾ ਕਿ ਕਿਸਾਨ ਦੀ ਪਰਾਲੀ ਕੁੱਲ ਪ੍ਰਦੂਸ਼ਨ ਦਾ ਸਿਰਫ਼ 8 ਫ਼ੀਸਦੀ ਹੀ ਬਣਦਾ ਹੈ ਅਤੇ ਉਹ ਵੀ ਸਾਲ ਵਿਚ ਦੋ ਹਫ਼ਤੇ ਲਈ ਹੀ ਹੁੰਦਾ ਹੈ ਜਦੋਂਕਿ ਇਸ ਦੇ ਨਾਲ ਹੀ ਭੱਠੇ, ਵਾਹਨ ਤੇ ਕਾਰਖਾਨਿਆਂ ਆਦਿ ਵੱਲੋਂ ਸਾਲ ਭਰ ਲਗਾਤਾਰ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ| ਉਨ੍ਹਾਂ ਕਿਹਾ ਕਿ ਸਰਕਾਰ ਨੇ ਅੱਜ ਤੱਕ ਕਿਸਾਨ ਦੇ ਇਲਾਵਾ ਕਿਸੇ ਹੋਰ ਖ਼ਿਲਾਫ਼ ਫ਼ੌਜਦਾਰੀ ਮਾਮਲੇ ਦਰਜ ਨਹੀਂ ਕੀਤੇ| ਉਨ੍ਹਾਂ ਪਰਾਲੀ ਆਦਿ ਨੂੰ ਖੇਤਾਂ ਵਿਚ ਵੀ ਸਾਂਭਣ ਲਈ ਸਰਕਾਰ ਵਲੋਂ ਦਿੱਤੀ ਮਸ਼ੀਨਰੀ ਦੀ ਹਕੀਕਤ ਬਾਰੇ ਦੱਸਿਆ ਕਿ ਸਰਕਾਰ ਵਲੋਂ ਇਕ ਪਿੰਡ ਦੀ 2500 ਏਕੜ ਜ਼ਮੀਨ ਪਿੱਛੇ ਇਕ ਮਸ਼ੀਨ ਭੇਜੀ ਗਈ ਹੈ| ਇਹ ਮਸ਼ੀਨ ਇਕ ਦਿਨ ਵਿਚ ਸਿਰਫ਼ ਛੇ ਏਕੜ ਜ਼ਮੀਨ ਦੀ ਫ਼ਸਲ ਦੀ ਹੀ ਬਿਜਾਈ ਕਰ ਸਕਦੀ ਹੈ। ਉਨ੍ਹਾਂ ਕੌਮੀ ਪੱਧਰ ’ਤੇ ਖੇਤੀ ਨੀਤੀ ਬਣਾਏ ਜਾਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਦੀ ਵਾਹੀਯੋਗ ਜ਼ਮੀਨ ਕਿਸੇ ਵੀ ਕੀਮਤ ’ਤੇ ਐਕੁਆਇਰ ਕੀਤੇ ਜਾਣ ’ਤੇ ਪੂਰਨ ਤੌਰ ’ਤੇ ਰੋਕ ਲਗਾਏ ਜਾਣ, ਖ਼ੁਦਕਸ਼ੀ ਕਰ ਗਏ ਕਿਸਾਨ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰਨ, ਉਸ ਦੇ ਪਰਿਵਾਰ ਦੇ ਇੱਕ ਜੀਅ ਲਈ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ। ਕਿਸਾਨ ਦੇ ਕੰਮਾਂ ਨਾਲ ਸਬੰਧਿਤ ਸਰਕਾਰੀ ਅਦਾਰਿਆਂ ਲਈ ਹੇਠਲੇ ਪੱਧਰ ’ਤੇ ਜਨਤਕ ਕਮੇਟੀਆਂ ਦਾ ਗਠਨ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਥੇਬੰਦੀ ਵਲੋਂ ਸੂਬੇ ਦੇ ਮਜ਼ਦੂਰਾਂ ਦੀ ਮਾੜੀ ਆਰਥਿਕ ਹਾਲਤ ਦਾ ਧਿਆਨ ਰੱਖਦਿਆਂ ਕਈ ਵਾਰ ਸਰਕਾਰ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਇਨ੍ਹਾਂ ਵਰਗਾਂ ਵਿਚ ਵਾਧੂ ਜ਼ਮੀਨ ਮੁਫ਼ਤ ਵਿਚ ਵੰਡੀ ਜਾਣੀ ਚਾਹੀਦੀ ਹੈ ਤੇ ਇਨ੍ਹਾਂ ਵਰਗਾਂ ਨੂੰ ਸਬਸਿਡੀਆਂ ਵੀ ਜ਼ਿਆਦਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ| ਉਨ੍ਹਾਂ ਆਪਣੀ ਜਥੇਬੰਦੀ ਦਾ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਸਬੰਧ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਵੋਟਾਂ ਲਈ ਜਥੇਬੰਦੀ ਦੇ ਵਰਕਰਾਂ ਨੂੰ ਆਪਣੀ ਇੱਛਾ ਅਨੁਸਾਰ ਭੁਗਤਣ ਦੀ ਸਲਾਹ ਦਿੰਦੇ ਹਨ|
ਸੰਪਰਕ: 98147-68255


Comments Off on ਕਿਸਾਨ ਸੰਘਰਸ਼ ਕਮੇਟੀ ਪੰਜਾਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.