ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕਾਰਗਰ ਬਣ ਸਕਦੈ ਦੂਹੜੇ ਦਾ ਮਾਡਲ

Posted On May - 7 - 2019

ਪਾਣੀ ਦੀ ਸਮੱਸਿਆ

ਬਲਦੇਵ ਦੂਹੜੇ

ਪੰਜਾਬ ਦਾ ਜੀਵਨ ਖੇਤੀ ’ਤੇ ਨਿਰਭਰ ਹੈ ਅਤੇ ਖੇਤੀ ਜ਼ਮੀਨੀ ਪਾਣੀ ’ਤੇ, ਪਰ ਜ਼ਮੀਨੀ ਪਾਣੀ ਦੀ ਸਤ੍ਹਾ ਲਗਾਤਾਰ ਡਿੱਗ ਰਹੀ ਹੈ। ਕੇਂਦਰੀ ਜਲ ਬੋਰਡ ਅਨੁਸਾਰ ਪੰਜਾਬ ਦੇ 60 ਪ੍ਰਤੀਸ਼ਤ ਇਲਾਕਿਆਂ ਵਿਚ ਪਾਣੀ ਦੀ ਸਤ੍ਹਾ 2 ਮੀਟਰ ਸਾਲਾਨਾ ਦੀ ਦਰ ਨਾਲ ਡਿੱਗ ਰਹੀ ਹੈ। ਹਾਲਾਤ ਨੂੰ ਦੇਖਦੇ ਹੋਏ ਕੇਂਦਰੀ ਜਲ ਬੋਰਡ ਨੇ ਪੰਜਾਬ ਦੀਆਂ ਜਲ ਗੁਫ਼ਾਵਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਹੈ।
ਇਕ ਪਾਸੇ ਹਰ ਸਾਲ ਬਰਸਾਤ ਵਿਚ ਹੜ੍ਹਾਂ ਨਾਲ ਨੁਕਸਾਨ ਹੁੰਦਾ ਹੈ, ਦੂਜੇ ਪਾਸੇ ਜ਼ਮੀਨੀ ਪਾਣੀ ਦੇ ਕੁਦਰਤੀ ਖ਼ਜ਼ਾਨੇ ਜਲ ਗੁਫ਼ਾਵਾਂ ਦੇ ਖੁਸ਼ਕ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਹੜ੍ਹਾਂ ਦੇ ਪਾਣੀ ਨੂੰ ਜਲ-ਗੁਫ਼ਾਵਾਂ ਵਿਚ ਭਰ ਕੇ ਦੋਵੇਂ ਮੁਸ਼ਕਲਾਂ ਹੱਲ ਹੋ ਸਕਦੀਆਂ ਹਨ। ਇਸ ਪ੍ਰਤੀ ਦੇਸ਼ ਦਾ ਕੇਂਦਰੀ ਜਲ ਬੋਰਡ ਵੀ ਕਦਮ ਚੁੱਕ ਰਿਹਾ ਹੈ। ਬੋਰਡ ਨੇ ਜਲ-ਗੁਫ਼ਾਵਾਂ ਨੂੰ ਬਰਸਾਤੀ ਪਾਣੀ ਨਾਲ ਭਰਨ ਲਈ ਮਾਸਟਰ ਪਲਾਨ ਤਿਆਰ ਕੀਤਾ ਹੈ, ਪਰ ਪੰਜਾਬ ਨੂੰ ਆਪਣੀ ਵੀ ਇਕ ਯੋਜਨਾ ਤਿਆਰ ਕਰਨੀ ਚਾਹੀਦੀ ਹੈ ਜੋ ਕੇਂਦਰੀ ਯੋਜਨਾ ਦੀ ਮਦਦ ਨਾਲ ਜਲ-ਗੁਫ਼ਾਵਾਂ ਨੂੰ ਬਰਸਾਤੀ ਹੜ੍ਹਾਂ ਦੇ ਪਾਣੀ ਨਾਲ ਭਰਨ ਦਾ ਕੰਮ ਕਰੇ।
ਮੌਜੂਦਾ ਹਾਲਾਤ ਵਿਚ ਜਦੋਂ ਹਰ ਪਾਸੇ ਪਾਣੀ ਦੀ ਸਪਲਾਈ ਘਟ ਰਹੀ ਹੈ ਤਾਂ ਇਸ ਸਮੱਸਿਆ ਨੂੰ ਕਾਬੂ ਵਿਚ ਕਰਕੇ ਹੰਢਣਸਾਰ ਸਿਸਟਮ ਬਣਾਉਣਾ ਅਤਿ ਜ਼ਰੂਰੀ ਹੈ। ਖਾਲੀ ਹੁੰਦੀਆਂ ਜਲ-ਗੁਫ਼ਾਵਾਂ ਨੂੰ ਬਰਸਾਤੀ ਹੜ੍ਹ ਦੇ ਪਾਣੀ ਨਾਲ ਭਰਨ ਅਤੇ ਪਾਣੀ ਦੀ ਸਹੀ ਵਰਤੋਂ ਨਾਲ ਸੰਤੁਲਨ ਕਾਇਮ ਕੀਤਾ ਜਾ ਸਕਦਾ ਹੈ। ਇਹ ਤਕਨੀਕੀ ਤੌਰ ’ਤੇ ਸੰਭਵ ਵੀ ਹੈ ਅਤੇ ਬਹੁਤਾ ਔਖਾ ਵੀ ਨਹੀਂ।

ਬਲਦੇਵ ਦੂਹੜੇ

ਪਿੰਡ ਦੂਹੜੇ ਵਿਚ ਜ਼ਮੀਨੀ ਜਲ-ਗੁਫ਼ਾਵਾਂ ਭਰਨ ਦਾ ਸਟੇਸ਼ਨ ਬਣਾਇਆ ਗਿਆ ਹੈ। ਬਾਰਿਸ਼ ਦੇ ਪਾਣੀ ਨੂੰ ਇਕੱਠਾ ਕਰਕੇ ਪੁਣ ਛਾਣ ਕੇ ਜ਼ਮੀਨ ਹੇਠ ਭੇਜਿਆ ਜਾਂਦਾ ਹੈ। ਇਸ ਨਾਲ ਪਿੰਡ ਦੇ ਜ਼ਮੀਨੀ ਪਾਣੀ ਦੀ ਸਤ੍ਹਾ ਉੱਚੀ ਹੋਣੀ ਸ਼ੁਰੂ ਹੋ ਗਈ ਹੈ। ਇਹ ਸਸਤਾ ਅਤੇ ਅਤਿ-ਅਸਰਦਾਇਕ ਹੱਲ ਹੈ। ਇਹ ਕੰਮ ਵੱਡੇ ਪੈਮਾਨੇ ’ਤੇ ਸਾਰੇ ਪੰਜਾਬ ਵਿਚ ਕੀਤਾ ਜਾਣਾ ਚਾਹੀਦਾ ਹੈ। ਪਿੰਡ ਦੂਹੜੇ ਵਿਚ ਸੀਵਰੇਜ ਦੇ ਪਾਣੀ ਨੂੰ ਪੁਣ ਛਾਣ ਕੇ ਸਿੰਚਾਈ ਲਈ ਵੀ ਵਰਤਿਆ ਜਾਂਦਾ ਹੈ ਜਿਸ ਨਾਲ ਪਾਣੀ ਦੀ ਮੁੜ-ਵਰਤੋਂ ਕੀਤੀ ਜਾ ਰਹੀ ਹੈ।
ਪੰਜਾਬ ਦੇ 50 ਹਜ਼ਾਰ ਵਰਗ ਕਿਲੋਮੀਟਰ ’ਤੇ ਕੋਈ ਚਾਰ ਸੌ ਮਿਲੀਮੀਟਰ ਔਸਤਨ ਬਾਰਸ਼ ਹੁੰਦੀ ਹੈ। ਇਹ ਸਾਰਾ ਪਾਣੀ ਦੋ ਤਿੰਨ ਸੌ ਘੰਟੇ ਵਿਚ ਜ਼ਮੀਨ ’ਤੇ ਡਿੱਗਦਾ ਹੈ ਅਤੇ ਨਦੀਆਂ ਨਾਲਿਆਂ, ਹੜ੍ਹਾਂ ਅਤੇ ਦਰਿਆਵਾਂ ਰਾਹੀਂ ਪੰਜਾਬ ਵਿਚੋਂ ਬਾਹਰ ਨਿਕਲ ਜਾਂਦਾ ਹੈ। ਬਰਸਾਤ ਵਿਚ ਬਹੁਤ ਸਾਰੇ ਨਾਲੇ ਅਤੇ ਚੋਅ ਹਿਮਾਚਲ ਵਿਚੋਂ ਵੀ ਪੰਜਾਬ ਵਿਚ ਦਾਖਲ ਹੁੰਦੇ ਹਨ। ਇਹ ਹੜ੍ਹ, ਨਦੀਆਂ, ਨਾਲੇ ਅਤੇ ਚੋਅ ਆਦਿ ਪਾਣੀ ਦਾ ਬਹੁਤ ਵੱਡਾ ਸੋਮਾ ਹਨ। ਇਸ ਪਾਣੀ ਨੂੰ ਪੁਣ ਛਾਣ ਕੇ ਜਲ-ਗੁਫ਼ਾਵਾਂ ਵਿਚ ਭਰਨ ਲਈ ਵੱਡੇ ਪੱਧਰ ’ਤੇ ਬੁਨਿਆਦੀ ਢਾਂਚਾ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਨਦੀਆਂ, ਨਾਲਿਆਂ, ਝੀਲਾਂ, ਦਰਿਆਵਾਂ ਦਾ ਅਸਲ ਸੋਮਾਂ ਬਾਰਿਸ਼ ਹੀ ਹੈ। ਬਾਰਸ਼ ਦਾ ਪਾਣੀ ਮੁੱਖ ਤੌਰ ’ਤੇ ਸਮੁੰਦਰ ਵਿਚੋਂ ਆਉਂਦਾ ਹੈ, ਇਸ ਲਈ ਇਹ ਅਮੁੱਕ ਸੋਮਾ ਹੈ। ਇਸ ਪਾਣੀ ਨੂੰ ਇਸ ਦੇ ਵੱਖ ਵੱਖ ਸੋਮਿਆਂ ਤੋਂ ਇਕੱਠਾ ਕਰਕੇ ਜਲ-ਗੁਫ਼ਾਵਾਂ ਵਿਚ ਭਰਨਾ ਚਾਹੀਦਾ ਹੈ।
ਬਾਰਿਸ਼ ਦੇ ਪਾਣੀ ਦੇ ਕਈ ਸੋਮੇ ਹਨ। ਇਕ ਤਾਂ ਪਿੰਡਾਂ ਵਿਚ ਪੈਂਦੀ ਬਾਰਿਸ਼ ਦਾ ਪਾਣੀ ਹੈ। ਦੂਜਾ ਸੋਮਾ ਚੋਅ ਅਤੇ ਨਦੀ ਨਾਲੇ ਵੀ ਹਨ। ਮਿਸਾਲ ਵਜੋਂ ਹੁਸ਼ਿਆਰਪਰ ਤੋਂ ਦਸੂਹਾ ਤਕ ਹਰ ਮੀਲ ’ਤੇ ਇਕ ਚੋਅ ਪੈਂਦਾ ਹੈ ਜੋ ਪਹਾੜੀ ਇਲਾਕਿਆਂ ਵੱਲੋਂ ਆਉਂਦੇ ਹਨ। ਬਰਸਾਤ ਵਿਚ ਇਹ ਹੜ੍ਹਾਂ ਦਾ ਕਾਰਨ ਬਣਦੇ ਹਨ। ਇਨ੍ਹਾਂ ਨੂੰ ਛੋਟੇ ਛੋਟੇ ਬੰਨ੍ਹ ਬਣਾ ਕੇ ਕਈ ਥਾਵਾਂ ’ਤੇ ਤਲਾਬਾਂ ਵਿਚ ਇਕੱਠਾ ਕਰਕੇ ਜ਼ਮੀਨ ਹੇਠ ਭੇਜਿਆ ਜਾ ਸਕਦਾ ਹੈ। ਮੌਨਸੂਨ ਦੇ ਮੌਸਮ ਵਿਚ ਬਹੁਤ ਵਾਰ ਡੈਮ ਅਤੇ ਝੀਲਾਂ ਖ਼ਤਰਨਾਕ ਪੱਧਰ ਤਕ ਪਹੁੰਚ ਜਾਂਦੀਆਂ ਹਨ। ਅਜਿਹੀ ਹਾਲਤ ਵਿਚ ਇਹ ਪਾਣੀ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ, ਜੋ ਹੜ੍ਹ ਬਣਕੇ ਬੇਹਿਸਾਬ ਨੁਕਸਾਨ ਕਰਦਾ ਹੋਇਆ ਸਮੁੰਦਰਾਂ ਵੱਲ ਵਗ ਜਾਂਦਾ ਹੈ। ਇਸ ਕੀਮਤੀ ਸੋਮੇ ਨੂੰ ਜ਼ਮੀਨੀ ਜਲ ਖ਼ਜ਼ਾਨਿਆਂ ਵਿਚ ਭਰ ਲੈਣਾ ਚਾਹੀਦਾ ਹੈ। ਧਰਤੀ ਦੀ ਵਧਦੀ ਗਰਮਾਇਸ਼ ਨਾਲ ਹੜ੍ਹਾਂ ਦੀ ਸਮੱਸਿਆ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ।
ਸਿੰਧ ਜਲ ਸੰਧੀ ਅਧੀਨ ਬਣਦੇ ਪਾਣੀ ਦੇ ਅਣਵਰਤੇ ਪੰਜ ਪ੍ਰਤੀਸ਼ਤ ਹਿੱਸੇ ਨੂੰ ਭਾਰਤ ਹੁਣ ਵਰਤਣ ਲੱਗਾ ਹੈ। ਇਹ ਪਾਣੀ ਹੁਣ ਤਕ ਪਾਕਿਸਤਾਨ ਹੁੰਦਾ ਹੋਇਆ ਸਮੁੰਦਰ ਵਿਚ ਜਾਂਦਾ ਰਿਹਾ ਹੈ। ਇਸ ਨੂੰ ਵੀ ਜਲ-ਗੁਫ਼ਾਵਾਂ ਭਰਨ ਲਈ ਵਰਤਿਆ ਜਾ ਸਕਦਾ ਹੈ। ਪੰਜਾਬ ਦੇ ਬਹੁਤ ਸਾਰੇ ਇਲਾਕੇ ਸੇਮ ਨਾਲ ਸਲੂਣੇ ਹੋ ਚੁੱਕੇ ਹਨ। ਬਰਸਾਤੀ ਹੜ੍ਹਾਂ ਨੂੰ ਕਾਬੂ ਕਰਨ ਨਾਲ ਇਨ੍ਹਾਂ ਦੀ ਸੇਮ ਵੀ ਘਟੇਗੀ ਤੇ ਕਈ ਥਾਵਾਂ ਤੇ ਅਲੂਣੀਕਰਨ ਦੀਆਂ ਵਿਧੀਆਂ ਵਰਤ ਕੇ ਇਸ ਜ਼ਮੀਨ ਨੂੰ ਮੁੜ ਆਬਾਦ ਕੀਤਾ ਜਾ ਸਕਦਾ ਹੈ।
ਪੰਜਾਬ ਵਿਚ ਪੰਦਰਾਂ ਲੱਖ ਦੇ ਕਰੀਬ ਟਿਊਬਵੈੱਲ ਹਨ ਜੋ ਪਾਣੀ ਦੇ ਡਿੱਗਦੇ ਪੱਧਰ ਕਾਰਨ ਲਗਾਤਾਰ ਡੂੰਘੇ ਹੋ ਰਹੇ ਹਨ, ਜਿਨ੍ਹਾਂ ਵਿਚੋਂ ਪਾਣੀ ਕੱਢਣ ਦਾ ਖ਼ਰਚਾ ਲਗਾਤਾਰ ਵਧ ਰਿਹਾ ਹੈ। ਜੇਕਰ ਜਲ-ਗੁਫ਼ਾਵਾਂ ਦਾ ਤਲ ਉੱਚਾ ਹੋਣਾ ਸ਼ੁਰੂ ਹੋ ਜਾਵੇ ਤਾਂ ਬੋਰ ਕਰਨ ਅਤੇ ਬਿਜਲੀ ਨਾਲ ਪਾਣੀ ਕੱਢਣ ਦਾ ਖ਼ਰਚਾ ਘਟੇਗਾ। ਇਸ ਘਟੇ ਖ਼ਰਚੇ ਨੂੰ ਬਿਜਲੀ ਦੀ ਸਬਸਿਡੀ ਘਟਾਉਣ ਲਈ ਵਰਤਿਆ ਜਾ ਸਕਦਾ ਹੈ। ਮੁਫ਼ਤ ਬਿਜਲੀ ਦੀ ਸਬਸਿਡੀ ਖ਼ਤਮ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਹ ਪੈਸਾ ਪਾਣੀ ਕੱਢਣ ਦੀ ਲਾਗਤ ਘਟਾਉਣ ਵੱਲ ਵਰਤਿਆ ਜਾ ਸਕੇ।
ਇਸ ਦੇ ਨਾਲ ਨਾਲ ਪਾਣੀ ਦੀ ਸਹੀ ਵਰਤੋਂ ਲਈ ਯੋਜਨਾ ਬਣਾਉਣੀ ਚਾਹੀਦੀ ਹੈ। ਤੁਪਕਾ-ਸਿੰਚਾਈ, ਹਾਈਡਰੋਪੌਨਿਕ ਖੇਤੀ ਅਤੇ ਝੋਨੇ ਦੀ ਫ਼ਸਲ ਨੂੰ ਘਟਾਉਣ ਆਦਿ ਨਾਲ ਸੰਤੁਲਨ ਕਾਇਮ ਕੀਤਾ ਜਾ ਸਕਦਾ ਹੈ ਜੋ ਪੰਜਾਬ ਦੀ ਖੇਤੀ ਅਤੇ ਇਸ ਦੇ ਜੀਵਨ ਲਈ ਵਰਦਾਨ ਸਾਬਤ ਹੋਵੇਗਾ।


Comments Off on ਕਾਰਗਰ ਬਣ ਸਕਦੈ ਦੂਹੜੇ ਦਾ ਮਾਡਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.