ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਔਰਤ ਚੁੱਪ ਰਹੀ ਤਾਂ ਜ਼ੁਲਮ ਵਧੇਗਾ

Posted On May - 21 - 2019

ਰਜਿੰਦਰ ਪਾਲ ਕੌਰ

ਔਰਤ ਸਦੀਆਂ ਤੋਂ ਦੱਬੀ ਅਤੇ ਲਤਾੜੀ ਹੋਈ ਹੈ। ਉਸ ਦੀ ਆਪਣੀ ਕੋਈ ਮਰਜ਼ੀ ਨਹੀਂ। ਇਸ ਸੋਚ ਵਿਚ ਹੁਣ ਥੋੜ੍ਹੀ ਤਬਦੀਲੀ ਤਾਂ ਜ਼ਰੂਰ ਆਈ ਹੈ, ਪਰ ਕੁਝ ਵਰਗਾਂ ਵਿਚ ਹੀ। ਆਮ ਔਰਤ ਦੀ ਸਥਿਤੀ ਅੱਜ ਵੀ ਪਹਿਲਾਂ ਵਾਲੀ ਹੀ ਹੈ। ਸਾਡੇ ਪੁਰਾਣੇ ਲੋਕ ਗੀਤਾਂ ਵਿਚ ਵੀ ਇਹ ਇਸ਼ਾਰਾ ਮਿਲਦਾ ਹੈ, ‘ਮੇਰਾ ਬਾਬਲ ਦੇਸਾਂ ਦਾ ਰਾਜਾ ਤੇ ਧੀਆਂ ਗਊਆਂ ਦਾਨ ਕਰਦਾ।’ ਇਸ ਤੋਂ ਪਤਾ ਚੱਲਦਾ ਹੈ ਕਿ ਔਰਤ ਵੀ ਗਊਆਂ ਵਾਂਗ ਬੇਜ਼ੁਬਾਨ ਹੁੰਦੀ ਸੀ ਅਤੇ ਜਿਸ ਦੇ ਹੱਥ ਮਰਜ਼ੀ ਉਸ ਦੀ ਵਾਗਡੋਰ ਫੜਾ ਦਿੱਤੀ ਜਾਂਦੀ, ਉਹ ਸਾਰੀ ਉਮਰ ਉਸ ਘਰ ਵਿਚ ਹੀ ਤਿਲ-ਤਿਲ ਮਰਦੀ ਸੀ। ਸਾਰੇ ਪਰਿਵਾਰ ਨੂੰ ਖ਼ੁਸ਼ ਰੱਖਣ ਲਈ ਉਹ ਸਵੇਰੇ ਤੜਕੇ ਤੋਂ ਉੱਠ ਕੇ ਕੰਮ ’ਚ ਲੱਗ ਜਾਂਦੀ ਅਤੇ ਰਾਤ ਨੂੰ ਸਭ ਤੋਂ ਬਾਅਦ ਸੌਂਦੀ, ਉੱਪਰੋਂ ਸਾਰਾ ਦਿਨ ਗਜ਼ ਲੰਮਾ ਘੁੰਢ ਕੱਢ ਕੇ ਕੰਮ ਕਰਦੀ।
ਗੁਰੂ ਨਾਨਕ ਦੇਵ ਜੀ ਨੇ ਔਰਤ ਦੀ ਇਸ ਭਿਆਨਕ ਸਥਿਤੀ ਨੂੰ ਪਛਾਣਿਆ ਅਤੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਜਿਹੜੇ ਰਾਜੇ ਮਹਾਰਾਜੇ ਆਪਣੇ ਆਪ ਨੂੰ ਬੜੇ ਬਲਸ਼ਾਲੀ ਸਮਝਦੇ ਹਨ, ਉਨ੍ਹਾਂ ਨੂੰ ਵੀ ਤਾਂ ਜਨਮ ਔਰਤ ਨੇ ਹੀ ਦਿੱਤਾ ਹੈ, ਫਿਰ ਔਰਤ ਅਪਵਿੱਤਰ ਅਤੇ ਦੁਰਬਲ ਕਿਵੇਂ ਹੋ ਗਈ। ਉਸ ਨੂੰ ਤਾਂ ਬਹੁਤ ਮਹਾਨ ਦਰਜਾ ਮਿਲਣਾ ਚਾਹੀਦਾ ਹੈ। ਸਵਾਮੀ ਵਿਵੇਕਾਨੰਦ ਨੇ ਵੀ ਔਰਤ ਦੀ ਦੁਰਗਤੀ ਨੂੰ ਰੋਕਣ ਲਈ ਸਤੀ ਪ੍ਰਥਾ ਵਿਰੁੱਧ ਅਤੇ ਵਿਧਵਾ ਵਿਆਹ ਦੇ ਹੱਕ ਵਿਚ ਮੁਹਿੰਮ ਚਲਾਈ।
ਆਜ਼ਾਦੀ ਘੁਲਾਟੀਏ ਦੇਸ਼ ਭਗਤ ਔਰਤਾਂ ਅਤੇ ਮਰਦਾਂ ਨੇ ਵੀ ਔਰਤ ਨੂੰ ਸਮਾਜ ਵਿਚ ਸਨਮਾਨਯੋਗ ਥਾਂ ਦਿਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਬੀਬੀ ਗੁਰਬਚਨ ਕੌਰ ਮਾਨ ਜਿਹੜੇ ਬਚਪਨ ਵਿਚ ਹੀ ਆਪਣੀ ਨਜ਼ਰ ਗਵਾ ਬੈਠੇ ਸਨ, ਉਨ੍ਹਾਂ ਦੇ ਸਿਰ ’ਤੇ ਲੜਕੀਆਂ ਨੂੰ ਪੜ੍ਹਾਉਣ ਦਾ ਜਨੂੰਨ ਸੀ। ਉਹ ਆਪਣੇ ਘਰ ਵਿਚ ਹੀ 20-25 ਔਰਤਾਂ ਇਕੱਠੀਆਂ ਕਰਕੇ ਉਨ੍ਹਾਂ ਨੂੰ ਪੜ੍ਹਾਉਂਦੇ। ਮਹਾਨ ਅਜ਼ਾਦੀ ਸੰਗਰਾਮਣ ਭੈਣਜੀ ਸੁਸ਼ੀਲਾ ਚੈਨ ਨੂੰ ਉਨ੍ਹਾਂ ਦੇ ਪਿੰਡ ਜਾਣ ਦਾ ਮੌਕਾ ਮਿਲਿਆ ਤਾਂ ਉਹ ਬੜੇ ਹੈਰਾਨ ਹੋਏ ‘ਮੈਂ ਸਾਰਾ ਪੰਜਾਬ ਗਾਹ ਲਿਆ ਹੈ, ਕਿਤੇ ਵੀ ਲੜਕੀਆਂ ਦਾ ਸਕੂਲ ਨਹੀਂ ਹੈ ਅਤੇ ਇੱਥੇ ਇਕ ਨੇਤਰਹੀਣ ਬੀਬੀ ਸਕੂਲ ਖੋਲ੍ਹ ਕੇ ਬੈਠੀ ਹੈ।’ ਉਸ ਤੋਂ ਬਾਅਦ ਦੋਵਾਂ ਦੀ ਦੋਸਤੀ ਆਖਰੀ ਸਾਹ ਤਕ ਨਿਭੀ।
ਭੈਣਜੀ ਸੁਸ਼ੀਲਾ ਚੈਨ ਦੱਸਦੇ ਹਨ ਕਿ ਉਸ ਵੇਲੇ ਔਰਤਾਂ ਵਿਚ ਐਨਾ ਪੱਛੜਾਪਣ ਸੀ ਕਿ ਕੋਈ ਵੀ ਬੀਬੀ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਸਤੇ ਕੁਰਸੀ ’ਤੇ ਬੈਠਣ ਲਈ ਤਿਆਰ ਨਹੀਂ ਸੀ ਹੁੰਦੀ। ਬਾਬਾ ਸੋਹਣ ਸਿੰਘ ਭਕਨਾ ਨੇ ਆਪਣੇ ਪਿੰਡ ਆਜ਼ਾਦੀ ਤੋਂ ਬਾਅਦ ਲੜਕੀਆਂ ਦਾ ਸਕੂਲ ਖੁੱਲ੍ਹਵਾਇਆ। ਭੈਣਜੀ ਬਿਮਲਾ ਡਾਂਗ ਵੀ ਲੋਕਾਂ ਵਿਚ ਲੜਕੀਆਂ ਨੂੰ ਪੜ੍ਹਾਉਣ ਵਾਸਤੇ ਬਹੁਤ ਪ੍ਰਚਾਰ ਕਰਦੇ ਸਨ। ਭੈਣਜੀ ਸੁਸ਼ੀਲਾ ਚੈਨ ਤਾਂ ਇਕ ਪਿੰਡ ਵਿਚ ਲੜਕੀਆਂ ਦਾ ਸਕੂਲ ਖੋਲ੍ਹਦੇ, ਉਸ ਨੂੰ ਚਲਾ ਕੇ ਕਿਸੇ ਹੋਰ ਦੇ ਹਵਾਲੇ ਕਰ ਦਿੰਦੇ ਅਤੇ ਫਿਰ ਕਿਸੇ ਹੋਰ ਪਿੰਡ ਵਿਚ ਸਕੂਲ ਖੋਲ੍ਹ ਲੈਂਦੇ। ਇਸ ਤਰ੍ਹਾਂ ਉਨ੍ਹਾਂ ਨੇ ਕਈ ਪਿੰਡਾਂ ਵਿਚ ਸਕੂਲ ਖੋਲ੍ਹੇ ਅਤੇ ਨਾਲ ਹੀ ਕਈ ਬੇਸਹਾਰਾ ਲੜਕੀਆਂ ਨੂੰ ਆਪਣੇ ਕੋਲ ਰੱਖ ਕੇ ਪੜ੍ਹਾਇਆ।
ਹੁਣ ਜਦੋਂ ਔਰਤ ਨੂੰ ਕਾਫ਼ੀ ਹੱਦ ਤਕ ਬਰਾਬਰੀ ਮਿਲ ਚੁੱਕੀ ਹੈ, ਉਹ ਹਰ ਖੇਤਰ ਵਿਚ ਮੱਲਾਂ ਮਾਰ ਰਹੀ ਹੈ, ਪਰ ਫਿਰ ਵੀ ਅੱਜ ਔਰਤ ਨਾਲ ਬਹੁਤ ਅਨਿਆਂ ਹੋ ਰਿਹਾ ਹੈ। ਕੰਮ ਕਰਨ ਵਾਲੀਆਂ ਥਾਵਾਂ, ਸੜਕਾਂ, ਬੱਸਾਂ ਅਤੇ ਰੇਲ ਗੱਡੀਆਂ ਵਿਚ ਉਹ ਸੁਰੱਖਿਅਤ ਨਹੀਂ ਹਨ। ਇਹ ਸਭ ਸਾਜ਼ਿਸ਼ ਤਹਿਤ ਹੋ ਰਿਹਾ ਹੈ ਕਿ ਔਰਤ ਜਾਤੀ ਨੂੰ ਇੰਨਾ ਡਰਾ ਦਿਓ ਕਿ ਉਹ ਘਰਾਂ ਵਿਚੋਂ ਨਿਕਲਣਾ ਹੀ ਬੰਦ ਕਰ ਦੇਵੇ। ਉਹ ਮਰਦ ਜਾਤੀ ਦਾ ਮੁਕਾਬਲਾ ਨਾ ਕਰੇ ਅਤੇ ਮਾਪੇ ਵੀ ਐਨੇ ਡਰੇ ਰਹਿਣ ਕਿ ਆਪਣੀਆਂ ਬੱਚੀਆਂ ਦੇ ਘਰੋਂ ਬਾਹਰ ਨਿਕਲਣ ’ਤੇ ਪਾਬੰਦੀ ਲਗਾ ਦੇਣ। ਜਦੋਂ ਕਦੀ ਵੀ ਔਰਤ ਦੀ ਇੱਜ਼ਤ ਨਾਲ ਖਿਲਵਾੜ ਹੁੰਦਾ ਹੈ ਤਾਂ ਹਾਕਮ ਜਮਾਤ ਵਿਚ ਬੈਠੀਆਂ ਔਰਤਾਂ ਹਾਅ ਦਾ ਨਾਅਰਾ ਵੀ ਨਹੀਂ ਮਾਰਦੀਆਂ।
ਹੁਣ ਜੇ ਔਰਤ ਚੁੱਪ ਰਹੀ, ਉਸ ਨੇ ਜ਼ੁਲਮ ਵਿਰੁੱਧ ਆਵਾਜ਼ ਨਹੀਂ ਉਠਾਈ ਤਾਂ ਜ਼ੁਲਮ ਵਧਦਾ ਜਾਵੇਗਾ। ਇਸ ਚੁੱਪ ਨੂੰ ਤੋੜਨ ਲਈ ਐੱਨ.ਐੱਫ.ਆਈ. ਡਬਲਯੂ. ਨੇ ਹੋਰ ਜਬੇਬੰਦੀਆਂ ਨਾਲ ਮਿਲ ਕੇ ਪੰਜ ਜਥੇ ਸਾਰੇ ਦੇਸ਼ ਵਿਚ ਅਮਨ-ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਲਈ ਭੇਜੇ। ਪਿਛਲੇ ਸਾਲ ਪੰਜਾਬ ਵਿਚ ਪਹੁੰਚਣ ਵਾਲਾ ਜਥਾ 22 ਸਤੰਬਰ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਟੰਗਧਾਰ’ ਤੋਂ ਆਪਣੀ ਪਹਿਲੀ ਰੈਲੀ ਕਰਕੇ ਤੁਰਿਆ ਅਤੇ ਕਸ਼ਮੀਰ ਦੀਆਂ ਘਾਟੀਆਂ ਅਤੇ ਹਿਮਾਚਲ ਪ੍ਰਦੇਸ਼ ਦੇ ਬਿਖੜੇ ਪੈਂਡੇ ਗਾਹੁੰਦਿਆਂ ਲੋਕਾਂ ਨੂੰ ਜਾਗਰੂਕ ਕਰਦਾ ਹੋਇਆ 29 ਸਤੰਬਰ ਨੂੰ ਚੰਡੀਗੜ੍ਹ ਪਹੁੰਚਿਆ। ਉਨ੍ਹਾਂ ਨੇ ਵੱਖ ਵੱਖ ਹਿੱਸਿਆਂ ਵਿਚ ਰੈਲੀਆਂ ਕਰਕੇ ਆਪਣਾ ਮਕਸਦ ਦੱਸਿਆ ਕਿ ਔਰਤਾਂ ਲਈ ਚੰਗੀ ਸਿੱਖਿਆ, ਰੁਜ਼ਗਾਰ, ਨਸ਼ਾਬੰਦੀ, ਔਰਤਾਂ ’ਤੇ ਹਿੰਸਾ ਬੰਦ ਕਰਨੀ ਅਤੇ ਵੱਖ-ਵੱਖ ਧਰਮਾਂ ਅਤੇ ਜਾਤਾਂ ਵਿਚ ਫੈਲਾਈ ਜਾ ਰਹੀ ਨਫ਼ਰਤ ਨੂੰ ਖ਼ਤਮ ਕਰਨਾ ਹੈ। ਪੰਜਾਬ ਤੋਂ ਇਹ ਜਥਾ ਹਰਿਆਣਾ ਤੋਂ ਹੁੰਦਾ ਹੋਇਆ ਦਿੱਲੀ ਪਹੁੰਚਿਆ।
ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵਿਮੈਨ ਨੇ 8 ਮਾਰਚ 2019 ਨੂੰ ਨਾਅਰਾ ਦਿੱਤਾ ਸੀ ‘ਅਗਰ ਔਰਤੇਂ ਨਹੀਂ ਉਠੀ ਤੋ ਜ਼ੁਲਮ ਬੜਤਾ ਜਾਏਗਾ।’ ਇਸ ਤਹਿਤ ਉਨ੍ਹਾਂ ਨੇ ਦੇਸ਼ ਦੇ ਵੱਖ ਵੱਖ ਖੇਤਰਾਂ ਵਿਚ ਰੈਲੀਆਂ ਅਤੇ ਹੋਰ ਪ੍ਰੋਗਰਾਮ ਕਰਕੇ ਔਰਤਾਂ ਨੂੰ ਜ਼ੁਲਮ ਖਿਲਾਫ਼ ਆਵਾਜ਼ ਉਠਾਉਣ ਲਈ ਪ੍ਰੇਰਿਆ। ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਔਰਤਾਂ ਦੀ ਮਾਨਸਿਕਤਾ ਨੂੰ ਉੱਠਣ ਦਾ ਹਲੂਣਾ ਦੇ ਰਹੀਆਂ ਹਨ ਤਾਂ ਕਿ ਉਹ ਅਨਿਆਂ ਖਿਲਾਫ਼ ਬੋਲਣ।
ਅਨੇਕਾਂ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਕੀਤੀ ਆਜ਼ਾਦੀ ਨੂੰ ਔਰਤ ਜਾਤੀ ਕਿਸੇ ਹਾਲ ਵਿਚ ਵੀ ਗਵਾ ਨਹੀਂ ਸਕਦੀ। ਸਾਨੂੰ ਇਸ ਆਜ਼ਾਦੀ ਦੀ ਲੜਾਈ ਵਿਚ ਹੋਰ ਅੱਗੇ ਜਾਣਾ ਪਵੇਗਾ। ਮਰਦ ਪ੍ਰਧਾਨ ਤਾਕਤਾਂ ਜਿਹੜੀਆਂ ਔਰਤ ਨੂੰ ਫਿਰ ਸਦੀਆਂ ਪਿੱਛੇ ਸੁੱਟਣਾ ਚਾਹੁੰਦੀਆਂ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਲੜਾਈ ਲੜਨਾ ਸਾਡਾ ਫਰਜ਼ ਹੈ, ਪਰ ਜੇ ਔਰਤ ਚੁੱਪ ਕਰਕੇ ਜ਼ੁਲਮ ਬਰਦਾਸ਼ਤ ਕਰਦੀ ਰਹੀ ਤਾਂ ਇਹ ਜ਼ੁਲਮ ਵਧਦਾ ਜਾਵੇਗਾ। ਸਮਾਜ ਵਿਚ ਬਰਾਬਰ ਹਾਂ ਤਾਂ ਬਰਾਬਰੀ ਹਾਸਲ ਕਰਨ ਲਈ ਚੁੱਪ ਤਾਂ ਤੋੜਨੀ ਹੀ ਪਵੇਗੀ। ਸੋ,ਆਓ ਆਪਾਂ ਸਾਰੀਆਂ ਔਰਤਾਂ ਮਿਲ ਕੇ ਆਜ਼ਾਦੀ ਲਈ ਆਪਣੀ ਆਵਾਜ਼ ਬੁਲੰਦ ਕਰੀਏ।

ਸੰਪਰਕ: 99881-76811


Comments Off on ਔਰਤ ਚੁੱਪ ਰਹੀ ਤਾਂ ਜ਼ੁਲਮ ਵਧੇਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.