ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਇਨਕਲਾਬੀ ਸੂਰਮਾ ਸ਼ਹੀਦ ਸੁਖਦੇਵ

Posted On May - 15 - 2019

ਅੱਜ ਜਨਮ ਦਿਵਸ ’ਤੇ ਵਿਸ਼ੇਸ਼

ਅੱਜ ਜਨਮ ਦਿਵਸ ’ਤੇ ਵਿਸ਼ੇਸ਼

ਸੁਖਦੇਵ ਦਾ ਜਨਮ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਸਥਿਤ ਨੋਘਰੇ ਮਹੱਲੇ ਵਿਚ 15 ਮਈ 1907 ਨੂੰ ਪਿਤਾ ਲਾਲਾ ਰਾਮ ਲਾਲ ਥਾਪਰ ਅਤੇ ਮਾਤਾ ਰੱਲੀ ਦੇਵੀ ਦੇ ਘਰ ਹੋਇਆ। ਲਾਇਲਪੁਰ (ਅਜੋਕੇ ਪਾਕਿਸਤਾਨ ’ਚ) ਕਾਰੋਬਾਰ ਹੋਣ ਕਰਕੇ ਲਾਲਾ ਰਾਮ ਸੁਖਦੇਵ ਦੇ ਜਨਮ ਮਗਰੋਂ ਆਪਣੀ ਪਤਨੀ ਨੂੰ ਉੱਥੇ ਹੀ ਲੈ ਗਏ। ਸੁਖਦੇਵ ਅਜੇ ਕੇਵਲ 3 ਵਰ੍ਹੇ ਦਾ ਹੀ ਸੀ ਕਿ 1910 ਵਿਚ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। 11 ਸਾਲ ਦੀ ਉਮਰ ’ਚ ਸੁਖਦੇਵ ਨੇ ਤਾਇਆ ਲਾਲਾ ਚਿੰਤਰਾਮ ਥਾਪਰ ਨਾਲ ਦੇਸ਼ ਭਗਤੀ ਤੇ ਰਾਜਨੀਤਕ ਕਾਰਜਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਜਦੋਂ ਲਾਲਾ ਜੀ ਨੇ ‘ਰੌਲਟ ਐਕਟ’ ਅਤੇ ‘ਮਾਰਸ਼ਲ ਕਾਨੂੰਨ’ ਦੇ ਵਿਰੁੱਧ ਭਾਰਤੀ ਲੋਕਾਂ ਨੂੰ ਜੱਥੇਬੰਦ ਕਰਨਾ ਸ਼ੁਰੂ ਕੀਤਾ ਤਾਂ ਸੁਖਦੇਵ ਨੇ ਉਨ੍ਹਾਂ ਦੀ ਮਦਦ ਕੀਤੀ। ਉਚੇਰੀ ਸਿੱਖਿਆ ਲਈ ਉਨ੍ਹਾਂ ਨੈਸ਼ਨਲ ਕਾਲਜ, ਲਾਹੌਰ ਵਿਚ ਦਾਖਲਾ ਲਿਆ, ਜਿੱਥੇ ਉਸ ਦੀ ਭਗਤ ਸਿੰਘ, ਭਗਵਤੀ ਚਰਨ ਵੋਹਰਾ, ਯਸ਼ਪਾਲ, ਰਾਮ ਚੰਦਰ ਅਤੇ ਤੀਰਥ ਰਾਮ ਨਾਲ ਮੁਲਾਕਾਤ ਹੋਈ।
ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰਵਿਚ ਚੋਰਾ-ਚੋਰੀ ਦੀ ਘਟਨਾ ਵਾਪਰਨ ਮਗਰੋਂ ਮਹਾਤਮਾ ਗਾਂਧੀ ਨੇ 11 ਫਰਵਰੀ 1922 ਨੂੰ ਨਾ-ਮਿਲਵਰਤਨ ਅੰਦੋਲਨ ਵਾਪਸ ਲੈ ਲਿਆ। ਇਸ ਨੇ ਸੁਖਦੇਵ ਵਰਗੇ ਕ੍ਰਾਂਤੀਕਰੀ ਨੌਜਵਾਨ ਨੂੰ ਨਿਰਾਸ਼ ਕਰ ਦਿੱਤਾ। ਸੁਖਦੇਵ ਦੀ ਹਰ ਮਸਲੇ ’ਤੇ ਪਕੜ ਮਜਬੂਤ ਸੀ। ਜਿਸ ਮਹਾਨ ਇਨਕਲਾਬੀ ਸ਼ਹੀਦ ਭਗਤ ਸਿੰਘ ਨੂੰ ਅੱਜ ਅਸੀਂ ਉਸ ਦੀਆਂ ਲਿਖਤਾਂ ਸਬੰਧੀ ਜਾਣਦੇ ਹਾਂ ਤਾਂ ਉਸ ਦੇ ਪਿੱਛੇ ਵੀ ਸ਼ਹੀਦ ਸੁਖਦੇਵ ਦੀ ਅਹਿਮ ਭੂਮਿਕਾ ਹੈ। ਸੁਖਦੇਵ ਦੇ ਨੇੜਲੇ ਸਾਥੀ ਸ਼ਿਵ ਵਰਮਾ ਕਿਤਾਬ ‘23 ਮਾਰਚ ਦੇ ਸ਼ਹੀਦ’’ ’ਚ ਲਿਖਦੇ ਹਨ, ‘‘ਭਗਤ ਸਿੰਘ ਮਗਰੋਂ ਸਮਾਜਵਾਦ ’ਤੇ ਸਭ ਤੋਂ ਵਧੇਰੇ ਜੇ ਕਿਸੇ ਸਾਥੀ ਨੇ ਪੜ੍ਹਿਆ ਤੇ ਸਮਝਿਆ ਤਾਂ ਉਹ ਸੁਖਦੇਵ ਹੀ ਸੀ।’’
ਸੰਨ 1926 ਦੀ ‘ਨੌਜਵਾਨ ਭਾਰਤ ਸਭਾ’ ਦੇ ਸਥਾਪਨਾ ਸਬੰਧੀ ਸਰਕਾਰੀ ਰਿਪੋਰਟ ਦੱਸਦੀ ਹੈ ‘ਇਸ ਸਭਾ ਦੀ ਸ਼ੁਰੂਆਤ ਕਰਨ ਤੇ ਇਸ ਨੂੰ ਉਸਾਰਨ ਦਾ ਵਿਚਾਰ ਭਗਤ ਸਿੰਘ ਨੂੰ ਜਾਂਦਾ ਹੈ।’ ਪਰ ਇਹ ਵਿਚਾਰ ਗ਼ਲਤ ਹੈ ਕਿਉਂਕਿ ਭਗਤ ਸਿੰਘ ਦੇ ਕਿਸੇ ਵੀ ਸਾਥੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਆਪਣੀਆਂ ਯਾਦਾਂ ਵਿੱਚ, ਅਜੈ ਕੁਮਾਰ ਘੋਸ਼ ਨੇ ਟਿੱਪਣੀ ਕੀਤੀ ਸੀ ਕਿ, ‘‘ਭਗਤ ਸਿੰਘ ਨੇ ਤੇ ਉਨ੍ਹਾਂ ਦੇ ਸਾਥੀਆਂ ਨੇ ਖਾੜਕੂ ਨੌਜਵਾਨ ਜਥੇਬੰਦੀ ‘ਨੌਜਵਾਨ ਭਾਰਤ ਸਭਾ’ ਬਣਾਈ ਸੀ, ਜਿਸ ਨੇ ਸਮਾਜਵਾਦੀ ਵਿਚਾਰਾਂ ਦਾ ਪ੍ਰਚਾਰ ਕਰਨਾ ਸੀ, ਅੰਗਰੇਜ਼ੀ ਰਾਜ ਦੇ ਵਿਰੁੱਧ ਸਿੱਧੀ ਕਾਰਵਾਈ ਦੀ ਲੋੜ ਨੂੰ ਪ੍ਰਚਾਰਨਾ ਸੀ ਤੇ ਦਹਿਸ਼ਤਪਸੰਦ ਪਾਰਟੀ ਲਈ ਭਰਤੀ ਕੇਂਦਰ ਦਾ ਕੰਮ ਕਰਨਾ ਸੀ।’’ ਮਗਰੋਂ ਕਾਕੋਰੀ ਸਾਜ਼ਿਸ਼ ਮੁਕੱਦਮੇ ਦੇ ਦੋਸ਼ੀ ਮਮਥ ਨਾਥ ਗੁਪਤਾ ਨੇ ਵੀ ਇਸੇ ਤਰ੍ਹਾਂ ਦੀ ਗੱਲ ਕਹੀ ਸੀ। ਅਸਲ ’ਚ, ਇਹ ਨੌਜਵਾਨ ਸਭਾ ਸੁਖਦੇਵ, ਭਗਤ ਸਿੰਘ, ਭਗਵਤੀ ਚਰਨ ਵੋਹਰਾ ਤੇ ਕਾਮਰੇਡ ਰਾਮਕਿਸ਼ਨ ਨੇ ਮਿਲ ਕੇ ਲਾਹੌਰ ’ਚ ਸਥਾਪਤ ਕੀਤੀ ਸੀ।
‘ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕ ਆਰਮੀ’ ਦੀ ਪੰਜਾਬ ਇਕਾਈ ਦਾ ਰਾਜਸੀ ਨੇਤਾ ਜੇਕਰ ਭਗਤ ਸਿੰਘ ਸੀ ਤਾਂ ਸੁਖਦੇਵ ਸੁਯੋਗ ਪ੍ਰਬੰਧ ਕਰਤਾ ਸੀ। ਮਾਰਚ 1929 ਈ: ਵਿਚ ਅੰਗਰੇਜ਼ ਸਰਕਾਰ ਨੇ ਦਿੱਲੀ ਅਸੈਂਬਲੀ ਵਿਚ ‘ਉਦਯੋਗਿਕ ਵਿਵਾਦ ਕਾਨੂੰਨ’ (“rade 4isputes 2ill) ਅਤੇ ਦੂਸਰਾ ‘ਲੋਕ ਸੁਰੱਖਿਆ ਕਾਨੂੰਨ’ (Public Safety 2ill) ਨਾਂ ਦੇ ਕਾਨੂੰਨ ਪਾਸ ਕੀਤੇ। ਇਨ੍ਹਾਂ ਦਾ ਮਤਲਬ ਸੀ ਕਿ ਭਾਰਤੀ ਨਾਗਰਿਕਾਂ ਦੀ ਆਜ਼ਾਦੀ ਨੂੰ ਦਬਾ ਕੇ ਰੱਖਿਆ ਜਾਵੇ। ਦਲ ਦੀ ਕੇਂਦਰੀ ਕਮੇਟੀ ਨੇ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਨ ਲਈ ਅਸੈਂਬਲੀ ’ਚ ਬੰਬ ਸੁੱਟਣ ਦੀ ਯੋਜਨਾ ਬਣਾਈ। ਹੁਣ ਫ਼ੈਸਲਾ ਇਹ ਲਿਆ ਜਾਣਾ ਸੀ ਕਿ ਦਿੱਲੀ ਦੇ ਅਸੈਂਬਲੀ ਹਾਲ ਵਿਚ ਬੰਬ ਕੌਣ ਸੁੱਟੇਗਾ। ਸੁਖਦੇਵ ਚਾਹੁੰਦਾ ਸੀ, ਬੰਬ ਸੁੱਟਣ ਲਈ ਭਗਤ ਸਿੰਘ ਹੀ ਜਾਵੇ। ਜਦ ਕਿ ਕਮੇਟੀ ਨੇ ਭਗਤ ਸਿੰਘ ਦਾ ਨਾਂ ਵਿਚਾਰਨ ਤੋਂ ਮਨ੍ਹਾ ਕਰ ਦਿੱਤਾ। ਪਰ ਬਾਅਦ ਵਿਚ ਸੁਖਦੇਵ ਦੀਆਂ ਤਰਕ-ਪੱਖੀ ਦਲੀਲਾਂ ਦਾ ਭਗਤ ਸਿੰਘ ’ਤੇ ਅਜਿਹਾ ਪ੍ਰਭਾਵ ਹੋਇਆ ਕਿ ਉਸ ਨੇ ਕੇਂਦਰੀ ਕਮੇਟੀ ਨੂੰ ਬੰਬ ਆਪ ਦਿੱਲੀ ਅਸੈਂਬਲੀ ਹਾਲ ’ਚ ਸੁੱਟਣ ਲਈ ਰਾਜ਼ੀ ਕਰ ਲਿਆ।
ਜਦੋਂ ਹਥਿਆਰਬੰਦ ਇਨਕਲਾਬੀ ਸੰਘਰਸ਼ ਲਈ ਪਾਰਟੀ ਨੇ ਲਾਹੌਰ ਅਤੇ ਸਹਾਰਨਪੁਰ ਵਿੱਚ ਬੰਬ ਬਣਾਉਣ ਵਾਲੀਆਂ ਦੋ ਫੈਕਟਰੀਆਂ ਸ਼ੁਰੂ ਕੀਤੀਆਂ ਤਾਂ ਲਾਹੌਰ ਦੇ ਕਿਲ੍ਹਾ ਗੁੱਜਰ ਸਿੰਘ ਵਿਚ ‘ਕਸ਼ਮੀਰ ਬਿਲਡਿੰਗ’ ਕਿਰਾਏ ’ਤੇ ਲੈ ਕੇ ਉਸ ਵਿੱਚ ਬੰਬ ਬਣਾਉਣ ਲਈ ਕੱਚਾ ਮਾਲ (ਰਸਾਇਣਕ ਪਦਾਰਥ) ਲਿਆਉਣ ਅਤੇ ਇਸ ਫ਼ੈਕਟਰੀ ਨੂੰ ਅੰਗਰੇਜ਼ ਪੁਲੀਸ ਦੀਆਂ ਨਜ਼ਰਾਂ ’ਚੋਂ ਗੁਪਤ ਰੱਖਣ ਵਿਚ ਸੁਖਦੇਵ ਨੇ ਅਹਿਮ ਭੂਮਿਕਾ ਅਦਾ ਕੀਤੀ। ਸੁਖਦੇਵ ਨੇ ਬੰਬ ਬਣਉਣ ਦੀ ਸਿਖਲਾਈ ਸਭ ਤੋਂ ਪਹਿਲਾਂ ਆਗਰੇ ਵਿਚ ਜੇ.ਐਨ.ਦਾਸ ਤੋਂ ਹਾਸਲ ਕੀਤੀ। ਭਗਤ ਸਿੰਘ ਤੇ ਬੀ.ਕੇ. ਦੱਤ ਵੱਲੋਂ ਦਿੱਲੀ ਅਸੈਂਬਲੀ ਵਿਚ ਬੰਬ ਸੁੱਟੇ ਜਾਣ ਤੋਂ ਅੱਠ ਦਿਨ ਮਗਰੋਂ 15 ਅਪੈਰਲ, 1929 ਈ: ਵਿਚ ਸੁਖਦੇਵ ਨੂੰ ਕਿਸ਼ੋਰੀ ਲਾਲ ਅਤੇ ਜੈ ਗੁਪਾਲ ਸਮੇਤ ਲਾਹੌਰ ਦੀ ਕਸ਼ਮੀਰ ਬਿਲਡਿੰਗ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਹੋਮ ਡਿਪਾਰਟਮੈਂਟ (ਪੋਲੀਟਿਕਲ) 1931, ਫਾਈਲ ਨੰਬਰ. 4/21/1931, (ਐੱਨਏਆਈ) ਦੀ ਸਰਕਾਰੀ ਫ਼ਾਈਲ ਦੱਸਦੀ ਹੈ, ‘ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ 23 ਮਾਰਚ ਸ਼ਾਮ ਦੇ ਸੱਤ ਵਜੇ ਫ਼ਾਂਸੀ ਦਿੱਤੀ ਜਾਵੇਗੀ। ਇਹ ਸੂਚਨਾ ਲਾਹੌਰ ਦੇ ਲੋਕਾਂ ਨੂੰ 24 ਮਾਰਚ, ਸਵੇਰੇ ਦੱਸੀ ਜਾਵੇਗੀ।’ 23 ਮਾਰਚ, 1931 ਨੂੰ ਦੇਸ਼ ਦੀ ਆਜ਼ਾਦੀ ਦੇ ਪ੍ਰਵਾਨੇ ਸੁਖਦੇਵ ਨੂੰ ਭਰ ਜਵਾਨੀ ਦੇ 23 ਸਾਲ 9 ਮਹੀਨੇ ਤੇ 23 ਦਿਨ ਦੀ ਉਮਰ ਵਿਚ ਲਾਹੌਰ ਦੀ ਕੇਂਦਰੀ ਜੇਲ੍ਹ ’ਚ ਭਗਤ ਸਿੰਘ ਅਤੇ ਰਾਜਗੁਰੂ (ਸ਼ਿਵਰਾਮ) ਨਾਲ ਸ਼ਾਮ ਦੇ 7:35 ਵਜੇ ਫ਼ਾਸੀ ਦੇ ਦਿੱਤੀ ਗਈ।

ਹਰਦੀਪ ਸਿੰਘ ਝੱਜ

ਪਰ ਅੱਜ ਵਿੱਦਿਅਕ ਸੰਸਥਾਵਾਂ ਵਿਚ ਫਿਰ ਸਵਾਲ ਉੱਠਦੇ ਹਨ ਕਿ ਸੁਖਦੇਵ ਦੇ ਸ਼ਹੀਦ ਹੋਣ ਨਾਲ ਕੀ ਲਾਭ ਹੋਇਆ? 27 ਅਕਤੂਬਰ, 1930 ਨੂੰ ਪੰਜਾਬ ਹਾਈਕੋਰਟ ਲਾਹੌਰ ਵੱਲੋਂ ਜਾਰੀ ਕੀਤੇ ਗਏ ‘ਮੌਤ ਦੇ ਫਰਮਾਨ’ ’ਤੇ ਅਮਲ ਕਿਉਂ ਨਹੀਂ ਕੀਤਾ ਗਿਆ ਅਤੇ ਫ਼ਿਰ ਕਿਸ ਅਦਾਲਤ ਦੀ ਮਨਜ਼ੂਰੀ ਨਾਲ 23 ਮਾਰਚ ਨੂੰ ਸਜ਼ਾ-ਏ-ਮੌਤ ਨੂੰ ਅਮਲ ਵਿੱਚ ਲਿਆਂਦਾ ਗਿਆ? ਉਹ ਕਿਸ ਲਈ ਸ਼ਹੀਦ ਹੋਇਆ? ਕੀ ਹੁਸੈਨੀਵਾਲਾ ਵਿਚ ਹੀ ਸ਼ਹੀਦ ਦਾ ਅੰਤਮ ਸੰਸਕਾਰ ਕੀਤਾ ਗਿਆ ਜਾਂ ਕਿਸੇ ਹੋਰ ਜਗ੍ਹਾ ’ਤੇ? ਸ਼ਹੀਦ ਦੀ ਲਾਸ਼ ਨੂੰ ਉਸ ਦੇ ਵਾਰਸਾਂ ਦੇ ਹਵਾਲੇ ਨਾ ਕਰਨ ਅਤੇ ਗੁਪਤ ਰੂਪ ਵਿਚ ਸਸਕਾਰ ਕਰਨ ਪਿੱਛੇ ਕੀ ਕਾਰਨ ਸਨ? ਅੰਤਮ ਸਮੇਂ ’ਤੇ ਸੁਖਦੇਵ ਦਾ ਬਾਹਰੀ ਸਰੂਪ ਕਿਸ ਤਰ੍ਹਾਂ ਦਾ ਸੀ? ਇਸ ਬਾਰੇ ਇਤਿਹਾਸਕਾਰਾਂ ਵੱਲੋਂ ਭਰਮ ਭਲੇਖੇ ਕਿਉੁਂ ਪਏ ਗਏ। ਹੁਣ ਤੱਕ ਦੇ ਇਤਿਹਾਸਕਾਰਾਂ ਨੇ ਸ਼ਹੀਦ ਸੁਖਦੇਵ ਨੂੰ ਇਤਿਹਾਸ ’ਚ ਉਸ ਦੀ ਕੁਰਬਾਨੀ ਦਾ ਸ਼ਹੀਦ ਭਗਤ ਦੇ ਬਰਾਬਰ ਬਣਦਾ ਸਤਿਕਾਰ ਬਹੁਤ ਘੱਟ ਦਿੱਤਾ ਹੈ।
ਉਸ ਨੇ ਸਭ ਚਿੱਠੀਆਂ, ਲਿਖਤਾਂ ਕਿਉਂ ਲਿਖੀਆਂ, ਕਿਸ ਤਰ੍ਹਾਂ ਦੀ ਮਨੋਸਥਿਤੀ ’ਚ ਵਿਚਰਦੇ ਕਲਮਬੰਦ ਕੀਤਾ? ਜੇਕਰ ਸਾਰੀਆਂ ਚਿੱਠੀਆਂ ਨੂੰ ਮਿਤੀਆਂ ਦੇ ਸੰਦਰਭ ਵਿੱਚ ਰੱਖਦੇ ਹੋਏ ਪੜਚੋਲ ਕਰੀਏ ਤਾਂ ਇੱਕ ਗੱਲ ਸਪੱਸ਼ਟ ਹੋ ਜਾਵੇਗੀ ਕਿ ਜੋ ਲਿਖਤਾਂ ਅੱਜ ਸਾਨੂੰ ਮਾਰਗ ਦਰਸ਼ਨ ਦਾ ਕੰਮ ਦੇ ਰਹੀਆਂ ਹਨ ਉਹ ਸਾਰੀਆਂ ਹੀ 1 ਅਕਤੂਬਰ, 1930 ਤੋਂ ਲੈ ਕੇ ਸ਼ਹੀਦੀ ਪ੍ਰਾਪਤ ਕਰਨ ਤੱਕ ਦੇ ਅਰਸੇ ਦੌਰਾਨ ਲਿਖੀਆਂ ਗਈਆਂ ਸਨ। ਮੌਤ ਦੇ ਦਰਵਾਜੇ ’ਤੇ ਖੜ੍ਹੇ ਆਮ ਆਦਮੀ ਦੀ ਮਨੋਦਸ਼ਾ ਕੀ ਹੁੰਦੀ ਹੈ ਤੇ ਸੁਖਦੇਵ ਦੀ ਮਨੋਦਸ਼ਾ ਕੀ ਸੀ। ਇਹੀ ਅੰਤਰ ਹੀ ਸੁਖਦੇਵ ਨੂੰ ਸ਼ਹੀਦ ਭਗਤ ਸਿੰਘ ਦੇ ਬਰਾਬਰ ਦਾ ਸਥਾਨ ਹਾਸਲ ਕਰ ਲੈਣ ਦਾ ਕਾਰਨ ਹੈ। ਸੁਖਦੇਵ ਦੇਸ਼ ਲਈ ਸ਼ਹੀਦ ਹੋਇਆ। ਉਸ ਦਾ ਆਦਰਸ਼ ਹੀ ਦੇਸ਼-ਸੇਵਾ ’ਚ ਜੂਝਦੇ ਹੋਏ ਮਰਨਾ ਸੀ। ਉਹ ਇਸ ਤੋਂ ਵਧੇਰੇ ਕੁੱਝ ਨਹੀਂ ਚਾਹੁੰਦਾ ਸੀ। ਮਰਨਾ ਵੀ ਗੁੰਮਨਾਮ ਚਾਹੁੰਦਾ ਸੀ।
ਸੰਪਰਕ: 94633-64992


Comments Off on ਇਨਕਲਾਬੀ ਸੂਰਮਾ ਸ਼ਹੀਦ ਸੁਖਦੇਵ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.