ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਆਓ, ਸੂਝਵਾਨ ਆਗੂ ਦੀ ਚੋਣ ਦਾ ਅਹਿਦ ਕਰੀਏ

Posted On May - 14 - 2019

ਖੁਸ਼ਮਿੰਦਰ ਕੌਰ

ਪੰਜਾਬ ਵਿਚ ਹਰ ਪਾਸੇ ਚੋਣਾਂ ਦੀ ਮੁਹਿੰਮ ਸਰਗਰਮ ਹੈ। ਭਾਵੇਂ ਇਹ ਵਰਤਾਰਾ ਸਾਡੇ ਲੋਕਤੰਤਰੀ ਦੇਸ਼ ਵਿਚ ਹਰ ਪੰਜ ਸਾਲ ਬਾਅਦ ਵਾਪਰਦਾ ਹੀ ਹੈ, ਪਰ ਦੇਸ਼ ਵਿਚ ਇਸ ਵਾਰ ਦਾ ਚੋਣ ਦੰਗਲ ਅੱਗੇ ਨਾਲੋਂ ਜ਼ਿਆਦਾ ਪੇਚੀਦਾ ਹੈ। ਤਕਨੀਕੀ ਤੇ ਸੋਸ਼ਲ ਮੀਡੀਆ ਦੀ ਸ਼ਕਤੀ ਨਾਲ ਲੋਕ ਰਾਜਨੀਤੀ ਤੇ ਰਾਜਨੇਤਾਵਾਂ ਦਾ ਅੰਦਰਲਾ ਸੱਚ ਭਲੀ ਭਾਂਤ ਜਾਣ ਚੁੱਕੇ ਹਨ। ਸ਼ਾਇਦ ਇਸੇ ਕਰਕੇ ਸੱਚ ਚੁਣਨ ਲਈ ਸ਼ਸ਼ੋਪੰਜ ਵਿਚ ਪਏ ਹਨ। ਇਸ ਬਾਰੇ ਪਿਛਲੀਆਂ ਚੋਣਾਂ ਦੇ ਦਿਨਾਂ ਵਿਚ ਮਸ਼ਹੂਰ ਹੋਈ ਸੁਰਜੀਤ ਗੱਗ ਦੀ ਕਵਿਤਾ: ਮੋਹਰ ਕਿੱਥੇ ਲਾਉਣੀ ਏ ਜੀ, ਮੋਹਰ ਕਿੱਥੇ ਲਾਉਣੀ ਏ, ਜਿੱਥੇ ਮਰਜ਼ੀ ਲਾ ਲਓ, ਬੋਤੀ ਬੋਹੜ ਥੱਲੇ ਆਉਣੀ ਆ।’ ਇਸ ਰਚਨਾ ਵਾਂਗੂ ਲੋਕ ਮਨਾਂ ਵਿਚ ਜਿਵੇਂ ਪਹਿਲਾਂ ਹੀ ਨਿਰਧਾਰਤ ਜਿਹਾ ਇਕ ਡਰ ਬੈਠਿਆ ਹੋਇਆ ਹੈ। ਬੀਤੇ ਸਮੇਂ ਦੇ ਹਾਲਾਤ ਵਾਚਣ ਉਪਰੰਤ ਤਾਂ ਸਾਡਾ ਸੁਰਜੀਤ ਗੱਗ ਦੀ ਰਚਨਾ ਨਾਲ ਸਹਿਮਤ ਹੋਣਾ ਜਿਵੇਂ ਲਾਜ਼ਮੀ ਹੀ ਹੋ ਜਾਂਦਾ ਹੈ।
ਰਾਜਨੀਤੀ ਲੋਕ ਹਿਤੈਸ਼ੀ ਦੀ ਥਾਂ ਕੇਵਲ ਨਿੱਜ ਹਿਤੈਸ਼ੀ ਹੋ ਗਈ ਹੈ ਅਤੇ ਇਸਦਾ ਮਕਸਦ ਨਿਸ਼ਕਾਮ ਸੇਵਾ ਤੋਂ ਪਰਿਵਾਰਕ ਸੰਪਤੀ ਜੋੜਨ ਵਰਗਾ ਹੋ ਗਿਆ ਹੈ। ਪੰਜਾਬ ਵਿਚ ਕਾਬਜ਼ ਰਾਜਨੀਤਕ ਪਾਰਟੀਆਂ ਨੇ ਪਰਿਵਾਰਵਾਦ ਨੂੰ ਹੀ ਰਾਜਨੀਤੀ ਵਿਚ ਵਿਕਸਤ ਕੀਤਾ ਹੋਇਆ ਹੈ। ਇਸ ਲਈ ਉਨ੍ਹਾਂ ਨੇ ਬਾਕੀ ਸਭ ਕੰਮ ਛਿੱਕੇ ਟੰਗ ਕੇ ਸਿਰਫ਼ ਪਰਿਵਾਰ ਪਾਲਣ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਇਸ ਸਾਰੇ ਦਾਰ-ਓ-ਮਦਾਰ ਵਿਚ ਬਹੁਤੇ ਸਿਆਸੀ ਅਹੁਦੇਦਾਰ ਇਹ ਭੁੱਲ ਹੀ ਗਏ ਹਨ ਕਿ ਰਾਜਨੀਤੀ ਕਿੱਤਾ ਨਹੀਂ ਹੈ। ਇਸ ਦੇ ਉਲਟ ਪੰਜਾਬ ਵਿਚ ਤਾਂ ਇਹ ਕਿੱਤਾ ਜੱਦੀ ਪੁਸ਼ਤੀ ਹੀ ਕੁਰਸੀਨਾਮੇ ਵਾਂਗ ਪਿਓ ਤੋਂ ਪੁੱਤ ਦੇ ਨਾਮ ਚੜ੍ਹ ਰਿਹਾ ਹੈ। ਸਿਆਸਤ ਉੱਪਰ ਕਾਬਜ਼ ਨਿੱਜਤਾ ਏਨੀ ਭਾਰੂ ਹੈ ਕਿ ਲੋਕਾਂ ਦੇ ਸਿਰੋਂ ਬਣੇ ਨੇਤਾਵਾਂ ਦਾ ਆਮ ਲੋਕਾਂ ਦਾ ਸ਼ੋਸ਼ਣ ਕਰਨ ਦਾ ਪੱਧਰ ਹੋਰ ਉੱਚਾ ਹੋ ਗਿਆ ਹੈ। ਪਿਛਲੇ ਪੰਜ ਸਾਲਾਂ ਵਿਚ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਮਣਾਂਮੂੰਹੀਂ ਵਾਧਾ, ਘਟੀਆਂ ਹੋਈਆਂ ਤਨਖ਼ਾਹਾਂ ਨਾਲ ਜੂਝ ਰਹੇ ਅਧਿਆਪਕ, ਕਰਜ਼ਾ ਮੁਆਫ਼ੀ ਲਈ ਮਰ ਰਹੇ ਕਿਸਾਨ, ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਨੂੰ ਪਾਣੀ ਦੀਆਂ ਬੁਛਾਰਾਂ, ਟੈਂਕੀਆਂ ਦੀ ਉੱਚਾਈ ਤੇ ਪੁਲੀਸ ਦੀ ਨਾਜਾਇਜ਼ ਕੁੱਟ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਪੰਜਾਬ ਦੀ ਗੱਲ ਕਰੀਏ ਤਾਂ ਦੋ ਤਿੰਨ ਸਿਆਸੀ ਪਰਿਵਾਰ ਰਾਜਨੀਤਕ ਪਾਰਟੀਆਂ ਦੇ ਨਾਮ ’ਤੇ ਪੰਜਾਬ ਨੂੰ ਆਪਣੀ ਜਾਗੀਰ ਹੀ ਸਮਝ ਬੈਠੇ ਹਨ। ਰਾਜ ਭਾਗ ਸਥਾਪਤ ਕਰਨ ਦੀ ਹੋੜ ਵਿਚ ਇਨ੍ਹਾਂ ਸਭ ਨੇ ਮਿਲ ਕੇ ਸੰਵਿਧਾਨ ਅਤੇ ਲੋਕਤੰਤਰ ਕਿਸੇ ਨੁੱਕਰੇ ਹੀ ਲਾ ਛੱਡਿਆ ਹੈ।
ਸਾਡੇ ਦੇਸ਼ ਦੀ ਸ਼ਾਸਨ ਵਿਵਸਥਾ ਵੀ ਏਨੀ ਵਿਕਾਊ ਬਿਰਤੀ ਦੀ ਹੋ ਗਈ ਹੈ ਕਿ ਉਹ ਹਰ ਆਮ ਖ਼ਾਸ ਵਰਗ ਦੇ ਹੱਕਾਂ ਅਤੇ ਜੇਬ ’ਤੇ ਹੱਲਾ ਬੋਲਣ ਲਈ ਨਿੱਤ ਇਨ੍ਹਾਂ ਸਿਆਸੀ ਅਹੁਦੇਦਾਰਾਂ ਦੀ ਝੋਲੀ ਚੁੱਕ ਬਣੀ ਹੋਈ ਹੈ। ਹੁਣ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਹੱਲ ਵੀ ਠੋਸ ਬਣਦਾ ਹੈ। ਇੱਥੇ ਮਗਰਮੱਛ ਵੱਡੀ ਮੱਛੀ ਨੂੰ ਅਤੇ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਣ ਲੱਗੀ ਹੋਈ ਹੈ।
ਸਿਆਸੀ ਦੰਗਲ ਲਈ ਨਿੱਤ ਦਿਨ ਬਣਦੀਆਂ ਰਣਨੀਤੀਆਂ ਨੇ ਆਮ ਲੋਕਾਂ ਨੂੰ ਸਭ ਜ਼ਾਹਿਰ ਹੋਣ ਦੇ ਬਾਵਜੂਦ ਜਿਵੇਂ ਨਿਕੰਮੇ ਕਰ ਦਿੱਤਾ ਹੈ। ਆਈ.ਏ.ਐੱਸ., ਪੀ.ਸੀ.ਐੱਸ. ਵਰਗੇ ਉੱਚ ਰੁਤਬਿਆਂ ’ਤੇ ਸੇਵਾਵਾਂ ਉਪਲੱਬਧ ਹੋਣ ਦੇ ਬਾਵਜੂਦ ਇਨ੍ਹਾਂ ਰੁਤਬਿਆਂ ਉੱਤੇ ਸੁਭਾਇਮਾਨ ਲੋਕਾਂ ਦਾ ਅਮਲ ਸਿਰਫ਼ ਆਮ ਲੋਕਾਈ ਦਾ ਗਲ ਘੁੱਟਣ ਤਕ ਸੀਮਤ ਹੋਇਆ ਪਿਆ ਹੈ। ਉਹ ‘ਸਰਵਿਸ’ ਨਾਮ ਦੀ ਚੀਜ਼ ਤੋਂ ਟੁੱਟੇ ਹੋਏ ਹਨ ਅਤੇ ਹਾਕਮਾਂ ਦੇ ਅਹਿਲਕਾਰਾਂ ਵਾਂਗ ਕੰਮ ਕਰਦੇ ਹਨ। ਅਜਿਹੇ ਵਿਚ ਜੇ ਆਮ ਲੋਕਾਈ ਬਦਲ ਲੱਭਣ ਦਾ ਹੀਆ ਕਰਦੀ ਵੀ ਹੈ ਤਾਂ ਇਹੀ ਅਹਿਲਕਾਰ ਰਾਜਨੀਤਕ ਅਹੁਦੇਦਾਰਾਂ ਨਾਲ ਮਿਲ ਕੇ ਸਿਆਸੀ ਘੁੰਡੀਆਂ ਨਾਲ ਪੂਰੀ ਸਿਆਸਤ ਦੇ ਸਮੀਕਰਨ ਹੀ ਬਦਲ ਦਿੰਦੇ ਹਨ। ਇਸ ਬਾਬਤ ਘਰ ਘਰ ਨੌਕਰੀ ਦੇ ਸੁਪਨੇ, ਵਿੱਦਿਆ ਪ੍ਰਾਪਤੀ ਲਈ ਮਿਲੇ ਲੈਪਟਾਪਾਂ ਦੇ ਲਾਰੇ ਅਤੇ ਸਮਾਰਟ ਫੋਨਾਂ ਦੀਆਂ ਘੰਟੀਆਂ ਤਾਂ ਸਭ ਦੇ ਮਨ ’ਚ ਖੜਕਦੀਆਂ ਹੀ ਹੋਣਗੀਆਂ।
ਗੱਲ ਕੀ ਹਰ ਪਾਰਟੀ ਨੇ ਆਪਣਾ ਅਕਸ ਏਨਾ ਪਲੀਤ ਕਰ ਲਿਆ ਹੈ ਕਿ ਅਸੀਂ ਪਾਰਟੀਬਾਜ਼ੀ ਦੇ ਪਰਿਪੇਖ ਵਿਚ ਕਿਸੇ ਚੰਗੇ ਅਕਸ ਦੇ ਵਿਅਕਤੀ ਦੀ ਚੋਣ ਕਰਨ ਨੂੰ ਚੰਗਾ ਨਹੀਂ ਸਮਝ ਰਹੇ। ਸ਼ਾਇਦ ਇਹ ਇਸ ਲਈ ਵੀ ਹੈ ਕਿ ਪਾਰਟੀਤੰਤਰ ਲੀਡਰਾਂ ’ਤੇ ਭਾਰੂ ਪਿਆ ਹੋਇਆ ਹੈ। ਇਸੇ ਵਰਤਾਰੇ ਕਾਰਨ ਸਾਨੂੰ ਸੂਝਵਾਨ ਆਗੂ ਨਜ਼ਰ ਹੀ ਨਹੀਂ ਪੈਂਦੇ। ਜੇ ਦੇਖਦੇ ਵੀ ਹਾਂ ਤਾਂ ਉਸ ਦਾ ਪਾਰਟੀ ਨਾਲ ਜੁੜਿਆ ਅਕਸ ਸਾਨੂੰ ਨਜ਼ਰ ਅੰਦਾਜ਼ ਕਰਨ ਲਈ ਮਜਬੂਰ ਕਰੀ ਜਾ ਰਿਹਾ ਹੈ। ਇਸੇ ਲਈ ਵਾਰ ਵਾਰ ਬੋਤੀ ਦਾ ਬੋਹੜ ਥੱਲੇ ਆਉਣਾ ਵੀ ਸੁਭਾਵਿਕ ਹੋ ਜਾਂਦਾ ਹੈ ਅਤੇ ਇਹੀ ਵਾਜਬ ਲੱਗਣ ਲੱਗਦਾ ਹੈ। ਸਾਡੀ ਇਕ ਵਾਰ ਦੀ ਭੁਲੇਖੇ ਨਾਲ ਕੀਤੀ ਗ਼ਲਤੀ ਪੰਜ ਸਾਲਾਂ ਲਈ ਸਾਡੇ ਗਲ਼ ਗੁਨਾਹਾਂ ਵਾਂਗੂ ਪੈ ਜਾਂਦੀ ਹੈ।
ਇਸ ਸਬੰਧੀ ਪੈਦਾ ਹੋ ਰਹੇ ਘਟੀਆ ਰਾਜਨੀਤੀਵਾਨਾਂ ਲਈ ਮੈਨੂੰ ਫਰਾਂਸੀਸੀ ਲੇਖਕ ਮਾਰਕ ਟਵੇਨ ਦਾ ਇਹ ਕਥਨ ਹੱਲ ਵਾਂਗੂ ਜਾਪਦਾ ਹੈ ਕਿ ‘ਰਾਜਨੀਤੀਵਾਨਾਂ ਅਤੇ ਪੋਤੜਿਆਂ ਨੂੰ ਲਗਾਤਾਰ ਬਦਲਾਉਂਦੇ ਰਹਿਣਾ ਚਾਹੀਦਾ ਹੈ, ਦੋਹਾਂ ਨੂੰ ਬਦਲਾਉਣ ਦਾ ਕਾਰਨ ਸਾਂਝਾ ਹੀ ਹੈ। ਇਸੇ ਪ੍ਰਸੰਗ ਵਿਚ ਪਲੀਤ ਹੋਏ ਲੋਕਾਂ ਨੂੰ ਰਾਜਨੀਤੀ ਵਿਚੋਂ ਬਦਲ ਦੇਣਾ ਲਾਜ਼ਮੀ ਹੈ। ਜਿੰਨੀ ਦੇਰ ਤਕ ਅਸੀਂ ਇਹ ਕਦਮ ਨਹੀਂ ਚੁੱਕਾਂਗੇ ਇਨ੍ਹਾਂ ਸਥਾਪਤ ਰਾਜਨੀਤਕ ਪਾਰਟੀਆਂ ਨੂੰ ਸਮਝ ਨਹੀਂ ਆਏਗੀ ਕਿ ਚੰਗੇ ਅਕਸ ਵਾਲੇ ਵਿਅਕਤੀਆਂ ਦਾ ਮਹੱਤਵ ਕੀ ਹੈ।
ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਸਮਝਿਆ ਗਿਆ ਹੈ ਅਤੇ ਇਸ ਵਾਰ ਮੀਡੀਆ ਨੇ ਇਕੱਲੇ-ਇਕੱਲੇ ਨੇਤਾ ਤੇ ਵਿਧਾਇਕ ਦੇ ਰਾਜਸੀ, ਦੇਸੀ, ਵਿਦੇਸ਼ੀ ਅਤੇ ਅੰਤਰਰਾਸ਼ਟਰੀ ਸਭ ਤਰ੍ਹਾਂ ਦੇ ਗ਼ਬਨ, ਘਪਲੇ ਅਤੇ ਚੋਰ ਘੁੰਡੀਆਂ ਨੂੰ ਉਜਾਗਰ ਵੀ ਕੀਤਾ ਹੈ। ਮਸਲਾ ਇਹ ਹੈ ਕਿ ਅਸੀਂ ਸਭ ਕੁਝ ਜਾਣ ਪਛਾਣ ਕੇ ਵੀ ਅੱਖਾਂ ਮੁੰਦੀ ਬੈਠਣ ਨੂੰ ਤਰਜੀਹ ਦੇ ਰਹੇ ਹਾਂ। ਫ਼ਿਲਮਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਨਿੱਜ ਹਿਤੈਸ਼ੀ ਰਾਜਨੀਤੀ ਦੇ ਦੁਰਪ੍ਰਭਾਵਾਂ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਸੁਚੱਜੇ ਸੁਨੇਹੇ ਦੇਣ ਦੀ ਕੋਸ਼ਿਸ਼ ਕੀਤੀ ਦਿਸਦੀ ਹੈ। ਉਦਾਹਰਨ ਵਜੋਂ ਨਿਰਦੇਸ਼ਕ ਨਵਨੀਅਤ ਦੀ ਫ਼ਿਲਮ ‘ਧਰਤੀ’ ਅਤੇ ਨਿਰਦੇਸ਼ਕ ਵਿਪਿਨ ਪਰਾਸ਼ਰ ਦੀ ਫ਼ਿਲਮ ‘ਸਾਡੇ ਸੀ.ਐੱਮ. ਸਾਹਿਬ’ ਨੂੰ ਵਿਚਾਰਿਆ ਜਾ ਸਕਦਾ ਹੈ। ਹਾਂ, ਅੱਜ ਦੇ ਸਮੇਂ ਵਿਚ ਨਿਰਦੇਸ਼ਕ ਵਿਸ਼ਾਲ ਪਰਾਸ਼ਰ ਦੀ ਪੰਜਾਬੀ ਫ਼ਿਲਮ ‘ਬਾਈ ਜੀ ਤੁਸੀਂ ਘੈਂਟ ਹੋ’ ਦੀ ਪੂਰੀ ਸਾਰਥਕਤਾ ਹੈ। ਭਾਵੇਂ ਇਹ ਕਾਮੇਡੀ ਪੇਸ਼ਕਾਰੀ ਹੀ ਹੈ, ਪਰ ਇਸ ਨੂੰ ਦੇਖਣ ਤੋਂ ਬਾਅਦ ਆਮ ਆਦਮੀ ਨੂੰ ਆਪਣੀ ਹੋਂਦ ਤੇ ਵੋਟ ਸ਼ਕਤੀ ਦਾ ਅਹਿਸਾਸ ਲਾਜ਼ਮੀ ਮਹਿਸੂਸ ਹੋਵੇਗਾ। ਹੁਣ ਬਿੱਲੀਆਂ ਨੂੰ ਦੇਖ ਕੇ ਕਬੂਤਰ ਬਣਿਆ ਨਹੀਂ ਸਰਨਾ। ਇਹ ਸਿਰਫ਼ ਚੋਣਾਂ ਨਹੀਂ ਸਗੋਂ ਸਾਡੀ ਹੋਂਦ, ਸਾਡੇ ਬੱਚਿਆਂ ਦਾ ਭਵਿੱਖ ਅਤੇ ਸਾਡੀ ਸੂਝ ਦਾ ਇਮਤਿਹਾਨ ਹਨ। ਗ਼ਲਤ ਚੁਣੇ ਜਾਣ ਦੇ ਡਰ ਤੋਂ ਵੋਟ ਨਾ ਪਾਉਣਾ ਉਸ ਤੋਂ ਵੀ ਵੱਡੀ ਬੇਵਕੂਫ਼ੀ ਹੋਵੇਗੀ। ਇਸ ਵਾਸਤੇ ਉਪਰੋਕਤ ਸਾਰੀ ਚਰਚਾ ਵਿਚੋਂ ਅਸੀਂ ਸੂਝਵਾਨ ਲੀਡਰ ਦੀ ਪਛਾਣ ਤੋਂ ਬਾਅਦ ਉਸਦੇ ਹਮਾਇਤੀ ਬਣੀਏ ਕਿਉਂਕਿ ਅਸੀਂ ਲੀਡਰ ਚੁਣਨਾ ਹੈ ਪਾਰਟੀ ਨਹੀਂ। ਸੋ, ਆਓ ਰਲ ਕੇ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਵਿਚ ਚੰਗੇ ਆਗੂ ਦੀ ਚੋਣ ਦਾ ਅਹਿਦ ਕਰੀਏ।

ਪਿੰਡ ਦਾਖਾ, ਜ਼ਿਲ੍ਹਾ ਲੁਧਿਆਣਾ
ਸੰਪਰਕ: 98788-89217


Comments Off on ਆਓ, ਸੂਝਵਾਨ ਆਗੂ ਦੀ ਚੋਣ ਦਾ ਅਹਿਦ ਕਰੀਏ
1 Star2 Stars3 Stars4 Stars5 Stars (1 votes, average: 4.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.