ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਆਉਣ ਵਾਲੇ ਕੱਲ੍ਹ ਦੇ ਮਨੁੱਖੀ ਦੇਵਤੇ

Posted On May - 26 - 2019

ਮਨਮੋਹਨ

ਪੁਸਤਕ ਦਾ ਟਾਈਟਲ

ਯੁਵਾਲ ਨੋਹ ਹਰਾਰੇ ਨੇ ਆਪਣੀ ਪ੍ਰਸਿੱਧ ਕਿਤਾਬ ‘ਹੋਮੋ ਸੇਪੀਅਨਜ਼’ ਦੇ ਉੱਤਰ-ਭਾਗ ਵਜੋਂ ਆਈ ਦੂਜੀ ਕਿਤਾਬ ‘ਹੋਮੋ ਡਿਊਸ’ ’ਚ ਅਤੀਤ ਤੇ ਵਰਤਮਾਨ ਦੌਰ ਦੇ ਰੁਝਾਨਾਂ ਦੇ ਆਧਾਰ ’ਤੇ ਭਵਿੱਖ ਦੀਆਂ ਸੰਭਾਵੀ ਘਟਨਾਵਾਂ ਤੇ ਮਨੁੱਖੀ ਸਮਾਜ ਦੇ ਨਕਸ਼ਾਂ ਦੀ ਪਛਾਣ ਕਰਨ ਦਾ ਯਤਨ ਕੀਤਾ ਹੈ। ‘ਡਿਊਸ’ ਬਾਰ੍ਹਵੀਂ-ਤੇਰ੍ਹਵੀਂ ਸਦੀ ਦਾ ਲਾਤੀਨੀ ਸ਼ਬਦ ਹੈ ਜਿਸ ਦਾ ਭਾਵ ਹੈ ਦੇਵਤਾ ਜੋ ਸੰਸਕ੍ਰਿਤ ’ਚ ਦੇਵ ਹੈ। ਕਿਹਾ ਜਾਂਦਾ ਹੈ ਕਿ ਭਵਿੱਖ ਨੂੰ ਪੜ੍ਹਨਾ ਔਖਾ ਹੈ, ਪਰ ਬੌਧਿਕ ਮਨੁੱਖ/ਦੇਵਤੇ ਭਵਿੱਖ ਦੀ ਟੋਹ ਵਰਤਮਾਨ ’ਚੋਂ ਪਛਾਣ ਲੈਂਦੇ ਹਨ।
ਹਰਾਰੇ ਦਾ ਕਹਿਣਾ ਹੈ ਕਿ ਇਤਿਹਾਸ, ਭਵਿੱਖ ਨੂੰ ਪਛਾਣਨ ਵਾਲੀ ਦ੍ਰਿਸ਼ਟੀ ’ਚੋਂ ਸਿਰਜਿਆ ਜਾਂਦਾ ਹੈ। ਹਜ਼ਾਰਾਂ ਸਾਲ ਪਹਿਲਾਂ ਮਨੁੱਖ ਕਬੀਲਾਈ ਸਮਾਜ ’ਚ ਰਹਿੰਦਿਆਂ ਸ਼ਿਕਾਰੀ ਜੀਵਨ ਜੀਅ ਰਿਹਾ ਸੀ। ਮੈਸੋਪੋਟੇਮੀਆ ਦੇ ਖਿੱਤੇ ’ਚ ਖੇਤੀ ਪੈਦਾਵਾਰ ਸ਼ੁਰੂ ਹੋਈ ਜੋ ਉਨ੍ਹੀਵੀਂ ਸਦੀ ’ਚ ਆਪਣੇ ਸਿਖਰ ’ਤੇ ਅੱਪੜੀ, ਪਰ ਭਵਿੱਖ ਦਾ ਕਿਸ ਨੂੰ ਪਤਾ ਸੀ ਕਿ ਉਦਯੋਗਿਕ ਕ੍ਰਾਂਤੀ ਨਾਲ ਮਨੁੱਖ ਦੇ ਜੀਵਨ ਦੇ ਨਿਰਣੇ ਦੁਨੀਆਂ ਦੇ ਵੱਡੇ ਉਦਯੋਗਿਕ ਕੇਂਦਰਾਂ ’ਚ ਲਏ ਜਾਣਗੇ। ਮਨੁੱਖੀ ਜੀਵਨ ’ਚ ਸਦੀਆਂ ਤੋਂ ਲੱਖਾਂ ਮੌਤਾਂ ਭੁੱਖਮਰੀ, ਕਾਲਾਂ, ਮਹਾਂਮਾਰੀਆਂ ਤੇ ਮਨੁੱਖ ਵੱਲੋਂ ਮਨੁੱਖ ਉਪਰ ਕੀਤੀ ਹਿੰਸਾ ਕਾਰਨ ਹੋਈਆਂ, ਪਰ ਵਿਗਿਆਨਕ ਕ੍ਰਾਂਤੀ ਨਾਲ ਇਨ੍ਹਾਂ ਸਮੱਸਿਆਵਾਂ ’ਤੇ ਕਾਫ਼ੀ ਹੱਦ ਤਕ ਕਾਬੂ ਪਾ ਲਿਆ ਗਿਆ। ਵਰਤਮਾਨ ਸਮਿਆਂ ਦੇ ਅੰਕੜੇ ਦੱਸਦੇ ਹਨ ਕਿ ਵਿਸ਼ਵ ’ਚ ਜੇ ਅੱਜ ਵੀ ਲੱਖਾਂ ਲੋਕ ਭੁੱਖ ਨਾਲ ਮਰ ਰਹੇ ਨੇ ਤਾਂ ਬਹੁਤਾ ਖਾਣ ਕਰਕੇ ਮੋਟਾਪੇ ਨਾਲ ਜੁੜੀਆਂ ਬਿਮਾਰੀਆਂ ਕਾਰਨ ਉਸ ਤੋਂ ਵੀ ਵੱਧ ਲੋਕ ਮਰ ਰਹੇ ਨੇ।
ਹਰਾਰੇ ਦਾ ਕਹਿਣਾ ਹੈ ਕਿ ਮੌਤ ਪਹਿਲਾਂ ਭੈਅ ਕਾਰਨ ਧਰਮ ਦਾ ਵਿਸ਼ਾ ਸੀ ਤੇ ਹੁਣ ਇਹ ਵਿਗਿਆਨ ਤੇ ਔਸ਼ਧੀ ਦਾ ਮਸਲਾ ਹੈ। ਭਵਿੱਖ ਦੇ ਮਨੁੱਖ ਨੇ ਆਪਣੀ ਸਮਝ ਤੇ ਦ੍ਰਿਸ਼ਟੀ ਨਾਲ ਭੁੱਖਮਰੀ ਨੂੰ ਅਮਰਤਵ ’ਚ, ਵਭਾ ਨੂੰ ਪ੍ਰਸੰਨਤਵ ’ਚ ਅਤੇ ਹਿੰਸਾ ਨੂੰ ਦੈਵਤਵ ’ਚ ਰੂਪਾਂਤਰਿਤ ਕਰ ਲੈਣਾ ਹੈ। ਇਸ ਦਾ ਕਾਰਨ ਇਹ ਹੈ ਕਿ ਸਮੁੱਚੀ ਮਨੁੱਖਤਾ ਨੇ ਮੌਤ ਵਿਰੁੱਧ ਕਮਰ ਕੱਸ ਲਈ ਹੈ। ਪਿਛਲੇ ਸਮਿਆਂ ’ਚ ਮਨੁੱਖ ਦਾ ਮੌਤ ਪ੍ਰਤੀ ਵਤੀਰਾ ਸਹਿਣਸ਼ੀਲਤਾ ਵਾਲਾ ਤੇ ਰਜ਼ਾ/ਭਾਣਾ ਮੰਨਣ ਵਾਲਾ ਸੀ, ਪਰ ਅੱਜ ਦੇ ਮਨੁੱਖ ਨੇ ਮੌਤ ਨੂੰ ਚਿਕਿਤਸਾ ਵਿਗਿਆਨ ਦਾ ਵਿਸ਼ਾ ਮੰਨ ਲਿਆ ਹੈ ਅਤੇ ਹੁਣ ਮੌਤ ਨੂੰ ਹਰਾ ਕੇ ਮਨੁੱਖ ਨੂੰ ਲੰਮੀ ਉਮਰ ਪ੍ਰਦਾਨ ਕਰਨ ਲਈ ਵਿਗਿਆਨਕ ਸੋਚ ਹਰ ਰੋਜ਼ ਨਵੇਂ ਪ੍ਰਯੋਗ ਕਰ ਰਹੀ ਹੈ। ਉਨ੍ਹੀਂਵੀ ਸਦੀ ’ਚ ਮਨੁੱਖ ਦੀ ਔਸਤਨ ਆਯੂ ਚਾਲ੍ਹੀ-ਪੰਜਤਾਲੀ ਸਾਲ ਸੀ ਅਤੇ ਜੋ ਭੁੱਖਮਰੀਆਂ, ਵਭਾਵਾਂ ਤੇ ਹਿੰਸਾ ਤੋਂ ਬਚ ਜਾਂਦੇ ਸਨ ਉਹ ਵੱਧ ਤੋਂ ਵੱਧ ਸੱਠ-ਸੱਤਰ ਵਰ੍ਹੇ ਜਿਉਂਦੇ ਸਨ, ਪਰ ਆਧੁਨਿਕ ਔਸ਼ਧੀ ਕ੍ਰਾਂਤੀ ਨੇ ਮੌਤ ਨੂੰ ਅਗਾਂਹ ਧੱਕ ਕੇ ਮਨੁੱਖ ਨੂੰ ਲੰਬੀ ਉਮਰ ਭੋਗਣ ਦੇ ਯੋਗ ਬਣਾਇਆ ਜਾ ਰਿਹਾ ਹੈ। ਗੂਗਲ ਨੇ ਤਾਂ ਕੈਲੀਕੋ ਨਾਮੀ ਕੰਪਨੀ ਅਧੀਨ ‘ਟੂ ਸੋਲਵ ਡੈੱਥ’ ਨਾਮੀ ਮਿਸ਼ਨ ਸ਼ੁਰੂ ਕੀਤਾ ਹੈ।

ਲੇਖਕ ਯੁਵਾਲ ਨੋਹ ਹਰਾਰੇ

ਹਰਾਰੇ ਅਨੁਸਾਰ ਮਨੁੱਖੀ ਪ੍ਰਸੰਨਤਾ ਅੱਜ ਬਹੁਤ ਮਹੱਤਵਪੂਰਨ ਮਾਨਵੀ ਪ੍ਰਾਜੈਕਟ ਹੈ। ਵਿਸ਼ਵ ਦੇ ਦੇਸ਼ਾਂ ’ਚ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਨੂੰ ਜੇ ਸਭ ਤੋਂ ਵੱਧ ਮਹੱਤਵ ਦਿੱਤਾ ਜਾ ਰਿਹਾ ਹੈ ਤਾਂ ਕੁੱਲ ਘਰੇਲੂ ਪ੍ਰਸੰਨਤਾ (ਜੀਡੀਐੱਚ) ਨੂੰ ਵੀ ਓਨੀ ਹੀ ਤਰਜੀਹ ਦਿੱਤੀ ਜਾ ਰਹੀ ਹੈ। ਇਸ ਦਾ ਵੱਡਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਮੀਰ ਤੇ ਵਿਕਸਿਤ ਦੇਸ਼ਾਂ ਵਿਚ ਗ਼ਰੀਬ ਤੇ ਵਿਕਾਸਸ਼ੀਲ/ਅਲਪ-ਵਿਕਸਿਤ ਦੇਸ਼ਾਂ ਦੇ ਮੁਕਾਬਲੇ ਲੋਕ ਘੱਟ ਖ਼ੁਦਕਸ਼ੀਆਂ ਕਰਦੇ ਹਨ।
ਹਰਾਰੇ ਦਾ ਕਹਿਣਾ ਹੈ ਕਿ ਮਨੁੱਖ ਪਾਣੀ ਦੇ ਜੀਵਾਂ ਤੋਂ ਧਰਤ ’ਤੇ ਰੀਂਗਣ ਵਾਲੇ ਜੀਵ ਤੇ ਥਣਧਾਰੀ ਜੀਵਾਂ ਤੋਂ ਲੱਖਾਂ ਵਰ੍ਹਿਆਂ ਵਿਚ ਵਿਕਸਿਤ ਹੋਇਆ। ਸੰਭਵ ਤੌਰ ’ਤੇ ਮੌਜੂਦਾ ਮਨੁੱਖ ਨਸਲ (ਹੋਮੋ ਸੇਪੀਅਨ) ਆਪਣੀ ਗਿਆਨ ਸ਼ਕਤੀ ਨਾਲ ਭਵਿੱਖ ’ਚ ਮਨੁੱਖੀ ਦੇਵਤੇ (ਹੋਮੋ ਡਿਊਸ) ਬਣ ਕੇ ਸੁਪਰਹਿਊਮਨ ਨਸਲ ਦੇ ਰੂਪ ’ਚ ਉਭਰੇਗੀ ਜੋ ਬਿਮਾਰੀ ਰਹਿਤ ਜੀਨਾਂ ਤੋਂ ਬਣੀ ਹੋਵੇਗੀ ਅਤੇ ਇਸ ਦੀ ਸੱਤਾ ਦਾ ਕੇਂਦਰ ਧਰਤ ਨਹੀਂ, ਖਗੋਲ ਹੋਵੇਗਾ। ਹਰਾਰੇ ਦੀ ਚਿੰਤਾ ਹੈ ਕਿ ਭਵਿੱਖ ਦੇ ਸੁਪਰ ਹਿਊਮਨ ਦੇ ਸਬੰਧ ਅੱਜ ਦੇ ਮਨੁੱਖ ਨਾਲ ਕਿਹੋ ਜਿਹੇ ਰਹਿਣਗੇ ਕਿਉਂਕਿ ਮਨੁੱਖ ਨੇ ਧਰਤ ਉਪਰ ਕਿਵੇਂ ਆਪਣੇ ਤੋਂ ਘੱਟ ਬੁੱਧੀ ਵਾਲੇ ਜੀਵਾਂ ਨੂੰ ਖ਼ਤਮ ਕਰ ਦਿੱਤਾ ਜਾਂ ਉਨ੍ਹਾਂ ਨੂੰ ਪਾਲਤੂ ਬਣਾ ਲਿਆ ਅਤੇ ਇਹੋ ਕਾਰਨ ਹੈ ਕਿ ਜੰਗਲਾਂ ’ਚ ਹੁਣ ਬਹੁਤ ਘੱਟ ਫ਼ੀਸਦ ਜੀਵ ਹੀ ਬਚੇ ਨੇ। ਜਿੰਨਾ ਮਨੁੱਖ ਨੇ ਆਪਣੇ ਪ੍ਰਕਿਰਤਕ ਆਲੇ ਦੁਆਲੇ ਨੂੰ ਬਦਲਿਆ ਹੈ ਸ਼ਾਇਦ ਹੀ ਕਿਸੇ ਹੋਰ ਜੀਵ ਨੇ ਬਦਲਿਆ ਹੋਵੇ। ਹਰਾਰੇ ਇੱਥੇ ਜੀਵ ਜੰਤੂਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਦਿਆਂ ਕਹਿੰਦਾ ਹੈ ਕਿ ਜੀਵ ਜੰਤੂ ਵੀ ਮਨੁੱਖਾਂ ਵਾਂਗ ਹੀ ਐਲਗੋਰਿਦਮਜ਼ ਅਧੀਨ ਵਿਚਰਦੇ ਨੇ। ਉਹ ਵੀ ਆਪਣੀ ਹੋਂਦ ਵਿਰੁੱਧ ਖ਼ਤਰੇ ਤੋਂ ਉਵੇਂ ਹੀ ਨਿਰਣੇ ਲੈਂਦੇ ਨੇ ਜਿਵੇਂ ਮਨੁੱਖ। ਪਰ ਮਨੁੱਖ ਨੇ ਆਪਣੀ ਵਿਕਸਿਤ ਬੁੱਧੀ ਕਾਰਨ ਜੀਵਾਂ ਤੇ ਪ੍ਰਕਿਰਤੀ ਨੂੰ ਦੁਜੈਲੀ ਥਾਂ ਰੱਖ ਕੇ ਆਪਣੇ ਆਪ ਨੂੰ ਤੇ ਆਪ ਘੜੇ ਰੱਬ ਨੂੰ ਜਗਤ ਦੇ ਕੇਂਦਰ ’ਚ ਸਥਾਪਿਤ ਕਰ ਲਿਆ ਹੈ। ਕਬੀਲਾਈ ਯੁੱਗ ’ਚ ਮਨੁੱਖ ਹੋਰ ਜੀਵਾਂ ਪ੍ਰਤੀ ਓਨਾ ਜ਼ਾਲਮ ਨਹੀਂ ਸੀ ਜਿੰਨਾ ਖੇਤੀਬਾੜੀ ਯੁੱਗ ’ਚ ਹੋ ਗਿਆ। ਇਸ ਯੁੱਗ ’ਚ ਮਨੁੱਖ ਨੇ ਮਨੁੱਖ ਨੂੰ ਗ਼ੁਲਾਮ ਬਣਾਇਆ ਤੇ ਪਸ਼ੂਆਂ ਨੂੰ ਪਾਲਤੂ। ਖੇਤੀ ਨੇ ਜੀਵਾਂ ਅਤੇ ਰੁੱਖਾਂ ਦਾ ਘਾਣ ਕੀਤਾ। ਇਕਈਸ਼ਵਰਵਾਦੀ ਧਰਮਾਂ ਦੀ ਵੀ ਮਾਨਤਾ ਰਹੀ ਕਿ ਆਤਮਾ ਸਿਰਫ਼ ਮਨੁੱਖ ’ਚ ਹੀ ਹੁੰਦੀ ਹੈ, ਜੀਵਾਂ ਜਾਂ ਰੁੱਖਾਂ ’ਚ ਨਹੀਂ। ਇਸੇ ਅਨੈਤਿਕ ਸੋਸ਼ਣ ਕਾਰਨ ਹੀ ਵਾਤਾਵਰਣਕ ਤੇ ਪ੍ਰਕਿਰਤਕ ਤਬਦੀਲੀਆਂ ਤੇ ਕੁਦਰਤੀ ਪ੍ਰਕੋਪ ਵਾਪਰ ਰਹੇ ਹਨ।

ਮਨਮੋਹਨ

ਹਰਾਰੇ ਮਨੁੱਖ ਦੇ ਸਫ਼ਲ ਹੋਣ ਦਾ ਭੇਦ ਹੋਰਾਂ ਜੀਵ ਪ੍ਰਜਾਤੀਆਂ ਨਾਲੋਂ ਮਨੁੱਖਾਂ ਦੇ ਆਪਸੀ ਅੰਦਰੂਨੀ ਸਮਝ ਦੀ ਉਤਮਤਾ ਨੂੰ ਸਮਝਦਾ ਹੈ। ਇੱਥੋਂ ਤਕ ਕਿ ਮਨੁੱਖਾਂ ਅੰਦਰ ਵੀ ਉਹੀ ਮਨੁੱਖੀ ਧਿਰਾਂ ਜ਼ਿਆਦਾ ਪ੍ਰਭਾਵੀ ਹੁੰਦੀਆਂ ਨੇ ਜੋ ਇਕ ਦੂਜੇ ਦੇ ਹਿੱਤਾਂ ਨੂੰ ਵੱਧ ਸਮਝਦੀਆਂ ਹਨ। ਮਨੁੱਖ ਸਦਾ ਤੋਂ ਹੀ ਕਥਾਵਾਂ, ਮਿੱਥਾਂ ਤੇ ਬਿਰਤਾਂਤਾਂ ’ਚ ਜਿਉਂਦਾ ਆਇਆ ਹੈ। ਫਾਸ਼ੀਵਾਦ, ਨਾਜ਼ੀਵਾਦ, ਸਮਾਜਵਾਦ ਅਤੇ ਉਦਾਰਵਾਦ ਆਦਿ ਇਕ ਤਰ੍ਹਾਂ ਦੇ ਬਿਰਤਾਂਤ ਹੀ ਤਾਂ ਨੇ। ਮਨੁੱਖ ਆਪ ਹੀ ਬਿਰਤਾਂਤ ਘੜਦਾ ਤੇ ਆਪ ਹੀ ਤੋੜਦਾ ਹੈ। ਮਨੁੱਖ ਇਸੇ ਲਈ ਇਤਿਹਾਸ ਦੁਹਰਾਉਣ ਲਈ ਲਿਖਦਾ ਸਗੋਂ ਅਤੀਤ ਤੋਂ ਮੁਕਤ ਹੋਣ ਲਈ ਪੜ੍ਹਦਾ ਹੈ। ਜਿੱਥੇ ਜਾਨਵਰ ਪ੍ਰਕਿਰਤੀ ਦੀ ਵਾਸਤਵਿਕਤਾ (ਧਰਤੀ, ਵਾਤਾਵਰਣ) ਅਤੇ ਆਪਣੇ ਨਿੱਜੀ ਅਨੁਭਵ (ਡਰ, ਇੱਛਾ) ਦੇ ਆਧਾਰ ’ਤੇ ਜਿਉਂਦੇ ਹਨ, ਓਥੇ ਮਨੁੱਖ ਕੋਲ ਕਲਪਨਾ ਨਾਮੀ ਸੱਚ ਹੈ ਜਿਸ ਕਾਰਨ ਮਨੁੱਖ ਨੇ ਅੱਜ ਤਕ ਆਪਣੀ ਸੱਤਾ ਕਾਇਮ ਰੱਖੀ ਹੈ।
ਅੱਜ ਮਨੁੱਖ ਦਾ ਇਕੋ ਇਕ ਉਦੇਸ਼ ਹੈ ਵਿਕਾਸ। ਜਗੀਰੂ ਦੌਰ ’ਚ ਵਿਕਾਸ, ਦੂਜੇ/ਹੋਰ ਦੇ ਵਿਨਾਸ਼ ’ਚੋਂ ਹੁੰਦਾ ਸੀ। ਵਰਤਮਾਨ ਦੌਰ ਵਿਚ ਆਰਥਿਕਤਾ ’ਚ ਹੋਰ ਨਿਵੇਸ਼ ਕਰਕੇ ਹੋ ਰਿਹਾ ਹੈ ਜਿਸਦੇ ਮੂਲ ’ਚ ਮੁਨਾਫ਼ਾ ਹੈ। ਇਸ ਵਿਕਾਸ ਦੀ ਦੌੜ ਨੇ ਸਮਾਜ ਦੀ ਮੂਲ ਸੰਸਥਾ ਪਰਿਵਾਰ ਨੂੰ ਤੋੜਿਆ ਹੈ। ਪਰ ਪੂੰਜੀਵਾਦ ਦੀ ਇਸ ਵਿਕਾਸ ਦੀ ਦੌੜ ਦੀ ਇਕ ਦੇਣ ਵੀ ਹੈ ਕਿ ਇਸ ਨੇ ਪੁਰਾਣੇ ਸਮਿਆਂ ’ਚ ਹੁੰਦੀ ਹਿੰਸਾ, ਭੁੱਖਮਰੀ ਤੇ ਮਨੁੱਖੀ ਮਹਾਂਮਾਰੀਆਂ ’ਤੇ ਕਾਫ਼ੀ ਹੱਦ ਤਕ ਰੋਕ ਲਾਈ ਹੈ ਭਾਵੇਂ ਅੱਜ ਦੇ ਮਨੁੱਖ ਮੂਹਰੇ ਨਵੇਂ ਕਿਸਮ ਦੀ ਆਫ਼ਤਾਂ ਆਣ ਖੜ੍ਹੀਆਂ ਨੇ। ਵਿਸ਼ਵ ਦੇ ਵਿਕਸਿਤ ਦੇਸ਼ ਪ੍ਰਦੂਸ਼ਿਤ ਵਾਤਾਵਰਣ ਬਾਰੇ ਚਿੰਤਤ ਤਾਂ ਨੇ, ਪਰ ਹੱਲ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ।
ਹਰਾਰੇ ਦਾ ਇਹ ਵੀ ਕਹਿਣਾ ਹੈ ਕਿ ਅੱਜ ਦਾ ਮਨੁੱਖ ਵਧੇਰੇ ਸ਼ਕਤੀਵਾਨ, ਸ਼ਾਂਤੀਪਸੰਦ ਅਤੇ ਆਪਸੀ ਸਹਿਹੋਂਦ ਦਾ ਹਾਮੀ ਹੈ ਕਿਉਂਕਿ ਧਰਮਾਂ/ਵਿਸ਼ਵਾਸਾਂ ਦੀ ਪਕੜ ਕਮਜ਼ੋਰ ਹੋ ਰਹੀ ਹੈ ਤੇ ਵਿਗਿਆਨਕ ਸਮਝ ਮਜ਼ਬੂਤ ਹੋਈ ਹੈ। ਪੁਰਾਣੇ ਧਰਮਾਂ ਦੀ ਥਾਂ ਧਰਮ ਨਿਰਪੱਖਤਾ, ਲੋਕਤੰਤਰ, ਸਮਾਜਵਾਦ ਤੇ ਉਦਾਰਵਾਦ ਜਿਹੇ ਨਵ-ਧਰਮ ਬਿਰਤਾਂਤਾਂ ਦੇ ਰੂਪ ’ਚ ਉਭਰ ਰਹੇ ਹਨ। ਉਦਾਰਵਾਦ ਕਾਰਨ ਹੀ ਰੋਗਾਣੂ ਨਾਸ਼ਕ, ਪਰਮਾਣੂ ਊਰਜਾ, ਕੰਪਿਊਟਰ, ਬਸਤੀਵਾਦ ਦਾ ਖਾਤਮਾ ਅਤੇ ਲਿੰਗਕ ਬਰਾਬਰੀ, ਨਾਰੀਵਾਦ ਤੇ ਸਬਾਲਟਰਨ ਜਿਹੇ ਸ਼ਕਤੀਕਰਣ ਮਨੁੱਖ ਨੂੰ ਮਿਲੇ। ਅੱਜ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਉਦਾਰਵਾਦ ਅਧੀਨ ਮਨੁੱਖੀ ਨਿੱਜ, ਅਧਿਕਾਰਾਂ, ਲੋਕਤੰਤਰ ਅਤੇ ਖੁੱਲ੍ਹੇ ਬਾਜ਼ਾਰਵਾਦ ਨੂੰ ਕੋਈ ਚੁਣੌਤੀ ਨਹੀਂ। ਧਰਮ ਤੇ ਤਕਨੀਕ ਇਕ ਦੂਜੇ ਨੂੰ ਆਪਣੇ ਮੁਫ਼ਾਦ ਲਈ ਵਰਤਣਾ ਜਾਣਦੇ ਹਨ ਕਿਉਂਕਿ ਨਵੀਆਂ ਤਕਨੀਕਾਂ ਪੁਰਾਣੇ ਈਸ਼ਵਰਾਂ ਨੂੰ ਮਾਰ ਕੇ ਨਵੇਂ ਦੇਵਤੇ ਪੈਦਾ ਕਰਨ ਦੇ ਸਮਰੱਥ ਹਨ। ਅੱਜ ਤਕਨੀਕੀ ਵਿਕਾਸ ਸਿਰਫ਼ ਮਸ਼ੀਨਾਂ ਹੀ ਨਹੀਂ ਪੈਦਾ ਕਰ ਰਿਹਾ ਸਗੋਂ ਇਹ ਨਵੀਆਂ ਦੇਹਾਂ, ਦਿਮਾਗ਼ਾਂ ਅਤੇ ਮਨਾਂ/ਚੇਤਨਾਵਾਂ ਦਾ ਉਤਪਾਦਨ ਵੀ ਕਰ ਰਿਹਾ ਹੈ। ਜਿਹੜੇ ਮਨੁੱਖ ਨਵ-ਤਕਨੀਕਾਂ ਨੂੰ ਆਤਮਸਾਤ ਕਰ ਲੈਣਗੇ, ਓਹੀ ਭਵਿੱਖ ਦੇ ਮਨੁੱਖੀ ਦੇਵਤੇ ਹੋਣਗੇ।
ਮਾਨਵਵਾਦ ਵੀ ਵਿਸ਼ਵ ਪੱਧਰ ’ਤੇ ਉਭਰ ਰਿਹਾ ਅਜਿਹਾ ਹੀ ਧਰਮ ਹੈ। ਇੰਟਰਨੈੱਟ ਦੇ ਮਾਧਿਆਮ ਰਾਹੀਂ ਡਾਟਾਇਜ਼ਮ ਵੀ ਭਵਿੱਖ ਦਾ ਸੰਭਾਵੀ ਧਰਮ ਬਣਦਾ ਜਾ ਰਿਹਾ ਹੈ। ਇਕਈਸ਼ਵਰਵਾਦੀ ਤੇ ਬਹੁਈਸ਼ਵਰਵਾਦੀ ਧਰਮ ਜੋ ਪਰਾਭੌਤਿਕ ਸ਼ਕਤੀਆਂ ਦੇ ਪ੍ਰਤੀਕੀ ਪ੍ਰਗਟਾਵਿਆਂ ਜਿਵੇਂ ਸੁਰਾਂ ਅਸੁਰਾਂ, ਦੇਵਤਿਆਂ ਰਾਖਸ਼ਾਂ ਨਾਲ ਭਰਿਆ ਪਿਆ ਸੀ, ਉਸ ਦੀ ਥਾਂ ਅੱਜ ਦਾ ਮਨੁੱਖ ਸੂਚਨਾ, ਵਿੱਦਿਆ ਤੇ ਗਿਆਨ ਦਾ ਪੈਰੋਕਾਰ ਹੈ। ਇਸੇ ਕਾਰਨ ਭਵਿੱਖ ਦਾ ਮਨੁੱਖ ਵੱਧ ਸੰਵੇਦਨਸ਼ੀਲ ਹੋਵੇਗਾ। ਅੱਜ ਮਨੁੱਖੀ ਭਾਵਨਾਵਾਂ, ਕਾਮਨਾਵਾਂ ਤੇ ਅਨੁਭਵਾਂ ਨੂੰ ਵੱਧ ਮਹੱਤਵ ਦਿੱਤਾ ਜਾ ਰਿਹਾ ਹੈ। ਮਨੁੱਖ ਜਿਸ ਦੀਆਂ ਕਈਆਂ ਸਮਾਜਿਕ ਭੂਮਿਕਾਵਾਂ ਹਨ ਜਿਵੇਂ ਵੋਟਰ, ਗ੍ਰਾਹਕ, ਉਪਭੋਗਤਾ, ਉਸ ਦੀ ਸੋਚ-ਦ੍ਰਿਸ਼ਟੀ ਦੀ ਭਵਿਖ ਦੇ ਸਮਿਆਂ ’ਚ ਵੱਡੀ ਭਾਗੀਦਾਰੀ ਰਹੇਗੀ।
ਡਾਰਵਿਨ ਦੇ ਵਿਕਾਸਵਾਦ ਦੇ ਵਿਚਾਰ ਕਿ ਯੋਗ ਪ੍ਰਾਣੀ ਹੀ ਜਿਉਂਦੇ ਰਹਿ ਸਕਣਗੇ ਅਤੇ ਨੀਤਸ਼ੇ ਦੇ ਵਿਚਾਰ ਕਿ ਜੰਗ ’ਚੋਂ ਨਵਜੀਵਨ ਪੈਦਾ ਹੁੰਦਾ ਹੈ, ਦੇ ਬਰਅਕਸ ਹਰਾਰੇ ਸਾਰੇ ਮਨੁੱਖਾਂ ਦੀ ਸਰੀਰਕ ਤੇ ਦਿਮਾਗ਼ੀ ਸਮਰੱਥਾ ਨੂੰ ਇਕੋ ਜਿਹਾ ਮੰਨਦਾ ਹੈ। ਇਹ ਤਾਂ ਵੱਧ ਯੋਗਤਾਵਾਂ, ਕਸਬੀ ਨਿਪੁੰਨਤਾਵਾਂ, ਨਵੀਆਂ ਤਕਨੀਕਾਂ ਦੇ ਨਾਲ ਨਾਲ ਨਵਾਂ ਗਿਆਨ, ਸਿਰਜਣਾ ਤੇ ਕਲਪਨਾ ਹੀ ਮਨੁੱਖ ਨੂੰ ਦੂਜੇ ਮਨੁੱਖ ਤੋਂ ਵੱਧ ਯੋਗ ਬਣਾਉਂਦੀ ਹੈ। ਉਸ ਅਨੁਸਾਰ ਪੁਰਾਣੇ ਸਮਿਆਂ ’ਚ ਵਪਾਰ ਜਿਵੇਂ ਰੇਸ਼ਮ ਮਾਰਗ, ਧਰਮ ਤੇ ਵੱਡੀਆਂ ਰਾਜ ਸੱਤਾਵਾਂ ਲੋਕਾਂ ਨੂੰ ਏਕੀਕ੍ਰਿਤ ਕਰਦੇ ਸਨ, ਅੱਜ ਦੇ ਸਮਿਆਂ ’ਚ ਸਾਈਬਰ ਸਪੇਸ ਦੁਨੀਆਂ ਨੂੰ ਜੋੜਨ ਦਾ ਮਾਧਿਅਮ ਬਣ ਗਿਆ ਹੈ। ਜਗਤ ਦੇ ਸਾਰੇ ਪਦਾਰਥ ਤੇ ਊਰਜਾਵਾਂ ਉਪਭੋਗ ਨਾਲ ਘਟਦੀਆਂ ਹਨ। ਇਹ ਗਿਆਨ/ ਸੂਚਨਾ ਹੀ ਹੈ ਜੋ ਵੰਡਣ/ ਵਰਤਣ ਨਾਲ ਵਧਦਾ ਹੈ ਅਤੇ ਅੱਜ ਗਿਆਨ ਧਾਰਮਿਕ ਗ੍ਰੰਥਾਂ ’ਚੋਂ ਬਾਹਰ ਨਿਕਲ ਸਾਧਾਰਨ ਮਨੁੱਖ ਦੀ ਪਹੁੰਚ ’ਚ ਆ ਗਿਆ ਹੈ।
ਹਰਾਰੇ ਨੂੰ ਭਵਿੱਖ ਦੇ ਸਮਿਆਂ ’ਚ ਇਸ ਵਰਤਾਰੇ ਦੇ ਵਾਪਰਨ ਦਾ ਖ਼ਤਰਾ ਮਹਿਸੂਸ ਹੋ ਰਿਹਾ ਹੈ ਕਿ ਬੌਧਿਕਤਾ ਤੇ ਚੇਤਨਤਾ ਇਕ ਦੂਜੇ ਤੋਂ ਨਿਖੜ ਜਾਣਗੇ। ਬਹੁਤ ਉੱਚ ਪਾਏ ਦੀਆਂ ਗ਼ੈਰ-ਚੇਤਨਤਾ ਤੇ ਸਿਆਣਪ ਵਾਲੀਆਂ ਐਲਗੋਰਿਦਮਜ਼ ਹਰ ਕਾਰਜ ਬੜੀ ਉੱਤਮਤਾ ਨਾਲ ਕਰਨਗੀਆਂ। ਅਮਰੀਕਾ ’ਚ ਦੋ ਫ਼ੀਸਦੀ ਲੋਕ ਖੇਤੀ ਤੇ ਵੀਹ ਫ਼ੀਸਦੀ ਉਦਯੋਗ ’ਚ ਲੱਗੇ ਹੋਏ ਨੇ ਤੇ ਬਾਕੀ ਸੱਤਰ ਫ਼ੀਸਦੀ ਅਧਿਆਪਕ, ਡਾਕਟਰ ਤੇ ਹੋਰ ਸੇਵਾਵਾਂ ’ਚ ਕੰਮ ਕਰਦੇ ਨੇ। ਜਦੋਂ ਗ਼ੈਰਚੇਤਨੀ ਐਲਗੋਰਿਦਮਜ਼ ਹੀ ਸਾਰੀਆਂ ਸੇਵਾਵਾਂ ਕਰਨ ਲੱਗ ਪੈਣਗੀਆਂ ਤਾਂ ਇਨ੍ਹਾਂ ਸੇਵਾਵਾਂ ’ਚ ਲੱਗੇ ਹੋਏ ਏਨੇ ਸਾਰੇ ਲੋਕ ਕਿਧਰ ਜਾਣਗੇ? ਹਰ ਥਾਂ ਐਲਗੋਰਿਦਮਜ਼ ਦੇ ਪਸਾਰੇ ਕਾਰਨ ਮਨੁੱਖਾਂ ਦੇ ਅਪ੍ਰਸੰਗਿਕ ਹੋਣ ਦਾ ਡਰ ਪੈਦਾ ਹੋ ਜਾਵੇਗਾ। ਹਰ ਖੇਤਰ ’ਚ ਕੇਵਲ ਉਪਰਲੇ ਪਾਇਦਾਨ ’ਤੇ ਬੈਠੇ ਯੋਗ ਮਨੁੱਖ (ਦੇਵਤੇ) ਹੀ ਬਚਣਗੇ। ਮਨੁੱਖ ਦੇ ਨਿੱਜੀ ਫ਼ੈਸਲੇ ਵੀ ਐਲਗੋਰਿਦਮਜ਼ ਹੀ ਲੈਣ ਦੇ ਸਮਰੱਥ ਹੋਣਗੀਆਂ ਕਿਉਂਕਿ ਮਨੁੱਖ ਦੇ ਆਲੇ ਦੁਆਲੇ ਦੀ ਹਰ ਮਸ਼ੀਨ ‘ਇੰਟਰਨੈੱਟ ਆਫ਼ ਆਲ ਥਿੰਗਜ਼’ ਨਾਲ ਆਪਸ ’ਚ ਗਹਿਗੱਚ ਰੂਪ ’ਚ ਅੰਤਰ-ਸਬੰਧਿਤ ਹੋਵੇਗੀ।
ਹਰਾਰੇ ਦਾ ਸੋਚਣਾ ਹੈ ਕਿ ਐਲਗੋਰਿਦਮਜ਼ ਜੇਕਰ ਮਨੁੱਖ ਦਾ ਮਨ ਪੜ੍ਹਨ ਦੇ ਕਾਬਿਲ ਹੋਣਗੇ ਤਾਂ ਇਹ ਜੀਵ ਜੰਤੂਆਂ ਦੇ ਮਨ ਨੂੰ ਸ਼ਾਇਦ ਸਮਝਣ ਦੇ ਸਮਰੱਥ ਹੋ ਜਾਣ। ਮਨੁੱਖੀ ਮਨ ਤੇ ਜੀਵਾਂ ਦੀਆਂ ਸੰਵੇਦਨਾਵਾਂ ਵਿਚਲੀ ਦੂਰੀ ਐਲਗੋਰਿਦਮਜ਼ ਵੱਲੋਂ ਸਰ ਕਰ ਲੈਣ ਦੀਆਂ ਪ੍ਰਬਲ ਸੰਭਾਵਨਾਵਾਂ ਹਨ। ਵੇਲ੍ਹਾਂ ਦੇ ਵਿਵਹਾਰਕ ਅਧਿਐਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੀਵ ਵੀ ਮਨੁੱਖ ਵਾਂਗ ਸੂਖ਼ਮ ਕਲਾਵਾਂ ਜਿਵੇਂ ਸੰਗੀਤ ਰਚਦੀਆਂ ਹਨ। ਪ੍ਰਸਿੱਧ ਸੂਚਨਾ ਤਕਨੀਕ ਦੇ ਮਾਹਿਰ ਡੇਵਿਡ ਕੋਪ ਨੇ ਆਪਣੇ ਕੰਪਿਊਟਰ ‘ਐਨੀ’ ਰਾਹੀਂ ਕਈ ਸਿੰਫਨੀਆਂ ਤੇ ਹਾਇਕੂ ਸਿਰਜੇ ਹਨ ਜੋ ਸੰਗੀਤ ਦੇ ਬਿੱਗ ਡਾਟਾ ਦੇ ਪੈਟਰਨਾਂ ਨੂੰ ਸਮਝ ਕੇ ਐਲਗੋਰਿਦਮਜ਼ ਰਾਹੀਂ ਹੀ ਸੰਭਵ ਹੋਇਆ।
ਡਾਟੇ ਨੂੰ ਸੂਚਨਾ ’ਚ, ਸੂਚਨਾ ਨੂੰ ਗਿਆਨ ’ਚ ਅਤੇ ਗਿਆਨ ਨੂੰ ਬੌਧਿਕਤਾ ’ਚ ਬਦਲਦੇ ਐਲਗੋਰਿਦਮਜ਼ ’ਚ ਮਨੁੱਖ ਦੀ ਥਾਂ ਭਵਿੱਖ ਦੇ ਮਨੁੱਖੀ ਦੇਵਤਿਆਂ ਵੱਲੋਂ ਲਏ ਜਾਣ ਦੀ ਵੀ ਪ੍ਰਬਲ ਸੰਭਾਵਨਾ ਹੈ। ਬਿੱਗ ਡਾਟਾ ਦੇ ਦਾਬੇ ਕਾਰਨ ਮਨੁੱਖ ਉਪਰ ਨਿਗਰਾਨੀ ਦੇ ਖ਼ਤਰੇ ਸਦਾ ਮੰਡਰਾਉਂਦੇ ਰਹਿਣਗੇ। ਭਵਿੱਖ ਵਿਚ ‘ਇੰਟਰਨੈੱਟ ਆਫ਼ ਆਲ ਥਿੰਗਜ਼’ ਕਾਰਨ ਡਾਟਾ ਦਾ ਵਹਾਅ ਏਨਾ ਜ਼ਿਆਦਾ ਤੇ ਤੇਜ਼ ਹੋਵੇਗਾ ਕਿ ਮਨੁੱਖ ਦੇ ਆਉਣ ਵਾਲੇ ਸਮਿਆਂ ਦੀ ਦੁਨੀਆਂ ਅੱਜ ਦੀ ਦੁਨੀਆਂ ਤੋਂ ਬੜੀ ਵੱਖਰੀ ਤੇ ਭਿੰਨ ਹੋਵੇਗੀ। ਜਦੋਂ ਕਾਰਾਂ ਨੇ ਤਾਂਗਿਆਂ ਦੀ ਥਾਂ ਲਈ ਤਾਂ ਮਨੁੱਖ ਨੇ ਘੋੜੇ ਨੂੰ ਸਾਂਭਿਆ ਨਹੀਂ ਬਲਕਿ ਸੇਵਾ ਤੋਂ ਨਿਵਿਰਤ ਕਰ ਦਿੱਤਾ। ਐਲਗੋਰਿਦਮਜ਼ ਕਾਰਨ ਸ਼ਾਇਦ ਮਨੁੱਖਾਂ ਨਾਲ ਵੀ ਅਜਿਹਾ ਹੋਣ ਦੀ ਸੰਭਾਵਨਾ ਹੈ।
ਹਰਾਰੇ ਅੰਤ ਵਿਚ ਇਹ ਕਹਿੰਦਾ ਹੈ ਕਿ ਨਕਲੀ ਬੌਧਿਕਤਾ ਅਤੇ ਜੈਵਿਕ ਤਕਨਾਲੋਜੀ ਅਤੇ ਬਿੱਗ ਡਾਟਾ ਦੇ ਦਬਾਓ ਕਾਰਨ ਕਈ ਪਰਿਵਰਤਨ ਵਾਪਰਣਗੇ। ਪੁਰਾਣੇ ਸਮਿਆਂ ’ਚ ਗਿਆਨ ਨੂੰ ਸੱਤਾ ਕਿਹਾ ਜਾਂਦਾ ਸੀ। ਅੱਜ ਸੱਤਾ ਤੋਂ ਭਾਵ ਉਹ ਗਿਆਨ ਹੈ ਜਿਸ ਨਾਲ ਮਨੁੱਖ ਇਹ ਜਾਣ ਸਕੇ ਕਿ ਮੈਂ ਕੀ ਨਜ਼ਰਅੰਦਾਜ਼ ਕਰਨਾ ਹੈ ਅਤੇ ਸੂਚਨਾ ਦੇ ਇਸ ਧੁੰਦੂਕਾਰੇ ’ਚ ਕਿਸ ’ਤੇ ਨਿੱਠ ਕੇ ਫੋਕਸ ਕਰਨਾ ਹੈ। ਮਨੁੱਖ ਨੂੰ ਇਹ ਸਲਾਹੀਅਤ ਪੈਦਾ ਕਰਨ ਲਈ ਆਪਣੇ ਆਪ ਨੂੰ ਜਾਨਣਾ ਅਤੇ ਆਪਣੇ ਅੰਦਰ ਪਈਆਂ ਯਿਨ/ਤਰਕ ਅਤੇ ਯੈਂਗ/ਭਾਵਨਾ ਦੀਆਂ ਸੂਖ਼ਮ ਸ਼ਕਤੀਆਂ ਦੀ ਪਹਿਚਾਣ ਜ਼ਰੂਰੀ ਹੈ। ਜਿਹੜਾ ਹੋਮੋ ਸੇਪੀਅਨ/ਮਨੁੱਖ ਇਸ ਭੇਦ ਨੂੰ ਜਾਣ ਜਾਵੇਗਾ ਉਹ ਹੀ ਆਉਣ ਵਾਲੇ ਕੱਲ੍ਹ ਦਾ ਹੋਮੋ ਡਿਊਸ/ਦੇਵਤਾ ਹੋਵੇਗਾ।

ਸੰਪਰਕ: 82839-48811


Comments Off on ਆਉਣ ਵਾਲੇ ਕੱਲ੍ਹ ਦੇ ਮਨੁੱਖੀ ਦੇਵਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.