1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਆਈਲੈਟਸ ਕੇਂਦਰਾਂ ’ਚ ਭਵਿੱਖ ਤਲਾਸ਼ ਰਹੇ ਨੇ ਪੰਜਾਬ ਦੇ ਨੌਜਵਾਨ

Posted On May - 15 - 2019

ਦਵਿੰਦਰ ਪਾਲ
ਲੁਧਿਆਣਾ, 14 ਮਈ
ਪੰਜਾਬ ਦੀ ਸਨਅਤੀ ਰਾਜਧਾਨੀ ਵਜੋਂ ਜਾਣੇ ਜਾਂਦੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਆਈਲੈਟਸ ਕੇਂਦਰ ਦੀਆਂ ਪੌੜੀਆਂ ਉੱਤਰ ਰਹੇ ਨਿਸ਼ਾਨ ਸਿੰਘ ਨੂੰ ਜਦੋਂ ਲੁਧਿਆਣਾ ਹਲਕੇ ਅੰਦਰ ਸੰਸਦੀ ਚੋਣਾਂ ਦੇ ਮਾਹੌਲ ਬਾਰੇ ਪੁੱਛਿਆ ਤਾਂ ਇਸ ਮੁੰਡੇ ਨੇ ਗੁੱਸੇ ਭਰੀ ਨਜ਼ਰ ਨਾਲ ਤੱਕਦਿਆਂ ਕਿਹਾ, ‘‘ਅਸੀਂ ਕੀ ਲੈਣੇ ਚੋਣਾਂ ਤੋਂ…ਆਈਲੈਟਸ ਦੀ ਤਿਆਰੀ ਕਰ ਰਿਹੈਂ, ਚੰਗੇ ਬੈਂਡ ਆ ਗਏ ਤਾਂ ਅਸਟਰੇਲੀਆ ਚਲਾ ਜਾਵਾਂਗਾ, ਇੱਥੇ ਕੋਈ ਭਵਿੱਖ ਤਾਂ ਦਿਖਾਈ ਨਹੀਂ ਦਿੰਦਾ।’’ ਲੁਧਿਆਣਾ ਸੰਸਦੀ ਹਲਕੇ ’ਚ ਹੀ ਪੈਂਦੇ ਗਿੱਲ ਵਿਧਾਨ ਸਭਾ ਹਲਕੇ ਵਿੱਚ ਇਸ ਨੌਜਵਾਨ ਦਾ ਪਿੰਡ ਪੈਂਦਾ ਹੈ। ਉਹ ਕਹਿੰਦਾ ਹੈ ਕਿ ਸਿਆਸੀ ਪਾਰਟੀ ਭਾਵੇਂ ਕੋਈ ਵੀ ਹੋਵੇ ਉਨ੍ਹਾਂ ਦੇ ਭਵਿੱਖ ਦੀ ਕਿਸੇ ਨੂੰ ਵੀ ਚਿੰਤਾ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਨੌਕਰੀ ਅਤੇ ਨਸ਼ੇ ਖ਼ਤਮ ਕਰਨ ਲਈ ਖਾਧੀ ਸਹੁੰ ਨੂੰ ਇਹ ਨੌਜਵਾਨ ਇੱਕ ਸਿਆਸੀ ਸਟੰਟ ਮੰਨਦਾ ਹੈ। ਉਸ ਨੇ ਆਖਿਆ ਕਿ ਲੁਧਿਆਣਾ ਦੇ ਆਸ ਪਾਸ ਨਸ਼ਿਆਂ ਦਾ ਪ੍ਰਕੋਪ ਪਹਿਲਾਂ ਦੀ ਤਰ੍ਹਾਂ ਜਾਰੀ ਹੈ ਤੇ ਨੌਜਵਾਨਾਂ ਮੌਤ ਦੇ ਮੂੰਹ ’ਚ ਜਾ ਰਹੇ ਹਨ ਤੇ ਨੌਕਰੀਆਂ ਨਾ ਮਿਲਣ ਕਾਰਨ ਭਵਿੱਖ ਨੂੰ ਲੈ ਕੇ ਉਨ੍ਹਾਂ ਦੇ ਮਾਪੇ ਚਿੰਤਤ ਹਨ। ਉਸ ਨੇ ਦੱਸਿਆ ਕਿ ਉਸ ਦੇ ਨਾਲ ਪੜ੍ਹਦੇ ਵਿਦਿਆਰਥੀਆਂ ਵਿੱਚੋਂ 50 ਫੀਸਦੀ ਤੋਂ ਵੱਧ ਦਾ ਟੀਚਾ ਵਿਦੇਸ਼ ਜਾਣਾ ਹੈ ਤੇ ਸਾਰੇ ਹੀ ਲੁਧਿਆਣਾ ਦੇ ਆਇਲੈਟਸ ਕੇਂਦਰਾਂ ’ਤੇ ਇਸ ਸਮੇਂ ਵੱਧ ਤੋਂ ਵੱਧ ਬੈਂਡ ਲੈਣ ਲਈ ਜੱਦੋਜਹਿਦ ਕਰ ਰਹੇ ਹਨ। ਝਾਂਡੇ ਪਿੰਡ ਦਾ ਵਰਿੰਦਰ ਸਿੰਘ ਆਖਦਾ ਹੈ ਕਿ ਮਹਿੰਗਾਈ ਵਧ ਰਹੀ ਹੈ। ਰੁਜ਼ਗਾਰ ਕੋਈ ਮਿਲਦਾ ਨਹੀਂ ਤੇ ਨਿੱਤ ਦੇ ਖਰਚੇ ਪੂਰੇ ਕਰਨੇ ਵੀ ਔਖੇ ਹੋਏ ਪਏ ਹਨ। ਇੱਥੇ ਜਿਹੜੀ ਨੌਕਰੀ ਮਿਲਦੀ ਹੈ, ਉਸ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਗੌਰਵ ਨੇ ਦੱਸਿਆ ਕਿ ਉਸ ਨੇ ਕੈਪਟਨ ਸਰਕਾਰ ਵੱਲੋਂ ਲਾਏ ਜਾਂਦੇ ਨੌਕਰੀ ਮੇਲਿਆਂ ਵਿੱਚ ਕਈ ਥਾਈਂ ਸ਼ਿਰਕਤ ਵੀ ਕੀਤੀ। ਇੰਜਨੀਅਰਿੰਗ ਦੀ ਪੜ੍ਹਾਈ ਕਰ ਚੁੱਕਾ ਇਹ ਨੌਜਵਾਨ ਵੀ ਵਿਦੇਸ਼ ਉਡਾਰੀ ਮਾਰਨ ਲਈ ਹੱਥ ਪੈਰ ਮਾਰ ਰਿਹਾ ਹੈ। ਇਸ ਲੜਕੇ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਘਰ-ਘਰ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਤਾਂ ਇਹ ਲੱਗਿਆ ਕਿ ਹੁਣ ਭਵਿੱਖ ਵਿੱਚ ਘਰ ਬਾਰ ਛੱਡਣਾ ਨਹੀਂ ਪਵੇਗਾ ਪਰ ਜਿਸ ਤਰ੍ਹਾਂ ਦੀ ਦੁਰਗਤੀ ਸਰਕਾਰ ਵੱਲੋਂ ਲਾਏ ਜਾਂਦੇ ਨੌਕਰੀ ਮੇਲਿਆਂ ਵਿੱਚ ਹੋਈ ਹੈ, ਉਸ ਨੇ ਨਿਰਾਸ਼ਾ ਹੀ ਪੱਲੇ ਪਾਈ।
ਲਵਲੀ ਯੂਨੀਵਸਿਟੀ ਜਲੰਧਰ ’ਚ ਪੜ੍ਹਦਾ ਲੁਧਿਆਣਾ ਸ਼ਹਿਰ ਦਾ ਨੌਜਵਾਨ ਲਵਜੀਤ ਸਿੰਘ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਵਾਕਿਫ਼ ਹੈ। ਇੰਜਨੀਅਰਿੰਗ ਦੀ ਪੜ੍ਹਾਈ ਦੇ ਆਖਰੀ ਸਮੈਸਟਰ ਦੀਆਂ ਪ੍ਰੀਖਿਆਵਾਂ ਦੇ ਰਹੇ ਇਸ ਗੱਭਰੂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਨੈਸ਼ਨਲ ਸੈਂਪਲ ਸਰਵੇ (ਐੱਨਐੱਸਓ) ਦੇ ਗ਼ਲਤ ਤੱਥ ਜਾਰੀ ਕਰਕੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਹੈ। ਹੁਣ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਦੇ ਝੰਬੇ ਹੋਏ ਹਨ ਤੇ ਆਪਣੇ ਭਵਿੱਖ ਨੂੰ ਲੈ ਕੇ ਬੇਹੱਦ ਚਿੰਤਤ ਹਨ। ਸਿਆਸੀ ਪਾਰਟੀਆਂ ਲਈ ਵੀ ਇਹ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਆਪਣਾ ਭਵਿੱਖ ਸੂਬੇ ਵਿੱਚ ਸੁਰੱਖਿਅਤ ਦਿਖਾਈ ਨਹੀਂ ਦੇ ਰਿਹਾ। ਦਾਦ, ਝਾਂਡੇ, ਗਿੱਲ ਕਲਾਂ, ਨਾਰੰਗਵਾਲ, ਦਾਖਾ ਅਤੇ ਹੋਰਨਾਂ ਪਿੰਡਾਂ ਤੇ ਕਸਬਿਆਂ ਨੇ ਦਰਜਨ ਤੋਂ ਵੱਧ ਨੌਜਵਾਨ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਆਪਣਾ ਦਿਲ ਫਰੋਲਿਆ। ਇਹ ਨੌਜਵਾਨ ਜੋ ਲੁਧਿਆਣਾ ਸ਼ਹਿਰ ਵਿੱਚ ਸਿਰਫ਼ ਆਈਲੈਟਸ ਦੀ ਪੜ੍ਹਾਈ ਕਰਨ ਆਉਂਦੇ ਹਨ, ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਜੋ ਵੀ ਨੌਜਵਾਨ 12ਵੀਂ ਜਾਂ ਗਰੈਜੂਏਸ਼ਨ ਤੱਕ ਪੜ੍ਹੇ ਹਨ, ਸਭ ਦੀ ਇੱਛਾ ਵਿਦੇਸ਼ ਜਾਣ ਦੀ ਹੈ। ਇਨ੍ਹਾਂ ਲੜਕਿਆਂ ਨੇ ਦੱਸਿਆ ਕਿ ਪਿੰਡਾਂ ਵਿੱਚ ਚਿੱਟਾ ਜਾਂ ਹੋਰ ਨਸ਼ੇ ਪਹਿਲਾਂ ਦੀ ਤਰ੍ਹਾਂ ਆਮ ਵਾਂਗ ਵਿਕਦੇ ਹਨ ਤੇ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜਗਰਾਉਂ ਪੁਲੀਸ ਜ਼ਿਲ੍ਹੇ ਨਾਲ ਸਬੰਧਤ ਲੜਕਿਆਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਏਨੀ ਜ਼ਿਆਦਾ ਵਿਗੜ ਗਈ ਹੈ ਤੇ ਰਾਤ ਬਰਾਤੇ ਬਾਹਰ ਨਿਕਲਣਾ ਖ਼ਤਰੇ ਤੋਂ ਖਾਲੀ ਨਹੀਂ ਜਾਪਦਾ।


Comments Off on ਆਈਲੈਟਸ ਕੇਂਦਰਾਂ ’ਚ ਭਵਿੱਖ ਤਲਾਸ਼ ਰਹੇ ਨੇ ਪੰਜਾਬ ਦੇ ਨੌਜਵਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.