ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਅੰਕਾਂ ਦੀ ਖੇਡ ਨਹੀਂ ਵਿਦਿਆਰਥੀਆਂ ਦਾ ਭਵਿੱਖ

Posted On May - 27 - 2019

ਲਕਸ਼ਮੀਕਾਂਤਾ ਚਾਵਲਾ

ਸਿਰਫ਼ ਇਮਤਿਹਾਨਾਂ ਵਿਚ ਹਾਸਲ ਕੀਤੇ ਅੰਕਾਂ ਨਾਲ ਵਿਦਿਆਰਥੀਆਂ ਦਾ ਭਵਿੱਖ ਨਹੀਂ ਸੰਵਰ ਸਕਦਾ ਸਗੋਂ ਮੁੱਢਲਾ ਗਿਆਨ ਦੇਣਾ ਲਾਜ਼ਮੀ ਹੈ। ਵਿਦਿਆਰਥੀਆਂ ਪ੍ਰਤੀ ਪੂਰੇ ਮੁਲਕ ਵਿਚ ਇਸ ਸਬੰਧੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਬੱਚਿਆਂ ਉੱਤੇ ਜ਼ਿਆਦਾ ਤੋਂ ਜ਼ਿਆਦਾ ਅੰਕ ਲੈਣ ਅਤੇ ਉੱਚਾ ਗਰੇਡ ਪ੍ਰਾਪਤ ਕਰਨ ਲਈ ਸਕੂਲ ਜੀਵਨ ਵਿਚ ਸਾਲਾਂ ਤਕ ਦਬਾਅ ਬਣਿਆ ਰਹਿੰਦਾ ਹੈ। ਕਦੇ ਕਦੇ ਇਸ ਦਾ ਮਾਡ਼ਾ ਸਿੱਟਾ ਇਹ ਵੀ ਵਿਖਾਈ ਦਿੰਦਾ ਹੈ ਕਿ ਬੱਚੇ ਆਪਣੀ ਜਾਂ ਆਪਣੇ ਮਾਪਿਆਂ ਦੀ ਉਮੀਦ ਮੁਤਾਬਿਕ ਨੰਬਰ ਨਾ ਲੈ ਸਕਣ ਦੀ ਸੂਰਤ ਵਿਚ ਨਿਰਾਸ਼ਾ ਵਿਚ ਆ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰਨ ਤਕ ਪੁੱਜ ਜਾਂਦੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਇਸ ਵਾਰ ਇਮਤਿਹਾਨਾਂ ਵਿਚ ਵਧੇਰੇ ਅੰਕ ਹਾਸਲ ਕਰਨ ਦੀ ਹੋੜ ਪੂਰਾ ਸਾਲ ਚੱਲੀ ਅਤੇ ਪ੍ਰਤੱਖ ਰੂਪ ਵਿਚ ਸਰਕਾਰ ਇਸ ਵਿਚ ਕਾਮਯਾਬ ਵੀ ਹੋਈ, ਪਰ ਜਾਪਦਾ ਹੈ ਕਿ ਅਜਿਹੇ ਹਾਲਾਤ ਵਿਚ ਬੱਚੇ ਨਾਕਾਮ ਹੋ ਗਏ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ 2019 ਦੇ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜੇ ਐਲਾਨੇ ਗਏ ਤਾਂ ਸਿੱਖਿਆ ਵਿਭਾਗ ਨੇ ਆਪਣੀ ਪਿੱਠ ਥਾਪਡ਼ੀ ਅਤੇ ਜਾਗਰੂਕ ਜਨਤਾ ਨੇ ਹੈਰਾਨੀ ਨਾਲ ਇਹ ਨਤੀਜੇ ਵੇਖੇ-ਸੁਣੇ। ਇਉਂ ਜਾਪਦਾ ਸੀ ਜਿਵੇਂ ਸਰਕਾਰੀ ਸਕੂਲਾਂ ਦੀ ਸਿੱਖਿਆ ਵਿਚ ਇਨਕਲਾਬੀ ਸੁਧਾਰ ਹੋ ਗਏ। ਪਿਛਲੇ ਸਾਲ ਦਸਵੀਂ ਜਮਾਤ ਦਾ ਨਤੀਜਾ 58 ਫ਼ੀਸਦੀ ਦੇ ਲਗਭਗ ਰਿਹਾ ਸੀ, ਪਰ ਇਸ ਸਾਲ ਇਹ 88 ਫ਼ੀਸਦੀ ਨੂੰ ਪਾਰ ਕਰ ਗਿਆ। ਸਿੱਖਿਆ ਵਿਭਾਗ ਦਾ ਇਹ ਦਾਅਵਾ ਰਿਹਾ ਕਿ ਪਿਛਲੇ ਸਾਲ ਵਧੀਆ ਨਤੀਜਾ ਨਾ ਦੇਣ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਵੀ ਹੋਈ, ਅਧਿਆਪਨ ਦੀ ਸਿਖਲਾਈ ਦੇਣ ਲਈ ਕੈਂਪ ਵੀ ਲਗਾਏ ਗਏ ਅਤੇ ਤਿੰਨ ਹਜ਼ਾਰ ਅਧਿਆਪਕਾਂ ਦੀ ਭਰਤੀ ਵੀ, ਖ਼ਾਸ ਤੌਰ ’ਤੇ ਸਰਹੱਦੀ ਖੇਤਰ ਦੇ ਸਕੂਲਾਂ ਲਈ, ਹੋਈ। ਜੋ ਵੀ ਹੋਵੇ ਸਿੱਖਿਆ ਵਿਚ ਸੁਧਾਰ ਦੀ ਗੱਲ ਨੇ ਕੁਝ ਉਤਸ਼ਾਹਿਤ ਕੀਤਾ। ਜਿਹਡ਼ੇ ਗ਼ਰੀਬ ਲੋਕ ਆਪਣੇ ਬੱਚਿਆਂ ਨੂੰ ਮੋਟੀ ਫੀਸ ਵਾਲੇ ਸਕੂਲਾਂ ਵਿਚ ਨਹੀਂ ਭੇਜ ਸਕਦੇ ਸਨ, ਉਹ ਵੀ ਉਤਸ਼ਾਹਿਤ ਹੋਏ। ਪੰਜਾਬ ’ਚ ਸਰਕਾਰੀ ਤੰਤਰ ਖ਼ਾਸ ਤੌਰ ਉੱਤੇ ਖ਼ੁਸ਼ ਸੀ ਕਿਉਂਕਿ ਇਨ੍ਹੀਂ ਦਿਨੀਂ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਮੈਟਰਿਕ ਦਾ ਨਤੀਜਾ 57 ਫ਼ੀਸਦੀ ਹੀ ਰਹਿ ਗਿਆ ਸੀ, ਪਰ ਪੰਜਾਬ ਦੇ ਨਤੀਜਿਆਂ ਦੀ ਸੱਚਾਈ ਥੋੜ੍ਹੇ ਦਿਨਾਂ ਮਗਰੋਂ ਹੀ ਸਾਹਮਣੇ ਆ ਗਈ ਜਦੋਂ ਮੈਰੀਟੋਰੀਅਸ ਸਕੂਲਾਂ ਦੀ ਪਰਵੇਸ਼ ਪ੍ਰੀਖਿਆ ਵਿਚ ਉਹ ਵਿਦਿਆਰਥੀ ਵੀ ਸਫਲ ਨਹੀਂ ਹੋ ਸਕੇ ਜਿਨ੍ਹਾਂ ਨੇ 90 ਤੋਂ 95 ਫ਼ੀਸਦੀ ਤਕ ਅੰਕ ਲਏ ਸਨ। ਪਿਛਲੀ ਪੰਜਾਬ ਸਰਕਾਰ ਨੇ ਆਰਥਿਕ ਪੱਖ ਤੋਂ ਕਮਜ਼ੋਰ ਅਤੇ ਇਮਤਿਹਾਨਾਂ ਵਿਚ ਜ਼ਿਆਦਾ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਮੈਰੀਟੋਰੀਅਸ ਸਕੂਲ ਖੋਲ੍ਹੇ ਸਨ। ਇਨ੍ਹਾਂ ਵਿਚ ਵਿਗਿਆਨ, ਕਾਮਰਸ ਜਿਹੇ ਮਜ਼ਮੂਨਾਂ ਲਈ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ ਜਿਸ ਨਾਲ ਇਹ ਗ਼ਰੀਬ ਘਰਾਂ ਦੇ ਬੱਚੇ ਵੀ ਡਾਕਟਰ, ਇੰਜੀਨੀਅਰ ਬਣਨ ਲਈ ਮੁਕਾਬਲੇ ਦੇ ਇਮਤਿਹਾਨਾਂ ਵਿਚ ਸਫਲ ਹੋ ਸਕਣ। ਸ਼ੁਰੂ ਵਿਚ ਤਾਂ ਭਰਤੀ ਬਿਨਾਂ ਕਿਸੇ ਦਾਖਲਾ ਇਮਤਿਹਾਨ ਤੋਂ ਹੋਈ। ਜਿਸ ਨੇ ਵੀ 80 ਫ਼ੀਸਦੀ ਅੰਕ ਲੈ ਲਏ, ਉਹ ਇਸ ਸਕੂਲ ਵਿਚ ਦਾਖਲੇ ਦੇ ਲਾਇਕ ਮੰਨਿਆ ਗਿਆ। ਮੈਨੂੰ ਖ਼ੁਸ਼ੀ ਹੈ ਕਿ ਮੈਂ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਸੀ ਕਿ ਮਹਿਜ਼ ਅੰਕਾਂ ਦੇ ਆਧਾਰ ਉੱਤੇ ਨਹੀਂ ਸਗੋਂ ਪ੍ਰਵੇਸ਼ ਪਰੀਖਿਆ ਲੈ ਕੇ ਇਨ੍ਹਾਂ ਨੂੰ ਸਕੂਲ ਵਿਚ ਦਾਖਲਾ ਦਿੱਤਾ ਜਾਵੇ। ਸਰਕਾਰ ਨੇ ਇਹ ਮੰਗ ਮੰਨ ਲਈ ਅਤੇ ਉਸ ਦਾ ਨਤੀਜਾ ਸਾਹਮਣੇ ਆਇਆ। ਇਨ੍ਹਾਂ ਸਕੂਲਾਂ ਦੀਆਂ ਬਹੁਤ ਸਾਰੀਆਂ ਸੀਟਾਂ ਭਰੀਆਂ ਨਹੀਂ ਗਈਆਂ ਕਿਉਂਕਿ ਵਿਦਿਆਰਥੀ ਪ੍ਰੀਖਿਆ ਵਿਚ ਸਫਲ ਨਹੀਂ ਹੋ ਸਕੇ। ਇਸ ਵਾਰ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਆਪਕਾਂ ਅਤੇ ਪਰੀਖਿਅਕਾਂ ਨੇ ਪਤਾ ਨਹੀਂ ਕਿਵੇਂ ਵਿਦਿਆਰਥੀਆਂ ਲਈ ਅੰਕਾਂ ਦਾ ਖ਼ਜ਼ਾਨਾ ਹੀ ਖੋਲ੍ਹ ਦਿੱਤਾ। ਬਹੁਤ ਵੱਡੀ ਗਿਣਤੀ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਜ਼ਿਆਦਾ ਅੰਕ ਲਏ ਅਤੇ ਮੈਰੀਟੋਰੀਅਸ ਸਕੂਲਾਂ ਵਿਚ ਉੱਚ ਪੱਧਰੀ ਸਿੱਖਿਆ ਪਾਉਣ ਦੇ ਉਦੇਸ਼ ਨਾਲ ਅੱਗੇ ਵਧੇ। ਜਦੋਂ ਨਤੀਜਾ ਸਾਹਮਣੇ ਆਇਆ ਤਾਂ ਇਉਂ ਲੱਗਾ ਕਿ ਵਿਦਿਆਰਥੀਆਂ ਨੇ ਅੰਕ ਤਾਂ ਬਹੁਤ ਪ੍ਰਾਪਤ ਕਰ ਲਏ, ਪਰ ਉਸ ਮੁਤਾਬਿਕ ਉਨ੍ਹਾਂ ਦਾ ਪੱਧਰ ਨਹੀਂ ਬਣ ਸਕਿਆ। ਇਹ ਅਫ਼ਸੋੋਸਨਾਕ ਸੱਚਾਈ ਹੈ ਕਿ ਪਰਵੇਸ਼ ਪਰੀਖਿਆ ਦੇਣ ਵਾਲੇ 1, 54,442 ਵਿਦਿਆਰਥੀਆਂ ਵਿਚੋਂ ਸਿਰਫ਼ 4,836 ਬੱਚੇ ਹੀ ਸਫਲ ਹੋ ਸਕੇ। ਸਵਾਲ ਉੱਠਦਾ ਹੈ ਕਿ ਆਖ਼ਰ ਕਿੱਥੇ ਕਮੀ ਰਹਿ ਗਈ? 95 ਫ਼ੀਸਦੀ ਅੰਕ ਹਾਸਲ ਕਰਨ ਵਾਲਾ ਵਿਦਿਆਰਥੀ ਵੀ ਮੈਰੀਟੋਰੀਅਸ ਸਕੂਲ ਦੀ ਦਹਿਲੀਜ਼ ਪਾਰ ਨਹੀਂ ਕਰ ਸਕਿਆ। ਇਹ ਸਥਿਤੀ ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਅਤੇ ਸਿੱਖਿਆ ਵਿਭਾਗ ਲਈ ਭਵਿੱਖ ਵਿਚ ਮਾਰਗਦਰਸ਼ਕ ਬਣੇਗੀ। ਉਂਜ ਵੀ ਇਕ ਅਧਿਆਪਕ ਆਗੂ ਨੇ ਕਿਹਾ ਹੈ ਕਿ ਜਦੋਂ ਸਿੱਖਿਆ ਵਿਭਾਗ ਵਿਚ 25 ਹਜ਼ਾਰ ਅਧਿਆਪਕਾਂ ਦੀ ਕਮੀ ਹੈ ਤਾਂ ਸਿੱਖਿਆ ਦਾ ਪੱਧਰ ਕਿਵੇਂ ਸੁਧਰ ਸਕਦਾ ਹੈ। ਕਿਤੇ ਕਿਤੇ ਤਾਂ ਮਹਿਜ਼ ਖਾਨਾਪੂਰਤੀ ਕਰਨ ਲਈ ਇਕ ਵਿਸ਼ੇ ਦੇ ਅਧਿਆਪਕ ਨੂੰ ਦੂਜਾ ਵਿਸ਼ਾ ਪਡ਼੍ਹਾਉਣ ਦਾ ਹੁਕਮ ਦਿੱਤਾ ਜਾਂਦਾ ਹੈ। ਅਧਿਆਪਕ ਆਗੂਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਬਹੁਤ ਸਾਰੇ ਸਕੂਲਾਂ ਵਿਚ ਤਾਂ ਖਸਤਾਹਾਲ ਇਮਾਰਤਾਂ, ਥੋੜ੍ਹੇ ਕਲਾਸਰੂਮ, ਪਖਾਨਿਆਂ ਦੀ ਕਮੀ ਜਾਂ ਸਫ਼ਾਈ ਵਿਚ ਕਮੀ ਹੈ, ਇੱਥੋਂ ਤਕ ਕਿ ਬੈਠਣ ਲਈ ਪੂਰਾ ਫਰਨੀਚਰ ਵੀ ਨਹੀਂ ਹੈ। ਇਸ ਦੇ ਨਾਲ ਹੀ ਅਧਿਆਪਕਾਂ ਤੋਂ ਉਹ ਕੰਮ ਵੀ ਲਈ ਜਾਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। ਚੋਣਾਂ ਦੌਰਾਨ ਪੂਰੇ ਦੇਸ਼ ਦੇ ਸਰਕਾਰੀ ਸਕੂਲਾਂ ਤੋਂ ਅਧਿਆਪਕ ਬਾਹਰ ਕਰ ਦਿੱਤੇ ਜਾਂਦੇ ਹਨ। ਕੋਈ ਇਹ ਦੱਸੇ ਕਿ ਬੀਐੱਲਓ ਵਜੋਂ ਤਾਇਨਾਤ ਅਧਿਆਪਕ ਕਿੰਨੇ ਦਿਨ ਸਕੂਲਾਂ ਤੋਂ ਬਾਹਰ ਰਹਿੰਦੇ ਹਨ। ਚੋਣਾਂ ਦੇ ਦਿਨਾਂ ਵਿਚ ਤਾਂ ਇਹ ਵਿਚਾਰੇ ਬੀਐੱਲਓ ਅਧਿਆਪਨ ਕਾਰਜ ਪੂਰੀ ਤਰ੍ਹਾਂ ਭੁੱਲ ਕੇ ਵੋਟ ਪਰਚੀਆਂ ਵੰਡਣ ਲਈ ਸੜਕਾਂ ਦੀ ਖਾਕ ਛਾਣਦੇ ਹਨ। ਇਕ ਨਵਾਂ ਕੰਮ ਵੀ ਅਧਿਆਪਕਾਂ ਨੂੰ ਦੇ ਦਿੱਤਾ ਹੈ। ਸਕੂਲ ਦੇ ਚਾਰੇ ਪਾਸੇ ਖ਼ਾਸ ਤੌਰ ’ਤੇ ਪਿੰਡਾਂ ਵਿਚ ਇਹ ਨਿਗਰਾਨੀ ਵੀ ਕਰਨ। ਕੋਈ ਸਿਗਰਟ ਆਦਿ ਪੀਣ ਵਾਲਾ ਮਿਲੇ ਤਾਂ ਉਸ ਨੂੰ ਰੋਕਣ। ਇਹ ਵੱਖਰੀ ਗੱਲ ਹੈ ਕਿ ਸਕੂਲਾਂ ਕਾਲਜਾਂ ਨਜ਼ਦੀਕ ਸ਼ਰਾਬ ਦੇ ਠੇਕੇ ਖੋਲ੍ਹਣ ਵਿਚ ਸਰਕਾਰ ਕੋਈ ਸੰਕੋਚ ਨਹੀਂ ਕਰਦੀ। ਮਰਦਮਸ਼ੁਮਾਰੀ ਅਤੇ ਹੋਰ ਕਈ ਗ਼ੈਰ-ਵਿੱਦਿਅਕ ਕਾਰਜ ਇਨ੍ਹਾਂ ਨੂੰ ਸੌਂਪੇ ਜਾਂਦੇ ਹਨ।
ਪੰਜਾਬ ਸਰਕਾਰ ਨੇ ਤਾਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਅਧਿਆਪਕਾਂ ਨੂੰ ਇਹ ਵੀ ਕਹਿ ਦਿੱਤਾ ਕਿ ਚੰਗੀ ਏਸੀਆਰ ਬਣਵਾਉਣੀ ਹੈ ਤਾਂ ਪ੍ਰਾਈਵੇਟ ਸਕੂਲਾਂ ’ਚੋਂ ਬੱਚੇ ਲੈ ਕੇ ਆਓ। ਅੰਗਰੇਜ਼ੀ ਮਾਧਿਅਮ ਨਾਲ ਪੜ੍ਹਣ ਵਾਲੇ ਬੱਚਿਆਂ ਦੀ ਗਿਣਤੀ ਵਧਾਓ।
ਇਹ ਸਾਰਾ ਵਰਤਾਰਾ ਫ਼ਿਕਰਮੰਦੀ ਵਾਲਾ ਹੈ। ਅੱਜ ਦੀ ਸਿੱਖਿਆ ਪੱਧਤੀ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਦੀ ਹੋੜ ਵਿਚ ਲਗਾ ਦਿੱਤਾ ਹੈ। ਸਕੂਲਾਂ ਕਾਲਜਾਂ ਵਿਚ ਅਜਿਹੇ ਬੱਚਿਆਂ ਨੂੰ ਆਪਣਾ ਬਰਾਂਡ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜੋ ਸੌ ਫ਼ੀਸਦੀ ਜਾਂ ਇਸ ਦੇ ਨਜ਼ਦੀਕ ਅੰਕ ਲੈਂਦੇ ਹਨ। ਇਸ ਪ੍ਰਚਾਰ ਦੇ ਆਧਾਰ ਉੱਤੇ ਸਕੂਲਾਂ ਵਿਚ ਨਵਾਂ ਦਾਖਲਾ ਹੁੰਦਾ ਹੈ। ਹੱਦ ਤਾਂ ਇਹ ਹੈ ਕਿ ਮਹਾਂਨਗਰਾਂ ਵਿਚਲੇ ਟਿਊਸ਼ਨ ਸੈਂਟਰਾਂ ਲਈ ਵੀ ਦਾਖਲਾ ਪਰੀਖਿਆ ਲਈ ਜਾਂਦੀ ਹੈ। ਟਿਊਸ਼ਨ ਦੀ ਸਿਉਂਕ ਨਿੱਕੇ-ਨਿੱਕੇ ਬੱਚਿਆਂ ਦੀ ਜ਼ਿੰਦਗੀ ਨੂੰ ਵੀ ਬੋਝਲ ਬਣਾ ਰਹੀ ਹੈ। ਸਾਰੇ ਮੁਲਕ ਦੀਆਂ ਸੂਬਾਈ ਸਰਕਾਰਾਂ ਇਸ ਦਾ ਜਵਾਬ ਦੇਣ ਕਿ ਮੋਟੀ ਫੀਸ ਅਦਾ ਕਰਨ ਦੇ ਸਮਰੱਥ ਮਾਪੇ ਆਖ਼ਰ ਕਿਸ ਕਾਰਨ ਆਪਣੇ ਬੱਚਿਆਂ ਨੂੰ ਸੂਬਾਈ ਸਿੱਖਿਆ ਬੋਰਡ ਦੇ ਸਕੂਲਾਂ ਦੀ ਬਜਾਏ ਸੀਬੀਐੱਸਈ, ਆਈਸੀਐੱਸਈ ਬੋਰਡ ਦੇ ਸਕੂਲਾਂ ਵਿਚ ਹੀ ਪਡ਼੍ਹਾਉਣਾ ਚਾਹੁੰਦੇ ਹਨ। ਮੇਰਾ ਵਿਚਾਰ ਹੈ ਕਿ ਅੱਠਵੀਂ ਜਮਾਤ ਤੱਕ ਤ੍ਰੈ-ਭਾਸ਼ੀ ਫਾਰਮੂੂਲੇ ਤਹਿਤ ਸਿੱਖਿਆ ਦੇਣ ਤੋਂ ਬਾਅਦ ਵਿਦਿਆਰਥੀਆਂ ਨੂੰ ਕੋਈ ਵੀ ਵਿਸ਼ਾ ਪੜ੍ਹਣ ਜਾਂ ਨਾ ਪੜ੍ਹਣ ਦੀ ਛੂਟ ਦਿੱਤੀ ਜਾਵੇ। ਪਤਾ ਨਹੀਂ ਸਰਕਾਰਾਂ ਕਿਉਂ ਅਵੇਸਲੀਆਂ ਰਹਿੰਦੀਆਂ ਹਨ। ਇਹ ਨਹੀਂ ਵੇਖਦੇ ਕਿ ਕਿੰਨੇ ਬੱਚੇ ਅੰਗਰੇਜ਼ੀ, ਹਿਸਾਬ ਜਿਹੇ ਵਿਸ਼ਿਆਂ ਵਿਚ ਸਫਲ ਨਾ ਹੋਣ ਕਾਰਨ ਪਡ਼੍ਹਾਈ ਛੱਡ ਦਿੰਦੇ ਹਨ। ਸਰਕਾਰਾਂ ਇਹ ਸੁਨਿਸ਼ਚਿਤ ਕਰਨ ਕਿ ਬੱਚਿਆਂ ਨੂੰ ਸਿਰਫ਼ ਇਮਤਿਹਾਨਾਂ ਲਈ ਨਹੀਂ ਸਗੋਂ ਸਿੱਖਿਅਤ ਨਾਗਰਿਕ ਬਣਨ ਲਈ ਤਿਆਰ ਕੀਤਾ ਜਾਵੇ। ਇਹ ਵੀ ਸੱਚ ਹੈ ਕਿ ਬਾਰ੍ਹਵੀਂ ਪਾਸ ਬਹੁਤ ਸਾਰੇ ਵਿਦਿਆਰਥੀਆਂ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦਾ ਨਾਮ ਵੀ ਪਤਾ ਨਹੀਂ। ਵਾਤਾਵਰਣ ਅਤੇ ਸਰੀਰਕ ਸਿੱਖਿਆ ਦਾ ਵਿਸ਼ਾ ਬਹੁਤ ਸਾਰੇ ਸਕੂਲਾਂ ਵਿਚ ਸਿਰਫ਼ ਜ਼ਿਆਦਾ ਅੰਕ ਪ੍ਰਾਪਤ ਕਰਨ ਲਈ ਦਿੱਤਾ ਜਾਂਦਾ ਹੈ, ਕੁਝ ਸਿਖਾਉਣ ਲਈ ਨਹੀਂ। ਨਵੀਂ ਪੀੜ੍ਹੀ ਨੂੰ ਭਵਿੱਖ ਦੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਲਈ ਤਿਆਰ ਕਰਨਾ ਜ਼ਰੂਰੀ ਹੈ, ਸੌ ਫ਼ੀਸਦੀ ਅੰਕਾਂ ਲੈਣ ਲਈ ਨਹੀਂ। ਸਰਕਾਰਾਂ ਅੰਕਾਂ ਦੇ ਮੱਕੜਜਾਲ ਵਿਚ ਫਸੀ ਸਿੱਖਿਆ ਤੋਂ ਬੱਚਿਆਂ ਅਤੇ ਅਧਿਆਪਕਾਂ ਨੂੰ ਬਚਾਉਣ।


Comments Off on ਅੰਕਾਂ ਦੀ ਖੇਡ ਨਹੀਂ ਵਿਦਿਆਰਥੀਆਂ ਦਾ ਭਵਿੱਖ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.