ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਅਰਮਾਨਾਂ ਦੇ ਘਾਤ ਦਾ ਕਾਰਨ ਬਣਦੀ ਦਾਤ

Posted On May - 21 - 2019

ਸਦੀਆਂ ਤੋਂ ਔਰਤਾਂ ਨੂੰ ਕਿਸੇ ਨਾ ਕਿਸੇ ਬਹਾਨੇ ਦਬਾਇਆ ਜਾ ਰਿਹਾ ਹੈ। ਘਰ ਤੋਂ ਲੈ ਕੇ ਕੰਮਕਾਜੀ ਖੇਤਰ ਤਕ ਉਨ੍ਹਾਂ ਨਾਲ ਕਈ ਤਰ੍ਹਾਂ ਦਾ ਵਿਤਕਰਾ ਹੁੰਦਾ ਹੈ। ਸਿੱਖਿਆ ਅਤੇ ਜਾਗਰੂਕਤਾ ਦੇ ਪਸਾਰ ਕਾਰਨ ਅੱਜ ਉਨ੍ਹਾਂ ਦੀ ਸਥਿਤੀ ਵਿਚ ਕਾਫ਼ੀ ਹੱਦ ਤਕ ਸੁਧਾਰ ਜ਼ਰੂਰ ਆਇਆ ਹੈ, ਪਰ ਇਹ ਇਕ ਦਾਇਰੇ ਤਕ ਹੀ ਸੀਮਤ ਹੈ। ਇਸ ਪੰਨੇ ਦੇ ਲੇਖ ਔਰਤਾਂ ਦੀ ਮੌਜੂਦਾ ਸਥਿਤੀ ਅਤੇ ਉਨ੍ਹਾਂ ਦੀ ਆਜ਼ਾਦੀ ਸਬੰਧੀ ਚਰਚਾ ਕਰਦੇ ਹਨ।

ਨਿਕਿਤਾ ਆਜ਼ਾਦ

ਚਿੱਤਰ : ਅੰਮ੍ਰਿਤਾ ਸ਼ੇਰਗਿੱਲ

‘ਤੁਹਾਨੂੰ ਇਸ ਪਿੰਡ ਵਿਚ ਸ਼ਾਇਦ ਹੀ ਕੋਈ ਔਰਤ ਮਿਲੇ ਜਿਸਦੀ ਬੱਚੇਦਾਨੀ ਸਲਾਮਤ ਹੋਵੇਗੀ। ਇਹ ਬੰਜਰ ਔਰਤਾਂ ਦੇ ਪਿੰਡ ਹਨ।’ ਇਹ ਸ਼ਬਦ ਮੇਰੇ ਨਹੀਂ, ਪਿੰਡ ਹਾਜੀਪੁਰ ਦੀ ਰਹਿਣ ਵਾਲੀ ਇਕ ਔਰਤ ਦੇ ਹਨ,

ਜੋ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਵਿਚ ਉਨ੍ਹਾਂ ਪਿੰਡਾਂ ਬਾਰੇ ਗੱਲ ਕਰ ਰਹੀ ਹੈ, ਜਿੱਥੇ ਹਰ ਦੂਜੀ ਔਰਤ ਆਪਣੀ ਬੱਚੇਦਾਨੀ ਕੱਢਵਾ ਚੁੱਕੀ ਹੈ। ਗੰਨਿਆਂ ਦੇ ਖੇਤਾਂ ਵਿਚ ਕੰਮ ਕਰਨ ਵਾਲੀਆਂ ਇਹ ਔਰਤਾਂ ਦੂਰ ਦੁਰਾਡੇ ਤੋਂ ਆਪਣੇ ਪਰਿਵਾਰਾਂ ਨਾਲ ਅੰਤਾਂ ਦੀ ਗਰਮੀ ਵਿਚ ਰੋਟੀ-ਕੱਪੜੇ ਦਾ ਹੀਲਾ ਕਰਨ ਜਦੋਂ ਬੀੜ ਪਹੁੰਚਦੀਆਂ ਹਨ ਤਦ ਕਟਾਈ ਦੇ ਠੇਕੇਦਾਰ ਇਨ੍ਹਾਂ ਨੂੰ ਰੁਜ਼ਗਾਰ ਦੇਣ ਤੋਂ ਸਾਫ਼ ਮਨ੍ਹਾ ਕਰ ਦਿੰਦੇ ਹਨ। ‘ਅਸੀਂ ਉਨ੍ਹਾਂ ਔਰਤਾਂ ਨੂੰ ਹੀ ਮਜ਼ਦੂਰੀ ’ਤੇ ਰੱਖ ਸਕਦੇ ਹਾਂ ਜਿਨ੍ਹਾਂ ਨੂੰ ਮਾਹਵਾਰੀ ਨਾ ਆਉਂਦੀ ਹੋਵੇ।’ ਉਹ ਦੁਹਰਾਉਂਦੇ ਹਨ। ਮਾਹਵਾਰੀ ਦੌਰਾਨ ਔਰਤਾਂ ਛੁੱਟੀ ਮੰਗਦੀਆਂ ਹਨ ਅਤੇ ਠੇਕੇਦਾਰ ਇਕ ਛੁੱਟੀ ’ਤੇ 500 ਰੁਪਏ ਜੁਰਮਾਨਾ ਲਾਉਂਦੇ ਹਨ। ਆਪਣਾ ਅਤੇ ਪਰਿਵਾਰ ਦਾ ਪੇਟ ਭਰਨ ਲਈ ਔਰਤਾਂ ਬੱਚੇਦਾਨੀ ਕਢਵਾ ਲੈਂਦੀਆਂ ਹਨ। ਮਾਹਵਾਰੀ ਇਨ੍ਹਾਂ ਔਰਤਾਂ ਲਈ ਸ਼ਰਾਪ ਬਣ ਜਾਂਦੀ ਹੈ। ਜੋ ਜਨਮਦਾਤਾ ਬਣਨ ਦੀ ਪਹਿਲੀ ਪੌੜੀ ਹੈ, ਉਸਦੀ ਹੋਂਦ ਨੂੰ ਖ਼ਤਮ ਕਰਨਾ, ਜਿਊਣ ਦੀ ਸ਼ਰਤ ਬਣ ਜਾਂਦੀ ਹੈ।
ਇਹ ਕੋਈ ਵਿਰਲੀ ਟਾਵੀਂ ਘਟਨਾ ਨਹੀਂ, 2017 ਵਿਚ ਮਾਹਵਾਰੀ ਨਾਲ ਜੁੜੀਆਂ ਰੋਕਾਂ ਨੇ ਇਕ 12 ਸਾਲ ਦੀ ਬੱਚੀ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਸੀ ਜਦੋਂ ਉਸਦੀ ਅਧਿਆਪਕ ਨੇ ਸਾਰੀ ਜਮਾਤ ਨੂੰ ਬੱਚੀ ਦੀ ਵਰਦੀ ’ਤੇ ਲੱਗਾ ਮਾਹਵਾਰੀ ਦਾ ਧੱਬਾ ਵਿਖਾਇਆ ਸੀ। ਸ਼ਰਮ ਨਾਲ ਲੀਰੋ ਲੀਰ ਹੋਈ ਤਾਮਿਲ ਨਾਡੂ ਦੀ ਉਸ ਬੱਚੀ ਨੇ ਸਕੂਲ ਦੀ ਛੱਤ ਤੋਂ ਛਾਲ ਮਾਰ ਕੇ ਸਮਾਜ ਨੂੰ ਸ਼ਰਮਸਾਰ ਕਰ ਦਿੱਤਾ ਸੀ। ਸਯੁੰਕਤ ਰਾਸ਼ਟਰ ਵੱਲੋਂ ਕੀਤੀ ਖੋਜ ਦੱਸਦੀ ਹੈ ਕਿ ਭਾਰਤ ਦੀਆਂ 20 % ਕੁੜੀਆਂ ਮਾਹਵਾਰੀ ਆਉਣ ਤੋਂ ਬਾਅਦ ਸਕੂਲ ਛੱਡ ਦਿੰਦੀਆਂ ਹਨ। ਅੱਜ ਫਿਰ ਸਾਡੇ ਸਾਹਮਣੇ ਬੀੜ ਦੀਆਂ ਔਰਤਾਂ ਆ ਖੜ੍ਹੀਆਂ ਹਨ ਜੋ ਸਵਾਲ ਕਰ ਰਹੀਆਂ ਹਨ ਕਿ ਕਦੋਂ ਤਕ ਅਸੀਂ ਇੱਜ਼ਤ ਦੇ ਬੋਝ ਥੱਲੇ ਦੱਬੇ ਆਪਣੇ ਦੇਸ਼ ਦੀਆਂ ਔਰਤਾਂ ਦਾ ਕਤਲ ਕਰਦੇ ਰਹਾਂਗੇ? ਕਦੋਂ ਇਹ ਚੁੱਪ ਤੋੜਾਂਗੇ ਜੋ ਲੱਖਾਂ ਕੁੜੀਆਂ ਦੇ ਭਵਿੱਖ ਲਈ ਜ਼ਿੰਮੇਵਾਰ ਹੈ?

ਨਿਕਿਤਾ ਆਜ਼ਾਦ

ਇਹ ਸਵਾਲ ਪੰਜਾਬ ਦੀਆਂ ਔਰਤਾਂ ਨਾਲ ਵੀ ਸਿੱਧੇ ਰੂਪ ਵਿਚ ਜੁੜਿਆ ਹੋਇਆ ਹੈ। ਪੰਜਾਬ ਵਿਚ ਭਾਵੇਂ ਮਾਹਵਾਰੀ ਨਾਲ ਜੁੜਿਆ ਧਾਰਮਿਕ-ਸੰਸਥਾਗਤ ਵਿਤਕਰਾ ਘੱਟ ਵੇਖਣ ਨੂੰ ਮਿਲਦਾ ਹੈ; ਪਰ ਮਾਹਵਾਰੀ ਨੂੰ ਲੁਕੋ ਕੇ ਰੱਖਣ ਦੀ ਰਸਮ ਪ੍ਰਚੱਲਿਤ ਹੈ। ਦਰਅਸਲ, ਮਾਹਵਾਰੀ ਨਾਲ ਜੁੜੇ ਟੈਬੂ ਸਿਰਫ਼ ਸਿੱਖਿਆ ਅਤੇ ਸਨਮਾਨਯੋਗ ਜੀਵਨ ਜਿਊਣ ਦੇ ਰਸਤੇ ਵਿਚ ਹੀ ਰੋੜਾ ਨਹੀਂ ਬਣਦੇ, ਸਗੋਂ ਔਰਤਾਂ ਦੀ ਸਿਹਤ ਨਾਲ ਵੀ ਵੱਡਾ ਖਿਲਵਾੜ ਕਰ ਰਹੇ ਹੁੰਦੇ ਹਨ। ਮਾਹਵਾਰੀ ਅੱਜ ਸਿਰਫ਼ ਇਕ ਟੈਬੂ ਨਹੀਂ, ਵਪਾਰ ਕਰਨ ਦਾ ਜ਼ਰੀਆ ਵੀ ਹੈ। ਰੋਜ਼ ਕੋਈ ਨਾ ਕੋਈ ਕੰਪਨੀ ਇਸ ਟੈਬੂ ਦਾ ਫਾਇਦਾ ਚੁੱਕਦੇ ਹੋਏ ਨਿੱਤ ਨਵੇਂ ਸੈਨੇਟਰੀ ਨੈਪਕਿਨ ਕੱਢਦੀ ਹੈ ਜਿਨ੍ਹਾਂ ਦੀ ਸੋਖਣ ਸ਼ਕਤੀ ਬਿਹਤਰ ਹੋਵੇਗੀ, ਜੋ ਹਲਕੇ ਹੋਣਗੇ ਅਤੇ ਕਿਸੇ ਨੂੰ ਦਿੱਸਣਗੇ ਨਹੀਂ, ਜੋ ਬਾਰ ਬਾਰ ਪਿੱਛੇ ਦੇਖਣ ਦੀ ਪ੍ਰੇਸ਼ਾਨੀ ਨੂੰ ਹੱਲ ਕਰ ਦੇਣਗੇ। ਨਵੀਂ ਰੰਗ-ਬਿਰੰਗੀ ਪੈਕਿੰਗ ਅਤੇ ਨਵੀਂ ਨਵੀਂ ਟੈਗਲਾਈਨ ਨਾਲ ਦਿਨੋਂ ਦਿਨ ਇਨ੍ਹਾਂ ਨੈਪਕਿਨਾਂ ਦਾ ਮੁੱਲ ਵਧਦਾ ਜਾ ਰਿਹਾ ਹੈ ਅਤੇ ਇਹ ਟੈਬੂ ਕਿ ‘ਮਾਹਵਾਰੀ ਨੂੰ ਛੁਪਾ ਕੇ ਰੱਖਣਾ ਹਰ ਔਰਤ ਦਾ ਧਰਮ ਹੈ’ ਹੋਰ ਪੱਕਾ ਹੁੰਦਾ ਜਾ ਰਿਹਾ ਹੈ।
ਇਹ ਵਰਤਾਰਾ ਭਾਰਤ ਲਈ ਭਾਵੇਂ ਨਵਾਂ ਹੋਵੇ, ਪਰ ਅਮਰੀਕਾ ਵਿਚ ਇਹ 1960 ਦੇ ਦਹਾਕੇ ਵਿਚ ਮਸ਼ਹੂਰ ਹੋਣਾ ਸ਼ੁਰੂ ਹੋ ਗਿਆ ਸੀ। ਕੈਰਨ ਹੁਪਰਟ ਆਪਣੀ ਕਿਤਾਬ ‘ਦਿ ਕਰਸ’ ਵਿਚ ਦੱਸਦੀ ਹੈ ਕਿ 1980 ਵਿਚ ਪ੍ਰਾਕਟਰ ਐਂਡ ਗੈਂਬਲ ਉਨ੍ਹਾਂ ਕੰਪਨੀਆਂ ਵਿਚ ਸਭ ਤੋਂ ਅੱਗੇ ਸੀ ਜੋ ਮਾਹਵਾਰੀ ਦੇ ਵਪਾਰੀਕਰਨ ਤੋਂ ਮੁਨਾਫ਼ਾ ਕਮਾਉਣਾ ਚਾਹੁੰਦੀਆਂ ਸਨ। ਮਾਹਵਾਰੀ ਨਾਲ ਜੁੜੀ ਸ਼ਰਮ ਨੂੰ ਆਪਣੇ ਟੀਚੇ ਲਈ ਵਰਤਦੇ ਹੋਏ ਇਸ ਕੰਪਨੀ ਨੇ ‘ਰਿਲਾਈ’ ਨਾਮ ਦਾ ਸਭ ਤੋਂ ਵੱਧ ਸੋਖਣ ਵਾਲਾ ਨੈਪਕਿਨ ਕੱਢਿਆ। ਘਰ ਘਰ ਮੁਫ਼ਤ ਨਮੂਨੇ ਭੇਜ ਕੇ ‘ਰਿਲਾਈ’ ਨੇ ਕੁਝ ਹੀ ਮਹੀਨਿਆਂ ਵਿਚ ਅਮਰੀਕਾ ਦੀ 23% ਮੰਡੀ ’ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਪਹਿਲੇ ਦਿਨ ਤੋਂ ਹੀ ਕਈ ਔਰਤਾਂ ਦੀਆਂ ਸ਼ਿਕਾਇਤਾਂ ਆਉਣ ਲੱਗ ਗਈਆਂ ਸਨ ਕਿ ‘ਰਿਲਾਈ’ ਨਾਲ ਉਨ੍ਹਾਂ ਨੂੰ ਅਲੱਗ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਹਨ, ਪਰ ਮੁਨਾਫ਼ੇ ਦੀ ਹੋੜ ਵਿਚ ਸ਼ਿਕਾਇਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਜਦੋਂ ਔਰਤਾਂ ‘ਰਿਲਾਈ’ ਵਿਚ ਮੌਜੂਦ ਕੈਮੀਕਲ ਨਾਲ ਹੋ ਰਹੀ ਬਿਮਾਰੀ ‘ਟੌਕਸਿਕ ਸ਼ਾਕ ਸਿੰਡਰੋਮ’ ਨਾਲ ਮਰਨ ਲੱਗੀਆਂ ਤਦ ਅਮਰੀਕੀ ਸਰਕਾਰ ਨੇ ਗੌਰ ਫ਼ਰਮਾਇਆ। ਤਕਰੀਬਨ 60 ਹਜ਼ਾਰ ਔਰਤਾਂ ਗੰਭੀਰ ਬਿਮਾਰ ਹੋ ਗਈਆਂ ਅਤੇ 55 ਔਰਤਾਂ ਮਰ ਗਈਆਂ ਸਨ, ਪਰ ਕੰਪਨੀ ਨੂੰ ਸਰਕਾਰ ਨੇ ਸਬੂਤਾਂ ਦੀ ਘਾਟ ਦਾ ਬਹਾਨਾ ਲਾ ਕੇ ਬਿਨਾਂ ਜੁਰਮਾਨੇ ’ਤੇ ਛੱਡ ਦਿੱਤਾ ਸੀ। ਕੰਪਨੀ ਨੇ ਫਿਰ ਇਸਨੂੰ ਬੰਦ ਕਰ ਦਿੱਤਾ ਸੀ।
ਇਸ ਘਟਨਾ ਤੋਂ ਬਾਅਦ ਅਮਰੀਕਾ ਵਿਚ ਮਾਹਵਾਰੀ ਨਾਲ ਸਬੰਧਿਤ ਉਤਪਾਦਾਂ ਦੀ ਜਾਂਚ ਦੇ ਪੈਮਾਨੇ ਤੈਅ ਹੋ ਗਏ ਸਨ ਜਿਨ੍ਹਾਂ ਨਾਲ ਕੁਝ ਤਬਦੀਲੀ ਆਈ ਹੈ, ਪਰ ਇਹ ਪੈਮਾਨੇ ਅੱਜ ਤਕ ਭਾਰਤ ਵਿਚ ਲਾਗੂ ਨਹੀਂ ਹੋਏ। ਭਾਰਤ ਵਿਚ ਮਾਹਵਾਰੀ ਨਾਲ ਜੁੜੀ ਸ਼ਰਮ ਅਤੇ ਟੈਬੂ ਨੂੰ ਆਪਣੇ ਹੱਕ ਵਿਚ ਭੁਗਤਾਉਂਦੇ ਹੋਏ ਕਈ ਕੰਪਨੀਆਂ ਨਿਤ ਦਿਨ ਕੈਮੀਕਲਾਂ ਦੇ ਤੈਅਸ਼ੁਦਾ ਪੈਮਾਨਿਆਂ ਅਤੇ ਮਾਤਰਾਵਾਂ ਦਾ ਮਜ਼ਾਕ ਬਣਾਉਂਦੀਆਂ ਹਨ। 1980 ਤੋਂ ਬਾਅਦ ਭਾਰਤ ਵਿਚ ਇਕ ਵਾਰ ਵੀ ਇਨ੍ਹਾਂ ਉਤਪਾਦਾਂ ਦਾ ਮੁਕੰਮਲ ਨਿਰੀਖਣ ਨਹੀਂ ਕੀਤਾ ਗਿਆ। 2003 ਵਿਚ ਅਹਿਮਦਾਬਾਦ ਦੇ ਉਪਭੋਗਤਾ ਸਿੱਖਿਆ ਅਤੇ ਖੋਜ ਕੇਂਦਰ ਵੱਲੋਂ ਭਾਰਤ ਵਿਚ ਮੌਜੂਦ 19 ਸੈਨੇਟਰੀ ਨੈਪਕਿਨ ਬ੍ਰਾਂਡਾਂ ਦੇ ਕਾਰਖਾਨਿਆਂ ਦੀ ਜਾਂਚ ਪੜਤਾਲ ਕੀਤੀ ਗਈ ਜਿਸ ਵਿਚ ਉਨ੍ਹਾਂ ਨੂੰ ਰਸਾਇਣਾਂ ਦੇ ਨਾਲ ਕੀੜੇ ਅਤੇ ਮੈਲ ਦੇ ਕੀਟਾਣੂ ਵੀ ਮਿਲੇ ਸਨ। ਭਾਰਤ ਵਿਚ ਅੱਜ ਵੀ ‘ਡਾਇਓਕਸਿਨ’ ਨਾਮ ਦਾ ਇਕ ਰਸਾਇਣ ਨੈਪਕਿਨਾਂ ਵਿਚ ਭਾਰੀ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਦੁਨੀਆਂ ਦੇ ਉਨ੍ਹਾਂ 10 ਰਸਾਇਣਾਂ ਵਿਚੋਂ ਹੈ ਜੋ ਸੰਤੁਲਿਤ ਮਾਤਰਾ ਤੋਂ ਵੱਧ ਕਦੇ ਵੀ ਮਨੁੱਖੀ ਚਮੜੀ ਦੇ ਨੇੜੇ ਨਹੀਂ ਆਉਣਾ ਚਾਹੀਦਾ। ਇਸਦੀ ਮਾਤਰਾ ਨੂੰ ਕਾਬੂ ਵਿਚ ਕਰਨ ਲਈ ਅੱਜ ਵਿਕਸਿਤ ਦੇਸ਼ਾਂ ਵਿਚ ਨਵੇਂ ਕਨੂੰਨ ਬਣ ਗਏ ਹਨ, ਪਰ ਭਾਰਤ ਵਿਚ ਉਹ ਅੱਜ ਵੀ ਲਾਗੂ ਨਹੀਂ ਹੋਏ ਹਨ। ਇਸ ਰਸਾਇਣ ਨਾਲ ਬੱਚੇਦਾਨੀ ਦਾ ਕੈਂਸਰ, ਪੇਟ ਦਾ ਕੈਂਸਰ, ਬਾਂਝਪਣ, ਅਤੇ ਸ਼ੱਕਰਰੋਗ ਦੇ ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ, ਪਰ ਭਾਰਤ ਸਰਕਾਰ ਅਤੇ ਲੋਕ ਮੌਨ ਧਾਰੀ ਬੈਠੇ ਹਨ।
ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿਚ ਕੁਝ ਜਥੇਬੰਦੀਆਂ ਇਨ੍ਹਾਂ ਜ਼ਹਿਰੀਲੇ ਰਸਾਇਣਾਂ ’ਤੇ ਰੋਕ ਲਗਵਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਕੋਈ ਲਹਿਰ ਨਾ ਹੋਣ ਕਾਰਨ ਉਹ ਸਫਲ ਨਹੀਂ ਹੋ ਸਕੀਆਂ। ਮਾਹਵਾਰੀ ਦਾ ਟੈਬੂ ਅਤੇ ਸਾਡੀ ਚੁੱਪ ਔਰਤਾਂ ਦੇ ਸਰੀਰ ਨਾਲ ਬੇਹੱਦ ਬੇਇਨਸਾਫ਼ੀ ਕਰ ਰਹੀ ਹੈ। ਇਹ ਪੂੰਜੀਪਤੀਆਂ ਲਈ ਔਰਤਾਂ ਦੇ ਸਰੀਰ ਦੇ ਵਸਤੂਕਰਨ ਅਤੇ ਵਪਾਰੀਕਰਨ ਨੂੰ ਹੋਰ ਸੁਖਾਲਾ ਕਰਦੀ ਹੈ। ਅਸਲ ਵਿਚ ਮਾਹਵਾਰੀ ਨੂੰ ਛੁਪਾਉਣ ਅਤੇ ਸੰਭਾਲਣ ਦੀ ਵਿਚਾਰਧਾਰਾ ਔਰਤਾਂ ਦੇ ਖ਼ੂਨ ਨਾਲ ਰੰਗੀ ਗਈ ਹੈ। ਇਹ ਸਾਡੀਆਂ ਬੱਚੀਆਂ ਦੇ ਸਰੀਰਿਕ ਅਤੇ ਮਾਨਸਿਕ ਸ਼ੋਸ਼ਣ ਦੋਵਾਂ ਲਈ ਜ਼ਿੰਮੇਵਾਰ ਹੈ।
ਦਰਅਸਲ, ਮਾਹਵਾਰੀ ਉਸ ਸਮੇਂ ਦਾ ਪ੍ਰਤੀਕ ਹੈ ਜਦੋਂ ਇਕ ਬੱਚੀ ਆਪਣੇ ਸਰੀਰ ਵਿਚ ਹੁੰਦੀ ਉਥਲ ਪੁਥਲ ਨੂੰ ਸਮਝਣ ਦੀ ਜੱਦੋ ਜ਼ਹਿਦ ਵਿਚ ਮਸ਼ਰੂਫ ਹੁੰਦੀ ਹੈ। ਉਸ ਨਾਜ਼ੁਕ ਸਮੇਂ ਵਿਚ ਇਸ ਪ੍ਰਚਾਰ ਦਾ ਉਸਦੀ ਮਾਨਸਿਕਤਾ ’ਤੇ ਹਾਵੀ ਹੋਣਾ ਕਿ ਉਸਦਾ ਬਦਲਦਾ ਸਰੀਰ ਹੀ ਉਸਦੀ ਕਮਜ਼ੋਰੀ, ਅਪਰਾਧ ਅਤੇ ਗੁਨਾਹ ਹੈ, ਉਹ ਅਸ਼ੁੱਧ, ਅਪਵਿੱਤਰ ਅਤੇ ਨਾਪਾਕ ਹੈ, ਉਸਦੀ ਮਾਨਸਿਕਤਾ ਨੂੰ ਲਤਾੜ ਸਕਦਾ ਹੈ। ਜਿਸ ਸਮੇਂ ਮੁੰਡੇ ਆਪਣੇ ਬਦਲਦੇ ਸਰੀਰ ਵਿਚ ਮਾਣ ਮਹਿਸੂਸ ਕਰ ਰਹੇ ਹੁੰਦੇ ਹਨ ਕਿ ਹੁਣ ਉਨ੍ਹਾਂ ਨੇ ਮਰਦ ਬਣਨ ਦੇ ਰਾਹ ਵੱਲ ਪੈਰ ਪੁੱਟ ਲਏ ਹਨ, ਕੁੜੀਆਂ ਨੂੰ ਆਪਣਾ ਸਰੀਰ ਬੋਝ ਦੀ ਤਰ੍ਹਾਂ ਢੋਣਾ ਪੈਂਦਾ ਹੈ। ਸਰੀਰ ਮਨ ਦੀਆਂ ਰੀਝਾਂ ਦਾ ਕਾਤਲ ਬਣ ਜਾਂਦਾ ਹੈ ਕਿਉਂਕਿ ਹੁਣ ਉਹ ਬੱਚੀ ਸਕੂਲ ਨਹੀਂ ਜਾ ਸਕਦੀ, ਬਾਹਰ ਮੁੰਡੇ ਕੁੜੀਆਂ ਨਾਲ ਖੇਡ ਨਹੀਂ ਸਕਦੀ, ਆਪਣੀ ਚੋਣ ਦੇ ਕੱਪੜੇ ਨਹੀਂ ਪਾ ਸਕਦੀ। ਵਾਰੀ ਵਾਰੀ ਹਰ ਮਹੀਨੇ ਦੇ ‘ਉਹ ਦਿਨ’ ਯਾਦ ਕਰਵਾਉਂਦੇ ਹਨ ਕਿ ਉਹ ਦੁਜੈਲੀ ਹੈ ਅਤੇ ਹੀਣਤਾ ਉਸਦੀ ਹੋਂਦ ਹੈ।
ਅੱਜ ਕੁੜੀਆਂ ਮਾਹਵਾਰੀ ਨੂੰ ਲੁਕੋਣ ਦੀ ਰਸਮ ਵਿਚ ਇਸ ਤਰ੍ਹਾਂ ਖੁੱਭ ਚੁੱਕੀਆਂ ਹਨ ਕਿ ਉਹ ਆਪਣੇ ਆਪ ਨੂੰ ਲੁਕੋਣ ਤਕ ਮਜਬੂਰ ਹੋ ਜਾਂਦੀਆਂ ਹਨ। ਪਿਛਲੇ ਸਾਲ ਮੈਂ ਰਾਜਸਥਾਨ ਵਿਚ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ ਦੇ ਮਾਹਵਾਰੀ ਨਾਲ ਜੁੜੇ ਇਕ ਪ੍ਰਾਜੈਕਟ ਦੀ ਅਗਵਾਈ ਕਰ ਰਹੀ ਸੀ, ਉਦੋਂ ਜੈਪੁਰ ਦੀ ਝੁੱਗੀ ਵਿਚ ਰਹਿੰਦੀਆਂ ਉਨ੍ਹਾਂ ਔਰਤਾਂ ਨਾਲ ਮਿਲੀ ਜੋ ਕੱਪੜਿਆਂ ਦੀ ਕਮੀ ਅਤੇ ਮਾਹਵਾਰੀ ਦੀ ਸ਼ਰਮ ਕਾਰਨ ਮਾਹਵਾਰੀ ਦੇ ਦਿਨਾਂ ਵਿਚ ਘਰ ਵਿਚ ਬੰਦ ਰਹਿੰਦੀਆਂ ਹਨ। ਉਨ੍ਹਾਂ ਦਾ ਜੀਵਨ ਉਸੇ ਕੁੜੀ ਵਾਂਗ ਹੈ ਜਿਸਦੀ ਨੇਪਾਲ ਵਿਚ ਮਾਹਵਾਰੀ ਦੌਰਾਨ ਝੌਂਪੜੀ ਵਿਚ ਹੀ ਤੜੇ ਰਹਿਣ ਵਾਲੀ ਪ੍ਰਥਾ ਕਾਰਨ ਮੌਤ ਹੋ ਗਈ ਸੀ। ਚੰਗੇ ਘਰਾਂ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਅਤੇ ਔਰਤਾਂ ਵੀ ਕਾਲੇ ਲਿਫ਼ਾਫ਼ੇ ਵਿਚ ਨੈਪਕਿਨ ਲੁਕੋ ਲੁਕੋ ਕੇ ਆਪਣੀ ਮਾਹਵਾਰੀ ਨੂੰ ਸਾਰੀ ਉਮਰ ਘਰਦਿਆਂ ਤੋਂ ਓਹਲੇ ਰੱਖਣ ਦੀਆਂ ਲੱਖਾਂ ਕੋਸ਼ਿਸ਼ਾਂ ਕਰਦੀਆਂ ਹਨ। ਇਨ੍ਹਾਂ ਹਾਲਤਾਂ ਵਿਚ ਸਵਾਲ ਉੱਠਦਾ ਹੈ ਕਿ ਆਖਿਰ ਕਿਉਂ ਮਾਹਵਾਰੀ ਇਕ ਅਪਵਿੱਤਰ ਤੇ ਦਾਗੀ ਪ੍ਰਕਿਰਿਆ ਮੰਨੀ ਜਾਂਦੀ ਹੈ? ਕਿਉਂ ਮਾਹਵਾਰੀ ਦਾ ਬੱਜ ਜੋ ਔਰਤਾਂ ਦੀ ਸਿਹਤ ਲਈ ਘਾਤਕ ਸਿੱਧ ਹੋ ਚੁੱਕਿਆ ਹੈ, ਸਾਡੇ ਸਮਾਜ ਲਈ ਇੰਨਾ ਮਹੱਤਵਪੂਰਨ ਹੈ?
ਇਸ ਵਿਹਾਰ ਨੂੰ ਰੋਕਣਾ ਅੱਜ ਦੀ ਲੋੜ ਹੈ। ਅੱਜ ਲੋੜ ਹੈ ਸਾਨੂੰ ਗ਼ੈਰਜ਼ਰੂਰੀ ਰਿਵਾਜਾਂ ਅਤੇ ਵਿਚਾਰਧਾਰਾ ਤੋਂ ਆਜ਼ਾਦ ਹੋਣ ਦੀ ਤਾਂ ਜੋ ਔਰਤ ਦੀ ਦੇਹ ਅਤੇ ਰੂਹ ਨਾਲ ਹੁੰਦੇ ਅਨਿਆਂ ਖਿਲਾਫ਼ ਅਸੀਂ ਬੋਲ ਸਕੀਏ। ਮਾਹਵਾਰੀ ਨੂੰ ਜ਼ਿੰਦਗੀ ਦਾ ਇਕ ਆਮ ਹਿੱਸਾ ਬਣਾਇਆ ਜਾਵੇ ਜਿਸ ਬਾਰੇ ਗੱਲ ਕਰਨਾ ਵਰਜਿਤ ਨਾ ਰਹੇ ਸਗੋਂ ਬੱਚੀਆਂ ਨੂੰ ਇਸ ਨਾਜ਼ੁਕ ਵੇਲੇ ਹਰ ਤਰ੍ਹਾਂ ਦੀ ਮਾਨਸਿਕ ਤੇ ਸਰੀਰਿਕ ਮਦਦ ਮਿਲੇ। ਅੱਜ ਉਨ੍ਹਾਂ ਪੁੰਗਰਦੀਆਂ ਕਲੀਆਂ ਦੀ ਜ਼ਿੰਦਗੀ ਸਾਡੇ ਹੱਥ ਹੈ ਜਿਨ੍ਹਾਂ ਨੂੰ ਸਾਡਾ ਸਮਾਜ ਫੁੱਲ ਬਣਨ ਤੋਂ ਪਹਿਲਾਂ ਹੀ ਕੁਚਲ ਦਿੰਦਾ ਹੈ। ਅਸੀਂ ਕੋਸ਼ਿਸ਼ ਕਰੀਏ ਕਿ ਸਾਰੇ ਫੁੱਲ ਖਿੜਨ, ਮਹਿਕਣ ਅਤੇ ਆਪਣੇ ਲਈ ਨਵੇਂ ਰਸਤੇ ਤਲਾਸ਼ਣ।

*ਖੋਜ-ਵਿਦਿਆਰਥੀ, ਆਕਸਫੋਰਡ ਯੂਨੀਵਰਸਿਟੀ, ਲੰਡਨ (ਬਰਤਾਨੀਆ)
ਈਮੇਲ: nikarora0309@gmail.com


Comments Off on ਅਰਮਾਨਾਂ ਦੇ ਘਾਤ ਦਾ ਕਾਰਨ ਬਣਦੀ ਦਾਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.