ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

1919 ਦੀ ਇਕ ਗੱਲ

Posted On April - 13 - 2019

ਸਮਰਾਲੇ ਵਿਚ ਜੰਮੇ ਸਾਅਦਤ ਹਸਨ ਮੰਟੋ ਨੇ ਆਪਣਾ ਬਚਪਨ ਤੇ ਚੜ੍ਹਦੀ ਜਵਾਨੀ ਸ਼ਹਿਰ ਅੰਮ੍ਰਿਤਸਰ ਵਿਚ ਗੁਜ਼ਾਰੇ। ਉਸਨੇ ਅੰਮ੍ਰਿਤਸਰ ਅਤੇ ਦੇਸ਼ ਵੰਡ ਬਾਰੇ ਯਾਦਗਾਰੀ ਕਹਾਣੀਆਂ ਲਿਖੀਆਂ। ਇਹ ਕਹਾਣੀ ਅੰਮ੍ਰਿਤਸਰ ਵਿਚ 10 ਅਪਰੈਲ 1919 ਦੇ ਨੇੜੇ-ਤੇੜੇ ਵਾਪਰੀਆਂ ਘਟਨਾਵਾਂ ਬਾਰੇ ਹੈ। ਇਸਦਾ ਪੰਜਾਬੀ ਵਿਚ ਅਨੁਵਾਦ ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੇ ਕੀਤਾ ਹੈ।

ਸਾਅਦਤ ਹਸਨ ਮੰਟੋ

ਅੰਮ੍ਰਿਤਸਰ ਦੇ ਉੱਚਾ ਪੁਲ ਦੀ ਪੁਰਾਣੀ ਤਸਵੀਰ, ਜਿਸਦਾ ਜ਼ਿਕਰ ਇਸ ਕਹਾਣੀ ਵਿਚ ਵੀ ਆਉਂਦਾ ਹੈ।

ਇਹ 1919 ਦੀ ਗੱਲ ਏ ਭਰਾ ਜੀ ਜਦੋਂ ਰੋਲਟ ਐਕਟ ਦੇ ਵਿਰੁੱਧ ਸਾਰੇ ਪੰਜਾਬ ਵਿਚ ਅੰਦੋਲਨ ਹੋ ਰਿਹਾ ਸੀ। ਮੈਂ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਹਾਂ। ਸਰ ਮਾਈਕਲ ਓ-ਡਵਾਇਰ ਨੇ ਭਾਰਤ ਸੁਰੱਖਿਆ ਕਾਨੂੰਨ ਦੇ ਅਧੀਨ ਗਾਂਧੀ ਜੀ ਦਾ ਦਾਖ਼ਲਾ ਪੰਜਾਬ ਵਿਚ ਬੰਦ ਕਰ ਦਿੱਤਾ ਸੀ। ਉਹ ਇਧਰ ਆ ਰਹੇ ਸਨ ਕਿ ਪਲਵਲ ਦੇ ਸਥਾਨ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਵਾਪਸ ਬੰਬਈ ਘੱਲ ਦਿੱਤਾ ਗਿਆ। ਜਿੱਥੋਂ ਤਾਈਂ ਮੈ ਸਮਝਦਾ ਹਾਂ ਭਰਾ ਜੀ ਜੇ ਅੰਗਰੇਜ਼ ਇਹ ਗ਼ਲਤੀ ਨਾ ਕਰਦਾ ਤਾਂ ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਉਸ ਦੀ ਹਕੂਮਤ ਦੇ ਕਾਲੇ ਇਤਿਹਾਸ ਵਿਚ ਅਜਿਹੇ ਖ਼ੂਨੀ ਵਰਕੇ ਦਾ ਵਾਧਾ ਕਦੀ ਨਾ ਕਰਦੀ।
ਕੀ ਹਿੰਦੂ, ਕੀ ਮੁਸਲਮਾਨ ਤੇ ਕੀ ਸਿੱਖ ਸਾਰਿਆਂ ਦੇ ਮਨਾਂ ਵਿਚ ਗਾਂਧੀ ਜੀ ਦੀ ਬੜੀ ਇੱਜ਼ਤ ਸੀ। ਜਦੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਲਾਹੌਰ ਪਹੁੰਚੀ ਤਾਂ ਸਾਰਾ ਕਾਰੋਬਾਰ ਇਕਦਮ ਬੰਦ ਹੋ ਗਿਆ। ਇੱਥੇ ਅੰਮ੍ਰਿਤਸਰ ਵਾਲਿਆਂ ਨੂੰ ਪਤਾ ਲੱਗਾ ਕਿ ਚੁਟਕੀਆਂ ਵਿਚ ਮੁਕੰਮਲ ਹੜਤਾਲ ਹੋ ਗਈ।
ਕਹਿੰਦੇ ਹਨ ਕਿ ਨੌਂ ਅਪਰੈਲ ਦੀ ਸ਼ਾਮ ਨੂੰ ਡਾ. ਸਤਪਾਲ ਅਤੇ ਡਾ. ਕਿਚਲੂ ਦੇ ਦੇਸ਼ ਨਿਕਾਲੇ ਦੇ ਆਦੇਸ਼ ਡਿਪਟੀ ਕਮਿਸ਼ਨਰ ਨੂੰ ਮਿਲ ਗਏ ਸਨ। ਉਹ ਉਨ੍ਹਾਂ ਦੀ ਤਾਅਮੀਲ ਲਈ ਤਿਆਰ ਨਹੀਂ ਸੀ। ਇਸ ਲਈ ਕਿ ਉਹਦੇ ਖ਼ਿਆਲ ਅਨੁਸਾਰ ਅੰਮ੍ਰਿਤਸਰ ਵਿਚ ਕਿਸੇ ਭੜਕਾਉਣ ਵਾਲੀ ਘਟਨਾ ਦਾ ਖ਼ਤਰਾ ਨਹੀਂ ਸੀ। ਲੋਕ ਰੋਸ ਪ੍ਰਗਟ ਕਰਨ ਲਈ ਸ਼ਾਂਤਮਈ ਢੰਗ ਨਾਲ ਜਲਸੇ ਆਦਿ ਕਰਦੇ ਸਨ, ਜਿਨ੍ਹਾਂ ਤੋਂ ਹਿੰਸਾ ਦਾ ਸਵਾਲ ਈ ਪੈਦਾ ਨਹੀਂ ਸੀ ਹੁੰਦਾ। ਮੈਂ ਆਪਣੀ ਅੱਖੀ ਡਿੱਠਾ ਹਾਲ ਦੱਸਦਾ ਹਾਂ। ਨੌਂ ਅਪਰੈਲ ਨੂੰ ਰਾਮ-ਨੌਮੀ ਸੀ। ਜਲੂਸ ਨਿਕਲਿਆ ਪਰ ਮਜਾਲ ਏ ਜੇ ਕਿਸੇ ਨੇ ਹਾਕਮਾਂ ਦੀ ਮਰਜ਼ੀ ਦੇ ਉਲਟ ਇਕ ਵੀ ਕਦਮ ਚੁੱਕਿਆ ਹੋਵੇ, ਪਰ ਭਰਾ ਜੀ ਸਰ ਮਾਈਕਲ ਪੁੱਠੀ ਖੋਪੜੀ ਦਾ ਬੰਦਾ ਸੀ। ਉਹਨੇ ਡਿਪਟੀ ਕਮਿਸ਼ਨਰ ਦੀ ਇਕ ਨਾ ਸੁਣੀ। ਉਹਨੂੰ ਬੱਸ ਇੱਕੋ ਡਰ ਲੱਗਾ ਹੋਇਆ ਸੀ ਕਿ ਇਹ ਲੀਡਰ ਮਹਾਤਮਾ ਗਾਂਧੀ ਦੇ ਇਸ਼ਾਰੇ ’ਤੇ ਸਾਮਰਾਜ ਦਾ ਤਖ਼ਤਾ ਉਲਟਣ ਦੇ ਪਿੱਛੇ ਪਏ ਹੋਏ ਨੇ ਅਤੇ ਜਿਹੜੇ ਜਲਸੇ ਤੇ ਹੜਤਾਲਾਂ ਹੋ ਰਹੀਆਂ ਹਨ, ਉਨ੍ਹਾਂ ਦੇ ਪਿੱਛੇ ਇਹ ਈ ਸਾਜ਼ਿਸ਼ ਕੰਮ ਕਰ ਰਹੀ ਏ।

ਸਾਅਦਤ ਹਸਨ ਮੰਟੋ

ਡਾ. ਕਿਚਲੂ ਅਤੇ ਡਾ. ਸਤਪਾਲ ਦੇ ਦੇਸ਼ ਨਿਕਾਲੇ ਦੀ ਖ਼ਬਰ ਸ਼ਹਿਰ ਵਿਚ ਅੱਗ ਵਾਂਗ ਫੈਲ ਗਈ। ਲੋਕਾਂ ਦੇ ਦਿਲ ਡਰੇ ਹੋਏ ਸਨ। ਹਰ ਵੇਲੇ ਇਹ ਧੁੜਕੂ ਲੱਗਾ ਰਹਿੰਦਾ ਸੀ ਕਿ ਕੋਈ ਬਹੁਤ ਵੱਡੀ ਘਟਨਾ ਵਾਪਰਨ ਵਾਲੀ ਏ, ਪਰ ਭਰਾ ਜੀ ਜੋਸ਼ ਬਹੁਤ ਜ਼ਿਆਦਾ ਸੀ। ਕਾਰੋਬਾਰ ਬੰਦ ਸਨ। ਸ਼ਹਿਰ ਕਬਰਿਸਤਾਨ ਬਣਿਆ ਹੋਇਆ ਸੀ, ਪਰ ਏਸ ਕਬਰਿਸਤਾਨ ਦੀ ਖ਼ਾਮੋਸ਼ੀ ਵਿਚ ਵੀ ਇਕ ਸ਼ੋਰ-ਸ਼ਰਾਬਾ ਸੀ। ਜਦੋਂ ਡਾ. ਕਿਚਲੂ ਅਤੇ ਡਾ. ਸਤਪਾਲ ਦੀ ਗ੍ਰਿਫ਼ਤਾਰੀ ਦੀ ਖ਼ਬਰ ਆਈ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਏ ਤਾਂ ਜੋ ਰਲ ਕੇ ਡਿਪਟੀ ਕਮਿਸ਼ਨਰ ਦੇ ਕੋਲ ਜਾ ਕੇ ਆਪਣੇ ਪਿਆਰੇ ਲੀਡਰਾਂ ਦੇ ਦੇਸ਼ ਨਿਕਾਲੇ ਦਾ ਹੁਕਮ ਰੱਦ ਕਰਾਉਣ ਲਈ ਬੇਨਤੀ ਕਰਨ। ਪਰ ਭਰਾ ਜੀ ਉਹ ਜ਼ਮਾਨਾ ਬੇਨਤੀਆਂ ਸੁਣਨ ਦਾ ਨਹੀਂ ਸੀ। ਸਰ ਮਾਈਕਲ ਫਰਊਣ ਵਰਗਾ ਵੱਡਾ ਹਾਕਮ ਸੀ। ਉਹਨੇ ਬੇਨਤੀ ਸੁਣਨਾ ਤਾਂ ਇਕ ਪਾਸੇ ਰਿਹਾ, ਲੋਕਾਂ ਦੇ ਏਸ ਇਕੱਠ ਨੂੰ ਹੀ ਗ਼ੈਰ-ਕਾਨੂੰਨੀ ਕਹਿ ਦਿੱਤਾ।
ਅੰਮ੍ਰਿਤਸਰ-ਉਹ ਅੰਮ੍ਰਿਤਸਰ, ਜੋ ਕਦੀ ਆਜ਼ਾਦੀ ਦੇ ਅੰਦੋਲਨ ਦਾ ਸਭ ਤੋਂ ਵੱਡਾ ਕੇਂਦਰ ਸੀ,ਜਿਸ ਦੀ ਛਾਤੀ ’ਤੇ ਜੱਲ੍ਹਿਆਂ ਵਾਲਾ ਬਾਗ਼ ਵਰਗਾ ਗੌਰਵਸ਼ਾਲੀ ਜ਼ਖ਼ਮ ਸੀ, ਅੱਜ ਕਿਸ ਹਾਲਤ ਵਿਚ ਏ?..ਪਰ ਛੱਡੋ ਏਸ ਕਿੱਸੇ ਨੂੰ। ਦਿਲ ਨੂੰ ਬੜਾ ਦੁੱਖ ਹੁੰਦਾ ਏ। ਲੋਕ ਆਖਦੇ ਹਨ ਕਿ ਏਸ ਪਵਿੱਤਰ ਸ਼ਹਿਰ ਵਿਚ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਜੋ ਕੁਝ ਹੋਇਆ ਉਹਦੇ ਜ਼ਿੰਮੇਵਾਰ ਵੀ ਅੰਗਰੇਜ਼ ਹਨ। ਹੋਵੇਗਾ ਭਰਾ ਜੀ, ਪਰ ਸੱਚ ਪੁੱਛੋ ਤਾਂ ਉਹ ਲਹੂ ਜਿਹੜਾ ਉੱਥੇ ਡੁੱਲ੍ਹਿਆ,ਵਿਚ ਸਾਡੇ ਆਪਣੇ ਈ ਹੱਥ ਰੰਗੇ ਹੋਏ ਨਜ਼ਰ ਆਉਂਦੇ ਹਨ। ਖ਼ੈਰ!
ਡਿਪਟੀ ਕਮਿਸ਼ਨਰ ਦਾ ਬੰਗਲਾ ਸਿਵਲ ਲਾਈਨ ਵਿਚ ਸੀ, ਹਰ ਵੱਡਾ ਅਫ਼ਸਰ ਅਤੇ ਹਰ ਵੱਡਾ ਟੋਡੀ ਸ਼ਹਿਰ ਦੇ ਉਸ ਹਿੱਸੇ ਵਿਚ ਰਹਿੰਦਾ ਸੀ-ਤੁਸੀਂ ਅੰਮ੍ਰਿਤਸਰ ਵੇਖਿਆ ਏ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਸ਼ਹਿਰ ਅਤੇ ਸਿਵਲ ਲਾਈਨ ਨੂੰ ਮਿਲਾਉਣ ਵਾਲਾ ਇੱਕੋ ਪੁਲ ਏ ਜਿਸ ਤੋਂ ਬੰਦਾ ਠੰਢੀ ਸੜਕ ’ਤੇ ਪੁੱਜਦਾ ਏ, ਜਿੱਥੇ ਹਾਕਮਾਂ ਨੇ ਆਪਣੇ ਲਈ ਧਰਤੀ ਉਤੇ ਸਵਰਗ ਬਣਾਇਆ ਹੋਇਆ ਸੀ।
ਭੀੜ ਜਦੋਂ ਹਾਲ ਦਰਵਾਜ਼ੇ ਦੇ ਕੋਲ ਪੁੱਜੀ ਤਾ ਪਤਾ ਲੱਗਾ ਕਿ ਪੁਲ ਉੱਤੇ ਘੋੜ ਸਵਾਰਾਂ ਦਾ ਪਹਿਰਾ ਏ। ਭੀੜ ਜ਼ਰਾ ਵੀ ਨਾ ਰੁਕੀ ਅਤੇ ਅੱਗੇ ਈ ਅੱਗੇ ਵਧਦੀ ਗਈ। ਭਰਾ ਜੀ, ਮੈਂ ਉਸ ਵਿਚ ਸ਼ਾਮਲ ਸੀ। ਕਿੰਨਾ ਜੋਸ਼ ਸੀ, ਇਹ ਮੈਂ ਦੱਸ ਨਹੀਂ ਸਕਦਾ। ਪਰ ਸਭ ਨਿਹੱਥੇ ਸਨ। ਕਿਸੇ ਕੋਲ ਸਾਧਾਰਨ ਜਿਹੀ ਸੋਟੀ ਵੀ ਨਹੀਂ ਸੀ। ਅਸਲ ’ਚ ਉਹ ਤਾਂ ਸਿਰਫ਼ ਏਸ ਗਰਜ਼ ਨਾਲ ਨਿਕਲੇ ਸੀ ਪਈ ਇਕੱਠ ਦੇ ਰੂਪ ਵਿਚ ਆਪਣੀ ਆਵਾਜ਼ ਸ਼ਹਿਰ ਦੇ ਹਾਕਮਾਂ ਤਕ ਪੁਚਾਣ ਅਤੇ ਉਹਨੂੰ ਬੇਨਤੀ ਕਰਨ ਕਿ ਡਾ. ਕਿਚਲੂ ਅਤੇ ਡਾ. ਸਤਪਾਲ ਨੂੰ ਬਿਨਾਂ ਕਿਸੇ ਸ਼ਰਤ ਤੋਂ ਰਿਹਾਅ ਕਰ ਦੇਵੇ। ਭੀੜ ਪੁਲ ਵੱਲ ਵੱਧਦੀ ਰਹੀ। ਲੋਕ ਨੇੜੇ ਪੁੱਜੇ ਤਾਂ ਗੋਰਿਆਂ ਨੇ ਫ਼ਾਇਰ ਸ਼ੁਰੂ ਕਰ ਦਿੱਤੇ। ਏਸ ਨਾਲ ਭਾਜੜ ਪੈ ਗਈ। ਉਹ ਗਿਣਤੀ ਵਿਚ ਸਿਰਫ਼ 20-25 ਸਨ ਅਤੇ ਭੀੜ ਵਿਚ ਲੋਕ ਸੈਂਕੜਿਆਂ ਦੀ ਗਿਣਤੀ ਵਿਚ ਸਨ। ਪਰ ਭਰਾ ਜੀ, ਗੋਲੀ ਦੀ ਦਹਿਸ਼ਤ ਬਹੁਤ ਹੁੰਦੀ ਏ। ਅਜਿਹੀ ਹਫੜਾ-ਦਫੜੀ ਮਚੀ ਕਿ ਰੱਬ ਬਚਾਏ। ਕੁਝ ਗੋਲੀਆਂ ਨਾਲ ਜ਼ਖ਼ਮੀ ਹੋਏ ਅਤੇ ਕੁਝ ਭਾਜੜ ਵਿਚ ਮਿੱਧੇ ਗਏ।
ਸੱਜੇ ਹੱਥ ਗੰਦਾ ਨਾਲਾ ਸੀ। ਧੱਕਾ ਵੱਜਾ ਤਾਂ ਮੈਂ ਉਸ ਵਿਚ ਡਿੱਗ ਪਿਆ। ਗੋਲੀਆਂ ਚੱਲਣੀਆਂ ਬੰਦ ਹੋ ਗਈਆਂ ਤਾਂ ਮੈਂ ਉਠ ਕੇ ਵੇਖਿਆ। ਭੀੜ ਖਿੰਡ ਚੁੱਕੀ ਸੀ। ਜ਼ਖ਼ਮੀ ਸੜਕ ਉੱਤੇ ਪਏ ਸਨ ਅਤੇ ਪੁਲ ਉੱਤੇ ਖੜ੍ਹੇ ਗੋਰੇ ਹੱਸ ਰਹੇ ਸਨ। ਭਰਾ ਜੀ ਮੈਨੂੰ ਪੱਕਾ ਯਾਦ ਨਹੀਂ ਕਿ ਉਸ ਵੇਲੇ ਮੇਰੀ ਮਾਨਸਿਕ ਹਾਲਤ ਕਿਹੋ ਜਿਹੀ ਸੀ। ਮੇਰਾ ਖ਼ਿਆਲ ਏ ਪਈ ਮੇਰੀ ਸੁਰਤ ਪੂਰੀ ਕਾਇਮ ਨਹੀਂ ਸੀ। ਗੰਦੇ ਨਾਲੇ ਵਿਚ ਡਿੱਗਣ ਵੇਲੇ ਤਾਂ ਮੈਨੂੰ ਉੱਕਾ ਹੋਸ਼ ਨਹੀਂ ਸੀ। ਜਦੋਂ ਬਾਹਰ ਨਿਕਲਿਆ ਤਾਂ ਜੋ ਘਟਨਾ ਵਾਪਰੀ ਸੀ, ਉਹਦੇ ਚਿੰਨ੍ਹ ਹੌਲੀ-ਹੌਲੀ ਮੇਰੇ ਦਿਮਾਗ਼ ਵਿਚ ਉੱਭਰਨੇ ਸ਼ੁਰੂ ਹੋਏ।
ਦੂਰੋਂ ਰੌਲੇ ਦੀ ਆਵਾਜ਼ ਆ ਰਹੀ ਸੀ ਜਿਵੇਂ ਬਹੁਤ ਸਾਰੇ ਲੋਕ ਗੁੱਸੇ ਵਿਚ ਚੀਕ-ਚਿਹਾੜਾ ਪਾ ਰਹੇ ਹੋਣ। ਮੈਂ ਗੰਦਾ ਨਾਲਾ ਪਾਰ ਕਰਕੇ ਪੀਰ ਦੇ ਤਕੀਏ ਤੋਂ ਹੁੰਦਾ ਹੋਇਆ ਹਾਲ ਦਰਵਾਜ਼ੇ ਦੇ ਕੋਲ ਪੁੱਜਾ ਤਾਂ ਵੇਖਿਆ ਕਿ ਜੋਸ਼ ਵਿਚ ਭਰੇ ਹੋਏ ਤੀਹ-ਚਾਲੀ ਗੱਭਰੂ ਵੱਟੇ ਚੁੱਕ-ਚੁੱਕ ਕੇ ਦਰਵਾਜ਼ੇ ਦੇ ਕਲਾਕ ’ਤੇ ਮਾਰ ਰਹੇ ਹਨ। ਉਹਦਾ ਸ਼ੀਸ਼ਾ ਟੁੱਟ ਕੇ ਸੜਕ ਉੱਤੇ ਡਿੱਗ ਪਿਆ ਤਾਂ ਇਕ ਮੁੰਡੇ ਨੇ ਬਾਕੀਆਂ ਨੂੰ ਆਖਿਆ, ‘‘ਚਲੋ ਮਲਕਾ ਦਾ ਬੁੱਤ ਤੋੜੀਏ।’’
ਦੂਜੇ ਨੇ ਕਿਹਾ, ‘‘ ਨਹੀਂ ਯਾਰ-ਕੋਤਵਾਲੀ ਨੂੰ ਅੱਗ ਲਾਈਏ।’’,
ਤੀਜੇ ਨੇ ਕਿਹਾ,‘‘ਅਤੇ ਸਾਰੇ ਬੈਂਕਾਂ ਨੂੰ ਵੀ।’’
ਚੌਥੇ ਨੇ ਉਨ੍ਹਾਂ ਨੂੰ ਰੋਕਿਆ,‘‘ਰੁਕੋ-ਏਸ ਨਾਲ ਕੀ ਲਾਭ ਹੋਵੇਗਾ? ਚਲੋ ਪੁਲ ’ਤੇ ਚੱਲ ਕੇ ਉਨ੍ਹਾਂ ਨੂੰ ਮਾਰੀਏ।’’
ਮੈਂ ਉਹਨੂੰ ਪਛਾਣ ਲਿਆ। ਇਹ ਥੈਲਾ ਕੰਜਰ ਸੀ…ਨਾਂ ਮੁਹੰਮਦ ਤੁਫੈਲ ਸੀ ਪਰ ਥੈਲਾ ਕੰਜਰ ਦੇ ਨਾਂ ਨਾਲ ਮਸ਼ਹੂਰ ਸੀ। ਏਸ ਲਈ ਕਿ ਉਹ ਇਕ ਵੇਸਵਾ ਦੀ ਕੁੱਖੋਂ ਜੰਮਿਆ ਸੀ। ਬੜਾ ਆਵਾਰਾਗਰਦ ਸੀ। ਨਿੱਕੀ ਉਮਰੇ ਈ ਉਹਨੂੰ ਜੂਏ ਅਤੇ ਸ਼ਰਾਬ ਪੀਣ ਦੀ ਭੈੜੀ ਆਦਤ ਪੈ ਗਈ ਸੀ। ਉਹਦੀਆਂ ਦੋ ਭੈਣਾਂ ਸ਼ਮਸ਼ਾਦ ਅਤੇ ਅਲਮਾਸ ਆਪਣੇ ਵੇਲੇ ਦੀਆਂ ਬਹੁਤ ਹੁਸੀਨ ਵੇਸਵਾਵਾਂ ਸਨ। ਦੋਵੇਂ ਆਪਣੇ ਭਰਾ ਦੀਆਂ ਕਰਤੂਤਾਂ ਤੋਂ ਬਹੁਤ ਦੁਖੀ ਸਨ। ਸ਼ਹਿਰ ਵਿਚ ਮਸ਼ਹੂਰ ਸੀ ਕਿ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਉਹਨੂੰ ਘਰੋਂ ਕੱਢਿਆ ਹੋਇਆ ਏ। ਫੇਰ ਵੀ ਉਹ ਕਿਸੇ ਨਾ ਕਿਸੇ ਬਹਾਨੇ ਆਪਣੀਆਂ ਲੋੜਾਂ ਵਾਸਤੇ ਉਨ੍ਹਾਂ ਕੋਲੋਂ ਕੁਝ ਨਾ ਕੁਝ ਮਾਰ ਈ ਲੈਂਦਾ ਸੀ। ਉਂਜ ਉਹ ਬਣ-ਠਣ ਦੇ ਰਹਿੰਦਾ ਸੀ, ਚੰਗਾ ਖਾਂਦਾ-ਪੀਂਦਾ ਸੀ। ਬੜਾ ਨਫ਼ਾਸਤ ਪਸੰਦ ਸੀ। ਬਹੁਤ ਮਾਖੌਲੀਆ ਸੁਭਾਅ ਸੀ ਉਹਦਾ। ਮਿਰਾਸੀਆਂ ਅਤੇ ਭੰਡਾਂ ਦੇ ਘਟੀਆਪਣ ਤੋਂ ਬਹੁਤ ਦੂਰ ਰਹਿੰਦਾ ਸੀ। ਉੱਚਾ ਲੰਮਾ ਕੱਦ ਤਗੜੇ ਹੱਡਾਂ-ਪੈਰਾਂ ਦਾ ਜਵਾਨ ਸੀ।
ਜੋਸ਼ ਵਿਚ ਆਏ ਮੁੰਡਿਆਂ ਨੇ ਉਹਦੀ ਗੱਲ ਨਾ ਸੁਣੀ ਅਤੇ ਮਲਕਾ ਦੇ ਬੁੱਤ ਵੱਲ ਟੁਰਨ ਲੱਗੇ। ਉਸ ਫਿਰ ਉਨ੍ਹਾਂ ਨੂੰ ਕਿਹਾ,‘‘ਮੈਂ ਆਖਿਆ ਏ ਪਈ ਆਪਣਾ ਜੋਸ਼ ਨਸ਼ਟ ਨਾ ਕਰੋ। ਇਧਰ ਆਓ ਮੇਰੇ ਨਾਲ-ਚਲੋ, ਉਨ੍ਹਾਂ ਗੋਰਿਆਂ ਨੂੰ ਮਾਰੀਏ ਜਿਨ੍ਹਾਂ ਨੇ ਸਾਡੇ ਬੇਕਸੂਰ ਬੰਦਿਆਂ ਦੀ ਜਾਨ ਲਈ ਏ ਅਤੇ ਉਨ੍ਹਾਂ ਨੂੰ ਜ਼ਖ਼ਮੀ ਕੀਤਾ ਏ…ਰੱਬ ਦੀ ਸਹੁੰ ਅਸੀਂ ਸਾਰੇ ਰਲ ਕੇ ਉਨ੍ਹਾਂ ਦੀ ਧੌਣ ਮਰੋੜ ਸਕਦੇ ਹਾਂ-ਚਲੋ।
ਕੁਝ ਜਾ ਚੁੱਕੇ ਸਨ। ਬਾਕੀ ਰੁਕ ਗਏ। ਥੈਲਾ ਪੁਲ ਵੱਲ ਅੱਗੇ ਵਧਿਆ ਤਾਂ ਉਹ ਉਹਦੇ ਪਿੱਛੇ ਟੁਰ ਗਏ। ਮੈਂ ਸੋਚਿਆ ਕਿ ਮਾਵਾਂ ਦੇ ਇਹ ਲਾਲ ਐਵੇਂ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਮੈਂ ਫਵਾਰੇ ਦੇ ਕੋਲ ਲੁਕਿਆ ਖੜ੍ਹਾ ਸੀ। ਉਥੋਂ ਈ ਥੈਲੇ ਨੂੰ ਆਵਾਜ਼ ਮਾਰ ਦਿੱਤੀ ਅਤੇ ਕਿਹਾ, ‘‘ਨਾ ਜਾ ਯਾਰ-ਕਿਉਂ ਆਪਣੀ ਅਤੇ ਇਨ੍ਹਾਂ ਦੀ ਜਾਨ ਪਿੱਛੇ ਪਿਆ ਏਂ।’’
ਥੈਲੇ ਨੇ ਇਹ ਸੁਣ ਕੇ ਇਕ ਅਜੀਬ ਜਿਹਾ ਠਹਾਕਾ ਮਾਰਿਆ ਅਤੇ ਮੈਨੂੰ ਕਿਹਾ,‘‘ਥੈਲਾ ਸਿਰਫ਼ ਇਹ ਦੱਸਣ ਚੱਲਿਆ ਏ ਕਿ ਉਹ ਗੋਲੀਆਂ ਤੋਂ ਡਰਨ ਵਾਲਾ ਨਹੀਂ।’’ ਫਿਰ ਉਹਨੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਕੇ ਕਿਹਾ,‘‘ਤੁਸੀਂ ਡਰਦੇ ਹੋ ਤਾਂ ਵਾਪਸ ਜਾ ਸਕਦੇ ਹੋ?’’
‘‘ਅਜਿਹੇ ਮੌਕਿਆਂ ’ਤੇ ਅੱਗੇ ਵਧੇ ਹੋਏ ਕਦਮ ਮੁੜ ਕਿਵੇਂ ਸਕਦੇ ਹਨ ਅਤੇ ਫਿਰ ਉਹ ਵੀ ਉਸ ਵੇਲੇ ਜਦੋਂ ਲੀਡਰ ਆਪਣੀ ਜਾਨ ਤਲੀ ’ਤੇ ਧਰ ਕੇ ਅੱਗੇ-ਅੱਗੇ ਜਾ ਰਿਹਾ ਹੋਵੇ। ਥੈਲੇ ਨੇ ਆਪਣੇ ਕਦਮ ਤੇਜ਼ ਕੀਤੇ ਤੇ ਉਹਦੇ ਸਾਥੀਆਂ ਨੂੰ ਵੀ ਕਰਨੇ ਪਏ।
ਹਾਲ ਦਰਵਾਜ਼ੇ ਤੋਂ ਪੁਲ ਦਾ ਫ਼ਾਸਲਾ ਕੁਝ ਬਹੁਤਾ ਨਹੀਂ
ਸੀ। ਜਿੱਥੋਂ ਪੁਲ ਦਾ ਦੋ-ਤਰਫਾ ਜੰਗਲਾ ਸ਼ੁਰੂ ਹੁੰਦਾ ਏ, ਉਥੋਂ ਪੰਦਰਾਂ-ਵੀਹ ਕਦਮ ਦੂਰ ਦੋ ਘੋੜ ਸਵਾਰ ਗੋਰੇ ਖੜ੍ਹੇ ਸਨ। ਥੈਲਾ ਨਾਅਰੇ ਮਾਰਦਾ ਹੋਇਆ ਜੰਗਲੇ ਦੇ ਕੋਲ ਪੁੱਜਾ ਤਾਂ ਫਾਇਰ ਹੋਇਆ। ਮੈਂ ਸਮਝਿਆ ਕਿ ਉਹ ਡਿੱਗ ਪਿਆ ਏ ਪਰ ਵੇਖਿਆ ਕਿ ਉਹ ਉਸੇ ਤਰ੍ਹਾਂ ਜਿਉਂਦਾ ਜਾਗਦਾ ਅੱਗੇ ਵਧ ਰਿਹਾ ਏ। ਉਹਦੇ ਬਾਕੀ ਸਾਥੀ ਡਰਦੇ ਮਾਰੇ ਭੱਜ ਪਏ ਸਨ। ਮੁੜ ਕੇ ਉਹਨੇ ਪਿੱਛੇ ਵੇਖ ਕੇ ਕਿਹਾ,‘‘ਭੱਜੋ ਨਾ-ਆਓ!’’
ਉਹਦਾ ਮੂੰਹ ਮੇਰੇ ਵੱਲ ਸੀ ਕਿ ਇਕ ਹੋਰ ਫਾਇਰ ਹੋਇਆ। ਮੁੜ ਕੇ ਉਹਨੇ ਗੋਰਿਆਂ ਵੱਲ ਤੱਕਿਆ ਅਤੇ ਪਿੱਠ ਉੱਤੇ ਹੱਥ ਫੇਰਿਆ…ਭਰਾ ਜੀ, ਨਜ਼ਰ ਤਾਂ ਮੈਨੂੰ ਕੁਝ ਨਹੀਂ ਆਉਣਾ ਚਾਹੀਦਾ ਸੀ ਪਰ ਮੈਂ ਵੇਖਿਆ ਕਿ ਉਹਦੀ ਚਿੱਟੀ ਬੋਸਕੀ ਦੀ ਕਮੀਜ਼ ’ਤੇ ਲਾਲ-ਲਾਲ ਦਾਗ਼ ਸਨ। ਉਹ ਹੋਰ ਤੇਜ਼ੀ ਨਾਲ ਅੱਗੇ ਵਧਿਆ ਜਿਵੇਂ ਜ਼ਖ਼ਮੀ ਸ਼ੇਰ ’ਤੇ ਇਕ ਹੋਰ ਫਾਇਰ ਹੋਇਆ। ਉਹ ਲੜਖੜਾਇਆ ਪਰ ਇਕਦਮ ਕਦਮ ਪੱਕੇ ਕਰਕੇ ਘੋੜ ਸਵਾਰ ਗੋਰੇ ’ਤੇ ਝਪਟਿਆ ਅਤੇ ਅੱਖ ਦੇ ਫੋਰ ਵਿਚ ਪਤਾ ਨਹੀਂ ਕੀ ਹੋਇਆ…ਘੋੜੇ ਦੀ ਪਿੱਠ ਖਾਲੀ ਸੀ। ਗੋਰਾ ਭੁੰਜੇ ਸੀ ਤੇ ਥੈਲਾ ਉਹਦੇ ਉੱਤੇ…ਦੂਜਾ ਗੋਰਾ ਜਿਹੜਾ ਨੇੜੇ ਈ ਸੀ ਪਹਿਲਾਂ ਬੁਖਲਾਇਆ ਫਿਰ ਉਹਨੇ ਡਰੇ ਹੋਏ ਨੇ ਘੋੜੇ ਨੂੰ ਰੋਕਿਆ ਅਤੇ ਧੜਾ-ਧੜ ਫਾਇਰ ਸ਼ੁਰੂ ਕਰ ਦਿੱਤੇ। ਏਸ ਤੋਂ ਮਗਰੋਂ ਜੋ ਕੁਝ ਹੋਇਆ ਮੈਨੂੰ ਪਤਾ ਨਹੀਂ। ਮੈਂ ਉਥੇ ਫਵਾਰੇ ਦੇ ਕੋਲ ਹੀ ਬੇਹੋਸ਼ ਹੋ ਕੇ ਡਿੱਗ ਗਿਆ।
ਭਰਾ ਜੀ, ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਘਰ ਵਿਚ ਸੀ। ਕੁਝ ਜਾਣ-ਪਛਾਣ ਵਾਲੇ ਬੰਦੇ ਉੱਥੋਂ ਚੁੱਕ ਲਿਆਏ ਸਨ। ਉਨ੍ਹਾਂ ਕੋਲੋਂ ਪਤਾ ਲੱਗਾ ਕਿ ਪੁਲ ’ਤੇ ਗੋਲੀਆਂ ਖਾ ਕੇ ਭੀੜ ਭੜਕ ਉੱਠੀ ਸੀ, ਜਿਸ ਦਾ ਨਤੀਜਾ ਇਹ ਹੋਇਆ ਕਿ ਮਲਕਾ ਦੇ ਬੁੱਤ ਨੂੰ ਤੋੜਨ ਦਾ ਯਤਨ ਕੀਤਾ ਗਿਆ। ਟਾਊਨ ਹਾਲ ਅਤੇ ਤਿੰਨ ਬੈਂਕਾਂ ਨੂੰ ਅੱਗ ਲੱਗੀ ਅਤੇ ਪੰਜ ਅੰਗਰੇਜ਼ ਮਾਰੇ ਗਏ। ਬੜੀ ਲੁੱਟਮਾਰ ਹੋਈ।
ਅੰਗਰੇਜ਼ ਅਫ਼ਸਰਾਂ ਨੂੰ ਲੁੱਟ-ਮਾਰ ਦਾ ਇੰਨਾ ਵਿਚਾਰ ਨਹੀਂ ਸੀ। ਪੰਜ ਜਾਂ ਛੇ ਅੰਗਰੇਜ਼ ਮਾਰੇ ਗਏ ਸਨ, ਉਨ੍ਹਾਂ ਦਾ ਬਦਲਾ ਲੈਣ ਲਈ ਜੱਲ੍ਹਿਆਂ ਵਾਲਾ ਬਾਗ਼ ਦੀ ਖ਼ੂਨੀ ਘਟਨਾ ਵਾਪਰੀ। ਡਿਪਟੀ ਕਮਿਸ਼ਨਰ ਬਹਾਦਰ ਨੇ ਸ਼ਹਿਰ ਦਾ ਕੰਟਰੋਲ ਜਨਰਲ ਡਾਇਰ ਦੇ ਹਵਾਲੇ ਕਰ ਦਿੱਤਾ। ਜਨਰਲ ਸਾਹਿਬ ਨੇ 12 ਅਪਰੈਲ 1919 ਨੂੰ ਫ਼ੌਜੀਆਂ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਮਾਰਚ ਕੀਤਾ ਅਤੇ ਦਰਜਨਾਂ ਬੇਕਸੂਰ ਬੰਦੇ ਗ੍ਰਿਫ਼ਤਾਰ ਕੀਤੇ। 13 ਤਰੀਕ ਨੂੰ ਜਲ੍ਹਿਆਂਵਾਲਾ ਬਾਗ਼ ਵਿਚ ਜਲਸਾ ਹੋਇਆ। ਕੋਈ ਪੰਝੀ ਕੁ ਹਜ਼ਾਰ ਲੋਕਾਂ ਦਾ ਇਕੱਠ ਸੀ। ਸ਼ਾਮ ਵੇਲੇ ਜਨਰਲ ਡਾਇਰ ਹਥਿਆਰਬੰਦ ਗੋਰਿਆਂ ਦੇ ਨਾਲ ਉੱਥੇ ਪੁੱਜਾ ਅਤੇ ਨਿਹੱਥੇ ਲੋਕਾਂ ਉੱਤੇ ਗੋਲੀਆਂ ਦਾ ਮੀਂਹ ਵਰਸਾਉਣਾ ਸ਼ੁਰੂ ਕਰ ਦਿੱਤਾ।
ਉਸ ਵੇਲੇ ਤਾਂ ਕਿਸੇ ਨੂੰ ਜਾਨੀ ਨੁਕਸਾਨ ਦਾ ਠੀਕ ਅਨੁਮਾਨ ਨਹੀਂ ਸੀ ਪਰ ਮਗਰੋਂ ਪੜਤਾੜ ਹੋਈ ਤਾਂ ਪਤਾ ਲੱਗਾ ਕਿ ਇਕ ਹਜ਼ਾਰ ਬੰਦੇ ਮਾਰੇ ਗਏ ਹਨ ਅਤੇ ਤਿੰਨ ਹਜ਼ਾਰ ਜ਼ਖ਼ਮੀ…ਪਰ ਮੈਂ ਥੈਲੇ ਦੀ ਗੱਲ ਕਰ ਰਿਹਾ ਸੀ…ਭਰਾ ਜੀ ਅੱਖੀ ਵੇਖੀਂ ਤੁਹਾਨੂੰ ਦੱਸ ਚੁੱਕਾ ਹਾਂ। ਬੇ-ਐਬ ਜ਼ਾਤ ਤਾਂ ਰੱਬ ਦੀ ਏ। ਮਰਨ ਵਾਲੇ ਵਿਚ ਚਾਹੇ ਸਾਰੇ ਐਬ ਸਨ। ਇਕ ਪੇਸ਼ਾਵਰ ਵੇਸਵਾ ਦੀ ਕੁੱਖੋਂ ਜੰਮਿਆ ਸੀ ਪਰ ਬੜਾ ਬਾਂਕਾ ਸੀ। ਮੈਂ ਹੁਣ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਸ ਲਾਅਨਤੀ ਗੋਰੇ ਦੀ ਪਹਿਲੀ ਗੋਲੀ ਵੀ ਉਹਨੂੰ ਵੱਜੀ ਸੀ। ਆਵਾਜ਼ ਸੁਣ ਕੇ ਉਹਨੇ ਜਦੋਂ ਪਿੱਛੇ ਮੁੜ ਕੇ ਆਪਣੇ ਸਾਥੀਆਂ ਵੱਲ ਵੇਖਿਆ ਸੀ ਅਤੇ ਉਨ੍ਹਾਂ ਨੂੰ ਹੌਸਲਾ ਦਿਵਾਇਆ ਸੀ ਤਾਂ ਜੋਸ਼ ਦੀ ਹਾਲਤ ਵਿਚ ਉਹਨੂੰ ਪਤਾ ਈ ਨਹੀਂ ਸੀ ਲੱਗਾ ਕਿ ਉਹਦੀ ਛਾਤੀ ਵਿਚ ਗਰਮ-ਗਰਮ ਸ਼ੀਸ਼ਾ ਉੱਤਰ ਚੁੱਕਾ ਏ। ਦੂਜੀ ਗੋਲੀ ਉਹਦੀ ਪਿੱਠ ਵਿਚ ਵੱਜੀ, ਤੀਜੀ ਫਿਰ ਛਾਤੀ ਵਿਚ…ਮੈਂ ਵੇਖਿਆ ਨਹੀਂ ਪਰ ਸੁਣਿਆ ਏ ਜਦੋਂ ਥੈਲੇ ਦੀ ਲਾਸ਼ ਗੋਰੇ ਨਾਲੋਂ ਵੱਖ ਕੀਤੀ ਗਈ ਤਾਂ ਉਹਦੇ ਦੋਵੇਂ ਹੱਥ ਗੋਰੇ ਦੀ ਗਰਦਨ ਵਿਚ ਇੰਨੀ ਬੁਰੀ ਤਰ੍ਹਾਂ ਖੁੱਭੇ ਹੋਏ ਸਨ ਕਿ ਅਲੱਗ ਨਹੀਂ ਸਨ ਹੁੰਦੇ… ਗੋਰਾ ਮਰ ਚੁੱਕਾ ਸੀ।
ਦੂਜੇ ਦਿਨ ਜਦੋਂ ਥੈਲੇ ਦੀ ਲਾਸ਼ ਦਫ਼ਨਾਉਣ ਲਈ ਉਹਦੇ ਘਰ ਵਾਲਿਆਂ ਦੇ ਹਵਾਲੇ ਕੀਤੀ ਗਈ ਤਾਂ ਉਹਦਾ ਸਰੀਰ ਗੋਲੀਆਂ ਨਾਲ ਛਾਨਣੀ ਹੋਇਆ ਪਿਆ ਸੀ। ਦੂਜੇ ਗੋਰੇ ਨੇ ਤਾਂ ਆਪਣਾ ਪੂਰਾ ਪਿਸਤੌਲ ਉਸ ਉੱਤੇ ਖਾਲੀ ਕਰ ਦਿੱਤਾ ਸੀ। ਉਹ ਸ਼ੈਤਾਨ ਦੇ ਬੱਚੇ ਨੇ ਸਿਰਫ਼ ਉਹਦੇ ਮੁਰਦਾ ਸਰੀਰ ’ਤੇ ਚਾਂਦਮਾਰੀ ਕੀਤੀ ਸੀ।
ਕਹਿੰਦੇ ਹਨ ਕਿ ਜਦੋਂ ਥੈਲੇ ਦੀ ਲਾਸ਼ ਮੁਹੱਲੇ ਵਿਚ ਪੁੱਜੀ ਤਾਂ ਰੋਣਾ-ਪਿੱਟਣਾ ਸ਼ੁਰੂ ਹੋ ਗਿਆ। ਆਪਣੀ ਬਰਾਦਰੀ ਵਿਚ ਉਹ ਇੰਨਾ ਹਰਮਨ-ਪਿਆਰਾ ਨਹੀਂ ਸੀ, ਪਰ ਉਹਦੀ ਕੀਮਾ ਕੀਮਾ ਲਾਸ਼ ਵੇਖ ਕੇ ਸਭ ਢਾਹਾਂ ਮਾਰ-ਮਾਰ ਕੇ ਰੋਣ ਲੱਗੇ। ਉਹਦੀਆਂ ਭੈਣਾਂ ਤਾਂ ਬੇਹੋਸ਼ ਹੋ ਗਈਆਂ। ਜਦੋਂ ਜਨਾਜ਼ਾ ਉੱਠਿਆ ਤਾਂ ਉਨ੍ਹਾਂ ਨੇ ਅਜਿਹੇ ਵੈਣ ਕੀਤੇ ਕਿ ਸੁਣਨ ਵਾਲੇ ਲਹੂ ਦੇ ਅੱਥਰੂ ਰੋਂਦੇ ਰਹੇ।
ਭਰਾ ਜੀ, ਮੈਂ ਕਿਧਰੇ ਪੜ੍ਹਿਆ ਸੀ ਕਿ ਫਰਾਂਸ ਦੇ ਇਨਕਲਾਬ ਵਿਚ ਪਹਿਲੀ ਗੋਲੀ ਉੱਥੇ ਇਕ ਵੇਸਵਾ ਨੂੰ ਲੱਗੀ ਸੀ। ਮਰਹੂਮ ਮੁਹੰਮਦ ਤੁਫੈਲ ਇਕ ਵੇਸਵਾ ਦਾ ਮੁੰਡਾ ਸੀ। ਇਨਕਲਾਬ ਦੀ ਉਸ ਲੜਾਈ ਵਿਚ ਉਹਨੂੰ ਜੋ ਪਹਿਲੀ ਗੋਲੀ ਵੱਜੀ ਸੀ ਦਸਵੀਂ ਸੀ ਜਾਂ ਪੰਜਾਹਵੀਂ ਏਸ ਬਾਰੇ ਕਿਸੇ ਨੇ ਵੀ ਖੋਜ ਨਹੀਂ ਕੀਤੀ। ਸ਼ਾਇਦ ਏਸ ਲਈ ਕਿ ਸਮਾਜ ਵਿਚ ਉਸ ਵਿਚਾਰੇ ਦਾ ਕੋਈ ਰੁਤਬਾ ਨਹੀਂ ਸੀ। ਮੈਂ ਤਾਂ ਸਮਝਦਾ ਹਾਂ ਕਿ ਪੰਜਾਬ ਦੇ ਏਸ ਖ਼ੂਨੀ ਸਾਕੇ ਵਿਚ ਸ਼ਹੀਦ ਹੋਣ ਵਾਲਿਆਂ ਦੀ ਸੂਚੀ ਵਿਚ ਥੈਲੇ ਦਾ ਨਾਂ ਨਿਸ਼ਾਨ ਤੱਕ ਵੀ ਨਹੀਂ ਹੋਣਾ… ਅਤੇ ਇਹ ਵੀ ਕੋਈ ਪਤਾ ਨਹੀਂ ਕਿ ਅਜਿਹੀ ਕੋਈ ਸੂਚੀ ਤਿਆਰ ਵੀ ਹੋਈ ਸੀ।
ਬੜੀ ਸਖ਼ਤੀ ਦੇ ਦਿਨ ਸਨ। ਫ਼ੌਜੀ ਹਕੂਮਤ ਦਾ ਦੌਰ ਸੀ। ਉਹ ਦਿਓ ਜਿਹਨੂੰ ਮਾਰਸ਼ਲ ਲਾਅ ਕਹਿੰਦੇ ਹਨ ਸ਼ਹਿਰ ਦੀ ਗਲੀ-ਗਲੀ ਵਿਚ ਆਫਰਿਆ ਫਿਰਦਾ ਸੀ। ਬੜੀ ਹਫੜਾ-ਦਫੜੀ ਦੀ ਹਾਲਤ ਵਿਚ ਉਸ ਗਰੀਬ ਨੂੰ ਛੇਤੀ-ਛੇਤੀ ਦਫ਼ਨਾ ਦਿੱਤਾ ਗਿਆ।
ਬਸ ਭਰਾ ਜੀ, ਥੈਲਾ ਮਰ ਗਿਆ। ਥੈਲਾ ਦਫ਼ਨਾ ਦਿੱਤਾ ਗਿਆ ਅਤੇ…ਇਹ ਕਹਿ ਕੇ ਮੇਰਾ ਸਹਿ ਯਾਤਰੀ ਪਹਿਲੀ ਵਾਰੀ ਕੁਝ ਕਹਿੰਦਾ ਕਹਿੰਦਾ ਰੁਕਿਆ ਤੇ ਚੁੱਪ ਹੋ ਗਿਆ। ਟਰੇਨ ਭੱਜੀ ਜਾ ਰਹੀ ਸੀ। ਪਟੜੀਆਂ ਦੀ ਖੜ ਖੜ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ‘‘ਥੈਲਾ ਮਰ ਗਿਆ…ਥੈਲਾ ਦਫ਼ਨਾ ਦਿੱਤਾ ਗਿਆ…ਥੈਲਾ ਮਰ ਗਿਆ…ਥੈਲਾ ਦਫ਼ਨਾ ਦਿੱਤਾ ਗਿਆ।’’ ਏਸ ਮਰਨ ਅਤੇ ਦਫ਼ਨਾਉਣ ਦੇ ਵਿਚਕਾਰ ਕੋਈ ਵਿੱਥ ਨਹੀਂ ਸੀ। ਜਿਵੇਂ ਉਹ ਉਧਰ ਮੋਇਆ, ਇੱਧਰ ਦਫ਼ਨਾ ਦਿੱਤਾ ਗਿਆ।
ਮੈਂ ਆਪਣੇ ਹਮਸਫ਼ਰ ਨੂੰ ਕਿਹਾ,‘‘ਤੁਸੀਂ ਕੁਝ ਹੋਰ ਵੀ ਸੁਣਾਉਣ ਵਾਲੇ ਸੀ?’’
ਹੈਰਾਨ ਹੋ ਕੇ ਉਹਨੇ ਮੇਰੇ ਵੱਲ ਤੱਕਿਆ,‘‘ਜੀ ਹਾਂ…ਏਸ ਕਹਾਣੀ ਦਾ ਇਕ ਦੁੱਖ ਭਰਿਆ ਹਿੱਸਾ ਬਾਕੀ ਏ।’’
ਮੈਂ ਪੁੱਛਿਆ,‘‘ਕੀ?’’
ਉਹਨੇ ਕਹਿਣਾ ਸ਼ੁਰੂ ਕੀਤਾ,‘‘ਮੈਂ ਤੁਹਾਨੂੰ ਬੇਨਤੀ ਕਰ ਚੁੱਕਾ ਹਾਂ ਕਿ ਥੈਲੇ ਦੀਆਂ ਦੋ ਭੈਣਾਂ ਸਨ। ਸ਼ਮਸ਼ਾਦ ਤੇ ਅਲਮਾਸ। ਭਰਾ ਜੀ ਦੋਹਾਂ ਭੈਣਾਂ ਦੇ ਹੁਸਨ ਦਾ ਜ਼ਿਕਰ ਕਿਸੇ ਖੁਸ਼ਾਮਦੀ ਨੇ ਫ਼ੌਜੀ ਅਫ਼ਸਰਾਂ ਕੋਲ ਕਰ ਦਿੱਤਾ… ਫ਼ਸਾਦ ਵਿਚ ਇਕ ਮੇਮ… ਕੀ ਨਾਂ ਸੀ ਉਸ ਚੁੜੇਲ ਦਾ…? ਮਿਸ…ਮਿਸ ਸ਼ਰੋਡਾ ਮਾਰੀ ਗਈ ਸੀ…। ਸਲਾਹ ਬਣੀ ਪਈ ਉਨ੍ਹਾਂ ਨੂੰ ਸੱਦਿਆ ਜਾਵੇ ਅਤੇ…ਜੀ ਭਰ ਕੇ ਬਦਲਾ ਲਿਆ ਜਾਵੇ।…ਤੁਸੀਂ ਸਮਝ ਗਏ ਓ ਨਾ ਭਰਾ ਜੀ।’’
ਮੈਂ ਕਿਹਾ,‘‘ਹਾਂ ਜੀ।’’
ਮੇਰੇ ਹਮਸਫ਼ਰ ਨੇ ਇਕ ਠੰਢਾ ਸਾਹ ਭਰਿਆ,‘ਅਜਿਹੇ ਨਾਜ਼ੁਕ ਮਾਮਲਿਆਂ ਵਿਚ ਵੇਸਵਾਵਾਂ ਤੇ ਕੰਜਰੀਆਂ ਵੀ ਆਪਣੀਆਂ ਮਾਵਾਂ-ਭੈਣਾਂ ਹੁੰਦੀਆਂ ਹਨ…ਪਰ ਭਰਾ ਜੀ, ਮੇਰਾ ਖ਼ਿਆਲ ਏ ਕਿ ਇਹ ਦੇਸ਼ ਆਪਣੇ ਮਾਣ-ਸਨਮਾਨ ਨੂੰ ਪਛਾਣਦਾ ਈ ਨਹੀਂ। ਜਦੋਂ ਥਾਣੇਦਾਰ ਨੂੰ ਉਪਰੋਂ ਹੁਕਮ ਮਿਲਿਆ ਤਾਂ ਉਹ ਝੱਟ ਤਿਆਰ ਹੋ ਗਿਆ। ਉਸ ਆਪ ਸ਼ਮਸ਼ਾਦ ਤੇ ਅਲਮਾਸ ਦੇ ਮਕਾਨ ’ਤੇ ਜਾ ਕੇ ਕਿਹਾ ਕਿ ਸਾਹਬ ਲੋਕਾਂ ਨੇ ਯਾਦ ਕੀਤਾ ਏ। ਉਹ ਤੁਹਾਡਾ ਮੁਜਰਾ ਸੁਣਨਾ ਚਾਹੁੰਦੇ ਹਨ। ਭਰਾ ਦੀ ਕਬਰ ਦੀ ਮਿੱਟੀ ਵੀ ਅਜੇ ਖੁਸ਼ਕ ਨਹੀਂ ਸੀ ਹੋਈ। ਰੱਬ ਨੂੰ ਪਿਆਰਾ ਹੋਇਆਂ ਉਸ ਵਿਚਾਰੇ ਨੂੰ ਸਿਰਫ਼ ਦੋ ਦਿਨ ਹੋਏ ਸਨ ਕਿ ਹਾਜ਼ਰੀ ਦਾ ਹੁਕਮ ਮਿਲਿਆ ਕਿ ਆਓ! ਆ ਕੇ ਸਾਡੇ ਸਾਹਮਣੇ ਨੱਚੋ…ਦੁਖੀ ਕਰਨ ਦਾ ਏਸ ਤੋਂ ਵੱਧ ਕੇ ਦੁਖਦਾਈ ਤਰੀਕਾ ਕੀ ਹੋ ਸਕਦਾ ਏ…? ਹੁਕਮ ਦੇਣ ਵਾਲਿਆਂ ਨੂੰ ਇੰਨਾ ਖ਼ਿਆਲ ਵੀ ਨਾ ਆਇਆ ਕਿ ਵੇਸਵਾ ਵਿਚ ਵੀ ਆਤਮ-ਸਨਮਾਨ ਦੀ ਭਾਵਨਾ ਹੁੰਦੀ ਏ। ਹੋ ਸਕਦੀ ਏ?…ਕਿਉਂ, ਨਹੀਂ ਹੋ ਸਕਦੀ?’’ ਉਸ ਨੇ ਆਪਣੇ ਆਪ ਨੂੰ ਪ੍ਰਸ਼ਨ ਕੀਤਾ ਪਰ ਉਹ ਸੰਬੋਧਨ ਮੈਨੂੰ ਕਰ ਰਿਹਾ ਸੀ।
ਮੈਂ ਕਿਹਾ,‘‘ਹੋ ਸਕਦੀ ਏ।’’
‘‘ਹਾਂ ਜੀ…ਥੈਲਾ ਉਨ੍ਹਾਂ ਦਾ ਭਰਾ ਸੀ। ਉਹਨੇ ਕਿਸੇ ਜੂਏਖਾਨੇ ਦੇ ਲੜਾਈ-ਝਗੜੇ ਵਿਚ ਆਪਣੀ ਜਾਨ ਨਹੀਂ ਦਿੱਤੀ ਸੀ। ਉਹ ਵਤਨ ਦੇ ਰਾਹ ਵਿਚ ਬੜੀ ਦਲੇਰੀ ਨਾਲ ਸ਼ਹੀਦ ਹੋਇਆ ਸੀ। ਉਹ ਇਕ ਵੇਸਵਾ ਦੀ ਕੁੱਖੋਂ ਸੀ ਪਰ ਉਹ ਵੇਸਵਾ ਮਾਂ ਸੀ ਅਤੇ ਸ਼ਮਸ਼ਾਦ ਅਤੇ ਅਲਮਾਸ ਉਹਦੀਆਂ ਧੀਆਂ ਸਨ ਅਤੇ ਥੈਲੇ ਦੀਆਂ ਭੈਣਾਂ ਸਨ-ਵੇਸਵਾਵਾਂ, ਮਗਰੋਂ ਸਨ…ਉਹ ਥੈਲੇ ਦੀ ਲਾਸ਼ ਵੇਖ ਕੇ ਬੇਹੋਸ਼ ਹੋ ਗਈਆਂ ਸਨ।’’
ਮੈਂ ਪੁੱਛਿਆ,‘‘ਉਹ ਗਈਆਂ…?’’
ਮੇਰੇ ਹਮਸਫ਼ਰ ਨੇ ਏਸ ਦਾ ਜਵਾਬ ਕੁਝ ਰੁਕ ਕੇ ਬੜੇ ਦੁੱਖ ਨਾਲ ਦਿੱਤਾ,‘‘ਹਾਂ ਜੀ…ਹਾਂ ਜੀ ਗਈਆਂ, ਬੜੀਆਂ ਬਣ-ਠਣ ਕੇ ਆਪਣੇ ਬੁਲਾਉਣ ਵਾਲਿਆਂ ਕੋਲ ਗਈਆਂ…ਕਹਿੰਦੇ ਹਨ ਕਿ ਵਾਹ-ਵਾਹ ਮਹਿਫ਼ਲ ਜੰਮੀ। ਦੋਹਾਂ ਭੈਣਾਂ ਨੇ ਆਪਣੇ ਜੌਹਰ ਵਿਖਾਏ। ਰੇਸ਼ਮੀ ਕੱਪੜਿਆਂ ਵਿਚ ਕੋਹ-ਕਾਫ਼ ਦੀਆਂ ਪਰੀਆਂ ਲੱਗਦੀਆਂ ਸਨ। ਸ਼ਰਾਬ ਦੇ ਦੌਰ ਚੱਲਦੇ ਰਹੇ ਅਤੇ ਦੱਸਦੇ ਹਨ ਕਿ…ਰਾਤ ਦੇ ਦੋ ਵਜੇ ਇਕ ਵੱਡੇ ਅਫ਼ਸਰ ਦੇ ਇਸ਼ਾਰੇ ’ਤੇ ਮਹਿਫ਼ਲ ਖ਼ਤਮ ਹੋਈ।
ਉਹ ਉੱਠ ਖਲੋਤਾ ਅਤੇ ਬਾਹਰ ਭੱਜਦੇ ਹੋਏ ਰੁੱਖਾਂ ਨੂੰ ਵੇਖਣ ਲੱਗਾ। ਪਹੀਏ ਤੇ ਪਟੜੀਆਂ ਦੀ ਖੜ-ਖੜ ਦੀ ਤਾਲ ਉੱਤੇ ਉਹਦੇ ਛੇਕੜਲੇ ਦੋ ਸ਼ਬਦ ਨੱਚਣ ਲੱਗੇ।
‘‘ਖ਼ਤਮ ਹੋਈ..ਖ਼ਤਮ ਹੋਈ।’’ ਮੈਂ ਉਹਨੂੰ ਪੁੱਛਿਆ,‘‘ਫਿਰ ਕੀ ਹੋਇਆ?’’
ਭੱਜਦੇ ਹੋਏ ਰੁੱਖਾਂ ਅਤੇ ਖੰਭਿਆਂ ਤੋਂ ਨਜ਼ਰ ਹਟਾ ਕੇ ਉਹਨੇ ਬੜੇ ਮਜ਼ਬੂਤ ਲਹਿਜੇ ’ਚ ਕਿਹਾ,‘‘ਉਹ ਆਪਣੇ ਚਮਕਦਾਰ ਕੱਪੜੇ ਪਾੜ ਕੇ ਅਲਿਫ਼ ਨੰਗੀਆਂ ਹੋ ਗਈਆਂ ਅਤੇ ਕਹਿਣ ਲੱਗੀਆਂ…ਲਓ ਵੇਖ ਲਓ…ਅਸੀਂ ਥੈਲੇ ਦੀਆਂ ਭੈਣਾਂ ਹਾਂ… ਉਸ ਸ਼ਹੀਦ ਦੀਆਂ ਜਿਸ ਦੇ ਸੋਹਣੇ ਸਰੀਰ ਨੂੰ ਤੁਸੀਂ ਆਪਣੀਆਂ ਗੋਲੀਆਂ ਨਾਲ ਏਸ ਲਈ ਛਾਨਣੀ ਕਰ ਦਿੱਤਾ ਕਿ ਉਸ ’ਚ ਦੇਸ਼ ਨਾਲ ਪਿਆਰ ਕਰਨ ਵਾਲੀ ਰੂਹ ਸੀ। ਅਸੀਂ ਉਹਦੀਆਂ ਖ਼ੂਬਸੂਰਤ ਭੈਣਾਂ ਹਾਂ…ਆਓ, ਆਪਣੀ ਕਾਮਵਾਸਨਾ ਦੇ ਗਰਮ-ਗਰਮ ਲੋਹੇ ਨਾਲ ਸਾਡਾ ਖੁਸ਼ਬੂਆਂ ਨਾਲ ਮਹਿਕਦਾ ਸਰੀਰ ਦਾਗੀ ਕਰੋ…ਪਰ ਅਜਿਹਾ ਕਰਨ ਤੋਂ ਪਹਿਲਾਂ ਸਾਨੂੰ ਇਕ ਵਾਰੀ ਆਪਣੇ ਮੂੰਹ ’ਤੇ ਥੁੱਕ ਲੈਣ ਦਿਓ…।’’
ਇਹ ਕਹਿ ਕੇ ਉਹ ਚੁੱਪ ਹੋ ਗਿਆ। ਕੁਝ ਏਸ ਤਰ੍ਹਾਂ ਕਿ ਹੋਰ ਕੁਝ ਨਹੀਂ ਬੋਲੇਗਾ। ਮੈਂ ਉਸ ਵੇਲੇ ਪੁੱਛਿਆ,‘‘ਫਿਰ ਕੀ ਹੋਇਆ?’’
ਉਹਦੀਆਂ ਅੱਖਾਂ ਵਿਚ ਅੱਥਰੂ ਆ ਗਏ, ‘‘ਉਨ੍ਹਾਂ ਨੂੰ …ਉਨ੍ਹਾਂ ਨੂੰ ਗੋਲੀ ਨਾਲ ਉਡਾ ਦਿੱਤਾ ਗਿਆ।
ਮੈਂ ਕੁਝ ਨਾ ਕਿਹਾ। ਗੱਡੀ ਹੌਲੀ ਹੋ ਕੇ ਸਟੇਸ਼ਨ ’ਤੇ ਰੁਕੀ ਤਾਂ ਉਹਨੇ ਕੁਲੀ ਬੁਲਾ ਕੇ ਆਪਣਾ ਸਾਮਾਨ ਚੁਕਵਾਇਆ। ਜਦੋਂ ਜਾਣ ਲੱਗਾ ਤਾਂ ਮੈਂ ਉਹਨੂੰ ਕਿਹਾ,‘‘ਤੁਸੀਂ ਜੋ ਵਾਰਤਾ ਸੁਣਾਈ ਹੈ ਉਹਦਾ ਅੰਤ ਤੁਹਾਡਾ ਆਪਣਾ ਘੜਿਆ ਹੋਇਆ ਜਾਪਦਾ ਏ।’’ ਇਕਦਮ ਚੌਕ ਕੇ ਉਹਨੇ ਮੇਰੇ ਵੱਲ ਤੱਕਿਆ, ‘‘ਇਹ ਤੁਸੀਂ ਕਿਵੇਂ ਜਾਣਿਆ?’’
ਮੈਂ ਕਿਹਾ,‘‘ਤੁਹਾਡੇ ਲਹਿਜੇ ਵਿਚ ਇਕ ਅਕਹਿ ਦੁੱਖ ਸੀ।’’
ਮੇਰੇ ਹਮਸਫ਼ਰ ਨੇ ਆਪਣੇ ਹਲਕ ਦੀ ਤਲਖੀ ਥੁੱਕ ਦੇ ਨਾਲ ਨਿਗਲਦਿਆਂ ਹੋਇਆਂ ਕਿਹਾ,‘‘ਹਾਂ ਜੀ, …ਉਨ੍ਹਾਂ ਹਰਾਮ…’’ ਉਹ ਗਾਲ੍ਹ ਕੱਢਦਾ-ਕੱਢਦਾ ਰੁਕ ਗਿਆ,‘‘ਉਨ੍ਹਾਂ ਨੇ ਆਪਣੇ ਸ਼ਹੀਦ ਭਰਾ ਦੇ ਨਾਂ ਨੂੰ ਵੱਟਾ ਲਾ ਦਿੱਤਾ।’’ ਇਹ ਕਹਿ ਕੇ ਪਲੇਟਫਾਰਮ ’ਤੇ ਉਤਰ ਗਿਆ।
ਕਿਤਾਬ ‘ਦੇਸ਼ ਵੰਡ ਦੇ ਲਹੂ ਦੇ ਰੰਗ’ (ਲੋਕਗੀਤ ਪ੍ਰਕਾਸ਼ਨ) ਵਿਚੋਂ ਧੰਨਵਾਦ ਸਹਿਤ

ਸੰਪਰਕ (ਪ੍ਰੇਮ ਪ੍ਰਕਾਸ਼) : 94632-20319


Comments Off on 1919 ਦੀ ਇਕ ਗੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.