ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

13 ਅਪਰੈਲ 1919 ਤੋਂ ਪਹਿਲਾਂ : ਵਿਆਪਕ ਹੜਤਾਲ ਅਤੇ ਆਪਸੀ ਸਦਭਾਵਨਾ

Posted On April - 7 - 2019

ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਮਗਰੋਂ ਦੇਸ਼ ਦੀ ਆਜ਼ਾਦੀ ਦੇ ਘੋਲ ਨੇ ਨਵਾਂ ਮੋੜ ਲਿਆ। ਅੰਗਰੇਜ਼ਾਂ ਵੱਲੋਂ ਬਣਾਏ ਗਏ ਰੌਲਟ ਐਕਟ ਦੇ ਵਿਰੋਧ ਵਿਚ ਹੋਈ ਦੇਸ਼ਵਿਆਪੀ ਹੜਤਾਲ ਵਿਚ ਲੋਕਾਂ ਨੇ ਧਰਮਾਂ ਜਾਤਾਂ ਦੀਆਂ ਹੱਦਾਂ ਉਲੰਘ ਕੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਲਾਮਿਸਾਲ ਏਕੇ ਦਾ ਪ੍ਰਦਰਸ਼ਨ ਕੀਤਾ। ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਦੇ ਸਬੰਧ ਵਿਚ ‘ਪੰਜਾਬੀ ਟ੍ਰਿਬਿਊਨ’ ਲੇਖਾਂ ਦੀ ਲੜੀ ਛਾਪ ਰਿਹਾ ਹੈ ਜਿਸ ਵਿਚ ਹੁਣ ਤਕ ਗੁਰਦੇਵ ਸਿੰਘ ਸਿੱਧੂ, ਰਾਮਚੰਦਰ ਗੁਹਾ ਤੇ ਡਾ. ਹਰਭਜਨ ਸਿੰਘ ਭਾਟੀਆ ਦੇ ਲੇਖ ਛਾਪੇ ਜਾ ਚੁੱਕੇ ਹਨ। ਇਸ ਅੰਕ ਵਿਚ ਰੌਲਟ ਐਕਟ ਦੇ ਵਿਰੋਧ ਵਿਚ ਦੇਸ਼ ਵਿਚ ਹੋਈ ਵਿਆਪਕ ਹੜਤਾਲ ਬਾਰੇ ਲੇਖ ਪਾਠਕਾਂ ਦੀ ਨਜ਼ਰ ਹਨ।

ਗੁਰਦੇਵ ਸਿੰਘ ਸਿੱਧੂ
ਆਜ਼ਾਦੀ ਘੋਲ

ਅਪਰੈਲ 1919 ਦਾ ਮਹੀਨਾ ਪੰਜਾਬ ਲਈ ਬਹੁਤ ਮਹੱਤਵ ਰੱਖਦਾ ਹੈ। ਛੇ ਅਪਰੈਲ 1919 ਨੂੰ ਸਾਰੇ ਦੇਸ਼ ਵਿਚ ਰੌਲਟ ਐਕਟ ਵਿਰੁੱਧ ਹੜਤਾਲ ਕਰਨ ਦਾ ਸੱਦਾ ਦਿੱਤਾ ਗਿਆ। ਹੜਤਾਲ ਦੇ ਸੱਦੇ ਨੂੰ ਵਿਆਪਕ ਬਣਾਉਣ ਵਿਚ ਆਗੂਆਂ ਨੇ ਤਾਂ ਜ਼ੋਰ ਲਾਉਣਾ ਹੀ ਸੀ, ਅਖ਼ਬਾਰਾਂ ਅਤੇ ਵਿਦਿਆਰਥੀਆਂ ਨੇ ਵੀ ਯੋਗਦਾਨ ਪਾਇਆ। ਫਲਸਰੂਪ 6 ਅਪ੍ਰੈਲ ਨੂੰ ਪੰਜਾਬ ਦਾ ਕੋਈ ਵੀ ਕੋਨਾ ਹੜਤਾਲ ਤੋਂ ਅਛੂਤਾ ਨਾ ਰਿਹਾ।

ਅੰਮ੍ਰਿਤਸਰ

ਅੰਮ੍ਰਿਤਸਰ ਸ਼ਹਿਰ ਵਿਚ ਮੁਕੰਮਲ ਹੜਤਾਲ ਹੋਈ। ਘੰਟਾ ਘਰ ਉੱਤੇ ਹੱਥ ਲਿਖਤ ਇਸ਼ਤਿਹਾਰ ਚਿਪਕਿਆ ਮਿਲਿਆ ਜਿਸ ਦੀ ਸੁਰਖ਼ੀ ਸੀ, ‘‘ਮਰੋ ਜਾਂ ਮਾਰੋ’’। ਇਸ ਵਿਚ ਲਿਖਿਆ ਹੋਇਆ ਸੀ, ‘‘ਜਿੰਨਾ ਚਿਰ ਰੌਲਟ ਐਕਟ ਦਾ ਨਾਮ ਨਿਸ਼ਾਨ ਨਹੀਂ ਮਿਟ ਜਾਂਦਾ ਹਿੰਦੂ ਅਤੇ ਮੁਸਲਮਾਨ ਚੈਨ ਨਾਲ ਨਾ ਬੈਠਣ। ਮਰਨ ਜਾਂ ਮਾਰਨ ਲਈ ਤਿਆਰ ਹੋ ਜਾਓ। ਇਹ ਤਾਂ ਕੁਝ ਵੀ ਨਹੀਂ, ਉਨ੍ਹਾਂ (ਅੰਗਰੇਜ਼ਾਂ) ਨੂੰ ਸੈਂਕੜੇ ਹੀ ਅਜਿਹੇ ਕਾਨੂੰਨ ਵਾਪਸ ਲੈਣੇ ਪੈਣਗੇ।’’ ਸ਼ਾਮ ਵੇਲੇ ਜਨਾਬ ਬਦਰ ਇਸਲਾਮ ਅਲੀ ਖਾਂ ਦੀ ਪ੍ਰਧਾਨਗੀ ਹੇਠ ਹੋਈ ਵੱਡੀ ਇਕੱਤਰਤਾ ਵਿਚ ਤਿੰਨ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿਚ ਡਾਕਟਰ ਸੱਤਿਆਪਾਲ ਤੇ ਡਾਕਟਰ ਕਿਚਲੂ ਉੱਤੇ ਲਾਈ ਪਾਬੰਦੀ ਨੂੰ ਵਾਪਸ ਲੈਣ ਲਈ ਕਿਹਾ ਗਿਆ ਅਤੇ ਦੂਜੇ ਮਤੇ ਵਿਚ ਰੌਲਟ ਐਕਟ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਕ ਹੋਰ ਮਤੇ ਰਾਹੀਂ ਬਰਤਾਨਵੀ ਸ਼ਹਿਨਸ਼ਾਹ ਨੂੰ ਬੇਨਤੀ ਕੀਤੀ ਗਈ ਕਿ ਰੌਲਟ ਐਕਟ ਨੂੰ ਅੰਤਿਮ ਮਨਜ਼ੂਰੀ ਨਾ ਦਿੱਤੀ ਜਾਵੇ।

ਰੀਂਗ ਕੇ ਚੱਲਣ ਵਾਲੀ ਗਲੀ ਦਾ ਇਕ ਦ੍ਰਿਸ਼।

ਫਿਰੋਜ਼ਪੁਰ, ਅਬੋਹਰ ਤੇ ਗਿੱਦੜਬਾਹਾ

ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਨਾਲ ਨਾਲ ਇਸ ਜ਼ਿਲ੍ਹੇ ਦੇ ਦੋ ਕਸਬਿਆਂ ਅਬੋਹਰ ਅਤੇ ਗਿੱਦੜਬਾਹਾ ਵਿਚ ਮੁਕੰਮਲ ਹੜਤਾਲ ਹੋਈ। ਫਿਰੋਜ਼ਪੁਰ ਵਿਚ ਸਵੇਰ ਵੇਲੇ ਕਾਂਸ਼ੀ ਰਾਮ ਦੇ ਹਾਤੇ ਵਿਚ ਭਰਵੀਂ ਜਨ ਇਕੱਤਰਤਾ ਕਰ ਕੇ ਰੌਲਟ ਐਕਟ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਡਾ. ਪਰਸ ਰਾਮ, ਮੌਲਵੀ ਅਬਦੁਲ ਰਹਿਮਾਨ ਅਤੇ ਲਾਲਾ ਕਾਂਸ਼ੀ ਰਾਮ ਨੇ ਭਾਸ਼ਨ ਦਿੱਤਾ। ਡਿਪਟੀ ਕਮਿਸ਼ਨਰ ਨੂੰ ਸ਼ੱਕ ਸੀ ਕਿ ਛਾਉਣੀ ਕਮੇਟੀ ਦੇ ਤਿੰਨ ਮੈਂਬਰ ਲਾਲਾ ਜਵਾਲਾ ਪ੍ਰਸ਼ਾਦ ਪਲੀਡਰ, ਲਾਲਾ ਬਿਹਾਰੀ ਲਾਲ ਸ਼ਾਹੂਕਾਰ ਅਤੇ ਲਾਲਾ ਜੇਠੂ ਮੱਲ ਅੰਦਰਖਾਤੇ ਅੰਦੋਲਨਕਾਰੀਆਂ ਨਾਲ ਰਲੇ ਹੋਏ ਹਨ। ਅਬੋਹਰ ਵਿਚ ਵੀ ਜਲਸਾ ਹੋਇਆ। ਅਬੋਹਰ ਵਿਚ ਜ਼ਿਲ੍ਹਾ ਬੋਰਡ ਦੇ ਮੈਂਬਰ ਅਤੇ ਸਥਾਨਕ ਨੋਟੀਫਾਈਡ ਏਰੀਆ ਕਮੇਟੀ ਦੇ ਮੀਤ ਪ੍ਰਧਾਨ ਲਾਲਾ ਲਾਲ ਜੀ ਮੱਲ ਅਤੇ ਹਾਕਮ ਰਾਏ ਨੇ ਅਗਵਾਈ ਕੀਤੀ। (ਪੰਜਾਬ ਸਰਕਾਰ ਨੇ ਲਾਲਾ ਲਾਲ ਜੀ ਮੱਲ ਨੂੰ ਨੋਟੀਫਾਈਡ ਏਰੀਆ ਕਮੇਟੀ ਦੇ ਮੀਤ ਪ੍ਰਧਾਨਗੀ ਪਦ ਤੋਂ ਹਟਾ ਦਿੱਤਾ ਅਤੇ ਫ਼ੈਸਲਾ ਕੀਤਾ ਕਿ ਜ਼ਿਲ੍ਹਾ ਬੋਰਡ ਵਿਚ ਉਸ ਦੀ ਮੈਂਬਰੀ ਦੀ ਮਿਆਦ ਖ਼ਤਮ ਹੋਣ ਪਿੱਛੋਂ ਉਸ ਨੂੰ ਮੁੜ ਮੈਂਬਰ ਨਾਮਜ਼ਦ ਨਹੀਂ ਕੀਤਾ ਜਾਵੇਗਾ।)

ਲਾਹੌਰ

ਲਾਹੌਰ ਵਿਚ ਸਵੇਰ ਵੇਲੇ ਹੀ ਰਾਵੀ ਕਿਨਾਰੇ ਲੋਕ ਇਕੱਠੇ ਹੋਣ ਲੱਗੇ ਜੋ ਦੁਪਹਿਰ ਵੇਲੇ ਜਲੂਸ ਦੇ ਰੂਪ ਵਿਚ ਅਨਾਰਕਲੀ ਬਾਜ਼ਾਰ ਵਿਚ ਪੁੱਜ ਗਏ। ਭੀੜ ਦੇ ਅੱਗੇ ਲਿਜਾਏ ਜਾ ਰਹੇ ਕਾਲੇ ਝੰਡੇ ਉੱਤੇ ਗਾਂਧੀ ਜੀ ਦੀ ਤਸਵੀਰ ਲੱਗੀ ਹੋਈ ਸੀ। ਪੁਲੀਸ ਦੀ ਟੋਲੀ ਨੂੰ ਪਾਸੇ ਧੱਕਦੀ ਹੋਈ ਭੀੜ ਨੀਲਾ ਗੁੰਬਦ ਚੌਂਕ ਵਿਚ ਪੁੱਜ ਗਈ। ਜਨ ਸਮੂਹ ਦਾ ਇਕ ਭਾਗ, ਜਿਸ ਦੇ ਅੱਗੇ ਸਥਾਨਕ ਵਕੀਲ ਅਤੇ ਹੋਰ ਪੜ੍ਹੇ ਲਿਖੇ ਲੋਕ ਸਨ, ਫ਼ੌਜ ਅਤੇ ਪੁਲੀਸ ਦੀ ਧੱਕਾ-ਮੁੱਕੀ ਸਹਿਣ ਕਰਦਿਆਂ ਡਾਕਟਰ ਗੋਕਲ ਚੰਦ ਨਾਰੰਗ ਦੀ ਅਗਵਾਈ ਵਿਚ ਬ੍ਰੈਡਲਾ ਹਾਲ ਵਿਚ ਪੁੱਜ ਗਿਆ। ਜਲੂਸ ਦੇ ਦੂਜੇ ਭਾਗ ਨੂੰ ਘੋੜ ਸਵਾਰ ਫ਼ੌਜ ਨੇ ਮਾਰਕਿਟ ਚੌਕ ਵਿਚ ਰੋਕ ਲਿਆ। ਪੁਲੀਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ, ਪਰ ਲੋਕਾਂ ਦੇ ਦਬਾਉ ਹੇਠ ਤੁਰੰਤ ਰਿਹਾਅ ਕਰਨਾ ਪਿਆ। ਹੌਲੀ ਹੌਲੀ ਫ਼ੌਜ ਅਨਾਰਕਲੀ ਬਾਜ਼ਾਰ ਤੋਂ ਨੀਲਾ ਗੁੰਬਦ ਚੌਕ ਤਕ ਲੋਕਾਂ ਨੂੰ ਖਿੰਡਾਉਣ ਵਿਚ ਸਫਲ ਹੋਈ। ਭੀੜ ਭਾਵੇਂ ਉਤੇਜਿਤ ਸੀ ਅਤੇ ਇਕ ਮੌਕੇ ਪੁਲੀਸ ਤੇ ਫ਼ੌਜ ਨਾਲ ਟਕਰਾਅ ਹੋਣ ਦਾ ਖ਼ਤਰਾ ਵੀ ਬਣਿਆ, ਪਰ ਅਧਿਕਾਰੀਆਂ ਅਤੇ ਭੀੜ ਦੇ ਆਗੂਆਂ ਦੀ ਸਿਆਣਪ ਨੇ ਖ਼ਤਰਾ ਟਾਲ ਦਿੱਤਾ। ਸ਼ਹਿਰ ਵਿਚ ਮੁਕੰਮਲ ਹੜਤਾਲ ਹੋਈ। ਦੁਪਹਿਰ ਸਮੇਂ ਬ੍ਰੈਡਲਾ ਹਾਲ ਵਿਚ ਹੋਈ ਜਨ ਸਭਾ ਆਕਾਰ ਪੱਖੋਂ ਅਸਾਧਾਰਨ ਸੀ ਅਤੇ ਉਤੇਜਨਾ ਵੀ ਸਾਫ਼ ਦਿਖਾਈ ਦਿੰਦੀ ਸੀ। ਇੱਥੇ ਪੁਲੀਸ ਨੂੰ ਸ਼ਿਸ਼ਕੇਰਿਆ ਗਿਆ ਅਤੇ ‘ਦਿੱਲੀ ਵਿਚ ਅਕਾਰਨ ਹੀ ਪੁਲੀਸ ਵੱਲੋਂ ਮਾਰੇ ਵਿਅਕਤੀਆਂ’ ਨਾਲ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ। ਰੌਲਟ ਐਕਟ ਦੀਆਂ ਕਾਪੀਆਂ ਖੁੱਲ੍ਹੇ ਤੌਰ ਉੱਤੇ ਸਾੜੀਆਂ ਗਈਆਂ। ਬ੍ਰੈਡਲਾ ਹਾਲ ਵਿਚ ਭਰਵੀਂ ਮੀਟਿੰਗ ਕਰਨ ਪਿੱਛੋਂ ਲੋਕਾਂ ਦੀ ਭੀੜ ਮਿਊਂਸਪਲ ਕਮਿਸ਼ਨਰਾਂ ਅਤੇ ਆਨਰੇਰੀ ਮੈਜਿਸਟ੍ਰੇਟਾਂ, ਜਿਨ੍ਹਾਂ ਬਾਰੇ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਉਨ੍ਹਾਂ ਆਪਣੇ ਪ੍ਰਭਾਵ ਹੇਠਲੇ ਵਿਅਕਤੀਆਂ ਨੂੰ ਹੜਤਾਲ ਵਿਚ ਸ਼ਾਮਲ ਨਾ ਹੋਣ ਲਈ ਪ੍ਰੇਰਿਆ ਸੀ, ਦੇ ਘਰਾਂ ਤਕ ਨਾਅਰੇ ਮਾਰਦੀ ਗਈ। ਕੁਝ ਲੋਕਾਂ ਨੇ ਸਰਕਾਰ ਦੇ ਮਦਦਗਾਰਾਂ ਪ੍ਰਤੀ ਮੰਦੇ ਬੋਲ ਬੋਲੇ ਅਤੇ ਕੁਝ ਨੇ ਪੱਥਰ ਵੀ ਸੁੱਟੇ। ਲੋਕਾਂ ਵੱਲੋਂ ਲਾਇਆ ਗਿਆ ਇਕ ਨਾਅਰਾ ਸੀ, ‘‘ਸਾਡੇ ਦੁਸ਼ਮਣਾਂ ਅਤੇ ਸਰਕਾਰੀ ਸਾਨ੍ਹਾਂ ਦਾ ਖਾਤਮਾ ਹੋਵੇ।’’ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿਚੋਂ ਅੰਬਾਲਾ, ਸਿਆਲਕੋਟ, ਸ਼ਿਮਲਾ, ਹਿਸਾਰ, ਹੁਸ਼ਿਆਰਪੁਰ, ਕਰਨਾਲ, ਗੁੱਜਰਾਂਵਾਲਾ, ਗੁਰਦਾਸਪੁਰ, ਗੁੜਗਾਉਂ, ਜਲੰਧਰ, ਜੇਹਲਮ, ਝੰਗ, ਡੇਰਾ ਗਾਜ਼ੀ ਖਾਂ, ਮਿੰਟਗੁਮਰੀ, ਮੁਜ਼ੱਫਰਗੜ੍ਹ, ਮੁਲਤਾਨ, ਰਾਵਲਪਿੰਡੀ, ਰੋਹਤਕ, ਲਾਇਲਪੁਰ ਅਤੇ ਲੁਧਿਆਣਾ ਵਿਚ ਵੀ ਹੜਤਾਲ ਦਾ ਅਸਰ ਹੋਇਆ। ਲਗਭਗ ਸਾਰੇ ਥਾਵਾਂ ਉੱਤੇ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਨੇ ਸਾਂਝੇ ਇਕੱਠ ਕਰ ਕੇ ਰੌਲਟ ਐਕਟ ਖਿਲਾਫ਼ ਮਤੇ ਪ੍ਰਵਾਨ ਕੀਤੇ।

ਸਰਕਾਰ ਦੀ ਰਿਪੋਰਟ

ਸਰਕਾਰ ਵੱਲੋਂ ਗਠਿਤ ‘ਡਿਸਆਰਡਰ ਪੜਤਾਲੀਆ ਕਮੇਟੀ’ ਦੀ ਰਿਪੋਰਟ ਵਿਚ ਛੇ ਅਪਰੈਲ ਦੀ ਹੜਤਾਲ ਦਾ ਲੇਖਾ ਜੋਖਾ ਇਉਂ ਕੀਤਾ ਗਿਆ ਹੈ, ‘‘6 ਅਪਰੈਲ ਨੂੰ ਹੜਤਾਲ ਹੋਈ ਅਤੇ ਹੜਤਾਲ ਦੇ ਪ੍ਰਬੰਧਕਾਂ ਨੂੰ ਮਿਲੀ ਸਫਲਤਾ ਬਾਰੇ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ। ਉੱਤਰੀ ਜ਼ਿਲ੍ਹਿਆਂ ਵਿਚ ਅਸਰ ਘੱਟ ਹੋਇਆ, ਅਤੇ ਕੁਝ ਅਜਿਹੇ ਇਲਾਕੇ ਜਿਵੇਂ ਅਟਕ, ਕਾਂਗੜਾ, ਡੇਰਾ ਗਾਜ਼ੀ ਖਾਂ ਅਤੇ ਮੀਆਂ ਵਾਲੀ ਵੀ ਸਨ, ਜਿੱਥੇ ਮੁਸ਼ਕਿਲ ਨਾਲ ਹੜਤਾਲ ਦਾ ਅਸਰ ਹੋਇਆ ਹੋਵੇ। … ਭਾਵੇਂ ਸਾਰੇ ਸੂਬੇ ਵਿਚ ਹੋਈਆਂ ਰੋਸ ਮੀਟਿੰਗਾਂ ਦੌਰਾਨ ਸਰਕਾਰ ਦੇ ਵਤੀਰੇ ਬਾਰੇ ਆਮ ਨਫ਼ਰਤ ਪਾਈ ਗਈ ਪਰ 6 ਅਪਰੈਲ ਨੂੰ ਲੋਕਾਂ ਵੱਲੋਂ ਯੌਰਪੀਨਾਂ ਜਾਂ ਸਰਕਾਰੀ ਅਧਿਕਾਰੀਆਂ ਪ੍ਰਤੀ ਜ਼ਾਤੀ ਵੈਰ ਭਾਵ ਦਾ ਵਿਖਾਵਾ ਨਹੀਂ ਕੀਤਾ ਗਿਆ। … 6 ਅਪਰੈਲ ਨੇ ਵਿਖਾ ਦਿੱਤਾ ਕਿ ਰੌਲਟ ਐਕਟ ਨੇ ਪੰਜਾਬ ਦੇ ਕਸਬਿਆਂ ਦੇ ਵਸਨੀਕਾਂ ਦੀਆਂ ਡੂੰਘੀਆਂ ਭਾਵਨਾਵਾਂ ਨੂੰ, ਸਹੀ ਜਾਂ ਗ਼ਲਤ ਤੌਰ ਉੱਤੇ, ਹਿਲਾ ਕੇ ਰੱਖ ਦਿੱਤਾ ਹੈ। ਹੜਤਾਲ ਵਿਚ ਦਿਲਚਸਪੀ ਰੱਖਣ ਵਾਲਿਆਂ ਵੱਲੋਂ ਸਚਮੁੱਚ ਜ਼ਬਰਦਸਤੀ ਕਰਨ ਦੀ ਕੋਈ ਗਵਾਹੀ ਨਹੀਂ ਮਿਲੀ; ਬਹੁਤ ਸਾਰੇ ਮਾਮਲਿਆਂ ਵਿਚ ਪਹਿਲਾਂ ਨਾ ਤਾਂ ਕੋਈ ਜਥੇਬੰਦੀ ਸੀ ਅਤੇ ਨਾ ਹੀ ਕਿਸੇ ਨੇ ਪ੍ਰਚਾਰ ਕੀਤਾ। ਫਲਸਰੂਪ ਇਸ ਨੂੰ ਆਪਮੁਹਾਰੇ ਹੋਈ ਹੜਤਾਲ ਕਿਹਾ ਜਾ ਸਕਦਾ ਹੈ। ਜਿੱਥੇ ਪ੍ਰੇਰਨਾ ਕੀਤੀ ਗਈ ਉੱਥੇ ਹੁੰਗਾਰਾ ਤਤ-ਫੱਟ ਅਤੇ ਬੇਝਿਜਕ ਮਿਲਿਆ। ਸਰਕਾਰ ਦੇ ਕਈ ਹਿੰਦੋਸਤਾਨੀ ਅਧਿਕਾਰੀ ਕਸਬਿਆਂ ਦੇ ਵਸਨੀਕਾਂ ਦੀਆਂ ਸਾਰੀਆਂ ਸ਼੍ਰੇਣੀਆਂ, ਇੱਥੋਂ ਤਕ ਕਿ ਸਭ ਤੋਂ ਗ਼ਰੀਬ ਤਬਕੇ ਵੱਲੋਂ ਇਕ ਮਤ ਹੋ ਕੇ ਦੁਕਾਨਾਂ ਬੰਦ ਕਰਨ ਜਾਂ ਮੁਸ਼ੱਕਤ ਉੱਤੇ ਨਾ ਜਾਣ ਨੂੰ ਵੇਖ ਕੇ ਹੈਰਾਨ ਰਹਿ ਗਏ।’’
6 ਅਪ੍ਰੈਲ ਦੀ ਹੜਤਾਲ ਸੁੱਖ-ਸਾਂਦ ਨਾਲ ਲੰਘੀ ਤਾਂ ਅਗਲੇ ਦਿਨੀਂ ਸਰਗਰਮੀ ਵੀ ਘਟ ਗਈ।
ਅੰਦੋਲਨ ਦੇ ਆਗੂ ਸਮਝਦੇ ਸਨ ਕਿ ਹੜਤਾਲ ਨਾਲ ਮਸਲਾ ਹੱਲ ਨਹੀਂ ਹੋਇਆ, ਇਸ ਲਈ ਭਵਿੱਖ ਵਿਚ ਹੋਰ ਕੁਝ ਵੀ ਕਰਨਾ ਪਵੇਗਾ। ਜਨਤਾ ਦੇ ਮਨ ਵਿਚ ਗਾਂਧੀ ਜੀ ਵੱਲੋਂ ਚੁੱਕੇ ਜਾਣ ਵਾਲੇ ਅਗਲੇ ਕਦਮ ਬਾਰੇ ਜਾਣਨ ਦੀ ਉਤਸੁਕਤਾ ਬਣੀ ਹੋਈ ਸੀ ਜਿਸ ਨੂੰ ਬਰਕਰਾਰ ਰੱਖਣਾ ਭਵਿੱਖੀ ਪ੍ਰੋਗਰਾਮ ਦੀ ਸਫਲ਼ਤਾ ਲਈ ਜ਼ਰੂਰੀ ਸੀ। ਫਲਸਰੂਪ ਅਗਲੇ ਦਿਨਾਂ ਵਿਚ ਆਗੂਆਂ ਨੇ ਆਪਣੇ ਤੌਰ ਉੱਤੇ ਸਥਾਨਕ ਪੱਧਰ ਦੀਆਂ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਤੋਂ ਇਹ ਗੱਲ ਸਪਸ਼ਟ ਹੋ ਗਈ ਕਿ 6 ਅਪਰੈਲ ਦੀ ਹੜਤਾਲ ਨਾਲ ਹੋਰ ਕੋਈ ਲਾਭ ਭਾਵੇਂ ਨਹੀਂ ਹੋਇਆ, ਪਰ ਹਿੰਦੂ ਮੁਸਲਮਾਨਾਂ ਦੀ ਸਾਂਝ ਪੀਢੀ ਹੋ ਗਈ ਸੀ।

ਰਾਮ ਨੌਮੀ ਸਮੇਂ ਫ਼ਿਰਕੂ ਏਕਤਾ ਦਾ ਅਦੁੱਤੀ ਨਜ਼ਾਰਾ

ਇਸ ਦੁਵੱਲੀ ਸਾਂਝ ਨੇ 9 ਅਪਰੈਲ ਦੇ ਦਿਨ ਮਨਾਏ ਗਏ ਰਾਮ ਨੌਮੀ ਦੇ ਤਿਉਹਾਰ ਨੂੰ ਨਵਾਂ ਹੀ ਰੰਗ ਦੇ ਦਿੱਤਾ। ਪਰੰਪਰਾ ਅਨੁਸਾਰ ਹਿੰਦੂ ਲੋਕ ਸਦੀਆਂ ਤੋਂ ਇਹ ਤਿਉਹਾਰ ਮਨਾਉਂਦੇ ਆ ਰਹੇ ਸਨ, ਪਰ 1919 ਦੀ ਰਾਮ ਨੌਮੀ ਇਸ ਗੱਲੋਂ ਨਿਵੇਕਲੀ ਸੀ ਕਿ ਰਾਮ ਨੌਮੀ ਦੇ ਜਲੂਸ ਵਿਚ ਮੁਸਲਮਾਨਾਂ ਨੇ ਵੀ ਵਧ ਚੜ੍ਹ ਕੇ ਭਾਗ ਲਿਆ। ਬਟਾਲੇ ਵਿਚ ਜਲੂਸ ਵਿਚ ਭਾਗ ਲੈਣ ਵਾਲੇ ਲੋਕਾਂ ਦੇ ਪਹਿਨੇ ਕੱਪੜਿਆਂ ਉੱਤੇ ‘ਰਾਮ’ ਅਤੇ ‘ਓਮ’ ਦੇ ਨਾਲ ਨਾਲ ‘ਅੱਲਾਹ’ ਲਿਖਿਆ ਵੀ ਦੇਖਿਆ ਗਿਆ। ਪਾਣੀਪਤ, ਜਲੰਧਰ ਅਤੇ ਲਾਹੌਰ ਵਿਚ ਵੀ ਦੋਵਾਂ ਫ਼ਿਰਕਿਆਂ ਨੇ ਰਲ ਕੇ ਇਹ ਤਿਉਹਾਰ ਮਨਾਇਆ। ਲਾਹੌਰ ਵਿਚ ਲਾਲਾ ਦੁਨੀਂ ਚੰਦ ਨੇ ਘੋੜੇ ਉੱਤੇ ਸਵਾਰ ਹੋ ਕੇ ਜਲੂਸ ਦੀ ਅਗਵਾਈ ਕੀਤੀ।

ਦੋ ਰੇਲਵੇ ਬ੍ਰਿਜਾਂ ਦੇ ਆਸ-ਪਾਸ ਦਾ ਇਲਾਕਾ, ਜਿਥੇ 10 ਅਪਰੈਲ, 1919 ਨੂੰ ਫਾਇਰਿੰਗ ਹੋਈ

ਅੰਮ੍ਰਿਤਸਰ ਵਿਚ ਰਾਮ ਨੌਮੀ ਦੀ ਛਬ ਸਭ ਤੋਂ ਨਿਰਾਲੀ ਰਹੀ। ਪਿਛਲੇ ਦਿਨਾਂ ਤੋਂ ਬਣੀ ਫ਼ਿਰਕੂ ਸਾਂਝ ਦੇ ਗੂੜ੍ਹੇ ਹੋਣ ਦਾ ਫ਼ਲ ਸੀ ਕਿ ਰਾਮ ਨੌਮੀ ਦੇ ਜਲੂਸ ਦੀ ਅਗਵਾਈ ਡਾਕਟਰ ਹਾਫਿਜ਼ ਮੁਹੰਮਦ ਬਸ਼ੀਰ ਨੇ ਘੋੜੇ ਉੱਤੇ ਸਵਾਰ ਹੋ ਕੇ ਕੀਤੀ। ਜਲੂਸ ਵਿਚ ਸ਼ਾਮਲ ਲੋਕਾਂ ਵੱਲੋਂ ਚੁੱਕੇ ਝੰਡਿਆਂ ਉੱਤੇ ਹਿੰਦੂ ਮੁਸਲਮ ਏਕਤਾ ਪ੍ਰਗਟਾਉਂਦੇ ਨਾਅਰੇ ਲਿਖੇ ਹੋਏ ਸਨ। ਜਲੂਸ ਵਿਚ ਹਿੰਦੂ ਅਤੇ ਮੁਸਲਮਾਨ ਇਉਂ ਘੁਲ-ਮਿਲ ਕੇ ਚੱਲ ਰਹੇ ਸਨ ਕਿ ਸੋਚਿਆ ਨਹੀਂ ਸੀ ਜਾ ਸਕਦਾ ਕਿ ਕਦੇ ਉਨ੍ਹਾਂ ਵਿਚ ਇੱਟ ਕੁੱਤੇ ਦਾ ਵੈਰ ਵੀ ਰਿਹਾ ਹੋਵੇਗਾ। ਜਲੂਸ ਦੇ ਰਸਤੇ ਵਿਚ ਲੱਗੀਆਂ ਛਬੀਲਾਂ ਉੱਤੇ ਹਰ ਕੋਈ ਬਿਨਾਂ ਝਿਜਕ ਪਾਣੀ ਪੀ ਰਿਹਾ ਸੀ। ਪਿਛਲੇ ਦਿਨਾਂ ਦੇ ਪ੍ਰਭਾਵ ਕਾਰਨ ਧਾਰਮਿਕ ਭਾਵਨਾ ਉੱਤੇ ਰਾਜਸੀ ਭਾਵਨਾ ਭਾਰੂ ਹੋਣ ਕਾਰਨ ਲੋਕ ‘ਗਾਂਧੀ ਜੀ ਦੀ ਜੈ’, ‘ਕਿਚਲੂ ਜੀ ਦੀ ਜੈ’, ‘ਸੱਤਿਆਪਾਲ ਜੀ ਦੀ ਜੈ’ ਦੇ ਨਾਅਰੇ ਲਾ ਰਹੇ ਸਨ। ਜਲੂਸ ਦੇ ਆਖਰ ਵਿਚ ਮੁਸਲਮਾਨਾਂ ਦੀ ਇਕ ਟੋਲੀ ਤੁਰਕੀ ਮੁਲਕ ਦੇ ਵਾਸੀ ਲੋਕਾਂ ਦੇ ਪਹਿਰਾਵੇ ਵਿਚ ਚੱਲ ਰਹੀ ਸੀ। ਉਨ੍ਹੀਂ ਦਿਨੀਂ ਬਰਤਾਨੀਆ ਸਰਕਾਰ ਦੀ ਤੁਰਕੀ ਨਾਲ ਅੜ-ਫਸ ਹੋਣ ਕਾਰਨ ਇਸ ਟੋਲੀ ਦਾ ਅੰਗਰੇਜ਼ ਅਧਿਕਾਰੀਆਂ ਦੀਆਂ ਅੱਖਾਂ ਵਿਚ ਰੜਕਣਾ ਲਾਜ਼ਮੀ ਸੀ। ਜਲੂਸ ਵਿਚ ਕਿਧਰੇ ਵੀ ਅਤੇ ਕਦੇ ਵੀ ਕਿਸੇ ਤਣਾਅ ਦਾ ਨਾਮੋ ਨਿਸ਼ਾਨ ਦਿਖਾਈ ਨਹੀਂ ਦਿੱਤਾ। ਅੰਗਰੇਜ਼ ਅਤੇ ਹੋਰ ਸਰਕਾਰੀ ਅਧਿਕਾਰੀ ਰੋਜ਼ਮੱਰ੍ਹਾ ਵਾਂਗ ਤੁਰੇ ਫਿਰਦੇ ਰਹੇ, ਪਰ ਕਿਸੇ ਨੇ ਵੀ ਉਨ੍ਹਾਂ ਵੱਲ ਅੱਖ ਚੁੱਕ ਕੇ ਨਹੀਂ ਤੱਕਿਆ। ਇਸ ਜਨ ਸਮੂਹ ਨੂੰ ਬੰਧੇਜ ਵਿਚ ਰੱਖਣ ਦੀ ਜ਼ਿੰਮੇਵਾਰੀ ਚੌਧਰੀ ਬੱਗੇ ਦੇ ਮੋਢਿਆਂ ਉੱਤੇ ਸੀ ਜਿਸ ਨੂੰ ਉਸ ਨੇ ਬੜੀ ਸਫਲਤਾ ਨਾਲ ਨਿਭਾਇਆ। ਡਾਕਟਰ ਕਿਚਲੂ ਅਤੇ ਡਾਕਟਰ ਸੱਤਿਆਪਾਲ ਨੇ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਦੇ ਬੋਲਣ ਉੱਤੇ ਲਾਈ ਪਾਬੰਦੀ ਦੀ ਪਾਲਣਾ ਕੀਤੀ, ਪਰ ਇਸ ਦਿਨ ਦੇ ਇਕੱਠ ਨੇ ਉਨ੍ਹਾਂ ਦੀ ਹਰਮਨ ਪਿਆਰਤਾ ਦਾ ਸਬੂਤ ਪੇਸ਼ ਕੀਤਾ। ਫਲਸਰੂਪ ਲੈਫਟੀਨੈਂਟ ਗਵਰਨਰ ਓਡਵਾਇਰ ਨੇ ਡਾਕਟਰ ਕਿਚਲੂ ਅਤੇ ਡਾਕਟਰ ਸੱਤਿਆਪਾਲ ਨੂੰ ਅੰਮ੍ਰਿਤਸਰ ਸ਼ਹਿਰ ਦੇ ਅਮਨ ਚੈਨ ਲਈ ਖ਼ਤਰਾ ਦੱਸਦਿਆਂ ਡਿਪਟੀ ਕਮਸ਼ਿਨਰ ਅੰਮ੍ਰਿਤਸਰ ਮਿਸਟਰ ਮਾਈਲਜ਼ ਇਰਵਿੰਗ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਦੋਹਾਂ ਆਗੂਆਂ ਨੂੰ ਅੰਮ੍ਰਿਤਸਰ-ਬਦਰ ਕਰ ਦਿੱਤਾ ਜਾਵੇ।
ਡਿਪਟੀ ਕਮਿਸ਼ਨਰ ਨੂੰ ਇਹ ਹੁਕਮ ਸ਼ਾਮ ਸਮੇਂ ਮਿਲਿਆ ਅਤੇ ਉਸ ਨੇ ਤੁਰੰਤ ਇਸ ਹੁਕਮ ਉੱਤੇ ਅਮਲ ਕਰਨ ਲਈ ਆਪਣੇ ਅਧਿਕਾਰੀਆਂ ਅੰਮ੍ਰਿਤਸਰ ਦੇ ਮਿਲਟਰੀ ਸਟੇਸ਼ਨ ਦੇ ਕਮਾਂਡਰ ਕੈਪਟਨ ਮੈਸੀ, ਸੁਪਰਡੈਂਟ ਪੁਲੀਸ ਜੇ.ਐੱਫ. ਰੀਹਿਲ, ਡਿਪਟੀ ਸੁਪਰਡੈਂਟ ਪੁਲੀਸ ਆਰ. ਫਲੋਮਾ ਅਤੇ ਸਿਵਲ ਸਰਜਨ ਲੈਫਟੀਨੈਂਟ ਕਰਨਲ ਹੈਨਰੀ ਸਮਿੱਥ ਦੀ ਮੀਟਿੰਗ ਬੁਲਾ ਲਈ। ਵਿਚਾਰ ਦਾ ਮੁੱਦਾ ਇਹ ਸੀ ਕਿ ਡਾਕਟਰ ਕਿਚਲੂ ਅਤੇ ਡਾਕਟਰ ਸੱਤਿਆਪਾਲ ਦੀ ਗ੍ਰਿਫ਼ਤਾਰੀ ਕਾਰਨ ਜੇ ਲੋਕ ਭੜਕ ਉੱਠਣ ਅਤੇ ਉਨ੍ਹਾਂ ਨੂੰ ਛੁਡਾਉਣ ਦਾ ਯਤਨ ਕਰਨ ਤਾਂ ਹੁਕਮ ਨੂੰ ਅਮਲ ਵਿਚ ਲਿਆਉਣ ਲਈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ। ਫ਼ੈਸਲਾ ਹੋਇਆ ਕਿ ਸਵੇਰੇ ਦਸ ਵਜੇ ਡਾਕਟਰ ਕਿਚਲੂ ਅਤੇ ਡਾਕਟਰ ਸੱਤਿਆਪਾਲ ਨੂੰ ਡਿਪਟੀ ਕਮਿਸ਼ਨਰ ਦੀ ਕੋਠੀ ਸੱਦ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਜਾਵੇ ਅਤੇ ਅੰਗਰੇਜ਼ੀ ਗਾਰਦ ਨਾਲ ਕਿਸੇ ਅਣਦੱਸੀ ਥਾਂ ਵੱਲ ਰਵਾਨਾ ਕਰ ਦਿੱਤਾ ਜਾਵੇ। ਅਜਿਹਾ ਕਰਦਿਆਂ ਜੇਕਰ ਡਿਪਟੀ ਕਮਿਸ਼ਨਰ ਦੀ ਕੋਠੀ ਸਾਹਮਣੇ ਭੀੜ ਇਕੱਠੀ ਹੋ ਜਾਵੇ ਤਾਂ ਕੈਪਟਨ ਮੈਸੀ ਪੈਦਲ ਫ਼ੌਜੀ ਦਸਤਿਆਂ ਦੀ ਮਦਦ ਨਾਲ ਉਨ੍ਹਾਂ ਨੂੰ ਖਿੰਡਾ ਦੇਵੇ। ਅੰਮ੍ਰਿਤਸਰ ਸ਼ਹਿਰ ਅਤੇ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਦੀਆਂ ਕੋਠੀਆਂ ਨੂੰ ਰੇਲ ਦੀ ਲੀਹ ਇਕ ਦੂਜੇ ਤੋਂ ਵੱਖ ਕਰਦੀ ਸੀ ਜਿਸ ਉੱਤੇ ਬਣੇ ਪੁਲ ਅਤੇ ਪੈਦਲ ਲਾਂਘੇ ਇਕ ਪਾਸੇ ਤੋਂ ਦੂਜੇ ਪਾਸੇ ਆਉਣ ਲਈ ਵਰਤੇ ਜਾਂਦੇ ਸਨ। ਇਨ੍ਹਾਂ ਪੁਲਾਂ ਅਤੇ ਲਾਂਘਿਆਂ ਨੂੰ ਵੀ ਪੁਲੀਸ ਬਲ ਤਾਇਨਾਤ ਕਰ ਕੇ ਰੋਕਣ ਦੀ ਵਿਉਂਤ ਬਣਾਈ ਗਈ। ਰਾਮ ਬਾਗ ਅਤੇ ਫ਼ੌਜੀ ਛਾਉਣੀ ਵਿਚ ਰਿਜ਼ਰਵ ਦਸਤੇ ਰੱਖਣ ਅਤੇ ਸ਼ਹਿਰ ਦੀ ਕੋਤਵਾਲੀ ਵਿਚ ਘੋੜ ਸਵਾਰ ਪੁਲੀਸ ਦੀ ਵੱਡੀ ਨਫਰੀ ਤਾਇਨਾਤ ਕਰਨ ਦਾ ਫ਼ੈਸਲਾ ਹੋਇਆ। ਰੇਲਵੇ ਸਟੇਸ਼ਨ ਦੀ ਰਾਖੀ ਫ਼ੌਜੀ ਜਵਾਨਾਂ ਦੇ ਹਵਾਲੇ ਕੀਤੀ ਗਈ। ਯੂਰੋਪੀਅਨ ਔਰਤਾਂ ਅਤੇ ਬੱਚਿਆਂ ਦੀ ਰਾਖੀ ਦਾ ਕੰਮ ਲੈਫਟੀਨੈਂਟ ਕਰਨਲ ਸਮਿੱਥ ਨੂੰ ਸੌਂਪਿਆ ਗਿਆ। ਕਿਸੇ ਸਮੇਂ ਇਕੱਠੀ ਹੋਈ ਭੀੜ ਨੂੰ ਪੁਰਅਮਨ ਤਰੀਕੇ ਨਾਲ ਜਾਂ ਸ਼ਕਤੀ ਦੀ ਵਰਤੋਂ ਕਰ ਕੇ ਖਿੰਡਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਤਿੰਨ ਅੰਗਰੇਜ਼ ਮੈਜਿਸਟ੍ਰੇਟਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਫ਼ੌਜ ਅਤੇ ਪੁਲੀਸ ਦੀਆਂ ਟੋਲੀਆਂ ਦੇ ਨਾਲ ਰਹਿਣ। ਇਹ ਸਾਰਾ ਇੰਤਜ਼ਾਮ ਕਰ ਕੇ ਅਧਿਕਾਰੀਆਂ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਪੈਦਾ ਹੋ ਸਕਦੀ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠ ਸਕਣਗੇ।

ਸੰਪਰਕ: 94170-49417

ਦਿੱਲੀ ਵਿਚ ਪੁਲੀਸ ਨੇ ਚਲਾਈ ਗੋਲੀ

ਜਦੋਂ ਮਹਾਤਮਾ ਗਾਂਧੀ ਨੂੰ ਮਹਿਸੂਸ ਹੋਇਆ ਕਿ ਇਮਪੀਰੀਅਲ ਲੈਜਿਸਲੇਟਿਵ ਕੌਂਸਲ ਦੇ ਹਿੰਦੁਸਤਾਨੀ ਮੈਂਬਰਾਂ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਸਰਕਾਰ ਰੌਲਟ ਬਿਲ ਨੂੰ ਕਾਨੂੰਨ ਬਣਾਉਣ ਲਈ ਬਜ਼ਿਦ ਹੈ ਤਾਂ ਉਨ੍ਹਾਂ 1 ਮਾਰਚ 1919 ਨੂੰ ਇਸ ਦੇ ਵਿਰੁੱਧ ਸੱਤਿਆਗ੍ਰਹਿ ਕਰਨ ਦਾ ਐਲਾਨ ਕਰ ਦਿੱਤਾ। 21 ਮਾਰਚ ਨੂੰ ਐਕਟ ਪਾਸ ਹੋਣ ਦੇ ਦੋ ਦਿਨ ਪਿੱਛੋਂ ਹੀ ਗਾਂਧੀ ਜੀ ਨੇ ਸੱਤਿਆਗ੍ਰਹੀਆਂ ਲਈ ਹਦਾਇਤਾਂ ਜਾਰੀ ਕਰਦਿਆਂ 30 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਕਰਨ ਦਾ ਸੱਦਾ ਦਿੱਤਾ। ਭਾਵੇਂ ਉਨ੍ਹਾਂ ਨੇ ਪਿੱਛੋਂ ਹੜਤਾਲ ਦੀ ਮਿਤੀ ਬਦਲ ਕੇ 6 ਅਪਰੈਲ ਕਰ ਦਿੱਤੀ, ਪਰ ਮਿਤੀ ਤਬਦੀਲੀ ਦੀ ਸੂਚਨਾ ਜਨਤਾ ਤਕ ਨਾ ਪਹੁੰਚਣ ਕਾਰਨ 30 ਮਾਰਚ ਨੂੰ ਵੀ ਦੇਸ਼ ਵਿਚ ਅਨੇਕ ਥਾਵਾਂ ਉੱਤੇ ਹੜਤਾਲ ਹੋਈ ਜੋ ਪੁਰਅਮਨ ਰਹੀ, ਪਰ ਦਿੱਲੀ ਵਿਚ ਅੰਦੋਲਨਕਾਰੀਆਂ ਉੱਪਰ ਪੁਲੀਸ ਵੱਲੋਂ ਚਲਾਈ ਗੋਲੀ ਨਾਲ ਜਾਨੀ ਨੁਕਸਾਨ ਹੋਇਆ।
ਹੋਇਆ ਇਉਂ ਕਿ ਚਾਂਦਨੀ ਚੌਕ ਖੇਤਰ ਵਿਚ ਪੁਲੀਸ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕਰ ਰਹੇ ਦੋ ਵਲੰਟੀਅਰਾਂ ਨੂੰ ਹਿਰਾਸਤ ਵਿਚ ਲੈ ਲਿਆ। ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਤਾਂ ਪਲ ਛਿਣ ਵਿਚ ਹੀ ਵੱਡੀ ਗਿਣਤੀ ਵਿਚ ਵਲੰਟੀਅਰ ਇਸ ਇਲਾਕੇ ਵਿਚ ਇਕੱਠੇ ਹੋ ਗਏ। ਸੈਨਾ ਅਤੇ ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਜ਼ਬਰਦਸਤੀ ਕਰਨੀ ਸ਼ੁਰੂ ਕੀਤੀ ਤਾਂ ਲੋਕ ਵੀ ਗੁੱਸੇ ਵਿਚ ਆ ਕੇ ਪੁਲੀਸ ਉੱਤੇ ਪੱਥਰ ਮਾਰਨ ਲੱਗੇ। ਇਸ ਸਥਿਤੀ ਵਿਚ ਪੁਲੀਸ ਨੇ ਗੋਲੀ ਚਲਾ ਦਿੱਤੀ ਜਿਸ ਨਾਲ 8 ਵਲੰਟੀਅਰਾਂ ਦੀ ਮੌਤ ਹੋਈ।
ਦਿੱਲੀ ਵਿਚ ਵਾਪਰੀ ਇਹ ਘਟਨਾ 6 ਅਪਰੈਲ ਦੀ ਹੜਤਾਲ ਨੂੰ ਜ਼ੋਰਦਾਰ ਬਣਾਉਣ ਦਾ ਕਾਰਨ ਬਣੀ। ਜ਼ਿਲ੍ਹਾ ਹਿਸਾਰ ਦੇ ਕਸਬੇ ਭਿਵਾਨੀ ਵਿਚ ਤਾਂ ਲੋਕਾਂ ਨੇ ਕਾਲੇ ਬਸਤਰ ਪਹਿਨ ਕੇ ਅਤੇ ਕਾਲੇ ਝੰਡੇ ਲੈ ਕੇ ਦਿੱਲੀ ਵਿਚ ਪੁਲੀਸ ਦੁਆਰਾ ਸੱਤਿਆਗ੍ਰਹੀਆਂ ਨੂੰ ਮਾਰਨ ਵਿਰੁੱਧ ਰੋਸ ਪ੍ਰਗਟਾਇਆ।

ਰੌਲਟ ਐਕਟ ਵਿਰੁੱਧ ਪ੍ਰਣ ਪੱਤਰ

‘‘ਪੂਰੀ ਸਿਦਕਦਿਲੀ ਅਤੇ ਇਮਾਨਦਾਰੀ ਨਾਲ ਇਹ ਰਾਏ ਰੱਖਦਿਆਂ ਹੋਇਆਂ ਕਿ ਇਹ ਬਿਲ ਇੰਡੀਅਨ ਕਰਿਮੀਨਲ ਲਾਅ (ਅਮੈਂਡਮੈਂਟ) ਨੰ: 1, 1919 ਅਤੇ ਨੰ: 2, 1919 ਨਿਆਂਹੀਣ ਅਤੇ ਆਜ਼ਾਦੀ ਤੇ ਇਨਸਾਫ਼ ਦੇ ਅਸੂਲਾਂ ਦੇ ਮਨਾਫ਼ੀ ਅਤੇ ਸ਼ਹਿਰੀਆਂ ਦੇ ਬੁਨਿਆਦੀ ਹੱਕਾਂ ਉੱਪਰ ਛਾਪਾ ਹਨ। ਅਤੇ ਜਿਨ੍ਹਾਂ ਬੁਨਿਆਦੀ ਹੱਕਾਂ ਉੱਪਰ ਸਟੇਟ ਅਤੇ ਕੌਮ ਦੇ ਬਚਾਉ ਦਾ ਦਾਰੋਮਦਾਰ ਹੈ, ਇਹ ਉਨ੍ਹਾਂ ਦਾ ਵੀ ਘਾਤ ਕਰਦੇ ਹਨ, ਅਸੀਂ ਪ੍ਰਣ ਕਰਦੇ ਹਾਂ ਕਿ ਜੇ ਇਹ ਬਿਲ ਕਾਨੂੰਨ ਦਾ ਰੂਪ ਧਾਰਨ ਕਰ ਗਏ ਤਾਂ ਅਸੀਂ ਸ਼ਾਂਤ-ਮਈ ਢੰਗ ਨਾਲ ਇਨ੍ਹਾਂ ਕਾਨੂੰਨਾਂ ਤੇ ਹੋਰਨਾਂ ਨੂੰ ਵੀ, ਜਿਵੇਂ ਕਿ ਸਾਡੀ ਬਣਾਈ ਜਾਣ ਵਾਲੀ ਕਮੇਟੀ ਹਦਾਇਤ ਕਰੇ, ਜਾਂ ਮੁਨਾਸਬ ਸਮਝੇ, ਮੰਨਣ ਤੋਂ ਇਨਕਾਰ ਕਰ ਦਿਆਂਗੇ। ਅਸੀਂ ਇਹ ਵੀ ਪੂਰੀ ਗੰਭੀਰਤਾ ਨਾਲ ਕਸਮ ਖਾਂਦੇ ਹਾਂ ਕਿ ਆਪਣੇ ਇਸ ਅੰਦੋਲਨ ਵਿਚ ਸੱਚ ਦਾ ਅਤੇ ਸ਼ਾਂਤੀ ਦਾ ਪੱਲਾ ਕਦੇ ਨਹੀਂ ਛੱਡਾਂਗੇ ਤੇ ਕਿਸੇ ਜਾਨ ਮਾਲ ਨੂੰ ਹਾਨੀ ਨਹੀਂ ਪੁਚਾਵਾਂਗੇ।’’

– ਮਹਾਤਮਾ ਗਾਂਧੀ
(ਇਹ ਪ੍ਰਣ ਪੱਤਰ ਗੁਜਰਾਤੀ ਵਿਚ ਲਿਖਿਆ ਗਿਆ ਅਤੇ ਇਸ ਦਾ ਅੰਗਰੇਜ਼ੀ ਵਿਚ ਉਲੱਥਾ ਸ੍ਰੀ ਬੀ.ਜੀ. ਹਾਰਨੀਮਨ, ਸੰਪਾਦਕ ਬੰਬਈ ਕਰਾਨੀਕਲ ਨੇ ਕੀਤਾ)


Comments Off on 13 ਅਪਰੈਲ 1919 ਤੋਂ ਪਹਿਲਾਂ : ਵਿਆਪਕ ਹੜਤਾਲ ਅਤੇ ਆਪਸੀ ਸਦਭਾਵਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.