ਕਰੋਨਾਵਾਇਰਸ ਦੀ ਥਾਂ ਭੁੱਖਮਰੀ ਨੇ ਡਰਾਏ ਦਿਹਾੜੀਦਾਰ ਮਜ਼ਦੂਰ !    ਜਦੋਂ ਤੱਕ ਕਰੋਨਾ ਦਾ ਪ੍ਰਕੋਪ, ਸਾਡੇ ਘਰ ਆਉਣ ’ਤੇ ਰੋਕ !    ਏਮਸ ਵੱਲੋਂ ਹੈਲਥ ਕੇਅਰ ਵਰਕਰਾਂ ਲਈ ਕੋਵਿਡ-19 ਦਸਤਾਵੇਜ਼ ਜਾਰੀ !    ਫ਼ੌਜੀਆਂ ਵੱਲੋਂ ਇਕ ਦਿਨ ਦੀ ਤਨਖਾਹ ਦਾਨ ਵਿੱਚ ਦੇਣ ਦਾ ਐਲਾਨ !    ਅਫ਼ਵਾਹਾਂ ਤੇ ਲੌਕਡਾਊਨ ਨੇ ਠੁੰਗਗਿਆ ਪੋਲਟਰੀ ਕਾਰੋਬਾਰ !    ਪਾਕਿਸਤਾਨ ’ਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 1526 ਹੋਈ !    ਨੈਤਿਕ ਕਦਰਾਂ ਹੀ ਕੰਨਿਆ ਪੂਜਾ !    ਬਹਾਵਲਪੁਰ: ਖ਼ੂਬਸੂਰਤ ਅਤੀਤ, ਬਦਸੂਰਤ ਵਰਤਮਾਨ... !    ਅਖ਼ਬਾਰ ਆ ਨਹੀਂ ਰਹੀ, ਤੁਸੀਂ ਵੀ ਖ਼ਬਰਾਂ ਪੜ੍ਹਨੀਆਂ ਬੰਦ ਕਰ ਦਿਓ !    ਸ਼ਾਹੀਨ ਬਾਗ਼ ਵਿੱਚ ਦੁਕਾਨ ਨੂੰ ਅੱਗ ਲੱਗੀ !    

13 ਅਪਰੈਲ ਦਾ ਖ਼ੂਨੀ ਸਾਕਾ

Posted On April - 13 - 2019

13 ਅਪਰੈਲ 1919 ਅਤੇ 15 ਅਗਸਤ 1947 ਪਿਛਲੀ ਸਦੀ ਦੇ ਹਿੰਦੋਸਤਾਨ ਤੇ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਅਹਿਮ ਦਿਨਾਂ ਵਿਚ ਆਉਂਦੇ ਹਨ। 20ਵੀਂ ਸਦੀ ਦੇ ਸ਼ੁਰੂ ਵਿਚ ‘ਪਗੜੀ ਸੰਭਾਲ ਜੱਟਾ’ ਅਤੇ ਗ਼ਦਰ ਲਹਿਰ ਨੇ ਪੰਜਾਬੀਆਂ ਦੇ ਮਨਾਂ ਵਿਚ ਆਜ਼ਾਦੀ ਦੀ ਤਾਂਘ ਨੂੰ ਤੀਬਰ ਕੀਤਾ। ਸਰਕਾਰ ਨੇ ਇਨ੍ਹਾਂ ਇਨਕਲਾਬੀ ਸਰਗਰਮੀਆਂ ਨੂੰ ਦਬਾਉਣ ਲਈ ਰੌਲਟ ਐਕਟ ਬਣਾਇਆ। ਸਾਰੇ ਦੇਸ਼ ਵਿਚ ਇਸ ਦਾ ਵਿਰੋਧ ਹੋਇਆ, ਪਰ ਪੰਜਾਬ ਵਿਚ ਇਸ ਵਿਰੋਧ ਦੇ ਤੇਵਰ ਵੱਖਰੇ ਸਨ। 6 ਅਪਰੈਲ 1919 ਨੂੰ ਹੋਈ ਹੜਤਾਲ ਅਤੇ 9 ਤਰੀਕ ਨੂੰ ਸਾਂਝੇ ਤੌਰ ’ਤੇ ਮਨਾਈ ਗਈ ਰਾਮਨੌਮੀ ਤੋਂ ਅੰਗਰੇਜ਼ ਸਰਕਾਰ ਬੌਖ਼ਲਾ ਉੱਠੀ। 10 ਤਰੀਕ ਨੂੰ ਅੰਮ੍ਰਿਤਸਰ ਦੇ ਲੋਕਾਂ ਦੇ ਮਹਿਬੂਬ ਆਗੂ ਸੈਫ਼ੂਦੀਨ ਕਿਚਲੂ ਅਤੇ ਡਾਕਟਰ ਸੱਤਪਾਲ ਗ੍ਰਿਫ਼ਤਾਰ ਕਰ ਲਏ ਗਏ। ਅੰਮ੍ਰਿਤਸਰ ਵਿਚ ਲੋਕਾਂ ਅਤੇ ਬਰਤਾਨਵੀ ਫ਼ੌਜ ਵਿਚਕਾਰ ਹਿੰਸਕ ਟਕਰਾਓ ਹੋਇਆ। ਸਿੱਟੇ ਵਜੋਂ ਰੋਸ ਵਧਿਆ। ਅਗਲੇ ਦੋ-ਤਿੰਨ ਦਿਨਾਂ ਵਿਚ ਇਹ ਰੋਸ ਆਪਣੀ ਸਿਖ਼ਰ ’ਤੇ ਪਹੁੰਚਿਆ ਤੇ ਲੋਕ ਜੱਲ੍ਹਿਆਂ ਵਾਲਾ ਬਾਗ਼ ਵਿਚ ਇਕੱਠੇ ਹੋਏ। ‘ਪੰਜਾਬੀ ਟ੍ਰਿਬਿਊਨ’ ਦਾ ਇਹ ਅੰਕ ਅੱਜ ਤੋਂ 100 ਸਾਲ ਪਹਿਲਾਂ ਉਸ ਥਾਂ ’ਤੇ ਵਾਪਰੇ ਖ਼ੂਨੀ ਸਾਕੇ ਨੂੰ ਸਮਰਪਿਤ ਹੈ।

ਗੁਰਦੇਵ ਸਿੰਘ ਸਿੱਧੂ

ਮੁਹੰਮਦ ਹੁਸੈਨ ਖੁਸ਼ਨੂਦ (ਚਿੱਤਰ: ਹਰਦੀਪ ਸਿੰਘ)

12 ਅਪਰੈਲ, 1919 ਨੂੰ ਸਵੇਰ ਵੇਲੇ ਹੀ ਬ੍ਰਿਗੇਡੀਅਰ ਜਨਰਲ ਡਾਇਰ ਨੇ ਅੰਮ੍ਰਿਤਸਰ ਸ਼ਹਿਰ ਦੇ ਮਹੱਤਵਪੂਰਨ ਟਿਕਾਣਿਆਂ, ਜਿਨ੍ਹਾਂ ਵਿਚ ਸ਼ਹਿਰ ਅਤੇ ਸਿਵਲ ਲਾਈਨਜ਼ ਨੂੰ ਮਿਲਾਉਣ ਲਈ ਰੇਲ ਪਟੜੀ ਉੱਤੇ ਪੁਲ ਅਤੇ ਹੋਰ ਲਾਂਘੇ, ਸ਼ਹਿਰ ਦੇ ਦਰਵਾਜ਼ੇ, ਵਾਟਰ ਵਰਕਸ ਆਦਿ ਸ਼ਾਮਲ ਸਨ, ਉੱਤੇ ਫ਼ੌਜੀ ਪਹਿਰੇ ਲਾ ਕੇ ਸਰਕਾਰ ਦੀ ਤਾਕਤ ਦਾ ਵਿਖਾਵਾ ਕੀਤਾ। ਉਹ 10 ਵਜੇ ਦੇ ਲਗਪਗ ਸਾਢੇ ਚਾਰ ਸੌ ਫ਼ੌਜੀ ਸਿਪਾਹੀਆਂ ਦੀ ਸੁਰੱਖਿਆ ਹੇਠ ਸ਼ਹਿਰ ਵਿਚ ਚੱਕਰ ਲਾਉਣ ਲੱਗਾ। ਵਿਖਾਵਾਕਾਰੀਆਂ ਦੀ ਸੂਚੀ ਉਸ ਕੋਲ ਸੀ ਜਿਸ ਨੂੰ ਵੇਖਦਿਆਂ ਉਸ ਨੇ ਬੱਗਾ ਅਤੇ ਦੀਨਾ ਨਾਥ ਸਮੇਤ ਇਕ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਥਾਂ ਥਾਂ ਲੋਕਾਂ ਦੀਆਂ ਭੀੜਾਂ ਜਮਾਂ ਸਨ, ਪਰ ਕਿਧਰੇ ਵੀ ਵਿਰੋਧ ਨਹੀਂ ਹੋਇਆ। ਸ਼ਹਿਰ ਵਿਚ ਇਸ ਤਰ੍ਹਾਂ ਦੀਆਂ ਭੀੜਾਂ ਫਿਰ ਨਾ ਜੁੜਨ, ਇਸ ਮਨੋਰਥ ਲਈ ਉਸ ਨੇ ਸ਼ਹਿਰ ਵਿਚ ਇਹ ਢੰਡੋਰਾ ਪਿਟਵਾਇਆ, ‘ਅੰਮ੍ਰਿਤਸਰ ਵਾਸੀਆਂ ਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਮਾਰ ਧਾੜ ਕਰਨ ਜਾਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਸ਼ਹਿਰ ਨੇੜੇ ਕਿਸੇ ਪ੍ਰਕਾਰ ਦੀ ਹਿੰਸਕ ਕਾਰਵਾਈ ਕਰਨ ਨੂੰ ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਹੋਈਆਂ ਵਾਰਦਾਤਾਂ ਨਾਲ ਸਬੰਧਿਤ ਜੁਰਮ ਮੰਨਦਿਆਂ ਅਜਿਹੀ ਕਾਰਵਾਈ ਕਰਨ ਵਾਲੇ ਨੂੰ ਫ਼ੌਜੀ ਕਾਨੂੰਨ ਮੁਤਾਬਿਕ ਸਜ਼ਾ ਦਿੱਤੀ ਜਾਵੇਗੀ।’
‘ਹਰ ਕਿਸਮ ਦੇ ਇਕੱਠ ਜਲਸੇ ਜਲੂਸ ਆਦਿ ਕਰਨ ਦੀ ਮਨਾਹੀ ਕੀਤੀ ਜਾਂਦੀ ਹੈ ਅਤੇ ਅਜਿਹੇ ਇਕੱਠ ਨੂੰ ਖਿੰਡਾਉਣ ਲਈ ਫ਼ੌਜੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।’ ਦਿੱਲੀ ਵਿਚ 30 ਮਾਰਚ ਨੂੰ ਅੰਮ੍ਰਿਤਸਰ ਅਤੇ ਲਾਹੌਰ ਵਿਚ 10 ਅਪਰੈਲ ਨੂੰ ਹੋਈ ਪੁਲੀਸ ਦੀ ਗੋਲੀਬਾਰੀ ਵਿਚ ਮਾਰੇ ਗਏ ਸ਼ਹਿਰੀਆਂ ਦੇ ਸੋਗ ਕਾਰਨ 12 ਅਪਰੈਲ ਨੂੰ ਪੰਜਾਬ ਭਰ ਵਿਚ ਤਣਾਅ ਬਣਿਆ ਰਿਹਾ। ਆਪ ਮੁਹਾਰੀ ਹੜਤਾਲ ਤਾਂ ਬਹੁਤ ਥਾਵਾਂ ਉੱਤੇ ਹੋਈ, ਪਰ ਕੁਝ ਹੋਰ ਥਾਵਾਂ ਉੱਤੇ ਟੈਲੀਗ੍ਰਾਫ ਤਾਰਾਂ ਕੱਟਣ, ਰੇਲ ਦੀ ਲੀਹ ਨੂੰ ਨੁਕਸਾਨ ਪਹੁੰਚਾਉਣ ਅਤੇ ਸਰਕਾਰੀ ਇਮਾਰਤਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵੀ ਹੋਈਆਂ। ਲਾਹੌਰ ਸ਼ਹਿਰ ਵਿਚ ਪੁਲੀਸ ’ਤੇ ਪੱਥਰ ਮਾਰ ਰਹੀ ਭੀੜ ਨੂੰ ਖਿੰਡਾਉਣ ਲਈ ਪੁਲੀਸ ਵੱਲੋਂ ਚਲਾਈ ਗੋਲੀ ਕਾਰਨ ਇਕ ਵਿਦਿਆਰਥੀ ਮਾਰਿਆ ਗਿਆ ਅਤੇ 22 ਹੋਰ ਵਿਅਕਤੀ ਜ਼ਖ਼ਮੀ ਹੋਏ। ਪਿੱਛੋਂ ਜ਼ਖ਼ਮੀਆਂ ਵਿਚੋਂ ਵੀ ਇਕ ਜਣੇ ਦੀ ਮੌਤ ਹੋ ਗਈ। ਇਉਂ ਲਾਹੌਰ ਵਿਚ ਤਾਂ ਭਾਵੇਂ ਅਸ਼ਾਂਤੀ ਅਤੇ ਤਣਾਅ ਬਣਿਆ, ਪਰ 12 ਅਪਰੈਲ ਦਾ ਦਿਨ ਅੰਮ੍ਰਿਤਸਰ ਵਿਚ ਬਿਨਾਂ ਕਿਸੇ ਦੁਰਘਟਨਾ ਦੇ ਲੰਘਿਆ।

ਜ਼ੁਲਮ ਦੀ ਸਿਖਰ: 13 ਅਪਰੈਲ ਨੂੰ ਸਭ ਤੋਂ ਵੱਡੀ ਘਟਨਾ ਅੰਮ੍ਰਿਤਸਰ ਵਿਚ ਵਾਪਰੀ

ਜੱਲ੍ਹਿਆਂ ਵਾਲੇ ਬਾਗ਼ ਦਾ 1919 ਵਿਚ ਇਕ ਪੂਰਬੀ ਦ੍ਰਿਸ਼।

ਅੰਮ੍ਰਿਤਸਰ ਸ਼ਹਿਰ ਦੇ ਵਸਨੀਕ ਸਵੇਰ ਦੇ ਨਾਸ਼ਤੇ ਤੋਂ ਵਿਹਲੇ ਹੋਏ ਸਨ ਕਿ ਉਨ੍ਹਾਂ ਨੇ ਸ਼ਹਿਰ ਵਿਚ ਹੋ ਰਹੀ ਮੁਨਾਦੀ ਸੁਣੀ। ਮੁਨਾਦੀ ਕਰਨ ਵਾਲਾ ਕਹਿ ਰਿਹਾ ਸੀ, ‘ਹਰ ਕਿਸੇ ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਦੱਸੇ ਗਏ ਅਫ਼ਸਰਾਂ ਤੋਂ ਮਨਜ਼ੂਰੀ ਲਏ ਬਿਨਾਂ ਸ਼ਹਿਰ ਦੇ ਕਿਸੇ ਵੀ ਵਸਨੀਕ ਦੇ ਪੈਦਲ, ਆਪਣੀ ਜਾਂ ਕਿਰਾਏ ਦੀ ਸਵਾਰੀ ਰਾਹੀਂ ਸ਼ਹਿਰ ਤੋਂ ਬਾਹਰ ਜਾਣ ਦੀ ਸਖ਼ਤ ਮਨਾਹੀ ਹੈ। ਅੱਠ ਵਜੇ ਸ਼ਾਮ ਤੋਂ ਪਿੱਛੋਂ ਕੋਈ ਵੀ ਸ਼ਖ਼ਸ ਆਪਣੇ ਘਰ ਤੋਂ ਬਾਹਰ ਨਾ ਨਿਕਲੇ। ਸ਼ਹਿਰ ਦੇ ਅੰਦਰ ਜਾਂ ਬਾਹਰ ਕਿਸੇ ਪ੍ਰਕਾਰ ਦੇ ਜਲੂਸ ਕੱਢਣ ਦੀ ਵੀ ਮਨਾਹੀ ਹੈ। ਅਜਿਹਾ ਕੋਈ ਜਲੂਸ ਜਾਂ ਚਾਰ ਵਿਅਕਤੀਆਂ ਤੋਂ ਵੱਧ ਦਾ ਇਕੱਠ ਗ਼ੈਰਕਾਨੂੰਨੀ ਸਮਝਿਆ ਜਾਵੇਗਾ ਅਤੇ ਲੋੜ ਅਨੁਸਾਰ ਗੋਲੀ ਚਲਾ ਕੇ ਖਿੰਡਾਇਆ ਜਾਵੇਗਾ।’
ਡਾਇਰ ਦੀ ਏਨੇ ਨਾਲ ਤਸੱਲੀ ਨਹੀਂ ਹੋਈ। ਉਹ ਜਾਣਦਾ ਸੀ ਕਿ ਇਸ ਪ੍ਰਕਾਰ ਦੀਆਂ ਪਾਬੰਦੀਆਂ ਲਾਉਣ ਬਾਰੇ ਡਿਪਟੀ ਕਮਿਸ਼ਨਰ ਨੇ 11 ਅਪਰੈਲ ਨੂੰ ਹੁਕਮ ਜਾਰੀ ਕੀਤਾ ਸੀ ਅਤੇ ਕੱਲ੍ਹ ਉਸ ਨੇ ਅੱਖੀਂ ਵੇਖਿਆ ਸੀ ਕਿ ਲੋਕਾਂ ਨੇ ਡਿਪਟੀ ਕਮਿਸ਼ਨਰ ਦੇ ਹੁਕਮ ਦੀ ਪਰਵਾਹ ਨਹੀਂ ਸੀ ਕੀਤੀ। ਉਹ ਸ਼ਹਿਰ ਵਾਸੀਆਂ ਨੂੰ ਜਤਾਉਣਾ ਚਾਹੁੰਦਾ ਸੀ ਕਿ ਕਿਸੇ ਸਰਕਾਰੀ ਅਧਿਕਾਰੀ ਵੱਲੋਂ ਜਾਰੀ ਕੀਤੇ ਹੁਕਮਾਂ ਨੂੰ ਟਿੱਚ ਸਮਝਣ ਦਾ ਸਿੱਟਾ ਦੁੱਖਦਾਈ ਹੁੰਦਾ ਹੈ। ਫਲਸਰੂਪ ਉਸ ਨੇ ਡਿਪਟੀ ਕਮਿਸ਼ਨਰ ਅਤੇ ਪੁਲੀਸ ਸੁਪਰਡੈਂਟ ਨੂੰ ਨਾਲ ਲਿਆ ਅਤੇ ਸ਼ਹਿਰ ਵਿਚ ਨਿਕਲ ਪਿਆ। ਸਭ ਤੋਂ ਅੱਗੇ ਘੋੜਿਆਂ ਉੱਤੇ ਸਵਾਰ ਕੋਤਵਾਲੀ ਵਿਚ ਤਾਇਨਾਤ ਪੁਲੀਸ ਅਧਿਕਾਰੀ ਅਤੇ ਉਸ ਤੋਂ ਪਿੱਛੇ ਖੁੱਲ੍ਹੀ ਜੀਪ ਵਿਚ ਤਹਿਸੀਲਦਾਰ ਨਾਲ ਮੁਨਾਦੀ ਵਾਲਾ ਬੈਠਾ ਸੀ। ਇਸ ਤੋਂ ਪਿੱਛੇ ਅੰਗਰੇਜ਼ ਫ਼ੌਜੀ ਸਿਪਾਹੀਆਂ ਦਾ ਦਸਤਾ ਪੈਦਲ ਚੱਲ ਰਿਹਾ ਸੀ ਅਤੇ ਸਭ ਤੋਂ ਪਿੱਛੇ ਸੀ ਮੋਟਰ ਵਿਚ ਸਵਾਰ ਬ੍ਰਿਗੇਡੀਅਰ ਜਨਰਲ ਡਾਇਰ ਅਤੇ ਮਿਸਟਰ ਇਰਵਿੰਗ ਡਿਪਟੀ ਕਮਿਸ਼ਨਰ। ਇਹ ਕਾਫਲਾ ਹਰ ਗਲੀ ਮੁਹੱਲੇ ਦੇ ਸਾਹਮਣੇ ਅਤੇ ਹਰ ਚੌਰਾਹੇ ਵਿਚ ਖੜ੍ਹਦਾ ਅਤੇ ਮੁਨਾਦੀ ਕਰਨ ਵਾਲਾ ਜ਼ੋਰ ਜ਼ੋਰ ਦੀ ਬੋਲ ਕੇ ਲੋਕਾਂ ਨੂੰ ਐਲਾਨਨਾਮਾ ਸੁਣਾਉਂਦਾ। ਇਸ ਕੰਮ ਵਿਚ ਉਸਨੂੰ ਕਈ ਘੰਟੇ ਲੱਗੇ। ਜਦੋਂ ਡਾਇਰ ਇਹ ਕਾਰਵਾਈ ਮੁਕੰਮਲ ਕਰ ਕੇ ਰਾਮ ਬਾਗ਼ ਸਥਿਤ ਆਪਣੇ ਹੈੱਡ ਕੁਆਰਟਰ ਵਿਚ ਪੁੱਜਾ ਤਾਂ ਦੁਪਹਿਰ ਹੋ ਚੁੱਕੀ ਸੀ।
ਜਿਸ ਤਰੀਕੇ ਨਾਲ ਮੁਨਾਦੀ ਕਰਵਾਈ ਗਈ ਉਸ ਨੂੰ ਸ਼ਹਿਰੀਆਂ ਨੇ ਹੱਤਕਪੂਰਨ ਕਾਰਵਾਈ ਮੰਨਿਆ। ਲੀਡਰਾਂ ਨੇ ਲੋਕਾਂ ਦੀ ਨਬਜ਼ ਪਛਾਣਦਿਆਂ ਇਸ ਐਲਾਨਨਾਮੇ ਦਾ ਵਿਰੋਧ ਕਰਨ ਦਾ ਮਨ ਬਣਾ ਕੇ ਸ਼ਾਮ ਦੇ ਸਾਢੇ ਚਾਰ ਵਜੇ ਜਨ ਸਭਾ ਕਰਨ ਦਾ ਫ਼ੈਸਲਾ ਕੀਤਾ। ਪਲਾਂ ਵਿਚ ਕੰਨੋਂ ਕੰਨ ਇਸ ਦੀ ਸੂਚਨਾ ਹਰ ਸ਼ਹਿਰ ਵਾਸੀ ਕੋਲ ਪੁੱਜ ਗਈ। ਰਹਿੰਦੀ ਕਸਰ ਗੁਰਾਂ ਦਿੱਤਾ ਬਾਣੀਆ ਅਤੇ ਬੱਲੋ ਹਲਵਾਈ ਨੇ ਪੂਰੀ ਕਰ ਦਿੱਤੀ ਜਿਨ੍ਹਾਂ ਨੇ ਨਿਡਰਤਾ ਨਾਲ ਪੀਪਾ ਖੜਕਾਉਂਦਿਆਂ ਇਸ ਬਾਰੇ ਜਵਾਬੀ ਮੁਨਾਦੀ ਕੀਤੀ। ਉਹ ਇਹ ਵੀ ਕਹਿੰਦੇ ਰਹੇ ਕਿ ਜਲਸੇ ਦੀ ਪ੍ਰਧਾਨਗੀ ਲਾਲਾ ਘਨੱਈਆ ਲਾਲ ਕਰੇਗਾ ਅਤੇ ਇਸ ਮੌਕੇ ਗ੍ਰਿਫ਼ਤਾਰ ਕੀਤੇ ਆਗੂਆਂ ਡਾਕਟਰ ਕਿਚਲੂ ਅਤੇ ਡਾਕਟਰ ਸੱਤਿਆਪਾਲ ਦੇ ਸੰਦੇਸ਼ ਪੜ੍ਹ ਕੇ ਸੁਣਾਏ ਜਾਣਗੇ।

ਜੱਲ੍ਹਿਆਂ ਵਾਲੇ ਬਾਗ਼ ਵਿਚ ਜਲਸੇ ’ਤੇ ਗੋਲੀਬਾਰੀ

ਸ਼ਾਮ ਸਮੇਂ ਜੱਲ੍ਹਿਆਂ ਵਾਲੇ ਬਾਗ਼ ਵਿਚ ਚੋਖਾ ਇਕੱਠ ਹੋ ਗਿਆ, ਪਰ ਇਹ ਸਾਰੇ ਲੋਕ ਡਾਇਰ ਵੱਲੋਂ ਲਾਈਆਂ ਬੰਦਸ਼ਾਂ ਦੀ ਉਲੰਘਣਾ ਕਰਨ ਦੀ ਮਨਸ਼ਾ ਨਾਲ ਆਉਣ ਵਾਲੇ ਨਹੀਂ ਸਨ। ਇਨ੍ਹਾਂ ਵਿਚ ਬਹੁਤੇ ਹਰ ਸਾਲ ਵਿਸਾਖੀ ਦੇ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਉਣ ਵਾਲੇ ਸਨ। ਇਸ ਤੋਂ ਬਿਨਾਂ ਇਨ੍ਹੀਂ ਹੀ ਦਿਨੀਂ ਅੰਮ੍ਰਿਤਸਰ ਵਿਚ ਲੱਗਦੀ ਸਾਲਾਨਾ ਪਸ਼ੂ ਮੰਡੀ ਵਿਚੋਂ ਮਾਲ ਖ਼ਰੀਦਣ ਅਤੇ ਮਾਲ ਵੇਚਣ ਵਾਲੇ ਲੋਕ ਵੀ ਸਨ ਜੋ ਆਪਣੀ ਵਿਹਲ ਅਨੁਸਾਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਿੱਛੋਂ ਵਕਤ ਗੁਜ਼ਾਰਨ ਵਾਸਤੇ ਜੱਲ੍ਹਿਆਂਵਾਲੇ ਬਾਗ਼ ਵਿਚ ਆ ਗਏ ਸਨ। ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੀ ਸੂਚੀ ਵਿਚ 22 ਪ੍ਰਤੀਸ਼ਤ ਦੇ ਲਗਪਗ ਅਤੇ ਜ਼ਖ਼ਮੀਆਂ ਦੀ ਸੂਚੀ ਵਿਚ ਲਗਪਗ 25 ਪ੍ਰਤੀਸ਼ਤ ਵਿਅਕਤੀ ਅੰਮ੍ਰਿਤਸਰ ਸ਼ਹਿਰ ਤੋਂ ਬਾਹਰਲੇ ਹੋਣ ਤੋਂ ਵੀ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ ਕਿ ਭੀੜ ਵਿਚ ਸ਼ਾਮਲ ਇਹ ਵਿਅਕਤੀ ਨਾ ਤਾਂ ਕਿਸੇ ਸਿਆਸੀ ਇਕੱਠ ਵਿਚ ਭਾਗ ਲੈਣ ਦੀ ਮਨਸ਼ਾ ਨਾਲ ਜੱਲ੍ਹਿਆਂ ਵਾਲੇ ਬਾਗ਼ ਵਿਚ ਆਏ ਸਨ ਅਤੇ ਨਾ ਉਨ੍ਹਾਂ ਨੂੰ ਬ੍ਰਿਗੇਡੀਅਰ ਜਨਰਲ ਵੱਲੋਂ ਠੋਸੀਆਂ ਬੰਦਸ਼ਾਂ ਬਾਰੇ ਜਾਣਕਾਰੀ ਸੀ। ਜਿਉਂ ਹੀ ਸ਼ਹਿਰ ਵਾਸੀਆਂ ਵੱਲੋਂ ਸ਼ਾਮ ਵੇਲੇ ਕੀਤੀ ਜਾਣ ਵਾਲੀ ਸਭਾ ਦੀ ਜਾਣਕਾਰੀ ਬ੍ਰਿਗੇਡੀਅਰ ਜਨਰਲ ਡਾਇਰ ਨੂੰ ਮਿਲੀ ਉਹ ਗੁੱਸੇ ਵਿਚ ਸੜ ਗਿਆ। 11 ਅਪਰੈਲ ਦੀ ਰਾਤ ਸਮੇਂ ਜਦੋਂ ਤੋਂ ਉਹ ਅੰਮ੍ਰਿਤਸਰ ਪੁੱਜਾ ਸੀ ਡਿਪਟੀ ਕਮਿਸ਼ਨਰ ਮਿਸਟਰ ਇਰਵਿੰਗ ਉਸ ਨੂੰ ਇਹ ਹੀ ਕਹਿ ਰਿਹਾ ਸੀ ਕਿ ਸ਼ਹਿਰ ਬਾਗੀ ਹੋ ਗਿਆ ਹੈ। ਡਿਪਟੀ ਕਮਿਸ਼ਨਰ ਵੱਲੋਂ ਆਇਦ ਪਾਬੰਦੀਆਂ ਦੇ ਬਾਵਜੂਦ ਲੋਕਾਂ ਦੀ ਹਰਕਤ ਨੂੰ ਵੇਖ ਕੇ ਉਸ ਨੂੰ ਪਹਿਲਾਂ ਹੀ ਡਿਪਟੀ ਕਮਿਸ਼ਨਰ ਦੇ ਕਥਨ ਬਾਰੇ ਕੋਈ ਸ਼ੱਕ ਨਹੀਂ ਸੀ, ਪਰ ਆਪਣੇ ਹੁਕਮ ਪ੍ਰਤੀ ਜਨਤਕ ਲਾਪਰਵਾਹੀ ਨੂੰ ਉਸਨੇ ਸਰਕਾਰ ਨੂੰ ਵੰਗਾਰਨ ਦੇ ਨਾਲ ਨਾਲ ਜ਼ਾਤੀ ਹੱਤਕ ਵੀ ਸਮਝਿਆ। ਫਲਸਰੂਪ ਉਸ ਨੇ ਇਸ ਸਭਾ ਨਾਲ ਨਿਪਟਣ ਬਾਰੇ ਮਨ ਹੀ ਮਨ ਤੁਰੰਤ ਵਿਉਂਤਬੰਦੀ ਕਰ ਲਈ।
ਇਨ੍ਹੀਂ ਦਿਨੀਂ ਜੱਲ੍ਹਿਆਂ ਵਾਲਾ ਬਾਗ਼ ਐਵੇਂ ਨਾਂ ਦਾ ਹੀ ਬਾਗ਼ ਸੀ, ਉਂਜ ਨੇੜਲੇ ਮੁਹੱਲਿਆਂ ਦੇ ਲੋਕ ਇਸ ਥਾਂ ਨੂੰ ਕੂੜਾ ਕਰਕੱਟ ਸੁੱਟਣ ਲਈ ਵਰਤਦੇ ਸਨ। ਇਕ ਖੂੰਜੇ ਜੋ ਮੁਕਾਬਲਤਨ ਸਾਫ਼ ਸੁਥਰਾ ਅਤੇ ਪੱਧਰਾ ਸੀ, ਨੂੰ ਬਜ਼ੁਰਗ ਲੋਕ ਸ਼ਾਮ ਸਮੇਂ ਆਰਾਮਗਾਹ ਵਜੋਂ ਵਰਤਦੇ ਸਨ। ਕਈ ਏਕੜਾਂ ਵਿਚ ਫੈਲੀ ਇਹ ਉੱਚੀ ਨੀਵੀਂ ਥਾਂ ਦੇ ਨਾਲ ਘਰਾਂ ਦੀਆਂ ਪਿੱਠਾਂ ਲੱਗਦੀਆਂ ਸਨ। ਕੁਝ ਥਾਂ ਜਿੱਥੇ ਮਕਾਨ ਨਹੀਂ ਸਨ ਬਣੇ ਹੋਏ, ਇਸ ਥਾਂ ਦੇ ਮਾਲਕ ਨੇ ਪੰਜ ਕੁ ਫੁੱਟ ਉੱਚੀ ਵਲਗਣ ਮਾਰੀ ਹੋਈ ਸੀ ਜਿਸ ਵਿਚ ਤਿੰਨ ਚਾਰ ਲਾਂਘੇ ਰੱਖੇ ਹੋਏ ਸਨ। ਇਹ ਲਾਂਘੇ ਏਨੇ ਭੀੜੇ ਸਨ ਕਿ ਚੰਗਾ ਮੋਟਾ ਆਦਮੀ ਇਨ੍ਹਾਂ ਵਿਚੋਂ ਮੁਸ਼ਕਿਲ ਨਾਲ ਹੀ ਲੰਘ ਸਕਦਾ ਸੀ। ਸਭਾ ਦੀ ਕਾਰਵਾਈ ਠੀਕ ਸਮੇਂ ਉੱਤੇ ਸ਼ੁਰੂ ਹੋ ਗਈ। ਪਿੱਪਲ ਦੇ ਰੁੱਖ ਹੇਠ ਬਣਾਈ ਸਟੇਜ ਉੱਤੇ ਡਾਕਟਰ ਕਿਚਲੂ ਦੀ ਰੱਖੀ ਤਸਵੀਰ ਇਸ ਗੱਲ ਦਾ ਸੰਕੇਤ ਸੀ ਕਿ ਸਭਾ ਦੀ ਪ੍ਰਧਾਨਗੀ ਡਾਕਟਰ ਕਿਚਲੂ ਵੱਲੋਂ ਕੀਤੀ ਜਾ ਰਹੀ ਹੈ। ਅਬਦੁੱਲ ਅਜ਼ੀਜ਼, ਡਾ. ਗੁਰਬਖਸ਼ ਰਾਇ, ਰਾਮ ਸਿੰਘ ਆਦਿ ਬੁਲਾਰੇ ਸੰਬੋਧਨ ਕਰ ਚੁੱਕੇ ਸਨ ਅਤੇ ਅਗਲੀ ਵਾਰੀ ‘ਵਕਤ’ ਅਖ਼ਬਾਰ ਦੇ ਸੰਪਾਦਕ ਦੁਰਗਾ ਦਾਸ ਦੀ ਸੀ। ਬ੍ਰਿਗੇਡੀਅਰ ਜਨਰਲ ਡਾਇਰ ਨੇ ਆਪਣੇ ਨਾਲ ਗੋਰਖਾ ਫ਼ੌਜ ਦਾ ਦਸਤਾ ਲੈ ਕੇ ਹਾਲ ਦਰਵਾਜ਼ੇ ਰਾਹੀਂ ਸ਼ਹਿਰ ਵਿਚ ਪ੍ਰਵੇਸ਼ ਕੀਤਾ ਅਤੇ ਸੈਨਿਕਾਂ ਸਮੇਤ ਸਵਾ ਪੰਜ ਵਜੇ ਜੱਲ੍ਹਿਆਂ ਵਾਲੇ ਬਾਗ਼ ਦੇ ਹਾਲ ਗੇਟ ਵਾਲੇ ਪਾਸੇ ਬਣੇ ਲਾਂਘੇ ਰਾਹੀਂ ਬਾਗ਼ ਅੰਦਰ ਵੜਿਆ। ਅੰਦਰ ਵੜਨ ਸਾਰ ਉਸ ਨੇ ਚੌਫੇਰੇ ਨਜ਼ਰ ਮਾਰੀ। ਮੈਦਾਨ ਦੇ ਇਕ ਪਾਸੇ ਕੁਝ ਬੁੱਢੇ ਠੇਰੇ ਆਪਣੇ ਤੋਂ ਕੁਝ ਹੀ ਦੂਰ ਹੋ ਰਹੇ ਭਾਸ਼ਨਾਂ ਤੋਂ ਬਿਲਕੁੱਲ ਅਣਭਿੱਜ ਲੱਤਾਂ ਨਿਸਾਲੀ ਆਰਾਮ ਕਰ ਰਹੇ ਸਨ ਅਤੇ ਕੁਝ ਹੋਰ ਤਾਸ਼ ਦੀ ਬਾਜ਼ੀ ਲਾਉਣ ਵਿਚ ਮਗਨ ਸਨ। ਦੂਜੇ ਪਾਸੇ ਲੋਕਾਂ ਦਾ ਵੱਡਾ ਹਜੂਮ ਸੀ, ਜਿੱਥੇ ਇਕ ਵਿਅਕਤੀ ਬਾਹਾਂ ਹਿਲਾ ਹਿਲਾ ਕੇ ਬੜਾ ਜੋਸ਼ੀਲਾ ਭਾਸ਼ਨ ਦੇ ਰਿਹਾ ਸੀ। ਬ੍ਰਿਗੇਡੀਅਰ ਜਨਰਲ ਡਾਇਰ ਨੇ ਆਉਂਦਿਆਂ ਸਾਰ ਬਿਨਾਂ ਕਿਸੇ ਦੇਰੀ ਦੇ ਆਪਣੇ ਨਾਲ ਲਿਆਂਦੇ ਫ਼ੌਜੀ ਦਸਤਿਆਂ ਵਿਚੋਂ ਗੋਰਖਿਆਂ ਨੂੰ ਖੱਬੇ ਹੱਥ ਅਤੇ ਪਠਾਣਾਂ ਨੂੰ ਸੱਜੇ ਹੱਥ ਢੁਕਵੇਂ ਥਾਂ ਤਾਇਨਾਤ ਕੀਤਾ ਅਤੇ ਤੁਰੰਤ ਗੋਲੀ ਚਲਾਉਣ ਦਾ ਹੁਕਮ ਦਿੱਤਾ। ਜਿਉਂ ਹੀ ਗੋਲੀ ਚੱਲਣੀ ਸ਼ੁਰੂ ਹੋਈ ਅਤੇ ਗੋਲੀ ਦੀ ਮਾਰ ਹੇਠ ਆਏ ਆਦਮੀ ਡਿੱਗੇ, ਲੋਕਾਂ ਵਿਚ ਹਫੜਾ ਦਫੜੀ ਮੱਚ ਗਈ। ਬਾਗ਼ ਵਿਚੋਂ ਬਾਹਰ ਨਿਕਲਣ ਦੇ ਇਕ ਰਾਹ ਨੂੰ ਤਾਂ ਫ਼ੌਜੀਆਂ ਨੇ ਮੱਲਿਆ ਹੋਇਆ ਸੀ, ਇਸ ਲਈ ਲੋਕ ਦੂਜੇ ਲਾਂਘਿਆਂ ਵੱਲ ਭੱਜੇ, ਪਰ ਲਗਾਤਾਰ ਹੋ ਰਹੀ ਗੋਲੀਬਾਰੀ ਨੇ ਭੱਜੇ ਜਾਂਦਿਆਂ ਨੂੰ ਲਾਂਘਿਆਂ ਤਕ ਨਾ ਪੁੱਜਣ ਦਿੱਤਾ। ਭੀੜ ਭੜੱਕੇ ਕਾਰਨ ਬਹੁਤ ਸਾਰੇ ਲੋਕ ਆਪੋ ਧਾਪੀ ਵਿਚ ਇਕ ਦੂਜੇ ਦੇ ਉੱਪਰ ਡਿੱਗ ਪਏ ਅਤੇ ਇਉਂ ਹੇਠਲੇ ਭਾਰ ਅਤੇ ਸਾਹ ਘੁੱਟਣ ਕਾਰਨ ਮਰ ਗਏ। ਕਿੰਨੇ ਲੋਕ ਅੰਨ੍ਹੇਵਾਹ ਭੱਜਦਿਆਂ ਬਾਗ਼ ਵਿਚਲੇ ਖੂਹ ਵਿਚ ਡਿੱਗ ਕੇ ਜਾਨ ਦੇ ਬੈਠੇ। ਦਸ ਮਿੰਟ ਪਿੱਛੋਂ ਜਦੋਂ ਗੋਲੀ ਚੱਲਣੀ ਬੰਦ ਹੋਈ ਤਾਂ ਬਾਗ਼ ਦਾ ਚੱਪਾ ਚੱਪਾ ਲੋਥਾਂ ਨਾਲ ਭਰਿਆ ਪਿਆ ਸੀ। ਕਈ ਥਾਵਾਂ ’ਤੇ ਤਾਂ ਲੋਥਾਂ ਦੀਆਂ ਢੇਰੀਆਂ ਪਈਆਂ ਸਨ ਅਤੇ ਬਾਗ਼ ਬਿਲਕੁਲ ਖਾਲੀ ਸੀ। ਬ੍ਰਿਗੇਡੀਅਰ ਜਨਰਲ ਡਾਇਰ ਨੇ ਚੌਫੇਰੇ ਤਸੱਲੀ ਭਰੀ ਨਜ਼ਰ ਮਾਰੀ ਅਤੇ ਸੈਨਿਕਾਂ ਨੂੰ ਨਾਲ ਲੈ ਕੇ ਵਾਪਸ ਪਰਤ ਗਿਆ।

ਗੁਰਦੇਵ ਸਿੰਘ ਸਿੱਧੂ

ਹਿੰਦੋਸਤਾਨੀਆਂ ਵੱਲੋਂ ਰੋਸ

ਨਿਰਦੋਸ਼ ਲੋਕਾਂ ਨੂੰ ਗੋਲੀਬਾਰੀ ਦਾ ਸ਼ਿਕਾਰ ਬਣਾਏ ਜਾਣ ਦੀ ਇਸ ਘਟਨਾ ਨੇ ਹਰ ਹਿੰਦੁਸਤਾਨੀ ਦੇ ਦਿਲ ਵਿਚ ਅੰਗਰੇਜ਼ ਹਕੂਮਤ ਪ੍ਰਤੀ ਰੋਸ ਪੈਦਾ ਕੀਤਾ ਅਤੇ ਇਸ ਤੋਂ ਪਹਿਲਾਂ ਅੰਗਰੇਜ਼ ਸਰਕਾਰ ਦੀ ਇਨਸਾਫ਼ਪਸੰਦੀ ਅਤੇ ਸ਼ਰਾਫਤ ਤੋਂ ਕਾਇਲ ਉਸ ਨਾਲ ਸਹਿਯੋਗ ਕਰਨ ਵਾਲੇ ਭੱਦਰ ਪੁਰਸ਼ ਵੀ ਦੁਖੀ ਹੋ ਗਏ। ਰਾਬਿੰਦਰ ਨਾਥ ਟੈਗੋਰ ਨੇ ਅੰਗਰੇਜ਼ ਹਕੂਮਤ ਵੱਲੋਂ ਮਿਲਿਆ ‘ਸਰ’ ਦਾ ਖਿਤਾਬ ਵਾਪਸ ਕਰ ਦਿੱਤਾ। ਗਾਂਧੀ ਜੀ ਨੇ ਵਾਇਸਰਾਇ ਨੂੰ 2 ਅਗਸਤ 1920 ਦੀ ਚਿੱਠੀ ਵਿਚ ਲਿਖਿਆ:
‘ਜਨਰਲ ਡਾਇਰ ਨੇ ਜਿਹੜੀ ਤਾਜ਼ੀਰੀ ਕਾਰਵਾਈ ਕੀਤੀ ਉਹ ਲੋਕਾਂ ਦੇ ਜੁਰਮ ਦੇ ਮੁਕਾਬਲੇ ਵਹਿਸ਼ੀਆਨਾ ਹੱਦ ਤਕ ਸਖ਼ਤ ਸੀ। ਉਹ ਤਾਂ ਅਜਿਹਾ ਜ਼ੁਲਮ ਅਤੇ ਅਣਮਨੁੱਖੀ ਦਹਿਸ਼ਤਗਰਦੀ ਸੀ ਜਿਸ ਦੀ ਆਧੁਨਿਕ ਸਮੇਂ ਵਿਚ ਹੋਰ ਕਿਤੇ ਉਦਾਹਰਨ ਨਹੀਂ ਮਿਲਦੀ।…ਇਨ੍ਹਾਂ ਸਾਰੀਆਂ ਗੱਲਾਂ ਕਾਰਨ ਮੈਨੂੰ ਨਾ ਕੇਵਲ ਅੰਗਰੇਜ਼ੀ ਸਾਮਰਾਜ ਦਾ ਭਵਿੱਖ ਸ਼ੱਕੀ ਦਿਸਣ ਲੱਗ ਗਿਆ ਹੈ, ਸਗੋਂ ਮੈਂ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਬਦਜ਼ਨ ਹੋ ਗਿਆ ਹਾਂ। ਇਸ ਲਈ ਮੈਂ ਪਹਿਲਾਂ ਵਰਗਾ ਸਿਦਕੀ ਮਿਲਵਰਤਨ ਦੇਣ ਤੋਂ ਇਨਕਾਰੀ ਹਾਂ, ਅਸਮਰੱਥ ਹਾਂ।’

ਕਿੰਨੀਆਂ ਮੌਤਾਂ ਹੋਈਆਂ?

ਜੱਲ੍ਹਿਆਂ ਵਾਲੇ ਬਾਗ਼ ਵਿਚ ਹੋਏ ਨਿਰਮਮ ਗੋਲੀ ਕਾਂਡ ਵਿਚ ਕਿੰਨੇ ਵਿਅਕਤੀ ਮਾਰੇ ਗਏ? ਇਸ ਬਾਰੇ ਅੰਦਾਜ਼ੇ ਵੱਖਰੇ ਵੱਖਰੇ ਹਨ। ਅਜਿਹਾ ਅੰਦਾਜ਼ਾ ਲਾਉਣ ਵਾਲਾ ਸਭ ਤੋਂ ਪਹਿਲਾ ਵਿਅਕਤੀ ਖ਼ੁਦ ਜਨਰਲ ਡਾਇਰ ਸੀ। ਉਸ ਨੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੂੰ ਮਰਨ ਵਾਲਿਆਂ ਦੀ ਗਿਣਤੀ ਦੋ ਤੋਂ ਤਿੰਨ ਸੌ ਦੇ ਵਿਚਕਾਰ ਦੱਸੀ। ਇਸ ਗਿਣਤੀ ਉੱਤੇ ਪੁੱਜਣ ਵਿਚ ਉਸ ਨੇ ਫਰਾਂਸ ਦੀ ਲੜਾਈ ਵਿਚਲੇ ਆਪਣੇ ਤਜਰਬੇ ਨੂੰ ਆਧਾਰ ਬਣਾਇਆ। ਉਸ ਦਾ ਅਨੁਮਾਨ ਸੀ ਕਿ ਛੇ ਗੋਲੀਆਂ ਚਲਾਇਆਂ ਇਕ ਬੰਦਾ ਮਰਦਾ ਹੈ ਅਤੇ ਇਉਂ ਜਲ੍ਹਿਆਂ ਵਾਲੇ ਬਾਗ਼ ਵਿਚ ਚਲਾਏ 1650 ਰੌਂਦਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਦੋ ਤੋਂ ਤਿੰਨ ਸੌ ਵਿਚਕਾਰ ਅਤੇ ਜ਼ਖ਼ਮੀਆਂ ਦੀ ਗਿਣਤੀ ਇਸ ਨਾਲੋਂ ਦੁੱਗਣੀ ਜਾਂ ਤਿੰਨ ਗੁਣਾ ਹੋਵੇਗੀ। ਉਸ ਦੇ ਅਨੁਮਾਨ ਨੂੰ ਆਧਾਰ ਬਣਾ ਕੇ ਪੰਜਾਬ ਸਰਕਾਰ ਨੇ 14 ਅਪਰੈਲ ਨੂੰ ਭੇਜੀ ਤਾਰ ਰਾਹੀਂ ਹਿੰਦੋਸਤਾਨ ਸਰਕਾਰ ਨੂੰ ਮੌਤਾਂ ਦੀ ਗਿਣਤੀ 200 ਦੱਸੀ, ਪਰ ਸੱਤਿਆਗ੍ਰਹਿ ਪੱਖੀ ਲੋਕਾਂ ਦੇ ਅੰਦਾਜ਼ੇ ਅਨੁਸਾਰ ਮੌਤਾਂ ਦੀ ਗਿਣਤੀ ਇਸ ਨਾਲੋਂ ਕਿਤੇ ਵੱਧ ਸੀ। ਉਨ੍ਹਾਂ ਦੇ ਅਨੁਮਾਨ ਦਾ ਆਧਾਰ ਜੱਲ੍ਹਿਆਂ ਵਾਲੇ ਬਾਗ਼ ਦੀ ਕਿਲ੍ਹਾ-ਨੁਮਾ ਘੇਰਾਬੰਦੀ, ਉਸ ਵਿਚੋਂ ਹੰਗਾਮੀ ਹਾਲਤ ਵਿਚ ਨਿਕਲਣ ਲਈ ਛੱਡੇ ਨਾਂ-ਮਾਤਰ ਰਸਤਿਆਂ ਵਿਚੋਂ ਇਕ ਨੂੰ ਮਸ਼ੀਨ ਗੰਨਾਂ ਬੀੜ ਕੇ ਰੋਕਿਆ ਹੋਣਾ, ਅੰਮ੍ਰਿਤਸਰ ਵਿਚ ਵਿਸਾਖੀ ਦਾ ਪਰੰਪਰਾਗਤ ਤਿਉਹਾਰ ਮਨਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦਾ ਇਕੱਠ, ਬਿਨਾਂ ਕਿਸੇ ਪੂਰਵਲੀ ਚਿਤਾਵਨੀ ਦੇ ਲੰਮੇ ਸਮੇਂ ਲਈ ਹੋਈ ਗੋਲਾਬਾਰੀ ਆਦਿ ਤੱਥ ਸਨ। ਸਵਾਮੀ ਸ਼ਰਧਾ ਨੰਦ ਨੇ ਅੰਮ੍ਰਿਤਸਰ ਆ ਕੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ 13 ਅਪਰੈਲ ਨੂੰ ਜਲ੍ਹਿਆਂ ਵਾਲੇ ਬਾਗ਼ ਵਿਚ ਮਾਰੇ ਗਏ ਵਿਅਕਤੀਆਂ ਦੀ ਸੰਖਿਆ 1900 ਦੱਸੀ, ਪਰ ਪੰਡਤ ਮਦਨ ਮੋਹਨ ਮਾਲਵੀਆ ਦੀ ਸਰਪ੍ਰਸਤੀ ਹੇਠ ਕੰਮ ਕਰ ਰਹੀ ‘ਸੇਵਾ ਸੰਮਤੀ’ ਨੇ ਖੋਜ ਪੜਤਾਲ ਕਰਨ ਉਪਰੰਤ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਕ੍ਰਮਵਾਰ 530 ਅਤੇ 200 ਦੱਸੀ, ਪਰ ਪੰਜਾਬ ਸਰਕਾਰ ਵੱਲੋਂ ਤਾਰ ਨੰ: 28940 ਮਿਤੀ 30 ਦਸੰਬਰ 1919 ਰਾਹੀਂ ਹਿੰਦੋਸਤਾਨ ਸਰਕਾਰ ਨੂੰ ਭੇਜੀ ਸੂਚਨਾ ਵਿਚ ਇਹ ਗਿਣਤੀ ਕ੍ਰਮਵਾਰ 387 ਅਤੇ 205 ਦੱਸੀ ਗਈ। ਪਿੱਛੋਂ ਪੰਜਾਬ ਸਰਕਾਰ ਨੇ 376 ਮ੍ਰਿਤਕਾਂ ਜਿਨ੍ਹਾਂ ਵਿਚ 5 ਅਣਪਛਾਤੇ ਸਨ ਅਤੇ 192 ਜ਼ਖ਼ਮੀਆਂ ਦੀ ਸੂਚੀ ਜਾਰੀ ਕੀਤੀ।
***

ਬਰਤਾਨੀਆ ’ਤੇ ਲੱਗਿਆ ਖ਼ੂਨੀ ਧੱਬਾ

ਹਾਊਸ ਆਫ ਕਾਮਨਜ਼ ਵਿਚ ਇਸਦੇ ਮੈਂਬਰ ਕਰਨਲ ਜੋਸੀਆਹ ਸੀ. ਵੈਜਵੇਡ ਨੇ ਸਦਨ ਨੂੰ ਸੰਬੋਧਨ ਕਰਦਿਆਂ ਜੱਲ੍ਹਿਆਂ ਵਾਲੇ ਬਾਗ਼ ਵਿਚ ਹੋਏ ਹੱਤਿਆ ਕਾਂਡ ਬਾਰੇ ਸਾਧਾਰਨ ਬਰਤਾਨਵੀ ਨਾਗਰਿਕਾਂ ਦੇ ਪ੍ਰਤੀਕਰਮ ਨੂੰ ਪ੍ਰਗਟਾਉਂਦਿਆਂ ਕਿਹਾ, ‘ਬਰਤਾਨੀਆ ਦੇ ਇਤਿਹਾਸ ਵਿਚ ਪਹਿਲਾਂ ਕਿਧਰੇ ਵੀ ਅਜਿਹੀ ਘਟਨਾ ਨਹੀਂ ਵਾਪਰੀ। ਭਾਰਤ ਨਾਲ ਸਾਡੇ ਸਰਬਾਂਗੀ ਰਿਸ਼ਤਿਆਂ ਵਿਚ ਅੱਜ ਤੋਂ ਪਹਿਲਾਂ ਅਜਿਹੀ ਭਿਆਨਕ ਕੋਈ ਘਟਨਾ ਨਹੀਂ ਲੱਭਦੀ।’ ਇਹ ਘਟਨਾ ਦੇ ਸਦੀਵੀ ਸਾਮਰਾਜ ਵਿਰੋਧੀ ਪ੍ਰੇਰਨਾ-ਸਰੋਤ ਬਣ ਜਾਣ ਬਾਰੇ ਉਸ ਨੇ ਆਪਣਾ ਤੌਖਲਾ ਪ੍ਰਗਟਾਉਂਦਿਆਂ ਆਖਿਆ,‘ਉੱਥੇ ਇਕ ਯਾਦਗਾਰ ਉਸਾਰੀ ਜਾਵੇਗੀ, ਜਿਸ ਦੇ ਦਰਸ਼ਨ ਲਈ ਹਜ਼ਾਰਾਂ ਹਿੰਦੋਸਤਾਨੀ ਵਹੀਰਾਂ ਘੱਤੀ ਆਇਆ ਕਰਨਗੇ।’ ਉਸ ਦਾ ਕਹਿਣਾ ਸੀ ਕਿ ਇਹ ਘਟਨਾ ਬਰਤਾਨੀਆਂ ਲਈ ਹਮੇਸ਼ਾਂ ਸ਼ਰਮਿੰਦਗੀ ਦਾ ਕਾਰਨ ਬਣੀ ਰਹੇਗੀ। ਉਸ ਦੇ ਸ਼ਬਦਾਂ ਵਿਚ ‘ਜਦੋਂ ਵੀ ਅਸੀਂ ਕਿਧਰੇ ਮਨੁੱਖਵਾਦੀ ਦ੍ਰਿਸ਼ਟੀਕੋਣ ਦੀ ਗੱਲ ਕਰਾਂਗੇ, ਇਹ ਖ਼ੂਨੀ ਦਾਸਤਾਨ ਸਾਡੇ ਮੂੰਹ ਉੱਤੇ ਮਾਰੀ ਜਾਇਆ ਕਰੇਗੀ।’

ਸੰਪਰਕ: 94170-49417

13 ਅਪਰੈਲ ਨੂੰ ਜਨਰਲ ਡਾਇਰ ਦਾ ਐਲਾਨ:

‘‘ਬਾਸ਼ਿੰਦੇਗਾਨੇ ਅੰਮ੍ਰਿਤਸਰ ਕੋ ਬਜ਼ਰਿਏ ਐਲਾਨ-ਏ-ਹਜਾ ਕੇ ਮੁਤਨਾਮੇ ਕਿਯਾ ਜਾਤਾ ਹੈ ਕਿ ਅਗਰ ਵੋ ਨਵੇਂ ਅੰਮ੍ਰਿਤਸਰ ਮੇਂ ਕੋਈ ਮਾਲੀ ਨੁਕਸਾਨ ਕਰੇਂਗੇ ਯਾ ਕਿਸੀ ਔਰ ਕਿਸਮ ਕੀ ਸੀਨਾਜ਼ੋਰੀ ਕਿ ਇਰਤੇਕਾਬ ਕਰੇਂਗੇ ਤੋ ਯੇ ਸਮਝਾ ਜਾਏਗਾ ਕਿ ਐਸੇ ਇਫਾਲ ਕੇ ਇਰਤੇਕਾਬ ਕਾ ਇਸ਼ਤੇਆਲ ਸ਼ਹਰੇ ਅੰਮ੍ਰਿਤਸਰ ਸੇ ਪੈਦਾ ਹੁਆ ਹੈ ਔਰ ਹਮ ਬਾਸ਼ਿੰਦਗਾਨੇ ਅੰਮ੍ਰਿਤਸਰ ਕੋ ਫ਼ੌਜੀ ਕਾਨੂੰਨ ਕੇ ਮੁਤਾਬਿਕ ਸਜ਼ਾ ਦੇਨੇ ਕਾ ਤਦੱਰੁਕ ਕਰੇਂਗੇ। ਤਮਾਮ ਜਲਸੋਂ ਔਰ ਮਜਮੋਂ ਕੀ ਬਜ਼ਰਿਏ ਐਲਾਨ ਹਜਾ ਕੇ ਮੁਮਾਨਿਯਤ ਕੀ ਜਾਤੀ ਹੈ ਔਰ ਹਮ ਜੁਮਲਾ ਐਸੀ ਮਜਮੋਂ ਕੋ ਫਿੱਲੌਰ ਮੁੰਤਾਸ਼ਿਰ ਕਰਨੇ ਕੇ ਵਾਸਤੇ ਫ਼ੌਜੀ ਕਾਨੂੰਨ ਕੇ ਮੁਤਾਬਿਕ ਅਮਲ ਕਰੇਂਗੇ।
ਦਸਤਖ਼ਤ- ਆਰ. ਡਾਇਰ ਸਾਹਿਬ, ਸੀ.ਬੀ. ਬ੍ਰਿਗੇਡੀਅਰ ਜਨਰਲ ਕਮਾਂਡਿੰਗ ਜਾਲੰਧਰ ਬ੍ਰਿਗੇਡ।’’

ਟਿੱਪਣੀ

‘ਰੋਜ਼ ਬਾਜ਼ਾਰ’ ਛਾਪੇਖ਼ਾਨੇ ਦੇ ਮਾਲਕ ਸ਼ੇਖ਼ ਅਬਦੁਲ ਕਰੀਮ ਨੇ ਦੱਸਿਆ ਕਿ ਹੇਠਾਂ ਲਿਖੇ ‘ਐਲਾਨ’ ਦਾ ਖਰੜਾ ਉਸ ਨੂੰ 700 ਕਾਪੀਆਂ ਛਾਪਣ ਲਈ 13 ਅਪਰੈਲ, ਸ਼ਾਮ 4 ਵਜੇ ਸੌਂਪਿਆ ਗਿਆ ਤੇ ਉਸ ਨੇ ਦੂਜੇ ਦਿਨ ਸਵੇਰ ਤਕ ਇਹ ਕੰਮ ਪੂਰਾ ਕਰ ਕੇ ਅਫ਼ਸਰਾਂ ਹਵਾਲੇ ਕਰ ਦਿੱਤਾ। ਇਸ ਤਰ੍ਹਾਂ ਇਹ ਸਾਬਤ ਹੁੰਦਾ ਹੈ ਕਿ 13 ਅਪਰੈਲ ਨੂੰ ਜਲਸਿਆਂ ਦੀ ਮਨਾਹੀ ਦਾ ਕੋਈ ਇਸ਼ਤਿਹਾਰ ਨਹੀਂ ਸੀ ਲੱਗਿਆ।

ਅੰਮ੍ਰਿਤਸਰ ’ਤੇ ਬੰਬ ਸੁੱਟਣ ਦੀ ਸਲਾਹ

ਰੌਲਟ ਐਕਟ ਵਿਰੁੱਧ ਭੜਕੇ ਵਿਦਰੋਹ ਦੇ ਚੱਲਦਿਆਂ ਅੰਮ੍ਰਿਤਸਰ ਦੇ ਕੁਝ ਹਿੱਸਿਆਂ ਨੂੰ ਫ਼ੌਜੀ ਛਾਉਣੀਆਂ ਵਿਚ ਬਦਲ ਦਿੱਤਾ। ਹਰ ਪਾਸੇ ਫ਼ੌਜੀ ਸੰਗੀਨਾਂ ਤਾਣੀਂ ਫਿਰਨ ਲੱਗੇ। ਪੁਲੀਸ ਨੇ ਰੇਲ ਪਟੜੀ ’ਤੇ ਪਹਿਰਾ ਲਗਾ ਦਿੱਤਾ। ਇਸ ਦੌਰਾਨ ਹੀ ਸਮਿੱਥ ਅਤੇ ਕੁਝ ਹੋਰ ਅਫ਼ਸਰਾਂ ਨੇ ਸਲਾਹ ਦਿੱਤੀ ਕਿ ਸ਼ਹਿਰ ’ਤੇ ਬੰਬ ਸੁੱਟੇ ਜਾਣ, ਪਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਜੀ.ਏ. ਵਾਦਨ ਨੇ ਟੋਕਿਆ ‘ਇਹ ਸਿੱਖਾਂ ਲਈ ਪਵਿੱਤਰ ਸ਼ਹਿਰ ਹੈ। ਬੰਬਾਰੀ ਕੀਤਿਆਂ ਸਿੱਖ ਪਲਟਣਾਂ ਬਾਗੀ ਹੋ ਜਾਣਗੀਆਂ।’ ਇਸ ਤਰ੍ਹਾਂ ਇਹ ਅਣਹੋਣੀ ਟਲ ਗਈ।

ਤੇਹਰਵੀਂ ਅਪ੍ਰੈਲ

ਡੌਂਡੀ ਪਿੱਟਦੀ ਪਈ ਹੈ ਸ਼ੈਹਰ ਅੰਦਰ, ਜਲਸਾ ਲੱਗਣਾ ਅਜ ਵਾਲੇ ਬਾਗ ਜਲਿਆਂ।
ਭਲਾਈ ਮੁਲਕ ਦੀ ਲਈ ਖੂਬ ਵਿਚਾਰ ਹੋਸੀ, ਸਾਰੇ ਰਲ ਮਿਲ ਆਓ ਬਾਗ ਜਲਿਆਂ।
ਕੰਨੀ ਸੋ ਪਈ ਦੇਸ਼ ਪ੍ਰੜਾਨਿਆਂ ਦੇ, ਛੇਤੀ ਧਾ ਚੱਲੇ ਵਲੇ ਬਾਹ ਜਲਿਆਂ।
ਕੰਮ ਛੋਡ ਸਭ ਬਾਗ ਵੱਲ ਦੌੜ ਚੱਲੇ, ਦਾਗ ਲਾਉਣ ਚੱਲੇ ਸੀਨੇ ਬਾਗ ਜਲਿਆਂ।
ਬੁੱਢੇ ਨੱਢੇ ਅਮੀਰ ਗਰੀਬ ਸਾਰੇ, ਗਲੀ ਕੂਚੇ ਤੋਂ ਕੱਠਿਆਂ ਹੋ ਆਏ।
ਪਿਉ ਲਾਡਲੇ ਤੇ ਮਾਉਂ ਦੁਲਾਰੜੇ ਸਭ, ਬਲੀ ਹੋਵਣੇ ਲਈ ਨ੍ਹਾ ਧੋ ਆਏ!!
ਦਰਦੀ ਮੁਲਕ ਦੇ ਮਿਲ ਸਭ ਬੈਠ ਗਏ, ਖਾਤਰ ਹਿੰਦ ਆਜ਼ਾਦ ਕਰਾਵਨੇ ਨੂੰ।
ਵਿਦਯਾਵਾਨ, ਸੁਜਾਨ, ਗੁਣਵਾਨ ਸਾਰੇ, ਲੱਗੇ ਆਪਣੀ ਸੋਣ ਪ੍ਰਗਟਾਵਨੇ ਨੂੰ।
ਓਧਰ ਡਾਇਰ ਭੀ ਫੌਜ ਨੂੰ ਲੈ ਆਇਆ, ਹੁਕਮ ਬੋਲਿਆਂ ਗੋਲੀ ਚਲਾਵਨੇ ਨੂੰ।
ਵੀਰਾਂ ਸਾਡਿਆਂ ਭੀ ਨਹੀਂ ਹੱਥ ਚੁੱਕਿਆ, ਜਾਚ ਦੱਸ ਗਏ ਗੋਲੀ ਖਾਵਨੇ ਨੂੰ।
ਉੱਨੀ ਸੌ ਵੀਹ ਅਪ੍ਰੈਲ ਅਜ ਤੇਹਰਵੀਂ ਏਂ, ਵਿਚ ਬਾਗ ਦੇ ਮਜਲਸਾਂ ਲੱਗੀਆਂ ਨੇ।
ਖੂਨ ਹਿੰਦੀਆਂ ਦਾ ਥਾਂ ਤੇਲ ਪੈ ਕੇ, ਚਿਰਾਗ ਬੁਝੇ ਦੀਆਂ ਬੱਤੀਆਂ ਜਗੀਆਂ ਨੇ।

-ਦਿਨੇਸ਼ ਗੁਜਰਖਾਨ


Comments Off on 13 ਅਪਰੈਲ ਦਾ ਖ਼ੂਨੀ ਸਾਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.