ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸੋਸ਼ਲ ਮੀਡੀਆ, ਸਾਡਾ ਸਮਾਜ ਤੇ ਨੌਜਵਾਨ ਵਰਗ

Posted On April - 18 - 2019

ਗੁਰਪ੍ਰੀਤ ਸਿੰਘ ਮੋਰਿੰਡਾ

ਅਜੋਕੇ ਵਿਗਿਆਨ ਦੇ ਯੁੱਗ ਵਿਚ ਵਿਗਿਆਨ ਦੀਆਂ ਖੋਜਾਂ ਨੇ ਨਵੀਆਂ ਕ੍ਰਾਂਤੀਆਂ ਲਿਆਦੀਆਂ ਹਨ। ਇਸ ਨਾਲ ਮਨੁੱਖੀ ਜੀਵਨ ਜਿੱਥੇ ਸੌਖਾ ਹੋਇਆ ਹੈ, ਓਥੇ ਆਪਸੀ ਜਾਣਕਾਰੀ ਤੇ ਸੂਚਨਾਵਾਂ ਦਾ ਅਦਾਨ ਪ੍ਰਦਾਨ ਸਰਲ ਹੋ ਗਿਆ ਹੈ। ਵਿਗਿਆਨ ਦੀਆਂ ਪ੍ਰਾਪਤੀਆਂ ਵਿੱਚ ਸੋਸ਼ਲ ਮੀਡੀਆ ਇੱਕ ਅਹਿਮ ਪ੍ਰਾਪਤੀ ਕਹੀ ਜਾ ਸਕਦੀ ਹੈ। ਇਸ ਨਾਲ ਬਹੁਤ ਸਾਰੇ ਅਣਗੌਲੇ ਮੁੱਦੇ ਇਹੋ ਜਿਹੇ ਵੀ ਚੁੱਕੇ ਗਏ ਕਿ ਜੇਕਰ ਇਹ ਸੋਸ਼ਲ ਮੀਡੀਆ ’ਤੇ ਸਾਂਝੇ ਨਾ ਕੀਤੇ ਜਾਂਦੇ ਤਾਂ ਅਣਗੌਲੇ ਹੀ ਰਹਿ ਜਾਂਦੇ।
ਪਰ ਅੱਜ ਸੋਸ਼ਲ ਮੀਡੀਆ ’ਤੇ ਅਜੋਕੀ ਨੌਜਵਾਨ ਪੀੜ੍ਹੀ ਬਾਰੇ ਗੱਲ ਕਰਦਿਆਂ ਅਸੀਂ ਵੇਖਦੇ ਹਾਂ ਕਿ ਸੋਸ਼ਲ ਮੀਡੀਆ ਦਾ ਨੌਜਵਾਨ ਵਰਗ ਉਤੇ ਹਾਂਪੱਖੀ ਨਾਲੋਂ ਨਾਂਹਪੱਖੀ ਪ੍ਰਭਾਵ ਵੱਧ ਵੇਖਣ ’ਚ ਆਇਆ ਹੈ। ਪਹਿਲਾਂ ਜਿੱਥੇ ਸਾਡੇ ਬੱਚੇ ਪਰਿਵਾਰਾਂ ਵਿੱਚ ਆਪਸੀ ਸਾਂਝਾਂ ਦਾ ਆਨੰਦ ਮਾਣਦੇ ਸਨ, ਉੱਥੇ ਹੀ ਹੁਣ ਛੋਟੇ ਪਰਿਵਾਰਾਂ ਦੇ ਦੌਰ ਵਿੱਚ ਪੁਰਾਤਨ ਸਾਂਝਾਂ ਜਾਂਦੀਆਂ ਰਹੀਆਂ ਹਨ। ਇਸ ਨਾਲ ਜਿੱਥੇ ਆਪਸੀ ਮੋਹ-ਪਿਆਰ ਤੇ ਸਾਂਝਾਂ ਖਤਮ ਹੋਈਆਂ ਹਨ ਤੇ ਰਿਸ਼ਤਿਆਂ ਦੀ ਮਹੱਤਤਾ ਘਟੀ ਹੈ, ਉੱਥੇ ਬੱਚਿਆਂ ਦੀ ਸਿਹਤ ਉਤੇ ਵੀ ਮਾੜਾ ਪ੍ਰਭਾਵ ਪਿਆ ਹੈ। ਅੱਜਕੱਲ੍ਹ ਬੱਚੇ ਖੇਡ ਮੈਦਾਨਾਂ ਵਿੱਚ ਖੇਡਾਂ ਘੱਟ ਖੇਡਦੇ ਹਨ, ਸਗੋਂ ਇੰਟਰਨੈੱਟ ’ਤੇ ਜ਼ਿਆਦਾ ਸਮਾਂ ਬਿਤਾਉਣ ਲੱਗੇ ਹਨ। ਇਸ ਨਾਲ ਬੱਚਿਆਂ ਦੀ ਨਿਗ੍ਹਾ ਦੇ ਨਾਲ-ਨਾਲ ਹੋਰ ਸਰੀਰਕ ਵਿਕਾਰ ਵੀ ਪੈਦਾ ਹੋਏ ਹਨ।
ਸੋਸ਼ਲ ਮੀਡੀਆ ਨੇ ਆਮ ਨੌਜਵਾਨਾਂ ਨੂੰ ਇੱਕ ਮਾਧਿਅਮ ਦਿੱਤਾ ਸੀ ਪਰ ਸਾਡੇ ਨੌਜਵਾਨ ਇਸ ਮਾਧਿਅਮ ਦੀ ਦੁਰਵਰਤੋਂ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਅਕਸਰ ਗੈਰ ਮਿਆਰੀ ਪੋਸਟਾਂ, ਕੱਚਘਰੜ ਕਿਰਤਾਂ ਤੇ ਗੈਗਸਟਰਵਾਦ, ਲੱਚਰਤਾ ਨਾਲ ਸਬੰਧਤ ਪੋਸਟਾਂ ਪਾਈਆਂ ਜਾਂਦੀਆਂ ਹਨ। ਜਾਤੀ, ਧਰਮ ਤੇ ਛੋਟੇ-ਛੋਟੇ ਨਿੱਜੀ ਤੇ ਜਨਤਕ ਮਸਲਿਆਂ ਉਤੇ ਵੀ ਗਰਮ ਤੇ ਤਿੱਖੀਆਂ ਬਹਿਸਾਂ ਵੇਖਣ-ਸੁਣਨ ਨੂੰ ਮਿਲਦੀਆਂ ਹਨ। ਇਨ੍ਹਾਂ ਵਿੱਚ ਗੱਲ ਕਈ ਵਾਰ ਬਹੁਤ ਵਧ ਜਾਂਦੀ ਹੈ ਕਿ ਲੋਕ ਮਰਨ-ਮਾਰਨ ’ਤੇ ਉਤਰ ਆਉਂਦੇ ਹਨ। ਇਸ ਤੋਂ ਇਲਾਵਾ ਇਸਦੇ ਨਾਲ ਸਭ ਤੋਂ ਵੱਧ ਮਾਰੂ ਅਸਰ ਆਮ ਵਿਅਕਤੀ ਦੀ ਨਿੱਜਤਾ ’ਤੇ ਪਿਆ ਹੈ।
ਪਿੱਛੇ ਜਿਹੇ ਸੋਸ਼ਲ ਸਾਈਟਸ ਵੱਲੋਂ ਨਿੱਜੀ ਜਾਣਕਾਰੀਆਂ ਚੋਰੀ ਕਰਨ ਦੇ ਦੋਸ਼ ਲੱਗੇ ਤੇ ਇਸਦੀ ਪੁਸ਼ਟੀ ਵੀ ਹੋਈ। ਇਸ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਸਾਈਟਸ ’ਤੇ ਸਾਡੀਆਂ ਨਿੱਜੀ ਜਾਣਕਾਰੀਆਂ ਵੀ ਸੁਰੱਖਿਅਤ ਨਹੀਂ। ਕਿਸੇ ਵੀ ਖਬਰ ਜਾਂ ਜਾਣਕਾਰੀ ਨੂੰ ਲੈ ਕੇ ਵਟਸਐਪ ’ਤੇ ਅਫਵਾਹਾਂ ਦਾ ਦੌਰ ਵੀ ਚੱਲਦਾ ਹੈ। ਕਈ ਵਾਰ ਅਫਵਾਹਾਂ ਵਿੱਚ ਸੱਚਾਈ ਗਵਾਚ ਹੀ ਜਾਂਦੀ ਹੈ। ਲੋਕੀਂ ਅਫਵਾਹ ਨੂੰ ਹੀ ਸੱਚ ਮੰਨਣ ਲੱਗ ਜਾਂਦੇ ਹਨ। ਸੋਸ਼ਲ ਮੀਡੀਆ ਦਾ ਸਭ ਤੋਂ ਵੱਧ ਮਾਰੂ ਪ੍ਰਭਾਵ ਸਾਡੇ ਨੌਜਵਾਨ ਵਰਗ ’ਤੇ ਪਿਆ ਹੈ। ਸਾਡੇ ਨੌਜਵਾਨਾਂ ਨੇ ਜਿੱਥੇ ਆਪਣਾ ਤੇ ਦੇਸ਼ ਦਾ ਭਵਿੱਖ ਬਣਾਉਣਾ ਸੀ ਉੱਥੇ ਸਾਡੇ ਨੌਜਵਾਨ ਆਪਣਾ ਕੀਮਤੀ ਸਮਾਂ ਫੇਸਬੁੱਕ ’ਤੇ ਲਾਈਕਸ ਤੇ ਟਿੱਪਣੀਆਂ ਗਿਣਨ ’ਚ ਬਿਤਾ ਰਹੇ ਹਨ। ਸਾਨੂੰ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਸੋਸ਼ਲ ਮੀਡੀਆ ਦੀ ਸਾਰਥਕ ਵਰਤੋਂ ਕਰਕੇ ਇਸਨੂੰ ਹੋਰ ਲਾਭਦਾਇਕ ਬਣਾਉਣ ਵੱਲ ਵਧਣਾ ਚਾਹੀਦਾ ਹੈ।

ਸੰਪਰਕ: 78143-60654


Comments Off on ਸੋਸ਼ਲ ਮੀਡੀਆ, ਸਾਡਾ ਸਮਾਜ ਤੇ ਨੌਜਵਾਨ ਵਰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.