ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਸਾਕਾ ਜੱਲ੍ਹਿਆਂ: ਯਾਦ ਤੇ ਪਸ਼ਚਾਤਾਪ ਕਰਨ ਦਾ ਵੇਲਾ

Posted On April - 13 - 2019

ਅੱਜ 13 ਅਪਰੈਲ ਨੂੰ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਚਲੇ ਜੱਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦੀ ਸੌਵੀਂ ਵਰ੍ਹੇਗੰਢ ਹੈ, ਜਦੋਂ ਬ੍ਰਿਟਿਸ਼  ਇੰਡੀਅਨ ਆਰਮੀ ਨੇ ਨਿਹੱਥੇ ਲੋਕਾਂ ਦੀ ਭੀੜ ਨੂੰ ਆਪਣੀਆਂ ਬੰਦੂਕਾਂ ਦੀਆਂ ਗੋਲੀਆਂ ਨਾਲ ਭੁੰਨ ਸੁੱਟਿਆ ਤੇ ਇਸ ਵਿਚ ਸੈਂਕੜੇ  ਲੋਕ ਮਾਰੇ ਗਏ। ਇਸ ਪੰਨੇ ਦੇ ਲੇਖ ਇਤਿਹਾਸ ਦੇ ਉਸ ਕਾਲੇ ਦੌਰ ਬਾਰੇ ਦੋ ਹਸਤੀਆਂ ਦੇ ਵੱਖੋ-ਵੱਖਰੇ  ਜਜ਼ਬਾਤ ਦਾ ਪ੍ਰਗਟਾਵਾ ਹਨ।

ਡੌਮੀਨਿਕ ਐਸਕੁਇਥ

                                                                                                  ਥੈਰੇਜ਼ਾ ਮੇਅ

ਅੱਜ ਅਸੀਂ ਬਰਤਾਨੀਆ ਦੇ ਇਤਿਹਾਸ ਵਿਚਲੇ ਇਕ ਕਾਲੇ ਦਿਨ ਨੂੰ ਯਾਦ ਕਰ ਰਹੇ ਹਾਂ। ਜਿਵੇਂ ਹਫ਼ਤੇ ਦੇ ਸ਼ੁਰੂ ਵਿਚ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਨੇ ਕਿਹਾ ਸੀ, ਇਹ ਦੁਖਾਂਤ, ਜੋ ਸੌ ਸਾਲ ਪਹਿਲਾਂ ਜੱਲ੍ਹਿਆਂਵਾਲਾ ਬਾਗ਼ ਵਿਖੇ ਵਾਪਰਿਆ, ਬਰਤਾਨੀਆ ਦੇ ਪਿਛੋਕੜ ਉੱਤੇ ਇਕ ‘ਸ਼ਰਮਨਾਕ ਧੱਬਾ’ ਹੈ। ਜੋ ਉਦੋਂ ਵਾਪਰਿਆ, ਸਾਨੂੰ ਉੱਤੇ ਧੁਰ ਅੰਦਰੋਂ ਅਫ਼ਸੋਸ ਹੈ।
ਇਹ ਅਜਿਹੀ ਘਟਨਾ ਸੀ ਜਿਸ ਦੌਰਾਨ ਦਿਖਾਈ ਗਈ ਵਹਿਸ਼ਤ ਨੂੰ ਉਦੋਂ ਵੀ ਸਮਝਿਆ ਗਿਆ ਅਤੇ ਅਸੀਂ ਅੱਜ ਤਕ ਵਾਰ ਵਾਰ ਇਹ ਗੱਲ ਮੰਨਦੇ ਆ ਰਹੇ ਹਾਂ। ਇਸ ਸਾਕੇ ਦੀ ਵਰ੍ਹੇਗੰਢ ਮੌਕੇ ਆਪਣੇ ਮੁਲਕ ਦੀ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਸਿਆਸੀ ਸਫ਼ਾਂ ਤੋਂ ਪਾਰ ਜਾ ਕੇ ਇਸ ਘਟਨਾ ’ਤੇ ਲਗਾਤਾਰਤਾ ਅਤੇ ਮਜ਼ਬੂਤੀ ਨਾਲ ਪਸ਼ਚਾਤਾਪ ਕਰਨ ਨੂੰ ਮੈਂ ਗੰਭੀਰਤਾ ਨਾਲ ਆਤਮਸਾਤ ਕਰਦਾ ਹਾਂ।
ਮੇਰੇ ਪੜਦਾਦਾ ਐੱਚ.ਐੱਚ. ਆਸਕੁਇਥ, ਜੋ 1908-16 ਤਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਸਨ, ਨੇ ਇਸ ਘਟਨਾ ਨੂੰ ‘ਸਾਡੇ ਪੂਰੇ ਇਤਿਹਾਸ ਦੇ ਬਦਤਰੀਨ ਅੱਤਿਆਚਾਰਾਂ ਵਿਚੋਂ ਇਕ’ ਕਿਹਾ ਸੀ। ਬਰਤਾਨੀਆ ਦੀ ਮਹਾਰਾਣੀ ਨੇ ਸਾਕੇ ਕਾਰਨ ਲੋਕਾਂ ਨੂੰ ਝੱਲਣੀ ਪਈ ਪੀੜਾ ਉੱਤੇ ਦਿਲੋਂ ਅਫ਼ਸੋਸ ਜ਼ਾਹਰ ਕਰਦਿਆਂ ਇਸ ਨੂੰ ਹਿੰਦੋਸਤਾਨ ਨਾਲ ਜੁੜੇ ਸਾਡੇ ਇਤਿਹਾਸ ਦੀ ਇਕ ਦੁਖਦਾਈ ਉਦਾਹਰਣ ਆਖਿਆ। ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਇਸ ਨੂੰ ‘ਬਹੁਤ ਹੀ ਸ਼ਰਮਨਾਕ ਕਾਰਾ’ ਕਰਾਰ ਦਿੱਤਾ।
ਉਸ ਦੌਰਾਨ ਵਾਪਰੀਆਂ ਘਟਨਾਵਾਂ, ਸਾਡੇ ਮੁਲਕ ਦੀ ਭੂਮਿਕਾ ਅਤੇ ਇਨ੍ਹਾਂ ਦੇ ਸਿੱਟਿਆਂ ਬਾਰੇ ਮੇਰੇ ਮੁਲਕ ਦੀ ਲੀਡਰਸ਼ਿਪ ਅੱਜ ਤਕ ਚਰਚਾ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਇਸ ਬਾਰੇ ਫਰਵਰੀ ’ਚ ਹਾਊਸ ਔਫ ਲੌਰਡਜ਼ ਵਿਚ ਅਤੇ ਬੀਤੇ ਹਫ਼ਤੇ ਮੰਗਲਵਾਰ ਨੂੰ ਪਾਰਲੀਮੈਂਟ ਵਿਚ ਚਰਚਾ ਹੋਈ। ਹੋਈ ਬੀਤੀ ਨੂੰ ਨਾ ਤਾਂ ਭੁਲਾਇਆ ਗਿਆ ਹੈ ਅਤੇ ਨਾ ਹੀ ਭੁਲਾਇਆ ਜਾਵੇਗਾ।
ਮੈਂ ਇਸ ਗੱਲ ਤੋਂ ਵਾਕਫ਼ ਹਾਂ ਕਿ ਇਸ ਵਰ੍ਹੇਗੰਢ ਮੌਕੇ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਹੋਰ ਮੁਲਕਾਂ ਵਿਚ ਵੀ ਕਿੰਨੇ ਹੀ ਲੋਕਾਂ ਦੇ ਮਨਾਂ ਵਿਚ ਅੰਮ੍ਰਿਤਸਰ ਅਤੇ 13 ਅਪਰੈਲ 1919 ਦੀਆਂ ਘਟਨਾਵਾਂ ਦੀ ਯਾਦ ਖੌਰੂ ਪਾ ਰਹੀ ਹੈ। ਮੈਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਅਤੇ ਇਸ ਕਾਰਨ ਮਿਲੇ ਸਦਮੇ ਦੀ ਵਿਰਾਸਤ ਉੱਤੇ ਪਛਤਾਵਾ ਜ਼ਾਹਰ ਕਰਦਾ ਹਾਂ।
ਮੈਂ ਇਸ ਗੱਲ ਉੱਤੇ ਵਿਚਾਰ ਕਰ ਰਿਹਾ ਹਾਂ ਕਿ ਉਸ ਸਮੇਂ ਮੇਰੇ ਪੜਦਾਦਾ ਜੀ ਨੂੰ ਕਿੰਨੀ ਨਮੋਸ਼ੀ ਝੱਲਣੀ ਪਈ ਹੋਵੇਗੀ ਅਤੇ ਆਪਣੇ ਨਾਂ ਨੂੰ ਵੱਟਾ ਲੱਗਣ ਦੀ ਗੱਲ ਬਾਰੇ ਜਾਣ ਕੇ ਬਰਤਾਨਵੀ ਲੋਕਾਂ ਨੂੰ ਸਮੂਹਿਕ ਤੌਰ ’ਤੇ ਕਿੰਨੀ ਘਿਣ ਆਈ ਹੋਵੇਗੀ। ਮੈਂ ਇਸ ਨੂੰ ਯਾਦ ਕਰਦਿਆਂ- ਯਾਦ ਕਰਦੇ ਰਹਿਣ ਦਾ ਤਹੱਈਆ ਕਰਕੇ ਇਸ ਦਿਨ ਨੂੰ ਆਪਣੇ ਤਰੀਕੇ ਨਾਲ ਮਨਾਵਾਂਗਾ, ਜਿਵੇਂ ਹੋਰ ਲੋਕ ਇਸ ਨੂੰ ਆਪੋ ਆਪਣੇ ਤਰੀਕਿਆਂ ਨਾਲ ਮਨਾਉਣਗੇ।
ਫਿਰ ਵੀ ਜਿਵੇਂ ਆਦਰਯੋਗ ਮਹਾਰਾਣੀ ਨੇ ਟਿੱਪਣੀ ਕੀਤੀ ਸੀ, ਸਾਨੂੰ ਬੀਤੇ ਤੋਂ ਸਬਕ ਸਿੱਖਣ ਅਤੇ ਅਗਾਂਹ ਵੇਖਣ ਦੀ ਜਾਚ ਸਿੱਖਣ ਦਾ ਢੰਗ ਲੱਭਣਾ ਚਾਹੀਦਾ ਹੈ: ‘ਅਸੀਂ ਚਾਹੇ ਜਿੰਨਾ ਮਰਜ਼ੀ ਚਾਹੀਏ, ਪਰ ਇਤਿਹਾਸ ਦੁਬਾਰਾ ਨਹੀਂ ਸਿਰਜਿਆ ਜਾ ਸਕਦਾ। ਇਸ ਵਿਚ ਦੁੱਖ ਦੇ ਪਲ ਵੀ ਆਉਂਦੇ ਹਨ ਅਤੇ ਖ਼ੁਸ਼ੀ ਦੇ ਵੀ। ਸਾਨੂੰ ਗ਼ਮਗੀਨੀ ਤੋਂ ਸਿੱਖਣਾ ਅਤੇ ਖ਼ੁਸ਼ੀ ਦਾ ਆਧਾਰ ਬਣਾਉਣਾ ਚਾਹੀਦਾ ਹੈ।’ ਜਿਵੇਂ ਮਹਾਰਾਣੀ ਨੇ ਕਿਸੇ ਹੋਰ, ਪਰ ਮਿਲਦੇ-ਜੁਲਦੇ, ਸੰਦਰਭ ਵਿਚ ਇਹ ਗੱਲ ਆਖੀ- ਸਾਨੂੰ ਬੀਤੇ ਨੂੰ ‘ਨਿਮਰ ਹੋ ਕੇ ਮੰਨਣ, ਪਰ ਇਸ ਨਾਲ ਬੱਝੇ ਨਾ ਰਹਿਣ’ ਦੇ ਯੋਗ ਹੋਣਾ ਚਾਹੀਦਾ ਹੈ।
ਮੇਰਾ ਮੰਨਣਾ ਹੈ, ਅਸੀਂ ਇਉਂ ਹੀ ਕਰ ਰਹੇ ਹਾਂ। ਸਾਡੇ ਦੋਵਾਂ ਮੁਲਕਾਂ ਦਰਮਿਆਨ ਪ੍ਰਬਲ ਭਾਈਵਾਲੀ ਦਾ ਰਿਸ਼ਤਾ ਹੈ ਜੋ ਸਾਡੇ ਦੋਵਾਂ ਅਤੇ ਦੁਨੀਆਂ ਦੇ ਹੋਰਨਾਂ ਮੁਲਕਾਂ ਲਈ ਵਧੇਰੇ ਖੁਸ਼ਹਾਲ ਤੇ ਸੁਰੱਖਿਅਤ ਭਵਿੱਖ ਬਣਾਉਣ ਉੱਤੇ ਕੇਂਦਰਿਤ ਹੈ। ਅਸੀਂ ਪੂਰੀ ਦੁਨੀਆਂ ਵਿਚਲੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਨਾਲ ਸਿੱਝਣ ਲਈ ਸਹਿਯੋਗ ਅਤੇ ਜੁਗਤਾਂ ਸਾਂਝੀਆਂ ਕਰਦਿਆਂ ਇਕੱਠੇ ਕੰਮ ਕਰ ਰਹੇ ਹਾਂ। ਇਨ੍ਹਾਂ ਸਾਲਾਂ ਦੌਰਾਨ ਬਰਤਾਨੀਆ ਨੇ ਗ਼ਰੀਬੀ ਅਤੇ ਟਕਰਾਅ ਦੇ ਹੋਰ ਕਾਰਨਾਂ ਨਾਲ ਸਿੱਝਣ ਲਈ ਵਿਕਾਸ ਕਾਰਜਾਂ ਵਿਚ ਨਿਵੇਸ਼ ਕੀਤਾ ਹੈ। ਅਸੀਂ ਬਹੁਦੇਸ਼ੀ ਸੰਗਠਨਾਂ ਵਿਚ ਸਾਡੇ ਕੂਟਨੀਤਿਕ ਢਾਂਚੇ ਅਤੇ ਪ੍ਰਭਾਵ ਨਾਲ ਪੂਰੀ ਦੁਨੀਆਂ ਵਿਚ ਤਣਾਵਾਂ ਨੂੰ ਘੱਟ ਕਰਨ ਦੇ ਯਤਨ ਕਰ ਰਹੇ ਹਾਂ। ਸਾਡਾ ਇਰਾਦਾ ਅਜਿਹਾ ਮਾਹੌਲ ਤਿਆਰ ਕਰਨ ਦਾ ਹੈ ਜਿਸ ਵਿਚ ਜੱਲ੍ਹਿਆਂਵਾਲਾ ਬਾਗ਼ ਵਰਗੀਆਂ ਜ਼ਿਆਦਤੀਆਂ ਹੋਣ ਦੀ ਗੁੰਜਾਇਸ਼ ਘੱਟ ਹੋਵੇ।
ਅੱਜ ਰੁਕਣ, ਇਸ ਸਾਕੇ ਨੂੰ ਯਾਦ ਕਰਨ ਅਤੇ ਇਸ ’ਤੇ ਪਸ਼ਚਾਤਾਪ ਕਰਨ ਦਾ ਸਮਾਂ ਹੈ। ਪਰ ਬਿਹਤਰ ਭਵਿੱਖ ਬਣਾਉਣ ਦਾ ਸਾਡਾ ਸਾਂਝਾ ਨਿਸ਼ਾਨਾ ਸਰ ਕਰਨ ਦਾ ਤਹੱਈਆ ਕਰਦਿਆਂ ਮੈਂ ਇਕ ਵਾਰ ਫਿਰ ਅਗਾਂਹ ਦੇਖਾਂਗਾ।

* ਭਾਰਤ ਵਿਚ ਇੰਗਲੈਂਡ ਦਾ ਸਫ਼ੀਰ


Comments Off on ਸਾਕਾ ਜੱਲ੍ਹਿਆਂ: ਯਾਦ ਤੇ ਪਸ਼ਚਾਤਾਪ ਕਰਨ ਦਾ ਵੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.