ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਸਦੀ ਬਾਅਦ ਇਤਿਹਾਸ ’ਚੋਂ ਮੁੜ ਗੁਜ਼ਰਦਿਆਂ

Posted On April - 13 - 2019

ਸਾਕਾ ਜੱਲ੍ਹਿਆਂਵਾਲਾ ਬਾਗ

ਅਗਿਆਤ ਕਵੀ ਸੁਲੇਖ: ਹਰਦੀਪ ਸਿੰਘ

ਪੰਜਾਬ ਨੇ ਆਜ਼ਾਦੀ ਦੇ ਸੰਘਰਸ਼ ਵਿਚ ਬਹੁਤ ਅਹਿਮ ਹਿੱਸਾ ਪਾਇਆ ਹੈ। 1857 ਵਿਚ ਹੋਈਆਂ ਨੀਲੀ ਬਾਰ ਤੇ ਹੋਰ ਬਗ਼ਾਵਤਾਂ ਤੋਂ ਬਾਅਦ ‘ਕੂਕਾ ਲਹਿਰ’ ਤੇ ‘ਪਗੜੀ ਸੰਭਾਲ ਜੱਟਾ ਲਹਿਰ’ ਆਜ਼ਾਦੀ ਦੇ ਸੰਘਰਸ਼ ਦੇ ਸੁਨਹਿਰੀ ਪੰਨਿਆਂ ਵਜੋਂ ਦਰਜ ਹਨ। ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿਚ ਗ਼ਦਰ ਪਾਰਟੀ ਨੇ ਪੰਜਾਬੀਆਂ ਅੰਦਰ ਆਜ਼ਾਦੀ ਦੀ ਤਾਂਘ ਨੂੰ ਹੋਰ ਤੀਬਰ ਕੀਤਾ। ਅਜਿਹੀਆਂ ਸਰਗਰਮੀਆਂ ’ਤੇ ਕਾਬੂ ਪਾਉਣ ਲਈ ਅੰਗਰੇਜ਼ ਸਰਕਾਰ ਨੇ ‘ਡਿਫੈਂਸ ਆਫ਼ ਇੰਡੀਆ ਐਕਟ, 1915’ ਤੇ 1919 ਵਿਚ ਇਹੋ ਜਿਹਾ ਇਕ ਹੋਰ ਕਾਨੂੰਨ ‘ਰੌਲਟ ਐਕਟ’ ਬਣਾਇਆ। ਹਿੰਦੋਸਤਾਨ ਵਿਚ ਇਸ ਵਿਰੁੱਧ ਅੰਦੋਲਨ ਹੋਇਆ ਤੇ ਆਜ਼ਾਦੀ ਸੰਗਰਾਮ ਨੇ ਨਵੀਂ ਨੁਹਾਰ ਲੈਣੀ ਸ਼ੁਰੂ ਕਰ ਦਿੱਤੀ। ਮਹਾਤਮਾ ਗਾਂਧੀ ਨੇ ਹੜਤਾਲ ਤੇ ਸੱਤਿਆਗ੍ਰਹਿ ਕਰਨ ਦਾ ਸੱਦਾ ਦਿੱਤਾ। ਪੰਜਾਬ ਵਿਚ ਵਿਦਰੋਹ ਭੜਕ ਉੱਠਿਆ ਅਤੇ ਇਸ ਦਾ ਸਿਖ਼ਰ 13 ਅਪਰੈਲ, 1919 ਨੂੰ ਜੱਲ੍ਹਿਆਂਵਾਲਾ ਬਾਗ ਵਿਚ ਹੋਇਆ ਖ਼ੂਨੀ ਸਾਕਾ ਸੀ। 15 ਅਪਰੈਲ ਤੋਂ ਮਾਰਸ਼ਲ ਲਾਅ ਲਗਾ ਦਿੱਤਾ ਗਿਆ। ‘ਦਿ ਟ੍ਰਿਬਿਊਨ’ ਅਖ਼ਬਾਰ ਨੇ ਇਸ ਵਿਦਰੋਹ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ। ਅਖ਼ਬਾਰ ਦੇ ਟਰੱਸਟੀ ਮਨੋਹਰ ਲਾਲ ਅਤੇ ਸੰਪਾਦਕ ਕਾਲੀ ਨਾਥ ਰੇਅ ਨੇ ਇਸ ਸਬੰਧ ਵਿਚ ਜੇਲ੍ਹ ਕੱਟੀ। ਇਸ ਸਾਕੇ ਦੇ ਸੌ ਵਰ੍ਹੇ ਪੂਰੇ ਹੋਣ ’ਤੇ ‘ਪੰਜਾਬੀ ਟ੍ਰਿਬਿਊਨ’ ਵੱਲੋਂ ਉਸ ਵੇਲ਼ੇ ‘ਦਿ ਟ੍ਰਿਬਿਊਨ’ ਵਿਚ ਪ੍ਰਕਾਸ਼ਿਤ ਕੁਝ ਖ਼ਬਰਾਂ ਤੇ ਸੰਪਾਦਕੀ ਟਿੱਪਣੀਆਂ ਪਾਠਕਾਂ ਦੀ ਨਜ਼ਰ ਹਨ।

ਅਹਿਮ ਦਿਨ

ਆਖਿਰ ਉਹ ਦਿਨ ਆ ਗਿਆ, ਜਿਸ ਦੀ ਅਸੀਂ ਬੜੀ ਬੇਸਬਰੀ ਤੇ ਉਮੀਦਾਂ ਨਾਲ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸੀ, ਲੋਕਾਂ ਵਿੱਚ ਮਹਾਤਮਾ ਦਾ ਦਰਜਾ ਰੱਖਣ ਵਾਲੇ ਉਸ ਉੱਘੇ ਭਾਰਤੀ ਆਗੂ ਨੇ ਲੋਕਾਂ ਨੂੰ ਇਹ ਦਿਨ ਨਿਰਮਾਣਤਾ ਅਤੇ ਪ੍ਰਾਰਥਨਾ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਉਹ ਜਾਣਦਾ ਹੈ ਕਿ ਅਜਿਹਾ ਕਰਕੇ ਹੀ ਦੇਸ਼ ਵਾਸੀ ਆਪਣਾ ਟੀਚਾ ਹਾਸਲ ਕਰ ਸਕਦੇ ਹਨ। ਦੇਸ਼ ਵਾਸੀ ਵੀ ਉਸ ਦੀ ਉਮੀਦ ਤੇ ਸੋਚ ਨਾਲ ਸਹਿਮਤ ਹਨ। ਸਾਡੇ ਇਤਿਹਾਸ ਵਿੱਚ 6 ਅਪਰੈਲ ਦਾ ਇਹ ਦਿਨ ਸਦਾ ਯਾਦ ਰੱਖਿਆ ਜਾਵੇਗਾ। ਇਹ ਦਿਨ ਸਾਨੂੰ ਅਪਮਾਨ ਯਾਦ ਕਰਵਾਉਣ ਦੀ ਬਜਾਏ ਸਾਡੇ ਚੇਤਿਆਂ ਵਿੱਚ ਹਮੇਸ਼ਾ ਸ਼ਾਨਾਂਮੱਤੇ ਦਿਨ ਵਜੋਂ ਵੱਸਿਆ ਰਹੇਗਾ, ਕਿਉਂਕਿ ਅਸੀਂ ਆਪਣੇ ਦੇਸ਼ ਲਈ ਮਾਰੂ ਅਤੇ ਸਾਡੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਕਾਲੇ ਕਾਨੂੰਨ ਖ਼ਿਲਾਫ਼ ਰੋਸ ਪ੍ਰਗਟਾਉਣ ਦਾ ਆਪਣਾ ਮਨੁੱਖੀ ਤੇ ਕੌਮੀ ਹੱਕ ਫ਼ੌਜ ਅਤੇ ਪੁਲੀਸ ਦੀਆਂ ਜ਼ਿਆਦਤੀਆਂ ਦੇ ਬਾਵਜੂਦ ਨਹੀਂ ਛੱਡਿਆ। ਅਸੀਂ ਇਕ ਪਲ ਲਈ ਵੀ ਆਪਣੇ ਟੀਚੇ ਦੀ ਪ੍ਰਾਪਤੀ ਸੰਵਿਧਾਨਕ ਤੇ ਅਮਨਪੂਰਵਕ ਢੰਗ-ਤਰੀਕਿਆਂ ਨਾਲ ਹਾਸਲ ਕਰਨ ਦੀ ਗੱਲ ਨਹੀਂ ਭੁੱਲੇ।
ਭਾਵੇਂ ਰੱਦ ਕਰ ਕੇ ਜਾਂ ਵਾਪਸ ਲੈ ਕੇ ਕਿਸੇ ਵੀ ਤਰੀਕੇ ਰੌਲਟ ਐਕਟ ਦੀ ਹੋਂਦ ਖ਼ਤਮ ਹੋਣੀ ਹੀ ਚਾਹੀਦੀ ਹੈ। ਭੁੱਖ ਹੜਤਾਲਾਂ ਰੱਖ ਰਹੇ ਅਤੇ ਕੁਰਬਾਨੀਆਂ ਦੇ ਰਹੇ ਲੋਕਾਂ ਦੀਆਂ ਸਰਬ ਸ਼ਕਤੀਮਾਨ ਅੱਗੇ ਕੀਤੀਆਂ ਪ੍ਰਾਰਥਨਾਵਾਂ ਦੇ ਬਾਵਜੂਦ ਜੇਕਰ ਸਵੈ-ਨਿਰਣੇ ਦੀ ਘੜੀ ਅਜੇ ਤੈਅ ਨਹੀਂ ਹੋਈ ਤਾਂ ਵੀ ਇਸ ਦੇ ਆਉਣ ’ਚ ਹੁਣ ਬਹੁਤੀ ਦੇਰ ਨਹੀਂ।

ਦਰਿਆ ਵਿੱਚ ਇਸ਼ਨਾਨ

ਸਵੇਰੇ ਸਾਝਰੇ ਹੀ ਪੁਰਸ਼, ਮਹਿਲਾਵਾਂ ਅਤੇ ਬੱਚੇ ਰਾਵੀ ਦਰਿਆ ਵਿੱਚ ਇਸ਼ਨਾਨ ਕਰਨ ਲਈ ਚੱਲ ਪਏ। ਉੁਨ੍ਹਾਂ ਦੀ ਗਿਣਤੀ ਘੱਟੋ-ਘੱਟ ਇਕ ਲੱਖ ਸੀ ਤੇ ਉਨ੍ਹਾਂ ਵਿੱਚ ਭਾਰਤੀ ਭਾਈਚਾਰੇ ਦੇ ਸਾਰੇ ਵਰਗਾਂ ਅਤੇ ਜਮਾਤਾਂ ਦੇ ਲੋਕ ਸ਼ਾਮਲ ਸਨ। ਉਨ੍ਹਾਂ ਸਾਰਿਆਂ ਦੇ ਦਿਲ ਅਤੇ ਜ਼ੁਬਾਂ ’ਤੇ ਇਕੋ ਹੀ ਪ੍ਰਾਰਥਨਾ ਸੀ ਕਿ ਬਾਦਸ਼ਾਹ ਰੌਲਟ ਐਕਟ ਨੂੰ ਨਾਮਨਜ਼ੂਰ ਕਰ ਦੇਵੇ ਅਤੇ ਉਨ੍ਹਾਂ ਦੇ ਸ਼ਾਸਕਾਂ ਦਾ ਦਿਲ ਵੀ ਪ੍ਰਮਾਤਮਾ ਬਦਲ ਦੇਵੇ ਤਾਂ ਜੋ ਉਹ ਉਸ ਐਕਟ ਨੂੰ ਵਾਪਸ ਲੈ ਲੈਣ ਜਿਸ ਕਾਰਨ ਸਾਰਾ ਦੇਸ਼ ਦੁੱਖ ’ਚ ਡੁੱਬਿਆ ਹੋਇਆ ਹੈ ਤੇ ਮਾਤਮ ਮਨਾ ਰਿਹਾ ਹੈ।

‘ਦਿ ਟ੍ਰਿਬਿਊਨ’ ਦੇ ਸੰਪਾਦਕ ਸ੍ਰੀ ਕਾਲੀਨਾਥ ਰੇਅ ਦਾ 10 ਅਪਰੈਲ, 1919 ਨੂੰ ਛਪਿਆ ਸੰਪਾਦਕੀ, ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ।

ਮਾਤਮੀ ਭੀੜ

ਦਰਿਆ ਕਿਨਾਰਿਓਂ ਹਜ਼ਾਰਾਂ ਲੋਕ ਆਪਮੁਹਾਰੇ ਜਲੂਸ ਦੀ ਸ਼ਕਲ ਵਿੱਚ ਸਿੱਧੇ ਸ਼ਹਿਰ ਵੱਲ ਵਧਣ ਲੱਗ ਪਏ। ਉਨ੍ਹਾਂ ਨੇ ਸੋਗ ਵਾਲੇ ਕਾਲੇ ਕੱਪੜੇ ਪਾਏ ਹੋਏ ਸਨ। ਸਿਰੋਂ ਤੇ ਪੈਰੋਂ ਨੰਗੇ ਇਹ ਲੋਕ ਮੁਹੱਰਮ ਵਾਂਗ ਆਪਣੀਆਂ ਛਾਤੀਆਂ ਪਿੱਟਦੇ ਹੋਏ, ‘‘ਰੌਲਟ ਐਕਟ ਹਾਏ ਹਾਏ’’.., ‘‘ਰੌਲਟ ਐਕਟ ਪ੍ਰਵਾਨ ਨਹੀਂ’’ ਦੇ ਨਾਅਰੇ ਲਾਉਂਦਿਆਂ ਆਪਣੇ ਦਿਲ ਦਾ ਦਰਦ ਬਿਆਨ ਕਰ ਰਹੇ ਸਨ।

16 ਅਪਰੈਲ, 1919 ਦੇ ‘ਦਿ ਟ੍ਰਿਬਿਊਨ’ ਵਿਚ ਜੱਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਅਤੇ ਪੰਜਾਬ ਦੀਆਂ ਵੱਖ ਵੱਖ ਥਾਵਾਂ ’ਤੇ ਹੋਈਆਂ ਘਟਨਾਵਾਂ ਬਾਰੇ ਖ਼ਬਰਾਂ ਛਪੀਆਂ। ਉਨ੍ਹਾਂ ਵਿਚੋਂ ਕੁਝ ਖ਼ਬਰਾਂ ਉਪਰ ਦਿੱਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਦਾ ਪੰਜਾਬੀ ਅਨੁਵਾਦ ਹੇਠਾਂ ਅਤੇ ਸੱਜੇ ਪਾਸੇ ਦੇ ਕਾਲਮਾਂ ਵਿਚ ਦਿੱਤਾ ਗਿਆ ਹੈ।

ਅੰਮ੍ਰਿਤਸਰ ’ਚ ਜਲਸਾ ਖਦੇੜਿਆ

ਕੁਝ ਅਹਿਮ ਆਗੂਆਂ ਦੀ ਗ੍ਰਿਫਤਾਰੀ ਖ਼ਿਲਾਫ ਰੋਸ ਪ੍ਰਗਟਾਉਣ ਲਈ ਅੰਮ੍ਰਿਤਸਰ ’ਚ ਕੀਤੇ ਜਾਣ ਵਾਲੇ ਜਲਸੇ ਦੇ ਯਤਨਾਂ ਨੂੰ ਨਾਕਾਮ ਕਰ ਦਿੱਤਾ ਗਿਆ। ਕੁਝ ਭਾਰਤੀ ਦਸਤਿਆਂ ਅਤੇ ਪੁਲੀਸ ਮੁਲਾਜ਼ਮਾਂ ਨਾਲ ਮੌਕੇ ’ਤੇ ਪੁੱਜੇ ਜਨਰਲ ਨੇ ਲੋਕਾਂ ਨੂੰ ਮੀਟਿੰਗ ਵਾਲੀ ਥਾਂ ਤੋਂ ਖਦੇੜਨ ਦੇ ਹੁਕਮ ਦਿੱਤੇ। ਲੋਕਾਂ ਦੇ ਇਕੱਠ ਨੇ ਜਦੋਂ ਉੱਥੋਂ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਜਨਰਲ ਨੇ ਉਨ੍ਹਾਂ ’ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਇਸ ਮੌਕੇ ਗੋਲੀ ਲੱਗਣ ਕਾਰਨ ਸੈਂਕੜੇ ਲੋਕ ਮਾਰੇ ਗਏ ਅਤੇ ਜ਼ਖ਼ਮੀ ਹੋ ਗਏ। ਇਸ ਤੋਂ ਮਗਰੋਂ ਹੋਰ ਕੋਈ ਗੜਬੜ ਨਹੀਂ ਹੋਈ।

ਗੁੱਜਰਾਂਵਾਲਾ ’ਚ ਦੰਗੇ

ਗੁੱਜਰਾਂਵਾਲਾ ’ਚ ਦੰਗਾਕਾਰੀਆਂ ਨੇ ਰੇਲਵੇ ਸਟੇਸ਼ਨ ਦੇ ਦੋਹੀਂ ਪਾਸੀਂ ਰੇਲਵੇ ਪੁਲਾਂ ਨੂੰ ਨੁਕਸਾਨ ਪਹੁੰਚਾਇਆ। ਗੁੱਜਰਾਂਵਾਲਾ ਉੱਤੇ ਇਕ ਜਹਾਜ਼ ਨੇ ਉਡਾਨ ਭਰੀ ਅਤੇ ਉਥੇ ਇਕੱਠੇ ਹੋਏ ਲੋਕ ਸਮੂਹ ’ਤੇ ਬੰਬ ਸੁੱਟੇ।

‘ਪ੍ਰਤਾਪ’ ਸੈਂਸਰ ਹੋਵੇਗਾ

ਡਿਫੈਂਸ ਐਕਟ ਅਧੀਨ ਹੁਕਮ ਜਾਰੀ

ਪੰਜਾਬ ਸਰਕਾਰ ਵੱਲੋਂ ਭਾਰਤੀ ਸੁਰੱਖਿਆ (ਏਕੀਕਰਨ) 1915 ਨੇਮਾਂ ਦੇ ਅਧੀਨ ਨਿਯਮ 8 ਅਧੀਨ ਨਿਮਨ ਹੁਕਮ ਜਾਰੀ ਕੀਤਾ ਜਾਂਦਾ ਹੈ।
‘‘ਪੰਜਾਬ ਸਰਕਾਰ ਦਾ ਖਿਆਲ ਹੈ ਕਿ ਲਾਹੌਰ ਤੋਂ ਛਪਣ ਵਾਲੇ ਅਖ਼ਬਾਰ ‘ਪ੍ਰਤਾਪ’ ਦੇ ਪ੍ਰਕਾਸ਼ਕ ਕਰਮ ਸਿੰਘ ਸਪੁੱਤਰ ਲਾਲਾ ਗੇਂਦਾ ਮੱਲ ਵੱਲੋਂ ਅਖ਼ਬਾਰ ਰਾਹੀਂ ਜਨਤਕ ਸੁਰੱਖਿਆ ਲਈ ਖਤਰਾ ਖੜ੍ਹਾ ਕੀਤਾ ਜਾ ਰਿਹਾ ਹੈ।
ਲੈਫਟੀਨੈਂਟ ਗਵਰਨਰ ਨੂੰ ਇਹ ਹਦਾਇਤ ਦਿੰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਹੁਕਮ ਪ੍ਰਾਪਤ ਹੋਣ ਮਗਰੋਂ ਕਰਮ ਸਿੰਘ ਅਖ਼ਬਾਰ ਵਿੱਚ ਛਪਣ ਵਾਲੀ ਸਾਰੀ ਸਮੱਗਰੀ ਦਾ ਮੂਲ ਸਰੂਪ, ਅਨੁਵਾਦ, ਵਿਗਿਆਪਨ ਦੇ ਪਰੂਫ ਅਤੇ ਅੰਤਮ ਸਰੂਪ ਪ੍ਰਵਾਨਗੀ ਲਈ ਸਥਾਨਕ ਸਰਕਾਰ ਦੇ ਲਾਹੌਰ ਸਥਿਤ ਪ੍ਰੈੱਸ ਸਲਾਹਕਾਰ ਕੋਲ ਪੇਸ਼ ਕਰੇ। ਪ੍ਰੰਤੂ ‘ਪ੍ਰਤਾਪ’ ਵਿੱਚ ਛਪਣ ਵਾਲੀਆਂ ‘ਰਾਇਟਰਜ਼’ ਦੀਆਂ ਟੈਲੀਗ੍ਰਾਮਜ਼ ਲਈ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੈ। ਕਰਮ ਸਿੰਘ ਨੂੰ ‘ਪ੍ਰਤਾਪ’ ਵਿੱਚ ਛਪਣ ਵਾਲੀ ਸਾਰੀ ਸਮੱਗਰੀ, ਸਿਵਾਏ ਰਾਇਟਰਜ਼ ਦੀਆਂ ਟੈਲੀਗ੍ਰਾਮਜ਼ ਦੇ, ਪ੍ਰਵਾਨਗੀ ਲਈ ਸਥਾਨਕ ਸਰਕਾਰ ਦੇ ਲਾਹੌਰ ਸਥਿਤ ਪ੍ਰੈੱਸ ਸਲਾਹਕਾਰ ਕੋਲ ਪ੍ਰਵਾਨਗੀ ਲਈ ਪੇਸ਼ ਕਰਨੀ ਹੋਵੇਗੀ ਅਤੇ ਉਸ ਵੱਲੋਂ ਪ੍ਰਵਾਨ ਕਰਨ ਮਗਰੋਂ ਹੀ ਇਸ ਦੀ ਪ੍ਰਕਾਸ਼ਨਾ ਕੀਤੀ ਜਾ ਸਕੇਗੀ।

ਬਾ-ਹੁਕਮ
ਹਿਜ਼ ਹਾਈਨੈੱਸ ਲੈਫਟੀਨੈਂਟ ਗਵਰਨਰ, ਪੰਜਾਬ
(ਹਸਤਾਖਰੀ) ਅਸਗਰ ਅਲੀ
ਐਡੀਸ਼ਨਲ ਸਕੱਤਰ, ਲਾਹੌਰ, 12 ਅਪਰੈਲ।

ਘਟਨਾਵਾਂ ਦਾ ਮਿਤੀ ਵਾਰ ਵੇਰਵਾ

18 ਜਨਵਰੀ 1919: ਰੌਲਟ ਬਿਲ ਹਿੰਦੁਸਤਾਨ ਸਰਕਾਰ ਦੇ ਗਜ਼ਟ ਵਿਚ ਪ੍ਰਕਾਸ਼ਿਤ
6 ਫਰਵਰੀ 1919: ਰੌਲਟ ਬਿਲ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਵਿਚ ਪੇਸ਼
24 ਫਰਵਰੀ 1919: ਸਰਕਾਰ ਨੂੰ ਰੌਲਟ ਕਾਨੂੰਨ ਬਣਾਉਣ ਲਈ ਬਜ਼ਿਦ ਵੇਖ ਕੇ ਗਾਂਧੀ ਜੀ ਵੱਲੋਂ ਸੱਤਿਆਗ੍ਰਹਿ ਸਭਾ ਦੀ ਸਥਾਪਨਾ
1 ਮਾਰਚ 1919: ਗਾਂਧੀ ਜੀ ਵੱਲੋਂ ਸਤਿਆਗ੍ਰਹਿ ਦਾ ਐਲਾਨ
21 ਮਾਰਚ 1919: “ਅਨਾਰਕੀਕਲ ਐਂਡ ਰੈਵੋਲਿਊਸ਼ਨਰੀ ਕਰਾਈਮਜ਼ ਐਕਟ” ਭਾਵ ਰੌਲਟ ਐਕਟ ਕੌਂਸਲ ਵਿਚ ਪਾਸ
23 ਮਾਰਚ 1919: ਗਾਂਧੀ ਜੀ ਵੱਲੋਂ ਸਤਿਆਗ੍ਰਹੀਆਂ ਲਈ ਹਦਾਇਤਾਂ ਜਾਰੀ; 30 ਮਾਰਚ ਨੂੰ ਹੜਤਾਲ ਕਰਨ ਦਾ ਸੱਦਾ
30 ਮਾਰਚ 1919: ਗਾਂਧੀ ਜੀ ਵੱਲੋਂ ਹੜਤਾਲ ਦੀ ਮਿਤੀ 6 ਅਪ੍ਰੈਲ ਕਰ ਦੇਣ ਦੇ ਬਾਵਜੂਦ ਦਿੱਲੀ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿਚ ਹੜਤਾਲ ਹੋਈ; ਦਿੱਲੀ ਵਿਚ ਪੁਲੀਸ ਵੱਲੋਂ ਗੋਲੀ ਚਲਾਏ ਜਾਣ ਕਾਰਨ 8 ਮੌਤਾਂ ਹੋਈਆਂ
6 ਅਪ੍ਰੈਲ 1919: ਪੰਜਾਬ ਭਰ ਵਿਚ ਜ਼ੋਰਦਾਰ ਹੜਤਾਲ ਪਰ ਸਥਿਤੀ ਸ਼ਾਂਤੀਪੁਰਨ ਰਹੀ
9 ਅਪ੍ਰੈਲ 1919: ਅੰਮ੍ਰਿਤਸਰ ਵਿਚ ਹਿੰਦੂਆਂ ਮੁਸਲਮਾਨਾਂ ਨੇ ਰਾਮ ਨੌਮੀ ਦਾ ਤਿਉਹਾਰ ਮਿਲ ਕੇ ਮਨਾਇਆ; ਪੰਜਾਬ ਸਰਕਾਰ ਵੱਲੋਂ ਡਾ. ਕਿਚਲੂ ਅਤੇ ਡਾ. ਸਤਿਆਪਾਲ ਨੂੰ ਪੰਜਾਬ ਬਦਰ ਕਰਨ ਦਾ ਫੈਸਲਾ
10 ਅਪ੍ਰੈਲ 1919: ਉਕਤ ਫੈਸਲੇ ਨੂੰ ਲਾਗੂ ਕਰਦਿਆਂ ਡਿਪਟੀ ਕਮਸ਼ਿਨਰ ਅੰਮ੍ਰਿਤਸਰ ਨੇ ਦੋਵਾਂ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਧਰਮਸਾਲਾ ਨੂੰ ਰਵਾਨਾ ਕੀਤਾ, ਡਿਪਟੀ ਕਮਿਸ਼ਨਰ ਤੋਂ ਆਪਣੇ ਆਗੂਆਂ ਦਾ ਥਹੁ ਪਤਾ ਕਰਨ ਵਾਸਤੇ ਉਸ ਦੀ ਕੋਠੀ ਵੱਲ ਜਾਣ ਲਈ ਬਜ਼ਿੱਦ ਭੀੜ ਉੱਤੇ ਗੋਲੀ ਚਲਾਏ ਜਾਣ ਕਾਰਨ ਕਈ ਮੌਤਾਂ; ਗੁੱਸਾਈ ਭੀੜ ਨੇ ਕਈ ਅੰਗਰੇਜ਼ ਮਾਰੇ, ਬੈਂਕ ਅਤੇ ਡਾਕਖਾਨੇ ਲੁੱਟੇ ਅਤੇ ਸਰਕਾਰੀ ਇਮਾਰਤਾਂ ਨੂੰ ਅੱਗ ਲਾਈ; ਸਥਿਤੀ ਨੂੰ ਕਾਬੂ ਕਰਨ ਵਾਸਤੇ ਲੈਫਟੀਨੈਂਟ ਗਵਰਨਰ ਵੱਲੋਂ ਭੇਜਿਆ ਮੇਜਰ ਮੈਕਡੋਨਲਡ ਸ਼ਾਮ ਸਮੇਂ ਅੰਮ੍ਰਿਤਸਰ ਪੁੱਜਾ
11 ਅਪ੍ਰੈਲ 1919: ਬ੍ਰਿਗੇਡੀਅਰ ਜਨਰਲ ਡਾਇਰ ਨੇ ਰਾਤ 9 ਵਜੇ ਆ ਕੇ ਚਾਰਜ ਸੰਭਾਲਿਆ
12 ਅਪ੍ਰੈਲ 1919: ਬ੍ਰਿਗੇਡੀਅਰ ਜਨਰਲ ਡਾਇਰ ਵੱਲੋਂ ਅੰਮ੍ਰਿਤਸਰ ਵਿਚ ਸਵੇਰ ਵੇਲੇ ਜਲਸੇ ਜਲੂਸ ਕਰਨ ਦੀ ਮਨਾਹੀ ਕਰਨ ਦਾ ਐਲਾਨ; ਅੰਦੋਲਨਕਾਰੀਆਂ ਨੇ ਅੰਮ੍ਰਿਤਸਰ ਤੋਂ ਬਾਹਰ ਪੰਜਾਬ ਵਿਚ ਕਈ ਥਾਵਾਂ ਉੱਤੇ ਰੇਲ ਪਟੜੀਆਂ ਨੁਕਸਾਨੀਆਂ, ਟੈਲੀਫੋਨ ਅਤੇ ਰੇਲ ਦੀਆਂ ਤਾਰਾਂ ਕੱਟੀਆਂ
13 ਅਪ੍ਰੈਲ 1919: ਬ੍ਰਿਗੇਡੀਅਰ ਜਨਰਲ ਡਾਇਰ ਵੱਲੋਂ ਸਵੇਰ ਵੇਲੇ ਅੰਮ੍ਰਿਤਸਰ ਦੇ ਵਾਸੀਆਂ ਉੱਤੇ ਸਖਤ ਪਾਬੰਦੀਆਂ ਲਾਉਣ ਦਾ ਐਲਾਨ; ਪਾਬੰਦੀਆਂ ਖ਼ਿਲਾਫ਼ ਵਿਰੋਧ ਜਤਾਉਣ ਵਾਸਤੇ ਸ਼ਹਿਰੀਆਂ ਵੱਲੋਂ ਸ਼ਾਮ ਵੇਲੇ ਜੱਲਿਆਂ ਵਾਲੇ ਬਾਗ ਵਿਚ ਜਲਸਾ ਕਰਨ ਦਾ ਫੈਸਲਾ
4.30: ਜਲਸਾ ਸ਼ੁਰੂ
4.45: ਜਨਰਲ ਡਾਇਰ ਬਾਗ ਵਿਚ ਪਹੁੰਚਿਆ ਅਤੇ ਗੋਲੀ ਚਲਾਉਣ ਦਾ ਹੁਕਮ
4.55: ਗੋਲੀਬਾਰੀ ਬੰਦ ਅਤੇ ਜਨਰਲ ਡਾਇਰ ਬਾਗ ਤੋਂ ਰਵਾਨਾ
ਪੰਜਾਬ ਸਰਕਾਰ ਨੇ ਰਾਤ ਸਮੇਂ ਹਿੰਦੁਸਤਾਨ ਸਰਕਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਲਾਹੌਰ ਵਿਚ ਮਾਰਸ਼ਲ ਲਾਅ ਲਾਉਣ ਬਾਰੇ ਲਿਖਿਆ
14 ਅਪ੍ਰੈਲ 1919: ਅੰਮ੍ਰਿਤਸਰ ਵਿਚ ਹੋਈਆਂ ਮੌਤਾਂ ਦੇ ਪ੍ਰਤੀਕਰਮ ਵਜੋਂ ਕਈ ਸ਼ਹਿਰਾਂ ਵਿਚ ਬਦਅਮਨੀ ਪਰ ਗੁੱਜਰਾਂਵਾਲਾ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ; ਹਵਾਈ ਜਹਾਜ਼ ਤੋਂ ਭੀੜ ਉੱਤੇ ਬੰਬ ਸੁੱਟੇ ਗਏ
15 ਅਪ੍ਰੈਲ 1919: ਪੰਜਾਬ ਵੱਲ ਆ ਰਹੇ ਗਾਂਧੀ ਜੀ ਨੂੰ ਪਲਵਲ ਦੇ ਸਟੇਸ਼ਨ ਉੱਤੇ ਰੋਕ ਕੇ ਵਾਪਸ ਬੰਬਈ ਭੇਜਿਆ ਗਿਆ; ਅੰਮ੍ਰਿਤਸਰ ਅਤੇ ਲਾਹੌਰ ਜ਼ਿਲ੍ਹਿਆਂ ਵਿਚ ਮਾਰਸ਼ਲ ਲਾਅ ਲਾਗੂ; ਗੁੱਜਰਾਂਵਾਲਾ ਸ਼ਹਿਰ ਵਿਚ ਸਵੇਰ ਵੇਲੇ ਫਿਰ ਹਵਾਈ ਜਹਾਜ਼ ਤੋਂ ਭੀੜ ਉੱਤੇ ਬੰਬ ਸੁੱਟੇ ਗਏ, ਕਈ ਸ਼ਹਿਰਾਂ ਵਿਚ ਸਰਕਾਰੀ ਇਮਾਰਤਾਂ ਨੂੰ ਸਾੜਨ ਅਤੇ ਰੇਲ ਤਾਰਾਂ ਕੱਟਣ ਦੀਆਂ ਵਾਰਦਾਤਾਂ; ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਲਾਹੌਰ ਵਿਚ ਮਾਰਸ਼ਲ ਲਾਅ ਲਾਗੂ
16 ਅਪ੍ਰੈਲ 1919: ਗੁੱਜਰਾਂਵਾਲੇ ਜ਼ਿਲ੍ਹੇ ਵਿਚ ਮਾਰਸ਼ਲ ਲਾਅ ਲਾਗੂ
17 ਅਪਰੈਲ, 1919: ਸ਼ਾਮ ਦੇ ਪੌਣੇ ਅੱਠ ਵਜੇ ‘ਦਿ ਟ੍ਰਿਬਿਊਨ’ ਦੇ ਐਡੀਟਰ ਸ੍ਰੀ ਕਾਲੀਨਾਥ ਰੇਅ ਦੀ ਗ੍ਰਿਫ਼ਤਾਰੀ
18 ਅਪ੍ਰੈਲ 1919: ‘ਦਿ ਟਿ੍ਬਿਊਨ’ ਦਾ ਦਫ਼ਤਰ ਸੀਲ; ਇਸੇ ਦਿਨ ਸਵੇਰੇ ਸੱਤ ਵਜੇ ਪੁਲੀਸ ਨੇ ‘ਦਿ ਟ੍ਰਿਬਿਊਨ’ ਦੇ ਟਰਸਟੀ ਲਾਲਾ ਮਨੋਹਰ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ
19 ਅਪ੍ਰੈਲ 1919: ਗੁਜਰਾਤ ਜ਼ਿਲ੍ਹੇ ਵਿਚ ਮਾਰਸ਼ਲ ਲਾਅ ਲਾਗੂ
24 ਅਪ੍ਰੈਲ 1919: ਲਾਇਲਪੁਰ ਜ਼ਿਲ੍ਹੇ ਵਿਚ ਮਾਰਸ਼ਲ ਲਾਅ ਲਾਗੂ
23 ਮਈ 1919: ਜ਼ਿਲ੍ਹਾ ਲਾਹੌਰ, ਜ਼ਿਲ੍ਹਾ ਗੁਜਰਾਤ, ਅੰਮਿਤਸਰ ਸ਼ਹਿਰ ਅਤੇ ਜ਼ਿਲ੍ਹਾ ਗੁੱਜਰਾਂਵਾਲਾ ਦੇ ਪੇਂਡੂ ਇਲਾਕਿਆਂ ਵਿਚੋਂ ਮਾਰਸ਼ਲ ਲਾਅ ਹਟਾ ਲਿਆ ਗਿਆ, ਪਰ ਰੇਲ ਪਟੜੀ ਨੂੰ ਇਸ ਛੋਟ ਤੋਂ ਬਾਹਰ ਰੱਖਿਆ ਗਿਆ
28 ਮਈ 1919: ਸਮੁੱਚਾ ਜ਼ਿਲ੍ਹਾ ਲਾਇਲਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ; ਅਤੇ ਜ਼ਿਲ੍ਹਾ ਗੁੱਜਰਾਂਵਾਲਾ ਦੇ ਰਹਿੰਦੇ ਖੇਤਰਾਂ; ਅਤੇ ਕਸੂਰ ਮਿਉਂਸਪਲ ਖੇਤਰ ਨੂੰ ਵੀ ਮਾਰਸ਼ਲ ਲਾਅ ਤੋਂ ਮੁਕਤ ਕਰ ਦਿੱਤਾ ਗਿਆ ਪਰ ਇਹ ਰੇਲ ਪਟੜੀ ਉੱਤੇ ਲਾਗੂ ਰਿਹਾ
25 ਅਗਸਤ 1919: ਸਾਰੇ ਜ਼ਿਲ੍ਹਿਆਂ ਵਿਚ ਰੇਲ ਪਟੜੀਆਂ ਤੋਂ ਮਾਰਸ਼ਲ ਲਾਅ ਹਟਾਉਣ ਨਾਲ ਪ੍ਰਾਂਤ ਨੂੰ ਇਸ ਕਹਿਰੀ ਕਾਨੂੰਨ ਤੋਂ ਮੁਕਤੀ ਮਿਲੀ।

ਪੇਸ਼ਕਸ਼: ਗੁਰਦੇਵ ਸਿੰਘ ਸਿੱਧੂ


Comments Off on ਸਦੀ ਬਾਅਦ ਇਤਿਹਾਸ ’ਚੋਂ ਮੁੜ ਗੁਜ਼ਰਦਿਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.